ਗੁਰਬਚਨ ਸਿੰਘ ਭੁੱਲਰ
ਫੋਨ: 011-65736868
ਵਪਾਰ ਦੇ ਬਹਾਨੇ ਹਿੰਦੁਸਤਾਨ ਆਏ ਅੰਗਰੇਜ਼ਾਂ ਨੇ ਝੂਠ, ਚਲਾਕੀ, ਦਗਾਬਾਜ਼ੀ ਤੇ ਮੱਕਾਰੀ ਜਿਹਾ ਹਰ ਤਰੀਕਾ ਵਰਤ ਕੇ ਅਤੇ ਇਕ ਦੂਜੇ ਨੂੰ ਦੇਖ ਨਾ ਸੁਖਾਂਦੇ ਦੇਸੀ ਰਾਜਿਆਂ ਦੀ ਫੁੱਟ ਦਾ ਫਾਇਦਾ ਉਠਾ ਕੇ ਹੌਲੀ ਹੌਲੀ ਲਗਭਗ ਸਾਰੇ ਦੇਸ ਉਤੇ ਕਬਜ਼ਾ ਕਰ ਲਿਆ। ਹਿੰਦੁਸਤਾਨ ਵਰਗੇ ਵੱਡੇ ਦੇਸ ਨੂੰ ਫਤਿਹ ਕਰ ਕੇ ਅੰਗਰੇਜ਼ ਇਕ ਅਜਿਹਾ ਸਾਮਰਾਜ ਕਾਇਮ ਕਰਨ ਵਿਚ ਸਫਲ ਹੋ ਗਏ, ਜਿਸ ਬਾਰੇ ਇਹ ਕਹਾਵਤ ਪ੍ਰਚੱਲਤ ਹੋ ਗਈ ਕਿ ਉਸ ਵਿਚ ਸੂਰਜ ਕਦੇ ਨਹੀਂ ਛਿਪਦਾ। ਇਸ ਦਾ ਭਾਵ ਸੀ ਕਿ ਭੂਗੋਲਕ ਪੱਖੋਂ ਉਹ ਏਨਾ ਫ਼ੈਲਿਆ ਹੋਇਆ ਸੀ ਕਿ ਚੌਵੀ ਘੰਟੇ ਉਹਦੇ ਕਿਸੇ ਨਾ ਕਿਸੇ ਹਿੱਸੇ ਉਤੇ ਸੂਰਜ ਚਮਕਦਾ ਹੀ ਰਹਿੰਦਾ ਸੀ। ਇਸ ਤੋਂ ਅੰਗਰੇਜ਼ ਹਾਕਮਾਂ ਅਤੇ ਉਨ੍ਹਾਂ ਦੇ ਚਾਪਲੂਸਾਂ ਨੇ ਇਹ ਪ੍ਰਭਾਵ ਦੇਣਾ ਵੀ ਸ਼ੁਰੂ ਕਰ ਦਿੱਤਾ ਕਿ ਇਹ ਅਜਿਹਾ ਤਾਕਤਵਰ ਸਾਮਰਾਜ ਹੈ ਜਿਸ ਦਾ ਆਪਣਾ ਸੂਰਜ ਵੀ ਕਦੇ ਛਿਪੇਗਾ ਨਹੀਂ।
ਆਜ਼ਾਦੀ ਦੀ ਪਹਿਲੀ ਲੜਾਈ ਦੇ ਨਾਂ ਨਾਲ ਜਾਣੀ ਜਾਂਦੀ 1857 ਦੀ ਬਗਾਵਤ ਦੀ ਹਾਰ ਮਗਰੋਂ ਸਾਹਸਹੀਣ ਹੋਏ ਦੇਸ ਨੂੰ ਦੇਖ ਕੇ ਲਗਦਾ ਵੀ ਇਉਂ ਹੀ ਸੀ ਕਿ ਅੰਗਰੇਜ਼ ਹਕੂਮਤ ਦਾ ਸੂਰਜ ਕਦੀ ਛਿਪੇਗਾ ਨਹੀਂ। ਪਰ ਵੀਹਵੀਂ ਸਦੀ ਦੇ ਚੜ੍ਹਦਿਆਂ ਹੀ ਪੰਜਾਬ ਵਿਚ ਅਜਿਹੀ ਜਾਗ੍ਰਤੀ ਆਉਣ ਲੱਗੀ ਜਿਸ ਨੇ ਅਡੋਲ ਅਤੇ ਮਹਾਂਬਲੀ ਦਿਸਦੇ ਇਸ ਸਾਮਰਾਜ ਦੀਆਂ ਡੂੰਘੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ, ਜਿਨ੍ਹਾਂ ਦਾ ਅੰਤ ਕੁਛ ਦਹਾਕਿਆਂ ਵਿਚ ਹੀ ਉਖੜ ਜਾਣ ਦੇ ਰੂਪ ਵਿਚ ਹੋਇਆ। ਇਸ ਸੰਗਰਾਮ ਵਿਚ ਬੜੀਆਂ ਕੁਰਬਾਨੀਆਂ ਦੀ ਲੋੜ ਪਈ, ਜਿਸ ਵਿਚ ਅਨੇਕ ਲੋਕਾਂ ਨੂੰ ਜਾਨਾਂ ਵੀ ਵਾਰਨੀਆਂ ਪਈਆਂ। ਇਨ੍ਹਾਂ ਸ਼ਹੀਦਾਂ ਵਿਚੋਂ ਹਰ ਇਕ ਦੀ ਜੀਵਨ-ਗਾਥਾ, ਬਿਨਾਂ-ਸ਼ੱਕ, ਆਜ਼ਾਦੀ ਦੇ ਸੰਗਰਾਮ ਦੇ ਇਤਿਹਾਸ ਦਾ ਇਕ ਬੇਮਿਸਾਲ ਅਤੇ ਪ੍ਰੇਰਨਾਦਾਇਕ ਕਾਂਡ ਹੈ। ਤਾਂ ਵੀ ਇਨ੍ਹਾਂ ਵਿਚੋਂ ਇਕ ਗਾਥਾ ਅਜਿਹੀ ਹੈ ਜੋ ਲਿਖਣ ਵਾਲੇ ਨੇ ਆਪਣੇ ਲਹੂ ਵਿਚ ਉਂਗਲ ਡੋਬ ਕੇ ਆਪ ਲਿਖੀ। ਇਹ ਹੈ ਸ਼ਹੀਦ ਭਗਤ ਸਿੰਘ ਦੀ ਗਾਥਾ।
ਹਰ ਸ਼ਹੀਦ ਨੇ ਗੁਲਾਮੀ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਆਪਣੇ ਲਹੂ ਦਾ ਦੀਵਾ ਬਾਲਿਆ ਪਰ ਜੋ ਸੂਰਜ ਬਣ ਕੇ ਭਗਤ ਸਿੰਘ ਉਦੈ ਹੋਇਆ, ਉਹ ਆਪਣੇ ਆਪ ਵਿਚ ਇਕ ਕਰਾਮਾਤ ਸੀ। ਉਹ ਇਕ ਅਜਿਹੀ ਮਿਸਾਲ ਅਤੇ ਮਸ਼ਾਲ ਬਣਿਆ, ਜਿਸ ਨੇ ਆਜ਼ਾਦੀ ਸੰਗਰਾਮ ਦੇ ਆਪਣੇ ਰਾਹ ਤੁਰਨ ਲਈ ਅਨੇਕ ਹੋਰਾਂ ਨੂੰ ਪ੍ਰੇਰਿਆ।
