ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਪੰਜਾਹਵਿਆਂ ਤੋਂ ਉਪਰ ਬਥੇਰੇ ਪਾਠਕ ਹੋਣਗੇ ਜਿਨ੍ਹਾਂ ਨੂੰ ਇਸ ਲਿਖਤ ਵਿਚਲੀਆਂ ਬਥੇਰੀਆਂ ਗੱਲਾਂ ਆਪਣੇ ਹੱਡੀਂ ਹੰਢਾਈਆਂ ਜਾਪਣਗੀਆਂ। -ਸੰਪਾਦਕ
ਗੁਰਦਿਆਲ ਦਲਾਲ
ਫੋਨ: 91-98141-85363
ਹੁਣ ਤਾਂ ਸਾਡੇ ਪਿੰਡ ਦੇ ਬਹੁਤੇ ਲੋਕ ਕੋਠੀਆਂ ਕਾਰਾਂ ਦੇ ਮਾਲਕ ਬਣ ਗਏ ਹਨ ਤੇ ਜੋ ਨਹੀਂ ਵੀ ਬਣੇ, ਉਹ ਵੀ ਇਹ ਇੱਛਾ ਪਾਲੀ ਬੈਠੇ ਹਨ ਕਿ ਕਿਸੇ ਨਾ ਕਿਸੇ ਦਿਨ ਮਹਾਰਾਜ ਉਨ੍ਹਾਂ ਦੇ ਛੱਪਰ ਵਿਚੋਂ ਵੀ ਬੇਅੰਤ ਮਾਇਆ ਦੀ ਬਾਰਸ਼ ਕਰ ਦੇਵੇਗਾ ਤੇ ਉਹ ਵੀ ਵੱਡਿਆਂ ਵਿਚ ਸ਼ਾਮਲ ਹੋ ਜਾਣਗੇ। ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਜੇ ਤੀਕ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਹੋਏ ਹਨ ਤੇ ਉਹ ਈਰਖ਼ਾ ਚੁਗਲੀ ਕਰ ਕੇ ਆਪਣੇ ਮਨਾਂ ਦੀ ਭੜਾਸ ਕੱਢਦੇ ਰਹਿੰਦੇ ਹਨ, “ਕੋਈ ਨਾ! ਇਨ੍ਹਾਂ ਸਾਲਿਆਂ ਨੇ ਗਰੀਬਾਂ ਦਾ ਲਹੂ ਚੂਸ ਕੇ ਬਣਾਇਆ ਏ ਸਭ ਕੁਝ। ਦੇਖ ਲੈਣਾ ਇਕ ਦਿਨ ਅਜਿਹੀ ਕਰਾਮਾਤ ਹੋਊ ਕਿ ਰੱਬ ਭੁੰਜੇ ਪਟਕਾ ਮਾਰੂ। ਉਥੇ ਦੇਰ ਆ, ‘ਨ੍ਹੇਰ ਨਹੀਂ।” ਤੇ ਉਹ ਇਸੇ ਉਡੀਕ ਵਿਚ ਨਰਕ ਕੱਟ ਕੇ ਸਵਰਗਾਂ ਨੂੰ ਚਲੇ ਜਾਂਦੇ ਹਨ।
ਅੱਧੀ ਸਦੀ ਪਹਿਲਾਂ ਸੱਠ ਕੁ ਘਰਾਂ ਵਾਲੇ ਸਾਡੇ ਪਿੰਡ ਵਿਚ ਤਿੰਨ-ਚਾਰ ਹੀ ਪੱਕੇ ਮਕਾਨ ਹੁੰਦੇ ਸਨ। ਬਹੁਤੇ ਲੋਕਾਂ ਦਾ ਵਾਸਾ ਛੰਨਾਂ ਜਾ ਕੱਚੇ ਕੋਠਿਆਂ ਵਿਚ ਹੀ ਹੁੰਦਾ ਸੀ। ਬਰਸਾਤਾਂ ਵਿਚ ਛੱਤਾਂ ਤੋਂ ਪਾਣੀ ਦਾ ਟਪਕਊਆ ਡਿਗਦਾ ਰਹਿੰਦਾ। ਇਨ੍ਹਾਂ ਕੱਚੇ ਘਰਾਂ ਦੀਆਂ ਕੰਧਾਂ ਦੀ ਉਸਾਰੀ ਚੀਰੂਆ ਜਾਂ ਡਲਿਆਂ ਨਾਲ ਕੀਤੀ ਜਾਂਦੀ। ਢਾਈ-ਤਿੰਨ ਫੁੱਟ ਚੌੜੀਆਂ ਕੰਧਾਂ ਉਤੇ ਲਟੈਣਾਂ ਰੱਖ ਕੇ, ਵਿੰਗ-ਤੜਿੰਗੀਆਂ ਕੜੀਆਂ ਇਕ-ਦੂਜੇ ਵਿਚ ਫਸਾ, ਉਤੇ ਸਰਕੜਾ ਵਿਛਾ ਕੇ ਮਿੱਟੀ ਪਾ ਦਿੱਤੀ ਜਾਂਦੀ। ਇੰਜ ਘਰ (ਕੋਠਾ) ਤਿਆਰ ਹੋ ਜਾਂਦਾ ਹੈ ਜਿਸ ਨੂੰ ਤੀਵੀਆਂ ਤੂੜੀ-ਮਿੱਟੀ ਨਾਲ ਲਿੱਪ-ਸੰਵਾਰ ਲੈਂਦੀਆਂ। ਘਰਾਂ ਦੀਆਂ ਛੱਤਾਂ ਵਿਚ ਚੂਹੇ ਦਿਨ-ਰਾਤ ਲੁਕਣਮੀਟੀ ਖੇਡਦੇ ਅਤੇ ਮਿੱਟੀ ਸੁੱਟਦੇ ਰਹਿੰਦੇ। ਚਾਮਚੜਿੱਕਾਂ ਪੁੱਠੀਆਂ ਲਮਕਦੀਆਂ ਰਹਿੰਦੀਆਂ ਅਤੇ ਦਿਨ ਛਿਪਦੇ ਹੀ ਬਾਹਰ ਨਿਕਲ ਉਡਾਰੀਆਂ ਮਾਰਨ ਲਗਦੀਆਂ। ਇਨ੍ਹਾਂ ਕੱਚੇ ਘਰਾਂ ਉਤੇ ਨਾਂ-ਮਾਤਰ ਹੀ ਖਰਚ ਆਉਂਦਾ। ਲੋਕ ਆਪ ਹੀ ਮਿੱਟੀ ਰੇਤ ਗੁੰਨ੍ਹ ਕੇ ਲੱਕੜੀ ਦੇ ਸਾਂਚਿਆਂ ਵਿਚ ਚੀਰੂ ਪੱਥ ਲੈਂਦੇ ਅਤੇ ਸੁਕਾ ਲੈਂਦੇ। ਸਰਕੜਾ ਅਤੇ ਕੜੀਆਂ ਜੰਗਲ ਵਿਚੋਂ ਵੱਢ ਲਿਆਉਂਦੇ।
ਉਦੋਂ ਰੋਪੜ ਤੋਂ ਸਰਹਿੰਦ ਨਹਿਰ ਰਾਹੀਂ ਸ਼ਤੀਰੀਆਂ ਦੇ ਵੱਡੇ-ਵੱਡੇ ਟੱਲੇ ਦੋਰਾਹੇ ਤੱਕ ਜਾਇਆ ਕਰਦੇ ਸਨ। ਟੱਲੇ ਵਾਲੇ ਵੱਡਿਆਂ ਬਾਂਸਾਂ ਨਾਲ ਟੱਲਿਆਂ ਨੂੰ ਸੇਧ ਦਿੰਦੇ। ਅਸੀਂ ਨਹਿਰ ਦੇ ਕੰਢੇ ਖੜ੍ਹ ਕੇ ਉਨ੍ਹਾਂ ਨੂੰ ਛੇੜਦੇ ਕਹਿੰਦੇ,
ਬਾਸੀ ਰੋਟੀਆਂ ਨਹਿਰ ਦਾ ਪਾਣੀ,
ਟੱਲੇ ਵਾਲਿਆਂ ਨੂੰæææ
ਟੱਲਾ ਟੁੱਟ ਜੇ ਸ਼ਤੀਰੀਆਂ ਫੜੀਏ,
ਮੌਲਾ ਫਰਿਆਦ ਸੁਣ ਲੈ।
ਟੱਲੇ ਵਾਲੇ ਸਾਨੂੰ ਗਾਲ੍ਹਾਂ ਕੱਢਦੇ ਤਾਂ ਅਸੀਂ ਉਨ੍ਹਾਂ ਤੋਂ ਵੀ ਗੰਦੀ ਭਾਸ਼ਾ ਵਿਚ ਜਵਾਬ ਸੁੱਟਦੇ। ਇਹ ਟੱਲੇ ਕਈ ਵਾਰੀ ਰਾਹ ਵਿਚ ਹੀ ਟੁੱਟ ਜਾਂਦੇ ਅਤੇ ਸ਼ਤੀਰੀਆਂ ਬਿਖ਼ਰ ਜਾਂਦੀਆਂ। ਪਿੰਡ ਦੇ ਲੋਕ ਮਗਰ ਹੋ ਲੈਂਦੇ। ਅੱਧੀ-ਅੱਧੀ ਰਾਤ ਨਹਿਰ ਵਿਚ ਤੈਰ ਕੇ ਸ਼ਤੀਰੀਆਂ ਬਾਹਰ ਕੱਢ ਲਿਆਉਂਦੇ ਅਤੇ ਰੇਤੇ ਦੇ ਟਿੱਬਿਆਂ ਵਿਚ ਦੱਬ ਦਿੰਦੇ ਜਾਂ ਡੰਗਰਾਂ ਦੀਆਂ ਖੁਰਲੀਆਂ ਵਿਚ ਲਿਟਾ ਕੇ ਉਪਰੋਂ ਲਿੱਪ ਦਿੰਦੇ। ਮੇਰਾ ਮਾਮਾ ਹਮੇਸ਼ਾ ਹੀ ਇਸ ਦਾਅ ਉਤੇ ਰਹਿੰਦਾ ਅਤੇ ਮੈਂ ਉਸ ਦੇ ਨਾਲ ਸਹਾਇਕ ਵਜੋਂ ਜਾਂਦਾ। ਮਗਰੋਂ ‘ਸ਼ਤੀਰੀ ਚੋਰ’ ਫੜਨ ਲਈ ਪੁਲਿਸ ਆਉਂਦੀ, ਤਲਾਸ਼ੀ ਲੈਂਦੀ ਅਤੇ ਬੇਰੰਗ ਪਰਤ ਜਾਂਦੀ। ਬਾਅਦ ਵਿਚ ਲੋਕ ਸ਼ਤੀਰੀਆਂ ਕੱਢ ਕੇ ਲੋੜ ਮੁਤਾਬਕ ਲਟੈਣਾਂ, ਦਰਵਾਜ਼ੇ, ਤਾਕੀਆਂ ਬਣਾ ਲੈਂਦੇ।
ਉਦੋਂ ਪਿੰਡ ਵਿਚ ਦੋ ਹੀ ਚੁਬਾਰੇ ਸਨ। ਚੁਬਾਰੇ ਵਾਲਿਆਂ ਦੀ ਵੱਖਰੀ ਟੌਹਰ ਹੁੰਦੀ ਸੀ। ਉਨ੍ਹਾਂ ਨੂੰ ‘ਚੁਬਾਰੇ ਵਾਲੇ’ ਕਹਿ ਕੇ ਹੀ ਸੱਦਿਆ ਜਾਂਦਾ ਪਰ ਅਣਹੋਣੀ ਇਹ ਵਾਪਰ ਗਈ ਕਿ ਦੋਹਾਂ ਚੁਬਾਰਿਆਂ ਦੇ ਮਾਲਕ ਚੁਬਾਰੇ ਪੈਂਦਿਆਂ ਹੀ ਪਰਲੋਕ ਸਿਧਾਰ ਗਏ। ਐਨ ਉਦੋਂ ਹੀ ਕੋਈ ਸੰਤ ਮਹਾਤਮਾ ਪਿੰਡ ਆਏ ਤੇ ਬਚਨ ਕਰ ਗਏ ਕਿ ਭਵਿੱਖ ਵਿਚ ਵੀ ਜਿਹੜਾ ਬੰਦਾ ਪਿੰਡ ਵਿਚ ਚੁਬਾਰਾ ਪਾਵੇਗਾ, ਉਸ ਦੀ ਮੌਤ ਹੋ ਜਾਵੇਗੀ। ਕਾਰਨ ਇਹ ਦੱਸਿਆ ਗਿਆ ਕਿ ਪਿੰਡ ਦੇ ਗੁਰਦੁਆਰੇ ਤੋਂ ਉਚਾ ਘਰ ਰੱਬ ਦਾ ਨਿਰਾਦਰ ਹੈ। ਇਸ ਲਈ ਮਹਾਰਾਜ ਬੰਦੇ ਨੂੰ ਪਟਕਾ ਮਾਰਦਾ ਹੈ। ਪਿੰਡ ਵਿਚ ਅਜਿਹੀ ਦਹਿਸ਼ਤ ਫੈਲੀ ਕਿ ਲੋਕਾਂ ਨੇ ਚੁਬਾਰੇ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ।
