ਚੰਡੀਗੜ੍ਹ: ਪੰਜਾਬ ਵਿਚ ਸੜਕ ਹਾਦਸਿਆਂ ਦੌਰਾਨ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਹੁਣ ਦੇਸ਼ ਵਿਚ ਸਭ ਤੋਂ ਵੱਧ ਸੜਕ ਹਾਦਸਿਆਂ ਦੌਰਾਨ ਹੋਈਆਂ ਮੌਤਾਂ ਵਾਲੇ ਪਹਿਲੇ ਤਿੰਨ ਸੂਬਿਆਂ ਵਿਚ ਸ਼ਾਮਲ ਹੋ ਗਿਆ ਹੈ। ਸਿਰਫ ਪਿਛਲੇ ਦੋ ਮਹੀਨਿਆਂ ਦੌਰਾਨ ਹੀ ਪੰਜਾਬ ਵਿਚ 42 ਮੌਤਾਂ ਸੜਕ ਹਾਦਸਿਆਂ ਦੌਰਾਨ ਹੋਈਆਂ।
ਕੇਂਦਰੀ ਸੜਕ ਮੰਤਰਾਲੇ ਦੇ ਖੋਜ ਵਿੰਗ ਵੱਲੋਂ ਜਾਰੀ ਤਾਜ਼ਾ ਰਿਪੋਰਟ ‘ਰੋਡ ਐਕਸੀਡੈਂਟਸ ਇਨ ਇੰਡੀਆ’ ਵਿਚ ਖੁਲਾਸੇ ਹੋਇਆ ਹੈ ਕਿ ਇਕ ਸਾਲ ਦੇ ਵਕਫੇ ਦੌਰਾਨ ਪੰਜਾਬ ਵਿਚ 4820 ਵਿਅਕਤੀਆਂ ਨੂੰ ਸੜਕ ਹਾਦਸਿਆਂ ਦੌਰਾਨ ਜਾਨ ਤੋਂ ਹੱਥ ਧੋਣੇ ਪਏ। ਦੇਸ਼ ਦੇ 50 ਵੱਡੇ ਸ਼ਹਿਰਾਂ ਵਿਚੋਂ ਅੰਮ੍ਰਿਤਸਰ ਤੇ ਲੁਧਿਆਣਾ ਸ਼ਹਿਰ ਅਜਿਹੇ ਹਨ ਜਿਨ੍ਹਾਂ ਦੀਆਂ ਸੜਕਾਂ ‘ਤੇ ਸਭ ਤੋਂ ਵੱਧ ਹਾਦਸੇ ਹੋਏ ਹਨ। ਹਾਲਾਂਕਿ ਸੂਬਾ ਸਰਕਾਰ ਨੇ ਸੜਕੀ ਮੌਤਾਂ ਦੇ ਮੱਦੇਨਜ਼ਰ ਕਦੇ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦਾ ਗਠਨ ਕੀਤਾ ਸੀ ਪਰ ਇਸ ਕੌਂਸਲ ਦੀ ਹੋਂਦ ਪੰਜਾਬ ਸਰਕਾਰ ਦੀ ਸਰਕਾਰੀ ਡਾਇਰੀ ਵਿਚ ਹੀ ਨਜ਼ਰ ਆਉਂਦੀ ਹੈ।
ਇਸ ਤੋਂ ਇਲਾਵਾ ਕਿਸੇ ਵੇਲੇ ਸੜਕੀ ਮੌਤਾਂ ਬਾਰੇ ਪੰਜਾਬ ਵਿਧਾਨ ਸਭਾ ਕਮੇਟੀ ਤੇ ਪੰਜਾਬ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਨੇ ਸਰਕਾਰ ਨੂੰ ਕੁਝ ਸਿਫ਼ਾਰਸ਼ਾਂ ਕੀਤੀਆਂ ਸਨ ਜੋ ਅਜੇ ਤੱਕ ਫਾਈਲਾਂ ਵਿਚ ਹੀ ਕਿਧਰੇ ਦਫ਼ਨ ਹਨ। ਰਿਪੋਰਟ ਅਨੁਸਾਰ ਸਾਲ 2012 ਵਿਚ ਸ਼ਹਿਰੀ ਖੇਤਰਾਂ ਦੀਆਂ ਸੜਕਾਂ ‘ਤੇ ਹੋਏ ਹਾਦਸਿਆਂ ਕਾਰਨ 1320 ਮੌਤਾਂ ਹੋਈਆਂ ਜਦਕਿ ਪੇਂਡੂ ਖੇਤਰਾਂ ਦੀਆਂ ਸੜਕਾਂ ‘ਤੇ ਹੋਏ ਹਾਦਸੇ 3500 ਵਿਅਕਤੀਆਂ ਦੀ ਜਾਨ ਲੈ ਗਏ।
ਇਨ੍ਹਾਂ ਹਾਦਸਿਆਂ ਦੀ ਲਪੇਟ ਵਿਚ ਆ ਕੇ ਪੈਦਲ ਤੁਰਨ ਵਾਲੇ 468 ਵਿਅਕਤੀ ਮੌਤ ਦੇ ਮੂੰਹ ਜਾ ਪਏ, ਸੜਕਾਂ ‘ਤੇ ਜਾਂਦੇ 287 ਸਾਈਕਲ ਸਵਾਰ ਵਿਅਕਤੀ ਵੀ ਇਸ ਸਾਲ ਵਿਚ ਹੀ ਮੌਤ ਦੇ ਘੇਰੇ ਵਿਚ ਆ ਗਏ। ਇਸ ਸਮੇਂ ਦੌਰਾਨ ਸੂਬੇ ਵਿਚ 556 ਬੱਸ ਹਾਦਸੇ ਹੋਏ ਜਿਨ੍ਹਾਂ ਵਿਚ 403 ਵਿਅਕਤੀਆਂ ਦੀ ਮੌਤ ਹੋਈ ਜਦਕਿ 410 ਵਿਅਕਤੀ ਜ਼ਖਮੀ ਹੋਏ। 200 ਸੜਕ ਹਾਦਸੇ ਆਟੋ ਰਿਕਸ਼ਿਆਂ ਦੇ ਸਨ ਜਿਨ੍ਹਾਂ ਵਿਚ 171 ਵਿਅਕਤੀਆਂ ਦੀ ਮੌਤ ਹੋ ਗਈ।
ਰਾਜ ਵਿਚ ਕਾਰਾਂ/ਟੈਕਸੀਆਂ ਦੇ 1584 ਸੜਕ ਹਾਦਸੇ ਹੋਏ ਜਿਨ੍ਹਾਂ ਵਿਚ 1121 ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਟਰੱਕਾਂ, ਟੈਂਪੂਆਂ ਤੇ ਟਰੈਕਟਰ-ਟਰਾਲੀਆਂ ਦੇ 1567 ਹਾਦਸਿਆਂ ਵਿਚ 1256 ਵਿਅਕਤੀਆਂ ਨੂੰ ਮੌਤ ਲੈ ਗਏ। ਦੋ ਪਹੀਆ ਵਾਹਨਾਂ ਜਾਂ ਕਾਰਾਂ-ਬੱਸਾਂ ਦੇ ਡਰਾਈਵਰਾਂ ਦੇ ਨਸ਼ੇ ਵਿਚ ਹੋਣ ਕਾਰਨ 328 ਵਿਅਕਤੀਆਂ ਦੀ ਮੌਤ ਹੋਈ। ਰਿਪੋਰਟ ਅਨੁਸਾਰ ਪੰਜਾਬ ਪ੍ਰਤੀ ਲੱਖ ਆਬਾਦੀ ਪਿੱਛੇ ਸਭ ਤੋਂ ਵੱਧ ਸੜਕੀ ਮੌਤਾਂ ਵਾਲੇ ਦੇਸ਼ ਦੇ ਪਹਿਲੇ ਤਿੰਨ ਸੂਬਿਆਂ ਵਿਚ ਸ਼ੁਮਾਰ ਹੋ ਗਿਆ ਹੈ। ਬਾਕੀ ਦੋ ਰਾਜ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਹਨ।
Leave a Reply