ਗਦਰੀ ਬਾਬੇ ਕੌਣ ਸਨ?-2

ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਸੰਘਰਸ਼ ‘ਗਦਰ ਲਹਿਰ’ ਦਾ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ। ਵੀਹਵੀਂ ਸਦੀ ਦੇ ਅਰੰਭ ਵਿਚ ਇਨ੍ਹਾਂ ਗਦਰੀਆਂ ਨੇ ਇਕ ਵਾਰ ਤਾਂ ਅੰਗਰੇਜ਼ਾਂ ਦੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਇਨ੍ਹਾਂ ਗਦਰੀਆਂ ਦੀ ਚਰਚਾ ਗਾਹੇ-ਬਗਾਹੇ ਹੁੰਦੀ ਰਹੀ ਹੈ ਅਤੇ ਸੰਜੀਦਾ ਜੁਝਾਰੂ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਅਗਾਂਹ ਤੋਰਨ ਦੇ ਆਹਰ ਵਿਚ ਲੱਗੇ ਰਹੇ ਹਨ। ਹੁਣ ਸ਼ਤਾਬਦੀ ਦੇ ਬਹਾਨੇ ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ ਯੋਗਦਾਨ ਬਾਰੇ ਇਕ ਵਾਰ ਫਿਰ ਭਰਪੂਰ ਚਰਚਾ ਛਿੜੀ ਹੈ ਪਰ ਕੁਝ ਵਿਦਵਾਨ ਗਦਰੀਆਂ ਨੂੰ ਮਹਿਜ਼ ਸਿੱਖਾਂ ਤੱਕ ਸੀਮਤ ਕਰ ਰਹੇ ਹਨ। ਮਸ਼ਹੂਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਇਸ ਬਾਰੇ ਸਾਨੂੰ ਲੰਮਾ ਲੇਖ ਭੇਜਿਆ ਹੈ। ਅਸੀਂ ਵਰਿਆਮ ਸਿੰਘ ਸੰਧੂ ਦਾ ਇਹ ਲੇਖ ਲੜੀਵਾਰ ਛਾਪ ਰਹੇ ਹਾਂ। ਇਨ੍ਹਾਂ ਲੇਖਾਂ ਦੇ ਵਿਚਾਰਾਂ ਬਾਰੇ ਆਈ ਹਰ ਰਾਏ ਨੂੰ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਵਰਿਆਮ ਸਿੰਘ ਸੰਧੂ
ਗੁਰਦੁਆਰਾ ਸਟਾਕਟਨ ਬਣਾਉਣ ਬਾਰੇ ਦੂਜੇ ਦਿਨ ਦੀ ਰਾਜਸੀ ਇਕੱਤਰਤਾ ਵਿਚ ਹਿੰਦੁਸਤਾਨ ਦੀ ਆਜ਼ਾਦੀ ਲਈ ਯਤਨ ਕਰਨ ਦਾ ਫੈਸਲਾ ਹੋਇਆ ਅਤੇ ਜੋ ਸੱਜਣ ਇਸ ਕੰਮ ਲਈ ਤਿਆਰ-ਬਰ-ਤਿਆਰ ਸਨ, ਉਹ ਮੈਦਾਨ ਵਿਚ ਉਤਰ ਆਏ।
ਅਕਤੂਬਰ 1926 ਦੇ ‘ਕਿਰਤੀ’ ਵਿਚੋਂ ਗਦਰ ਲਹਿਰ ਦੀ ਅਸਲੀ ਗਾਥਾ-1 ਵਿਚ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਸ਼ਹਾਦਤ ਵਾਲੇ ਦਿਨ ਦਾ ਖਾਕਾ ਕੁਝ ਇਸ ਪ੍ਰਕਾਰ ਖਿੱਚਿਆ ਮਿਲਦਾ ਹੈ,
‘ਉਸ ਵੇਲੇ ਜੇਲ੍ਹ ਦੇ ਅੰਦਰ ਵਾਲਿਆਂ ਪਾਸੋਂ ਜੋ ਉਸ ਵੇਲੇ ਪਾਸ ਹਨ, ਪੂਰਨ ਭਰੋਸੇਯੋਗ ਹਾਲਾਤ ਮਾਲੂਮ ਹੋਏ ਹਨ, ਉਹ ਦਸਦੇ ਹਨ ਕਿ ਆਪ ਨੇ ਆਪਣੇ ਛੇ ਹੋਰ ਸਾਥੀਆਂ ਸਮੇਤ (ਜੋ ਆਪ ਦੇ ਨਾਲ ਫਾਂਸੀ ਆਏ) ਫਾਂਸੀ ਵਾਲੇ ਦਿਨ ਸਵੇਰ ਨੂੰ ਸੱਤ ਵਜੇ ਅਸ਼ਨਾਨ ਕੀਤਾ ਅਤੇ ਅਰਦਾਸਾ ਸੋਧਣ ਪਿਛੋਂ ਸਾਰਿਆਂ ਨੇ ਰਲ ਕੇ ਉਚੀ ਆਵਾਜ਼ ਵਿਚ ਕੌਮੀ ਗੀਤ ਪੜ੍ਹਿਆ ਤੇ ਭਾਰਤ ਮਾਤਾ ਨੂੰ ਆਖਰੀ ਨਮਸਕਾਰ ਕਰ ਕੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਆਪਣੇ ਆਪ ਨੂੰ ਬਲਿਦਾਨ ਕਰਨ ਲਈ ਫ਼ਾਂਸੀ ਦੀ ਰੱਸੀ ਨੂੰ ਖੁਸ਼ੀ ਖੁਸ਼ੀ ਆਪਣੇ ਗੱਲ ਵਿਚ ਪਾਇਆ। ਧੰਨ! ਧੰਨ!! ਧੰਨ!!!’