ਭਗਤ ਸਿੰਘ ਨੂੰ ਕੁਰਬਾਨੀ ਦੀ ਪ੍ਰੇਰਨਾ ਕਿਤੋਂ ਬਾਹਰੋਂ ਲੈਣ ਦੀ ਲੋੜ ਨਹੀਂ ਪਈ। ਇਹ ਭਾਵਨਾ ਤਾਂ ਦੇਸ਼ ਭਗਤ ਪਰਿਵਾਰ ਵਿਚ ਨਿੰਮਣ-ਜੰਮਣ ਸਮੇਂ ਹੀ ਉਹਦੇ ਲਹੂ ਵਿਚ ਘੁਲ ਗਈ ਸੀ। ਉਹਦੇ ਦਾਦਾ ਜੀ, ਅਰਜਨ ਸਿੰਘ ਇਕ ਜਾਗ੍ਰਿਤ ਵਿਅਕਤੀ ਸਨ। ਪਰਿਵਾਰ ਦੇ ਸੰਗਰਾਮੀਆ ਮਾਹੌਲ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ, ਤਿੰਨੇ ਸਬੱਬ ਨਾਲ 28 ਸਤੰਬਰ 1907 ਨੂੰ ਹੋਏ ਭਗਤ ਸਿੰਘ ਦੇ ਜਨਮ ਸਮੇਂ ਹੀ ਅੰਗਰੇਜ਼ ਦੀ ਕੈਦ ਵਿਚੋਂ ਛੁੱਟ ਕੇ ਆਏ ਸਨ।
ਚਾਚਾ ਸਵਰਨ ਸਿੰਘ ਤਾਂ 24 ਸਾਲ ਦੀ ਉਮਰ ਵਿਚ 1910 ਵਿਚ ਹੀ ਪੂਰਾ ਹੋ ਗਿਆ ਸੀ। ਅਜੀਤ ਸਿੰਘ ਕਾਲੋਨਾਈਜ਼ੇਸ਼ਨ ਐਕਟ ਵਿਰੁਧ 1906-07 ਦੀ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਮੋਹਰੀਆਂ ਵਿਚੋਂ ਸੀ। ਜਦੋਂ ਭਗਤ ਸਿੰਘ ਦੋ ਸਾਲ ਦਾ ਸੀ, 1909 ਵਿਚ ਅਜੀਤ ਸਿੰਘ ਦੇਸੋਂ ਬਾਹਰ ਚਲਿਆ ਗਿਆ ਅਤੇ ਅਗਲੇ 38 ਸਾਲ ਉਹਨੇ ਪਰਦੇਸਾਂ ਵਿਚ, ਖਾਸ ਕਰਕੇ ਲਾਤੀਨੀ ਅਮਰੀਕੀ ਦੇਸਾਂ ਵਿਚ ਹਿੰਦੁਸਤਾਨੀਆਂ ਨੂੰ ਜਾਗ੍ਰਿਤ ਕਰਦਿਆਂ ਗੁਜ਼ਾਰੇ। ਇਧਰ ਭਗਤ ਸਿੰਘ ਲਗਭਗ ਅਣਦੇਖੇ ਚਾਚੇ ਦੀਆਂ ਕਰਨੀਆਂ ਸੁਣ ਕੇ ਬਹੁਤ ਪ੍ਰਭਾਵਿਤ ਸੀ, ਉਧਰ ਅਜੀਤ ਸਿੰਘ ਗੋਦ ਖਿਡਾਏ ਭਤੀਜੇ ਦਾ ਇਨਕਲਾਬੀ ਵਿਕਾਸ ਜਾਣ ਕੇ ਖ਼ੁਸ਼ ਸੀ। 1930ਵਿਆਂ ਵਿਚ ਅਰਜਨਟੀਨਾ ਰਹੇ ਬਾਬਾ ਭਗਤ ਸਿੰਘ ਬਿਲਗਾ ਅਨੁਸਾਰ ਅਜੀਤ ਸਿੰਘ ਕੋਲ ਭਗਤ ਸਿੰਘ ਦੀਆਂ ਤਿੰਨ ਚਿੱਠੀਆਂ ਸਨ ਜਿਨ੍ਹਾਂ ਨੂੰ ਉਹ ਬੜੇ ਮੋਹ ਨਾਲ ਦੇਖਦਾ ਸੀ। ਅਜੀਤ ਸਿੰਘ ਆਜ਼ਾਦੀ ਤੋਂ ਐਨ ਪਹਿਲਾਂ ਦੇਸ ਪਰਤਿਆ ਅਤੇ ਆਜ਼ਾਦੀ ਵਾਲੇ ਦਿਨ, 15 ਅਗਸਤ 1947 ਨੂੰ ਡਲਹੌਜ਼ੀ ਵਿਚ ਪੂਰਾ ਹੋਇਆ।
ਭਗਤ ਸਿੰਘ ਨੂੰ ਇਕ ਵਿਧਵਾ ਤੇ ਦੂਜੀ ਵਿਧਵਾ ਵਰਗੀ, ਦੋਵਾਂ ਚਾਚੀਆਂ ਨਾਲ ਬਹੁਤ ਮੋਹ ਸੀ। ਸੋਚਿਆ ਜਾ ਸਕਦਾ ਹੈ ਕਿ ਇਹ ਉਨ੍ਹਾਂ ਦੇ ਜੀਵਨ ਵੱਲ ਦੇਖ ਕੇ ਹੀ ਸੀ ਕਿ ਉਹਨੇ ਵਿਆਹ ਕਰਵਾ ਕੇ ਘਰ ਵਿਚ ਇਕ ਹੋਰ ਵਿਧਵਾ ਦਾ ਵਾਧਾ ਨਾ ਕਰਨ ਦਾ ਫੈਸਲਾ ਕੀਤਾ।
