ਪੰਜਾਬੀ ਸਾਹਿਤ ਜਗਤ ਵਿਚ ਗੁਰਵੇਲ ਸਿੰਘ ਪੰਨੂੰ (1926-1997) ਦੀ ਬਹੁਤੀ ਚਰਚਾ ‘ਸੇਧ’ ਪਰਚੇ ਦਾ ਸੰਪਾਦਕ ਹੋਣ ਕਰ ਕੇ ਹੁੰਦੀ ਰਹੀ ਹੈ। ਆਪਣੇ ਉਸ ਦੌਰ ਵਿਚ ‘ਸੇਧ’ ਬੜੇ ਚੰਗਿਆੜੇ ਛੱਡਦਾ ਹੁੰਦਾ ਸੀ। ਪ੍ਰਸਿੱਧ ਮਾਰਕਸੀ ਵਿਦਵਾਨ ਪ੍ਰੋæ ਕਿਸ਼ਨ ਸਿੰਘ ਦਾ ਇਸ ਪਰਚੇ ਉਤੇ ਮਿਹਰਾਂ ਭਰਿਆ ਹੱਥ ਹੁੰਦਾ ਸੀ ਅਤੇ ਉਨ੍ਹਾਂ ਦਾ ਜਦੋਂ ਇਕ ਹੋਰ ਮਾਰਕਸੀ ਵਿਦਵਾਨ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨਾਲ ਵਿਚਾਰਧਾਰਕ ਪੇਚਾ ਪਿਆ, ਉਦੋਂ ‘ਸੇਧ’ ਦਾ ਰੋਲ ਬੇਹੱਦ ਅਹਿਮ ਰਿਹਾ। ਖੈਰ! ਗੁਰਵੇਲ ਸਿੰਘ ਪੰਨੂੰ ਦੇ ਦੋ ਕਹਾਣੀ ਸੰਗ੍ਰਹਿ ‘ਅਮਾਨਤ’ ਤੇ ‘ਸੁਪਨਾ ਟੁੱਟਾ’ ਛਪੇ ਅਤੇ ਚਰਚਾ ਹੋਈ। ਕਹਾਣੀ ‘ਸਾਡਾ ਪਿੰਡ’ ਵਿਚ ਪੁਰਾਣਾ ਪੰਜਾਬ ਬੋਲਦਾ-ਧੜਕਦਾ ਸੁਣਾਈ ਦਿੰਦਾ ਹੈ। ਉਂਜ ਕਹਾਣੀ ਸਮੇਟਣ ਵੇਲੇ ਲੇਖਕ ਨੇ ‘ਸੇਧ’ ਦੀ ਸੰਪਾਦਕੀ ਵਾਂਗ ਹੀ ਚੰਗਿਆੜੇ ਛੱਡੇ ਹਨ। ਤਿੱਖਾ ਸਿਆਸੀ ਵਿਅੰਗ ਤੇਜ਼ਾਬ ਵਾਂਗ ਮੋਰੀਆਂ ਕਰਦਾ ਚਲਾ ਜਾਂਦਾ ਹੈ। -ਸੰਪਾਦਕ
ਗੁਰਵੇਲ ਸਿੰਘ ਪੰਨੂੰ
ਉਦੋਂ ਵੀ ਸਦੀ ਵੀਹਵੀਂ ਹੀ ਸੀ ਤੇ ਸਾਡੇ ਪਿੰਡ ਸ਼ਾਇਦ ਹੀ ਕਦੀ ਕੋਈ ਅਖ਼ਬਾਰ ਪਹੁੰਚਦੀ ਹੋਵੇ। ਮੈਂ ਉਦੋਂ ਬਹੁਤ ਛੋਟਾ ਤੇ ਨਹੀਂ ਸਾਂ, ਉਮਰ ਹੋਵੇਗੀ, ਇਹੋ ਹੀ ਕੋਈ ਦਸ ਬਾਰਾਂ ਸਾਲ ਦੀ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਪਿੰਡ ਦੇ ਅੱਧ ਵਿਚਕਾਰ ਤਖ਼ਤਪੋਸ਼ ਸੀ। ਪਿੰਡ ਦਾ ਸਾਂਝਾ ਕਲੱਬ-ਘਰ, ਮਿਲਣੀਆਂ ਦਾ ਅੱਡਾ, ਪੇਂਡੂ ਜ਼ਿੰਦਗੀ ਦਾ ਮਰਕਜ਼। ਇਸ ਦੇ ਕਲੱਬ-ਘਰ ਹੋਣ ਦਾ ਪਤਾ ਮੈਨੂੰ ਢੇਰ ਚਿਰ ਬਾਅਦ ਲੱਗਾ ਜਦੋਂ ਵੱਡਾ ਹੋ ਕੇ ਪੜ੍ਹਾਈ ਲਈ ਮੈਂ ਵਲਾਇਤ ਚਲਾ ਗਿਆ ਪਰ ਜਦੋਂ ਦੀ ਮੈਂ ਗੱਲ ਕਰ ਰਿਹਾ ਹਾਂ, ਅਸੀਂ ਸਾਰੇ ਇਸ ਨੂੰ ‘ਤਖ਼ਤਪੋਸ਼’ ਜਾਂ ‘ਪਰ੍ਹੇ’ ਹੀ ਸੱਦਿਆ ਕਰਦੇ ਸਾਂ- ਨਿੱਕੇ, ਵੱਡੇ, ਆਦਮੀ, ਤੀਵੀਆਂæææ।
ਪਿੰਡ ਦੇ ਸਾਰੇ ਲੋਕ ਉਥੇ ਇਕੱਠੇ ਹੁੰਦੇ। ਮਿਲਣ ਦਾ ਪੱਕਾ ਨੀਅਤ ਵਕਤ ਕੋਈ ਨਾ। ਹਰ ਕੋਈ ਉਥੇ ਆ ਜਾਂਦਾ ਜਦੋਂ ਕਿਸੇ ਨੂੰ ਕੁਝ ਵਿਹਲ ਮਿਲਦੀ। ਉਂਜ ਤਾਂ ਉਥੇ ਹਰ ਵੇਲੇ ਹੀ ਕੁਝ ਨਾ ਕੁਝ ਰੌਣਕ ਲੱਗੀ ਹੀ ਰਹਿੰਦੀ ਪਰ ਸ਼ਾਮ ਦਾ ਵੇਲਾ ਖਾਸ ਗਹਿਮਾ-ਗਹਿਮੀ ਦਾ ਹੁੰਦਾ। ਸਾਡੇ ਪਿੰਡ ਦੀ ਇਹ ਕਲੱਬ, ਪੁਰਾਤਨ ਪਵਿੱਤਰ ਰੂਹਾਨੀ ਸਭਿਅਤਾ ਦੇ ਨਿਯਮਾਂ ਅਨੁਸਾਰ ਕੰਮ ਕਰ ਰਹੀ ਸੀ। ਇਸ ਦੀਆਂ ਹੱਦਾਂ ਅੰਦਰ ਬੱਚੇ ਆਂਦੇ, ਗੱਭਰੂ ਆਂਦੇ, ਬੁੱਢੇ ਆਂਦੇ; ਮੰਗਤੇ, ਬਾਜ਼ੀਗਰ, ਕਮੀਣ-ਕਾਂਦੂੰ ਆਂਦੇ ਪਰ ਤੀਵੀਆਂ, ਮੁਟਿਆਰਾਂ, ਨੂੰਹਾਂ-ਧੀਆਂ ਦਾ ਇਥੇ ਕੰਮ ਕੋਈ ਨਾ। ਉਹ ਇਸ ਦੀਆਂ ਸਮਾਜ-ਉਲੀਕੀਆਂ ਹੱਦਾਂ ਅੰਦਰ ਨਹੀਂ ਸਨ ਆ ਸਕਦੀਆਂ। ਇਸਤਰੀ ਘਰ ਦੀ ਰਾਣੀ ਹੁੰਦੀ ਹੈ- ਗ੍ਰੰਥਾਂ ‘ਚ ਇੰਜ ਹੀ ਲਿਖਿਆ ਹੋਇਆ ਸੀ ਤੇ ਕਦੀ ਕਿਸੇ ਨੇ ਇਸ ਰੂਹਾਨੀ ਰੱਬੀ ਅਸੂਲ ਨੂੰ ਉਲੰਘਣ ਦੀ ਹਿੰਮਤ ਨਹੀਂ ਸੀ ਵਿਖਾਈ।
