‘ਪੰਜਾਬ ਟਾਈਮਜ਼’ ਅਜਿਹਾ ਅਖ਼ਬਾਰ ਹੈ ਜਿਸ ਵਿਚ ਚੰਗੇ ਮਿਆਰੀ ਅਧਿਆਤਮਕ, ਸਮਾਜਕ ਤੇ ਰਾਜਨੀਤਕ ਲੇਖ ਪੜ੍ਹਨ ਨੂੰ ਮਿਲਦੇ ਹਨ। ਇਕ ਅੰਕ ਵਿਚ ਸ਼ ਮਝੈਲ ਸਿੰਘ ਸਰਾਂ ਦਾ ਲੇਖ ਪੜ੍ਹਿਆ। ਅਸੀਂ ਉਨ੍ਹਾਂ ਦੇ ਲੇਖ ਦੀ ਪ੍ਰੋੜਤਾ ਕਰਦੇ ਹਾਂ। ਜਿਵੇਂ ਉਨ੍ਹਾਂ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਗੁਰਗੱਦੀ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਬਖ਼ਸ਼ੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਈ ਭਗਤ ਸਾਹਿਬਾਨ ਦੀ ਬਾਣੀ ਵੀ ਦਰਜ ਹੈ। ਇਨ੍ਹਾਂ ਹੀ ਭਗਤ ਸਾਹਿਬਾਨ ਨੇ ਹੋਰ ਬਾਣੀ ਵੀ ਲਿਖੀ ਹੈ ਪਰ ਉਹ ਬਾਣੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਸੀ ਕੀਤੀ। ਕੀ ਆਪਾਂ ਇਨ੍ਹਾਂ ਭਗਤਾਂ ਦੀ ਉਸ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ, ਨੂੰ ਗੁਰਬਾਣੀ ਆਖਾਂਗੇ? ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਦਸਮ ਗ੍ਰੰਥ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਦਰਜ ਕੀਤੀ। ਇਸ ਲਈ ਜਿਵੇਂ ਆਪਾਂ ਭਗਤ ਸਾਹਿਬਾਨ ਦੀ ਉਸ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ, ਨੂੰ ‘ਕੱਚੀ ਬਾਣੀ’ ਆਖਾਂਗੇ, ਇਸੇ ਤਰ੍ਹਾਂ ਦਸਮ ਗ੍ਰੰਥ ਦੀ ਬਾਣੀ ਵੀ ‘ਕੱਚੀ ਬਾਣੀ’ ਹੈ।
ਸਵਾਲ ਹੈ ਕਿ ਕੀ ‘ਗੁਰ-ਸੰਗਤ’ ਜਾਂ ‘ਖਾਲਸਾ’ ਸਾਨੂੰ ‘ਕੱਚੀ ਬਾਣੀ’ ਪੜ੍ਹਨ, ਸੁਣਨ ਜਾਂ ਸੁਣਾਉਣ ਦਾ ਹੁਕਮ ਕਰ ਸਕਦਾ ਹੈ? ਨਹੀਂ! ‘ਖਾਲਸਾ’ ਬਿਬੇਕੀ ਅਤੇ ਦੁਧੋਂ ਪਾਣੀ ਨਿਤਾਰਨ ਦੇ ਸਮਰੱਥ ਹੈ। ਉਹ ਖਾਲਸਾ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਪੀਰ ਫਕੀਰ ਦੀ ਕਬਰ ਅੱਗੇ ਆਪਣਾ ਤੀਰ ਜ਼ਰਾ ਕੁ ਝੁਕਾਉਣ ‘ਤੇ (ਭਾਵੇਂ ਉਹ ਨਾਟਕ ਹੀ ਸੀ) ਪਿਆਰ ਨਾਲ ਝਿੜਕ ਸਕਦਾ ਹੈ, ਉਹ ਸਾਨੂੰ ਕਿਵੇਂ ‘ਕੱਚੀ ਬਾਣੀ’ ਪੜ੍ਹਨ ਦਾ ਆਦੇਸ਼ ਕਰ ਸਕਦਾ ਹੈ? ਸੈਨ ਹੋਜ਼ੇ ਗੁਰੂ ਘਰ ਵਿਖੇ ਬਹੁਤ ਸਾਰੇ ਬੁਲਾਰੇ ਭਾਵੇਂ ਵੇਖਣ ਨੂੰ ‘ਖਾਲਸਾ’ ਲਗਦੇ ਸਨ ਪਰ ਲਗਭਗ ਸਾਰੇ ਦੇ ਸਾਰੇ ਦਸਮ ਗ੍ਰੰਥ ਦੀ ਲਿਖਤ ਨੂੰ ਗੁਰਬਾਣੀ ਦੱਸ ਰਹੇ ਸਨ। ਮੇਰੇ ਵਰਗੇ ਭੁੱਲੜ ਜੈਕਾਰਿਆਂ ਨਾਲ ਇਨ੍ਹਾਂ ਦੀ ਪ੍ਰੋੜਤਾ ਕਰੀ ਜਾ ਰਹੇ ਸਨ!