ਇਨ੍ਹਾਂ ਵੇਰਵਿਆਂ ਤੋਂ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਗਦਰੀਆਂ ਦਾ ਪਹਿਲਾ ਫ਼ਿਕਰ ‘ਭਾਰਤ ਵਰਸ਼’ ਸੀ ਜਾਂ ਜਿਵੇਂ ਪਹਿਲਾਂ ਸਟਾਕਟਨ ਦੇ ਗੁਰਦੁਆਰੇ ਦੇ ਹਵਾਲੇ ਨਾਲ ਜ਼ਿਕਰ ਆਇਆ ਹੈ, ‘ਹਿੰਦੁਸਤਾਨ ਦੀ ਆਜ਼ਾਦੀ’ ਲਈ ਲੋਕਾਂ ਨੂੰ ‘ਤਿਆਰ-ਬਰ-ਤਿਆਰ’ ਕਰਨਾ ਸੀ। ਧਰਮ ਨੂੰ ਦੇਸ਼ ਦੇ ਭਲੇ ਜਾਂ ਆਜ਼ਾਦੀ ਪ੍ਰਾਪਤ ਕਰਨ ਲਈ ਮਾਧਿਅਮ ਵਜੋਂ ਅਤੇ ਗੁਰਦੁਆਰੇ ਨੂੰ ਮੰਚ ਵਜੋਂ ਵਰਤਣ ਦਾ ਮਨਸ਼ਾ ਉਨ੍ਹਾਂ ਦੇ ਮਨਾਂ ਵਿਚ ਅਸਲੋਂ ਸਾਫ ਸੀ। ਇਹ ਸਭ ਕੁਝ ਉਸ ਸੰਤ ਵਿਸਾਖਾ ਸਿੰਘ ਦੀ ਲਿਖਤ ਆਖਦੀ ਹੈ ਜਿਸ ਦਾ ਪ੍ਰਸਿੱਧ ਅਧਿਆਤਮਕ ਹਸਤੀ ਤੇ ਸੱਚੇ ਸਿੱਖ ਵਜੋਂ ਅਮਰੀਕਾ ਵਿਚ ਵੱਸਦਾ ਸਾਰਾ ਭਾਰਤੀ ਸਮਾਜ ਸਤਿਕਾਰ ਕਰਦਾ ਸੀ। ਦੂਜਾ ਹਵਾਲਾ ਪ੍ਰਸਿੱਧ ਦੇਸ਼ ਭਗਤ, ਕੈਨੇਡੀਅਨ ਸੋਸ਼ਲਿਸਟ ਪਾਰਟੀ ਦੇ ਮੈਂਬਰ ਤੇ ਗੁਰਦੁਆਰਾ ਵੈਨਕੂਵਰ ਦੇ ਗ੍ਰੰਥੀ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਹੈ ਜਿਸ ਨੇ ਕੌਮੀ ਗੀਤ ਪੜ੍ਹਿਆ ਤੇ ਭਾਰਤ ਮਾਤਾ ਨੂੰ ਆਖਰੀ ਨਮਸਕਾਰ ਕਰ ਕੇ ਹਿੰਦੁਸਤਾਨ ਦੀ ਅਜ਼ਾਦੀ ਵਾਸਤੇ ਆਪਣੇ ਆਪ ਨੂੰ ਬਲਿਦਾਨ ਕਰਨ ਲਈ ਫ਼ਾਂਸੀ ਦੀ ਰੱਸੀ ਨੂੰ ਖੁਸ਼ੀ-ਖੁਸ਼ੀ ਆਪਣੇ ਗੱਲ ਵਿਚ ਪਾਇਆ। ਤੇ ਇਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਕਰ ਰਹੇ ਹਨ ਜਿਨ੍ਹਾਂ ਦਾ ਸਿੱਖੀ ਪ੍ਰੇਮ ਕਿਸੇ ਵੀ ਇਤਿਹਾਸ ਦੇ ਵਿਦਿਆਰਥੀ ਨੂੰ ਭੁੱਲਿਆ ਨਹੀਂ ਹੋਇਆ। ਇਨ੍ਹਾਂ ਦੋਵਾਂ ਦੇਸ਼ ਭਗਤਾਂ ਦੀਆਂ ਲਿਖਤਾਂ ਗਵਾਹੀ ਦਿੰਦੀਆਂ ਹਨ ਕਿ ਜੇ ਗਦਰੀਆਂ ਨੂੰ ਦੂਜੇ ਇਤਿਹਾਸਕਾਰ ‘ਹਿੰਦੀ ਜਾਂ ਹਿੰਦੋਸਤਾਨੀ’ ਆਖਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਸੂਰਬੀਰਾਂ ਵਜੋਂ ਚਿਤਵਦੇ ਹਨ ਤਾਂ ਇਸ ਵਿਚ ਗਲਤ ਕੀ ਹੋਇਆ!
ਸੱਚੀ ਗੱਲ ਤਾਂ ਇਹ ਹੈ ਕਿ ਗਦਰ ਪਾਰਟੀ ਦੀ ਸਥਾਪਨਾ ਮੌਕੇ ਹੀ ਪਾਰਟੀ ਨੂੰ ਗੈਰ-ਫਿਰਕੂ ਰੱਖਣ ਤੇ ਹਿੰਦੂ, ਮੁਸਲਮਾਨ ਤੇ ਸਿੱਖਾਂ ਦਾ ਸਾਂਝਾ ਏਕਾ ਸਿਰਜ ਕੇ ਹਿੰਦੋਸਤਾਨ ਨੂੰ ਹਥਿਆਰਬੰਦ ਗਦਰ ਕਰ ਕੇ ਆਜ਼ਾਦ ਕਰਨ ਦਾ ਨਿਸ਼ਾਨਾ ਮਿਥ ਲਿਆ ਗਿਆ ਸੀ। 21 ਅਪਰੈਲ 1913 ਨੂੰ ਆਸਟੋਰੀਆ ਦੀ ਇਕ ਆਰਾ ਮਿੱਲ ਵਿਚ ਭਾਈ ਕੇਸਰ ਸਿੰਘ ਠੱਠਗੜ੍ਹ ਜ਼ਿਲ੍ਹਾ ਅੰਮ੍ਰਿਤਸਰ ਦੇ ਡੇਰੇ ਇਕੱਠ ਹੋਇਆ। ਬਰਾਈਡਲਵਿਲ, ਪੋਰਟਲੈਂਡ, ਵਾਨਾ, ਸੇਂਟ ਜਾਨ ਅਤੇ ਲਿਨਟਨ ਦੇ ਨੁਮਾਇੰਦੇ ਵੀ ਇਸ ਵਿਚ ਸ਼ਾਮਲ ਹੋਏ। ਇਹ ਇੱਕ ਤਰ੍ਹਾਂ ਦੀ ਸਾਰੇ ਮੰਡ ਦੀ ਨੁਮਾਇੰਦਾ ਮੀਟਿੰਗ ਸੀ।
ਲਾਲਾ ਹਰਦਿਆਲ ਤੇ ਹੋਰਨਾਂ ਸਾਥੀਆਂ ਦੇ ਲੈਕਚਰਾਂ ਤੋਂ ਬਾਅਦ ਇਹ ਬੁਨਿਆਦੀ ਮਤਾ ਪਾਸ ਕੀਤਾ ਗਿਆ:
-ਜਥੇਬੰਦੀ ਦਾ ਨਾਂ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਸੁਖਾਲਾ ਤੇ ਸਿੱਧਾ ਜਿਹਾ (ਹਿੰਦੀ ਪੈਸਿਫਿਕ ਐਸੋਸੀਏਸ਼ਨ) ਹੀ ਰੱਖਿਆ ਜਾਵੇ।