ਪਿੰਡ ਦੀਆਂ ਜ਼ਨਾਨੀਆਂ ਕੋਲ ਉਂਜ ਵੀ ਵਿਹਲ ਕਿੱਥੇ ਸੀ? ਉਹ ਕੁੜੀਆਂ ਹੁੰਦੀਆਂ ਤਾਂ ਛੋਟੇ ਭੈਣ ਭਰਾ ਖਿਡਾਉਣ ਤੋਂ ਵੱਖ ਮਾਂਵਾਂ ਨਾਲ ਰੋਟੀ ਟੁੱਕ ਵਿਚ ਹੱਥ ਵਟਾਂਦੀਆਂ। ਜੇ ਉਹ ਨੂੰਹਾਂ ਹੁੰਦੀਆਂ ਤਾਂ ਬਾਹਰ ਘੱਟ ਵੱਧ ਹੀ ਨਿਕਲਦੀਆਂ ਤੇ ਉਹ ਵੀ ਨਣਾਨ ਜਾਂ ਸੱਸ ਦੀ ਅਗਵਾਈ ਹੇਠ ਲੰਮਾ ਘੁੰਡ ਕੱਢੀ ਗਲੀਓ-ਗਲੀ ਪਿੰਡੋਂ ਬਾਹਰ ਚਲੀਆਂ ਜਾਂਦੀਆਂ। ਤੇ ਇਸ ਤਖ਼ਤਪੋਸ਼ ‘ਤੇ ਬੈਠੇ ਮੁੰਡਿਆਂ ਦੇ ਢਾਣ ਸ਼ਰਤਾਂ ਲਾਂਦੇ, “ਭਈ, ਮਾਂ ਤੇ ਬਹੁੜੀ ਕਿਆਂ ਦੇ ਟੱਬਰ ਦੀ ਸੀ ਪਰ ਵਹੁਟੀ ਦਾ ਕੀ ਪਤਾ! ਸ਼ਾਇਦ ਵੱਡੇ ਦਰਸ਼ੂ ਦੀ ਹੋਵੇ, ਸ਼ਾਇਦ ਦੁਵਿਚਲੇ ਖੇਤਰ ਸਿੰਹੁ ਦੀ ਹੋਵੇæææਨਹੀਂ ਭਈ, ਇਹ ਕਬੂਤਰੀ ਤੋਰ ਵਾਲੀ ਤਾਂ ਛੋਟੇ ਭੌਂਦੂ ਦੀ ਹੋਵੇਗੀ!” ਪਰ ਪੱਕਾ ਪਤਾ ਕਿਸੇ ਨੂੰ ਨਾ ਹੁੰਦਾ। ਫ਼ਿਰ ਉਹ ਨੂੰਹਾਂ ਵੀ ਛੇਤੀ ਹੀ ਮਾਂਵਾਂ ਬਣਨ ਲਈ ਭਲਚ ਪੈਂਦੀਆਂ ਤੇ ਉਨ੍ਹਾਂ ਦੇ ਕੂਲੇ ਢਿੱਡ ਕੁਝ ਮਹੀਨਿਆਂ ਵਿਚ ਹੀ ਉਭਰ ਪੈਂਦੇ ਤੇ ਫ਼ਿਰ ਇਕ ਸਾਲ, ਦੋ ਸਾਲ ਘਰੋਂ ਵਿਹਲ ਮਿਲੇ ਤੇ ਬੰਦਾ ਬਾਹਰ ਨਿਕਲੇæææ।
ਤੇ ਇਸ ਤਰ੍ਹਾਂ ਸਾਡੇ ਪਿੰਡ ਦਾ ਕਲੱਬ-ਘਰ ਹਮੇਸ਼ ਨਰ-ਕਲੱਬ ਹੀ ਬਣਿਆ ਰਹਿੰਦਾ। ਅੱਜ ਕੱਲ੍ਹ ਜੁਗਰਾਫ਼ੀਏ ਦੇ ਇਲਮ ਅਨੁਸਾਰ ਨਵਾਂ ਦਿਨ, ਰਾਤ ਦੇ ਬਾਰਾਂ ਵਜੇ ਸ਼ੁਰੂ ਹੁੰਦਾ ਹੈ ਪਰ ਸਾਡੇ ਪਿੰਡ ਨਵਾਂ ਦਿਨ ਉਦੋਂ ਸ਼ੁਰੂ ਹੁੰਦਾ ਜਦੋਂ ਪਹਿਰ ਰਾਤ ਰਹਿੰਦੀ ਗੁਰਦੁਆਰੀਆ ਭਾਈ ਕੀਰਤਨ ਸਿੰਘ ਅੰਮ੍ਰਿਤ ਵੇਲੇ ਨਾਲ ਸੰਖ ਜ਼ੋਰ-ਜ਼ੋਰ ਨਾਲ ਹਵਾ ਵਿਚ ਗੁੰਜਾ ਦਿੰਦਾ, ਤੇ ਬਸ ਸੰਖ ਵਜਣ ਨਾਲ ਨਵਾਂ ਦਿਨ ਸ਼ੁਰੂ ਹੋ ਜਾਂਦਾ। ਕਦੀ ਕਦੀ ਭਾਈ ਅੱਧੀ ਰਾਤ ਰਹਿੰਦਿਆਂ ਹੀ ਸੰਖ ਵਜਾ ਦਿੰਦਾ ਤੇ ਅਗਲੇ ਦਿਨ ਹਲ ਜੋਤਣ ਵਾਲੇ ਜੱਟ, ਭਾਈ ਨੂੰ ਖੂਬ ਸਿਲਵਾਤਾਂ ਸੁਣਾਉਂਦੇ। ਕਹਿੰਦੇ, ਭਾਈ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਜਵਾਨੀ ਵਾਰੇ ਹੀ ਲੱਗ ਗਈ ਸੀ ਜਦੋਂ ਵਿਆਹ ਦੇ ਤਰਸੇਵੇਂ ਨੇ ਉਸ ਦੀ ਨੀਂਦ ਹਮੇਸ਼ਾ ਲਈ ਉਸ ਪਾਸੋਂ ਖੋਹ ਖੜੀ ਸੀ। ਹੁਣ ਭਾਵੇਂ ਭਾਈ ਬਿਲਕੁਲ ਬੁੱਢਾ ਹੋ ਚੁੱਕਾ ਸੀ ਤੇ ਉਸ ਦੀ ਹਿਰਸ ਵੀ ਵਡੇਰੀ ਉਮਰ ਦੇ ਨਾਲ ਅਣਪੂਰੇ ਜਜ਼ਬਿਆਂ ਵਾਂਗ ਸੌਂ ਚੁੱਕੀ ਸੀ ਪਰ ਨੀਂਦ ਹਾਲੀ ਵੀ ਉਸ ਕੋਲ ਘੱਟ ਵੱਧ ਹੀ ਆਉਂਦੀ ਸੀ ਤੇ ਉਹ ਬਹੁਤ ਵਾਰ ਸੰਖ ਦੀ ਧੂਤੋ ਧੂਤ ਨਾਲ ਬਹੁਤ ਸਵੱਖਤੇ ਹੀ ਨਵੇਂ ਵਿਆਹੇ ਜੋੜਿਆਂ ਨੂੰ ਨਿਖੜਨ ‘ਤੇ ਮਜਬੂਰ ਕਰ ਦਿੰਦਾ ਤੇ ਗੁਰਦੁਆਰੇ ਅੱਗਿਉਂ ਲੰਘਦਿਆਂ ਆਪ ਮੁਹਾਰੇ ਉਨ੍ਹਾਂ ਦਾ ਸਿਰ ਥੋੜ੍ਹਾ ਜਿਹਾ ਅੱਗੇ ਨੂੰ ਝੁਕ ਜਾਂਦਾæææ।
ਸਵੇਰ ਵੇਲੇ ਕਲੱਬ-ਘਰ ਵਿਚ ਬਹੁਤ ਥੋੜ੍ਹੇ ਲੋਕ ਹੁੰਦੇ ਤੇ ਉਹ ਵੀ ਬੁੱਢੇ ਬੁੱਢੇ ਅਤੇ ਜਾਂ ਕੋਈ ਬਿਮਾਰ ਜੁਆਨ ਜੋ ਅੱਜ ਖੇਤਾਂ ਵਿਚ ਕੰਮ ‘ਤੇ ਨਹੀਂ ਸੀ ਜਾ ਸਕਿਆ। ਇਹ ਬੁੱਢੇ ਕਿਸਾਨ ਜ਼ਿੰਦਗੀ ਦਾ ਜੁਆਨ ਸਮਾਂ ਮਾੜਾ ਚੰਗਾ ਗੁਜ਼ਾਰ ਚੁੱਕੇ ਸਨ, ਤੇ ਹੁਣ ਇਨ੍ਹਾਂ ਦੇ ਪੁੱਤ ਪੋਤਰਿਆਂ ਨੇ ਵਾਹੀ ਜੋਤੀ ਦਾ ਕੰਮ ਧੰਦਾ ਆਪਣੇ ਜ਼ਿੰਮੇ ਲੈ ਲਿਆ ਸੀ, ਤੇ ਜਾਂ ਇਨ੍ਹਾਂ ਦੇ ਪੁੱਤ ਫੌਜ ਵਿਚ ਇਕ ਦੋ ਫ਼ੀਤੀਆਂ ਲਵਾ ਬੈਠੇ ਸਨ, ਤੇ ਇਹ ਬੁੱਢੇ ਸਵੇਰੇ ਹੀ ਲੱਸੀ ਦਾ ਛੰਨਾ ਪੀ, ਛੋਟੀਆਂ ਨੂੰਹਾਂ ਨਾਲ ਇਕ ਅੱਧੀ ਟਿਚਕਰ ਕਰ ਘਰੋਂ ਨਿਕਲ ਪੈਂਦੇ ਤੇ ਤਖ਼ਤਪੋਸ਼ ‘ਤੇ ਆ ਬਰਾਜਮਾਨ ਹੁੰਦੇ। ਉਨ੍ਹਾਂ ਦੀਆਂ ਗੱਲਾਂ ਬੜੀਆਂ ਸਹਿਜੇ ਸਹਿਜੇ ਛਿੜਦੀਆਂ ਤੇ ਸਵੇਰ ਵੇਲੇ ਦੀ ਸੁਸਤ ਹਵਾ ਵਾਂਗ ਉਨ੍ਹਾਂ ਦੀਆਂ ਗੱਲਾਂ ਵਿਚ ਗਰਮੀ ਵੀ ਘੱਟ ਹੁੰਦੀ।
“ਕਿਉਂ ਭਈ ਆਲਾ ਸਿੰਹਾਂ, ਇਸ ਮਹੀਨੇ ਦੀ ਸੰਗਰਾਂਦ ਕਦ ਈ?”
ਇਕ ਜਣਾ ਸੁਆਲ ਕਰਦਾ ਤੇ ਦੂਜਾ ਅੱਗਿਉਂਂ ਜੁਆਬ ਦੇਣ ਦੀ ਥਾਂ ਉਲਟਾ ਹੀ ਘੂਰ ਖਲੋਂਦਾ, “ਕਿੰਨੀ ਵਾਰ ਕਿਹਾ ਏ ਕਿ ਸ਼ਹਿਰੋਂ ਕੋਈ ਪੜ੍ਹਿਆ ਲਿਖਿਆ ਭਾਈ ਲੈ ਆਈਏ ਜਿਹੜਾ ਦਿਨ ਦਿਹਾੜਾ ਤੇ ਦੱਸਦਾ ਰਵ੍ਹੇ। ਇਹ ਬੁੱਧੂ ਭਾਈ ਕੀਰਤੂ, ਪਿਛਲੇ ਮਹੀਨੇ ਪੂਰਨਮਾਸ਼ੀ ਤੋਂ ਛੇਵੇਂ ਦਿਨ ਬਾਅਦ ਹੀ ਮੱਸਿਆ ਦਾ ਦਿਨ ਆਖੀ ਜਾਂਦਾ ਸੀ।”
ਤੇ ਦੋਵੇਂ ਬੁੱਢੇ ਖਹੂੰ ਖਹੂੰ ਕਰਦੇ ਭਾਈ ਕੀਰਤੂ ਦੀ ਬੇਵਕੂਫ਼ੀ ‘ਤੇ ਹੱਸਣ ਲੱਗ ਪੈਂਦੇ। ਸਵੇਰ ਵੇਲੇ ਇਨ੍ਹਾਂ ਕੋਲ ਕੋਈ ਨਵੀਂ ਤਾਜ਼ੀ ਗੱਲ ਨਾ ਹੁੰਦੀ, ਇਸ ਲਈ ਪੁਰਾਣੀਆਂ ਖ਼ਬਰਾਂ ‘ਤੇ ਹੀ ਵੱਖ ਵੱਖ ਤਰ੍ਹਾਂ ਦੀ ਟੀਕਾ-ਟਿਪਣੀ ਹੁੰਦੀ ਰਹਿੰਦੀ। ਬੁੱਢਾ ਚੰਦਾ ਸਿੰਘ, ਨੰਬਰਦਾਰ ਦੇ ਲੰਗੜਾਂਦੇ ਸੰਢੇ ਵੱਲ ਵੇਖ, ਆਪਣੇ ਪੰਜ ਕਲਿਆਣੇ ਦੀ ਯਾਦ ਵਿਚ ਗੁਆਚ ਜਾਂਦਾ ਜੋ ਸੱਤ ਸਾਲ ਹੋਏ ਉਸ ਵਿਸਾਖੀ ਦੇ ਮੇਲੇ ਤੋਂ ਖਰੀਦਿਆ ਸੀ, ਪੂਰੇ ਸਾਢੇ ਚੌਂਹ ਵੀਹਾਂ ਦਾ, ਤੇ ਜੋ ਛੱਜੂ ਤਖਾਣ ਦੀ ਨਜ਼ਰ ਲੱਗਣ ਨਾਲ ਮਰ ਗਿਆ ਸੀæææ।
ਤੇ ਇਸ ਤਰ੍ਹਾਂ ‘ਪਰ੍ਹੇ’ ਵਿਚ ਨਜ਼ਰ ਲੱਗਣ ਦੀਆਂ ਹੀ ਸਾਖੀਆਂ ਤੁਰ ਪੈਂਦੀਆਂ। ਇਸ ਪਿੰਡ ਤੋਂ ਦੂਜੇ, ਦੂਜੇ ਤੋਂ ਤੀਜੇ ਤੇ ਹੋਰ ਅਗਾਂਹ। ਬੈਠੇ ਬੈਠੇ ਬੁੱਢੇ ਆਪਣੇ ਜੁਆਨ ਪੁੱਤਰਾਂ ਦੀਆਂ ਗੱਲਾਂ ਛੇੜ ਦਿੰਦੇ ਤੇ ਅੰਦਾਜ਼ੇ ਲਾਉਂਦੇ ਕਿ ਹੁਣ ਤੱਕ ਉਨ੍ਹਾਂ ਨੇ ਫ਼ਲਾਣੀ ਫਲਾਣੀ ਪੈਲੀ ਵਾਹ ਲਈ ਹੋਣੀ ਏ, ਤੇ ਹੁਣ ਬੀ ਦਾ ਛੱਟਾ ਦੇ ਰਹੇ ਹੋਣਗੇ, ਤੇ ਜਾਂ ਸ਼ਾਇਦ ਹਾਲੀ ਸੁਹਾਗਾ ਹੀ ਮਾਰ ਰਹੇ ਹੋਣਗੇ! ਤੇ ਫ਼ਿਰ ਕਦੀ ਕੱਲ੍ਹ ਦੀ ਪੰਚਾਇਤ ਦੇ ਫੈਸਲੇ ਬਾਰੇ ਇਹ ਬੁੱਢੇ ਗੱਲਾਂ ਛੇੜ ਦਿੰਦੇ, ‘ਭਲਾ ਰਾਮ ਸਿੰਹਾਂ, ਸਾਡੇ ਮੁੰਡਿਆਂ ਪੜ੍ਹ ਕੇ ਕਿਹੜਾ ਮਾਲ ਅਫ਼ਸਰ ਬਣਨਾ ਹੈ। ਮਦਰੱਸਾ ਬਣ ਗਿਆ ਤੇ ਡੰਗਰ ਇਨ੍ਹਾਂ ਦੇ ਪਿਉ ਚਾਰਨਗੇ?’ ਤੇ ਫ਼ਿਰ ਠੰਢਾ ਸਾਹ ਲੈ ਕੇ ਦੋਵੇਂ ਬੁੱਢੇ ਕਹਿ ਉਠਦੇ, ‘ਅੱਛਾ, ਕਰਨ ਦਿਓ ਜੋ ਕੁਝ ਇਹ ਨਵਾਂ ਪੋਚ ਕਰਦਾ ਏ। ਅਸੀਂ ਆਪਣੀ ਮਾੜੀ ਚੰਗੀ ਲੰਘਾ ਲਈ ਏ। ਵੇਖੀਏ ਇਹ ਭਲਾ ਹੁਣ ਕੀ ਕਰਦੇ ਨੇæææ।” ਤੇ ਬੁੱਢਿਆਂ ਦੀਆਂ ਅੱਖਾਂ ਅੱਗੇ ਆਉਣ ਵਾਲੇ ਸਮੇਂ ਵਿਚ ਦੁਨੀਆਂ ਦੀ ਤਬਾਹੀ ਦਾ ਨਕਸ਼ਾ ਖਿੱਚਿਆ ਜਾਂਦਾ।
ਇਸ ਤਰ੍ਹਾਂ ਸੂਰਜ ਚੋਖਾ ਉਚਾ ਹੋ ਜਾਂਦਾ। ਭਖਦੇ ਸੂਰਜ ਨਾਲ ਇਹ ਬੁੱਢੇ ਆਪਣੇ ਖੇਸ ਲਾਹ ਦਿੰਦੇ ਤੇ ਦਾੜ੍ਹੀਆਂ ਖੁਰਕਦੇ ਘਰਾਂ ਨੂੰ ਤੁਰ ਜਾਂਦੇ, ਰੋਟੀ ਟੁੱਕਰ ਖਾਣ ਤੇ ਨੂੰਹਾਂ-ਧੀਆਂ ਨੂੰ ਦਬਕਾ-ਸ਼ਬਕਾ ਮਾਰਨ।
ਕਲੱਬ ਵਿਚ ਫੇਰ ਰੌਣਕ ਦੁਪਹਿਰ ਢਲਣ ਵੇਲੇ ਹੁੰਦੀ ਤੇ ਬੁੱਢੇ ਉਦੋਂ ਵੀ ਸਭ ਤੋਂ ਪਹਿਲਾਂ ਪਰ੍ਹੇ ਵਿਚ ਪਹੁੰਚੇ ਹੁੰਦੇ। ਛੋਟੇ ਛੋਟੇ ਛੋਕਰੇ ਤਖ਼ਤਪੋਸ਼ ਦੇ ਕੋਲ ਤਾਸ਼, ਟਾਹਣਾਂ ਤੇ ਜਾਂ ਖੁੱਤੀ ਵਿਚ ਅਖਰੋਟ ਪਾਉਣਾ ਖੇਡ ਰਹੇ ਹੁੰਦੇ। ਕਿਸੇ ਬੁੱਢੇ ਦੇ ਦੋ ਬਚੇ-ਖੁਚੇ ਦੰਦ ਹੁੰਦੇ ਤਾਂ ਉਹ ਪੋਲੇ ਦਾਣੇ ਪਪੋਲੀ ਜਾਂਦਾ। ਨੱਥਾ ਸਿੰਘ ਰੋਜ਼ ਸ਼ਾਮੀਂ ਪੋਲੀਆਂ ਘੁੰਗਣੀਆਂ ਜੋ ਉਸ ਦੀ ਕਦੇਸਣ, ਕਾਲੀ-ਕਲੋਟੀ ਵਹੁਟੀ ਉਸ ਨੂੰ ਤਿਆਰ ਕਰ ਕੇ ਦਿੰਦੀ, ਦੋ ਦੋ ਚਾਰ ਚਾਰ ਸਭ ਨੂੰ ਵੰਡ ਦਿੰਦਾ ਤੇ ਰਾਤੀਂ ਉਸ ਨੂੰ ਕਦੇਸਣ ਦੀਆਂ ਝਿੜਕਾਂ ਸਹਿਣੀਆਂ ਪੈਂਦੀਆਂ।
ਸ਼ਾਮ ਵੇਲੇ ਦੀ ਵੀ ਗੱਲਬਾਤ ਖੇਤਾਂ, ਢੱਗਿਆਂ, ਨਹਿਰ ਦੇ ਪਾਣੀਆਂ, ਚੰਗੀ ਜਾਂ ਮਾੜੀ ਫਸਲ ਤੋਂ ਹੀ ਸ਼ੁਰੂ ਹੁੰਦੀ। ਇਹ ਉਹ ਵੇਲਾ ਹੁੰਦਾ ਜਦ ਸਾਡੇ ਪਰ੍ਹੇ ਵਿਚ ਨਵਾਂ ਅਖ਼ਬਾਰ ਕੰਪੋਜ਼ ਹੋਣਾ ਸ਼ੁਰੂ ਹੋ ਜਾਂਦਾ। ਕੱਲ੍ਹ ਦੇ ਅਖ਼ਬਾਰ ਦੀਆਂ ਖ਼ਬਰਾਂ ਹੁਣ ਤੱਕ ਪੁਰਾਣੀਆਂ ਹੋ ਗਈਆਂ ਹੁੰਦੀਆਂ। ਘਰ ਘਰ ਉਹ ਕਈਂ ਵਾਰ ਦੁਹਰਾਈਆਂ ਜਾ ਚੁੱਕੀਆਂ ਹੁੰਦੀਆਂ। ਉਨ੍ਹਾਂ ‘ਤੇ ਟੀਕਾ-ਟਿਪਣੀ ਹੁਣ ਤਕ ਮੁਕੰਮਲ ਹੋ ਗਈ ਹੁੰਦੀ। ਗੱਲ ਕੀ, ਹੁਣ ਤੱਕ ਉਹ ਆਪਣਾ ਨਵਾਂਪਣ ਤੇ ਸੁਆਦਲਾਪਣ ਗੁਆ ਚੁੱਕੀਆਂ ਹੁੰਦੀਆਂ। ਘਸੀਟਪੁਰੇ ਚਾਰ ਕਤਲ ਹੋ ਜਾਣ ਦੀ ਵਾਰਦਾਤ ਹੁਣ ਤੱਕ ਪੁਰਾਣੀ ਹੋ ਗਈ ਹੁੰਦੀ। ਜੀਤਪੁਰੇ ਕੱਲ੍ਹ ਥਾਣੇਦਾਰ ਦਾ ਜੱਗੇ ਡਾਕੂ ਨੂੰ ਥੱਪੜ ਲਾਉਣਾ ਹੁਣ ਬੇਸੁਆਦ ਹੋ ਚੁੱਕਿਆ ਹੁੰਦਾ। ਚੇਤੂ ਮਹਿਰੇ ਦੀ ਨਵੀਂ ਖਰੀਦੀ ਤੀਵੀਂ ਦਾ ਬੰਤੇ ਨਾਲ ਨਿਕਲ ਜਾਣਾ ਹੁਣ ਰੰਗੀਨੀ ਗੁਆ ਚੁੱਕਿਆ ਹੁੰਦਾ। ਨਾਲੇ ਇਹ ਤੇ ਸਾਰੀਆਂ ਕੱਲ੍ਹ ਦੀਆਂ ਪੁਰਾਣੀਆਂ ਖ਼ਬਰਾਂ ਸਨ।