ਇਹ ਘਰ-ਪਰਿਵਾਰ ਦੇ ਇਸੇ ਮਾਹੌਲ ਦਾ ਅਸਰ ਸੀ ਕਿ ਆਜ਼ਾਦੀ ਸੰਗਰਾਮੀਏ ਮਹਿਤਾ ਆਨੰਦ ਕਿਸ਼ੋਰ ਦੇ ਪੁੱਛਿਆਂ ਚਾਰ ਸਾਲ ਦੇ ਭਗਤ ਸਿੰਘ ਨੇ ‘ਦਮੂਖਾਂ ਬੀਜ ਰਿਹਾ ਹਾਂ’ ਕਿਹਾ ਸੀ। ਉਹ ਕੁੱਲ ਬਾਰਾਂ ਸਾਲ ਦਾ ਸੀ ਜਦੋਂ ਜੱਲ੍ਹਿਆਂਵਾਲੇ ਬਾਗ ਦਾ ਸਾਕਾ ਸੁਣ ਕੇ ਉਥੋਂ ਸ਼ਹੀਦਾਂ ਦੇ ਲਹੂ ਨਾਲ ਭਿੱਜੀ ਮਿੱਟੀ ਬੜੇ ਅਦਬ ਨਾਲ ਘਰ ਲੈ ਆਇਆ ਸੀ। ਪਹਿਲੀ ਸੰਸਾਰ ਜੰਗ ਦੀ ਭਿਆਨਕ ਖੂਨਖਾਰੀ ਨੇ ਸਾਮਰਾਜ ਵਿਰੁਧ ਉਹਦੀ ਨਫਰਤ ਹੋਰ ਵਧਾ ਦਿੱਤੀ।
ਬੱਬਰ ਲਹਿਰ, ਗਦਰ ਲਹਿਰ, ਅਕਾਲੀ ਲਹਿਰ ਆਦਿ ਕੋਈ ਅੰਗਰੇਜ਼-ਵਿਰੋਧੀ ਲਹਿਰ ਅਜਿਹੀ ਨਹੀਂ ਸੀ, ਜਿਸ ਦੇ ਪ੍ਰਭਾਵ ਤੋਂ ਉਹ ਅਣਭਿੱਜ ਰਿਹਾ ਹੋਵੇ। ਪਰ ਉਸ ਉਤੇ ਸਭ ਤੋਂ ਬਹੁਤਾ ਪ੍ਰਭਾਵ ਰੂਸ ਦੇ ਇਨਕਲਾਬ ਦਾ ਪਿਆ। ਪਹਿਲੇ ਸਭ ਇਨਕਲਾਬ ਮੁੜ ਕੇ ਰਾਜਾਸ਼ਾਹੀ ਵੱਲ ਤਿਲ੍ਹਕਦੇ ਰਹੇ ਸਨ, ਰੂਸੀ ਇਨਕਲਾਬ ਨੇ ਸਹੀ ਅਰਥਾਂ ਵਿਚ ਲੋਕਾਂ ਦਾ ਰਾਜ ਕਾਇਮ ਕਰ ਦਿੱਤਾ ਸੀ। ਮਾਰਕਸ, ਏਂਗਲਜ਼, ਬਾਕੂਨਿਨ, ਲੈਨਿਨ, ਟਰਾਟਸਕੀ ਆਦਿ ਦੇ ਅਧਿਐਨ ਨੇ ਉਹਦੇ ਵਿਚਾਰ ਸਾਣ ਚਾੜ੍ਹ ਦਿੱਤੇ।
ਸੰਸਾਰ ਦੇ ਅਨੇਕ ਇਨਕਲਾਬੀਆਂ ਦਾ ਪ੍ਰਸੰਸਕ ਤੇ ਕਦਰਦਾਨ ਹੁੰਦਿਆਂ ਭਗਤ ਸਿੰਘ ਨੂੰ ਕਰਤਾਰ ਸਿੰਘ ਸਰਾਭਾ ਨਾਲ ਬਹੁਤ ਮੋਹ ਸੀ। ਉਹ 7-8 ਸਾਲ ਦਾ ਸੀ, ਜਦੋਂ ਸਰਾਭਾ ਉਹਦੇ ਪਿਤਾ ਨੂੰ ਮਿਲਣ ਆਇਆ ਕਰਦਾ ਸੀ। ਉਹ ਉਹਨੂੰ ਗੁਰੂ, ਦੋਸਤ ਤੇ ਸਾਥੀ ਆਖਦਾ ਅਤੇ ਉਹਦੀ ਤਸਵੀਰ ਜੇਬ ਵਿਚ ਰਖਦਾ। ਉਹਨੇ ਲਿਖਿਆ, “ਉਹ 19 ਸਾਲ ਦੀ ਉਮਰ ਵਿਚ ਕੀ ਕੁਛ ਕਰ ਗੁਜ਼ਰਿਆ, ਆਦਮੀ ਸੋਚ ਕੇ ਦੰਗ ਰਹਿ ਜਾਂਦਾ ਹੈ। ਏਨੀ ਦਲੇਰੀ! ਏਨਾ ਆਤਮ-ਵਿਸ਼ਵਾਸ! ਏਨਾ ਆਪਾ-ਵਾਰੂ ਜਜ਼ਬਾ ਤੇ ਏਨਾ ਅਡੋਲ ਸਿਦਕ-ਸਿਰੜ ਪਹਿਲਾਂ ਘੱਟ ਹੀ ਦੇਖਣ ਵਿਚ ਆਇਆ ਹੈ। ਹਿੰਦੁਸਤਾਨ ਵਿਚ ਅਜਿਹੇ ਆਦਮੀ ਕੋਈ ਬਹੁਤੇ ਨਹੀਂ ਹੋਏ ਜਿਨ੍ਹਾਂ ਨੂੰ ਸਹੀ ਅਰਥਾਂ ਵਿਚ ਬਾਗੀ ਕਿਹਾ ਜਾ ਸਕੇ। ਤੇ ਉਨ੍ਹਾਂ ਗਿਣਤੀ ਦੇ ਆਗੂਆਂ ਵਿਚ ਕਰਤਾਰ ਸਿੰਘ ਦਾ ਨਾਂ ਪਹਿਲੇ ਸਥਾਨ ਉਤੇ ਆਉਂਦਾ ਹੈ।”
ਚੌਰੀ ਚੌਰਾ ਦੀ ਹਿੰਸਕ ਘਟਨਾ ਪਿਛੋਂ ਗਾਂਧੀ ਜੀ ਵੱਲੋਂ ਨਾਮਿਲਵਰਤਣ ਅੰਦੋਲਨ ਵਾਪਸ ਲਏ ਜਾਣ ਨੇ ਬਹੁਤ ਸਾਰੇ ਨੌਜਵਾਨਾਂ ਵਾਂਗ ਭਗਤ ਸਿੰਘ ਦਾ ਵੀ ਅਹਿੰਸਕ ਰਾਹ ਤੋਂ ਮੋਹ ਭੰਗ ਕਰ ਦਿੱਤਾ। ਉਹ ਅਰਾਜਕਤਾਵਾਦ ਵੱਲ ਝੁਕ ਗਿਆ, ਪਰ ਕੁਛ ਸਾਥੀਆਂ ਦੀ ਸੰਗਤ ਨੇ ਉਹਨੂੰ ਮਾਰਕਸੀ ਵਿਚਾਰਧਾਰਾ ਵੱਲ ਪ੍ਰੇਰ ਕੇ ਸਮਾਜਵਾਦ ਦੇ ਨਿਸ਼ਾਨੇ ਨਾਲ ਜੋੜ ਦਿੱਤਾ। ਇਹ ਸਤੰਬਰ 1928 ਵਿਚ ਉਹਦੇ ਜ਼ੋਰ ਦੇਣ ਸਦਕਾ ਹੀ ਸੀ ਕਿ ਜਥੇਬੰਦੀ ਦੇ ਨਾਂ ‘ਹਿੰਦੁਸਤਾਨ ਰੀਪਬਲਿਕਨ ਐਸੋਸੀਏਸ਼ਨ’ ਵਿਚ ਸ਼ਬਦ ‘ਸੋਸ਼ਲਿਸਟ’ ਜੋੜਿਆ ਗਿਆ। ਉਹਦੇ ਸਾਥੀ ਸ਼ਿਵ ਵਰਮਾ ਨੇ ਲਿਖਿਆ ਹੈ, “ਭਗਤ ਸਿੰਘ ਨੂੰ ਅਰਾਜਕਤਾਵਾਦ ਤੋਂ ਸਮਾਜਵਾਦ ਵੱਲ ਪ੍ਰੇਰਨ ਦਾ ਸਿਹਰਾ ਦੋ ਵਿਅਕਤੀਆਂ ਨੂੰ ਜਾਂਦਾ ਹੈ-ਸਾਥੀ ਸੋਹਨ ਸਿੰਘ ਜੋਸ਼ ਅਤੇ ਲਾਲਾ ਛਬੀਲਦਾਸ ਨੂੰ।”
ਭਗਤ ਸਿੰਘ ਚੜ੍ਹਦੀ ਉਮਰ ਤੋਂ ਹੀ ਇਨਕਲਾਬੀ ਸਾਹਿਤ ਪੜ੍ਹਨ ਦਾ ਅਤੇ ਆਪਣੇ ਵਿਚਾਰ ਅਖਬਾਰਾਂ-ਰਸਾਲਿਆਂ ਰਾਹੀਂ ਲੋਕਾਂ ਤੱਕ ਪੁਜਦੇ ਕਰਨ ਦਾ ਮਹੱਤਵ ਸਮਝ ਗਿਆ ਸੀ। ਉਹਦੀ ਇਹੋ ਸੋਚ ਉਹਨੂੰ ਇਸ ਨਤੀਜੇ ਉਤੇ ਲੈ ਗਈ ਕਿ ਜੋ ਵੀ ਕਾਰਵਾਈ ਕੀਤੀ ਜਾਵੇ, ਇਸ ਢੰਗ ਨਾਲ ਕੀਤੀ ਜਾਵੇ ਕਿ ਉਹ ਲੋਕਾਂ ਨੂੰ ਜਾਗ੍ਰਿਤ ਕਰਨ ਵਿਚ ਵੱਧ ਤੋਂ ਵੱਧ ਹਿੱਸਾ ਪਾ ਸਕੇ। ਇਸੇ ਕਰਕੇ ਸਾਈਮਨ-ਵਿਰੋਧੀ ਮੁਜ਼ਾਹਰੇ ਵਿਚ ਲੱਗੀਆਂ ਸੱਟਾਂ ਨਾਲ ਹੋਈ ਲਾਲਾ ਲਾਜਪਤ ਰਾਇ ਦੀ ਮੌਤ ਦੇ ਜਵਾਬ ਵਿਚ ਇਸ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਪੁਲਿਸ ਅਧਿਕਾਰੀ ਜੇਮਜ਼ ਸਕਾਟ ਨੂੰ ਭਰੇ-ਬਾਜ਼ਾਰ ਮਾਰਨ ਦਾ ਫੈਸਲਾ ਕੀਤਾ ਗਿਆ। ਭਾਵੇਂ ਭੁਲੇਖੇ ਨਾਲ ਐਨ ਉਸੇ ਸਮੇਂ ਨਿਕਲਿਆ ਸਾਂਡਰਸ ਮਾਰਿਆ ਗਿਆ, ਪਰ ਲੋਕਾਂ ਵਿਚ ਉਤਸਾਹ ਅਤੇ ਜੋਸ਼ ਭਰਨ ਦਾ ਭਗਤ ਸਿੰਘ ਅਤੇ ਸਾਥੀਆਂ ਦਾ ਮਨੋਰਥ ਪੂਰਾ ਹੋ ਗਿਆ।
ਸਾਂਡਰਸ ਨੂੰ ਮਾਰਨ ਮਗਰੋਂ ਬਚ ਨਿਕਲੇ ਭਗਤ ਸਿੰਘ ਨੇ ਇਸ ਉਤਸਾਹ ਅਤੇ ਜੋਸ਼ ਨੂੰ ਹੋਰ ਤੇਜ਼ ਕਰਨ ਵਾਸਤੇ ਬਟੁਕੇਸ਼ਵਰ ਦੱਤ ਨਾਲ ਮਿਲ ਕੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿਚ ਫੋਕੇ ਬੰਬ ਅਤੇ ਪਰਚੇ ਸੁੱਟਣ ਮਗਰੋਂ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ। ਦੋ ਫੋਕੇ ਬੰਬਾਂ ਨਾਲ ਉਨ੍ਹਾਂ ਨੇ ਅੰਗਰੇਜ਼ ਨੂੰ ਇਹ ਤਾਂ ਸਪੱਸ਼ਟ ਕੀਤਾ ਹੀ ਕਿ ਸਾਡਾ ਇਰਾਦਾ ਲੋਕਾਂ ਨੂੰ ਮਾਰਨ ਦਾ ਨਹੀਂ, ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਤੁਹਾਡੀਆਂ ਗੋਲੀਆਂ ਵੀ ਸਾਨੂੰ ਮਾਰ ਨਹੀਂ ਸਕਣਗੀਆਂ।
‘ਇਨਕਲਾਬ, ਜ਼ਿੰਦਾਬਾਦ’ ਦੇ ਗੂੰਜਵੇਂ ਨਾਅਰਿਆਂ ਨਾਲ ਉਥੇ ਸੁੱਟੇ ਗਏ ਦੁਵਰਕੇ ਵਿਚ ਉਨ੍ਹਾਂ ਨੇ ਲਿਖਿਆ, “ਬੰਦਿਆਂ ਨੂੰ ਮਾਰਨਾ ਸੌਖਾ ਹੈ, ਪਰ ਵਿਚਾਰਾਂ ਨੂੰ ਮਾਰਿਆ ਨਹੀਂ ਜਾ ਸਕਦਾ। ਵੱਡੇ ਵੱਡੇ ਸਾਮਰਾਜ ਢਹਿ ਕੇ ਢੇਰੀ ਹੋ ਗਏ, ਜਦੋਂਕਿ ਵਿਚਾਰ ਬਚੇ ਰਹੇ!”
