ਮਿਆਰੀ ਪੱਤਰਕਾਰੀ ਲਈ ਜਾਣੀ ਜਾਂਦੀ ‘ਪੰਜਾਬ ਟਾਈਮਜ਼’ ਦੇ ਅੰਕ 36 ਵਿਚ ਛਪੇ ਸ਼ ਮਝੈਲ ਸਿੰਘ ਸਰਾਂ ਦੇ ਲੇਖ ‘ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਅਤੇ ਸਿੱਖ ਏਕੇ ‘ਤੇ ਹਮਲਾ’ ਦੇ ਸਬੰਧ ਵਿਚ ਸ਼ ਇੰਦਰ ਸਿੰਘ ਕੈਲੀਫੋਰਨੀਆ ਦਾ ਪ੍ਰਤੀਕਰਮ ਅੰਕ 37 ਵਿਚ ਪੜ੍ਹਿਆ। ਸ਼ ਮਝੈਲ ਸਿੰਘ ਸਰਾਂ ਨੇ ਆਪਣੇ ਲੇਖ ਵਿਚ ਕਈ ਸਵਾਲ/ਸ਼ੰਕੇ ਖੜ੍ਹੇ ਕੀਤੇ ਸਨ। ਸ਼ ਇੰਦਰ ਸਿੰਘ ਦਾ ਇਹ ਫਰਜ਼ ਬਣਦਾ ਸੀ ਕਿ ਸਾਰੇ ਸਵਾਲਾਂ ‘ਤੇ ਨੁਕਤਾਵਾਰ ਚਰਚਾ ਕਰਦੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਖੈਰ!
ਸ਼ ਇੰਦਰ ਸਿੰਘ ਨੇ ਆਪਣੇ ਪੱਤਰ ‘ਚ ਅਕਾਲ ਤਖਤ ਸਾਹਿਬ ਤੋਂ ਜਾਰੀ ਦੋ ਹੁਕਮਨਾਮਿਆਂ ਦਾ ਜ਼ਿਕਰ ਕੀਤਾ ਹੈ। ਪਹਿਲਾ 14 ਮਈ 2000 ਦਾ ਹੁਕਮਨਾਮਾ ਜਿਸ ‘ਚ ਦਸਮ ਗ੍ਰੰਥ ‘ਤੇ ਵਿਚਾਰ-ਚਰਚਾ ਕਰਨ ਤੋਂ ਰੋਕਿਆ ਗਿਆ ਸੀ ਅਤੇ ਦੂਜਾ 27 ਨਵੰਬਰ 2006 ਦਾ ਜਿਸ ਮੁਤਾਬਕ ਗੁਰੂ ਪੰਥ ਨੂੰ ਸਮਰਪਿਤ ਵਿਦਵਾਨਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਇਤਿਹਾਸਕ ਤੱਥਾਂ ਅਤੇ ਗੁਰਮਤਿ ਦੀ ਰੋਸ਼ਨੀ ਵਿਚ ਢੁੱਕਵਾਂ ਉਤਰ ਦੇਣ ਲਈ ਕਿਹਾ ਗਿਆ ਸੀ। ਇਸੇ ਹੁਕਮਨਾਮੇ ‘ਤੇ ਪਹਿਰਾ ਦਿੰਦੇ ਹੋਏ ਹੀ ਸੈਨ ਹੋਜ਼ੇ (ਕੈਲੀਫੋਰਨੀਆ) ਵਿਖੇ ਸੈਮੀਨਾਰ ਕੀਤਾ ਗਿਆ ਸੀ। ਸ਼ ਇੰਦਰ ਸਿੰਘ ਨੂੰ ਯਾਦ ਹੋਵੇਗਾ ਕਿ 10 ਨਵੰਬਰ 2006 ਨੂੰ ਦਸਮ ਗ੍ਰੰਥ ‘ਤੇ ਇਕ ਸੈਮੀਨਾਰ ‘ਸ਼ਬਦ ਮੂਰਤ ਸ੍ਰੀ ਦਸਮ ਗ੍ਰੰਥ ਸਾਹਿਬ’ ਜਵੱਦੀ ਟਕਸਾਲ ਵਿਖੇ ਕਰਵਾਇਆ ਗਿਆ ਸੀ। ਇਸ ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਡਾæ ਹਰਭਜਨ ਸਿੰਘ, ਡਾæ ਜੋਧ ਸਿੰਘ, ਗੁਰਸ਼ਰਨਜੀਤ ਸਿੰਘ ਲਾਂਬਾ, ਗਿਆਨੀ ਸ਼ੇਰ ਸਿੰਘ ਅੰਬਾਲਾ ਅਤੇ ਜਥੇਦਾਰ ਗੁਰਬਚਨ ਸਿੰਘ ਵੀ ਸ਼ਾਮਲ ਹੋਏ ਸਨ। ਇਹ ਸੈਮੀਨਾਰ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ 14 ਮਈ 2000 ਦੇ ਹੁਕਮਨਾਮੇ ਦੀ ਸਪਸ਼ਟ ਅਵੱਗਿਆ ਸੀ। ਕੀ ਇਹ ਸਾਰੇ ਵਿਦਵਾਨ ਅਤੇ ਜਥੇਦਾਰ ਗੁਰਬਚਨ ਸਿੰਘ ਅਕਾਲ ਤਖਤ ਸਾਹਿਬ ਤੋਂ 14 ਮਈ 2000 ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕਰਨ ਕਰ ਕੇ ਤਨਖਾਹੀਏ ਨਹੀਂ ਹਨ?
ਉਨ੍ਹਾਂ ਗੁਰਿੰਦਰ ਸਿੰਘ ਮਾਨ ਦੀ ਖੋਜ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਹ ਗ੍ਰੰਥ 1696 ਵਿਚ ਸੰਪੂਰਨ ਹੋ ਗਿਆ ਸੀ। ਚਰਿਤ੍ਰੋਪਾਖਿਆਨ ਦੇ ਅਖੀਰ ‘ਤੇ ਦਰਜ ਹੈ,
ਸੰਬਤਸਤ੍ਰਹਸਹਸਭਣਿਜੈ॥
ਅਰਧ ਸਹਸਫੁਨਿਤੀਨਿਕਹਿਜੈ॥
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ॥
ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥405॥
(ਪੰਨਾ 1388)
ਅਰਥਾਤ, ਇਹ ਗ੍ਰੰਥ ਭਾਦੋਂ ਸੁਦੀ 8 ਸੰਮਤ 1753 ਦਿਨ ਐਤਵਾਰ ਨੂੰ ਸਤਲੁਜ ਦੇ ਕੰਢੇ ਮੁਕੰਮਲ ਹੋਇਆ ਸੀ। ਇਸ ਤਾਰੀਖ (ਭਾਦੋਂ ਸੁਦੀ 8 ਸੰਮਤ 1753) ਦੀ ਪੜਤਾਲ ਕਰਨ ‘ਤੇ ਪਤਾ ਲੱਗਦਾ ਹੈ ਕਿ ਉਸ ਦਿਨ ਐਤਵਾਰ ਨਹੀਂ ਸੀ ਸਗੋਂ ਉਸ ਦਿਨ ਤਾਂ ਮੰਗਲਵਾਰ ਸੀ। ਇਸ ਬਾਰੇ ਇੰਦਰ ਸਿੰਘ ਦਾ ਕੀ ਵਿਚਾਰ ਹੈ?
