ਕੱਟੜਪੰਥੀ ਜਥੇਬੰਦੀ ਆਰæਐਸ਼ਐਸ਼ ਦੇ ਕੱਲ੍ਹ ਤੱਕ ਪ੍ਰਚਾਰਕ ਰਹੇ ਅਤੇ ਅੱਜ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਆਖਰਕਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣ ਗਏ ਹਨ। ਇਥੇ ਤੱਕ ਪੁੱਜਣ ਲਈ ਮੋਦੀ ਨੂੰ ਭਾਵੇਂ ਵਾਹਵਾ ਤਰੱਦਦ ਕਰਨਾ ਪਿਆ ਅਤੇ ਬੇਸਬਰੀ ਵਾਲੀ ਉਡੀਕ ਵੀ ਕਰਨੀ ਪਈ ਪਰ ਭਾਜਪਾ ਦੀ ਮਾਂ-ਪਾਰਟੀ ਆਰæਐਸ਼ਐਸ਼ ਦਾ ਹੱਥ ਉਸ ਦੇ ਸਿਰ ਉਤੇ ਹੋਣ ਕਾਰਨ ਉਹ ਇਸ ਪ੍ਰੀਖਿਆ ਵਿਚੋਂ ਲੰਘ ਗਿਆ ਹੈ। ਇਸ ਦੇ ਲਈ ਆਰæਐਸ਼ਐਸ਼ ਨੇ ਬਿਹਾਰ ਸਰਕਾਰ ਵਿਚ ਆਪਣੀ ਭਾਈਵਾਲੀ ਵੀ ਕੁਰਬਾਨ ਕਰ ਦਿੱਤੀ ਅਤੇ ਹੁਣ ਪਾਰਟੀ ਦੇ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਨਾਰਾਜ਼ ਵੀ ਕਰ ਲਿਆ ਹੈ। ਕੁਝ ਧਿਰਾਂ ਇਸ ਨਾਰਾਜ਼ਗੀ ਨੂੰ ਭਾਵੇਂ ਨਿਰਾ ਨਾਟਕ ਕਰਾਰ ਦੇ ਰਹੀਆਂ ਸਨ ਪਰ ਮੋਦੀ-ਵਿਰੋਧੀ ਸਮੁੱਚਾ ਕੈਂਪ ਇਸ ਸਿਆਸੀ ਨਕਲੋ-ਹਰਕਤ ‘ਤੇ ਕੱਛਾਂ ਹੀ ਵਜਾ ਰਿਹਾ ਸੀ। ਦੂਜੇ ਬੰਨੇ ਕਾਂਗਰਸ ਦਿਲੋਂ ਚਾਹੁੰਦੀ ਸੀ ਕਿ ਮੋਦੀ ਹੀ ਭਾਜਪਾ ਦਾ ਉਮੀਦਵਾਰ ਬਣੇ ਕਿਉਂਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਇਸ ਪਾਰਟੀ ਦਾ ਇਕੋ-ਇਕ ਦਾਰੋਮਦਾਰ ਭਾਜਪਾ ਦਾ ਫਿਰਕੂਪੁਣਾ ਹੀ ਬਚਿਆ ਹੈ। ਬਿਨਾਂ ਸ਼ੱਕ ਡਾæ ਮਨਮੋਹਨ ਸਿੰਘ ਦੀ ਸਰਕਾਰ ਤਕਰੀਬਨ ਹਰ ਫਰੰਟ ਉਤੇ ਪਛੜਦੀ ਨਜ਼ਰ ਆ ਰਹੀ ਹੈ। ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਦੀ ਕਲਗੀ ਸਿਰ ਉਤੇ ਸਜਾਈ ਹੋਣ ਦੇ ਬਾਵਜੂਦ ਉਹ ਦੇਸ਼ ਨੂੰ ਆਰਥਿਕ ਸੰਕਟ ਵਿਚੋਂ ਨਹੀਂ ਕੱਢ ਸਕੇ। ਨਿੱਤ ਦਿਨ ਆਰਥਿਕਤਾ ਨੂੰ ਸਗੋਂ ਹੋਰ ਪਛਾੜ ਵੱਜ ਰਹੀ ਹੈ। ਬਹੁਤ ਸਾਰੇ ਖੇਤਰਾਂ ਵਿਚ ਪੂੰਜੀ-ਨਿਵੇਸ਼ ਉਤੇ ਕਰਾਰੀਆਂ ਸੱਟਾਂ ਪਈਆਂ ਹਨ। ਇਸੇ ਅਸਫਲਤਾ ਕਾਰਨ ਦੇਸ਼ ਦੇ ਚੋਟੀ ਦੇ ਧਨਾਢ ਘਰਾਣੇ, ਮੋਦੀ ਦੇ ਹੱਕ ਵਿਚ ਭੁਗਤਦੇ ਜਾਪ ਰਹੇ ਹਨ। ਇਨ੍ਹਾਂ ਨੂੰ ਇਸ ਮੰਦਵਾੜੇ ਦਾ ਹੱਲ ਮੋਦੀ ਵਿਚੋਂ ਨਜ਼ਰ ਆ ਰਿਹਾ ਹੈ ਅਤੇ ਮੋਦੀ ਨੇ ਗੁਜਰਾਤ ਵਿਚ ਜਿਸ ਤਰ੍ਹਾਂ ਹਰ ਨੇਮ ਛਿੱਕੇ ਟੰਗ ਕੇ ਇਨ੍ਹਾਂ ਕਾਰੋਬਾਰੀਆਂ ਨੂੰ ਖੁਸ਼ ਕੀਤਾ ਹੈ, ਉਸ ਨੇ ਮੋਦੀ ਦਾ ਕੌਮੀ ਸਿਆਸਤ ਵਿਚ ਪੈਰ ਪਸਾਰਨ ਦਾ ਰਾਹ ਰਤਾ ਕੁ ਮੋਕਲਾ ਕਰ ਦਿੱਤਾ ਹੈ। ਉਂਜ ਇਹ ਗੱਲ ਸੋਲਾਂ ਆਨੇ ਸਹੀ ਹੈ ਕਿ ਮੋਦੀ ਨੇ ਗੁਜਰਾਤ ਦੀ ਤਰੱਕੀ ਲਈ ਕੋਈ ਖਾਸ ਤੀਰ ਨਹੀਂ ਮਾਰਿਆ ਹੈ। ਉਥੇ ਮੋਦੀ ਲਗਾਤਾਰ ਇਸ ਕਰ ਕੇ ਜਿੱਤ ਰਿਹਾ ਹੈ ਕਿ ਉਥੇ ਵਿਰੋਧੀ ਧਿਰ ਹੀ ਕੋਈ ਨਹੀਂ ਰਹਿ ਗਈ। ਉਥੇ ਕਾਂਗਰਸ ਦੀ ਕਮਜ਼ੋਰੀ, ਮੋਦੀ ਲਈ ਵਰਦਾਨ ਸਾਬਤ ਹੋਈ ਹੈ ਪਰ ਇਸ ਸਭ ਕਾਸੇ ਨੂੰ ਪੇਸ਼ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਵੇਂ ਗੁਜਰਾਤ ਵਿਚ ਲੀਡਰ ਵਜੋਂ ਮੋਦੀ ਦੀ ਬੱਲੇ-ਬੱਲੇ ਹੈ। ਕਾਂਗਰਸ ਵੱਲੋਂ ਉਥੇ ਪੈਰ ਗੱਡਣ ਲਈ ਹਰ ਹੀਲਾ-ਵਸੀਲਾ ਕਰਨ ਦੇ ਬਾਵਜੂਦ ਸੂਬੇ ਵਿਚ ਪਾਰਟੀ ਦਾ ਠੁੱਕਦਾਰ ਦਖਲ ਬਣ ਨਹੀਂ ਰਿਹਾ। ਕੋਈ ਇਸ ਤਰ੍ਹਾਂ ਦਾ ਨੇਤਾ ਉਭਰ ਨਹੀਂ ਰਿਹਾ ਜਿਹੜਾ ਮੋਦੀ ਨੂੰ ਪਹਿਲਾਂ ਨੰਗੇ ਧੜ ਲਲਕਾਰ ਸਕੇ ਅਤੇ ਫਿਰ ਆਪਣੀ ਸੁਘੜ ਸਰਗਰਮੀ ਨਾਲ ਮੈਦਾਨ ਵਿਚੋਂ ਖਦੇੜ ਸਕੇ। ਜ਼ਾਹਿਰ ਹੈ ਕਿ ਉਥੇ ਮੋਦੀ ਲਈ ਪਿੜ ਐਨ ਖਾਲੀ ਹੈ।