ਸੋ ਅੱਜ ਨਵੀਂ ਤਾਜ਼ੀ ਅਖਬਾਰ ਕੰਪੋਜ਼ ਹੋਣੀ ਸ਼ੁਰੂ ਹੁੰਦੀ। ਇਹ ਅਖ਼ਬਾਰ ਕੋਈ ਸ਼ਹਿਰੀ ਅਖਬਾਰਾਂ ਵਾਂਗ ਨਾ ਹੁੰਦੀ। ਇਹ ਤੇ ਪੇਂਡੂ ਅਖਬਾਰ ਸੀ ਤੇ ਉਹ ਵੀ ਪੰਜਾਬ ਦੀ ਧਰਤੀ ਦੀ। ਇਹ ਪ੍ਰੈਸਾਂ ਵਿਚ ਨਾ ਛਪਦੀ। ਇਸ ਦੇ ਅੱਖਰ ਤੇ ਜਜ਼ਬੇ ਕਾਗਜ਼ਾਂ ‘ਤੇ ਨਾ ਉਲੀਕੇ ਜਾਂਦੇ। ਇਸ ਨੂੰ ਛਾਪਣ ਲਈ ਕੰਪੋਜ਼ੀਟਰਾਂ ਤੇ ਮਸ਼ੀਨਮੈਨਾਂ ਨੂੰ ਹੱਥ ਗੰਦੇ ਨਾ ਕਰਨੇ ਪੈਂਦੇ। ਇਸ ਨੂੰ ਸੰਘ ਪਾੜ ਪਾੜ ਨਿੱਕੇ ਨਿੱਕੇ ਛੋਕਰੇ ਨਾ ਵੇਚਦੇ, ਤੇ ਨਾ ਹੀ ਬੇਹਿੰਮਤੇ, ਚਿੱਟਿਆਂ ਕਾਲਰਾਂ ਵਾਲੇ ਤੇ ਮੁਰਦਾ ਰੂਹਾਂ ਵਾਲੇ ਬਾਬੂ ਇਕ ਆਨੇ ਤੋਂ ਖਰੀਦਦੇ। ਇਹ ਤੇ ਜ਼ਿੰਦਾਦਿਲ ਲੋਕਾਂ ਦਾ ਅਖ਼ਬਾਰ ਸੀ, ਤੇ ਇਸ ਦਾ ਸੁਆਦ ਵੀ ਉਹੀ ਲੋਕ ਜਾਣਦੇ ਸਨ।
ਇਹ ਪੇਂਡੂ ਅਖ਼ਬਾਰ, ਇਸ ਦੇ ਕਈ ਰਿਪੋਰਟਰ ਤੇ ਐਡੀਟਰ। ਇਸ ਅਖ਼ਬਾਰ ਦਾ ‘ਗੱਪ ਸ਼ੱਪ ਦਾ ਕਾਲਮ’ ਅਸਾਂ ਭਾਈ ਕੀਰਤੂ ਲਈ ਰਿਜ਼ਰਵ ਕੀਤਾ ਹੋਇਆ ਸੀ। ਸ਼ਾਇਦ ਗੁਰਦੁਆਰੇ ਦੇ ਭਾਈ ਕੋਲ ਇਹੀ ਇਕ ਆਰਟ ਹੁੰਦਾ ਹੈ। ਇਸ ਅਖਬਾਰ ਦੇ ਰਿਪੋਰਟਰ ਆਉਂਦੇ ਜਾਂਦੇ ਰਾਹੀ ਹੁੰਦੇ ਜੋ ਸਫ਼ਰ ਤੋਂ ਜ਼ਰਾ ਦਮ ਲੈਣ ਲਈ ਘੋੜੇ ਜਾਂ ਬੋਤੇ ਤੋਂ ਉਤਰ ਪੈਂਦੇ, ਤਖ਼ਤਪੋਸ਼ ਕੋਲ ਦੀ ਖੂਹੀ ਤੋਂ ਜ਼ਰਾ ਬੁੱਕ ਨਾਲ ਪਾਣੀ ਪੀਂਦੇ, ਮੂੰਹ ਧੋਂਦੇ ਤੇ ਸਾਫ਼ੇ ਨਾਲ ਮੂੰਹ ਪੂੰਝਦੇ, ਮੁੱਛਾਂ ਮਰੋੜਦੇ, ‘ਵਾਹਰ ਜੀ ਕਾ ਖਾਲਸਾ, ਵਾਹਰ ਜੀ ਕੀ ਫ਼ਤੇ’ ਆ ਗਜਾਉਂਦੇ। ਇਹ ਰਿਪੋਰਟਰ ਸਭ ਕੁਝ ਦੱਸਦੇ। ਕਿੱਥੋਂ ਆਏ। ਕਿੱਥੇ ਜਾਣਾ। ਨਵੀਂ ਤਾਜ਼ੀ ਖਬਰ। ਦੂਜੇ ਪਿੰਡਾਂ ਦੇ ਹਾਲਾਤ। ਮੀਂਹ ਕਣੀ, ਫਸਲ ਢਾਂਡੇ ਦਾ ਜ਼ਿਕਰ। ਗੱਲ ਕੀ, ਸਭ ਕੁਝ ਇਹ ਲੋਕ ਦੱਸਦੇ ਤੇ ਫਿਰ ਆਪਣੇ ਆਪਣੇ ਰਾਹ ਪੈਂਦੇ।
ਕਦੀ ਸਾਡੇ ਪਿੰਡ ਦਾ ਹੀ ਕੋਈ ‘ਲੁਕਵਾਂ ਰਿਪੋਰਟਰ’ ਸਹਿਜੇ ਜਿਹੇ ਕਿਸੇ ਦਾ ਭੇਤ ਉਘੇੜ ਦਿੰਦਾ ਕਿ ਕੱਲ੍ਹ ਰਾਤੀਂ ਉਸ ਪਾਣੀ ਲਾਉਂਦਿਆਂ ਬੰਤੀ ਨੈਣ ਨੂੰ ਨੰਬਰਦਾਰ ਦੇ ਮੁੰਡੇ ਨਾਲ ਬਾਜਰੇ ਦੇ ਖੇਤ ਵਿਚ ਵੜਦਿਆਂ ਤੱਕਿਆ ਸੀ। ਤੇ ਜਾਂ ਕਦੀ ਪਿੰਡ ਦਾ ਕੋਈ ਅਰਦਲੀ ਥਾਣੇ ਜਾਂਦਾ ਤੇ ਰਾਤ ਨੂੰ ਚੰਨ ਤਾਰਿਆਂ ਦੀ ਛਾਂਵੇਂ ਉਹ ਇਲਾਕੇ ਦੇ ਸਾਰੇ ਡਾਕਿਆਂ, ਚੋਰੀਆਂ ਤੇ ਉਧਾਲਣ ਦੇ ਕੇਸਾਂ ਦਾ ਜ਼ਿਕਰ ਕਰਦਾ। ਕੁੜੀਆਂ ਨਿਕਲ ਜਾਣ ਦੀਆਂ ਗੱਲਾਂ ਸਾਨੂੰ ਸਭ ਤੋਂ ਵੱਧ ਸੁਆਦਲੀਆਂ ਲਗਦੀਆਂ ਤੇ ਅਸੀਂ ਸੁਣੀ ਅਣਸੁਣੀ ਕਰ ਕੇ ਦੁਬਾਰਾ ਸੁਣਨ ਲਈ ਸ਼ੋਰ ਪਾ ਦਿੰਦੇ। ਬੁੱਢੇ ਆਪਣੇ ਖੇਸ ਆਪਣੇ ਦੁਆਲੇ ਘੁੱਟ ਕੇ ਵਲ੍ਹੇਟ ਲੈਂਦੇ ਤੇ ਕਹਿੰਦੇ, “ਚੰਗਾ ਭਾਈ ਰਿਮਜ਼ੂ, ਸੁਣਾ ਦੇ ਮੁੰਡਿਆਂ ਨੂੰ ਕੁੜੀ ਨਿਕਲਣ ਦਾ ਕਿੱਸਾ, ਹੁਣ ਤੇ ਇਹ ਗੱਭਰੂ ਹੋ ਰਹੇ ਨੇ।”