-ਜਥੇਬੰਦੀ ਦਾ ਮਨੋਰਥ ਹਥਿਆਰਬੰਦ ਇਨਕਲਾਬ ਨਾਲ ਅੰਗਰੇਜ਼ੀ ਗੁਲਾਮੀ ਤੋਂ ਹਿੰਦੁਸਤਾਨ ਨੂੰ ਛੁਡਾਉਣਾ ਅਤੇ ਆਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ ਉਤੇ ਕੌਮੀ ਜਮਹੂਰੀਅਤ ਕਾਇਮ ਕਰਨੀ।
-ਜਥੇਬੰਦੀ ਦਾ ਹੈਡ-ਕੁਆਰਟਰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸ਼ਹਿਰ ਵਿਚ ਰਹੇਗਾ ਜੋ ਸਮੁੰਦਰੀ ਘਾਟ ਵੀ ਹੈ ਤੇ ਦੁਨੀਆਂ ਦੇ ਇਨਕਲਾਬੀਆਂ ਦਾ ਕੇਂਦਰ ਵੀ।
-ਜਥੇਬੰਦੀ ਦਾ ਹਫਤਾਵਾਰ ਅਖਬਾਰ ਨਿਕਲੇਗਾ ਜਿਸ ਦਾ ਨਾਂ ‘ਗਦਰ’ ਹੋਵੇਗਾ ਅਤੇ ਹਿੰਦੁਸਤਾਨ ਦੀਆਂ ਉਰਦੂ, ਪੰਜਾਬੀ, ਹਿੰਦੀ ਤੇ ਹੋਰਨਾਂ ਜ਼ਬਾਨਾਂ ਵਿਚ ਛਪਿਆ ਕਰੇਗਾ (ਮਗਰੋਂ ਇਸ ਅਖਬਾਰ ਦੇ ਨਾਂ ਉਤੇ ਜਥੇਬੰਦੀ ਦਾ ਨਾਂ ਲੋਕਾਂ ਨੇ ਗਦਰ ਪਾਰਟੀ ਰੱਖ ਦਿੱਤਾ)।
-ਹਰ ਇਕ ਕਾਰਖਾਨੇ ਜਾਂ ਰੇਲ ਮਜ਼ਦੂਰਾਂ ਦੀ ਟੋਲੀ ਵਿਚ ਕੰਮ ਕਰਨ ਵਾਲੇ ਹਿੰਦੁਸਤਾਨੀ ਮੈਂਬਰਾਂ ਦੀ ਉਸ ਕਾਰਖਾਨੇ ਜਾਂ ਟੋਲੀ ਵਿਚ ਚੁਣੀ ਹੋਈ ਕਮੇਟੀ ਹੋਇਆ ਕਰੇਗੀ ਜਿਹੜੀ ਕੇਂਦਰ ਨਾਲ ਸਿੱਧੀ ਸਬੰਧਤ ਹੋਵੇਗੀ।
-ਜਥੇਬੰਦੀ ਵਿਚ ਮਜ਼ਹਬੀ ਬਹਿਸਾਂ ਦੀ ਕੋਈ ਥਾਂ ਨਹੀਂ ਹੋਵੇਗੀ। ਮਜ਼ਹਬ ਹਰ ਕਿਸੇ ਦਾ ਆਪਣਾ ਨਿੱਜੀ ਨੇਮ ਹੋਵੇਗਾ।
-ਜਥੇਬੰਦੀ ਦੇ ਹਰ ਸਿਪਾਹੀ ਦਾ ਫਰਜ਼ ਹੋਵੇਗਾ ਕਿ ਉਹ ਦੁਨੀਆਂ ਦੇ ਭਾਵੇਂ ਕਿਸੇ ਹਿੱਸੇ ਵਿਚ ਹੋਵੇ, ਜੇ ਉਥੇ ਅਜ਼ਾਦੀ ਦੀ ਜੰਗ ਹੁੰਦੀ ਹੈ ਤਾਂ ਉਸ ਵਿਚ ਜ਼ਰੂਰ ਹਿੱਸਾ ਲਵੇ।
ਇਸੇ ਦਿਨ ਪਾਰਟੀ ਦੇ ਅਹੁਦੇਦਾਰਾਂ ਦੀ ਕੀਤੀ ਚੋਣ ਵਿਚ ਹਿੰਦੂ, ਸਿੱਖਾਂ ਤੇ ਮੁਸਲਮਾਨ ਦੀ ਸ਼ਮੂਲੀਅਤ ਨੇ ਪਾਰਟੀ ਦੇ ਗੈਰ-ਫਿਰਕੂ ਸਰੂਪ ਨੂੰ ਨਿਰਧਾਰਤ ਕਰ ਕੇ ਸੰਕੇਤ ਕਰ ਦਿੱਤਾ ਸੀ ਕਿ ਪਾਰਟੀ ਦੀ ਦਿਸ਼ਾ ਤੇ ਗਤੀ ਕਿਹੜੀ ਹੋਵੇਗੀ। ਇਹ ਅਹੁਦੇਦਾਰ ਨਿਮਨ ਲਿਖਤ ਸਨ,
ਪ੍ਰਧਾਨ: ਸੋਹਨ ਸਿੰਘ ਭਕਨਾ
ਜਨਰਲ ਸਕੱਤਰ: ਲਾਲਾ ਹਰਦਿਆਲ
ਮੀਤ ਪ੍ਰਧਾਨ: ਕੇਸਰ ਸਿੰਘ ਠੱਠਗੜ੍ਹ
ਖਜ਼ਾਨਚੀ: ਪੰਡਿਤ ਕਾਸ਼ੀ ਰਾਮ
ਮੀਤ ਖਜ਼ਾਨਚੀ: ਹਰਨਾਮ ਸਿੰਘ ਕੋਟਲਾ ਨੌਧ ਸਿੰਘ
ਆਰਗੇਨਾਈਜ਼ਿੰਗ ਸਕੱਤਰ: ਕਰੀਮ ਬਖ਼ਸ ਤੇ ਮੁਨਸ਼ੀ ਰਾਮ
ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਆਪਣੀ ਜੀਵਨ ਕਹਾਣੀ ਵਿਚ ਪਾਰਟੀ ਦੀ ਕਾਇਮੀ ਵੇਲੇ ਨਿਰਧਾਰਤ ਕੀਤੇ ਨਿਯਮਾਂ ਨੂੰ ਆਪਣੀ ਯਾਦਾਸ਼ਤ ਵਿਚੋਂ ਲਿਖਦੇ ਹਨ,
-ਗਦਰ ਪਾਰਟੀ ਦੇ ਹਰ ਇਕ ਸਿਪਾਹੀ ਦਾ ਆਪੋ ਵਿਚ ਕੌਮੀ ਨਾਤਾ ਹੋਵੇਗਾ ਨਾ ਕਿ ਮਜ਼ਹਬੀ ਅਤੇ ਨਾ ਹੀ ਪਾਰਟੀ ਵਿਚ ਕਦੀ ਮਜ਼ਹਬੀ ਚਰਚਾ ਕੀਤੀ ਜਾਵੇਗੀ। ਆਸਤਕ (ਰੱਬ ਨੂੰ ਮੰਨਣ ਵਾਲੇ), ਨਾਸਤਕ (ਰੱਬ ਤੋਂ ਬੇਮੁੱਖ) ਹਿੰਦੂ, ਮੁਸਲਮਾਨ, ਸਿੱਖ, ਇਸਾਈ ਆਦਿ ਮਜ਼ਹਬੀ ਖਿਆਲਾਂ ਨੂੰ ਲੈ ਕੇ, ਕੋਈ ਆਦਮੀ ਗਦਰ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕੇਗਾ। ਹਰ ਇਕ ਹਿੰਦੁਸਤਾਨੀ, ਹਿੰਦੁਸਤਾਨੀ ਹੁੰਦਾ ਹੋਇਆ ਤੇ ਹਰ ਇਕ ਮਨੁੱਖ, ਮਨੁੱਖ ਹੁੰਦਾ ਹੋਇਆ, ਇਸ ਦਾ ਮੈਂਬਰ ਬਣ ਸਕੇਗਾ।
