ਬੰਦਾ ਜਿੰਨਾ ਮਰਜ਼ੀ ਸੁਚੇਤ ਹੋਵੇ, ਕਈ ਹਾਦਸੇ ਫਿਰ ਵੀ ਵਾਪਰ ਜਾਂਦੇ ਹਨ। ਕਈਆਂ ਨੇ ਗੁਨਾਹ ਇਕ ਵੀ ਨਹੀਂ ਕੀਤਾ ਪਰ ਵਿਆਹ ਕਰਵਾ ਕੇ ਉਮਰ ਭਰ ਲਈ ਕੈਦੀ ਬਣੇ ਰਹੇ। ਕਈਆਂ ਦੇ ਉਪਰ ਦੀ ਮਾਲ ਗੱਡੀ ਲੰਘ ਗਈ ਹੁੰਦੀ ਐ ਪਰ ਮਰਨ ਦੀ ਖ਼ਬਰ ਫਿਰ ਵੀ ਨਹੀਂ ਆਉਂਦੀ। ਚਿੜੀ ਵਿਚਾਰੀ ਨੂੰ ਕਾਂ ਅੱਖ ਮਾਰ ਕੇ ਦੂਜੀ ਟਾਹਣੀ ‘ਤੇ ਬੈਠ ਗਿਆ ਪਰ ਉਹ ਹੋਰ ਦਿਸ਼ਾ ‘ਚ ਉਡ ਗਈ; ਉਂਜ ਉਸ ਨੂੰ ਸਮਝ ਆ ਗਈ ਸੀ ਕਿ ਇਹ ਕਿਸੇ ਸਾਧ ਦੇ ਡੇਰੇ ਤੋਂ ਉਹਦੀ ਜੁਠ ਖਾ ਕੇ ਆਇਆ ਲਗਦਾ। ਸ਼ਰੀਫ਼ ਇਸ ਕਰ ਕੇ ਹੋਰ ਚੁੱਪ ਹੋਈ ਜਾਂਦੇ ਨੇ ਕਿ ਬਚਣ ਦਾ ਹੋਰ ਕੋਈ ਹੀਲਾ ਨਹੀਂ ਰਿਹਾ। ਬਜਾਜੀ ਦੀ ਦੁਕਾਨ ‘ਤੇ ਇਕ ਪੜ੍ਹੀ-ਲਿਖੀ ਬੀਬੀ ਨੇ ਦੁਕਾਨਦਾਰ ਨੂੰ ਕਿਹਾ, ‘ਦੋ ਚੋਲਿਆਂ ਲਈ ਭਗਵਾਂ ਅੱਠ ਗਜ਼ ਕੱਪੜਾ ਦੇ ਦੇ।’ ਕੋਲ ਬੈਠਾ ਭੋਲਾ ਜਿਹਾ ਬੰਦਾ ਉਠ ਕੇ ਚਲਾ ਗਿਆ ਕਿ ਸਾਨ੍ਹ ਹੁਣ ਉਸ ਦੇ ਸ਼ਹਿਰ ਵਿਚ ਆ ਗਏ ਨੇ। ਕਈਆਂ ਨੇ ਉਚੀ-ਉਚੀ ਰੋਣ ਵਿਚ ਵਿਸ਼ਵਾਸ ਇਸ ਕਰ ਕੇ ਬਣਾਈ ਰੱਖਿਆ ਕਿ ਮਨ ਹੌਲਾ ਹੋ ਜਾਵੇਗਾ ਪਰ ਜਿਨ੍ਹਾਂ ਦੇ ਪੱਲੇ ਰੋਣਾ ਸਾਰੀ ਉਮਰ ਦਾ ਪਿਆ ਰਿਹਾ, ਉਹ ਹੌਕੇ ਲੈਣ ‘ਚ ਹੀ ਯਕੀਨ ਕਰਨ ਲੱਗ ਪਏ। ਜਿਨ੍ਹਾਂ ਨੇ ਮਕਾਨਾਂ ਨੂੰ ਘਰਾਂ ਵਰਗਾ ਰੂਪ ਤਾਂ ਦੇ ਲਿਆ ਸੀ ਪਰ ਇਕੱਲੇ ਹੋਣ ਕਰ ਕੇ ਬਾਲ ਖਿਡਾਉਣ ਲਈ ਘਰੇ ਕਮੰਡਲੀਆਂ ਤੇ ਕਾਸਿਆਂ ਵਾਲਿਆਂ ਨੂੰ ਬੁਲਾਉਣ ਲੱਗ ਪਏ। ਉਨ੍ਹਾਂ ਨੂੰ ਬਹੁਤ ਦੇਰ ਬਾਅਦ ਪਤਾ ਲੱਗਾ ਕਿ ਇੱਜ਼ਤਾਂ ਚੋਰੀ ਹੋ ਜਾਂਦੀਆਂ ਤਾਂ ਕੋਈ ਗੱਲ ਨਹੀਂ ਸੀ, ਇਨ੍ਹਾਂ ਨੂੰ ਸੰਨ੍ਹ ਲੱਗਣ ਲੱਗ ਪਈ ਹੈ। ਰਾਜਨੀਤਕ ਲੋਕ ਲੁੱਚਿਆਂ ਦੇ ਡੇਰਿਆਂ ‘ਤੇ ਜਾ ਕੇ ਹੱਥ ਤਾਂ ਜੋੜਨ ਲੱਗ ਪਏ ਹਨ ਕਿ ਸਿਰਫ਼ ਵੋਟਾਂ ਮੰਗਣ ਦੇ ਕੰਮ ‘ਚ ਹੀ ਫਰਕ ਹੈ, ਉਂਜ ਧੰਦਾ ਦੋਹਾਂ ਦਾ ਸਾਂਝਾ ਜਿਹਾ ਹੀ ਹੋਈ ਜਾ ਰਿਹਾ ਹੈ। ਇਸੇ ਲਈ ਪਰਜਾ ਦੀ ਕਿਸਮਤ ਬਦਲਣ ਦੇ ਲਾਰੇ ਲਾਉਣ ਵਾਲੇ ਆਪਣੇ ਮੁਕੱਦਰਾਂ ‘ਤੇ ਟਿੱਕਾ ਲੁਆਉਣ ਲਈ ਜਨਤਾ ਨੂੰ ਦੂਜੀ ਵਾਰ ਮੂਰਖ ਬਣਾਉਣ ਦਾ ਸਫ਼ਲ ਯਤਨ ਕਰ ਰਹੇ ਹਨ। ਮੂੰਹ ਛੋਟੇ ਤੇ ਬੁਰਕੀਆਂ ਵੱਡੀਆਂ ਅੰਦਰ ਪਾਉਣ ਕਰ ਕੇ ਡੱਬੂ ਕੰਧ ਤੋਂ ਉਤਰ ਕੇ ਪੁੱਛਣ ਲੱਗੇ ਨੇ, ‘ਮੇਰਾ ਆਈਡੀਆ ਚੋਰੀ ਕਰ ਲਿਆ।’ ਖ਼ੈਰ! ਵਕਤ ਦੀਆਂ ਲੱਤਾਂ ਕੰਬ ਰਹੀਆਂ ਹਨ, ਫਿਰ ਵੀ ਭਾਰ ਸਾਰਾ ਚੁੱਕਿਆ ਹੋਇਆ ਹੈ। ਜਵਾਨੀ ਤਾਂ ਚਲੋ ਸਾਰਿਆਂ ਦੀ ਮਸਤਾਨੀ ਹੁੰਦੀ ਹੈ ਪਰ ਸਾਧਾਂ ਦਾ ਬੁਢਾਪਾ ਵੀ ਰੰਗੀਨ ਹੁੰਦਾ ਜਾ ਰਿਹਾ ਹੈ।
ਐਸ਼ ਅਸ਼ੋਕ ਭੌਰਾ
ਜਿਨ੍ਹਾਂ ਨੇ ਇਸ ਯੁੱਗ ਵਿਚ ਲਾਲਚ ਤਿਆਗ ਦਿੱਤਾ ਹੈ, ਵਿਚਾਰ ਕਰ ਕੇ ਵੇਖਿਓ, ਇਹ ਲੋਕ ਸਭ ਤੋਂ ਵੱਡੇ ਲੋਭੀ ਹਨ ਕਿਉਂਕਿ ਉਹ ਸਵਰਗ ਜਾਣ ਦਾ ਲਾਲਚ ਕਰੀ ਬੈਠੇ ਹਨ। ਭਗਵੇਂ ਪਾ ਕੇ ਜਿਹੜੇ ਦੁਨੀਆਂ ਤੋਂ ਪਾਖੰਡ ਦੇ ਦਾਅ-ਪੇਚ ਕਰ ਕੇ ਹਰ ਸ਼ੈਅ ਖੋਹ ਲੈਣਾ ਚਾਹੁੰਦੇ ਨੇ, ਉਹ ਸੰਸਾਰ ਨੂੰ ਮੂਰਖ ਬਣਾਉਣਾ ਸਿੱਖ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਉਮਰ ਵਿਚ ਐਸ਼ ਕਰੋ, ਅੱਗਾ ਕੀਹਨੇ ਵੇਖਿਆ ਹੈ? ਕਿਸੇ ਸਤਿਸੰਗ ਵਿਚ ਕੋਈ ਕਲਯੁੱਗੀ ਪਖੰਡੀ ਪ੍ਰਵਚਨ ਕਰ ਰਿਹਾ ਸੀ, ਸੰਗਤਾਂ ਨੂੰ ਉਪਦੇਸ਼ ਦੇ ਰਿਹਾ ਸੀ, ‘ਇਹ ਜ਼ਮੀਨਾਂ-ਜਾਇਦਾਦਾਂ ਇਥੇ ਹੀ ਰਹਿ ਜਾਣਗੀਆਂæææ ਸਾਢੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜਗੀਰਾਂ ਵਾਲਿਆæææ।’ ਅਨਭੋਲ ਲੋਕਾਂ ਨੂੰ ਫਿਰ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਇਸੇ ਮਹਾਂਪੁਰਸ਼ ਨੂੰ ਲੋਕਾਂ ਦੀਆਂ ਜ਼ਮੀਨਾਂ ‘ਤੇ ਨਾਜ਼ਾਇਜ਼ ਕਬਜ਼ੇ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਲਈ ਪੁਲਿਸ ਡੇਰੇ ਤੋਂ ਬਾਹਰ ਉਡੀਕ ਕਰ ਰਹੀ ਸੀ।
ਗਲਤੀਆਂ ਲੋਕ ਕਰ ਰਹੇ ਨੇ, ਭੀੜ ਸਾਧਾਂ ਦੀ ਵਧ ਰਹੀ ਹੈ। ਇਲਜ਼ਾਮ ਉਨ੍ਹਾਂ ਉਤੇ ਨਸ਼ਾ ਕਰਨ ਦੇ ਹੀ ਨਹੀਂ, ਕਾਮ ਉਕਸਾਉਣ ਲਈ ਖੇਹ-ਸੁਆਹ ਖਾਣ ਦੇ ਲੱਗ ਰਹੇ ਹਨ; ਤਾਂ ਕਿਵੇਂ ਕਹਿ ਸਕਦੇ ਹਾਂ ਕਿ ‘ਜੋਗ’ ਦਾਗੀ ਹੋਣ ਤੋਂ ਬਚਿਆ ਰਹੇਗਾ! ਹੁਣ ਧਿਆਨ ਦੀ ਖੇਡ ਹੇਠ ਅੱਖਾਂ ਬੰਦ ਹਨ ਪਰ ਅੰਦਰ ਸ਼ੈਤਾਨ ਖੌਰੂ ਪਾ ਰਿਹਾ ਹੈ। ਖੂਬਸੂਰਤੀ ਨਜ਼ਰਾਂ ਨਾਲ ਨਹੀਂ, ਬੈਟਰੀਆਂ ਮਾਰ ਮਾਰ ਕੇ ਲੱਭੀ ਜਾ ਰਹੀ ਹੈ। ਜਦੋਂ ਚੇਲੇ ਤੇ ਚੇਲੀਆਂ ਅੰਨ੍ਹੀ ਸ਼ਰਧਾ ਵਾਲੇ ਲੋਕਾਂ ਨਾਲ ਜਿਸਮਾਨੀ ਖੇਡ ਖੇਡਣ ਲਈ ਸਾਧਾਂ ਦੇ ਦਲਾਲ ਬਣ ਰਹੇ ਹਨ, ਤਾਂ ਲਗਦਾ ਨਹੀਂ ਇਨ੍ਹਾਂ ਲੋਕਾਂ ਨੇ ਸ਼ਰੀਫ਼ ਦੀ ਇੱਜ਼ਤ ਵੱਟੋ-ਵੱਟ ਪਾ ਲਈ ਹੈ। ਕਵੀ ਤਾਂ ਸੋਹਣੇ ਚਿਹਰੇ ਵੇਖ ਕੇ ਕਵਿਤਾ ਲਿਖਦੇ ਹੁੰਦੇ ਸਨ, ਅੱਜ ਦੇ ਯੁੱਗ ਵਿਚ ਸਾਧ ਅਜਿਹੇ ਮੁਖੜੇ ਤੱਕ ਕੇ ਇਮਾਨ, ਇਖਲਾਕ ਸਭ ਕੁਝ ਇਕੋ ਤੀਲ ਨਾਲ ਫੂਕਣ ਦਾ ਯਤਨ ਕਰਨ ਵਿਚ ਲੱਗੇ ਹੋਏ ਹਨ। ਇੱਦਾਂ ਦੇ ਹਾਲਾਤ ਬਣ ਗਏ ਨੇ ਕਿ ਨ੍ਹੇਰੀ ਚੱਲ ਰਹੀ ਹੈ ਪਰ ਦਰਖ਼ਤ ਸ਼ਾਂਤ ਹਨ; ਮੀਂਹ ਪੈ ਰਿਹਾ ਹੈ ਪਰ ਪਪੀਹਾ ਤੇ ਧਰਤੀ ਪਾਣੀ ਦੀ ਬੂੰਦ-ਬੂੰਦ ਲਈ ‘ਕੱਠੇ ਦੁਹੱਥੜੀਂ ਪਿੱਟ ਰਹੇ ਹਨ। ਪਹਿਲਾਂ ਪਿਆਜ ਕੱਟਦਿਆਂ ਅੱਖਾਂ ‘ਚੋਂ ਪਾਣੀ ਵਗਣ ਲਗਦਾ ਸੀ, ਅੱਜਕੱਲ੍ਹ ਅੰਬ ਕੱਟਣ ਵੇਲੇ ਵੀ ਅੱਖਾਂ ਤਿੱਪ-ਤਿੱਪ ਚੋਣ ਲੱਗ ਪਈਆਂ ਹਨ। ਸੰਖ ਰੱਬ ਕੋਲ ਫਰਿਆਦ ਕਰ ਰਿਹਾ ਹੈ, ‘ਰੱਬਾ! ਲੁੱਚਿਆਂ ਨੂੰ ਰੋਕ, ਮੇਰੇ ਅੰਦਰ ਫੂਕਾਂ ਨਾ ਮਾਰਨ ਕਿਉਂਕਿ ਸ਼ਰਧਾ ਮੁੱਕਣ ਕਰ ਕੇ ਲੋਕ ਮੈਨੂੰ ਵੀ ਖ਼ਤਰੇ ਦਾ ਘੁੱਗੂ ਕਹਿਣ ਲੱਗ ਪਏ ਹਨ।’
ਸੋਹਣੇ ਲੀੜੇ ਪਾਉਣ ਵਾਲੀ ਔਰਤ ਜਦੋਂ ਬਜਾਜੀ ਦਾ ਕੰਮ ਕਰਨ ਵਾਲਿਆਂ ਦੇ ਘਰੀਂ ਵਿਆਹੀ ਜਾਵੇ ਤਾਂ ਉਹ ਅੰਦਰੋ-ਅੰਦਰ ਚਾਵਾਂ ਦਾ ਚਰਖਾ ਕੱਤ ਰਹੀ ਹੁੰਦੀ ਹੈ ਕਿ ‘ਹੁਣ ਇਕ ਲਾਹਵਾਂਗੀ, ਇਕ ਪਾਵਾਂਗੀ।’ ਆਸ਼ੋ ਮਾਪਿਆਂ ਦੀ ‘ਕੱਲੀ ਧੀ ਹੀ ਨਹੀਂ ਸੀ, ਉਸ ਨੂੰ ਮਾਂ-ਬਾਪ ਤਾਂ ਕੀ ਸਾਰਾ ਆਂਢ-ਗੁਆਂਢ ਵੀ ਰੱਜ ਕੇ ਪਿਆਰ ਇਸ ਕਰ ਕੇ ਕਰਦਾ ਸੀ ਕਿ ਉਹ ਹਰ ਵੇਲੇ ਰੱਬ ਰੱਬ ਕਰਦੀ ਰਹਿੰਦੀ ਸੀ। ਪਿੰਡ ਦੇ ਹਰ ਧਰਮੀ ਕਾਰਜ ਵਿਚ ਸਭ ਤੋਂ ਅੱਗੇ ਹੁੰਦੀ ਸੀ। ਕਈ ਵਾਰ ਮਾਂ ਬਾਪ ਸੋਚਦੇ ਸਨ ਕਿ ਇਹਨੂੰ ਇੰਨਾ ਚੰਗਾ ਵਰ ਕਿਥੋਂ ਲੱਭ ਕੇ ਦਿਆਂਗੇ! ਖ਼ੈਰ! ਆਸ਼ੋ ਉਡਾਰ ਹੁੰਦੀ ਗਈ ਪਰ ਉਹਦੇ ਸ਼ਰਧਾਮਈ ਖਿਆਲਾਂ ਵਿਚ ਤਬਦੀਲੀ ਨਾ ਆਈ। ਜੁਆਨੀ ਦੇ ਪਹਿਲੇ ਪੰਜ-ਸੱਤ ਸਾਲਾਂ ਵਿਚ ਰਿਸ਼ਤਿਆਂ ਦੀ ਵਾਛੜ ਹੋਈ ਪਰ ਉਹਨੂੰ ਤਾਂ ਕੀ, ਮਾਪਿਆਂ ਨੂੰ ਵੀ ਆਸ਼ੋ ਦੇ ਸੰਤ ਸੁਭਾਅ ਵਰਗਾ ਕੋਈ ਮੁੰਡਾ ਨਾ ਲੱਭੇ। ਇਸੇ ਉਡੀਕ ਵਿਚ ਉਹ ਪੈਂਤੀਆਂ ਨੂੰ ਲੰਘ ਗਈ ਸੀ। ਟਿਕਟ ਤਾਂ ਖਰੀਦੀ ਨਹੀਂ ਸੀ ਪਰ ਅਚਾਨਕ ਲਾਟਰੀ ਨਿਕਲ ਆਈ। ਇਕ ਐਸੇ ਮੁੰਡੇ ਦੀ ਦੱਸ ਪਈ ਕਿ ਉਮਰ ਤਾਂ ਚਾਲੀਆਂ ਤੋਂ ਉਪਰ ਸੀ ਪਰ ‘ਨਾਂਹ-ਨਾਂਹ’ ਕਰਦੇ ਨੇ ਹੀ ਜੁਆਨੀ ਦੀ ਵੱਤ ਲੰਘਾ ਲਈ ਸੀ।æææ ਸੀ ਉਂਜ ਉਹ ਵੀ ਆਸ਼ੋ ਵਰਗਾ ਰੱਬ ਦਾ ਰੱਬ ਵਰਗਾ ਹੀ ਬੰਦਾ। ਪਹਿਲਾਂ ਨਾਂਹ-ਨੁੱਕਰ ਆਮ ਕੁੜੀਆਂ ਵਾਂਗ, ਤੇ ਫਿਰ ਚੁੰਨੀ ਦੇ ਲੜ ਹੇਠ ਸ਼ਰਮਾਉਂਦਿਆਂ ‘ਹਾਂ’ ਵਿਚ ਸਿਰ ਹਿਲਾ ਗਿਆ। ਇਕ ਕਿੱਲਾ ਜ਼ਮੀਨ, ‘ਕੱਲਾ ਈ ਪੁੱਤ ਤੇ ਨਿੱਕੀ ਜਿਹੀ ਕਰਿਆਨੇ ਦੀ ਦੁਕਾਨ; ਤੇ ਸਭ ਤੋਂ ਅਹਿਮ ਗੱਲ ਇਹ ਸੀ ਕਿ ਰੂਟ ਵੀ ਟਰੇਨ ਦਾ ਜਿਵੇਂ ਇਕ ਹੋ ਗਿਆ ਸੀ, ਤੇ ਸ਼ਾਨ-ਏ-ਪੰਜਾਬ ਦਾ ਡੱਬਾ ਵੀ ਜਿਵੇਂ ਸ਼ਾਨ-ਏ-ਪੰਜਾਬ ਨਾਲ ਹੀ ਜੁੜ ਗਿਆ ਹੋਵੇ।
ਆਸ਼ੋ ਤੇ ਉਹਦੇ ਮਸਤ ਮੌਲਾ ਪਤੀ ਬਲਵੰਤ ਦੀ ਗ੍ਰਹਿਸਥੀ ਜ਼ਿੰਦਗੀ ਤਾਂ ਖੁਸ਼ੀ-ਖੁਸ਼ੀ ਇੱਦਾਂ ਤੁਰ ਪਈ ਸੀ ਜਿਵੇਂ ਚੰਦ ਨੇ ਪੱਕੇ ਤੌਰ ‘ਤੇ ਹੀ ਧਰਤੀ ਉਤੇ ਉਤਰ ਕੇ ਚਕੋਰ ਨਾਲ ਰਹਿਣ ਦਾ ਫੈਸਲਾ ਕਰ ਲਿਆ ਹੋਵੇ ਪਰ ਇਕ ਚਾਅ ਮੱਸਿਆ ਦੀ ਰਾਤ ਵਾਂਗ ਪੂਰਾ ਨਾ ਹੋਣ ਕਰ ਕੇ ਕਿਤੇ-ਕਿਤੇ ਦਿਨੇ ਵੀ ਨ੍ਹੇਰ ਜਿਹਾ ਪਾਈ ਰੱਖਦਾ ਸੀ। ਆਸ਼ੋ ਸਨੁੱਖੀ ਸੀ ਰੱਜ ਕੇ, ਤੇ ਬਲਵੰਤ ਜਿਵੇਂ ਯੂਸਫ ਦੀ ਮਾਸੀ ਦਾ ਪੁੱਤ ਹੋਵੇ ਪਰ ਘਰ ਦੇ ਵਿਹੜੇ ਵਿਚ ਜੁਆਕ ਦੀਆਂ ਰੌਣਕਾਂ ਘੰਟੀ ਵਜਾ ਹੀ ਨਹੀਂ ਰਹੀਆਂ ਸਨ। ਉਧਰ ਬਲਵੰਤ ਜਦੋਂ ਪੰਜਾਹਾਂ ਨੂੰ ਟੱਪ ਗਿਆ ਤਾਂ ਆਪਣੇ ਵੀ ਓਪਰਿਆਂ ਵਾਂਗ ਕਹਿਣ ਲੱਗ ਪਏ ਸਨ, ‘ਗੱਲ ਹੁਣ ਬਣਦੀ ਨ੍ਹੀਂ ਲਗਦੀ।’
ਆਸ਼ੋ ਪਹਿਲਾਂ ਪਹਿਲ ਤਾਂ ਆਪਣੇ ਸੁਭਾਅ ਕਰ ਕੇ ਅਜਿਹੀਆਂ ਗੱਲਾਂ ਨੂੰ ਬੇਤੁਕੀਆਂ ਸਮਝ ਕੇ ਸਿਰ ਤੋਂ ਲੰਘਾ ਦਿੰਦੀ, ਫਿਰ ਉਹਨੂੰ ਲੱਗਣ ਲੱਗ ਪਿਆ ਸੀ ਕਿ ਮਾਂ ਬਣੇ ਬਿਨਾਂ ਸਮਾਜ ਔਰਤ ਨੂੰ ਭਾਰ ਹੀ ਸਮਝਦਾ ਰਹਿੰਦਾ। ਦੋਹਾਂ ਨੂੰ ਸਮਝ ਲੱਗ ਗਈ ਸੀ ਕਿ ਔਲਾਦ ਬਿਨਾਂ ਜ਼ਿੰਦਗੀ ਐਵੇਂ ਹੀ ਰਹੇਗੀ। ਫਿਰ ਸ਼ੁਰੂ ਹੋ ਗਿਆ ਵੈਦਾਂ-ਹਕੀਮਾਂ ਦੀਆਂ ਦੇਸੀ ਜੜ੍ਹੀ-ਬੂਟੀਆਂ ਦਾ ਕੁੱਖ ਵੱਲ ਸਿੱਧਾ ਇਲਾਜ। ਫਿਰ ਰੱਬ ਦੇ ਬੰਦੇ ਹੋ ਕੇ ਵੀ ਸਿਆਣਿਆਂ ‘ਚੋਂ ਰੱਬ ਲੱਭਣ ਤੁਰੇ ਰਹੇæææ ਡਾਕਟਰਾਂ ਦੀਆਂ ਵਪਾਰੀ ਦੁਕਾਨਾਂ ਵੀ ਬੜੀਆਂ ਵੇਖੀਆਂ ਪਰ ਲਾਹੌਰ ਦਾ ਪਾਣੀ ਸਰਬਤ ਵਰਗਾ ਹੋ ਨਾ ਸਕਿਆ। ਆਸਾਂ ਨੂੰ ਫੂਕਣ ਤੋਂ ਪਹਿਲਾਂ ਬਿਨਾਂ ਬੱਦਲਾਂ ਤੋਂ ਬਿਜਲੀ ਲਿਸ਼ਕ ਪਈ। ਕਿਸੇ ਨੇ ਸੱਦੂ ਬਾਬੇ ਦੇ ਡੇਰੇ ਦੀ ਦੱਸ ਪਾਈ। ਕਈਆਂ ਨੇ ਤਸਦੀਕ ਕਰ’ਤਾ ਕਿ ਉਥੋਂ ਦਾਤ ਹੀ ਨਹੀਂ ਮਿਲਦੀ, ਦਾਤ ਵੀ ਪੁੱਤ ਦੀ ਮਿਲਦੀ ਹੈ। ਬਲਵੰਤ ਤੇ ਆਸ਼ੋ ਉਥੇ ਜਾਣ ਲੱਗ ਪਏ। ਬਾਬਾ ਸੱਦੂ ਪਹਿਲੇ ਦਿਨ ਤੋਂ ਹੀ ਓਪਰੀਆਂ ਨਜ਼ਰਾਂ ਨਾਲ ਨਹੀਂ ਵੇਖਦਾ ਸੀ। ਦੋ-ਚਾਰ ਮਹੀਨੇ ਦੋਹਾਂ ਦਾ ਆਉਣਾ ਜਾਣਾ ਬਣਿਆ ਰਿਹਾ ਪਰ ਇਕ ਦਿਨ ਨ੍ਹੇਰੇ ‘ਚ ਇਸ ਡੇਰੇ ਤੋਂ ਪਰਤਦਿਆਂ ਉਨ੍ਹਾਂ ਦਾ ਸਕੂਟਰ ਇਕ ਟਰਾਲੀ ਨਾਲ ਟਕਰਾ ਗਿਆ ਤੇ ਰੱਬ ਜਿਵੇਂ ਆਪ ਚੋਰੀ ਕਰਨ ਆ ਗਿਆ ਹੋਵੇ। ਬਲਵੰਤ ਦੀ ਮੌਤ ਹੋ ਗਈ। ਸ਼ਰਾਫ਼ਤ ਦੀ ਪੂਣੀ ਆਸ਼ੋ ਨੂੰ ਉਸ ਦਿਨ ਅਹਿਸਾਸ ਹੋ ਗਿਆ ਸੀ ਕਿ ਰੱਬ ਸੱਚੀ ਗੁੰਝਲਦਾਰ ਬੁਝਾਰਤ ਹੀ ਹੈ। ਜਿਸ ਕੁੱਖ ਲਈ ਉਹ ਭੱਜੀ ਫਿਰਦੀ ਸੀ, ਉਹਨੂੰ ਲੱਗਾ ਸੀ ਅੰਗੁਰਾਂ ਦੀ ਵੇਲ ਅੱਕ ਬਣ ਗਈ ਸੀ। ਆਸ਼ੋ ਦੀ ਜ਼ਿੰਦਗੀ ਫਿਰ ਉਦਾਸੀ ‘ਚ ਘਿਰ ਗਈ ਸੀ ਜਿਵੇਂ ਗੁਲਮੋਹਰ ਦੇ ਲਾਗੇ ਕਿਸੇ ਨੇ ਕਿੱਕਰ ਬੀਜ ਦਿੱਤੀ ਹੋਵੇ। ਫਿਰ ਉਹਦੇ ਕਈ ਵਰ੍ਹੇ ਹਾਉਕਿਆਂ ਦੇ ਤੰਦ, ਲੀਰਾਂ ਹੋਈ ਸੱਧਰਾਂ ਦੀ ਫੁਲਕਾਰੀ ‘ਤੇ ਪਾਉਣ ਦੇ ਯਤਨਾਂ ਵਿਚ ਲੰਘ ਗਏ।
ਇਕ ਦਿਨ ਸੱਦੂ ਬਾਬੇ ਦਾ ਚੇਲਾ ਆਸ਼ੋ ਦੇ ਆਂਗਣ ਤੱਕ ਪੁੱਜ ਗਿਆ ਪਰ ਹੁਣ ਉਹਨੇ ਬਾਬੇ ਤੋਂ ਲੈਣਾ ਕੀ ਸੀ! ਉਹਨੂੰ ਡੇਰੇ ਬੁਲਾਇਆ ਗਿਆ ਸੀ। ਹਾਲਾਂਕਿ ਉਹ ਜਾਣਦੀ ਸੀ ਕਿ ਨਿੰਮ ਨੂੰ ਆਨਾਰ ਨਹੀਂ ਲੱਗਦੇ, ਕਦਮਾਂ ਨੇ ਉਹਨੂੰ ਉਸ ਪਾਸੇ ਖਿੱਚ ਲਿਆ। ਉਹ ਨਿੱਕੇ-ਨਿੱਕੇ ਪੈਰਾਂ ਨਾਲ ਵੱਡੀਆਂ ਪੁਲਾਂਘਾਂ ਪੁੱਟ ਤਾਂ ਨਹੀਂ ਸੀ ਸਕਦੀ, ਫਿਰ ਵੀ ਸੱਦੂ ਦੇ ਚਰਨੀਂ ਜਾ ਲੱਗੀ। ਬਾਬੇ ਨੇ ਗਲ ਨਾਲ ਲਾਇਆæææ ਤੇ ਕੌਡਾ ਤਾਂ ਨਹੀਂ ਸਨ ਪਰ ਸ਼ਤਰੰਜ ਖੇਡੀ ਜਾ ਚੁੱਕੀ ਸੀ!
‘ਆਸ਼ੋ! ਬਲਵੰਤ ਤਾਂ ਹੁਣ ਕਦੇ ਨਹੀਂ ਆਵੇਗਾ ਪਰ ਹੁਣ ਅਸੀਂ ਸੋਚਿਆ, ਸਾਡੇ ਕੋਲ ਇਕ ਬਾਲ ਹੈæææ ਜੋਗ ਲਈ ਕੋਈ ਸਾਡੀ ਝੋਲੀ ਪਾ ਗਿਆ ਸੀæææ ਉਹ ਅੱਜ ਤੋਂ ਤੇਰਾ। ਮਨ੍ਹਾਂ ਨਾ ਕਰੀਂ।’
ਆਸ਼ੋ ਨੂੰ ਲੱਗਾ, ਸੇਵੀਆਂ ਛਾਂਵੇਂ ਹੀ ਸੁੱਕਣ ਤਾਂ ਠੀਕ ਹੈ। ਰੱਬ ਜਿਵੇਂ ਇਕ ਵਾਰ ਉਹਦੇ ਰਾਹ ‘ਚ ਆ ਗਿਆ ਹੋਵੇ! ਉਹਨੇ ਹਾਂ ‘ਚ ਸਿਰ ਨੀਵਾਂ ਵੀ ਕਰ ਦਿੱਤਾ।
‘ਤੇਰੇ ਕੋਲ ਇਕ ਜ਼ਮੀਨ ਹੈ, ਭਲਕੇ ਉਹ ਡੇਰੇ ਦੇ ਨਾਂ ਕਰਵਾ ਦਈਂ। ਇਹ ਪ੍ਰਗਣ ਪੁੱਤ ਹੁਣ ਤੋਂ ਤੇਰਾ। ਸਮਾਂ ਆਉਣ ‘ਤੇ ਇਹ ਉਥੇ ਤਪ ਕਰੇਗਾ, ਦੁਨੀਆਂ ਦੇ ਦੁੱਖ ਸੁਣੇਗਾ।’
ਕੋਰੇ ਕਾਗਜ਼ ਵਰਗੀ ਆਸ਼ੋ ਸ਼ਰਧਾ ਦੀ ਬੁੱਕਲ ਵਿਚ ਲੁਕ ਗਈ। ਪ੍ਰਗਣ ਨੂੰ ਪੁੱਤ ਬਣਾ ਕੇ ਨਾਲ ਤੋਰਨ ਲੱਗੀ ਤਾਂ ਸੱਦੂ ਨੇ ਰੋਕ ਕੇ ਕਿਹਾ, ‘ਇਹਦੀ ਇਕ ਲੱਤ ਜਮਾਂਦਰੂ ਛੋਟੀ ਹੈ ਤੇ ਕੰਨ ਵੀ ਇਕ ਹੈ, ਉਪਰ ਵਾਲੇ ਨੇ ਕੋਈ ਖਾਸ ਰੂਹ ਤੇਰੇ ਪੱਲੇ ‘ਚ ਪਾਈ ਐ, ਖਿਆਲ ਰੱਖੀਂ।’
ਤੇ ਅਗਲੇ ਕੁਝ ਦਿਨਾਂ ‘ਚ ਆਸ਼ੋ ਰਹਿੰਦੀ ਤਾਂ ਆਪਣੇ ਘਰ ‘ਚ ਪ੍ਰਗਣ ਨਾਲ ਪਰ ਖੁਸ਼ੀ ‘ਚ ਬੌਣੀ ਇਸ ਕਰ ਕੇ ਹੋ ਗਈ ਸੀ ਕਿ ਬਲਵੰਤ ਦੀ ਹੱਕ ਦੀ ਕਮਾਈ ਨਾਲ ਬਣਾਈ ਜ਼ਮੀਨ ਸਹੀ ਟਿਕਾਣੇ ‘ਤੇ ਲੱਗ ਗਈ ਹੈ ਤੇ ਹੁਣ ਲੋਕ ਵੀ ਉਲਾਂਭਾ ਨਹੀਂ ਦੇ ਸਕਦੇ ਕਿ ਮੇਰੀ ਕੁੱਖ ਸੁਲੱਖਣੀ ਨਹੀਂ।
ਆਸ਼ੋ ਦਾ ਡੇਰੇ ਆਉਣਾ ਜਾਣਾ ਬਣਿਆ ਰਹਿਣਾ ਸੀ। ਪ੍ਰਗਣ ਦਸ ਬਾਰਾਂ ਸਾਲਾਂ ਦਾ ਹੋ ਗਿਆ ਸੀ। ਸ਼ਾਮ ਨੂੰ ਜਦੋਂ ਉਹ ਉਥੋਂ ਘਰ ਨੂੰ ਤੁਰਨ ਲੱਗੀ ਤਾਂ ਸੱਦੂ ਨੇ ਉਹਨੂੰ ਰੋਕ ਕੇ ਕਿਹਾ, ‘ਆਸ਼ੋ, ਅੱਜ ਤੂੰ ਇਥੇ ਰਾਤ ਰਹਿ।’
ਉਹ ਰੁਕ ਗਈ ਤੇ ਬਾਬੇ ਦੀ ਸੇਵਾਦਾਰ ਬੀਬੀ ਜੋ ਆਸ਼ੋ ਨੂੰ ਵੱਡੀ ਭੈਣ ਵਾਂਗ ਪਿਆਰ ਕਰਦੀ ਸੀ, ਉਹਨੂੰ ਆਪਣੇ ਕਮਰੇ ਵਿਚ ਲੈ ਗਈ। ਹੌਲੀ ਦੇਣੀ ਬੋਲੀ, ‘ਆਸ਼ੋ, ਤੂੰ ਘਰੇ ਚਲੀ ਜਾਂਦੀ?’
‘ਬਾਬਾ ਜੀ ਨੇ ਰੋਕ ਲਿਐ।’
ਕੁਝ ਦੇਰ ਚੁੱਪ ਰਹਿ ਕੇ ਉਹ ਫਿਰ ਸਿਸਕੀ ਜਿਹੀ ਲੈ ਕੇ ਕਹਿਣ ਲੱਗੀ, ਪਿਆਰੀ ਦੀਆਂ ਸੱਤ ਚੌਂਕੀਆਂ ਮੁੱਕ ਗਈਆਂ ਸਨ, ਬੀਰਾਂ ਅਗਲੇ ਮੰਗਲਵਾਰ ਆਵੇਗੀ। ਚਲੋ ਬਾਬਿਆਂ ਦੀ ਮੌਜ।
‘ਮੈਂ ਸਮਝੀ ਨ੍ਹੀਂæææ ।’
‘ਆਸ਼ੋ ਕਲਯੁੱਗ ‘ਚ ਰਮਜ਼ਾਂ ਕਿਤੇ ਸਮਝ ਆਉਂਦੀਆਂ ਨੇ ਆਪ ਬੰਦੇ ਨੂੰ।’
ਆਸ਼ੋ ਵੱਡੀ ਚੇਲੀ ਦੇ ਕਮਰੇ ਵਿਚ ਸੌਂ ਗਈ। ਇਕ ਹੋਰ ਮੰਜੇ ‘ਤੇ ਪ੍ਰਗਣ ਸੌਂ ਗਿਆ ਸੀ। ਅੱਧੀ ਰਾਤ ਲੰਘੀ ਤਾਂ ਸੰਖ ਉਚੀ ਦੇਣੀ ਵੱਜਿਆ ਤਾਂ ਚੇਲੀ ਨੇ ਹੌਲੀ ਦੇਣੀ ਪੁੱਛਿਆ, ‘ਆਸ਼ੋ ਸੌਂ ਗਈ।’ ਉਹ ਬੋਲੀ ਨਾ। ਉਹਨੇ ਬੱਤੀ ਜਗਾਈ। ਆਸ਼ੋ ਘੂਕ ਸੁੱਤੀ ਪਈ ਸੀ। ਉਹਦਾ ਚਿਹਰਾ ਵੇਖ ਕੇ ਉਹ ਅੰਦਰੋਂ ਉਦਾਸ ਹੋਣ ਲੱਗੀ।
ਸੰਖ ਜਦੋਂ ਵਾਰ-ਵਾਰ ਵੱਜੀ ਜਾ ਰਿਹਾ ਸੀ ਤਾਂ ਆਸ਼ੋ ਵੀ ਉਠ ਕੇ ਬੈਠ ਗਈ।æææਬਾਬਾ ਅੱਜ ਇਸ ਵੇਲੇ ਜਾਗਦੈ। ਸੰਖ ਕਿਉਂ ਵਜਾ ਰਹੇ ਨੇ ਵਾਰ-ਵਾਰ?
ਅੱਧਖੜ ਉਮਰ ਦੀ ਚੇਲੀ ਉਠ ਕੇ ਉਹਦੇ ਸਿਰਾਹਣੇ ਖੜ੍ਹੀ ਹੋ ਗਈ। ਦੋ ਪਲ ਬੁੱਤ ਬਣ ਕੇ ਚੁੱਪ ਰਹੀ, ਫਿਰ ਜਿਵੇਂ ਹਿਮਾਲਾ ਪਰਬਤ ਪੁੱਠਾ ਹੋ ਗਿਆ ਹੋਵੇ। ਉਹਦੇ ਅੰਦਰਲੀ ਨਾਰੀ ਦੇਵੀ ਜਿਵੇਂ ਸੰਖ ਦੀ ਧੁਨ ਨਾਲ ਕੁਰਲਾ ਉਠੀ ਹੋਵੇ, ‘ਨੀ ਆਸ਼ੋ, ਜਾਹ ਚਲੀ ਜਾਹ! ਛੱਡ ਦੇ ਇਹ ਕੁਰਕਸ਼ੇਤਰ ਦੀ ਲਾਲ ਧਰਤੀæææਅਨਰਥ ਹੋਣ ਵਾਲੈ। ਇਹ ਸੰਖ ਨਹੀਂ, ਸੱਦੂ ਬਾਬਾ ਵਾਜਾਂ ਮਾਰ ਕੇ ਮੈਨੂੰ ਕਹਿ ਰਿਹੈ, ਆਸ਼ੋ ਨੂੰ ਮੇਰੀ ਕੁਟੀਆ ਵਿਚ ਛੱਡ ਜਾ। ਇਹ ਡੇਰਾ ਨਹੀਂ, ਨਰਕ ਦਾ ਕੁੰਡ ਐ। ਪਤਾ ਨਹੀਂ ਮੈਂ ਕਿੰਨੀਆਂ ਕੁ ਨੂੰ ਸਾਧ ਕੋਲ ਹਵਸ ਦਾ ਸ਼ਿਕਾਰ ਬਣਾਉਣ ਲਈ ਆਪ ਛੱਡ ਕੇ ਆਈ ਆਂ। ਤੂੰ ਨ੍ਹੀਂ ਜਾਣਦੀ ਭੋਲੀਏ! ਇਨ੍ਹਾਂ ਸੰਤ-ਚੌਂਕੀਆਂ ਵਿਚ ਕੀਹਦਾ ਕੀਹਦਾ ਜਤ ਤੇ ਸਤ ਲੁੱਟਿਆ ਜਾ ਚੁੱਕਾ ਹੈ। ਅੱਜ ਤੈਨੂੰ ਪਾਪ ਦੇ ਉਬਲਦੇ ਕੜ੍ਹਾਹੇ ‘ਚ ਉਬਾਲ ਦਿੱਤਾ ਜਾਵੇਗਾ।’
‘ਤੂੰ ਕੀ ਕਹਿ ਰਹੀ ਏਂ?’
‘ਪਤਾ ਨ੍ਹੀਂ ਇਹ ਸੱਚ ਮੇਰੀ ਜ਼ੁਬਾਨ ‘ਚੋਂ ਕਿਵੇਂ ਨਿਕਲ ਰਿਹਾ ਏ। ਮੈਂ ਆਪਣੀ ਭਰਜਾਈ ਨੂੰ ਬਹੁਤ ਰੋਕਿਆ, ਨਾ ਮੰਗ ਇਹਤੋਂ ਪੁੱਤ ਪਰ ਉਹ ਇਕ ਵੀ ਸੁਣਨ ਲਈ ਰਾਜ਼ੀ ਨਾ ਹੋਈæææ।’
‘ਇਹ ਮੇਰੇ ਪਿਉ ਸਮਾਨ ਏ।’
‘ਇਸ ਬੁੱਢੇ ਨੂੰ ਕਿਸੇ ਲਹਿੰਦੀ ਚੜ੍ਹਦੀ ਦਾ ਨ੍ਹੀਂ ਪਤਾ। ਇਹ ਤੇਰੇ ਜੋਬਨ ‘ਤੇ ਬੜੇ ਚਿਰ ਦਾ ਸ਼ੁਦਾਈ ਹੋਇਆ ਫਿਰਦੈ। ਬਚ ਲੈ ਇਸ ਸ਼ਿਕਾਰੀ ਤੋਂ, ਨਿੱਕਲ ਜਾæææਖੜਾਕ ਨਾ ਕਰੀਂ।’
‘ਤੇ ਮੇਰਾ ਪੁੱਤæææ?’
‘ਇਹਨੂੰ ਪੁੱਤ ਕਹਿੰਦੀ ਏਂ। ਇਹਦੇ ਨਾਂ ‘ਤੇ ਤੈਥੋਂ ਲਈ ਜ਼ਮੀਨ ਇਹਨੇ ਵੇਚ ਕੇ ਖਾ ਲਈ ਏ। ਇਹ ‘ਫੀਮ ਖਾ ਕੇ ਹੁਣ ਸਾਧ ਨ੍ਹੀਂ, ਸਾਂਡ ਬਣਿਆ ਫਿਰਦੈæææ ਤੇ ਜੀਹਨੂੰ ਪੁੱਤ ਆਖਦੀ ਏæææ ਇਹ ਇਸੇ ਦੀ ਚੇਲੀ ਦਾ ਬੱਚਾ ਏ, ਸਾਧ ਦੀ ਨਾਜਾਇਜ਼ ਔਲਾਦ। ਇਹਨੇ ਗਰਭ ਗਿਰਾਉਣ ਲਈ ਬੜਾ ਕੁਝ ਉਹਨੂੰ ਦਿੱਤਾ, ਇਸੇ ਲਈ ਇਹ ਲੁੰਜਾ ਵਿਚਾਰਾ, ਇਕ ਕੰਨਵਾਲਾ। ਉਹ ਵਿਚਾਰੀ ਇਹ ਪਾਪ ਇਹਦੇ ਸਿਰ ਮਾਰ ਕੇ ਭੱਜ ਗਈ ਸੀ। ਭੰਨ ਦੇ ਇਹ ਪਾਪ ਦਾ ਭਾਂਡਾ ਇਥੇ ਹੀ ਇਹਦੇ ਸਿਰ। ਦੂਰ ਚਲੇ ਜਾਈਂ, ਕਿਤੇ ਫੇਰ ਨਾ ਆਵੀਂæææ।’
ਆਸ਼ੋ ਸੁੱਤੇ ਪਏ ਪ੍ਰਗਣ ਦਾ ਮੂੰਹ ਦੇਖ ਕੇ ਬਾਹਰ ਨਿਕਲ ਗਈ। ਸੰਖ ਵੱਜੀ ਜਾ ਰਿਹਾ ਸੀ ਪਰ ਬਾਹਰਲੇ ਗੇਟ ‘ਚੋਂ ਨਿਕਲਣ ਤੋਂ ਪਹਿਲਾਂ ਹੀ ਉਹ ਭਗਤਣੀ ਵੀ ਉਹਦੇ ਨਾਲ ਆ ਰਲੀ ਸੀ।
‘ਤੂੰ ਕਿਉਂ ਆ ਗਈ?’