ਤੇ ਜਦੋਂ ਰਿਮਜ਼ੂ ਸੁਆਦ ਲਾ ਲਾ ਸਾਵਿੱਤਰੀ ਬਾਹਮਣੀ ਦੀ ਮੌਜੂ ਜੁਲਾਹੇ ਨਾਲ ਨਿਕਲ ਜਾਣ ਦੀ ਗੱਲ ਸੁਣਾਉਂਦਾ, ਤਾਂ ਮੁੰਡੇ ਪਤਾ ਨਹੀਂ ਕਿਉਂ, ਗੱਲਾਂ ਕਰਨੋਂ ਹਟ ਜਾਂਦੇ। ਬੁੱਢੇ ਪਤਾ ਨਹੀਂ ਕਿਉਂ, ਖੰਘਣਾ ਬੰਦ ਕਰ ਦਿੰਦੇ। ਸਰੋਤਿਆਂ ‘ਤੇ ਪਤਾ ਨਹੀਂ ਕਿਉਂ, ਵਜਦ ਤਾਰੀ ਹੋ ਜਾਂਦਾ ਪਰ ਅਸੀਂ ਤੇ ਸਾਰੇ ਉਦੋਂ ਬੱਚੇ ਹੀ ਸਾਂ। ਸਾਡੇ ਲਈ ਤਾਂ ਯਾਰੀ ਲਾਉਣ ਦੀ ਗੱਲ, ਤੇ ਕਿਸੇ ਡਾਕੂ ਦੀ ਲਿਸ਼ਕਦੀ ਛਵ੍ਹੀ ਦੀ ਦਾਸਤਾਨ-ਕਰਾਮਾਤ ਜਿਹਾ ਹੀ ਸੁਆਦ ਰੱਖਦੀਆਂ ਸਨ।
ਸਾਡੇ ‘ਅਖ਼ਬਾਰ’ ਦੇ ਕੌਮਾਂਤਰੀ ਨੋਟ ਹਮੇਸ਼ਾ ਹੀਰਾ ਸਿੰਘ ‘ਮਮੋਲਾ’ ਦੇ ਲਿਖੇ ਹੁੰਦੇ। ਮਮੋਲਾ ਜੀ ਪੁਰਾਣੇ ਫੌਜੀ ਸਨ, ਤੇ ਉਨ੍ਹਾਂ ਕਈ ਮੁਲਕ ਫ਼ਿਰੇ ਸਨ, ਨਹੀਂ ਸਗੋਂ ਗਾਹੇ ਸਨ। ਉਹ ਈਰਾਨ, ਅਰਬ, ਮਿਸਰ, ਬੈਲਜ਼ੀਅਮ, ਫਰਾਂਸ, ਜਰਮਨੀ ਤੇ ਹੋਰ ਪਤਾ ਨਹੀਂ ਕੀ ਕੀ ਵੇਖ ਚੁੱਕੇ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਹਰ ਤਰ੍ਹਾਂ ਦੀ ਨੌਕਰੀ ਕੀਤੀ ਸੀ। ਰਿਸਾਲੇ ਦੀ ਘੋੜ ਸਵਾਰੀ ਤੋਂ ਲੈ ਕੇ ਸਰਵੇ ਕੰਪਨੀ ਦੇ ਡੰਡੇ ਚੁੱਕਣ ਤੱਕ। ਉਨ੍ਹਾਂ ਜਿੰਨਾ ਕੌਮਾਂਤਰੀ ਇਲਮ ਸਾਡੇ ਪਿੰਡ ਕੀ; ਲਾਗ ਲਾਗ ਦੇ ਪਿੰਡਾਂ ਵਿਚ ਕਿਸੇ ਆਦਮੀ ਕੋਲ ਨਹੀਂ ਸੀ। ਮਮੋਲਾ ਜੀ ਸ਼ਾਮ ਪਈ ਮਾਵਾ ਛਕ, ਆਪਣੇ ਵਧੇ ਹੋਏ ਢਿੱਡ ‘ਤੇ ਹੱਥ ਫੇਰਦੇ, ਸਹਿਜੇ ਸਹਿਜੇ ਤਖ਼ਤਪੋਸ਼ ਵੱਲ ਆਉਂਦੇ ਤੇ ਚੰਗੀ ਜਿਹੀ ਥਾਂ ਆ ਬਰਾਜਮਾਨ ਹੁੰਦੇ। ਆਉਂਦਿਆਂ ਹੀ ਸਾਡਾ ਸ਼ੋਰ ਬੰਦ ਕਰਨ ਲਈ ਉਹ ਦਬਕਾ ਮਾਰਦੇ, “ਉਏ ਗੰਦੇ ਆਂਡਿਓ! ਬੈਠ ਜਾਓ ਚੁੱਪ ਕਰ ਕੇ। ਕਿਸੇ ਨੂੰ ਗੱਲ ਵੀ ਕਰ ਲੈਣ ਦਿਆ ਕਰੋ।”
ਮਮੋਲਾ ਜੀ ਸਾਡੇ ਪਰਦੇਸੀ ਰਿਪੋਰਟਰ ਸਨ ਤੇ ਹਰ ਕੋਈ ਉਨ੍ਹਾਂ ਦੀ ਇਜ਼ਤ ਕਰਦਾ ਸੀ। ਦਾਣੇ ਉਹ ਕਦੀ ਘਰੋਂ ਭੁਨਾ ਕੇ ਨਹੀਂ ਸਨ ਲਿਆਏ, ਸਪਲਾਈ ਦਾ ਮਹਿਕਮਾ ਦੂਜਿਆਂ ਦੇ ਹੱਥ ਸੀ। ਕਿਸੇ ਦੀ ਝੋਲੀ ਵਿਚੋਂ ਦਾਣਿਆਂ ਦਾ ਫੱਕਾ ਮਾਰ ਮਮੋਲਾ ਜੀ ਆਪਣੀ ਗੱਲਬਾਤ ਸ਼ੁਰੂ ਕਰ ਦਿੰਦੇ। ਦੋ ਵਿਸ਼ਿਆਂ ‘ਤੇ ਮਮੋਲਾ ਜੀ ਨੂੰ ਬਹੁਤ ਕਾਬੂ ਸੀ- ਜ਼ਬਾਨ ਦੇ ਲਿਹਾਜ਼ ਨਾਲ ਵੀ ਤੇ ਟੈਕਨੀਕ ਦੇ ਲਿਹਾਜ਼ ਨਾਲ ਵੀ। ਇਕ ‘ਕੌਮੀ ਇਤਹਾਦ’ ਤੇ ਦੂਜਾ ‘ਫ਼ਰਾਂਸੀਸੀ ਔਰਤਾਂ।’ ਹਰ ਦੂਜੇ ਤੀਜੇ ਦਿਨ ਮਮੋਲਾ ਜੀ ਦੂਜੇ ਮੁਲਕਾਂ ਦਾ ਜ਼ਿਕਰ ਕਰਦੇ ਕਹਿੰਦੇ, “ਮੈਂ ਫ਼ਲਾਣਾ ਮੁਲਕ ਵੇਖਿਆ, ਫਲਾਣਾ ਵੇਖਿਆ। ਸਭ ਕੌਮਾਂ ਤੇ ਸਭ ਲੋਕ ਬਿਲਕੁਲ ਇਕ ਮਾਫ਼ਕ।”