-ਖਾਣ ਪੀਣ ਵੱਲੋਂ ਸਭ ਨੂੰ ਖੁੱਲ੍ਹ ਹੋਵੇਗੀ। ਭਾਵੇਂ ਕੋਈ ਮਾਸ ਖਾਵੇ ਜਾਂ ਸਬਜ਼ੀ, ਗਾਂ ਭਾਵੇਂ ਸੂਅਰ, ਹਲਾਲ ਖਾਵੇ ਜਾਂ ਝਟਕਾ, ਉਸ ਦੀ ਆਜ਼ਾਦੀ ਵਿਚ ਕਿਸੇ ਨੂੰ ਦਖਲ ਦੇਣ ਦਾ ਹੱਕ ਨਹੀਂ ਹੋਵੇਗਾ।
ਵਾਅਦਾ ਮੁਆਫ ਗਵਾਹ ਬਣ ਗਏ ਨਵਾਬ ਖਾਂ ਨੇ ਮੁਕੱਦਮੇ ਸਮੇਂ ਹੋਈ ਜਿਰ੍ਹਾ ਦੇ ਜਵਾਬ ਵਿਚ ਦੱਸਿਆ ਸੀ, “ਗ਼ਦਰ ਪਾਰਟੀ ਦੇ ਸਿੱਖ ਅਤੇ ਮੁਸਲਮਾਨ ਮੈਂਬਰ ਇਕੱਠਾ ਖਾਣਾ ਖਾਂਦੇ ਹਨ ਅਤੇ ਕੋਈ ਇਤਰਾਜ਼ ਨਹੀਂ ਕੀਤਾ ਜਾਂਦਾ।”
ਪੰਜਾਬ ਸਰਕਾਰ ਨੇ 28 ਫਰਵਰੀ 1915 ਨੂੰ ਜੋ ਰਿਪੋਰਟ ਹਿੰਦ ਸਰਕਾਰ ਨੂੰ ਭੇਜੀ, ਵਿਚ ਲਿਖਿਆ, ‘ਅਮਰੀਕਾ ਵਿਚ ਯੁਗਾਂਤਰ ਆਸ਼ਰਮ ਵਿਚ ਸਭ ਦਾ ਸਾਂਝਾ ਲੰਗਰ ਸੀ ਅਤੇ ਹਿੰਦ ਨੂੰ ਆਉਂਦਿਆਂ ਹੋਇਆਂ ਜਹਾਜ਼ ਉਤੇ ਵੀ ਜਾਤ-ਪਾਤ ਅਤੇ ਧਰਮ ਦੇ ਲਿਹਾਜ਼ ਬਿਨਾਂ ਖਾਣ-ਪੀਣ ਦਾ ਇਕੋ ਥਾਂ ਪ੍ਰਬੰਧ ਸੀ।’
ਇਹ ਹਵਾਲੇ ਸਿੱਧ ਕਰਦੇ ਹਨ ਕਿ ਮਜ਼ਹਬ ਗਦਰੀਆਂ ਦੀ ਪਹਿਲ ਹਰਗਿਜ਼ ਨਹੀਂ ਸੀ। ਹਰ ਇਕ ਨੂੰ ਆਪਣੇ ਵਿਸ਼ਵਾਸ ਅਨੁਸਾਰ ਜੀਣ ਦੀ ਖੁੱਲ੍ਹ ਸੀ। ਉਨ੍ਹਾਂ ਦਾ ਮੂਲ ਨਿਸ਼ਾਨਾ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦਿਆਂ ‘ਹਿੰਦੋਸਤਾਨ’ ਦੀ ਆਜ਼ਾਦੀ ਹਾਸਲ ਕਰਨਾ ਸੀ। ਹਿੰਦੋਸਤਾਨ ਹੀ ਨਹੀਂ ਸਗੋਂ ਉਨ੍ਹਾਂ ਦਾ ਨਿਸ਼ਾਨਾ ਤਾਂ ਸੰਸਾਰ ਵਿਚ ਜਿੱਥੇ ਵੀ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਹੋਵੇ, ਉਸ ਦੀ ਮਦਦ ਕਰਨਾ ਸੀ। ਅਜਿਹਾ ਸੋਚਣਾ ਤੇ ਮੰਨਣਾ ਉਨ੍ਹਾਂ ਦੇ ਵਿਆਪਕ ਤੇ ਵਸੀਹ ਨਜ਼ਰੀਏ ਦਾ ਕਮਾਲ ਹੀ ਸੀ। ਸੱਚੀ ਗੱਲ ਤਾਂ ਇਹ ਹੈ ਕਿ ਗਦਰ ਪਾਰਟੀ ਇਹ ਮਾਣ ਕਰਨ ਵਿਚ ਹੱਕ-ਬ-ਜਾਨਬ ਹੈ ਕਿ ਭਾਵੇਂ ਮਜ਼ਹਬੀ ਵਿਸ਼ਵਾਸ ਪੱਖੋਂ ਉਹ ਹਿੰਦੂ, ਸਿੱਖ ਜਾਂ ਮੁਸਲਮਾਨ ਹੋਣ ਪਰ ਇਸ ਤੋਂ ਪਹਿਲਾਂ ਉਹ ਭਾਰਤੀ ਸਨ। ਦਿਲਚਸਪ ਗੱਲ ਹੈ ਕਿ ਦੇਸ਼ ਵਿਚ ਅਜੇ ਮੁਸਲਮਾਨਾਂ ਨੂੰ ਆਜ਼ਾਦੀ ਸੰਗਰਾਮ ਦੀ ਲਹਿਰ ਵੱਲ ਆਕਰਸ਼ਿਤ ਨਹੀਂ ਸੀ ਕੀਤਾ ਜਾ ਸਕਿਆ ਪਰ ਗਦਰ ਪਾਰਟੀ ਵਿਚ ਉਨ੍ਹਾਂ ਦੀ ਚੰਗੀ ਸ਼ਮੂਲੀਅਤ ਸੀ ਸਗੋਂ ਉਨ੍ਹਾਂ ਵਿਚੋਂ ਕਈ ਤਾਂ ਆਗੂ ਸਫਾਂ ਵਿਚ ਵੀ ਸ਼ਾਮਲ ਸਨ। ਅੱਜ ਉਨ੍ਹਾਂ ਗਦਰੀਆਂ ਦੀ ਵਿਸ਼ਾਲ ਸੋਚ ਨੂੰ ਨਿਰਾ ‘ਸਿੱਖੀ’ ਦੇ ਦਾਇਰੇ ਵਿਚ ਵਲਣ ਦੀ ਕੋਸ਼ਿਸ਼ ਕਰਨਾ ਉਨ੍ਹਾਂ ਦੀ ਸੋਚ ਨਾਲ ਅਨਿਆਂ ਕਰਨਾ ਹੈ।

ਭਾਈ ਜਵਾਲਾ ਸਿੰਘ ਹੁਰੀਂ ਵਜ਼ੀਫੇ ਦੇ ਕੇ ਕੁਝ ਵਿਦਿਆਰਥੀਆਂ ਨੂੰ ਪੜ੍ਹਨ ਲਈ ਅਮਰੀਕਾ ਸੱਦਦੇ ਸਨ ਤਾਂ ਕਿ ਪੜ੍ਹ-ਲਿਖ ਕੇ ਉਹ ਦੇਸ਼ ਸੇਵਾ ਵਿਚ ਹਿੱਸਾ ਪਾ ਸਕਣ। ਉਨ੍ਹਾਂ ਨੂੰ ਸੱਦਣ ਵਿਚ ਉਹ ਜਾਤ ਜਾਂ ਧਰਮ ਦਾ ਸਵਾਲ ਨਹੀਂ ਸੀ ਵੇਖਦੇ। ਉਨ੍ਹਾਂ ਦੁਆਰਾ ਸੱਦੇ ਵਿਦਿਆਰਥੀਆਂ ਵਿਚੋਂ ਵੀ ਗੈਰ-ਸਿੱਖ ਵਿਦਿਆਰਥੀਆਂ ਦੀ ਗਿਣਤੀ ਦਾ ਵੱਧ ਹੋਣਾ ਗਦਰੀ ਬਾਬਿਆਂ ਦੀ ਵਿਸ਼ਾਲ ਮਾਨਵੀ ਸੋਚ ਦੀ ਸ਼ਾਹਦੀ ਭਰਦਾ ਹੈ।
