ਰੂਪਨਗਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਵਿਚ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਨਿਹੰਗ ਖਾਂ ਦਾ ਕਿਲਾ ਖੰਡਰ ਬਣਦਾ ਜਾ ਰਿਹਾ ਹੈ। ਇਸ ਕਿਲੇ ਬਾਰੇ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਆਉਣ ਦੇ ਬਾਵਜੂਦ ਅਜੇ ਤੱਕ ਕਮੇਟੀ ਹੱਥ ‘ਤੇ ਹੱਥ ਧਰੀ ਬੈਠੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਕਿਲੇ ਵਿਚ ਨਿਹੰਗ ਖਾਂ ਦੇ ਵਾਰਸ ਰਹਿੰਦੇ ਸਨ ਪਰ ਵੰਡ ਮਗਰੋਂ ਉਹ ਪਾਕਿਸਤਾਨ ਚਲੇ ਗਏ। ਬਾਅਦ ਵਿਚ ਕਿਲੇ ਵਾਲੀ ਇਹ ਇਤਿਹਾਸਕ ਜਗ੍ਹਾ ਸਰਕਾਰ ਵੱਲੋਂ ਇਕ ਪਰਿਵਾਰ ਨੂੰ ਅਲਾਟ ਕਰ ਦਿੱਤੀ ਗਈ ਤੇ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਸੰਸਥਾ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ। ਹੁਣ ਇਹ ਅਲਾਟੀਆਂ ਦੇ ਕਬਜ਼ੇ ਵਿਚ ਹੈ। ਕਿਲੇ ਦੀ ਇਮਾਰਤ ਦਾ ਬਚਿਆ ਕੁਝ ਹਿੱਸਾ ਖਸਤਾ ਹਾਲਤ ਵਿਚ ਮਹਾਨ ਇਤਿਹਾਸਕ ਯਾਦਾਂ ਸਮੋਈ ਬੈਠਾ ਹੈ। ਨਿਹੰਗ ਖਾਂ ਦੇ ਪਰਿਵਾਰ ਨੇ ਆਪਣੇ ਆਪ ਨੂੰ ਮੁਸੀਬਤ ਵਿਚ ਪਾ ਕੇ ਗੁਰੂ ਗੋਬਿੰਦ ਸਿੰਘ ਦਾ ਔਖੀ ਘੜੀ ਵਿਚ ਦਾ ਸਾਥ ਦਿੱਤਾ।
ਗੁਰੂ ਜੀ ਨਿਹੰਗ ਖਾਂ ਦੇ ਕਿਲੇ ਵਿਚ ਤਿੰਨ ਵਾਰ ਗਏ। ਸਭ ਤੋਂ ਪਹਿਲਾ ਭੰਗਾਣੀ ਦਾ ਯੁੱਧ ਜਿੱਤ ਕੇ ਵਾਪਸ ਆਨੰਦਪੁਰ ਜਾਂਦੇ ਹੋਏ ਗੁਰੂ ਜੀ ਇਸ ਕਿਲੇ ਵਿਚ ਗਏ। ਇਸ ਤੋਂ ਬਾਅਦ ਨਿਹੰਗ ਖਾਂ ਦੇ ਪੁੱਤਰ ਆਲਮ ਖਾਂ ਦੀ ਮੰਗਣੀ ਮੌਕੇ ਗੁਰੂ ਜੀ ਇਥੇ ਆਏ।ਇਸ ਤੋਂ ਇਲਾਵਾ ਜਦੋਂ ਭਾਈ ਬਚਿੱਤਰ ਸਿੰਘ ਲੜਾਈ ਲੜਦਿਆਂ ਜ਼ਖ਼ਮੀ ਹੋ ਗਏ ਸਨ ਤਾਂ ਨਿਹੰਗ ਖਾਂ ਦੇ ਪਰਿਵਾਰ ਨੇ ਮੁਗਲ ਫੌਜਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੇਵਾ ਸੰਭਾਲ ਕੀਤੀ ਸੀ ਤਾਂ ਤੀਜੀ ਵਾਰ ਗੁਰੂ ਜੀ ਭਾਈ ਬਚਿੱਤਰ ਸਿੰਘ ਦਾ ਹਾਲ-ਚਾਲ ਪੁੱਛਣ ਲਈ ਕਿਲੇ ਵਿਚ ਗਏ ਤੇ ਸਾਰਾ ਦਿਨ ਉਥੇ ਰਹੇ।
ਨਿਹੰਗ ਖਾਂ ਦੇ ਪਰਿਵਾਰ ਦੀ ਮੰਗ ‘ਤੇ ਗੁਰੂ ਜੀ ਨੇ ਇਸ ਪਰਿਵਾਰ ਦੀ ਦਲੇਰੀ ਤੇ ਸਿਦਕਦਿਲੀ ਤੋਂ ਖੁਸ਼ ਹੋ ਤਿੰਨ ਸ਼ਾਸਤਰ ਸ੍ਰੀ ਸਾਹਿਬ, ਕਟਾਰ ਤੇ ਗੈਂਡੇ ਦੀ ਢਾਲ ਇਸ ਪਰਿਵਾਰ ਨੂੰ ਭੇਟ ਕੀਤੇ ਜਿਨ੍ਹਾਂ ਨੂੰ ਇਸ ਪਰਿਵਾਰ ਨੇ ਸਤਿਕਾਰ ਨਾਲ ਕਿਲੇ ਵਿਚ ਸਾਂਭ ਕੇ ਰੱਖਿਆ। 1947 ਦੀ ਵੰਡ ਸਮੇਂ ਨਿਹੰਗ ਖਾਂ ਦੀ ਪੀੜ੍ਹੀ ਦੇ ਵੱਡੇ ਖਾਨ ਸਾਹਿਬ ਸ਼ੌਕਤ ਅਲੀ ਖਾਂ ਨੇ ਗੁਰਦੁਆਰਾ ਭੱਠਾ ਸਾਹਿਬ ਦੇ ਮਹੰਤ ਹਰਨਾਮ ਸਿੰਘ ਨੂੰ ਗੁਰੂ ਨਾਲ ਸਬੰਧਤ ਤਿੰਨ ਸ਼ਾਸਤਰ ਦੇ ਗਏ ਤੇ ਇਸ ਮਗਰੋਂ ਇਸ ਪਰਿਵਾਰ ਨਾਲ ਸੰਪਰਕ ਨਹੀਂ ਹੋਇਆ। ਇਸੇ ਪਰਿਵਾਰ ਦੀ ਉਮਰੀ ਜੋ ਨਿਹੰਗ ਖਾਂ ਦੀ ਭੂਆ ਸੀ, ਦੇ ਪੁੱਤਰਾਂ ਨਬੀ ਖਾਂ ਤੇ ਗਨੀ ਖਾਂ ਨੇ ਮਾਛੀਵਾੜੇ ਦੇ ਜੰਗਲਾਂ ਵਿਚ ਗੁਰੂ ਗੋਬਿੰਦ ਸਿੰਘ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਸੀ। ਇਸ ਕਰਕੇ ਇਸ ਪਰਿਵਾਰ ਦੀ ਸਿੱਖ ਧਰਮ ਲਈ ਵੱਡੀ ਦੇਣ ਹੈ।
ਇਸ ਇਤਿਹਾਸਕ ਧ੍ਰੋਹਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਸਥਾਨਕ ਕੁਝ ਲੋਕਾਂ ਦਾ ਕਹਿਣਾ ਹੈ ਕਿ ਨਿਹੰਗ ਖਾਂ ਦੇ ਪਰਿਵਾਰ ਨੇ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ। ਗੁਰੂ ਜੀ ਪਿੰਡ ਦੇ ਵਿਚਕਾਰ ਬਣੇ ਇਸ ਕਿਲੇ ਵਿਚ ਖ਼ੁਦ ਤਿੰਨ ਵਾਰ ਆਏ ਜਿਸ ਨਾਲ ਇਸ ਸਥਾਨ ਦੀ ਮਹੱਤਤਾ ਵਧ ਜਾਂਦੀ ਹੈ ਤੇ ਇਸ ਢੇਰੀ ਹੋ ਰਹੇ ਕਿਲੇ ਦੀ ਬਚੀ ਇਮਾਰਤ ਦੀ ਸੰਭਾਲ ਬਹੁਤ ਜ਼ਰੂਰੀ ਹੈ।
ਸੰਗਤਾਂ ਵੱਲੋਂ ਲੰਮੇ ਸਮੇਂ ਤੋਂ ਇਸ ਨੂੰ ਸਿੱਖ ਵਿਰਾਸਤ ਐਲਾਨ ਕੇ ਇਸ ਜਗ੍ਹਾ ਨੂੰ ਮੌਜੂਦਾ ਮਾਲਕਾਂ ਤੋਂ ਖਰੀਦ ਕੇ ਸੰਭਾਲਣ ਤੇ ਕਿਲੇ ਵਾਲੀ ਇਮਾਰਤ ਨੂੰ ਟੋਡਰ ਮੱਲ ਦੀ ਹਵੇਲੀ ਦੀ ਤਰ੍ਹਾਂ ਸੰਭਾਲਣ ਦੀ ਕੀਤੀ ਜਾ ਰਹੀ ਮੰਗ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੋ ਸਾਲ ਪਹਿਲਾਂ ਇਸ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਸੀ ਪਰ ਇਸ ਕਮੇਟੀ ਦੀ ਸੁਸਤ ਕਾਰਗੁਜ਼ਾਰੀ ਕਾਰਨ ਅਜੇ ਕੋਈ ਕਾਰਗਰ ਸਿੱਟੇ ਸਾਹਮਣੇ ਨਹੀਂ ਆ ਸਕੇ।
ਇਸ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਮੁਤਾਬਕ ਕਿਲੇ ਦੀ ਮਲਕੀਅਤ ਵਾਲਾ ਪਰਿਵਾਰ ਅਮਰੀਕਾ ਵਿਚ ਰਹਿੰਦਾ ਹੈ ਤੇ ਉਨ੍ਹਾਂ ਦੇ ਇਧਰ ਰਹਿੰਦੇ ਰਿਸ਼ਤੇਦਾਰਾਂ ਰਾਹੀਂ ਕਿਲੇ ਨੂੰ ਹਾਸਲ ਕਰਨ ਬਾਰੇ ਗੱਲਬਾਤ ਕੀਤੀ ਗਈ ਹੈ। ਇਸ ਤੋਂ ਉਨ੍ਹਾਂ ਨੂੰ ਨਾਲ ਲੈ ਕੇ ਕਿਲੇ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਸੀ ਤੇ ਇਸ ਦੀ ਕੀਮਤ ਬਾਰੇ ਬਾਰੇ ਵੀ ਗੱਲਬਾਤ ਹੋਈ ਹੈ। ਉਹ ਛੇਤੀ ਹੀ ਇਸ ਦੀ ਕੀਮਤ ਬਾਰੇ ਤੇ ਹੋਰ ਜਾਣਕਾਰੀਆਂ ਕਮੇਟੀ ਦੇ ਪ੍ਰਧਾਨ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿਚ ਲਿਆਉਣਗੇ।
Leave a Reply