ਹੁਣ ਭਗਤ ਸਿੰਘ ਦਾ ਮੁੱਖ ਨਿਸ਼ਾਨਾ ਕੈਦ, ਮੁਕੱਦਮੇ ਅਤੇ ਮੌਤ ਨੂੰ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਅਤੇ ਲੋਕਾਂ ਵਿਚ ਅੰਗਰੇਜ਼-ਵਿਰੋਧੀ ਰੋਹ ਦੀ ਜਵਾਲਾ ਪ੍ਰਚੰਡ ਕਰਨ ਲਈ ਵੱਧ ਤੋਂ ਵੱਧ ਵਰਤਣਾ ਸੀ। ਸਿਆਸੀ ਕੈਦੀਆਂ ਨੂੰ ਉਨ੍ਹਾਂ ਦਾ ਹੱਕੀ ਦਰਜਾ, ਭਾਵ ਸਿਆਸੀ ਕੈਦੀਆਂ ਵਾਲਾ ਦਰਜਾ ਦੁਆਉਣ ਅਤੇ ਅੰਗਰੇਜ਼ ਤੇ ਭਾਰਤੀ ਕੈਦੀਆਂ ਦੇ ਹੱਕਾਂ ਦੀ ਬਰਾਬਰੀ ਜਿਹੀਆਂ ਹੋਰ ਮੰਗਾਂ ਵਾਸਤੇ ਭੁੱਖ ਹੜਤਾਲ ਕਰ ਦਿੱਤੀ ਗਈ। ਇਸ ਕਾਰਨ ਜਤਿੰਦਰ ਨਾਥ ਦਾਸ 63 ਦਿਨਾਂ ਮਗਰੋਂ 13 ਸਤੰਬਰ 1929 ਨੂੰ ਕੈਦ ਵਿਚ ਹੀ ਸ਼ਹੀਦ ਹੋ ਗਿਆ। ਭੁੱਖ ਹੜਤਾਲ ਦੇਸ ਲਈ ਇਕ ਵੱਡਾ ਮੁੱਦਾ ਬਣ ਗਈ।
ਮੁਹੰਮਦ ਅਲੀ ਜਿਨਾਹ ਨੇ ਅਸੈਂਬਲੀ ਵਿਚ ਕਿਹਾ, “ਜੋ ਆਦਮੀ ਭੁੱਖ ਹੜਤਾਲ ਕਰਦਾ ਹੈ, ਉਹਦੀ ਆਤਮਾ ਜਾਗ ਰਹੀ ਹੁੰਦੀ ਹੈ। ਉਹਨੂੰ ਇਹ ਆਤਮਾ ਝੰਜੋੜਦੀ ਹੈ। ਤੇ ਉਹਨੂੰ ਆਪਣੇ ਉਦੇਸ਼ ਦੇ ਹੱਕੀ ਹੋਣ ਦਾ ਯਕੀਨ ਹੁੰਦਾ ਹੈ।æææਇਨ੍ਹਾਂ ਨੌਜਵਾਨਾਂ ਦੀ ਤੁਸੀਂ ਕਿੰਨੀ ਵੀ ਨੁਕਤਾਚੀਨੀ ਕਰੋ ਅਤੇ ਕਿੰਨਾ ਵੀ ਉਨ੍ਹਾਂ ਨੂੰ ਕੁਰਾਹੀਏ ਕਹੋ, ਇਹ ਸਿਸਟਮ, ਰਾਜ ਕਰਨ ਦਾ ਲਾਅਨਤੀ ਸਿਸਟਮ ਹੈ ਜੋ ਲੋਕਾਂ ਦਾ ਕਰੋਧ ਜਗਾਉਂਦਾ ਹੈ।”
ਜਵਾਹਰ ਲਾਲ ਨਹਿਰੂ ਨੇ ਕੈਦ ਵਿਚ ਭਗਤ ਸਿੰਘ ਅਤੇ ਹੋਰ ਭੁੱਖ-ਹੜਤਾਲੀ ਸਾਥੀਆਂ ਨੂੰ ਮਿਲਣ ਮਗਰੋਂ ਕਿਹਾ, “ਮੈਨੂੰ ਇਨ੍ਹਾਂ ਸੂਰਮਿਆਂ ਦਾ ਕਸ਼ਟ ਦੇਖ ਕੇ ਬਹੁਤ ਹੀ ਦੁੱਖ ਹੋਇਆ ਹੈ। ਇਸ ਸੰਗਰਾਮ ਵਿਚ ਉਨ੍ਹਾਂ ਨੇ ਆਪਣੀਆਂ ਜਾਨਾਂ ਹਥੇਲੀ ਉਤੇ ਰੱਖ ਲਈਆਂ ਹਨ। ਉਹ ਚਾਹੁੰਦੇ ਹਨ ਕਿ ਸਿਆਸੀ ਕੈਦੀਆਂ ਨੂੰ ਸਿਆਸੀ ਕੈਦੀ ਹੀ ਸਮਝਿਆ ਜਾਵੇ। ਮੈਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੀ ਕੁਰਬਾਨੀ ਜ਼ਰੂਰ ਰੰਗ ਲਿਆਵੇਗੀ!”
ਫਾਂਸੀ ਤੋਂ ਇਕ ਦਿਨ ਪਹਿਲਾਂ, 22 ਮਾਰਚ 1931 ਨੂੰ ਭਗਤ ਸਿੰਘ ਨੇ ਕੈਦ ਵਿਚਲੇ ਆਪਣੇ ਕੁਛ ਸਾਥੀਆਂ ਨਾਲ ਆਪਣੀ ਤਸੱਲੀ ਸਾਂਝੀ ਕੀਤੀ, “ਮੇਰਾ ਨਾਂ ਇਨਕਲਾਬ ਦਾ ਚਿੰਨ੍ਹ ਬਣ ਗਿਆ ਹੈ। ਇਨਕਲਾਬੀ ਪਾਰਟੀ ਦੇ ਆਦਰਸ਼ਾਂ ਅਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉਚਾ ਚੁੱਕ ਦਿੱਤਾ ਹੈ। ਮੇਰਾ ਸਥਾਨ ਏਨਾ ਉਚਾ ਹੋ ਗਿਆ ਹੈ ਕਿ ਜੇ ਮੈਂ ਜਿਉਂਦਾ ਵੀ ਰਹਾਂ, ਮੈਂ ਕਿਵੇਂ ਵੀ ਇਸ ਨਾਲੋਂ ਹੋਰ ਉਚਾ ਨਹੀਂ ਹੋ ਸਕਦਾ। ਮੇਰੇ ਨਾਲੋਂ ਵੱਧ ਖੁਸ਼ਕਿਸਮਤ ਕੌਣ ਹੋਵੇਗਾ! ਇਨ੍ਹੀਂ ਦਿਨੀਂ ਮੈਨੂੰ ਆਪਣੇ ਆਪ ਉਤੇ ਬਹੁਤ ਮਾਣ ਹੁੰਦਾ ਹੈ!”
ਕਥਿਤ ‘ਲਾਹੌਰ ਸਾਜ਼ਿਸ਼ ਕੇਸ’ ਦੇ ਫੈਸਲੇ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ 24 ਮਾਰਚ ਨੂੰ ਦਿੱਤੀ ਜਾਣੀ ਸੀ ਪਰ ਦੇਸ਼ ਦੇ ਪ੍ਰਤੀਕਰਮ ਤੋਂ ਡਰਦਿਆਂ ਆਪਣੇ ਹੀ ਨੇਮ-ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਹਾਕਮਾਂ ਨੇ ਉਨ੍ਹਾਂ ਨੂੰ 11 ਘੰਟੇ ਪਹਿਲਾਂ 23 ਮਾਰਚ ਦੀ ਸ਼ਾਮ ਦੇ ਸਾਢੇ ਸੱਤ ਵਜੇ ਹੀ ਫਾਂਸੀ ਦੇ ਦਿੱਤੀ। ਕੈਦ ਦੀ ਪਿਛਲੀ ਕੰਧ ਤੋੜਦਿਆਂ ਉਨ੍ਹਾਂ ਦੀਆਂ ਦੇਹਾਂ ਲਾਹੌਰ ਤੋਂ 60 ਕਿਲੋਮੀਟਰ ਅਤੇ ਫਿਰੋਜ਼ਪੁਰ ਤੋਂ 10 ਕਿਲੋਮੀਟਰ ਦੂਰ ਪਿੰਡ ਗੰਡਾ ਸਿੰਘ ਵਾਲਾ ਕੋਲ ਰਾਤ ਦੇ ਹਨੇਰੇ ਵਿਚ ਜਾ ਸਸਕਾਰੀਆਂ। ਮੱਚੀਆਂ-ਅਧਮੱਚੀਆਂ ਚਿਤਾਵਾਂ ਪੂਰੀਆਂ ਦੀਆਂ ਪੂਰੀਆਂ ਹੀ ਹੂੰਝ ਕੇ ਸਤਲੁਜ ਵਿਚ ਸੁੱਟ ਦਿੱਤੀਆਂ ਗਈਆਂ। ਪਹਿਲਾਂ ਮੁਕੱਦਮੇ ਦੇ ਢੰਗ-ਤਰੀਕੇ ਕਾਰਨ ਜਾਗਿਆ ਲੋਕਾਂ ਦਾ ਗੁੱਸਾ ਫਾਂਸੀ ਦੀ ਅਜਿਹੀ ਬੁਜ਼ਦਿਲਾਨਾ ਕਰਤੂਤ ਨੇ ਹੋਰ ਭੜਕਾ ਦਿੱਤਾ। ਭਗਤ ਸਿੰਘ ਨੇ ਆਪਣੀ ਕੁਰਬਾਨੀ ਨਾਲ ਸੁੱਤੇ ਹੋਏ ਲੋਕਾਂ ਨੂੰ ਜਗਾਉਣ ਦਾ ਜੋ ਟੀਚਾ ਮਿਥਿਆ ਸੀ, ਉਹ 23 ਸਾਲ ਦੀ ਛੋਟੀ ਜਿਹੀ ਉਮਰ ਵਿਚ ਪੂਰਾ ਕਰ ਦਿਖਾਇਆ।
ਸੁਭਾਸ਼ ਚੰਦਰ ਬੋਸ ਨੇ ਕਿਹਾ, “ਭਗਤ ਸਿੰਘ ਨੌਜਵਾਨਾਂ ਦੀ ਨਵ-ਜਾਗ੍ਰਤੀ ਦਾ ਪ੍ਰਤੀਕ ਬਣ ਗਿਆ ਹੈ!” ਨਹਿਰੂ ਨੇ ਆਖਿਆ, “ਉਹ ਸੱਚਾ ਸੰਗਰਾਮੀਆ ਸੀ ਜੀਹਨੇ ਦੁਸ਼ਮਣ ਦਾ ਟਾਕਰਾ ਰਣ-ਤੱਤੇ ਵਿਚ ਕੀਤਾ।æææਉਹ ਇਕ ਚੰਗਿਆੜਾ ਸੀ, ਜੋ ਕੁਛ ਹੀ ਸਮੇਂ ਵਿਚ ਲਾਟ ਬਣ ਗਿਆ ਤੇ ਫੇਰ ਹਰ ਥਾਂ ਹਨੇਰੇ ਨੂੰ ਪਿਛਾੜਦਿਆਂ ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ ਭਾਂਬੜ ਬਣ ਕੇ ਫੈਲ ਗਿਆ!”
