ਜਤਿੰਦਰ ਮੌਹਰ
ਫੋਨ: 91-97799-34747
ਉੱਨੀਵੀਂ ਸਦੀ ਦੇ ਅੰਤ ਵਿਚ ਅਮਰੀਕਾ ਵਸਣ ਵਾਲੇ ਪਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ। ਇਹ ਪਰਵਾਸੀ ਅਮਰੀਕੀ ਨਸਲਵਾਦ ਦਾ ਮੁੱਖ ਨਿਸ਼ਾਨਾ ਬਣੇ। ਕਮਿਉਨਿਜ਼ਮ ਅਤੇ ਨਾਬਰੀ (ਅਨਾਰਕਿਜ਼ਮ) ਦੇ ਵਿਚਾਰਾਂ ਦਾ ਫੈਲਣਾ ਅਮਰੀਕੀ ਹਾਕਮਾਂ ਅਤੇ ਸਰਮਾਏਦਾਰਾਂ ਨੂੰ ਵੱਧ ਘਾਤਕ ਲੱਗਦਾ ਸੀ। ਅਜਿਹੇ ਵਿਚਾਰ ਰੱਖਣ ਵਾਲਿਆਂ ਲਈ Ḕਸੁਰਖ਼ੇ’ (ਰੈੱਡਸ) ਸ਼ਬਦ ਗਾਲ ਵਾਂਗ ਵਰਤਿਆ ਜਾਂਦਾ। ਮਜ਼ਦੂਰ ਯੂਨੀਅਨਾਂ ਬਣ ਰਹੀਆਂ ਸਨ। ਵੀਹਵੀਂ ਸਦੀ ਦੇ ਪਹਿਲੇ ਅਤੇ ਦੂਜੇ ਦਹਾਕੇ ‘ਚ ਅਜਿਹੀਆਂ ਸਰਗਰਮੀਆਂ ਹੋਰ ਜ਼ੋਰ ਫੜਨ ਲੱਗੀਆਂ। ਆਲਮੀ ਪੱਧਰ ‘ਤੇ ਕੌਮੀ ਮੁਕਤੀ ਲਹਿਰਾਂ ਨੂੰ ਨਵੀਂ ਦਿਸ਼ਾ ਮਿਲ ਰਹੀ ਸੀ। ਇਸੇ ਕੜੀ ‘ਚ ਭਾਰਤੀ ਗ਼ਦਰੀਆਂ (ਜਿਨ੍ਹਾਂ ‘ਚ ਬਹੁਤੇ ਪਰਵਾਸੀ ਸਨ) ਦੇ ਪੈਂਤੜੇ ਅਤੇ ਸੰਘਰਸ਼ ਨੂੰ ਦੇਖਣਾ ਚਾਹੀਦਾ ਹੈ। ਇਹ ਗ਼ਦਰੀ ਅਮਰੀਕਾ ਅਤੇ ਕੈਨੇਡਾ ‘ਚ ਕੰਮ ਕਰਨ ਵਾਲੇ ਮਜ਼ਦੂਰ ਸਨ। ਇਨ੍ਹਾਂ ਮਜ਼ਦੂਰਾਂ ਨੂੰ ਤੰਗ ਕਰਨ ਦੇ ਹਰਬੇ ਵਰਤੇ ਜਾਂਦੇ। ਉਸ ਵੇਲੇ ਸਮਲਿੰਗਤਾ ਗ਼ੈਰ-ਕਨੂੰਨੀ ਕਰਾਰ ਦਿੱਤੀ ਹੋਈ ਸੀ। ਪੰਜਾਬੀ ਪਰਵਾਸੀਆਂ Ḕਤੇ ਸਮਲਿੰਗੀ ਕਾਨੂੰਨ ਤਹਿਤ ਮੁਕੱਦਮੇ ਦਰਜ ਕੀਤੇ ਜਾਂਦੇ। 