ਦਸਮ ਗ੍ਰੰਥ ਦੇ ਪੰਨਾ 254 ਉਪਰ ਵੀ ਇਕ ਤਾਰੀਖ ਦਰਜ ਹੈ,
“ਸੰਮਤ ਸੱਤਰ੍ਹਸਹਸਪਚਾਵਨ ਹਾੜ ਵਦੀ ਪ੍ਰਿਥਮੈ ਸੁਖ ਦਾਵਨ। ਚੂਕ ਹੋਇ ਜਹਤਹ ਸੁ ਕਬਿ ਲੀਜਹੁ ਸਕਲ ਸੁਧਾਰ।” (ਪੰਨਾ 254) ਹਾੜ ਵਦੀ ਏਕਮ, ਸੰਮਤ 1755æææ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਬੀੜ ਭਾਦੋਂ ਸੁਦੀ 8 ਸੰਮਤ 1753 ਨੂੰ ਤਿਆਰ ਹੋ ਗਈ ਸੀ ਤਾਂ ਹਾੜ ਵਦੀ ਏਕਮ, ਸੰਮਤ 1755 ਨੂੰ ਲਿਖੀ ਗਈ ਰਚਨਾ 254 ਪੰਨੇ ‘ਤੇ ਕਿਵੇਂ ਦਰਜ ਹੋ ਗਈ? ਇਕ ਹੋਰ ਬੇਨਤੀ ਹੈ, ਜੇ ਇਹ ਗੁਰੂ ਜੀ ਦੀ ਲਿਖਤ ਹੈ ਤਾਂ “ਚੂਕ ਹੋਇ ਜਹਤਹ ਸੁ ਕਬਿ ਲੀਜਹੁ ਸਕਲ ਸੁਧਾਰ” (ਪੰਨਾ 254), “ਤਾ ਤੇ ਕਥਾ ਥੋਰ ਹੀ ਭਾਸੀ॥ ਨਿਰਖ ਭੂਲਿ ਕਬਿ ਕਰੋ ਨ ਹਾਸੀ” (ਪੰਨਾ 181), “ਭੂਲ ਹੋਇ ਜਹਂਤਹਿਂ ਸੁ ਕਬਿ ਪੜੀਅਹੁ ਸਭੇ ਸੁਧਾਰ” ਅਤੇ “ਤਾਤੇਥੋਰੀ ਕਥਾ ਉਚਾਰੀ॥ ਚੂਕ ਹੋਇ ਕਬਿ ਲੇਹੁ ਸੁਧਾਰੀ” (ਪੰਨਾ 1273) ਲਿਖਣ ਵਾਲਾ ਫੇਰ ਕੌਣ ਹੋਇਆ?
ਸ਼ ਇੰਦਰ ਸਿੰਘ ਨੇ ਲਿਖਿਆ ਹੈ, “ਖਾਲਸੇ ਦੀਆਂ ਚਾਰ ਬਜਰ ਕੁਰਹਿਤਾਂ ਵਿਚੋਂ ਪਰ ਨਾਰੀ ਦਾ ਸੰਗ ਵਿਵਰਜਿਤ ਕਰਦੀ ਕੁਰਹਿਤ ਦਾ ਵਰਣਨ ਵੀ ਇਸੇ ਹੀ ਰਚਨਾ ਵਿਚੋਂ ਹੈ। ਗੁਰੂ ਜੀ ਲਿਖਦੇ ਹਨ,
ਸੁਧਿ ਜਬ ਤੇ ਹਮ ਧਰੀ
ਬਚਨ ਗੁਰ ਦਏ ਹਮਾਰੇ।
ਪੂਤ ਇਹੈ ਪ੍ਰਾਨ ਤੋਹਿ
ਪ੍ਰਾਨ ਜਬ ਲਗ ਗਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ
ਤੁਮ ਨਿੱਤ ਬਢੈਯਹੁ।
ਪਰ ਨਾਰੀ ਕੀ ਸੇਜ
ਭੁਲਿ ਸੁਪਨੇ ਹੂੰ ਨ ਜੈਯਹੁ।
ਸ਼ ਇੰਦਰ ਸਿੰਘ ਦੇ ਧਿਆਨ ਵਿਚ ਲਿਆ ਦਈਏ ਕਿ ਇਸ ‘ਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਪੰਗਤੀਆਂ ‘ਚ ਵਧੀਆ ਸੰਦੇਸ਼ ਹੈ ਪਰ ਇਹ ਵੀ ਸੱਚ ਹੈ ਕਿ ਪੰਗਤੀਆਂ ਉਚਾਰਨ ਵਾਲਾ, ਅਸਲ ਕਹਾਣੀ ਮੁਤਾਬਕ ਨੂਪ ਕੌਰ ਦੀ ਸੇਜ ‘ਤੇ ਬੈਠਾ ਹੈ ਅਤੇ ਜਦੋਂ ਕਹਾਣੀ ਅੱਗੇ ਵਧਦੀ ਹੈ ਤਾਂ ਇਹ ਪੰਗਤੀਆਂ ਉਚਾਰਨ ਵਾਲਾ ਪਾਤਰ ਹੀ ਆਪਣੀ ਜੁੱਤੀ ਅਤੇ ਚਾਦਰ ਛੱਡ ਕੇ ਭੱਜਦਾ ਹੈ, ‘ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’ ਪਰ ਫੜਿਆ ਜਾਂਦਾ ਹੈ, “ਆਗੇ ਪਾਛੇ ਦਾਹਨੇਘੇਰਿਦਸੋ ਦਿਸ ਲੀਨ। ਪੈਂਡ ਭਜਨ ਕੌ ਨਾ ਰਹਯੋ ਰਾਇ ਜਤਨ ਯੋਨ ਕਿਨ” ਅਤੇ ਕਹਾਣੀ ਦੇ ਅੰਤ ‘ਚ ਉਹੀ ਪਾਤਰ ਨੂਪ ਕੌਰ ਤੋਂ ਮੁਆਫੀ ਮੰਗਦਾ ਹੈ ਅਤੇ 20000 ਟਕੇ ਛਿਮਾਹੀ ਭੱਤਾ ਦੇ ਕੇ ਰਾਜ਼ੀਨਾਮਾ ਕਰਦਾ ਹੈ।
ਛਿਮਾ ਕਰਹੁ ਅਬ ਤ੍ਰਿਯ ਹਮੈ
ਬਹੁਰਿ ਨ ਕਰਿਯਹੁ ਰਾਧਿ।
ਬੀਸ ਸਹੰਸ ਟਕਾ
ਤਿਸੈਦਈ ਛਿਮਾਹੀ ਬਾਧਿ। (ਪੰਨਾ 844)
ਸਵਾਲ ਹੈ ਕਿ ਜੇ ਇਹ ਪੰਗਤੀਆਂ (ਸੁਧਿ ਜਬ ਤੇ ਹਮ ਧਰੀ) ਉਚਾਰਨ ਵਾਲੇ ਗੁਰੂ ਜੀ ਹਨ ਤਾਂ ਸ਼ ਇੰਦਰ ਸਿੰਘ ਦੱਸਣ ਕਿ ਜੁੱਤੀ ਅਤੇ ਚਾਦਰ ਛੱਡ ਕੇ ਭੱਜਣ ਵਾਲਾ, ਭੱਜਣ ਵੇਲੇ ਫੜੇ ਜਾਣ ਵਾਲਾ ਅਤੇ ਅਖੀਰ ‘ਚ ਵੇਸਵਾ ਤੋਂ ਮੁਆਫ਼ੀ ਮੰਗ ਕੇ 20 ਹਾਜ਼ਰ ਟਕਾ ਛਿਮਾਹੀ ਦੇਣ ਵਾਲਾ ਫਿਰ ਕੌਣ ਹੋਇਆ?
ਮੈਨੂੰ ਪੂਰੀ ਆਸ ਹੈ ਕਿ ਸ਼ ਇੰਦਰ ਸਿੰਘ 27 ਨਵੰਬਰ 2006 ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਮੁਤਾਬਕ ਉਪਰੋਕਤ ਸਵਾਲਾਂ ਦੇ ਜਵਾਬ ਇਤਿਹਾਸਕ ਤੱਥਾਂ ਅਤੇ ਗੁਰਮਤਿ ਦੀ ਰੋਸ਼ਨੀ ‘ਚ ਦੇ ਕੇ ਪਾਠਕਾਂ ਦੀ ਜਾਣਕਾਰੀ ‘ਚ ਵਾਧਾ ਕਰਨਗੇ।
-ਸੁਖਦੇਵ ਸਿੰਘ
ਫੋਨ: 209-321-1791
Leave a Reply