ਤੇ ‘ਮਾਫ਼ਕ’ ਸ਼ਬਦ ਨਾਲ ਉਹ ਹਵਾ ਵਿਚ ਆਪਣਾ ਮੁੱਕਾ ਉਚਾ ਕਰ ਦਿੰਦੇ ਤੇ ਇਸ ਤਰ੍ਹਾਂ ਪੱਕੇ ਕੌਮੀ ਇਤਹਾਦ ਦੀ ਮਿਸਾਲ ਪੇਸ਼ ਕਰ ਦਿੰਦੇ, “ਪਰ ਇਹ ਸਾਡਾ ਹਿੰਦੁਸਤਾਨ, ਭਈ ਇਸ ਦਾ ਤਾਂ ਰੱਬ ਹੀ ਰਾਖਾ ਹੈ।” ਤੇ ਇਸ ਤਰ੍ਹਾਂ ਮਮੋਲਾ ਜੀ ਹਿੰਦੁਸਤਾਨ ਦੀ ਮਾੜੀ ਤਕਦੀਰ ਦਾ ਰੋਣਾ ਰੋਂਦੇ। ਦੂਜੇ ਮੁਲਕਾਂ ਦੀ ਵਡਿਆਈ ਹੁੰਦੀ ਵੇਖ ਭਲਾ ਦੂਜੇ ਕਿਵੇਂ ਜਰ ਸਕਦੇ ਸਨ। ਹਰਦਿੱਤ ਸਿੰਘ ਫੌਰਨ ਹੀ ਮਮੋਲਾ ਜੀ ਦੀ ਗੱਲ ਟੁੱਕ ਦਿੰਦਾ, “ਚੰਗੀ ਗੱਲ ਹੈ ਜੇ ਸਭ ਕੌਮਾਂ ਇਕ ਹੋ ਜਾਣ, ਪਰ ਮੈਂ ਕਹਿੰਦਾ ਵਾਂæææਅਸੀਂ ਵੀ ਸਾਰੇ ਇਕ ਹੀ ਸਾਂ। ਜਲ੍ਹਿਆਂ ਵਾਲੇ ਬਾਗ ਵਿਚ ਕੀ ਅਸੀਂ ਸਾਰੇ ਇਕਮੁੱਠ ਨਹੀਂ ਸੀ? ਤੇ ਮਮੋਲਾ ਜੀ, ਅੰਗਰੇਜ਼ ਡਾਇਰ ਨੇ ਉਦੋਂ 150 ਰੌਂਦ ਚਲਾ ਦਿੱਤੇ ਸਨ ਤੇ ਸਾਡਾ ਖੂਨ ਵੀ ਉਦੋਂ ਅਕੱਠਾ ਹੀ ਵਗਿਆ ਸੀ ਤੇ ਅਸੀਂ ਹੁਣ ਵੀ ਹੋਵਾਂਗੇ ਇਸ ਮਾਫ਼ਕ।”
ਤੇ ਹਰਦਿੱਤ ਸਿੰਘ ਹਵਾ ਵਿਚ ਆਪਣਾ ਮੁੱਕਾ ਵੱਟ ਦਿੰਦਾ। ਕੋਲੋਂ ਰਹੀਮ ਬਖ਼ਸ਼ ਕਹਿੰਦਾ, “ਜੇ ਇਹ ਘਸੁੰਨ, ਘਸੁੰਨ ਬਣਿਆ ਰਹਿੰਦਾ ਤਾਂ ਕੀ ਮਜਾਲ ਅੰਗਰੇਜ਼ ਇੱਥੇ ਇਕ ਪਲ ਵੀ ਕੱਟ ਜਾਂਦੇ। ਮਮੋਲਾ ਜੀ, ਘਸੁੰਨ ਵਿਚ ਬੜੀ ਤਾਕਤ ਏ। ਤਣਿਆ ਹੋਇਆ ਘਸੁੰਨæææਮੈਂ ਸੱਚ ਕਹਿੰਦਾ ਵਾਂ, ਖੁਦਾ ਨੂੰ ਵੀ ਕੰਬਾ ਸਕਦਾ ਹੈ ਪਰ ਸਾਡੇ ਆਗੂਆਂ ਨੇ ਕਿਹਾæææਘਸੁੰਨ ਨਹੀਂ, ਸਤਿਆਗ੍ਰਹਿ ਕਰੋ ਤੇ ਫ਼ਿਰ ਕੀ ਸੀ-ਘਸੁੰਨ ਢਿੱਲੇ ਪੈ ਗਏ; ਲੋਕਾਂ ਦਾ ਇਤਹਾਦ ਖੇਰੂੰ ਖੇਰੂੰ ਹੋ ਗਿਆ। ਇਕ ਕੌਮ, ਦੋ ਕੌਮਾਂ, ਤਿੰਨ ਕੌਮਾਂ-ਕਦੋਂ ਘਸੁੰਨ ਬਣੇ ਤੇ ਕਦੋਂ ਅੰਗਰੇਜ਼ ਇੱਥੋਂ ਜਾਣ।”
ਮੇਰੇ ਪਿਤਾ ਰਹੀਮ ਬਖ਼ਸ਼ ਦੀ ਗੱਲ ਤੋਂ ਚਿੜ੍ਹ ਜਾਂਦੇ, “ਨਹੀਂ, ਸਤਿਆਗ੍ਰਹਿ ਰੂਹਾਨੀ ਹਥਿਆਰ ਹੈ, ਦੇਵਤਾ ਸਰੂਪ ਮਹਾਤਮਾ ਗਾਂਧੀ ਜੀ ਦਾ ਹਥਿਆਰ ਹੈ। ਚਰਖਾ ਕੱਤੋ, ਇਸ ਦੀ ਹਰ ਛੱਲੀ ਡਾਇਰ ਦੀ ਗੋਲੀ ਦਾ ਜਵਾਬ ਬਣ ਸਕਦੀ ਹੈ। ਸ਼ਾਂਤੀ ਰੱਖੋ ਤੇ ਦੁਸ਼ਮਣ ਅੰਗਰੇਜ਼ ਦਾ ਮਨ ਪਿਆਰ ਨਾਲ ਜਿੱਤ ਲਵੋ।”
ਪਿਤਾ ਜੀ ਬੋਲਦੇ ਰਹੇ ਹੁੰਦੇ। ਮੁੰਡੇ ਤਾਸ਼ ਖੇਡਣ ਵਿਚ ਮਗਨ ਹੋ ਗਏ ਹੁੰਦੇ। ਬੁੱਢੇ ਉਬਾਸੀਆਂ ਲੈਣ ਲੱਗ ਪੈਂਦੇ ਤੇ ਸਫ਼ੈਦਪੋਸ਼æææਪਤਾ ਨਹੀਂ ਉਸ ਨੂੰ ਕੀ ਹੁੰਦਾ, ਉਠ ਕੇ ਘਰ ਨੂੰ ਤੁਰ ਪੈਂਦਾ ਤੇ ਬੁੱਢਾ ਵਜ਼ੀਰ ਖਾਨ ਕਹਿੰਦਾ, “ਸਰਕਾਰ ਦੇ ਪਿੱਠੂਆਂ ਨੂੰ ਇਹ ਗੱਲਾਂ ਗੋਲੀ ਵਾਂਗ ਲਗਦੀਆਂ ਹਨ।” ਤੇ ਤਾਸ਼ ਖੇਡਦੇ ਮੁੰਡੇ ਕਹਿੰਦੇ, “ਕੋਈ ਗੱਲ ਨਹੀਂ, ਅਸੀਂ ਹਾਂ ਸਾਰੇ ਇਸ ਮਾਫ਼ਕ।” ਤੇ ਦਰਜਨਾਂ ਮੁੱਕੇ ਹਵਾ ਵਿਚ ਉਚੇ ਹੋ ਜਾਂਦੇ।
