ਨਵੀਂ ਦਿੱਲੀ: ਦੇਸ਼ ਵਿਚ ਲੋਕਾਂ ਅੰਦਰ ਧਾਰਮਿਕ ਅਸਹਿਣਸ਼ੀਲਤਾ ਇੰਨੀ ਵਧ ਗਈ ਹੈ ਕਿ ਬੀਤੇ ਇਕ ਦਹਾਕੇ ਦੌਰਾਨ ਸਾਲ 2002 ਤੋਂ ਹੁਣ ਤੱਕ ਹੋਏ ਦੰਗਿਆਂ ਨੇ 2500 ਵਿਅਕਤੀਆਂ ਦੀ ਜਾਨ ਲੈ ਲਈ ਤੇ 28 ਹਜ਼ਾਰ ਲੋਕ ਫੱਟੜ ਹੋ ਗਏ। ਇਸ ਸਾਲ ਵਿਚ ਹੀ ਹੁਣ ਤੱਕ ਦੰਗਿਆਂ ਕਾਰਨ 107 ਮੌਤਾਂ ਹੋਈਆਂ। ਬੀਤੇ ਇਕ ਦਹਾਕੇ ਦੌਰਾਨ ਦੇਸ਼ ਵਿਚ 8473 ਫਿਰਕੂ ਦੰਗੇ ਹੋਏ ਜਿਨ੍ਹਾਂ ਵਿਚ 2502 ਵਿਅਕਤੀ ਮਾਰੇ ਗਏ। ਇਸੇ ਨਾਲ 28,668 ਲੋਕ ਫੱਟੜ ਹੋਏ।
ਮੁਜ਼ੱਫਰਨਗਰ ਸਣੇ ਇਸ ਸਾਲ 15 ਸਤੰਬਰ ਤੱਕ 479 ਦੰਗੇ ਹੋ ਚੁੱਕੇ ਹਨ ਜਿਨ੍ਹਾਂ ਵਿਚ 107 ਵਿਅਕਤੀ ਮਾਰੇ ਗਏ ਹਨ। ਇਨ੍ਹਾਂ ਨਾਲ 1697 ਵਿਅਕਤੀ ਫੱਟੜ ਹੋਏ। ਬੀਤੇ ਸਾਲ ਦੇਸ਼ ਵਿਚ ਫਿਰਕੂ ਦੰਗਿਆਂ ਦੀਆਂ 668 ਘਟਨਾਵਾਂ ਹੋਈਆਂ ਜਿਨ੍ਹਾਂ ਵਿਚ 94 ਜਾਨਾਂ ਗਈਆਂ ਤੇ 3117 ਫੱਟੜ ਹੋਏ। ਬੀਤੇ ਸਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਤਿਵਾਦੀ ਘਟਨਾਵਾਂ ਵਿਚ 245 ਜਾਨਾਂ ਗਈਆਂ। ਸਾਲ 2011 ਵਿਚ 580 ਫਿਰਕੂ ਦੰਗਿਆਂ ਵਿਚ 91 ਵਿਅਕਤੀ ਮਾਰੇ ਗਏ ਤੇ 1899 ਫੱਟੜ ਹੋਏ।
ਇਸੇ ਸਾਲ ਅਤਿਵਾਦੀ ਘਟਨਾਵਾਂ ਵਿਚ 419 ਵਿਅਕਤੀ ਮਾਰੇ ਗਏ। ਸਾਲ 2010 ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 701 ਵਾਰ ਦੰਗੇ ਹੋਏ ਜਿਨ੍ਹਾਂ ਵਿਚ 116 ਵਿਅਕਤੀ ਮਰੇ ਤੇ 2138 ਫੱਟੜ ਹੋਏ।
ਇਸੇ ਸਾਲ ਅਤਿਵਾਦੀ ਵਾਰਦਾਤਾਂ ਵਿਚ 537 ਵਿਅਕਤੀ ਮਰੇ। ਦਹਾਕੇ ਵਿਚ ਸਭ ਤੋਂ ਵੱਧ ਮੌਤਾਂ 2002 ਦੌਰਾਨ ਹੋਈਆਂ ਜਦੋਂ ਗੁਜਰਾਤ ਵਿਚ ਦੰਗੇ ਭੜਕੇ। ਇਸ ਸਾਲ ਦੇਸ਼ ਵਿਚ 722 ਵਾਰ ਦੰਗੇ ਹੋਏ ਤੇ 1,130 ਜਾਨਾਂ ਗਈਆਂ ਤੇ 4,375 ਵਿਅਕਤੀ ਫੱਟੜ ਹੋਏ।
ਦੇਸ਼ ਵਿਚ ਫਿਰਕੂ ਦੰਗਿਆਂ ਤੋਂ ਸਰਕਾਰ ਡਾਢੀ ਪ੍ਰੇਸ਼ਾਨ ਤੇ ਚਿੰਤਤ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕੁਝ ਦਿਨ ਪਹਿਲਾਂ ਇਥੋਂ ਤੱਕ ਆਖ ਦਿੱਤਾ ਸੀ ਕਿ ਦੇਸ਼, ਇਤਿਹਾਸ ਤੋਂ ਸਬਕ ਨਹੀਂ ਲੈ ਰਿਹਾ ਕਿਉਂਕਿ ਜੇਕਰ ਉਹ ਅਜਿਹਾ ਕਰਦਾ ਤਾਂ ਦੰਗਿਆਂ ਵਰਗੀਆਂ ਦੁਖਦਾਈ ਗ਼ਲਤੀਆਂ ਵਾਰ-ਵਾਰ ਨਾ ਕਰਦਾ। ਬੀਤੇ ਦਿਨ ਉਨ੍ਹਾਂ ਕਿਹਾ ਕਿ ਹੁਣ ਬਹੁਤ ਹੋ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਰੋਕਣੀਆਂ ਹੋਣਗੀਆਂ। ਮਨੁੱਖਤਾ ਅਜਿਹਾ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਮਨੁੱਖਤਾ ਨੂੰ ਬਚਾਉਣ ਲਈ ਕਦਮ ਚੁੱਕਣੇ ਹੀ ਪੈਣਗੇ। ਅਜਿਹਾ ਸੰਸਦ ਜਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਕੱਲੀਆਂ ਨਹੀਂ ਕਰ ਸਕਦੀਆਂ। ਇਸ ਵਾਸਤੇ ਸਾਰਿਆਂ ਨੂੰ ਰਲ਼ ਕੇ ਹੰਭਲਾ ਮਾਰਨਾ ਪਵੇਗਾ।
Leave a Reply