ਨਰਿੰਦਰ ਮੋਦੀ ਦਾ ਸਰਦਾਰ ਪਟੇਲ

ਗੁਲਜ਼ਾਰ ਸਿੰਘ ਸੰਧੂ
ਭਾਜਪਾ ਦੇ ਸੰਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਵਾੜੀ (ਹਰਿਆਣਾ) ਵਾਲਾ ਭਾਸ਼ਨ ਧਿਆਨ ਮੰਗਦਾ ਹੈ। ਵਿਰੋਧੀਆਂ ਲਈ ‘ਕੁੱਤੇ ਕਾ ਬੱਚਾ’, ‘ਦਾਮਾਦ ਕਾ ਕਾਰੋਬਾਰ’ ਜਾਂ ‘ਸੈਕੂਲਰ ਬੁਰਕਾਧਾਰੀ’ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਮੋਦੀ ਦਾ ‘ਸੈਕੂਲਰ ਛਤਰੀ ਵਾਲੇ’ ਵਰਗੇ ਸੋਧੇ ਹੋਏ ਸ਼ਬਦ ਵਰਤਣਾ ਦਸਦਾ ਹੈ ਕਿ ਉਸ ਦਾ ਮੀਡੀਆ ਸਲਾਹਕਾਰ ਉਸ ਨੂੰ ਠੀਕ ਰਾਹ ‘ਤੇ ਤੋਰਨ ਦਾ ਯਤਨ ਕਰ ਰਿਹਾ ਹੈ। ਨਿਸਚੇ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਵਾਲੀ ਗਾਜਰ ਬਹੁਤ ਖਿੱਚ ਵਾਲੀ ਹੈ। ਉਹਦਾ ਅਤਿਵਾਦ ਤੇ ਮਾਓਵਾਦ ਨਾਲ ਲੜਨ ਲਈ ਪਾਕਿਸਤਾਨ ਤੇ ਬੰਗਲਾਦੇਸ਼ ਦਾ ਸਾਥ ਮੰਗਣ ਵਾਲਾ ਨਵਾਂ ਨਾਅਰਾ ਵੀ ਨਵੀਂ ਸੋਚ ਦੀ ਉਪਜ ਹੈ। ਪਰ ਕਿਸੇ ਖਾਸ ਸੰਚੇ ਵਿਚ ਢਲੇ ਹੋਏ ਬਦਲਿਆ ਨਹੀਂ ਕਰਦੇ। ਹਰਿਆਣਾ ਦੀ ਜਾਟ ਭੂਮੀ ਵਿਚ ਜਾ ਕੇ ਉਥੋਂ ਦੇ ਜਾਟਾਂ ਕੋਲੋਂ ਗੁਜਰਾਤ ਵਿਚ ਸਰਦਾਰ ਪਟੇਲ ਦਾ ਬੁੱਤ ਨਿਊ ਯਾਰਕ ਦੇ ‘ਸਟੈਚੂ ਆਫ ਲਿਬਰਟੀ’ ਨਾਲੋਂ ਉਚਾ ਬਣਾਉਣ ਲਈ ਉਥੋਂ ਦੇ ਕਿਸਾਨਾਂ ਕੋਲੋਂ ਲੋਹੇ ਦਾ ਦਾਨ ਮੰਗਣਾ ਇਹੀ ਸਾਬਤ ਕਰਦਾ ਹੈ। ਜਿਸ ਭੂਮੀ ਵਿਚ ਖਲੋ ਕੇ ਇਹ ਮੰਗ ਕੀਤੀ ਗਈ ਉਹ ਸਰ ਛੋਟੂ ਰਾਮ ਦੀ ਜਨਮ ਭੂਮੀ ਹੈ। ਉਸ ਨੇ ਅੱਠ ਦਹਾਕੇ ਪਹਿਲਾਂ ਅੰਗਰੇਜ਼ ਸਰਕਾਰ ਤੋਂ ਦੇਸ਼ ਭਰ ਦੀ ਕਿਰਸਾਣੀ ਨੂੰ ਸ਼ਾਹੂਕਾਰਾਂ ਦੇ ਸ਼ਿਕੰਜੇ ਵਿਚੋਂ ਕੱਢਣ ਲਈ ਮਾਅਰਕੇ ਦਾ ਕਾਨੂੰਨ ਪਾਸ ਕਰਵਾਇਆ ਸੀ। ਉਸ ਨੇ ਅਖੰਡ ਭਾਰਤ ਦੇ ਕਿਸਾਨਾਂ ਨੂੰ, ਜਿਸ ਵਿਚ ਪਾਕਿਸਤਾਨ ਤੇ ਬੰਗਲਾ ਦੇਸ਼ ਦੇ ਕਿਸਾਨ ਵੀ ਸ਼ਾਮਲ ਸਨ, ਸ਼ਾਹੂਕਾਰਾਂ ਕੋਲ ਗਹਿਣੇ ਪਈ ਭੂਮੀ ਰਾਤੋ ਰਾਤ ਇੱਕ ਵੀ ਧੇਲਾ ਦਿੱਤੇ ਬਿਨਾ ਵਾਪਸ ਕਰਵਾ ਦਿੱਤੀ ਸੀ। ਕਿਸਾਨਾਂ ਦੀ ਉਤਪਤੀ ਤੇ ਵਿਕਾਸ ਲਈ ਇਸ ਤੋਂ ਚੰਗਾ ਬਿੱਲ ਪਾਸ ਕਰਾਉਣ ਵਾਲਾ ਅੱਜ ਤੱਕ ਕੋਈ ਨਹੀਂ ਜੰਮਿਆ। ਸਰ ਛੋਟੂ ਰਾਮ ਦੀ ਜਨਮ ਭੂਮੀ ਵਿਚ ਖਲੋ ਕੇ ਸਰਦਾਰ ਪਟੇਲ ਦੀ ਲੋਹ ਪੁਰਸ਼ੀ ਦਾ ਗੀਤ ਗਾਉਣਾ ਤੇ ਉਸ ਦੇ ਬਣਾਏ ਜਾਣ ਵਾਲੇ ਬੁੱਤ ਲਈ ਦਾਨ ਮੰਗਣਾ ਕਿੰਨਾ ਕੁ ਉਚਿਤ ਹੈ? ਕੀ ਇਹ ਗੁਜਰਾਤ ਦੇ ਮੁੱਖ ਮੰਤਰੀ ਦੀ ਕੁਰਸੀ ਲਈ ਇੱਕ ਟਰਮ ਹੋਰ ਮੰਗਣ ਦਾ ਯਤਨ ਮਾਤਰ ਤਾਂ ਨਹੀਂ। ਇਸ ਰੁਚੀ ਦੀ ਲੋਅ ਵਿਚ ਦੇਸ਼ ਵਾਸੀ ਉਸ ਤੋਂ ਕਿਹੋ ਜਿਹੀ ਆਸ ਰੱਖਣ, ਇਹ ਉਨ੍ਹਾਂ ਨੇ ਖੁਦ ਵੇਖਣਾ ਹੈ।
ਸਮੂਹਕ ਜਬਰ ਜਨਾਹ ਦੀ ਮਿਸਾਲੀ ਸਜ਼ਾ
ਨਵੀਂ ਦਿੱਲੀ ਜਬਰ ਜਨਾਹ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦਾ ਸਵਾਗਤ ਹੋਣਾ ਕੁਦਰਤੀ ਸੀ। ਐਲਾਨੀ ਗਈ ਸਜ਼ਾ ਘੋਰ ਅਪਰਾਧ ਕਰਨ ਵਾਲਿਆਂ ਲਈ ਸਬਕ ਸਿਖਾਉਣ ਵਾਲੀ ਹੈ। ਮਾਣਯੋਗ ਜੱਜ ਯੋਗੇਸ਼ ਖੰਨਾ ਦਾ ਨਿਯਮਾਂ ਉਤੇ ਅਧਾਰਤ ਦਲੇਰੀ ਵਾਲਾ ਫੈਸਲਾ ਚੰਗਾ ਪ੍ਰਭਾਵ ਪਾਵੇਗਾ। ਇਸ ਦਾ ਰਾਹ ਜੁਵੇਨਾਈਲ ਜਸਟਿਸ ਬੋਰਡ ਦੇ ਫੈਸਲੇ ਨੇ ਵੀ ਪੱਧਰਾ ਕੀਤਾ ਸੀ। ਉਨ੍ਹਾਂ ਨੇ ਦੋਸ਼ ਵਿਲੱਖਣ ਤੇ ਗੰਭੀਰ ਸਮਝ ਕੇ ਨਾਬਾਲਗ ਮੰਨੇ ਗਏ ਦੋਸ਼ੀ ਨੂੰ ਆਪਣੇ ਘੇਰੇ ਵਿਚ ਆਉਂਦੀ ਸਖਤ ਤੋਂ ਸਖਤ ਸਜ਼ਾ ਦੇ ਛੱਡੀ ਹੈ। ਅਕਸ਼ੇ ਠਾਕੁਰ, ਮੁਕੇਸ਼ ਸਿੰਘ, ਪਵਨ ਗੁਪਤਾ ਤੇ ਵਿਨੇ ਸ਼ਰਮਾ ਨੂੰ ਫਾਂਸੀ ਦੇ ਭਾਗੀ ਮੰਨੇ ਜਾਣ ਪਿੱਛੋਂ ਨਾਬਾਲਗ ਮੰਨੇ ਗਏ ਦੋਸ਼ੀ ਦਾ ਕੇਸ ਵੀ ਮੁੜ ਵਿਚਾਰੇ ਜਾਣ ਦੀ ਮੰਗ ਕਰਦਾ ਹੈ। ਅੱਜ ਦੇ ਦਿਨ ਭਾਰਤ ਦੇ ਕੋਨੇ ਕੋਨੇ ਤੋਂ ਨਾਬਾਲਗ ਆਖੇ ਜਾਂਦੇ ਅਜੀਬ ਦੋਸ਼ੀ ਮੀਡੀਆ ਵਿਚ ਆ ਰਹੇ ਹਨ। ਅਜਿਹੇ ਦੋਸ਼ਾਂ ਦੀ ਜ਼ਿੰਮੇਵਾਰੀ ਕਿਸੇ ਹੱਦ ਤੱਕ ਵਿਦਿਆ ਅਤੇ ਸੰਚਾਰ ਦੇ ਸਾਧਨਾਂ ਦੇ ਸਿਰ ਵੀ ਥੋਪੀ ਜਾ ਰਹੀ ਹੈ। ਬਾਲਗਾਂ ਦੀ ਉਮਰ 18 ਸਾਲ ਤੋਂ ਘੱਟ ਕੀਤੇ ਜਾਣ ਦੀ ਸਖਤ ਲੋੜ ਹੈ। ਜਦੋਂ ਤੱਕ ਅਜਿਹਾ ਨਹੀਂ ਹੁੰਦਾ ਫਾਸਟ ਟਰੈਕ ਅਦਾਲਤਾਂ ਨੂੰ ਘੋਰ ਅਪਰਾਧ ਕਰਨ ਵਾਲੇ ਨਾਬਾਲਗਾਂ ਨੂੰ ਸਖਤ ਸਜ਼ਾਵਾਂ ਦੇਣ ਦੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਅਜਿਹੇ ਕੀਤੇ ਬਿਨਾ ਉਨ੍ਹਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲੈਣਾ ਕਠਿਨ ਹੈ।
ਨੁੱਕੜ ਨਾਟਕ ਦੇ ਸ਼ਾਹਸਵਾਰ ਨੂੰ ਢੁਕਵੀਂ ਸ਼ਰਧਾਂਜਲੀ
16 ਸਤੰਬਰ ਪੰਜਾਬੀ ਨਾਟਕ ਮੰਚਨ ਦੇ ਸ਼ਾਹਸਵਾਰ ਗੁਰਸ਼ਰਨ ਸਿੰਘ ਦਾ ਜਨਮ ਦਿਨ ਸੀ। ਉਸ ਨੇ ਪੰਜਾਬੀ ਦੇ ਨਿੱਕੇ-ਵੱਡੇ ਨਾਟਕਾਂ ਨੂੰ ਪੰਜਾਬ ਭਰ ਦੇ ਪਿੰਡਾਂ ਵਿਚ ਪਹੁੰਚਾਉਣ ਤੋਂ ਬਿਨਾਂ ਖੁਦ ਵੀ 175 ਨਿੱਕੇ ਨਾਟਕ ਰਚੇ ਤੇ ਘਰ ਘਰ ਪਹੁੰਚਾਏ। ਇਸ ਅਮਲ ਵਿਚ ਉਸ ਨੇ ਦਰਜਨਾਂ ਸ਼ਾਗਿਰਦ ਸਾਜੇ ਜਿਨ੍ਹਾਂ ਵਿਚੋਂ ਚੰਡੀਗੜ੍ਹ ਵਾਲਾ ਸਾਹਬ ਸਿੰਘ ਤੇ ਅੰਮ੍ਰਿਤਸਰ ਵਾਲਾ ਕੇਵਲ ਧਾਲੀਵਾਲ ਪ੍ਰਮੁੱਖ ਹਨ। ਉਸ ਦੇ ਸ਼ਾਗਿਰਦ ਕਿਸੇ ਨਾ ਕਿਸੇ ਰੂਪ ਵਿਚ ਉਸ ਨੂੰ ਚੇਤੇ ਕਰਦੇ ਰਹਿੰਦੇ ਹਨ। ਇਸ ਵਾਰੀ ਉਸ ਦੇ 84ਵੇਂ ਜਨਮ ਦਿਨ ਉਤੇ ਉਸ ਨੂੰ ਕੇਵਲ ਧਾਲੀਵਾਲ ਦੇ ਕੋਲਾਜ ‘ਦਾਸਤਾਨ-ਏ-ਗੁਰਸ਼ਰਨ ਸਿੰਘ’ ਨਾਲ ਚੇਤੇ ਕੀਤਾ ਗਿਆ ਜਿਸ ਵਿਚ ਉਸ ਦੇ ਆਪਣੇ ਨਾਟਕਾਂ ਵਿਚੋਂ 12 ਨਾਟਕਾਂ ਦੇ ਸਾਰ ਪੇਸ਼ ਕੀਤੇ ਗਏ। ਇਹ ਨਾਟਕ ਦੇਸ਼ ਵੰਡ, ਦਿੱਲੀ ਦੰਗਿਆਂ, ਪੰਜਾਬ ਦੇ ਕਾਲੇ ਦਿਨ ਤੇ ਗਰੀਬਾਂ ਦੀ ਲੁੱਟ ਨਾਲ ਸਬੰਧਤ ਹੋਣ ਤੋਂ ਬਿਨਾਂ ਸਿੱਖ ਸਿਧਾਂਤਾਂ ਤੇ ਦੁੱਲਾ ਭੱਟੀ ਵਰਗਿਆਂ ਦੀ ਵੰਗਾਰ ਨਾਲ ਵੀ ਸਬੰਧਤ ਸਨ। ਇਨ੍ਹਾਂ ਵਿਚ ਸੁਰਜੀਤ ਹਾਂਸ ਤੇ ਮੋਹਨਜੀਤ ਦੀਆਂ ਕਵਿਤਾਵਾਂ ਦਾ ਰਸ ਵੀ ਹੈ ਤੇ ਉਨ੍ਹਾਂ ਦੀ ਬੇਟੀ ਅਰੀਤ ਦੀਆਂ ਕਾਵਿਕ ਤੁਕਾਂ ਦਾ ਵੀ। ਪੂਰੇ ਨਾਟਕ ਨੂੰ ਗਾਇਕੀ ਦੀ ਗੂੰਜ ਵਿਚ ਲਪੇਟ ਕੇ ਦੇਣ ਕਾਰਨ ਇਹ ਬਹੁਤ ਪ੍ਰਭਾਵੀ ਹੋ ਨਿਬੜਿਆ। ਅਜਿਹੀ ਪੇਸ਼ਕਾਰੀ ਸਮੇਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਹਾਲ ਦਾ ਖਚਾ ਖਚ ਭਰੇ ਹੋਣਾ ਇਸ ਦਾ ਸਬੂਤ ਹੈ।
ਅੰਤਿਕਾ: (ਮੋਹਨ ਸਿੰਘ)
ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ।
ਭਾਰਤ ਹੈ ਜੇ ਸ਼ਰਾਬ, ਇਹ ਨਸ਼ਾ ਸ਼ਰਾਬ ਦਾ।
ਗੰਗਾ ਬਣਾਏ ਦੇਵਤੇ, ਤੇ ਜਮਨਾ ਦੇਵੀਆਂ,
ਆਸ਼ਕ ਮਗਰ ਬਣਾ ਸਕੇ, ਪਾਣੀ ਚਨਾਬ ਦਾ।

Be the first to comment

Leave a Reply

Your email address will not be published.