ਜਿਸ ਦਿਨ ਮਮੋਲਾ ਜੀ ਰਤਾ ਹੁਲਾਰ ਵਿਚ ਆਏ ਹੁੰਦੇ ਤਾਂ ਫ਼ਰਾਂਸ ਦਾ ਜ਼ਿਕਰ ਕਰਦੇ, “ਭਈ, ਇਸ ਦੁਨੀਆਂ ਵਿਚ ਜੇ ਕੋਈ ਜੱਨਤ ਦਾ ਟੁਕੜਾ ਹੈ ਤਾਂ ਉਹ ਫ਼ਰਾਂਸ ਹੈ। ਉਸ ਦੇਸ਼ ਵਿਚ ਮੈਂ ਚਾਰ ਸਾਲ ਰਿਹਾæææਸੰਨ ਚੌਦਾਂ ਵਾਲੀ ਜੰਗ ਵਿਚ। ਫਰਾਂਸੀਸੀ ਜੁਆਨ ਤਾਂ ਸਾਰੇ ਅੱਗੇ ਫਰੰਟ ‘ਤੇ ਗਏ ਹੋਏ ਸਨ ਤੇ ਸਾਡਾ ਰਿਸਾਲਾ ਪਿਛੋਂ ਕਈ ਥਾਂਵਾਂ ‘ਤੇ ਟਿਕਿਆ ਰਿਹਾ। ਉਥੋਂ ਦੀਆਂ ਮੇਮਾਂ ਤੇ ਬੱਸ ਸਾਡੇ ‘ਤੇ ਕੁਰਬਾਨ ਸਨ। ਉਹ ਸਾਨੂੰ ਚੰਮੜ ਚੰਮੜ ਜਾਂਦੀਆਂ ਤੇ ਅਸੀਂ, ਮੂਰਖ ਜੱਟ ਬੂਟæææਅਸਾਂ ਚੁੰਮ ਚੁੰਮ ਉਨ੍ਹਾਂ ਦੇ ਮੂੰਹ ਵਿੰਗੇ ਕਰ ਦਿੱਤੇ।”
ਤੇ ਇਸ ਤਰ੍ਹਾਂ ਮਮੋਲਾ ਜੀ ਹਿੰਦੁਸਤਾਨੀਆਂ ਦੀ ਮੂਰਖ ਮੱਤ ਦਾ ਜ਼ਿਕਰ ਕਰਦੇ। ਕੋਲੋਂ ਚੇਤੂ ਪਿਨਸ਼ਨੀਆ ਕਹਿ ਉਠਦਾ, “ਲੈ ਭਈ, ਇਹਦੇ ਵਿਚ ਸਾਡਾ ਕੀ ਕਸੂਰ। ਮੇਮਾਂ ਤਾਂ ਚੁੰਮਣ ਚੱਟਣ ਲਈ ਹੀ ਹੁੰਦੀਆਂ ਹਨ। ਉਨ੍ਹਾਂ ਕਿਹੜਾ ਹਲ ਵਾਹਣਾ ਹੁੰਦਾ ਹੈ।” ਤੇ ਅਸੀਂ ਸਾਰੇ ਹਾਂ ਵਿਚ ਸਿਰ ਹਿਲਾ ਦਿੰਦੇ।
ਪਰ ਇਹ ਤੇ ਬਹੁਤ ਪੁਰਾਣੀਆਂ ਗੱਲਾਂ ਹਨ, ਕਿਸੇ ਗੁਜ਼ਰੇ ਬੀਤੇ ਜ਼ਮਾਨੇ ਦੀਆਂ ਧੁੰਦਲੀਆਂ ਜਿਹੀਆਂ ਯਾਦਾਂ। ਕਿਸੇ ਮਾਜ਼ੀ ਦਾ ਭੁੱਲਾ, ਅੱਧ ਭੁਲਾ ਜ਼ਿਕਰæææਜਦੋਂ ਮੈਂ ਬਹੁਤ ਛੋਟਾ ਸਾਂ, ਭਾਵੇਂ ਸਦੀ ਉਦੋਂ ਵੀ ਵੀਹਵੀਂ ਹੀ ਸੀ। ਇਨ੍ਹਾਂ ਗੱਲਾਂ ਨੂੰ ਕਿਤਨੇ ਸਾਲ ਬੀਤ ਚੁੱਕੇ ਹਨ। ਹਿੰਦੁਸਤਾਨ ਦੀ ਹਾਲਤ ਕਿੰਨੀ ਬਦਲ ਚੁੱਕੀ ਹੈ। ਮੁਲਕ ਆਜ਼ਾਦ ਹੋ ਗਿਆ ਹੈ। ਮੈਂ ਵਲਾਇਤੋਂ ਚੱਕਰ ਲਾ ਵਾਪਸ ਆ ਗਿਆ ਹਾਂ ਤੇ ਸਾਡਾ ਪੇਂਡੂ ਕਲੱਬ-ਘਰ ਗਾਇਬ ਹੈ। ਇਕ ਪੁਰਾਣਾ ਟੁੱਟਾ-ਭੱਜਾ ਤਖ਼ਤਪੋਸ਼ ਜਿਹਾ ਡੱਠਾ ਹੈ ਜਿਸ ਦੇ ਆਸ ਪਾਸ ਰੋਣ ਹਨ, ਕੀਰਨੇ ਹਨ, ਭੁੱਖ ਦਾ ਜ਼ਿਕਰ ਹੈ, ਰੋਟੀ ਦੀਆਂ ਗੱਲਾਂ ਹਨ, ਨੰਗੇਜ ਦਾ ਵਖਾਲਾ ਹੈ, ਗਰੀਬੀ ਇਸ਼ਤਿਹਾਰ ਬਣ ਰਹੀ ਹੈ।
ਤਿੱਲੀ ਨਾਲ ਆਫਰੇ ਢਿੱਡਾਂ ਵਾਲੇ ਬੱਚੇ ਹਨ, ਜੁਆਨੀ ਦੀਆਂ ਅੱਖਾਂ ਵੀਰਾਨ ਹਨ, ਬੁਢਾਪਾ ਗਲੇਡੂ ਕੇਰ ਰਿਹਾ ਹੈ, ਮਾਂਵਾਂ ਦੇ ਲੱਕ ਕੁੱਬੇ ਹਨæææ।
ਕੁਝ ਬੇਜ਼ਮੀਨ ਕਿਸਾਨ ਤੇ ਕੁਝ ਬੇ-ਕੰਮ ਸ਼ਰਨਾਰਥੀæææਕੁਝ ਵੀਰਾਨ ਖੇਤ ਹਨ, ਕੁਝ ਖੁਸ਼ਕ ਜ਼ਮੀਨ, ਸੜਿਆ ਬਲਿਆ, ਕਹਿਰਵਾਨ ਆਸਮਾਨæææ।
ਤੇ ਮੈਂ ਵਲਾਇਤੋਂ ਵਾਪਸ ਆ ਗਿਆ ਹਾਂ। ਪਿੰਡ ਦੇ ਬਹੁਤੇ ਜੱਟਾਂ ਦੀ ਜ਼ਮੀਨ ਅਸਾਂ ਕਾਬੂ ਕਰ ਲਈ ਹੈ। ਬੁੱਢਾ ਸਫੈਦਪੋਸ਼ ਜ਼ਿਲ੍ਹਾ ਮੈਜਿਸਟਰੇਟ ਬਣ ਚੁੱਕਿਆ ਹੈ। ਪਿਤਾ ਜੀ ਸੂਬੇ ਦੇ ਵਜ਼ੀਰ ਹਨ। ਸਾਡਾ ਖਾਨਦਾਨ ਬਹੁਤ ਉਚਾ ਉਠ ਰਿਹਾ ਹੈæææ ਪਰ ਪਿੰਡæææ ਮੇਰਾ ਪਿੰਡæææ ਸਾਡਾ ਪਿੰਡ।
Leave a Reply