ਅਮਰੀਕੀ ਜਲ ਸੈਨਾ ਦੇ ਯਾਰਡ ‘ਚ ਗੋਲੀ ਚੱਲੀ; 12 ਮੌਤਾਂ

ਵਾਸ਼ਿੰਗਟਨ: ਵਾਸ਼ਿੰਗਟਨ ਵਿਖੇ ਨੇਵੀ ਯਾਰਡ ‘ਚ ਇਕ ਹਥਿਆਰਬੰਦ ਵਿਅਕਤੀ ਵਲੋਂ ਅੰਨ੍ਹੇਵਾਹ ਕੀਤੀ ਫਾਇਰਿੰਗ ਦੌਰਾਨ 12 ਵਿਅਕਤੀਆਂ ਦੀ ਮੌਤ ਹੋ ਗਈ। ਹਮਲਾਵਰ ਨੂੰ ਮੌਕੇ ਉਤੇ ਹੀ ਮਾਰ ਦਿੱਤਾ ਗਿਆ। 
ਵਾਸ਼ਿੰਗਟਨ ਡੀæਸੀæ ਦੇ ਮੇਅਰ ਵਿਨਸੈਂਟ ਗ੍ਰੇਅ ਅਤੇ ਪੁਲਿਸ ਮੁਖੀ ਕੈਥੀ ਲੈਨੀਅਰ ਨੇ 12 ਮੌਤਾਂ ਦੀ ਪੁਸ਼ਟੀ ਕੀਤੀ ਹੈ। ਮਾਰੇ ਗਏ ਹਮਲਾਵਰ ਦੀ ਪਛਾਣ 34 ਸਾਲਾ ਐਲੋਨ ਅਲੈਕਸਿਸ ਵਜੋਂ ਹੋਈ ਹੈ ਜੋ ਟੈਕਸਾਸ ਤੋਂ ਇਕ ਫੌਜੀ ਠੇਕੇਦਾਰ ਹੈ। ਵਾਸ਼ਿੰਗਟਨ ਡੀæਸੀæ ਦੇ ਦੱਖਣ-ਪੂਰਬ ਸਥਿਤ ਨੇਵਲ ਸੀ ਸਿਸਟਮਜ਼ ਕਮਾਂਡ ਹੈੱਡ-ਕਵਾਰਟਰ ‘ਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਨੇਵੀ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਟਵਿੱਟਰ ਜ਼ਰੀਏ ਦਿੱਤੀ। ਇਸ ਯਾਰਡ ‘ਚ ਕਰੀਬ ਤਿੰਨ ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਇਹ ਘਟਨਾ ਸਥਾਨ, ਵ੍ਹਾਈਟ ਹਾਊਸ ਤੋਂ ਸਿਰਫ ਪੰਜ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਸਥਿਤ ਹੈ। ਵਾਸ਼ਿੰਗਟਨ ਪੁਲਿਸ ਦੇ ਮੁਖੀ ਕੈਥੀ ਲੇਨੀਅਰ ਨੇ ਦੱਸਿਆ ਕਿ ਹਮਲਾਵਰਾਂ ਨੇ ਫੌਜੀ ਵਰਦੀ ਪਾਈ ਹੋਈ ਸੀ। ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤੇ ਨੇੜਲੇ ਸਕੂਲ ਤੇ ਦਫਤਰ ਬੰਦ ਕਰ ਦਿੱਤੇ ਗਏ ਹਨ। ਗੋਲੀਬਾਰੀ ਸ਼ੁਰੂ ਹੋਣ ਦੇ ਛੇਤੀ ਮਗਰੋਂ ਜਲ ਸੈਨਾ ਆਪਰੇਸ਼ਨ ਦੇ ਮੁਖੀ ਐਡਮਿਰਲ ਜੋਨਾਥਨ ਡਬਲਯੂ ਗ੍ਰੀਨਾਰਟ ਤੇ ਉਨ੍ਹਾਂ ਦੀ ਪਤਨੀ ਨੂੰ ਯਾਰਡ ‘ਚ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਚੋਂ ਸੁਰੱਖਿਅਤ ਕੱਢ ਲਿਆ ਗਿਆ। ਵ੍ਹਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਫੈਡਰਲ ਤੇ ਸਥਾਨਿਕ ਅਧਿਕਾਰੀਆਂ ਨੂੰ ਇਸ ਘਟਨਾ ਦੀ ਡੂੰਘੀ ਜਾਂਚ ਕਰਨ ਲਈ ਕਿਹਾ ਹੈ।
ਮ੍ਰਿਤਕਾਂ ‘ਚ ਇਕ ਭਾਰਤੀ-ਅਮਰੀਕੀ ਰੱਖਿਆ ਠੇਕੇਦਾਰ ਵੀ ਸ਼ਾਮਲ ਹੈ। ਵਾਸ਼ਿੰਗਟਨ ਮੈਟਰੋਪੋਲੀਟਨ ਪੁਲਿਸ ਨੇ ਇਸ ਗੋਲੀਕਾਂਡ ਵਿਚ ਮਰਨ ਵਾਲੇ ਸੱਤ ਵਿਅਕਤੀਆਂ ਦੇ ਨਾਂ ਨਸ਼ਰ ਕੀਤੇ ਹਨ ਜਿਨ੍ਹਾਂ ‘ਚੋਂ ਇਕ 61 ਸਾਲਾ ਵਿਸ਼ਨੂੰ ਪੰਡਿਤ ਵੀ ਹੈ। ਉਸ ਤੋਂ ਇਲਾਵਾ ਛੇ ਹੋਰਨਾਂ ਦੀ ਪਛਾਣ ਮਾਈਕਲ ਆਰਨੌਲਡ (59), ਸਿਲਵੀਆ ਫ੍ਰੇਜ਼ੀਅਰ (53), ਕੈਥੀ ਗਾਰਡੀ (62), ਜੌਹਨ ਰੌਜਰ ਜੌਨਸਨ (73), ਫ੍ਰੈਂਕ ਕੋਹਲਰ (50) ਅਤੇ ਕੈਨੇਥ ਬਰਨਾਰਡ ਪ੍ਰਾਕਟਰ (60) ਵਜੋਂ ਹੋਈ ਹੈ। ਮਰਨ ਵਾਲਿਆਂ ‘ਚੋਂ ਵਧੇਰੇ ਫ਼ੌਜੀ ਠੇਕੇਦਾਰ ਸਨ।

Be the first to comment

Leave a Reply

Your email address will not be published.