ਔਰਤ ਦੀ ਪੀੜਾ

14 ਸਤੰਬਰ ਦੇ ‘ਪੰਜਾਬ ਟਾਈਮਜ਼’ ਵਿਚ ਡਾæ ਗੁਰਨਾਮ ਕੌਰ (ਕੈਨੇਡਾ) ਦਾ ਲਿਖਿਆ ਲੇਖ ‘ਔਰਤ ਦੀ ਆਜ਼ਾਦੀ- ਸਮਾਜ ਦਾ ਰਵੱਈਆ’ ਪੜ੍ਹਿਆ। ਲੇਖ ਪੜ੍ਹਨ ਉਪਰੰਤ ਜਿਥੇ ਔਰਤ ਹੋਣ ‘ਤੇ ਮਾਣ ਵੀ ਮਹਿਸੂਸ ਹੋਇਆ, ਉਥੇ ਔਰਤ ਦੀ ਤ੍ਰਾਸਦੀ ‘ਤੇ ਰੋਣਾ ਵੀ ਆਇਆ। ਡਾæ ਗੁਰਨਾਮ ਕੌਰ ਦੀਆਂ ਲਿਖਤਾਂ ਦੀ ਪ੍ਰਸੰਸਾ ਕਰਨ ਲਈ ਸ਼ਬਦ ਵੀ ਛੋਟੇ ਪੈ ਜਾਂਦੇ ਹਨ। ਉਹ ਗੁਰਬਾਣੀ ਦੇ ਗਿਆਤਾ ਹਨ, ਸਿੱਖ ਧਰਮ ਦੇ ਸਿਰਮੌਰ ਵਿਦਵਾਨ ਹਨ, ਬਹੁਤ ਉਚੇ-ਸੁੱਚੇ ਅਹੁਦਿਆਂ ‘ਤੇ ਬੈਠ ਕੇ ਉਨ੍ਹਾਂ ਨੇ ਗੁਰਬਾਣੀ, ਇਤਿਹਾਸ, ਧਰਮ ਅਤੇ ਸਮਾਜ ਨੂੰ ਨੇੜਿਉਂ ਹੋ ਕੇ ਵੇਖਿਆ ਹੈ ਅਤੇ ਉਸ ਵਿਚ ਆਪਣਾ ਭਰਪੂਰ ਯੋਗਦਾਨ ਵੀ ਪਾਇਆ ਹੈ। ‘ਪੰਜਾਬ ਟਾਈਮਜ਼’ ਵਿਚ ਜਦੋਂ ਤੋਂ ਉਨ੍ਹਾਂ ਦੀਆਂ ਲਿਖਤਾਂ ਛਪ ਰਹੀਆਂ ਹਨ, ਮੈਂ ਲਗਾਤਾਰ ਪੜ੍ਹਦੀ ਆ ਰਹੀ ਹਾਂ। ਉਨ੍ਹਾਂ ਦੀਆਂ ਲਿਖਤਾਂ ਨੂੰ ਕਾਬਲੇ-ਤਾਰੀਫ਼ ਜਾਂ ਬਾ-ਕਮਾਲ ਆਖਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ।
ਡਾæ ਗੁਰਨਾਮ ਕੌਰ ਜਦੋਂ ਵੀ ਔਰਤ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਲਫ਼ਜ਼ਾਂ ਵਿਚੋਂ ਪੀੜਾਂ ਦਾ ਠਾਠਾਂ ਮਾਰਦਾ ਸਮੁੰਦਰ ਵਿਖਾਈ ਦਿੰਦਾ ਹੈ। ਇਹ ਉਹ ਪੀੜਾਂ ਹਨ ਜੋ ਔਰਤ ਸਦੀਆਂ ਤੋਂ ਨਹੀਂ, ਆਦਿ ਕਾਲ ਤੋਂ ਸਹਿ ਰਹੀ ਹੈ। ਔਰਤ ਭਾਵੇਂ ਪੀੜਾਂ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੋਵੇ, ਫਿਰ ਵੀ ਉਹ ਆਪਣੇ ਪਤੀ ਅਤੇ ਪਰਿਵਾਰ ਨੂੰ ਸੁਖੀ ਵਸਦਾ ਦੇਖਣਾ ਚਾਹੁੰਦੀ ਹੈ ਅਤੇ ਉਨ੍ਹਾਂ ਲਈ ਆਪਣੀ ਹਰ ਖੁਸ਼ੀ ਦੀ ਕੁਰਬਾਨੀ ਵੀ ਸਹਿਜੇ ਹੀ ਕਰ ਜਾਂਦੀ ਹੈ। ਅੱਜ ਭਾਰਤੀ ਅਤੇ ਪੰਜਾਬੀ ਸਮਾਜ ਵੱਲੋਂ ਔਰਤ ਦੀ ਜਿਸ ਆਜ਼ਾਦੀ ਦਾ ਜ਼ਬਾਨੀ-ਕਲਾਮੀ ਢੰਡੋਰਾ ਪਿੱਟਿਆ ਜਾ ਰਿਹਾ ਹੈ, ਹਕੀਕਤ ਵਿਚ ਤਾਂ ਉਸ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਹੈ। ਨੌਂ ਮਹੀਨੇ ਜਾਂ ਇਕ-ਦੋ ਸਾਲਾਂ ਦੀਆਂ ਮਾਸੂਮ ਬੇਟੀਆਂ ਨਾਲ ਜਿਵੇਂ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਬਰ ਜਨਾਹ ਹੋ ਰਹੇ ਹਨ, ਤੇ ਜਿਸ ਤਰ੍ਹਾਂ ਤਖ਼ਤਾਂ ਤਾਜਾਂ ਵਾਲੇ ਸੁੱਖ ਦੀ ਨੀਂਦ ਸੁੱਤੇ ਪਏ ਹਨ, ਇਹ ਸ਼ਰਮ ਵਾਲੀ ਗੱਲ ਹੈ। ਡਾæ ਗੁਰਨਾਮ ਕੌਰ ਨੇ ਸਮਾਜ ਦੇ ਮੂੰਹ ‘ਤੇ ਚੜ੍ਹੇ ਹੋਏ ਮੁਖੌਟੇ ਉਤਾਰ ਕੇ ਜਿਸ ਤਰ੍ਹਾਂ ਘਿਨਾਉਣੇ ਚਿਹਰੇ ਨੰਗੇ ਕੀਤੇ ਹਨ, ਉਸ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦੀ ਹਾਂ। ਉਨ੍ਹਾਂ ਦੀ ਕਲਮ ਨਾਰੀ ਜਾਤੀ ਦੇ ਹੱਕ ਵਿਚ ਸਦਾ ਆਵਾਜ਼ ਬੁਲੰਦ ਕਰਦੀ ਰਹੇ।
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536

Be the first to comment

Leave a Reply

Your email address will not be published.