1907 ਵਿਚ ਪੰਜ ਸੌ ਦੇ ਕਰੀਬ ਨਸਲਵਾਦੀ ਗੋਰਿਆਂ ਨੇ ਪੁਲਿਸ ਦੀ ਮਦਦ ਨਾਲ ਭਾਰਤੀ ਪਰਵਾਸੀਆਂ ਨੂੰ ਅਮਰੀਕਾ-ਕੈਨੇਡਾ ਸਰਹੱਦ ਦੇ ਨੇੜਲੇ ਸ਼ਹਿਰ ਬੈਲਗਹਿਮ ‘ਚਂੋ ਖਦੇੜਨ ਲਈ ਧਾਵਾ ਬੋਲ ਦਿੱਤਾ। ਇਸ ਹਾਦਸੇ ਨੂੰ ਬੈਲਗਹਿਮ ਦੰਗਿਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਮਜ਼ਦੂਰਾਂ ਨੂੰ ਸਨਅਤਾਂ ਅਤੇ ਘਰਾਂ Ḕਚੋਂ ਕੱਢ ਕੇ ਗਲੀਆਂ ਵਿਚ ਲਿਆ ਕੇ ਕੁੱਟ-ਮਾਰ ਕੀਤੀ। ਬਹੁਤ ਸਾਰੇ ਪਰਵਾਸੀ ਸ਼ਹਿਰ ਛੱਡ ਕੇ ਦੌੜ ਗਏ। ਲਾਲ ਸਿੰਘ ਕਮਲਾ ਅਕਾਲੀ ਨੇ ਆਪਣੀ ਕਿਤਾਬ ‘ਚ ਇਨ੍ਹਾਂ ਮਜ਼ਦੂਰ ਵਿਰੋਧੀ ਦੰਗਿਆਂ ਦੀ ਤਫ਼ਸੀਲ ਦਿੱਤੀ ਹੈ।
ਫ਼ਿਲਮ Ḕਸੈਕੋ ਐਂਡ ਵੈਂਜੈਟੀ’ ਵੀਹਵੀਂ ਸਦੀ ਦੇ ਦੂਜੇ ਅਤੇ ਤੀਜੇ ਦਹਾਕੇ ‘ਚ ਵਾਪਰਦੇ ਇਸ ਵਰਤਾਰੇ ਨੂੰ ਕਲਾਵੇ ‘ਚ ਲੈਂਦੀ ਹੈ। ਫ਼ਿਲਮ ਦੱਸਦੀ ਹੈ ਕਿ 1920 ਵਿਚ ਪੱਚੀ ਹਜ਼ਾਰ ਪਰਵਾਸੀਆਂ ਨੂੰ ਬੋਸਟਨ ਖਿੱਤੇ ‘ਚੋਂ ਗ਼ੈਰ-ਕਾਨੂੰਨੀ ਦੇਸ਼ ਨਿਕਾਲਾ ਦਿੱਤਾ ਗਿਆ। Ḕਸੈਕੋ ਅਤੇ ਵੈਂਜੈਟੀḔ ਇਤਾਲਵੀ ਮੂਲ ਦੇ ਨਾਬਰ ਮਜ਼ਦੂਰ ਸਨ। ਪੈਂਫ਼ਲੈਂਟ ਵੰਡਣ ਲਈ ਕਾਰ ਮੰਗਣ ਗਏ ਇਨ੍ਹਾਂ ਨਾਬਰਾਂ ਨੂੰ ਪੁਲਿਸ ਰਸਤੇ ਵਿਚ ਗ੍ਰਿਫਤਾਰ ਕਰ ਲੈਂਦੀ ਹੈ। ਉਨ੍ਹਾਂ ਦਿਨਾਂ ਵਿਚ ਹੀ ਨੇੜਲੇ ਇਲਾਕੇ ਵਿਚ ਡਕੈਤੀ ਅਤੇ ਕਤਲ ਹੋ ਚੁੱਕੇ ਹਨ। ਪ੍ਰਸ਼ਾਸਨ ਇਸ ਮੌਕੇ ਨੂੰ ਪਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਵਰਤਦਾ ਹੈ। ਫ਼ਿਲਮ ਇਨ੍ਹਾਂ ਨਾਬਰਾਂ Ḕਤੇ ਪਏ ਝੂਠੇ ਮੁਕੱਦਮੇ ਅਤੇ ਇਹਦੇ ਨਾਲ ਜੁੜੀਆਂ ਮਨੁੱਖੀ ਅਤੇ ਸਿਆਸੀ ਤੰਦਾਂ ਦੀ ਕਹਾਣੀ ਹੈ। ਸੱਤ ਸਾਲ ਚੱਲੇ ਇਸ ਮੁਕੱਦਮੇ ਵਿਚ ਨੇਸ਼ਨ ਸਟੇਟ ਦਾ ਕਰੂਰ ਖ਼ਾਸਾ ਨੰਗੇ ਚਿੱਟੇ ਰੂਪ ਵਿਚ ਸਾਹਮਣੇ ਆਉਂਦਾ ਹੈ। ਫ਼ਿਲਮ ਦੱਸਦੀ ਹੈ ਕਿ ਕਿਵੇਂ ਮਜ਼ਦੂਰ ਯੂਨੀਅਨਾਂ ਵਿਚ ਘੁਸਪੈਠ ਕੀਤੀ ਜਾਂਦੀ ਸੀ। ਘੁਸਪੈਠੀਏ ਸਿਪਾਹੀ ਹੜਤਾਲਾਂ ਵਿਚ ਭੰਨ-ਤੋੜ ਕਰ ਕੇ ਯੂਨੀਅਨਾਂ ਨੂੰ ਬਦਨਾਮ ਕਰਦੇ ਸਨ। ਮਜ਼ਦੂਰਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਆਪ ਬੰਬ ਚਲਾ ਕੇ, ਨਾਂ ਨਾਬਰਾਂ ਦਾ ਲਾਇਆ ਜਾਂਦਾ ਹੈ। ਫ਼ਿਲਮ ਵਿਚ ਪੱਤਰਕਾਰ ਗਵਰਨਰ ਨੂੰ ਪੁੱਛਦਾ ਹੈ, “ਸ਼ਹਿਰ ਦਾ ਪਾਦਰੀ ਵੀ ਬਿਆਨ ਦੇ ਰਿਹਾ ਹੈ ਕਿ ਅਮਰੀਕੀ ਸਰਕਾਰ ਭਰਮ ਅਤੇ ਦਹਿਸ਼ਤ ਪੈਦਾ ਕਰ ਕੇ ਬਾਸ਼ਿੰਦਿਆਂ ਨੂੰ ਡਰਾ ਰਹੀ ਹੈ।” ਗਵਰਨਰ ਕਹਿੰਦਾ ਹੈ, “ਪਾਦਰੀ ਰੂਹਾਂ ਦੀ ਪ੍ਰਵਾਹ ਕਰੇ æææ ਮੁਲਕ ਦੀ ਪਰਵਾਹ ਕਰਨ ਲਈ ਮੈਂ ਹੈਗਾਂ।” ਹੁਣ ਪਾਦਰੀ ਦੇ Ḕਭਰਮ ਅਤੇ ਦਹਿਸ਼ਤ’ ਵਾਲੇ ਬਿਆਨ ਨੂੰ ਅਮਰੀਕਾ ਦੇ ਹੁਣ ਤੱਕ ਦੇ ਹੈਂਕੜ ਭਰੇ ਅਤੇ ਜੰਗਬਾਜ਼ੀ ਦੇ ਇਤਿਹਾਸ ਨਾਲ ਜੋੜ ਕੇ ਦੇਖੋ। ਅਮਰੀਕਾ ਦਾ ਅਰਥਚਾਰਾ ਦਿਉਕੱਦ ਬਹੁਕੌਮੀ ਕੰਪਨੀਆਂ ਦੇ ਕਬਜ਼ੇ ਹੇਠ ਹੈ ਅਤੇ ਜੰਗ ਨਾਲ ਨੱਥੀ ਹੈ। ਜੰਗਾਂ ਭੜਕਾਉਣ ਅਤੇ ਲੋਕਾਂ ਨੂੰ ਕਾਬੂ ਰੱਖਣ ਲਈ ਮਸਨੂਈ ਦੁਸ਼ਮਣਾਂ ਅਤੇ ਖ਼ਤਰਿਆਂ ਦਾ ਭਰਮ ਬਣਾ ਕੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਇਆ ਜਾਂਦਾ ਹੈ।
ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਪਰਵਾਸੀਆਂ, ਨਾਬਰਾਂ ਅਤੇ ਕਮਿਉਨਿਸਟਾਂ ਤੋਂ ਵੱਡੇ ਖ਼ਤਰੇ ਦਾ ਭਰਮ ਪੈਦਾ ਕੀਤਾ ਗਿਆ ਸੀ ਜਿਸ ਬਾਰੇ Ḕਸੈਕੋ ਐਂਡ ਵੈਂਜੈਟੀḔ ਫ਼ਿਲਮ ਗੱਲ ਕਰਦੀ ਹੈ। ਸੈਕੋ ਅਤੇ ਵੈਂਜੈਟੀ ਨੂੰ ਪਹਿਲੀ ਵਾਰ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾਇਆ ਜਾਂਦਾ ਹੈ। ਅਦਾਲਤ ਦੇ ਬਾਹਰ ਬੈਨਰ ਲੈ ਕੇ ਖੜ੍ਹੇ ਲੋਕ ਨਾਅਰੇ ਮਾਰ ਰਹੇ ਹਨ। ਉਨ੍ਹਾਂ ਦੇ ਨਾਅਰੇ ਉਪਰ ਦਿੱਤੇ Ḕਖ਼ਤਰੇ ਦੇ ਭਰਮ’ ਦੀ ਪੁਸ਼ਟੀ ਕਰਦੇ ਹਨ। ਇਹ ਨਾਅਰੇ ਹਨ- Ḕਸੁਰਖ਼ ਹਤਿਆਰੇḔ, Ḕਅਮਰੀਕਾ ਅਮਰੀਕੀਆਂ ਲਈḔ, Ḕਸੁਰਖ਼ਿਆਂ ਨੂੰ ਮੁਲਕ ਵਿਚੋਂ ਕੱਢੋḔ, Ḕਪਰਵਾਸੀ ਗ਼ੱਦਾਰḔ, Ḕਕਮਿਉਨਿਸਟਾਂ ਨੂੰ ਫ਼ਾਹੇ ਟੰਗੋḔ, Ḕਅਸਭਿਅਕ ਸੁਰਖ਼ਿਆਂ ਨੂੰ ਭੁੰਨ ਦਿਉ’ ਵਗੈਰਾ।
ਸ਼ੁਰੂ ਵਿਚ ਬਚਾਅ ਪੱਖ ਦਾ ਵਕੀਲ ਅਤੇ ਸੈਕੋ ਹੋਰਾਂ ਦੇ ਸਾਥੀ ਮੁਕੱਦਮੇ ਨੂੰ ਸਿਆਸੀ ਰੰਗਤ ਦੇਣ ਤੋਂ ਬਚਦੇ ਹਨ। ਸਰਕਾਰੀ ਵਕੀਲ ਗ਼ਰੀਬ ਪਰਵਾਸੀਆਂ ਉਤੇ ਸਿੱਧੇ ਹਮਲੇ ਕਰਦਾ ਹੈ। ਉਹਦਾ ਕਹਿਣਾ ਹੈ ਕਿ ਪਰਵਾਸੀ ਸਾਡੀਆਂ ਕਦਰਾਂ ਕੀਮਤਾਂ ਦੇ ਹਾਣੀ ਨਹੀਂ ਹਨ ਅਤੇ ਉਹ ਦੂਜੇ ਦਰਜੇ ਦੇ ਮਨੁੱਖ ਹਨ ਜੋ ਸਾਡੀ ਜੀਵਨ ਸ਼ੈਲੀ ਅਤੇ ਵਿਚਾਰਾਂ ਲਈ ਖਤਰਾ ਹਨ। ਉਹ ਜਿਊਰੀ ਨੂੰ ਭੜਕਾਉਂਦਾ ਹੈ ਕਿ ਬਚਾਅ ਪੱਖ ਦਾ ਵਕੀਲ ਜਦੋਂ ਉਹਨੂੰ ਨਸਲਵਾਦੀ ਕਹਿੰਦਾ ਹੈ ਤਾਂ ਅਸਲ Ḕਚ ਉਹ ਮਾਣਯੋਗ ਅਮਰੀਕੀ ਗਵਾਹਾਂ ਨੂੰ ਛੁਟਿਆ ਰਿਹਾ ਹੈ। ਉਹ ਸਾਡੇ ਮਹਾਨ ਅਮਰੀਕੀ ਅਸੂਲਾਂ ਅਤੇ ਲੋਕਾਂ ਦੀ ਬੇਜ਼ਤੀ ਕਰ ਰਿਹਾ ਹੈ। ਇਹ ਸਭ ਕੁਝ ਉਹ ਗ਼ੈਰ-ਜ਼ਿੰਮੇਵਾਰ, ਅਨਪੜ੍ਹ ਅਤੇ ਭੁੱਖੇ ਨੰਗੇ ਪਰਵਾਸੀਆਂ ਦਾ ਪੱਖ ਪੂਰਨ ਲਈ ਕਰਦਾ ਹੈ ਜਿਨ੍ਹਾਂ ਨੂੰ ਸਾਡੇ ਕੌਮੀ ਸਿਧਾਂਤਾਂ ਬਾਰੇ ਪਤਾ ਨਹੀਂ ਹੈ। ਬਚਾਅ ਪੱਖ ਦੇ ਵਕੀਲ ਦਾ ਕਹਿਣਾ ਹੈ ਕਿ ਇਹ ਸਾਰੇ ਵਿਚਾਰ ਨਸਲਵਾਦੀ ਗੋਰਿਆਂ ਦੀ ਜੱਥੇਬੰਦੀ ਕੂ-ਕਲਕਸ-ਕਲੇਨ ਦੇ ਹਨ। ਇਹ ਜੱਥੇਬੰਦੀ ਪਰਵਾਸੀਆਂ ਅਤੇ ਗ਼ੈਰ-ਗੋਰੇ ਲੋਕਾਂ ਨੂੰ ਕਤਲ ਕਰਨ ਅਤੇ ਉਨ੍ਹਾਂ ਦੇ ਘਰ ਜਲਾਉਣ ਲਈ ਬਦਨਾਮ ਰਹੀ ਹੈ। ਸਰਕਾਰੀ ਵਕੀਲ ਬਚਾਅ ਪੱਖ Ḕਚ ਭੁਗਤੇ ਸੱਚੇ ਗਵਾਹਾਂ ਨੂੰ ਇਤਾਲਵੀ ਮੂਲ ਦੇ ਹੋਣ ਕਰ ਕੇ ਭਰੋਸੇਯੋਗ ਗਵਾਹ ਨਾ ਮੰਨਣ Ḕਤੇ ਜ਼ੋਰ ਦਿੰਦਾ ਹੈ। ਇਸ ਝੂਠ ਨੂੰ Ḕਮਾਣਯੋਗ’ ਜੱਜ ਪ੍ਰਵਾਨਗੀ ਦੇ ਰਿਹਾ ਹੈ। ਉਲਟਾ, ਜੱਜ ਆਪਣੀ ਮਰਿਆਦਾ ਤੋਂ ਬਾਹਰ ਜਾ ਕੇ ਸਰਕਾਰੀ ਵਕੀਲ ਦੇ ਹੱਕ ਵਿਚ ਪੈਂਤੜਾ ਲੈਂਦਾ ਹੈ। ਬਚਾਅ ਪੱਖ ਦਾ ਵਕੀਲ ਇਹ ਨੂੰ ਖ਼ਾਲਸ ਨਸਲਵਾਦ ਦੀ ਸੰਗਿਆ ਦਿੰਦਾ ਹੈ।
ਮਜਬੂਰੀਵਸ, ਬਚਾਅ ਪੱਖ ਮੁਕੱਦਮੇ ਨੂੰ ਸਿਆਸੀ ਰੰਗਤ ਦੇਣ ਦਾ ਫ਼ੈਸਲਾ ਕਰਦਾ ਹੈ। ਇਸ ਤੋਂ ਬਾਅਦ ਸੈਕੋ ਅਤੇ ਵੈਂਜੈਟੀ ਨਾਬਰੀ, ਮਜ਼ਦੂਰਾਂ ਅਤੇ ਸਮਕਾਲੀ ਹਾਲਤ ਬਾਰੇ ਖੁੱਲ੍ਹ ਕੇ ਬੋਲਦੇ ਹਨ। ਵੈਂਜੈਟੀ ਦੱਸਦਾ ਹੈ ਕਿ ਉਹ ਇਟਲੀ Ḕਚ ਬਦਤਰ ਜ਼ਿੰਦਗੀ ਤੋਂ ਤੰਗ ਆ ਕੇ ਨਾਬਰ ਬਣ ਗਿਆ। ਅਮਰੀਕਾ ‘ਚ ਪਰਵਾਸੀਆਂ ਲਈ ਹਾਲਾਤ ਉਹੀ ਸਨ ਪਰ ਇੱਥੇ ਉਹ ਵਿਚਾਰਧਾਰਕ ਪੱਖੋਂ ਹੋਰ ਪੱਕਾ ਹੋਇਆ। ਨਾਬਰ ਹੋਣਾ ਕੋਈ ਬੁਰੀ ਗੱਲ ਜਾਂ ਤਮਾਸ਼ਾ ਨਹੀਂ ਹੈ। ਪੁਲਿਸ ਉਨ੍ਹਾਂ ਦੇ ਮਜ਼ਦੂਰ ਸਾਥੀਆਂ ਨੂੰ ਸ਼ਰੇਆਮ ਮਾਰ ਰਹੀ ਸੀ। ਇਸ ਕਰ ਕੇ ਉਨ੍ਹਾਂ ਨੇ ਹਥਿਆਰ ਰੱਖੇ ਪਰ ਉਹ ਹਥਿਆਰ ਚਲਾਉਣਾ ਨਹੀਂ ਜਾਣਦਾ। ਇਸ ਮੁਲਕ ਸਮੇਤ ਸਾਰੇ ਆਲਮੀ ਮੁਲਕਾਂ Ḕਚ ਨਾਬਰਾਂ ਨੂੰ ਹਥਿਆਰ ਦਾ ਲਾਇਸੰਸ ਨਹੀਂ ਮਿਲਦਾ। ਆਤਮ-ਰੱਖਿਆ ਲਈ ਗ਼ੈਰ-ਕਨੂੰਨੀ ਹਥਿਆਰ ਰੱਖਣੇ ਪਏ। ਉਹ ਤਾਂ ਹਥਿਆਰਾਂ ਨੂੰ ਖ਼ਤਰਨਾਕ ਸਮਝ ਕੇ ਸੁੱਟਣਾ ਚਾਹੁੰਦੇ ਸਨ ਪਰ ਪਹਿਲਾਂ ਹੀ ਗ੍ਰਿਫਤਾਰੀ ਹੋ ਗਈ।
ਦੋਹਾਂ ਨਾਬਰਾਂ Ḕਤੇ ਇਲਜ਼ਾਮ ਹੈ ਕਿ ਉਹ ਮਈ 1917 ‘ਚ ਪਹਿਲੀ ਆਲਮੀ ਜੰਗ ‘ਚ ਭਰਤੀ ਹੋਣ ਤੋਂ ਡਰਦੇ ਮਾਰੇ ਮੈਕਸੀਕੋ ਭੱਜ ਗਏ ਸਨ ਅਤੇ ਟਿਕ-ਟਿਕਾਅ ਹੋਣ Ḕਤੇ ਵਾਪਸ ਆਏ। ਸਰਕਾਰੀ ਵਕੀਲ ਲਈ ਮੁਲਕਪ੍ਰਸਤੀ ਸਾਬਤ ਕਰਨ ਲਈ ਜੰਗ ‘ਚ ਸ਼ਾਮਲ ਹੋਣਾ ਜ਼ਰੂਰੀ ਹੈ ਪਰ ਮਜ਼ਦੂਰਾਂ ਲਈ ਆਲਮ ਬਿਨਾਂ ਹੱਦਾਂ ਸਰਹੱਦਾਂ ਤੋਂ ਹੈ। ਸਰਕਾਰੀ ਵਕੀਲ ਲਈ ਅਮਰੀਕੀ ਸਰਕਾਰ ਨੂੰ ਪਿਆਰ ਕਰਨਾ ਮੁਲਕਪ੍ਰਸਤੀ ਦਾ ਸਬੂਤ ਬਣਦਾ ਹੈ ਪਰ ਨਾਬਰ ਸਰਕਾਰ ਨੂੰ ਪਿਆਰ ਨਹੀਂ ਕਰਦੇ। ਉਹ ਨਾਬਰੀ Ḕਚ ਯਕੀਨ ਰੱਖਦੇ ਹਨ ਜਿਸ ਦਾ ਅਰਥ ਹੈ ਪੂਰਨ ਆਜ਼ਾਦੀ; ਉਨ੍ਹਾਂ ਸਮਾਜਾਂ ਦੀ ਤਬਾਹੀ ਜੋ ਜਮਾਤਾਂ ਨੇ ਵੰਡੇ ਹੋਏ ਹਨ। ਇਸ ਚਰਚਾ ਦੌਰਾਨ ਸਰਕਾਰੀ ਵਕੀਲ ਜਿਊਰੀ ਮੈਂਬਰਾਂ ਨੂੰ ਭੰਨ ਤੋੜ ਅਤੇ ਦੰਗੇ ਦੀਆਂ ਫੋਟੋਆਂ ਵੰਡਦਾ ਹੈ। ਬਚਾਅ ਪੱਖ ਦਾ ਵਕੀਲ ਰੌਲਾ ਪਾਉਂਦਾ ਹੈ ਕਿ ਅਸਲ ‘ਚ ਇਸ ਮੁਕੱਦਮੇ ਦਾ ਮੁੱਖ ਮੰਤਵ ਇਹੀ ਹੈ; ਮਜ਼ਦੂਰਾਂ, ਪਰਵਾਸੀਆਂ ਅਤੇ ਯੂਨੀਅਨਾਂ ਨੂੰ ਬਦਨਾਮ ਕਰਨਾ ਅਤੇ ਸੈਕੋ ਤੇ ਵੈਂਜੈਟੀ ਨੂੰ ਮਿਸਾਲੀ ਸਜ਼ਾ ਦੇ ਕੇ ਹੋਰਨਾਂ ਲਈ ਸਬਕ ਪੈਦਾ ਕਰਨਾ। ਉਂਝ, ਜਿਊਰੀ ਸੋਚੀ ਸਮਝੀ ਸਾਜ਼ਿਸ਼ ਤਹਿਤ ਫ਼ੈਸਲਾ ਪਹਿਲਾਂ ਹੀ ਲੈ ਚੁੱਕੀ ਹੈ।
ਸੈਕੋ ਅਤੇ ਵੈਂਜੈਟੀ ਦਾ ਵਕੀਲ, ਸਰਕਾਰੀ ਵਕੀਲ ਦੇ ਹਰ ਦੋਸ਼ ਦੀਆਂ ਧੱਜੀਆਂ ਉਡਾਉਂਦਾ ਹੈ। ਆਖ਼ਰਕਾਰ, 9 ਅਪਰੈਲ 1927 ਦੇ ਦਿਨ ਦੋਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਵੈਂਜੈਟੀ ਦੇ ਅਦਾਲਤ ‘ਚ ਆਖਰੀ ਸ਼ਬਦ ਸਨ, “ਅਸੀਂ ਨਿਰਦੋਸ਼ ਹਾਂ ਤੇ ਕਦੇ ਕੋਈ ਬੰਦਾ ਨਹੀਂ ਮਾਰਿਆ ਤੇ ਨਾ ਡਕੈਤੀ ਕੀਤੀ ਹੈ। ਅਸੀਂ ਮਨੁੱਖ ਦੀ ਬਿਹਤਰ ਜ਼ਿੰਦਗੀ ਲਈ ਲੜੇ ਹਾਂ। ਇਸੇ ਕਰ ਕੇ ਸਾਨੂੰ ਫਾਂਸੀ ਮਿਲੀ ਹੈ। ਸਾਨੂੰ ਸਜ਼ਾ ਮਿਲੀ ਕਿਉਂਕਿ ਅਸੀਂ ਨਾਬਰ ਹਾਂ æææ ਹਾਂ ਅਸੀਂ ਨਾਬਰ ਹਾਂ।”