ਕੈਨੇਡਾ ਵਿਚ ਪਹਿਲਾਂ ਪਹਿਲਾਂ ਮੋਨੇ ਤੇ ਅੰਮ੍ਰਿਤਧਾਰੀ ਦੇ ਸਵਾਲ ‘ਤੇ ਝਗੜਾ ਜ਼ਰੂਰ ਹੋਇਆ ਸੀ ਪਰ ਭਾਈ ਭਾਗ ਸਿੰਘ ਨੇ ਸਿੱਖਾਂ ਨੂੰ ਇਹ ਕਹਿ ਕੇ ਸਮਝਾ ਲਿਆ ਸੀ ਕਿ ਹਾਲ ਦੀ ਘੜੀ ਸਾਨੂੰ ਕੇਸਾਂ ਦੇ ਮਸਲੇ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਸਾਡਾ ਮੁੱਖ ਨਿਸ਼ਾਨਾ ਆਪਸ ਵਿਚ ਮਿਲ ਕੇ ਨਸਲਵਾਦ ਦਾ ਵਿਰੋਧ ਕਰਨਾ ਤੇ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਸੰਘਰਸ਼ ਲੜਨਾ ਹੋਣਾ ਚਾਹੀਦਾ ਹੈ।
ਗਦਰ ਪਾਰਟੀ ਵਿਚ ਸ਼ਾਮਲ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਏਕਾ ਕੋਈ ਬਨਾਵਟੀ ਕਿਸਮ ਦਾ ਨਹੀਂ ਸੀ ਸਗੋਂ ਮਾਨਵੀ ਵਿਚਾਰਾਂ ਦੀ ਸਾਂਝ ਵਾਲਾ ਅਜਿਹਾ ਅਟੁੱਟ ਰਿਸ਼ਤਾ ਸੀ ਜਿਸ ਦੀਆਂ ਅਨੇਕਾਂ ਉਦਾਹਰਣਾਂ ਗਦਰ ਪਾਰਟੀ ਦੇ ਇਤਿਹਾਸ ਵਿਚ ਚਮਕਦੀਆਂ-ਦਮਕਦੀਆਂ ਨਜ਼ਰ ਆਉਂਦੀਆਂ ਹਨ।
ਜਦੋਂ ਕੈਨੇਡੀਅਨ ਸਰਕਾਰ ਨੇ ਇਹ ਕੁ-ਯਤਨ ਕੀਤਾ ਕਿ ਭਾਰਤੀਆਂ ਨੂੰ ਚੰਗੀ ਮਜ਼ਦੂਰੀ ਤੇ ਚੰਗੇ ਜੀਵਨ ਦਾ ਭੁਚਲਾਵਾ ਦੇ ਕੇ ਹਾਂਡੂਰਸ ਭੇਜ ਦਿੱਤਾ ਜਾਵੇ ਤਾਂ ਕਮੇਟੀ ਦੇ ਸੱਜਣਾਂ ਨੇ ਫੈਸਲਾ ਕੀਤਾ ਕਿ ਕੈਨੇਡਾ ਸਰਕਾਰ ਉਨਾ ਚਿਰ ਕਿਸੇ ਨੂੰ ਜ਼ਬਰਦਸਤੀ ਹਾਂਡੂਰਸ ਨਹੀਂ ਭੇਜ ਸਕਦੀ ਜਿੰਨਾ ਚਿਰ ਅਸੀਂ ਆਪ ਜਾ ਕੇ ਉਥੋਂ ਦਾ ਮੌਸਮ ਤੇ ਹਾਲਾਤ ਨਹੀਂ ਵੇਖ ਲੈਂਦੇ। ਕੈਨੇਡਾ ਵਿਚ ਹਿੰਦੂ ਤੇ ਮੁਸਲਮਾਨ ਭਾਵੇਂ ਬਹੁਤ ਥੋੜ੍ਹੀ ਗਿਣਤੀ ਵਿਚ ਸਨ, ਤਦ ਵੀ ਉਨ੍ਹਾਂ ਨੇ ਸਲਾਹ ਲੈਣ ਲਈ ਉਨ੍ਹਾਂ ਨੂੰ ਵੀ ਹੋ ਰਹੇ ਇਕੱਠ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਹਾਂਡੂਰਸ ਗਏ ਡੈਪੂਟੇਸ਼ਨ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵੀ ਸਰਕਾਰ ਨੇ ਯਤਨ ਨਾ ਛੱਡੇ।
ਕੈਨੇਡਾ ਦਾ ਲਾਟ ਮਿਸਟਰ ਹਾਪਕਿਨਸਨ ਨੂੰ ਨਾਲ ਲੈ ਕੇ ਹਾਂਡੂਰਸ ਦੇ ਗਵਰਨਰ ਜਨਰਲ ਅਤੇ ਕਮਾਂਡਰ-ਇਨ-ਚੀਫ ਜਨਰਲ ਸੁਐਨ ਸਮੇਤ ਆ ਕੇ ਪ੍ਰੋਫੈਸਰ ਤੇਜਾ ਸਿੰਘ ਨੂੰ ਮਿਲਿਆ। ਕਈ ਰਾਜਸੀ ਚਾਲਾਂ ਚਲਣ ਦਾ ਯਤਨ ਕੀਤਾ ਕਿ ਕਿਸੇ ਤਰ੍ਹਾਂ ਹਿੰਦੁਸਤਾਨੀ ਹਾਂਡੂਰਸ ਜਾਣਾ ਮੰਨ ਲੈਣ ਪਰ ਪ੍ਰੋਫੈਸਰ ਸਾਹਿਬ ਉਨ੍ਹਾਂ ਦੀ ਕਿਸੇ ਚਾਲ ਵਿਚ ਨਾ ਫਸੇ। ਇਨ੍ਹਾਂ ਅਫਸਰਾਂ ਨੇ ਇਹ ਭੀ ਕਿਹਾ ਕਿ ਤੁਸੀਂ ਇਤਨਾ ਹੀ ਲਿਖ ਦਿਓ ਕਿ ਹਾਂਡੂਰਸ ਸਿੱਖਾਂ ਲਈ ਤਾਂ ਚੰਗਾ ਨਹੀਂ ਪਰ ਹਿੰਦੂ, ਮੁਸਲਮਾਨ ਉਥੇ ਭੇਜੇ ਜਾ ਸਕਦੇ ਹਨ ਪਰ ਪ੍ਰੋਫੈਸਰ ਸਾਹਿਬ ਨਾ ਮੰਨੇ। ਇਸ ਲਈ ਕੈਨੇਡਾ ਦਾ ਲਾਟ ਅਤੇ ਕਰਨੈਲ ਸੁਐਨ ਨਿਰਾਸ਼ ਹੋ ਕੇ ਮੁੜ ਗਏ ਅਤੇ ਉਨ੍ਹਾਂ ਨੇ ਆਪ ਹੀ ਇਸ ਭਾਵ ਦਾ ਲੇਖ ਅਖਬਾਰਾਂ ਵਿਚ ਛਪਵਾ ਦਿੱਤਾ ਜੋ ਕੈਨੇਡਾ ਦੇ ਸਭ ਅਖਬਾਰਾਂ ਵਿਚ ਪ੍ਰਕਾਸ਼ਤ ਹੋ ਗਿਆ। ਉਹ ਐਲਾਨ ਇਸ ਤਰ੍ਹਾਂ ਸੀ, “ਕੋਈ ਹਿੰਦੁਸਤਾਨੀ ਖੁਸ਼ੀ ਨਾਲ ਹਾਂਡੂਰਸ ਜਾਣਾ ਨਹੀਂ ਚਾਹੁੰਦਾ। ਕੈਨੇਡਾ ਦੇ ਮੁਲਕ ਵਿਚ ਜਾਸਤੀ ਸਿੱਖ ਫੌਜੀ ਸਿਪਾਹੀ ਹੀ ਪੁੱਜੇ ਹੋਏ ਹਨ, ਇਨ੍ਹਾਂ ਨਾਲ ਜ਼ਬਰਦਸਤੀ ਕਰਨਾ ਕਾਨੂੰਨ ਅਤੇ ਰਾਜਨੀਤੀ ਦੇ ਉਲਟ ਹੈ। ਇਸ ਲਈ ਕੋਈ ਛੇੜਖਾਨੀ ਕਰਨੀ ਚੰਗੀ ਨਹੀਂ। ਇਹ ਹਿੰਦੂ, ਮੁਸਲਮਾਨ ਅਤੇ ਸਿੱਖਾਂ ਦਾ ਇਤਫਾਕ ਦਾ ਜੋ ਅੰਗੂਰ ਪੈਦਾ ਹੋਇਆ, ਮੈਂ ਕੈਨੇਡਾ ਵਿਚ ਦੇਖਿਆ ਹੈ ਜੋ ਇਹ ਹਿੰਦੁਸਤਾਨ ਵਿਚ ਭੀ ਫੈਲ ਗਿਆ ਤਦ ਹਾਨੀਕਾਰਕ ਹੋਵੇਗਾ।”