ਕੌਮੀ ਸਿਆਸੀ ਪਿੜ ਉਤੇ ਜੇ ਨਿਗ੍ਹਾ ਮਾਰੀ ਜਾਵੇ ਤਾਂ ਹਾਲਾਤ ਇਸ ਤੋਂ ਕੋਈ ਬਹੁਤੇ ਵੱਖਰੇ ਨਹੀਂ। ਇਸ ਲਈ ਗੁਜਰਾਤ ਵਾਂਗ ਹੀ ਜੇ ਮੋਦੀ ਕੌਮੀ ਸਿਆਸਤ ਵਿਚ ਪੈਰ ਪਸਾਰਨ ਵਿਚ ਕਾਮਯਾਬ ਹੋ ਜਾਦਾ ਹੈ ਤਾਂ ਇਸ ਵਿਚ ਉਸ ਦੀ ਲਿਆਕਤ ਦਾ ਘੱਟ ਅਤੇ ਕਾਂਗਰਸ ਦੀ ਨਾਲਾਇਕੀ ਦਾ ਵੱਧ ਯੋਗਦਾਨ ਹੋਵੇਗਾ। ਕਾਂਗਰਸ ਲਈ ਇਕ ਨੁਕਤਾ ਤਾਂ ਐਨ ਸਾਫ ਹੋ ਚੁੱਕਾ ਹੈ ਕਿ ਅਗਲੀਆਂ ਚੋਣਾਂ ਮਨਮੋਹਨ ਸਿੰਘ ਨਾਂ ਦੇ ਮਖੌਟੇ ਨੂੰ ਅੱਗੇ ਲਾ ਕੇ ਜਿੱਤੀਆਂ ਨਹੀਂ ਜਾ ਸਕਣਗੀਆਂ। ਲੈ-ਦੇ ਕੇ ਰਾਹੁਲ ਗਾਂਧੀ ਦਾ ਨਾਂ ਆ ਰਿਹਾ ਹੈ ਅਤੇ ਉਹ ਇਤਨੇ ਸਾਲਾਂ ਦੀ ਸਰਗਰਮੀ ਤੇ ਹਰ ਤਰ੍ਹਾਂ ਦੀ ਸਹੂਲਤ ਦੇ ਬਾਵਜੂਦ ਚਤੁਰ ਤੇ ਸਿਰਕੱਢ ਸਿਆਸੀ ਨੇਤਾ ਵਜੋਂ ਆਪਣੀ ਪੈਂਠ ਨਹੀਂ ਜਮਾ ਸਕਿਆ। ਉਸ ਨੇ ਸਿਆਸੀ ਹਲਕਿਆਂ ਵਿਚ ਪੈਂਠ ਤਾਂ ਕੀ ਜਮਾਉਣੀ ਸੀ, ਉਸ ਦੀ ਸਿਆਸੀ ਨਾਲਾਇਕੀ ਕਰ ਕੇ ਹੀ ਤਾਂ ਪੰਜਾਬ ਵਿਚ ਅੱਜ ਕਾਂਗਰਸ ਚੌਫਾਲ ਡਿੱਗੀ ਪਈ ਹੈ। ਇਸ ਕੋਲੋਂ ਤਾਂ ਵਿਰੋਧੀ ਧਿਰ ਦਾ ਠੁੱਕਦਾਰ ਰੋਲ ਵੀ ਨਹੀਂ ਨਿਭਾਇਆ ਜਾ ਰਿਹਾ। ਪੰਜਾਬ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਿਹੜੀ ਪਛਾੜ ਪਾਰਟੀ ਨੂੰ ਪਈ ਹੈ, ਉਸ ਦੀ ਭਰਪਾਈ ਅੱਜ ਤੱਕ ਨਹੀਂ ਹੋ ਰਹੀ ਅਤੇ ਇਸ ਦਾ ਸਿੱਧਾ ਲਾਹਾ ਸੱਤਾਧਾਰੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਪੁੱਜ ਰਿਹਾ ਹੈ। ਹੋਰ ਵੀ ਕਈ ਸੂਬੇ ਹਨ ਜਿਥੇ ਸਿਆਸੀ ਹਾਲਾਤ ਗੁਜਰਾਤ ਅਤੇ ਪੰਜਾਬ ਵਰਗੇ ਹਨ। ਇਹੀ ਇਕ ਬੇੜੀ ਹੈ ਜਿਸ ਉਤੇ ਸਵਾਰ ਹੋ ਕੇ ਮੋਦੀ ਵਰਗਾ ਨੇਤਾ ਪਾਰ ਲੰਘਣ ਵਿਚ ਕਾਮਯਾਬ ਹੋ ਸਕਦਾ ਹੈ। ਬੁੱਧੀਜੀਵੀ ਹਲਕਿਆਂ ਵਿਚ ਅੱਜ ਵੀ ਮੋਦੀ ਨਫਰਤ ਦਾ ਪਾਤਰ ਹੈ ਅਤੇ ਮਾੜਾ-ਮੋਟਾ ਕਣ ਰੱਖਣ ਵਾਲਾ ਮੀਡੀਆ ਵੀ ਮੋਦੀ ਦਾ ਤਿੱਖਾ ਆਲੋਚਕ ਹੈ ਕਿਉਂਕਿ ਇਸ ਨੇਤਾ ਨੇ ਗੁਜਰਾਤ ਦੰਗਿਆਂ ਵਿਚ ਜੋ ਭੂਮਿਕਾ ਨਿਭਾਈ ਸੀ, ਉਹ ਭਿੱਜੇ ਕੰਬਲ ਵਾਂਗ ਉਸ ਨੂੰ ਚਿੰਬੜੀ ਹੋਈ ਹੈ। ਦੇਸ਼ ਉਤੇ ਛੇ ਸਾਲ ਰਾਜ ਕਰਨ ਵਾਲੇ ਕੌਮੀ ਜਮਹੂਰੀ ਗਠਜੋੜ (ਐਨæਡੀæਏæ) ਵਿਚ ਅੱਜ ਇਸ ਦੀਆਂ ਸਿਰਫ ਦੋ ਸਹਿਯੋਗੀ ਪਾਰਟੀਆਂ ਬਚੀਆਂ ਹਨ-ਇਕ ਅਕਾਲੀ ਦਲ ਅਤੇ ਦੂਜੀ ਸ਼ਿਵ ਸੈਨਾ। ਅਜਿਹੀ ਸੂਰਤ ਵਿਚ ਮੋਦੀ ਦਾ ਜੋ ਹਾਲ ਲੋਕ ਸਭਾ ਚੋਣਾਂ ਵਿਚ ਹੋਣਾ ਹੈ, ਉਹ ਦਿਸ ਹੀ ਰਿਹਾ ਹੈ। ਉਂਜ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਪਹਿਲੀਆਂ ਚੋਣਾਂ ਨਾਲੋਂ ਵੱਖਰੀਆਂ ਹੋਣਗੀਆਂ ਕਿਉਂਕਿ ਦੋਹਾਂ ਮੁੱਖ ਧਿਰਾਂ ਦਾ ਸਾਰਾ ਜ਼ੋਰ ਆਪਣੀ ਕਾਰਕਰਦਗੀ ਦੀ ਥਾਂ ਅਗਲੇ ਦੇ ਵਿਰੋਧ ਦੀ ਸਿਆਸਤ ਉਤੇ ਵਧੇਰੇ ਰਹਿਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਕਹਿਣ ਨੂੰ ਤਾਂ ਭਾਵੇਂ ਭਾਰਤ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਪਰ ਇਹ ਜਮਹੂਰੀਅਤ ਜਿੰਨੀ ਖੋਖਲੀ ਹੈ ਅਤੇ ਪਿਛਲੇ ਦੋ ਕੁ ਦਹਾਕਿਆਂ ਦੌਰਾਨ ਜਿਸ ਤਰ੍ਹਾਂ ਆਮ ਲੋਕ ਹਰ ਜਮਹੂਰੀ ਢਾਂਚੇ ਤੇ ਸੰਸਥਾ ਵਿਚੋਂ ਬਾਹਰ ਹੋਇਆ ਹੈ, ਉਸ ਤੋਂ ਲਗਦਾ ਨਹੀਂ ਕਿ ਕੋਈ ਸਿਫਤੀ ਤਬਦੀਲੀ ਆਵੇਗੀ। ਬੱਸ ਪਹਿਲਾਂ ਵਾਂਗ ਦੇਸ਼ ਦਾ ਨੇਤਾ ਬਦਲਣ ਦੀ ਕਵਾਇਦ ਹੀ ਹੋਵੇਗੀ। æææ ਤੇ ਇਹ ਨੇਤਾ ਮੋਦੀ ਜਾਂ ਕੋਈ ਵੀ ਹੋਰ ਹੋ ਸਕਦਾ ਹੈ।
Leave a Reply