ਮੇਰਠ ਸਾਜ਼ਿਸ਼ ਕੇਸ ਦੇ ਕੈਦੀਆਂ ਵੱਲੋਂ ਅਦਾਲਤ ਵਿਚ ਖੜ੍ਹਾ ਹੋ ਕੇ ਸਾਥੀ ਸੋਹਨ ਸਿੰਘ ਜੋਸ਼ ਨੇ ਇਸ ਫਾਂਸੀ ਨੂੰ ਬੇਰਹਿਮੀ ਨਾਲ ਕੀਤਾ ਗਿਆ ਕਤਲ, ਸਾਮਰਾਜਵਾਦੀ ਇਨਸਾਫ ਦਾ ਅਤਿਅੰਤ ਵਹਿਸ਼ੀਆਨਾ ਨਮੂਨਾ, ਗੋਰੀ ਦਹਿਸ਼ਤ ਦੀ ਬੁਜ਼ਦਿਲਾਨਾ ਕਾਰਵਾਈ ਆਖਦਿਆਂ ਬਿਆਨ ਵਿਚ ਅੱਗੇ ਕਿਹਾ, “ਇਹ ਬਹਾਦਰ ਲੋਕ ਬਰਤਾਨਵੀ ਸਾਮਰਾਜ ਦੇ ਜ਼ਾਲਮਾਨਾ ਜਬਰ ਦੇ ਸ਼ਿਕਾਰ ਹੋਏ ਹਨ, ਜੀਹਦੇ ਵਿਰੁਧ ਬਗਾਵਤ ਕਰਨ ਦਾ ਇਨ੍ਹਾਂ ਨੇ ਜੇਰਾ ਅਤੇ ਹੌਸਲਾ ਦਿਖਾਇਆ ਹੈ। ਅਸੀਂ ਹਿੰਦੁਸਤਾਨ ਦੇ ਕੌਮੀ ਇਨਕਲਾਬ ਦੇ ਕਾਜ ਦੇ ਸ਼ਹੀਦਾਂ ਵਜੋਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ! ਅਸੀਂ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਦੀ ਸ਼ਲਾਘਾ ਕਰਦੇ ਹਾਂ! ਅਸੀਂ ਉਨ੍ਹਾਂ ਦੇ ਸਾਥੀਆਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਡੂੰਘੇ ਗਮ ਵਿਚ ਸ਼ਰੀਕ ਹੁੰਦੇ ਹਾਂ!” ਉਨ੍ਹਾਂ ਨੇ ਬਰੈਡਲਾ ਹਾਲ, ਲਾਹੌਰ ਦੀ ਮਾਰਫਤ, ਸਰਦਾਰ ਕਿਸ਼ਨ ਸਿੰਘ ਨੂੰ ਭੇਜਣ ਲਈ ਡੂੰਘੇ ਸਦਮੇ ਦੀ ਤਾਰ ਜ਼ਿਲਾ ਮੈਜਿਸਟਰੇਟ ਨੂੰ ਸੌਂਪ ਦਿੱਤੀ।
ਭਗਤ ਸਿੰਘ ਦੇ ਬੋਲਾਂ ਨੂੰ ਸੱਚੇ ਸਿੱਧ ਕਰਦਿਆਂ ਇਸ ਸ਼ਹੀਦੀ ਨੇ ਉਹਨੂੰ ਪੂਰੇ ਦੇਸ਼ ਦਾ ਆਦਰਸ਼ ਬਣਾ ਦਿੱਤਾ। ਫਾਂਸੀ ਤੋਂ ਚਾਰ ਸਾਲ ਮਗਰੋਂ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਵਿਲੀਅਮਸਨ ਨੇ ਰਿਪੋਰਟ ਭੇਜੀ, “ਉਹਦੀਆਂ ਤਸਵੀਰਾਂ ਸ਼ਹਿਰ-ਸ਼ਹਿਰ, ਨਗਰ-ਨਗਰ ਵਿਕ ਰਹੀਆਂ ਹਨ ਅਤੇ ਕੁਛ ਸਮੇਂ ਤੋਂ ਉਹਦੀ ਲੋਕਪ੍ਰਿਅਤਾ ਤਾਂ ਖ਼ੁਦ ਮਿਸਟਰ ਗਾਂਧੀ ਦੀ ਲੋਕਪ੍ਰਿਅਤਾ ਦਾ ਮੁਕਾਬਲਾ ਕਰਨ ਲੱਗੀ ਹੈ।” ਇਸ ਗੋਰੇ ਅਧਿਕਾਰੀ ਨੂੰ ਵੀ ਸ਼ਾਇਦ ਇਹ ਅੰਦਾਜ਼ਾ ਨਹੀਂ ਹੋਵੇਗਾ ਕਿ ਭਗਤ ਸਿੰਘ ਦੀ ਇਹ ਲੋਕਪ੍ਰਿਅਤਾ ਤਾਂ ਵਧਦੀ ਹੀ ਜਾਣੀ ਸੀ। ਦੇਸ਼ ਦੇ ਆਜ਼ਾਦ ਹੋਣ ਪਿਛੋਂ ਵੀ ਲੋਕਾਂ ਨੂੰ ਜਦੋਂ ਕੋਈ ਸੰਘਰਸ਼ ਛੇੜਨਾ ਪਿਆ ਹੈ, ਭਗਤ ਸਿੰਘ ਉਨ੍ਹਾਂ ਦੀ ਪ੍ਰੇਰਨਾ, ਹੱਲਾਸ਼ੇਰੀ ਅਤੇ ਸ਼ਕਤੀ ਬਣ ਕੇ ਹਾਜ਼ਰ-ਨਾਜ਼ਰ ਰਿਹਾ ਹੈ। ਲੋਕ-ਹਿਤ ਦੇ ਕਿਸੇ ਵੀ ਮੁੱਦੇ ਨੂੰ ਲੈ ਕੇ ਸੰਘਰਸ਼ ਵਾਸਤੇ ਉਤਰੇ ਨੌਜਵਾਨ ਸਦਾ ਉਹਦੇ ਨਾਂ ਦੀ ਹੀ ਸਹੁੰ ਖਾਂਦੇ ਰਹੇ ਹਨ।