ਕੀ ‘ਖਾਲਸਾ’ ਇਸ ਗੋਸਟੀ ਵਿਚ ਸ਼ਾਮਲ ਸੀ? ਜੇ ਸੀ ਤਾਂ ਉਸ ਨੇ ਸਾਨੂੰ ਇਸ ਕੁਕਰਮ ਤੋਂ ਕਿਉਂ ਨਹੀਂ ਝਿੜਕਿਆ? ਹੋ ਸਕਦਾ ਹੈ ‘ਖਾਲਸਾ’ ਸਾਥੋਂ ਡਰ ਗਿਆ ਹੋਵੇ ਕਿ ਕਿਤੇ ਅਸੀਂ ਉਸ ਨੂੰ ‘ਪੰਥ’ ਵਿਚੋਂ ਛੇਕ ਨਾ ਦੇਈਏ! ਨਹੀਂ! ਨਹੀਂ!! ਖਾਲਸਾ ਡਰਦਾ ਨਹੀਂ। ਖਾਲਸਾ ਤਾਂ ਪੰਥ ਹੈ। ਇਹ ਹੋ ਸਕਦਾ ਹੈ ਕਿ ‘ਖਾਲਸਾ’ ਸਾਨੂੰ ਇਹ ਆਖ ਕੇ ‘ਗੁਰੂ ਸੁਮੱਤ ਬਖਸ਼ੇ’ ਗੋਸ਼ਟੀ ਵਿਚ ਪੰਥ ਸਮੇਤ ਅਲੋਪ ਹੋ ਗਿਆ ਹੋਵੇ। ਜ਼ਰਾ ਸੋਚੀਏ, ਜੇ ‘ਕੱਚੀ ਬਾਣੀ’ ਪੜ੍ਹਨ, ਸੁਣਨ, ਸੁਣਾਉਣ ਜਾਂ ਇਸ ਦਾ ਆਦੇਸ਼ ਕਰਨ ਵਾਲਾ ਖਾਲਸਾ ਜਾਂ ਗੁਰ-ਸੰਗਤ ਹੈ ਤਾਂ ਆਪਾਂ ਡੇਰਾਵਾਦੀ ਕਿਸ ਨੂੰ ਕਹਾਂਗੇ। ਆਓ ਆਪਾਂ ਸਿੱਖ ਰਹਿਤ ਮੁਰਿਆਦਾ ਵਿਚ ਲੋੜੀਂਦੀ ਸੋਧ ਕਰਕੇ ਗੁਰਸੰਗਤ ਜਾਂ ਖਾਲਸੇ ਤੋਂ ਭੁਲ ਬਖਸ਼ਾਈਏ। ਆਓ ਜਾਗੀਏ, ਜਾਗਣ ਦਾ ਵੇਲਾ!
-ਭੁਪਿੰਦਰ ਸਿੰਘ
ਤਜਿੰਦਰ ਕੌਰ ਧਾਲੀਵਾਲ
ਫੇਅਰਫੀਲਡ, ਕੈਲੀਫੋਰਨੀਆ।
ਫੋਨ: 707-208-2356
Leave a Reply