ਭਾਈਚਾਰਿਆਂ ਦੇ ਆਪਸੀ ਇਤਫਾਕ ਦੀ ਕਹਾਣੀ ਕਾਮਾਗਾਟਾ ਮਾਰੂ ਜਹਾਜ਼ ਦੀ ਆਮਦ ਸਮੇਂ ਵੀ ਬੜੀ ਸ਼ਿਦਤ ਨਾਲ ਦੁਹਰਾਈ ਗਈ। ਕਾਮਾਗਾਟਾ ਮਾਰੂ ਜਹਾਜ਼ ਦੇ ਪਹੁੰਚਣ ‘ਤੇ ਕੈਨੇਡਾ ਦੇ ਪਰਵਾਸੀਆਂ ਨੇ ਮੁਸਾਫਰਾਂ ਦੀ ਸਹਾਇਤਾ ਲਈ ਭਾਗ ਸਿੰਘ, ਹਸਨ ਰਹੀਮ, ਸੋਹਣ ਲਾਲ ਪਾਠਕ ਤੇ ਹਰਨਾਮ ਸਿੰਘ ਸਾਹਰੀ ‘ਤੇ ਆਧਾਰਤ ਕਮੇਟੀ ਬਣਾ ਦਿੱਤੀ। 31 ਮਈ 1914 ਨੂੰ ਖਾਲਸਾ ਦੀਵਾਨ ਸੁਸਾਇਟੀ ਤੇ ਯੂਨਾਈਟਡ ਇੰਡੀਆ ਲੀਗ ਦੀ ਸਾਂਝੀ ਇਕੱਤਰਤਾ ਵਿਚ ਹਸਨ ਰਹੀਮ ਦੀ ਪ੍ਰਧਾਨਗੀ ਵਿਚ ਹੋਏ ਇਕੱਠ ਵਿਚ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਲਈ 5 ਹਜ਼ਾਰ ਡਾਲਰ ਇਕੱਠਾ ਹੋਇਆ ਅਤੇ 66 ਹਜ਼ਾਰ ਡਾਲਰ ਦੇਣ ਦੇ ਲੋਕਾਂ ਨੇ ਵਚਨ ਦਿੱਤੇ। ਇਸ ਮੁੱਦੇ ‘ਤੇ ਸਾਰੇ ਲੋਕ ਮਜ਼ਹਬ ਤੇ ਇਲਾਕਾਬੰਦੀ ਦੇ ਵਿਤਕਰੇ ਭੁਲਾ ਕੇ ਕਿਵੇਂ ਹਿੰਦੁਸਤਾਨੀ ਬਣ ਕੇ ਸਾਹਮਣੇ ਆਏ ਇਸ ਦਾ ਸਬੂਤ ਉਸ ਪੈਂਫਲਿਟ ਦੀ ਇਬਾਰਤ ਤੋਂ ਮਿਲਦਾ ਹੈ ਜੋ ਹਿੰਦੀਆਂ ਕੋਲੋਂ ਜਹਾਜ਼ ਦੇ ਮੁਸਾਫਰਾਂ ਲਈ ਮਾਇਕ ਮਦਦ ਲੈਣ ਦੇ ਮਕਸਦ ਨਾਲ ਛਾਪ ਕੇ ਵੰਡਿਆ ਗਿਆ ਸੀ। ਉਸ ਦੀ ਇਬਾਰਤ ਸੀ,
“ਭਰਾਓ! ਇਕ ਉਹ ਵਕਤ ਸੀ ਕਿ ਹਿੰਦੁਸਤਾਨੀ ਕੌਮਾਂ ਆਪਣੇ ਧਰਮ ਅਸਤਾਨਾਂ ਤੋਂ ਲੜਦੀਆਂ ਸਨ ਅਰ ਨਫਰਤ ਨਾਲ ਦੂਰ-ਦੂਰ ਰੈਂਹਦੀਆਂ ਸਨ। ਅੱਜ ਇਹ ਵਕਤ ਹੈ ਕਿ ਕਾਮਾਗਾਟਾ ਮਾਰੂ ਜਹਾਜ਼ ਵਿਚ ਇਕ ਤ੍ਰਫ਼ ਗੁਰਦੁਆਰਾ ਤੇ ਦੂਜੀ ਤ੍ਰਫ਼ ਮਸੀਤ ਹੈ।æææਹਿੰਦੁਸਤਾਨੀ ਭਰਾਓ! ਤੁਹਾਡਾ ਫ਼ਰਜ਼ ਹੈ ਕਿ ਤੇਤੀ ਕਰੋੜ ਹਿੰਦੁਸਤਾਨੀਆਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਗਫ਼ਲਤ ਦੀ ਨੀਂਦ ਤੋਂ ਜਾਗੋ।”

ਪਾਰਟੀ ਦੀ ਗੈਰ-ਫਿਰਕੂ ਤੇ ਸਰਬ-ਸਾਂਝੀ ਸੋਚ ਦੀ ਗਵਾਹੀ ਦਿੰਦਿਆਂ ਜਗਜੀਤ ਸਿੰਘ ਲਿਖਦੇ ਹਨ, “ਅਮਰੀਕਾ ਵਿਚੋਂ ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਲਈ ਬਹੁਤੇ ਪੰਜਾਬ ਦੇ ਕਿਸਾਨ ਸਿੱਖ ਆਏ ਪਰ ਅਮਰੀਕਾ ਵਿਚ ਹੋਰ ਹਿੰਦੀ ਅਨਸਰਾਂ ਦੀ ਆਬਾਦੀ ਦੇ ਮੁਤਾਬਕ ਹਿੰਦੂ, ਮੁਸਲਮਾਨ, ਜਾਂ ਹੋਰ ਜਾਤੀਆਂ ਜਾਂ ਸੂਬਿਆਂ ਦੇ ਅਨਸਰਾਂ ਨੇ ਵੀ ਹਿੱਸਾ ਪਾਇਆ। ਮੌਲਵੀ ਬਰਕਤੁੱਲਾ ਗਦਰ ਪਾਰਟੀ ਦੇ ਉਘੇ ਲੀਡਰ ਸਨ ਜੋ ਪਿਛੋਂ ਗਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ ਅਤੇ ਪ੍ਰਸਿੱਧ ਆਗੂ ਸ੍ਰੀ ਰਾਸ ਬਿਹਾਰੀ ਬੋਸ ਇਸ ਦੇ ਆਪ ਲੀਡਰ ਬਣਾਏ ਗਏ। ਫੌਜਾਂ ਨੂੰ ਵਰਗਲਾਉਣ ਸਮੇਂ ਬਿਨਾਂ ਧਰਮ, ਜਾਤੀ ਜਾਂ ਸੂਬੇ ਦੇ ਲਿਹਾਜ਼ ਦੇ ਸਭ ਦੇਸੀ ਪਲਟਣਾਂ ਨੂੰ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਿੰਘਾਪੁਰ ਜਿਸ ਪਲਟਣ ਨੇ ਗਦਰ ਕੀਤਾ, ਉਹ ਨਿਰੋਲ ਮੁਸਲਮਾਨਾਂ ਦੀ ਸੀ; ਬਲਕਿ ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਦੀ ਨੀਯਤ ਨਾਲ ਚਾਰ ਅਮਰੀਕਨ ਵੀ ਆਏ ਜਿਨ੍ਹਾਂ ਨੂੰ ਜਾਂ ਤਾਂ ਹਿੰਦ ਵਿਚ ਵੜਨ ਨਾ ਦਿੱਤਾ ਗਿਆ ਜਾਂ ਫੜ ਕੇ ਵਾਪਸ ਭੇਜ ਦਿੱਤਾ ਗਿਆ ਸੀ। ਜੇ ਗਦਰ ਪਾਰਟੀ ਲਹਿਰ ਦੀ ਸਪਿਰਟ ਫਿਰਕੂ, ਜਾਂ ਬੂਬਿਕ ਤੰਗ ਨਜ਼ਰੀ ਵਾਲੀ, ਜਾਂ ਆਪਣੀ ਪਾਰਟੀ ਦੇ ਹੱਥ ਤਾਕਤ ਲੈਣ ਦੀ ਵੀ ਹੁੰਦੀ, ਤਾਂ ਇਹ ਸਭ ਕੁਛ ਇਸ ਤਰ੍ਹਾਂ ਨਾ ਹੁੰਦਾ।”
ਸਿੰਘਾਪੁਰ ਦੀ ਫੌਜੀ ਬਗਾਵਤ ਮੌਕੇ ਇਕਤਾਲੀ ਮੁਸਲਮਾਨਾਂ ਨੇ ਸ਼ਹੀਦੀ ਜਾਮ ਪੀ ਕੇ ਅਤੇ ਰੰਗੂਨ ਵਿਚ 130ਵੀਂ ਬਲੋਚ ਪਲਟਣ ਵੱਲੋਂ ਚਾਰ ਬਲੋਚਾਂ ਨੇ ਸ਼ਹੀਦੀ ਪ੍ਰਾਪਤ ਕਰ ਕੇ ਅਤੇ ਕ੍ਰਮਵਾਰ ਦੋਵਾਂ ਬਗਾਵਤਾਂ ਵਿਚ 125 ਤੇ 59 ਮੁਸਲਮਾਨਾਂ ਨੇ ਉਮਰ ਕੈਦ ਦੀ ਸਜ਼ਾ ਪਾ ਕੇ ਕੁਰਬਾਨੀ ਦੀ ਤੱਕੜੀ ਦੇ ਪੱਲੜੇ ਵਿਚ ਵੀ ਸਬਰਕੱਤਾ ਤੇ ਮਾਣਯੋਗ ‘ਵਜ਼ਨ’ ਪਾ ਦਿੱਤਾ।
ਸੋ, ਇਹ ਕਹਿਣਾ ਕਿ ਗਦਰ ਲਹਿਰ ਕੇਵਲ ‘ਸਿੱਖ ਲਹਿਰ’ ਜਾਂ ‘ਸਿੱਖਾਂ ਦੀ ਲਹਿਰ’ ਸੀ, ਇਸ ਲਹਿਰ ਦੇ ਆਦਰਸ਼ਾਂ ਤੇ ਨਿਸ਼ਾਨਿਆਂ ਨੂੰ ਗਲਤ ਅਰਥਾਂ ਵਿਚ ਪੇਸ਼ ਕਰਨਾ ਹੈ। ਇਹ ਗੱਲਾਂ ਕਰਨ ਵਾਲੇ ਵਿਦਵਾਨਾਂ ਦਾ ਮੱਤ ਹੈ ਕਿ ਗਦਰੀ ਹਿੰਦੂ ਰਾਜ ਸਥਾਪਤ ਕਰਨ ਵਾਲੇ ਆਗੂਆਂ ਦੇ ਟੇਟੇ ਚੜ੍ਹ ਕੇ ‘ਰਾਸ਼ਟਰਵਾਦ’ ਦੇ ਸ਼ਿਕਾਰ ਹੋ ਗਏ। ਰਾਸ਼ਟਰਵਾਦ ਦਾ ਸੰਕਲਪ ਉਨ੍ਹਾਂ ਨੂੰ ਬ੍ਰਾਹਮਣੀ ਤੇ ਇਕਸਾਰਵਾਦੀ ਲੱਗਦਾ ਹੈ। ਉਨ੍ਹਾਂ ਅਨੁਸਾਰ ਗਦਰੀ ਬਾਬੇ ‘ਦੇਸ਼ ਭਗਤ’ ਸਨ, ‘ਰਾਸ਼ਟਰਵਾਦੀ’ ਨਹੀਂ।
ਇਸ ਪ੍ਰਸੰਗ ਵਿਚ ਸਾਡਾ ਮੰਨਣਾ ਹੈ ਕਿ ਅਜੋਕੇ ‘ਰਾਸ਼ਟਰਵਾਦ’ ਨੂੰ ਜਦੋਂ ਵੱਖ-ਵੱਖ ਭੂਗੋਲਕ ਖਿੱਤਿਆਂ ਵਿਚ ਵੱਸਦੀਆਂ ਘੱਟ-ਗਿਣਤੀਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ ‘ਤੇ ਦਬਾਇਆ ਜਾ ਰਿਹਾ ਹੈ ਅਤੇ ਧਰਮ ਨਿਰਪੱਖਤਾ ਵੀ ਦਿਖਾਵੇ ਦਾ ਉਪਰਲਾ ਉਛਾੜ ਰਹਿ ਗਈ ਜਾਪਦੀ ਹੈ; ਤਦੋਕੇ ‘ਰਾਸ਼ਟਰਵਾਦ’ ਨਾਲ ਨਹੀਂ ਤੁਲਨਾਇਆ ਜਾ ਸਕਦਾ। ਰਾਸ਼ਟਰਵਾਦ ਦੇ ਸੰਕਲਪ ਨੂੰ ਉਸ ਵਿਸ਼ੇਸ਼ ਹਾਲਾਤ ਅਤੇ ਉਸ ਸਮੇਂ ਦੇ ਤਕਾਜ਼ਿਆਂ ਅਨੁਸਾਰ ਸਮਝਣਾ ਚਾਹੀਦਾ ਹੈ। ਉਦੋਂ, ਜਦ ਕਿ ਅੰਗਰੇਜ਼ਾਂ ਦੀ ਕੂਟਨੀਤੀ ਵੱਖ ਵੱਖ ਫਿਰਕਿਆਂ ਨੂੰ ਮਜ਼ਹਬ, ਧਰਮ ਜਾਂ ਜਾਤ ਦੇ ਆਧਾਰ ‘ਤੇ ਪਾੜਨ ਤੇ ਵੰਡਣ ਦੀ ਸੀ, ਰਾਸ਼ਟਰਵਾਦ ਦੇ ਸੰਕਲਪ ਨੇ ਸਭ ਫਿਰਕਿਆਂ ਨੂੰ ਆਪਸ ਵਿਚ ਸਿਰ ਜੋੜ ਕੇ ਮਿਲ ਬੈਠਣ ਤੇ ਸਾਂਝੇ ਏਕੇ ਅਤੇ ਸਾਂਝੇ ਸੰਘਰਸ਼ਾਂ ਰਾਹੀਂ ਦੇਸ਼ ਨੂੰ ਮੁਕਤ ਕਰਾਉਣ ਦਾ ਜੋ ਚਾਰਾ ਕੀਤਾ, ਉਸ ਅਨੁਸਾਰ ਰਾਸ਼ਟਰਵਾਦ ਦਾ ਸੰਕਲਪ ਅਗਾਂਹਵਧੂ ਭੂਮਿਕਾ ਨਿਭਾ ਰਿਹਾ ਸੀ। ਕੀ ਇਹ ਮੰਨਿਆ ਜਾ ਸਕਦਾ ਹੈ ਕਿ ‘ਇਕੱਲੇ ਸਿੱਖ’ ਵੱਖਰੇ ਤੌਰ ‘ਤੇ ਲੜ ਕੇ ਮੁਲਕ ਨੂੰ ਆਜ਼ਾਦ ਕਰਵਾ ਲੈਂਦੇ, ਜਾਂ ਜਿਵੇਂ ਇਨ੍ਹਾਂ ਵਿਦਵਾਨਾਂ ਦਾ ਲੁਕਵਾਂ ਏਜੰਡਾ ਹੈ ਕਿ ‘ਸਿੱਖਾਂ’ ਦਾ ਰਾਜ ਸਥਾਪਤ ਕਰ ਲੈਂਦੇ। ਜੇ ਇਸ ਦੀ ਸੰਭਾਵਨਾ ਮੰਨ ਵੀ ਲਈਏ ਤਾਂ ਉਂਜ ਵੀ ਕੀ ਇਹ ਰਾਜ ਅਜੋਕੇ ਪਾਕਿਸਤਾਨ ਵਰਗਾ ਹੀ ਨਹੀਂ ਸੀ ਹੋਣਾ? ਉਸ ਵੇਲੇ ‘ਦੇਸ਼ ਭਗਤੀ’ ਤੇ ‘ਰਾਸ਼ਟਰਵਾਦ’ ਇਕ-ਦੂਜੇ ਦੇ ਸਮਾਨ-ਅਰਥੀ ਸਨ।
