ਪੰਜਾਬ ਟਾਈਮਜ਼ ਦੇ 14 ਸਤੰਬਰ ਦੇ ਅੰਕ ਵਿਚ ਮੇਜਰ ਕੁਲਾਰ ਅਤੇ ਤਰਲੋਚਨ ਸਿੰਘ ਦੁਪਾਲਪੁਰ ਦੀਆਂ ਲਿਖਤਾਂ ਬਾਰੇ ਲਸ਼ਕਰ ਸਿੰਘ ਮਾਹੀ ਦੇ ਵਿਚਾਰ ਪੜ੍ਹੇ। ਵਿਚਾਰ ਬੜੇ ਕਾਬਿਲੇ-ਤਾਰੀਫ ਸਨ ਕਿਉਂਕਿ ਗਰੀਨ-ਗਰੀਨ ਦਾ ਰੱਟਾ ਲਾਉਣਾ ਚੰਗਾ ਨਹੀਂ ਹੁੰਦਾ। ਕਿਸੇ ਨੂੰ ਆਸਾਨੀ ਨਾਲ ਮਿਲਿਆ ਗਰੀਨ ਕਾਰਡ ਜਾਂ ਹਰਾ-ਪੱਤਾ ਉਨ੍ਹਾਂ ਵਾਸਤੇ ਇਕ ਮਾਮੂਲੀ ਜਿਹੀ ਚੀਜ਼ ਹੈ। ਸੰਨ 1983-84 ਤੋਂ ਪਹਿਲਾਂ ਜਾਂ ਬਾਅਦ ਗਰੀਨ ਕਾਰਡ ਵਾਸਤੇ ਜਦੋ-ਜਹਿਦ ਕਰਦੇ ਪੰਜਾਬੀ ਵੀਰਾਂ ਨੂੰ ਤੜਫ਼ਦੇ ਮੈਂ ਖੁਦ ਵੇਖਿਆ ਹੈ। ਹਰੇ-ਪੱਤੇ ਵਾਸਤੇ ਗੋਰੀਆਂ-ਕਾਲੀਆਂ ਨਾਲ ਵਿਆਹ ਕਰਾ ਕੇ ਆਪਣੀ ਜਿੰਦਗੀ ਨੂੰ ਸੈਟਲ ਕਰਨ ਲਈ ਪਾਪੜ ਵੇਲਦੇ ਉਨ੍ਹਾਂ ਦੀ ਹਰ ਗੱਲ ਮੰਨਣ ਨੂੰ ਤਿਆਰ ਹੁੰਦੇ ਮੈਂ ਖੁਦ ਵੇਖਿਆ ਹੈ। ਉਸ ਵੇਲੇ ਕੋਈ ਭਾਗਾਂ ਵਾਲਾ ਹੀ ਹੁੰਦਾ ਸੀ ਜਿਸ ਨੂੰ ਗਰੀਨ ਕਾਰਡ ਦੇ ਦਰਸ਼ਨ ਹੁੰਦੇ ਸਨ। ਕਿਸੇ ਦਾ ਗਰੀਨ ਕਾਰਡ ਵੇਖ ਕੇ ਅਸੀਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਸਾਂ। ਉਸ ਵੇਲੇ ਕੋਈ ਕਿਸਮਤ ਵਾਲਾ ਹੀ ਹੋਵੇਗਾ ਜਿਸ ਨੂੰ ਕਿਸੇ ਰਿਸ਼ਤੇਦਾਰ ਜਾਂ ਪਰਿਵਾਰ ਨੇ ਸਪਾਂਸਰ ਕੀਤਾ ਹੋਵੇ ਤੇ ਬੜੇ ਅਸਾਨੀ ਨਾਲ ਗਰੀਨ ਕਾਰਡ ਮਿਲ ਗਿਆ ਹੋਵੇ। ਮੈਂ ਸੰਨ 1984 ‘ਚ ਅਮਰੀਕਾ ਆਇਆ ਸੀ। ਉਸ ਵੇਲੇ ਦੇ ਪ੍ਰੈਜ਼ੀਡੈਟ ਰੀਗਨ ਨੇ ਫਾਰਮਾਂ ਵਿਚ ਕੰਮ ਕਰਨ ਵਾਲਿਆਂ ਨੂੰ ਪੱਕੇ ਕੀਤਾ ਸੀ। ਉਨ੍ਹਾਂ ਵਿਚੋਂ ਮੈਂ ਵੀ ਇਕ ਹਾਂ। ਮੈਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ। ਉਸ ਵੇਲੇ ਕੈਲੀਫੋਰਨੀਆ ਦੇ ਖੇਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਸੁਨਹਿਰੀ ਮੌਕਾ ਮਿਲਿਆ ਸੀ। ਪੇਪਰ ਬਣਾਉਣ ਲਈ ਪੰਜਾਬੀਆਂ ਨੇ ਪੰਜਾਬੀਆਂ ਦੀ ਕਾਫ਼ੀ ਲੁੱਟ-ਮਾਰ ਕੀਤੀ। ਮਨਮਰਜ਼ੀ ਦੇ ਪੈਸੇ ਲਏ ਤੇ ਅੱਗੋਂ ਖੇਤਾਂ ਦੇ ਮਾਲਕਾਂ ਨੂੰ ਅੱਧ-ਪਚੱਧੇ ਦਿਤੇ। ਉਸ ਲੁਟ-ਮਾਰ ਦਾ ਮੈਂ ਵੀ ਸ਼ਿਕਾਰ ਹੋਇਆਂ ਸਾਂ। ਗਰੀਨ ਕਾਰਡ ਦੀ ਅਹਿਮੀਅਤ ਦਾ ਉਨ੍ਹਾਂ ਨੂੰ ਪੁਛੋ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਇਸ ਪਾਸੇ ਲੱਗ ਗਈ। ਪ੍ਰਦੇਸੀ ਪੁੱਤ ਆਪਣੇ ਮਾਪਿਆਂ ਨੂੰ ਮਿਲਣ ਲਈ ਤੜਫਦੇ ਰਹੇ। ਬਜ਼ੁਰਗ ਮਾਪੇ ਪ੍ਰਦੇਸੀ ਪੁੱਤਾਂ ਨੂੰ ਮਿਲਣ ਦੀ ਤਾਂਘ ‘ਚ ਡੰਗੋਰੀ ਲੈ ਕੇ ਫਿਰ ਰਹੇ ਨੇ ਜਾਂ ਕੁਝ ਇਸ ਦੁਨੀਆਂ ‘ਚੋਂ ਤੁਰ ਗਏ ਨੇ। ਮੇਜਰ ਕੁਲਾਰ ਪਰਦੇਸੀਆਂ ਦੇ ਦੁੱਖੜੇ ਸਾਂਝੇ ਕਰ ਰਿਹਾ ਹੈ, ਨਾ ਕਿ ਕਿਸੇ ਦਿਲ ਨੂੰ ਦੁਖਾ ਰਿਹਾ ਹੈ।
ਰਹੀ ਗੱਲ ਤਰਲੋਚਨ ਸਿੰਘ ਦੁਪਾਲਪੁਰ ਦੀਆਂ ਲਿਖਤਾਂ ਦੀ। ਸ਼ ਦੁਪਾਲਪੁਰ ਪੰਜਾਬ ਦੇ ਦੁਖਾਂਤ ਦੀ ਗੱਲ ਕਰ ਰਹੇ ਹਨ। ਪੰਜਾਬ ਵਿਚ ਅਕਾਲੀ ਸਰਕਾਰ ਹੈ। ਸ਼ ਦੁਪਾਲਪੁਰ ਗਲਤ ਨੂੰ ਗਲਤ ਕਹਿਣ ਦੀ ਜੁਅੱਰਤ ਰੱਖਦੇ ਹਨ। ਨਹੀ ਤਾਂ ਲੋਕ ਅੱਜ ਕੱਲ੍ਹ ਉਨ੍ਹਾਂ ਦੇ ਹੀ ਸੋਹਲੇ ਗਾਈ ਜਾ ਰਹੇ ਨੇ। ‘ਪੰਜਾਬ ਟਾਈਮਜ਼’ ਮਾੜੇ ਲਿਖਾਰੀ ਨੂੰ ਲਾਗੇ ਨਹੀਂ ਲੱਗਣ ਦਿੰਦਾ। ਮੈਂ ਵੀ ਸਭ ਤੋਂ ਪਹਿਲਾਂ ਸ਼ ਦੁਪਾਲਪੁਰ, ਮੇਜਰ ਕੁਲਾਰ ਤੇ ਫਿਰ ਅਸ਼ੋਕ ਭੌਰਾ ਦੀਆਂ ਲਿਖਤਾਂ ਪੜ੍ਹਦਾ ਹਾਂ ਕਿਉਂਕਿ ਇਹ ਜ਼ਿੰਦਗੀ ਦੀ ਹਕੀਕਤ ਹਨ।
-ਇਕਬਾਲ ਜੱਬੋਵਾਲੀਆ
ਫੋਨ: 917-375-6395
Leave a Reply