ਮੈਨੂੰ ਚੇਤੇ ਹੈ ਕਿ 1947 ਵਿਚ ਦੇਸ਼ ਦੇ ਅੰਗਰੇਜ਼ ਹੇਠਲੇ ਮੁੱਖ ਭਾਗ ਦੇ ਆਜ਼ਾਦ ਹੋ ਜਾਣ ਪਿਛੋਂ ਕੁਛ ਛੋਟੇ-ਛੋਟੇ ਭਾਗ ਅਜੇ ਵੀ ਫਰਾਂਸੀਸੀ ਅਤੇ ਪੁਰਤਗਾਲੀ ਸਾਮਰਾਜੀਆਂ ਦੇ ਅਧੀਨ ਸਨ। ਜਦੋਂ ਗੋਆ ਤੋਂ ਪੁਰਤਗਾਲੀਆਂ ਦਾ ਸਾਢੇ ਚਾਰ ਸਦੀਆਂ ਪੁਰਾਣਾ ਕਬਜ਼ਾ ਹਟਾਉਣ ਵਾਸਤੇ ਪੁਰ-ਅਮਨ ਸਤਿਆਗ੍ਰਹਿ ਸ਼ੁਰੂ ਹੋਇਆ, ਉਸ ਜਥੇ ਵਿਚ ਸਾਡਾ ਅਧਿਆਪਕ ਸਾਥੀ ਕਰਨੈਲ ਸਿੰਘ ਈਸੜੂ ਵੀ ਸ਼ਾਮਲ ਸੀ, ਜਿਸ ਨੇ ਆਜ਼ਾਦ ਭਾਰਤ ਅਤੇ ਗੁਲਾਮ ਗੋਆ ਵਿਚਕਾਰਲੀ ਹੱਦ ਲੰਘ ਕੇ ਭਾਰਤੀ ਝੰਡਾ ਗੱਡਣਾ ਸੀ। ਪੁਰਤਗਾਲੀ ਸਾਮਰਾਜੀਆਂ ਨੇ ਐਲਾਨ ਕੀਤਾ ਹੋਇਆ ਸੀ ਕਿ ਗੋਲੀਆਂ ਹੱਦ ਲੰਘਣ ਵਾਲਿਆਂ ਦੀ ਉਡੀਕ ਕਰ ਰਹੀਆਂ ਹਨ। ਸਰਹੱਦ ਪਾਰ ਕਰਨ ਲਈ ਤਿਆਰ ਖਲੋਤੇ ਜਥੇ ਵਿਚੋਂ ਕਰਨੈਲ ਸਿੰਘ ਨੂੰ ਧੁਰ ਪੰਜਾਬੋਂ ਆਇਆ ਦੇਖ ਕੇ ਪੱਤਰਕਾਰਾਂ ਨੇ ਪੁੱਛਿਆ, ਅੱਗੇ ਯਕੀਨਨ ਵਰ੍ਹਨ ਵਾਲੀਆਂ ਗੋਲੀਆਂ ਦੇ ਸਾਹਮਣੇ ਹਿੱਕ ਡਾਹੁਣ ਲਈ ਏਨੀ ਦੂਰੋਂ ਇਥੇ ਲਿਆਉਣ ਵਾਲੀ ਤੁਹਾਡੀ ਅਜਿਹੀ ਕਿਹੜੀ ਪ੍ਰੇਰਨਾ ਹੈ? ਉਹਨੇ ਉਤਰ ਦਿੱਤਾ ਸੀ, “ਅਸੀਂ ਭਗਤ ਸਿੰਘ ਦਾ ਨਾਂ ਲੈ ਕੇ ਕੋਈ ਵੀ ਕੁਰਬਾਨੀ ਕਰ ਸਕਦੇ ਹਾਂ।” ਤੇ ਅੱਜ ਵੀ ਲੋਕਾਂ ਦੇ ਹੱਕਾਂ ਵਾਸਤੇ ਜੂਝਣ ਵਾਲੇ ਸਭਨਾਂ ਲਈ ਭਗਤ ਸਿੰਘ ਏਡੀ ਹੀ ਵੱਡੀ ਪ੍ਰੇਰਨਾ ਹੈ।
ਉਹਦੀ ਕਰਨੀ ਨੂੰ ਉਜਾਗਰ ਕਰਦੀਆਂ ਅਨੇਕ ਭਾਸ਼ਾਵਾਂ ਵਿਚ ਰਚਿਤ ਕਵਿਤਾਵਾਂ, ਗੀਤਾਂ, ਨਾਟਕਾਂ ਅਤੇ ਪੁਸਤਕਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ। ਇਹਨੂੰ ਭਗਤ ਸਿੰਘ ਦੀ ਜਿੱਤ ਹੀ ਕਹਾਂਗੇ ਕਿ ਉਹਦੀ ਵਿਚਾਰਧਾਰਾ ਦੇ ਕੱਟੜ ਵਿਰੋਧੀ ਵੀ ਵੋਟਾਂ ਦੇ ਇਸ ਰਾਜ ਵਿਚ ਜਨਤਕ ਜਜ਼ਬੇ ਤੋਂ ਡਰਦੇ ਉਹਦੇ ਦਿਨ ਮਨਾਉਂਦੇ ਹਨ। ਉਹਦੀ ਕਰਨੀ ਨੂੰ ਲੈ ਕੇ ਅੱਧੀ ਦਰਜਨ ਤੋਂ ਵੱਧ ਫਿਲਮਾਂ ਬਣ ਚੁੱਕੀਆਂ ਹਨ। 2008 ਦੇ ਆਜ਼ਾਦੀ ਦਿਵਸ ਨੂੰ ਸੰਸਦ ਦੇ ਪਸਾਰੇ ਵਿਚ ਉਹਦਾ 18 ਫੁੱਟ ਉਚਾ ਕਾਂਸੀ ਦਾ ਬੁੱਤ ਸੁਭਾਸ਼ ਚੰਦਰ ਬੋਸ ਦੇ ਬੁੱਤ ਦੇ ਨਾਲ ਲਾਇਆ ਗਿਆ ਅਤੇ ਸੰਸਦ ਭਵਨ ਵਿਚ ਉਹਦੇ ਤੇ ਦੱਤ ਦੇ ਚਿੱਤਰ ਸਜਾਏ ਗਏ।
ਆਮ ਲੋਕਾਂ ਦੀ ਰਾਇ ਦਾ ਇਕ ਪ੍ਰਗਟਾਵਾ ਉਸ ਸਮੇਂ ਹੋਇਆ ਜਦੋਂ 2008 ਵਿਚ ਹੀ ਅੰਗਰੇਜ਼ੀ ਦੇ ਪ੍ਰਸਿੱਧ ਰਸਾਲੇ ‘ਇੰਡੀਆ ਟੂਡੇ’ ਨੇ “ਸਭ ਤੋਂ ਮਹਾਨ ਭਾਰਤੀ” ਚੁਣਨ ਵਾਸਤੇ ਮੱਤ-ਸੰਗ੍ਰਹਿ ਕਰਵਾਇਆ। ਗਾਂਧੀ ਜੀ ਅਤੇ ਨੇਤਾ ਜੀ ਸੁਭਾਸ਼ ਬੋਸ ਤੋਂ ਵੀ ਵੱਧ ਮੱਤ ਲੈ ਕੇ ਪਹਿਲਾ ਸਥਾਨ ਭਗਤ ਸਿੰਘ ਨੇ ਪ੍ਰਾਪਤ ਕੀਤਾ!
Leave a Reply