ਇਨ੍ਹਾਂ ਵਿਦਵਾਨਾਂ ਦੀ ਇਹ ਵੀ ਸ਼ਿਕਾਇਤ ਹੈ ਕਿ ‘ਦੂਜੇ’ ਲੋਕ ਸਿੱਖ ਗਦਰੀਆਂ ਦੀ ਸਾਦਗੀ ਤੇ ਭੋਲੇਪਣ ਨੂੰ ਆਪਣੇ ਹਿਤਾਂ (ਹਿੰਦੂ ਰਾਜ ਦੀ ਸਥਾਪਨਾ) ਲਈ ਵਰਤ ਗਏ। ਉਹ ਲਾਲਾ ਹਰਦਿਆਲ ਨੂੰ ਵੀ ਇਨ੍ਹਾਂ ਵਿਚ ਸ਼ਾਮਲ ਮੰਨਦੇ ਹਨ ਪਰ ਦੇਸ਼ ਭਗਤ ਬਾਬਿਆਂ ਦੇ ਬਿਆਨ ਅਤੇ ਲਿਖਤਾਂ ਦੱਸਦੀਆਂ ਹਨ ਕਿ ਇਹ ‘ਸਿੱਖ’ ਗਦਰੀ ਹੀ ਸਨ ਜਿਨ੍ਹਾਂ ਨੇ ਜੀæਡੀæ ਕੁਮਾਰ ਵਰਗੇ ਲੋਕਾਂ ਨੂੰ ਕਿਹਾ ਸੀ ਕਿ ਕੇਵਲ ਸੁਧਾਰ ਦੇ ਕੰਮਾਂ ਨਾਲ ਕੁਝ ਨਹੀਂ ਬਣਨਾ। ਬਾਬਾ ਭਕਨਾ ਤਾਂ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਲਾਲਾ ਹਰਦਿਆਲ ਨੂੰ ਤਾਂ ਗਦਰੀਆਂ ਨੇ ਆਪ ਆਪਣੀ ਅਗਵਾਈ ਜਾਂ ਸਹਾਇਤਾ ਕਰਨ ਸੱਦਿਆ ਸੀ ਕਿਉਂਕਿ ਜਿਵੇਂ ਅਸੀਂ ਪਹਿਲਾਂ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇ ਹਵਾਲੇ ਨਾਲ ਗੱਲ ਕਰ ਆਏ ਹਾਂ ਕਿ ‘ਵੇਲੇ ਦਾ ਮਾਹੌਲ ਹੀ ਗਦਰੀਆਂ ਲਈ ਰਾਜਸੀ ਯੂਨੀਵਰਸਿਟੀ ਬਣ ਗਿਆ ਸੀ ਤੇ ਉਨ੍ਹਾਂ ਵਿਚ ਕੌਮੀ ਜਜ਼ਬਾ ਪੈਦਾ ਹੋ ਚੁੱਕਾ ਸੀ।’ ਲਾਲਾ ਹਰਦਿਆਲ ਤਾਂ ਸਗੋਂ ਛੇਤੀ ਹੀ ਪਾਰਟੀ ਦਾ ਅਖਬਾਰ ਸ਼ੁਰੂ ਕਰਨ ਦਾ ਵਾਅਦਾ ਕਰ ਕੇ ਗਿਆ ਜਦੋਂ ਕਈ ਮਹੀਨੇ ਖਾਮੋਸ਼ ਰਿਹਾ ਤਾਂ ਗਦਰੀ ਪ੍ਰੇਸ਼ਾਨ ਹੋ ਗਏ। ਬਾਬਾ ਸੋਹਣ ਸਿੰਘ ਭਕਨਾ ਦੀ ਜ਼ਬਾਨੀ, ‘ਅਗਲੇ ਕਈ ਮਹੀਨੇ ਲਾਲਾ ਹਰਦਿਆਲ ਨਾ ਤਾਂ ਕੋਈ ਦਫਤਰ ਹੀ ਖੋਲ੍ਹ ਸਕਿਆ ਤੇ ਨਾ ਹੀ ਅਖਬਾਰ ਛਾਪਣ ਦਾ ਕੋਈ ਪ੍ਰਬੰਧ ਕਰ ਸਕਿਆ।’ ਜਦੋਂ ਛੇ-ਸੱਤ ਮਹੀਨੇ ਕੁਝ ਵੀ ਹੋਂਦ ਵਿਚ ਨਾ ਆਇਆ ਤਾਂ ਪਾਰਟੀ ਇਕਾਈਆਂ ਨੇ ਕੰਮ ਵਿਚ ਹੋ ਰਹੀ ਦੇਰੀ ਬਾਰੇ ਪਾਰਟੀ ਪ੍ਰਧਾਨ ਨੂੰ ਲਿਖਤੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪ੍ਰਧਾਨ ਨੇ ਮੁੱਖ ਸਕੱਤਰ (ਲਾਲਾ ਹਰਦਿਆਲ) ਨੂੰ ਚਿੱਠੀ ਲਿਖੀ ਜਿਸ ਵਿਚ ਉਸ ਕੋਲੋਂ ਇਸ ਦੇਰੀ ਤੇ ਸਮਾਂ ਬਰਬਾਦ ਕਰਨ ਦੇ ਕਾਰਨ ਪੁੱਛੇ ਗਏ। ਲਾਲਾ ਜੀ ਨੇ ਜਵਾਬ ਦਿੱਤਾ ਕਿ ਉਸ ਦੀ ਸਿਹਤ ਠੀਕ ਨਹੀਂ ਅਤੇ ਉਸ ਦੀ ਥਾਂ ਕੋਈ ਹੋਰ ਵਿਅਕਤੀ ਚੁਣਿਆ ਜਾ ਸਕਦਾ ਹੈ। ਪ੍ਰਧਾਨ ਨੇ ਸਖਤ ਸ਼ਬਦਾਂ ਵਿਚ ਮੋੜਵੀਂ ਚਿੱਠੀ ਲਿਖੀ ਤੇ ਉਸ ਨੂੰ ਯਾਦ ਕਰਵਾਇਆ ਕਿ ਉਸ ਦੀ ਸ਼ਿਕਾਇਤ ਹੁੰਦੀ ਸੀ ਕਿ ਹਿੰਦੀ ਦੇਸ਼ ਲਈ ਕੰਮ ਕਰਨ ਤੋਂ ਭੱਜਦੇ ਹਨ ਅਤੇ ਹੁਣ ਉਸ ਦਾ ਆਪਣਾ ਵਤੀਰਾ ਕੋਈ ਇਸ ਤੋਂ ਵੱਖਰਾ ਨਹੀਂ। ਇਸ ਤੋਂ ਬਾਅਦ ਲਾਲਾ ਹਰਦਿਆਲ ਨੇ ਲਿਖਿਆ ਕਿ ਕੰਮ ਸ਼ੁਰੂ ਕਰਨ ਲਈ ਉਸ ਨੂੰ ਪੈਸੇ ਦੀ ਲੋੜ ਹੈ ਅਤੇ ਜਦੋਂ ਹੀ ਪੈਸਾ ਪਹੁੰਚ ਗਿਆ, ਉਹ ਦਫਤਰ ਸਥਾਪਤ ਕਰ ਕੇ ਅਖਬਾਰ ਕੱਢ ਦੇਵੇਗਾ। ਖਜ਼ਾਨਚੀ ਨੇ ਪ੍ਰਧਾਨ ਦੀ ਆਗਿਆ ਨਾਲ ਉਸ ਨੂੰ ਪੈਸਾ ਭੇਜ ਦਿੱਤਾ।’
(ਚਲਦਾ)

1 Comment

Leave a Reply

Your email address will not be published.