ਗੁਰਦਿਆਲ ਸਿੰਘ ਬੱਲ ਕੈਲਗਰੀ ਆਏ ਤਾਂ ਉਨ੍ਹਾ ਮੈਨੂੰ ਸੁਰਿੰਦਰ ਨੀਰ ਦਾ ਨਾਵਲ ‘ਮਾਇਆ’ ਪੜ੍ਹਨ ਨੂੰ ਦਿੱਤਾ। ਇਕੋ ਬੈਠਕ ਵਿਚ ਹੀ ਸਾਰਾ ਪੜ੍ਹ ਲਿਆ। ਇਸ ਨਾਵਲ ਬਾਰੇ ਪੰਜਾਬ ਟਾਈਮਜ਼ ਵਿਚ ਛਪਿਆ ਉਨ੍ਹਾਂ ਦਾ ਲੇਖ ਰੌਚਕਤਾ, ਸੰਤੁਲਤ ਲੜੀਬੱਧਤਾ ਅਤੇ ਮਨੋਭਾਵਾਂ ਦਾ ਵੇਗ ਸਮੁੰਦਰੀ ਲਹਿਰਾਂ ਵਾਂਗ ਕੰਢਿਆਂ ਨਾਲ ਟਕਰਾ ਕੇ ਉਚੀ ਅਵਾਜ਼ ਪੈਦਾ ਕਰਨ ਵਰਗਾ ਸੀ। ਆਲੋਚਕ ਨੇ ਤੁਲਨਾਤਮਕ ਵਿਧੀ ਦੀ ਵਰਤੋਂ ਕਰਕੇ ਮਾਇਆ ਦੇ ਪਾਤਰਾਂ ਦੇ ਸਨਮੁਖ ਵਿਸ਼ਵ ਸਾਹਿਤ ਵਿਚੋਂ ਪਾਤਰ ਖੜਾ ਕਰਕੇ, ਭਾਵੇਂ ਉਹ ਸਿਧਾਰਥ ਹੋਵੇ, ਹਾਰਡੀ ਦੀ ਟੈਸ, ਫਰਾਂਸੀਸੀ ਐਕਟਰਸ ਬਰਗਿਸ਼ੀ ਬਾਰਦੋ ਜਾਂ ਮਾਰਲਿਨ ਮੁਨਰੋ ਜਾਂ ਫਿਰ ਵਾਨ ਗੌਗ ਦੀ ਕਥਾ ਵਿਚਲੀ ਗੁਸ਼ੇਲ, ਪੂਰੀ ਵਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀਵਨ ਦੇ ਯਥਾਰਥ, ਮਨੁਖੀ ਮਨ ਦੇ ਰਹੱਸ, ਕੁਦਰਤੀ ਸੁੰਦਰਤਾ ਦੇ ਭੇਦ, ਮਨੁਖੀ ਮਨ ਦੇ ਵਲਵਲੇ, ਪਿਆਰ ਦੇ ਪ੍ਰਗਟਾ ਸਮੇਂ ਉਤਪੰਨ ਹਾਵਾਂ-ਭਾਵਾਂ ਨੂੰ ਪਾਠਕ ਸਾਹਮਣੇ ਰਖ ਸਕੇ।
ਵਿਸ਼ਵ ਸਾਹਿਤ ਦੇ ਸੰਦਰਭ ਵਿਚ ਮਾਇਆ ਬਾਰੇ ਇਹ ਲੇਖ ਪੜ੍ਹਨ ਤੋਂ ਬਾਅਦ ਮੈਨੂੰ ਇਸ ਨਾਵਲ ਦੇ ਸੰਦਰਭ ਇਕ ਵੱਖਰੇ ਹੀ ਜਾਵੀਏ ਤੋਂ ਸਮਝ ਆਏ।
ਗੁਰਦਿਆਲ ਬੱਲ ਦੀ ਇਹ ਕੋਸ਼ਿਸ਼, ਮਨੁਖੀ ਅਹਿਸਾਸਾਂ ਦੀ ਤਰਜਮਾਨੀ ਕਰਦੀ ਹੋਈ ਵਿਸ਼ਵ ਸਾਹਿਤ ਦੇ ਅਨੇਕਾਂ ਸਾਹਿਤਕਾਰਾਂ ਦੀ ਕੀਤੀ ਕੋਸ਼ਿਸ਼ ਨੂੰ ਦਿਖਾਉਣ ਦਾ ਇਕ ਯਤਨ ਹੈ। ਭਟਕਣ ਇਕ ਵੇਗ ਹੈ, ਟਿਕਾਅ ਇਕ ਸਥਿਰਤਾ। ਇਨ੍ਹਾਂ ਦੋਹਾਂ ਦੇ ਵਿਚਕਾਰਲੀ ਦੂਰੀ ਦੀ ਭਾਲ ਕਰਦਾ ਹੋਇਆ ਉਹ ਮਾਇਆ ਨੂੰ ਵਿਸ਼ਵ ਸਾਹਿਤ ਦੀਆਂ ਚੋਣਵੀਆਂ ਰਚਨਾਵਾਂ ਦੇ ਪੱਧਰ ‘ਤੇ ਲਿਆ ਖੜਾ ਕਰਦਾ ਹੈ ਅਤੇ ਸੁਰਿੰਦਰ ਨੀਰ ਨੂੰ ਸਿਰਕੱਢ ਲੇਖਕਾਂ ਦੀ ਕਤਾਰ ਵਿਚ।
-ਸਤਪਾਲ ਕੌਰ ਬੱਲ (ਕੈਲਗਰੀ)
—
‘ਮਾਇਆ’ ਨਾਵਲ ਬਾਰੇ
ਮੈਂ ‘ਪੰਜਾਬ ਟਾਈਮਜ਼’ ਅਖ਼ਬਾਰ ਵਿਚ ਪੰਜਾਬੀ ਸਾਹਿਤਕਾਰ ਸੁਰਿੰਦਰ ਨੀਰ ਦੇ ਨਾਵਲ ‘ਮਾਇਆ’ ਬਾਰੇ ਗੁਰਦਿਆਲ ਸਿੰਘ ਬੱਲ ਦਾ ਲੰਮਾ ਲੇਖ ਪੜ੍ਹਿਆ ਹੈ। ਪੰਜਾਬੀ ਦੇ ਨਾਮਵਰ ਨਾਵਲਕਾਰ ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਤੋਂ ਬਾਅਦ ਬਹੁਤ ਸਾਲਾਂ ਬਾਅਦ ਪੰਜਾਬੀ ਦੇ ਕਿਸੇ ਨਾਵਲ ਦੀ ਇੰਨੀ ਚਰਚਾ ਹੋਈ ਹੈ।
ਮੈਂ ਹਾਲੇ ਸੁਰਿੰਦਰ ਨੀਰ ਦਾ ਨਾਵਲ ‘ਮਾਇਆ’ ਨਹੀਂ ਪੜ੍ਹਿਆ ਪਰ ਗੁਰਦਿਆਲ ਸਿੰਘ ਬੱਲ ਨੇ ਇਸ ਨਾਵਲ ਬਾਰੇ ਚਰਚਾ ਦੁਨੀਆਂ ਦੇ ਚਰਚਿਤ ਨਾਵਲਾਂ ਦੇ ਪ੍ਰਸੰਗ ਵਿਚ ਕੀਤੀ ਹੈ। ਗੁਰਦਿਆਲ ਬੱਲ ਨੇ ਕਿਤੇ ਵੀ ਇਸ ਨਾਵਲ ਦੀ ਤੁਲਨਾ ਸੰਸਾਰ ਦੇ ਕਿਸੇ ਵੱਡੇ ਨਾਵਲ ਨਾਲ ਨਹੀਂ ਕੀਤੀ ਪਰ ਲੇਖ ਦਾ ਸਾਰ-ਅੰਸ਼ ਇਹ ਹੀ ਹੈ ਕਿ ਨਾਵਲ ‘ਮਾਇਆ’ ਪੰਜਾਬੀ ਸਾਹਿਤ ਅਤੇ ਪੰਜਾਬੀ ਪਾਠਕਾਂ ਲਈ ਮੁੱਲਵਾਨ ਰਚਨਾ ਹੈ।
-ਕੁਲਦੀਪ ਸਿੰਘ ਧਾਲੀਵਾਲ
ਫੋਨ: 510-859-5964
Leave a Reply