ਜਦੋਂ ਕਪਤਾਨ ਤੇਜਾ ਸਿੰਘ ਫੌਜ ਤੋਂ ਰਿਟਾਇਰ ਹੋ ਕੇ ਪਿੰਡ ਆਇਆ ਤਾਂ ਬਾਕੀਆਂ ਦੇ ਮੁਕਾਬਲੇ ਉਹਦਾ ਰੁਤਬਾ ਵੱਡਾ ਸੀ। ਸਿੱਖਾਂ ਦਾ ਮੁੰਡਾ ਹੋਣ ਦੇ ਬਾਵਜੂਦ ਉਸ ਦਾ ਸਿਰ-ਮੂੰਹ ਘੋਨ-ਮੋਨ ਸੀ। ਉਹ ਵਧੀਆ ਕੱਪੜੇ ਪਾਉਂਦਾ। ਸਿਰ ਉਤੇ ਅੰਗਰੇਜ਼ਾਂ ਵਾਲੀ ਹੈਟ ਰੱਖ ਕੇ ਮੋਢੇ ਨਾਲ ਰਫਲ ਲਟਕਾਉਂਦਾ ਤੇ ਨਵੇਂ ਸਾਇਕਲ ਉਤੇ ਚੜ੍ਹ ਕੇ ਚਮਕੌਰ ਨੂੰ ਜਾਂਦਾ। ਲੋਕ ਉਸ ਦੇ ਸਾਹਮਣੇ ਹੱਥ ਚੁੱਕ ਕੇ ‘ਸਤਿ ਸ੍ਰੀ ਅਕਾਲ’ ਬੁਲਾਉਂਦੇ ਪਰ ਉਹਦੇ ਲੰਘ ਜਾਣ ਮਗਰੋਂ ਉਸੇ ਦਾ ਤਵਾ ਲਾਉਂਦੇ। ਸ਼ਾਮ ਵੇਲੇ ਉਹ ਸ਼ਿਕਾਰੀਆਂ ਵਾਲੇ ਕੱਪੜੇ ਪਾਉਂਦਾ, ਗੋਡਿਆਂ ਤੀਕ ਨਿੱਕਰ ਤੇ ਗੋਡਿਆਂ ਤੀਕ ਰਬੜ ਦੇ ਬੂਟ। ਅਸੀਂ ਆਪਣੀ ਖੇਡ ਛੱਡ ਕੇ ਝਾੜ ਪਾਉਣ ਲਈ ਉਸ ਦੇ ਮਗਰ ਹੋ ਤੁਰਦੇ। ਕਦੇ ਜੇ ਕੋਈ ਪਾੜ੍ਹਾ ਜਾਂ ਸੂਰ ਮਾਰਿਆ ਜਾਂਦਾ, ਉਹ ਸਾਰਿਆਂ ਨੂੰ ਮੀਟ ਦੀ ਢੇਰੀ ਦਿੰਦਾ। ਅਸੀਂ ਸਰਕੜੇ, ਕਾਹੀਆਂ, ਇੱਖਾਂ ਅਤੇ ਚਰ੍ਹੀਆਂ ਵਿਚ ‘ਹਾ-ਹਾ’ ਕਰ ਕੇ ਝਾੜ ਪਾਉਂਦੇ; ਉਹ ਉਡਦੇ ਤਿੱਤਰ ਫੁੰਡ ਲੈਂਦਾ। ਨਹਿਰ ਦੇ ਕੰਢੇ ‘ਤੇ ਬੈਠ ਉਹ ਤਿੱਤਰ ਸਾਫ ਕਰਦਾ ਤੇ ਅਸੀਂ ਗਿੱਟਿਆਂ-ਗੋਡਿਆਂ ਨਾਲ ਚੁੰਬੜੀਆਂ, ਲਹੂ ਪੀਂਦੀਆਂ ਜੋਕਾਂ ਉਤਾਰਦੇ।
ਪੱਕਾ ਮਕਾਨ ਤਾਂ ਕੈਪਟਨ ਕੋਲ ਪਹਿਲਾਂ ਹੀ ਸੀ, ਹੁਣ ਉਸ ਨੇ ਚੁਬਾਰਾ ਪਾਉਣ ਲਈ ਇੱਟਾਂ ਸੁਟਵਾ ਲਈਆਂ। ਸਾਰੇ ਪਿੰਡ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ। ਹਰ ਕੋਈ ਕਹਿੰਦਾ, “ਦੇਖੋ ਬੰਦੇ ਦੀ ਕਿਸਮਤ! ਮੌਤ ਕਿਵੇਂ ਖਿੱਚ ਕੇ ਲਿਆਈ ਏ ਫੌਜੀ ਨੂੰ। ਲੜਾਈਆਂ ‘ਚੋਂ ਬਚ ਕੇ ਆ ਗਿਆ, ਹੁਣ ਚੁਬਾਰੇ ਨੇ ਲੈ ਲੈਣਾ ਏ। ਮੂਰਖ ਬੰਦਾ ਰੱਬ ਨਾਲ ਪੰਗੇ ਲੈਂਦਾ ਏ।” ਲੋਕਾਂ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸੰਤ-ਮਹਾਤਮਾ ਦੇ ਬਚਨਾਂ ਦਾ ਵਾਸਤਾ ਪਾਇਆ ਪਰ ਕੈਪਟਨ ਉਨ੍ਹਾਂ ਨੂੰ ਅਨਪੜ੍ਹ, ਮੂਰਖ, ਜਾਹਲ ਕਹਿ ਕੇ ਮਜ਼ਾਕ ਉਡਾਉਂਦਾ ਰਿਹਾ। ਮਿਸਤਰੀ ਤੇ ਮਜ਼ਦੂਰ ਕੰਮ ਉਤੇ ਆ ਲੱਗੇ। ਲੋਕ ਉਨ੍ਹਾਂ ਨੂੰ ਵੀ ਡਰਾਉਂਦੇ ਰਹੇ ਕਿ ਉਹ ਵੀ ਪੈੜ ਤੋਂ ਡਿੱਗ ਕੇ ਮਰ ਸਕਦੇ ਹਨ ਪਰ ਥੋੜ੍ਹੇ ਸਮੇਂ ਵਿਚ ਹੀ ਉਸ ਦਾ ਸ਼ਾਨਦਾਰ ਚੁਬਾਰਾ ਉਸਰ ਕੇ ਤਿਆਰ ਹੋ ਗਿਆ। ਛੱਤ ਉਤੇ ਵੀ ਇੱਟ-ਬਾਲੇ ਦੀ ਥਾਂ ਸੀਮਿੰਟ-ਬੱਜਰੀ ਅਤੇ ਸਰੀਏ ਦਾ ਲੈਂਟਰ ਪਾਇਆ ਗਿਆ। ਥਾਂ ਪੁਰ ਥਾਂ ਰੰਗਦਾਰ ਸ਼ੀਸ਼ੇ ਫਿੱਟ ਕੀਤੇ ਗਏ। ਸਾਰਾ ਪਿੰਡ ਚੁਬਾਰਾ ਦੇਖਣ ਢੁਕਿਆ ਤੇ ਇਸ ਖਿਆਲ ਨਾਲ ਪਰਤਿਆ, ਕਿ ਦੇਖੋ ਹੁਣ ਕਪਤਾਨ ਕਿੰਨੇ ਦਿਨ ਕੱਢਦਾ ਏ! ਉਹ ਕੋਠਿਆਂ ‘ਤੇ ਪਏ ਰਾਤ ਨੂੰ ਕਪਤਾਨ ਦੇ ਚੁਬਾਰੇ ਵਿਚ ਜਲਦੇ ਤੇਲ ਵਾਲੇ ਗੈਸ ਨਾਲ ਚਮਕਦੇ ਸ਼ੀਸ਼ਿਆਂ ਵੱਲ ਦੇਖਦੇ ਕਿਆਸ ਲਾਉਂਦੇ ਰਹਿੰਦੇ।
ਕਪਤਾਨ ਨਿੱਤ ਹੀ ਸ਼ਾਮ ਨੂੰ ਚੁਬਾਰੇ ਦੇ ਬਰਾਂਡੇ ਵਿਚ ਛਿੜਕਾ ਕਰਵਾਉਂਦਾ। ਚਿੱਟੇ ਗੱਦਿਆਂ ਵਾਲੀ ਆਰਾਮ ਕੁਰਸੀ ਉਤੇ ਬੈਠ ਤਵਿਆਂ ਵਾਲੀ ਮਸ਼ੀਨ ਲਾ ਦਿੰਦਾ। ਰਕਾਟ ਵੱਜਣੇ ਸ਼ੁਰੂ ਹੁੰਦੇ। ਅਸੀਂ ਪਿੰਡ ਦੇ ਮੁੰਡੇ ਗਾਣੇ ਸੁਣਨ ਲਈ ਆਪਸ ਵਿਚ ਜੁੜੇ ਕੋਠਿਆਂ ਉਤੋਂ ਦੁੜੰਗੇ ਮਾਰਦੇ, ਉਥੇ ਪਹੁੰਚ ਜਾਂਦੇ ਤੇ ਮਸ਼ੀਨ ਦੇ ਭੌਂਪੂ ਮੂਹਰੇ ‘ਹਿੱਜ ਮਾਸਟਰਜ਼ ਵਾਇਸ’ ਵਾਲੇ ਕੁੱਤੇ ਵਾਂਗ ਬੈਠੇ ਜਾਂਦੇ। ਤਿੰਨ-ਚਾਰ ਰਕਾਟਾਂ ਮਗਰੋਂ ਉਹ ਪੁਰਾਣੀ ਘਸੀ ਸੂਈ ਕੱਢ ਕੇ ਮੁੰਡਿਆਂ ਵੱਲ ਵਗਾਹ ਮਾਰਦਾ। ਅਸੀਂ ਸੂਈ ਚੁੱਕਣ ਲਈ ਹੀ ਗੁੱਥਮ-ਗੁੱਥਾ ਹੋ ਜਾਂਦੇ। ਕੈਪਟਨ ਦੀ ਆਪਣੀ ਘਰਵਾਲੀ ਕਾਫ਼ੀ ਸਮਾਂ ਪਹਿਲਾਂ ਗੁਜ਼ਰ ਚੁੱਕੀ ਸੀ। ਉਸ ਦੇ ਛੋਟੇ ਭਾਈ ਨੌਰੰਗ ਸੂੰ ਜੋ ਕੋਰਾ ਅਨਪੜ੍ਹ ਸੀ, ਦੀ ਘਰਵਾਲੀ ਜੀਤੋ ਪਿੰਡ ਦੀਆਂ ਸੁਹਣੀਆਂ ਅਤੇ ਸਿਹਤਵੰਦ ਤੀਵੀਆਂ ਵਿਚ ਗਿਣੀ ਜਾਂਦੀ ਸੀ। ਔਲਾਦ ਉਸ ਦੇ ਕੋਈ ਨਹੀਂ ਸੀ। ਉਹ ਟਰੇਅ ਵਿਚ ਅਚਾਰ, ਪਕੌੜੀਆਂ ਅਤੇ ਸ਼ਰਾਬ ਨਾਲ ਭਰਿਆ ਕੱਚ ਦਾ ਗਿਲਾਸ ਰੱਖ ਕੇ, ਘੁੰਡ ਕੱਢੀ, ਉਸ ਨੂੰ ਫੜਾਉਣ ਆਉਂਦੀ, ਤਾਂ ਉਸ ਦੀਆਂ ਝਾਂਜਰਾਂ ਛਣਕਦੀਆਂ। ਮੁੰਡੇ ਇਕ-ਦੂਜੇ ਵੱਲ ਦੇਖ ਕੇ ਮੁਸਕਰਾਉਂਦੇ ਤੇ ਹੌਲੀ-ਹੌਲੀ ਗਾਉਣ ਲੱਗਦੇ, “ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗਲੀ ਦੇ ਵਿਚ ਡੰਡ ਪਾਉਂਦੀਆਂ ਗਈਆਂ।”
ਜੀਤੋ ਨੇ ਨਿੱਤ ਨਵਾਂ ਸੂਟ ਪਾਇਆ ਹੁੰਦਾ। ਲੋਕਾਂ ਵਿਚ ਦੰਦ-ਕਥਾ ਸੀ ਕਿ ਕਪਤਾਨ ਆਉਣ ਲੱਗਿਆਂ ਜੀਤੋ ਲਈ ਪੂਰੇ ਸੌ ਸੂਟ ਲੈ ਕੇ ਆਇਆ ਸੀ। ਕਈ ਤਾਂ ਟਿੱਚਰ ਵਿਚ ਨੌਰੰਗ ਸੂੰ ਦੇ ਮੂੰਹ ਉਤੇ ਹੀ ਆਪਣੇ ਮਨ ਦੀ ਭੜਾਸ ਕੱਢ ਲੈਂਦੇ ਪਰ ਉਹ ਹੱਸ ਕੇ ਸਭ ਨੂੰ ਖਰੀਆਂ-ਖਰੀਆਂ ਸੁਣਾ ਦਿੰਦਾ, “ਉਇ ਪੂਪਨਿਉਂ! ਉਹ ਮੇਰਾ ਵੱਡਾ ਭਾਈ ਏ। ਕਿੰਨੀਆਂ ਜੰਗਾਂ ਜਿੱਤ ਕੇ ਘਰ ਮੁੜਿਆ ਏ। ਥੋਡੇ ਮੰਗਣਾਂ ਮਾਂ ਦੀਆਂ ਖੁੱਚਾਂ ‘ਚ ਨ੍ਹੀਂ ਵੜਿਆ ਰਿਹਾ ਸਾਲਿਓ। ਸ਼ਰਾਬ ਦਾ ਗਿਲਾਸ ਥੋਡੀ ਮਾਂ-ਭੈਣ ਤੋਂ ਨੀ ਮੰਗਦਾ। ਜਿੱਦਣ ਜੀਤੋ ਪੇਕੀਂ ਗਈ, ਤਾਂ ਆਪਣੀ ਮਾਂ ਨੂੰ ਭੇਜ ਦਿਉ ਉਹਦੇ ਕੋਲ। ਸਾਲਿਆਂ ਦੇ ਐਵੀਂ ਢਿੱਡ ‘ਚ ਸੂਲ ਉਠੀ ਜਾਂਦੈ।” ਖਰੀਆਂ-ਖਰੀਆਂ ਸੁਣ ਕੇ ਲੋਕੀਂ ਉਸ ਕੋਲੋਂ ਦੌੜਨ ਦੀ ਕਰਦੇ।
ਕੈਪਟਨ ਦੀ ਜ਼ਿੰਦਗੀ ਦਾ ਇਹ ਰੁਟੀਨ ਪਤਾ ਨਹੀਂ ਕਿੰਨੀ ਦੇਰ ਚਲਦਾ ਰਿਹਾ। ਉਹ ਪਹਿਲਾਂ ਨਾਲੋਂ ਵੀ ਵੱਧ ਸਿਹਤਵੰਦ ਹੁੰਦਾ ਗਿਆ। ਉਸ ਦਾ ਚਿਹਰਾ ਲਾਲ ਟਮਾਟਰ ਵਰਗਾ ਨਿਕਲ ਆਇਆ। ਇਲਾਕੇ ਦੇ ਸਾਰੇ ਤਿੱਤਰ ਉਸ ਨੇ ਮੁਕਾ ਦਿੱਤੇ ਸਨ। ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਉਹ ਨਹੀਂ ਮਰੇਗਾ। ਪਿੰਡ ਵਿਚ ਮਾਸਟਰ ਅਮਰ ਸਿੰਘ (ਖੋਜਾ ਮਾਸਟਰ) ਦੇ ਆਉਣ ਨਾਲ ਲੋਕਾਂ ਦੇ ਦਿਮਾਗਾਂ ਨੂੰ ਲੱਗਿਆ ਜਾਲਾ ਕਾਫੀ ਹੱਦ ਤੱਕ ਦੂਰ ਹੋ ਗਿਆ। ਅਮਰ ਸਿੰਘ ਦੀ ਘਰਵਾਲੀ ਚਿੱਟੇ ਕੱਪੜੇ ਪਾਈ ਘਰ-ਘਰ ਚਾਨਣ ਵੰਡਦੀ ਫਿਰਦੀ ਰਹਿੰਦੀ। ਲੋਕਾਂ ਦੇ ਘਰਾਂ ਵਿਚ ਵਿੱਦਿਆ ਦਾ ਚਾਨਣ ਹੋਣ ਲੱਗਾ। ਵਹਿਮ ਭਰਮ ਦੂਰ ਹੋ ਗਏ। ਉਸਾਰੂ ਸੋਚ ਵਾਲੀ ਪਨੀਰੀ ਨੇ ਆਪਣੇ ਮਾਪਿਆਂ ਨੂੰ ਤਰਕਸ਼ੀਲਤਾ ਦੀ ਲੀਹ ‘ਤੇ ਤੋਰ ਲਿਆ। ਗੁਰਦੁਆਰੇ ਵਿਚੋਂ ਪੁੱਛਿਆ ਦੇਣ ਵਾਲੇ ਪਖੰਡੀ ਗਿਆਨੀ ਨੂੰ ਭੱਜਣਾ ਪਿਆ। ਲੋਕ ਆਪਣੇ ਮੂਰਖਤਾ ਭਰੇ ਪੁਰਾਣੇ ਵਿਚਾਰਾਂ ‘ਤੇ ਆਪ ਹੀ ਹੱਸਣ ਲੱਗੇ। ਦੇਖਾ ਦੇਖੀ ਚੁਬਾਰੇ ਪੈਣੇ ਸ਼ੁਰੂ ਹੋ ਗਏ। ਹਰ ਕੋਈ ਸੋਚਣ ਲੱਗਾ, ਜੇ ਜ਼ਿੰਦਗੀ ਵਿਚ ਇਕ ਚੁਬਾਰਾ ਵੀ ਨਾ ਪਾਇਆ ਗਿਆ, ਇਸ ਨਾਲੋਂ ਤਾਂ ਮਰ ਜਾਣਾ ਬਿਹਤਰ!