ਫ਼ਿਲਮ ਵਿਚ ਸੈਕੋ ਦੀ ਮਾਨਸਿਕਤਾ ਕਈ ਥਾਂਈਂ ਦਵੰਦ ਦਾ ਸ਼ਿਕਾਰ ਹੁੰਦੀ ਹੈ। ਜੁਰਮ Ḕਸਾਬਤ’ ਹੋਣ ਉਤੇ ਉਹ ਅਦਾਲਤ ਦੇ ਬਾਹਰ ਰੌਲਾ ਪਾਉਂਦਾ ਹੈ ਕਿ ਉਹ ਸਿਆਸੀ ਸ਼ਹੀਦ ਨਹੀਂ ਬਣਨਾ ਚਾਹੁੰਦਾ, ਉਹ ਜਿਉਣਾ ਚਾਹੁੰਦਾ ਹੈ। ਆਖ਼ਰੀ ਦਿਨਾਂ Ḕਚ ਉਹ ਮੁੜ ਸੁਰਤ ਸੰਭਾਲਦਾ ਹੈ। ਵੈਂਜੈਟੀ ਗਵਰਨਰ ਨੂੰ ਭੇਜੀ ਰਹਿਮ ਦੀ ਅਪੀਲ Ḕਤੇ ਦਸਤਖ਼ਤ ਕਰ ਦਿੰਦਾ ਹੈ ਪਰ ਸੈਕੋ ਮਨਾਂ ਕਰ ਦਿੰਦਾ ਹੈ। ਬੰਦ ਕਮਰੇ Ḕਚ ਰਹਿਮ ਦੀ ਅਪੀਲ ਬਾਰੇ ਗਵਰਨਰ, ਸਰਕਾਰੀ ਵਕੀਲ ਅਤੇ ਵੈਂਜੈਟੀ ਦੀ ਆਪਸੀ ਬਹਿਸ ਸਰਕਾਰੀ ਧਿਰ ਨੂੰ ਧੁਰ ਅੰਦਰ ਤੱਕ ਨੰਗਾ ਕਰ ਦਿੰਦੀ ਹੈ। ਗਵਰਨਰ ਕਹਿੰਦਾ ਹੈ ਕਿ ਨਾਬਰ ਉਸ ਪ੍ਰਬੰਧ ਤੋਂ ਰਹਿਮ ਦੀ ਆਸ ਕਿਵੇਂ ਰੱਖ ਸਕਦਾ ਹੈ ਜਿਸ ਪ੍ਰਬੰਧ ਨੂੰ ਉਹ ਤਬਾਹ ਕਰਨਾ ਚਾਹੁੰਦਾ ਹੈ? ਵੈਂਜੈਟੀ ਮੁਤਾਬਕ ਉਹ ਰਹਿਮ ਨਹੀਂ, ਇਨਸਾਫ਼ ਚਾਹੁੰਦੇ ਹਨ। ਸੈਕੋ ਆਖ਼ਰੀ ਚਿੱਠੀ Ḕਚ ਪੁੱਤ ਨੂੰ ਲਿਖਦਾ ਹੈ, “ਸਾਰੀਆਂ ਖ਼ੁਸ਼ੀਆਂ ਸਿਰਫ਼ ਆਪਣੇ ਲਈ ਨਾ ਮੰਗੀ। ਆਲੇ ਦੁਆਲੇ ਨਿਮਾਣਿਆਂ ਅਤੇ ਨਿਤਾਣਿਆਂ ਵੱਲ ਵੀ ਦੇਖੀਂ। ਯਾਦ ਰੱਖ ਕਿ ਡਾਢੇ ਸਾਨੂੰ ਮਾਰ ਸਕਦੇ ਹਨ ਪਰ ਸਾਡੇ ਵਿਚਾਰਾਂ ਨੂੰ ਨਹੀਂ।” ਇਹ ਸ਼ਬਦ ਫ਼ਿਲਮ ਦੇ ਅੰਤ Ḕਚ ਕਈ ਵਾਰ ਦੁਹਰਾਏ ਜਾਂਦੇ ਹਨ ਜਦੋਂ ਦੋਹਾਂ ਨਾਬਰਾਂ ਨੂੰ ਕਤਲ ਕੀਤਾ ਜਾ ਰਿਹਾ ਹੈ।
Leave a Reply