ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਭਾਰਤੀ ਜਨਤਾ ਪਾਰਟੀ (ਭਾਜਪਾ) 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਇਕ ਵਾਰ ਫਿਰ ਫਿਰਕੂ ਪੱਤਾ ਖੇਡੇਗੀ। ਇਸ ਮਕਸਦ ਲਈ ਗੁਜਰਾਤ ਦੇ ਵਿਵਾਦਗ੍ਰਸਤ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਭਾਵੇਂ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਸੀ। ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਤਾਂ ਆਖਰੀ ਪਲਾਂ ਤੱਕ ਸ੍ਰੀ ਮੋਦੀ ਦੇ ਨਾਂ ਨੂੰ ਸਹਿਮਤੀ ਨਹੀਂ ਦਿੱਤੀ ਜਿਸ ਕਰ ਕੇ ਭਾਜਪਾ ਦੋ ਧੜਿਆਂ ਵਿਚ ਵੰਡੀ ਗਈ ਹੈ।
ਅਸਲ ਵਿਚ ਲੋਕ ਸਭਾ ਚੋਣਾਂ ਵਿਚ ਭਾਜਪਾ ਦੋਹਰਾ ਪੈਂਤੜਾ ਮੱਲ ਰਹੀ ਹੈ। ਸੰਘ ਪਰਿਵਾਰ ਨਾਲ ਜੁੜੀ ਕੱਟੜ ਹਿੰਦੂ ਵੋਟ ਨੂੰ ਖਿੱਚਣ ਲਈ ਭਾਜਪਾ ਨੇ ਸ੍ਰੀ ਮੋਦੀ ਨੂੰ ਕੌਮੀ ਆਗੂ ਵਜੋਂ ਉਭਾਰਿਆ ਹੈ, ਨਾਲ ਹੀ ਪਾਰਟੀ ਵੱਲੋਂ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੀਆਂ ਜਾਣਗੀਆਂ। ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਲੋਕ ਸਭਾ ਚੋਣਾਂ ਭਾਜਪਾ ਕਿਸੇ ਧਾਰਮਿਕ ਮੁੱਦੇ ‘ਤੇ ਨਹੀਂ ਸਗੋਂ ਵਿਕਾਸ ਦੇ ਮੁੱਦੇ ‘ਤੇ ਲੜੇਗੀ। ਉਹ ਤਾਂ ਇਹ ਵੀ ਕਹਿ ਰਹੇ ਹਨ ਕਿ ਰਾਮ ਮੰਦਰ ਤੇ ਹਿੰਦੂਵਾਦ ਕਦੇ ਵੀ ਭਾਜਪਾ ਦਾ ਸਿਆਸੀ ਏਜੰਡਾ ਨਹੀਂ ਰਹੇ।
ਜ਼ਿਕਰਯੋਗ ਹੈ ਕਿ ਸੰਘ ਪਰਿਵਾਰ ਵੱਲੋਂ ਭਾਜਪਾ ‘ਤੇ ਹਿੰਦੂਵਾਦ ਦੇ ਏਜੰਡੇ ਤੋਂ ਦੂਰ ਜਾਣ ਦੇ ਦੋਸ਼ ਲਾਏ ਜਾ ਰਹੇ ਹਨ ਜਿਸ ਕਰ ਕੇ ਕੱਟੜਵਾਦੀ ਹਿੰਦੂ ਵੋਟ ਖੁਰਨ ਦਾ ਖ਼ਤਰਾ ਹੈ। ਭਾਜਪਾ ਨੇ ਸੰਘ ਪਰਿਵਾਰ ਦੇ ਪ੍ਰਭਾਵ ਹੇਠ ਹੀ ਨਰੇਂਦਰ ਮੋਦੀ ਨੂੰ ਕੌਮੀ ਸਿਆਸਤ ਵਿਚ ਉਭਾਰਿਆ ਜੋ ਗੁਜਰਾਤ ਦੰਗਿਆਂ ਕਰ ਕੇ ਕੱਟੜਪੰਥੀਆਂ ਦਾ ਚਹੇਤਾ ਬਣਿਆ ਹੋਇਆ ਹੈ। ਇਨ੍ਹਾਂ ਸਾਰੀਆਂ ਗਿਣਤੀਆਂ-ਮਿਣਤੀਆਂ ਨੂੰ ਧਿਆਨ ਵਿਚ ਰੱਖਦਿਆਂ ਭਾਜਪਾ ਨੇ ਦੋਹਰਾ ਪੈਂਤੜੇ ਮੱਲਿਆ ਹੈ। ਹਿੰਦੂ ਵੋਟਾਂ ਨੂੰ ਖਿੱਚਣ ਲਈ ਨਰੇਂਦਰ ਮੋਦੀ ਦੇ ਅਕਸ ਨੂੰ ਵਰਤਿਆ ਜਾਵੇਗਾ ਤੇ ਪਾਰਟੀ ਦੇ ਕੁਝ ਸਹਿਣਸ਼ੀਲ ਚਿਹਰੇ ਵਿਕਾਸ ਦੇ ਮੁੱਦੇ ਨੂੰ ਉਭਾਰ ਤੇ ਕਾਂਗਰਸ ਨਾਲ ਆਢਾ ਲਾਉਣਗੇ।
ਸ੍ਰੀ ਮੋਦੀ ਦੀ ਚੜ੍ਹਾਈ ਨੂੰ ਲੈ ਕੇ ਭਾਜਪਾ ਦਾ ਅੰਦਰੂਨੀ ਕਲੇਸ਼ ਵੀ ਭਖ ਗਿਆ ਹੈ। ਸ੍ਰੀ ਅਡਵਾਨੀ ਦਾ ਧੜਾ ਪਿਛਲੇ ਸਮੇਂ ਤੋਂ ਪਾਰਟੀ ਵਿਚ ਮੋਦੀ ਦੀ ਚੜ੍ਹਾਈ ਦਾ ਵਿਰੋਧ ਕਰਦਾ ਆ ਰਿਹਾ ਹੈ। ਪਿਛਲੇ ਸਮੇਂ ਦੌਰਾਨ ਮੋਦੀ ਨੂੰ ਚੋਣ ਪ੍ਰਚਾਰ ਮੁਹਿੰਮ ਦਾ ਮੁਖੀ ਬਣਾਉਣ ‘ਤੇ ਉਨ੍ਹਾਂ ਅਸਤੀਫ਼ਾ ਵੀ ਦੇ ਦਿੱਤਾ ਸੀ ਪਰ ਸੰਘ ਦੇ ਦਬਾਅ ਕਾਰਨ ਉਹ ਮੰਨ ਗਏ ਸਨ। ਹੁਣ ਫਿਰ ਸ੍ਰੀ ਅਡਵਾਨੀ ਨੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਉਪਰ ਮਾਯੂਸੀ ਜ਼ਾਹਿਰ ਕੀਤੀ ਹੈ।
ਦੂਜੇ ਪਾਸੇ ਭਾਜਪਾ ਦੇ ਇਸ ਫੈਸਲੇ ਦਾ ਐਨæਡੀæਏæ ਵਿਚ ਸ਼ਾਮਲ ਪਾਰਟੀਆਂ ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਭਰਵਾਂ ਸਵਾਗਤ ਕੀਤਾ ਹੈ ਜਦੋਂਕਿ ਐਨæਡੀæਏæ ਤੋਂ ਬੇਦਾਵਾ ਦੇ ਗਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਭਾਜਪਾ ਦੀ ਹੁਣ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਨਤਾ ਦਲ (ਯੂ) ਨੇ ਤਿੰਨ ਮਹੀਨੇ ਪਹਿਲਾਂ ਹੀ ਜਾਣ ਲਿਆ ਸੀ ਕਿ ਅਜਿਹਾ ਕੁਝ ਹੋਣ ਵਾਲਾ ਹੈ। ਉਨ੍ਹਾਂ ਨੇ ਭਾਜਪਾ ਤੋਂ ਵੱਖ ਹੋਣ ਦੇ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਸਹੀ ਸਮੇਂ ‘ਤੇ ਫੈਸਲਾ ਕੀਤਾ ਸੀ।
ਚੇਤੇ ਰਹੇ ਕਿ ਹਿੰਦੂਤਵ ਦੇ ਮੁੱਦੇ ਤੋਂ ਖਫ਼ਾ ਹੋ ਕੇ ਭਾਜਪਾ ਦੀ ਅਗਵਾਈ ਵਾਲੇ ਐਨæਡੀæਏæ ਵਿਚ ਸ਼ਾਮਲ ਸਾਰੀਆਂ ਵੱਡੀਆਂ ਪਾਰਟੀਆਂ ਵੱਖ ਹੋ ਗਈਆਂ ਹਨ। ਇਸ ਵੇਲੇ ਸਿਰਫ ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਐਨæਡੀæਏæ ਦੇ ਲੜ ਲੱਗੇ ਹੋਏ ਹਨ। ਹਿੰਦੂਤਵ ਦਾ ਮੁੱਦਾ ਸ਼ਿਵ ਸੈਨਾ ਦੇ ਵੀ ਫਿੱਟ ਬੈਠਦਾ ਹੈ ਪਰ ਘੱਟ-ਗਿਣਤੀ ਦੀ ਨੁਮਾਇੰਦਗੀ ਕਰਦੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹਾਸੋ-ਹੀਣੀ ਬਣੀ ਹੋਈ ਹੈ। ਅਕਾਲੀ ਦਲ ਦੀ ਚੁਫੇਰਿਉਂ ਆਲੋਚਨਾ ਹੋ ਰਹੀ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਭ ਕਾਸੇ ਤੋਂ ਅੱਖਾਂ ਮੀਟੀ ਮੋਦੀ ਦੇ ਸੋਹਲੇ ਗਾ ਰਹੇ ਹਨ।
ਹਾਲ ਹੀ ਵਿਚ ਗੁਜਰਾਤ ਦੇ ਦੌਰੇ ਦੌਰਾਨ ਸ਼ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੂੰ ‘ਦੇਸ਼ ਦਾ ਮਹਾਨ ਨੇਤਾ’ ਕਰਾਰ ਦੇ ਦਿੱਤਾ ਸੀ। ਇਸ ਮੌਕੇ ਸ਼ ਬਾਦਲ ਨੇ ਸ੍ਰੀ ਮੋਦੀ ਨੂੰ ਸੂਬੇ ਦੀ ਸਿਆਸਤ ਤੋਂ ਅੱਗੇ ਵਧ ਕੇ ਕੌਮੀ ਪੱਧਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਹੱਲਾਸ਼ੇਰੀ ਦਿੱਤੀ ਸੀ। ਇਸੇ ਤਰ੍ਹਾਂ ਸ੍ਰੀ ਮੋਦੀ ਦੀ ਪੰਜਾਬ ਫੇਰੀ ਮੌਕੇ ਭਾਵੇਂ ਆਮ ਅਕਾਲੀ ਵਰਕਰਾਂ ਨੇ ਕੋਈ ਉਤਸ਼ਾਹ ਨਹੀਂ ਸੀ ਵਿਖਾਇਆ ਪਰ ਬਾਦਲ ਉਚੇਚਾ ਵਿਦੇਸ਼ ਦੌਰਾ ਛੱਡ ਕੇ ਭਾਜਪਾ ਦੀ ਰੈਲੀ ਵਿਚ ਪਹੁੰਚੇ ਸਨ।
___________________
ਅਮਰੀਕਾ ਵਲੋਂ ਮੋਦੀ ਲਈ ਵੀਜ਼ਾ ਨਿਯਮਾਂ ਵਿਚ ਕੋਈ ਤਬਦੀਲੀ ਨਹੀਂ
ਵਾਸ਼ਿੰਗਟਨ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਬੇਸ਼ੱਕ ਆਉਂਦੀਆਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਪਰ ਅਮਰੀਕੀ ਵੀਜ਼ੇ ਦੇ ਲਈ ਉਨ੍ਹਾਂ ਨੂੰ ਆਮ ਲੋਕਾਂ ਵਾਂਗ ਹੀ ਅਰਜ਼ੀ ਦੇਣੀ ਪਵੇਗੀ।
ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਤਰਜਮਾਨ ਮੈਰੀ ਹਾਰਫ਼ ਨੇ ਕਿਹਾ ਕਿ ਮੋਦੀ ਵੀਜ਼ੇ ਦੇ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਨੂੰ ਵੀ ਹੋਰ ਲੋਕਾਂ ਵਾਂਗ ਇਸ ਦੀ ਸਮੀਖਿਆ ਦਾ ਇੰਤਜ਼ਾਰ ਕਰ ਸਕਦੇ ਹਨ।
Leave a Reply