—
ਜਿਵੇਂ ਕੈਪਟਨ ਤੇਜਾ ਸਿੰਘ ਰਿਟਾਇਰਮੈਂਟ ਮਗਰੋਂ ਜ਼ਿੰਦਗੀ ਜੀਵਿਆ ਸੀ, ਮੇਰੇ ਮਨ ਵਿਚ ਵੀ ਕੁਝ ਉਸੇ ਤਰ੍ਹਾਂ ਦੀ ਇੱਛਾ ਦਬੀ ਪਈ ਸੀ। ਸੰਨ 1970 ਤੋਂ ਲੈ ਕੇ 2003 ਤੱਕ ਮੈਂ ਮਕਾਨ ਹੀ ਬਣਾਉਂਦਾ ਰਿਹਾ। ਘਰ ਵਿਚ ਵਰਤੋਂ ਲਈ ਸਹੂਲਤਾਂ ਜੁਟਾਉਂਦਾ ਰਿਹਾ। ਖੁੱਲ੍ਹੇ-ਡੁੱਲ੍ਹੇ ਮਕਾਨ ਦੀ ਦੂਜੀ ਮੰਜ਼ਿਲ ਵੀ ਪਾ ਲਈ। ਇਕ ਦੀ ਥਾਂ ਤਿੰਨ ਚੁਬਾਰੇ ਬਣ ਗਏ। ਕੋਈ ਅਜਿਹੀ ਸੱਧਰ ਨਾ ਰਹੀ ਜੋ ਪੂਰੀ ਨਾ ਹੋਈ ਹੋਵੇ। ਸੰਨ 2004 ਵਿਚ ਰਿਟਾਇਰ ਹੋ ਕੇ ਮੈਂ ਲਿਖਣ ਪੜ੍ਹਨ ਵਿਚ ਬਹੁਤਾ ਸਮਾਂ ਬਿਤਾਉਣ ਲੱਗਾ। ਬੇਟਾ ਆਪਣੀ ਵਹੁਟੀ ਨੂੰ ਲੈ ਕੇ ਗਰਾਊਂਡ ਫਲੋਰ ‘ਤੇ ਅੱਡ ਹੋ ਗਿਆ। ਬੇਟੀ ਵਿਆਹ ਮਗਰੋਂ ਵਿਦੇਸ਼ ਵਸ ਗਈ। ਕਾਫ਼ੀ ਪੈਨਸ਼ਨ ਹੈ, ਕਾਫ਼ੀ ਵਿਆਜ ਆਉਂਦਾ ਹੈ। ਪਤਨੀ ਇਕਬਾਲ ਅਜੇ ਨੌਕਰੀ ਕਰਦੀ ਹੈ। ਫਿਰ ਘਾਟ ਕਿੱਥੇ ਹੈ? ਪਤਾ ਹੀ ਨਹੀਂ ਲਗਦਾ। ਸਭ ਸਹੂਲਤਾਂ ਹੁੰਦਿਆਂ ਵੀ ਇਹ ਮਨ ਕਿਉਂ ਨਹੀਂ ਲੱਗਦਾ? ਅੱਖਾਂ ਵਿਚ ਹੰਝੂ ਕਿਉਂ ਭਰ ਆਉਂਦੇ ਹਨ? ਹਰ ਚੀਜ਼ ਦੀ ਬਹੁਤਾਤ ਨੇ ਸ਼ਾਇਦ ਮੈਨੂੰ ਆਪਣੇ ਅੰਦਰ ਡੋਬ ਲਿਆ ਹੈ! ਮੈਂ ਗਲ ਤਕ ਖੁੱਭ ਕੇ ਦੂਜਿਆਂ ਨੂੰ ਪਿਆਰ ਕਰਨਾ ਚਾਹੁੰਦਾ ਹਾਂ ਪਰ ਮੇਰੇ ਕਸਬੇ ਵਿਚ ਤਾਂ ਜ਼ਿੰਦਗੀ ਦੀ ਤਰਜ਼ ਹੀ ਬਦਲੀ ਪਈ ਹੈ। ਜੀਅ ਕਰਦਾ ਹੈ, ਪਿੰਡ ਨੂੰ ਦੌੜ ਜਾਵਾਂ। ਪਿੰਡ ਕੱਚੇ ਘਰ ਵਿਚ ਆਪਣੀ ਪਤਨੀ ਨਾਲ ਬਾਕੀ ਜ਼ਿੰਦਗੀ ਬਿਤਾਵਾਂ। ਉਸ ਨੂੰ ਇਕ ਦਿਨ ਆਪਣੇ ਮਨ ਦੀ ਗੱਲ ਕਹੀ ਤਾਂ ਉਹ ਬੋਲੀ, “ਤੁਸੀਂ ਸਠਿਆ ਗਏ ਹੋ।”
(ਚਲਦਾ)
Leave a Reply