‘ਬਘਿਆੜ ਜਦੋਂ ਭੁੱਖਾ ਹੋਵੇ ਤਾਂ ਉਹ ਕਦੇ ਨਹੀਂ ਵੇਖਦਾ ਲੇਲਾ ਹੈ ਕਿ ਉਹਦੀ ਮਾਂ।’
ਤੇ ਉਹ ਦੋਵੇਂ ਜਣੀਆਂ ਨ੍ਹੇਰੇ ‘ਚ ਗੁੰਮ ਹੋ ਗਈਆਂ।
ਆਸ਼ੋ ਬੜੀ ਦੂਰ ਆਪਣੀ ਭੈਣ ਕੋਲ ਬੀਕਾਨੇਰ ਚਲੀ ਗਈ ਸੀ।
ਫਿਰ ਕਈ ਸਾਲ ਬੀਤ ਗਏ।
ਉਥੇ ਵੀ ਇਕ ਸਾਧ ਦੀ ਮਹਿਮਾ ਹੋ ਰਹੀ ਸੀ ਕਿ ਬੇਔਲਾਦਿਆਂ ਦੀਆਂ ਝੋਲੀਆਂ ਭਰਦੈ ਸਾਧ ਬਾਬਾ ਪੱਪੀ ਦਾਸ।
ਆਸ਼ੋ ਦੀ ਭੈਣ ਉਸ ਨੂੰ ਦੱਸਿਆ ਕਰੇ ਕਿ ਸੱਤ ਚੌਂਕੀਆਂ ਭਰਨੀਆਂ ਪੈਂਦੀਆਂ ਨੇ ਹਰ ਮੰਗਲਵਾਰ ਰਾਤ ਨੂੰ। ਵੱਡੇ-ਵੱਡੇ ਅਫ਼ਸਰ ਆਉਂਦੇ ਨੇ ਔਲਾਦ ਵਿਹੂਣੇ, ਆਪਣੀਆਂ ਪਤਨੀਆਂ ਨੂੰ ਲੈ ਕੇ, ਲਾਲ ਬੱਤੀਆਂ ਵਾਲੀਆਂ ਗੱਡੀਆਂ ‘ਚ ਬਹਾ ਕੇ।
ਆਸ਼ੋ ਮਨ ‘ਚ ਸੋਚਦੀ ਸੀ ਕਿ ਕੀ ਦੱਸਾਂ ਭੈਣਾਂ ਨੂੰ, ਕਲਯੁੱਗ ਦਾ ਜੰਡ ਇਥੇ ਵੀ ਉਗ ਪਿਆ ਲਗਦੈ।
ਅਗਲੇ ਦਿਨ ਖ਼ਬਰ ਆ ਗਈ ਸੀ ਕਿ ਝੂਠ ਦਾ ਭਾਂਡਾ ਫੁੱਟ ਗਿਆ ਚੌਰਾਹੇ ਵਿਚ, ਖੁੱਲ੍ਹ ਗਈ ਝੂਠ ਦੀ ਪੰਡ!æææ ਵੱਢ’ਤਾ ਕਿਸੇ ਨੇ ਸੁੱਤਾ ਪਿਆ ਪੱਪੀ ਦਾਸ।
ਉਹ ਆਪਣੀ ਭੈਣ ਨਾਲ ਵਾਹੋ-ਦਾਹੀ ਲਾਸ਼ ਵੇਖਣ ਜਾ ਰਹੀ ਸੀ। ਮੁੜ ਕੇ ਆਉਂਦੇ ਲੋਕ ਗੱਲਾਂ ਕਰਦੇ ਸਨ, ਕਿਸੇ ਨੇ ਵੇਖ ਲਿਆ ਸੀ ਇੱਜ਼ਤ ਨਾਲ ਖੇਡਦਾæææਕਰ ਗਏ ਰਾਤ-ਬਰਾਤੇ ਕੰਮ!
ਆਸ਼ੋ ਪਹੁੰਚੀ, ਸਿਰ ਤੋਂ ਧੜ ਅਲੱਗ ਸੀ। ਭਗਵਾਂ ਖੂਨ ਨਾਲ ਗਹਿਗੱਚ ਸੀ। ਉਹਦੇ ਸੁੱਕੀ ਲੱਤ ਨਜ਼ਰੀਂ ਪਈ। ਸਿਰ ਉਲੱਦ ਕੇ ਵੇਖਿਆ, ਕੰਨ ਵੀ ਇਕ ਨਹੀਂ ਸੀ ਪਰ ਉਹ ਦੱਸੇ ਕੀਹਨੂੰ ਕਿ ਇਹ ਪੱਪੀ ਦਾਸ ਨਹੀਂ, ਪ੍ਰਗਣ ਦਾਸ ਹੈ। ਸੋਚਦੀ ਸੀ, ਚੰਗਾ ਹੋਇਆ ਉਦਣ ਇਹਨੂੰ ਸੁੱਤੇ ਨੂੰ ਛੱਡ ਆਈæææਜੇ ਕੁੱਖ ਨੂੰ ਭਾਗ ਨਹੀਂ ਲੱਗੇ ਤਾਂ ਦਾਗ ਵੀ ਨਹੀਂ ਪਿਆ।
ਅਸਲ ਵਿਚ ਸੱਪਣੀ ਦੇ ਆਂਡਿਆਂ ‘ਚੋਂ ਸਪੋਲੀਏ ਨਿਕਲਣੇ ਹੀ ਹੁੰਦੇ ਹਨ!
Leave a Reply