ਪੰਜਾਬ ਦੀ ਖਾਣ ਵਾਲੀ ਹਰ ਚੀਜ਼ ਵਿਚ ਮਿਲਾਵਟ!

ਚੰਡੀਗੜ੍ਹ: ਪੰਜਾਬ ਵਿਚ ਇਨ੍ਹੀਂ ਦਿਨੀਂ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਦਾ ਧੰਦਾ ਜ਼ੋਰਾਂ ‘ਤੇ ਹੈ। ਸੂਬੇ ਵਿਚ ਮਿਰਚ-ਮਸਾਲਿਆਂ ਤੋਂ ਲੈ ਕੇ ਦੇਸੀ ਘਿਓ ਤੱਕ ਸਭ ਵਿਚ ਮਿਲਾਵਟ ਦਰਜ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਸਰਕਾਰ ਨੇ ਸੂਬੇ ਵਿਚ ਵੱਡੇ ਪੱਧਰ ‘ਤੇ ਮਿਲਾਵਟਖੋਰੀ ਨੂੰ ਅੰਜਾਮ ਦੇਣ ਵਾਲੇ 103 ਮਿਲਾਵਟਖੋਰਾਂ ਨੂੰ ਜੇਲ੍ਹ ਦੀ ਹਵਾ ਖਵਾਉਣ ਵਾਸਤੇ ਇਨ੍ਹਾਂ ਖ਼ਿਲਾਫ਼ ਅਦਾਲਤਾਂ ਵਿਚ ਕੇਸ ਦਾਇਰ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਖੁਲਾਸਾ ਸਿਹਤ ਵਿਭਾਗ ਦੇ ਖੁਰਾਕ ਵਿੰਗ ਦੀਆਂ ਤਾਜ਼ਾ ਰਿਪੋਰਟਾਂ ਵਿਚ ਹੋਇਆ ਹੈ।
ਸੂਬੇ ਵਿਚ ਮਿਰਚ, ਹਲਦੀ, ਜੀਰਾ, ਦਾਲਾਂ, ਦੇਸੀ ਘਿਓ, ਆਈਸਕ੍ਰੀਮ, ਬਰਫ਼ੀ, ਖਾਣਾ ਪਕਾਉਣ ਵਾਲੇ ਤੇਲ, ਸਰੋਂ ਦਾ ਤੇਲ ਤੇ ਦੁੱਧ ਦੇ ਨਮੂਨੇ ਪ੍ਰਯੋਗਸ਼ਾਲਾ ਵਿਚ ਜਾਂਚ ਦੌਰਾਨ ਲਗਾਤਾਰ ਫੇਲ੍ਹ ਹੋ ਰਹੇ ਹਨ। ਚਾਲੂ ਸਾਲ ਦੇ ਜਨਵਰੀ ਮਹੀਨੇ ਤੋਂ ਲੈ ਕੇ ਮਾਰਚ ਤੱਕ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਵਿਚ ਖੁਰਾਕ ਪਦਾਰਥਾਂ ਦੇ 1412 ਨਮੂਨੇ ਲੈ ਕੇ ਜਦੋਂ ਉਨ੍ਹਾਂ ਦੀ ਪ੍ਰਯੋਗਸ਼ਾਲਾ ਵਿਚ ਜਾਂਚ ਕਰਵਾਈ ਤਾਂ ਉਨ੍ਹਾਂ ਵਿਚੋਂ 200 ਨਮੂਨਿਆਂ ਵਿਚ ਮਿਲਾਵਟ ਦਰਜ ਕੀਤੀ ਗਈ ਤੇ ਇਹ ਖੁਰਾਕ ਪਦਾਰਥ ਮਨੁੱਖੀ ਸਿਹਤ ਲਈ ਖਤਰਨਾਕ ਪਾਏ ਗਏ।
ਵਿਭਾਗ ਵੱਲੋਂ ਪਿਛਲੇ ਵਰ੍ਹੇ ਕਰਵਾਈ ਗਈ ਅਜਿਹੀ ਹੀ ਜਾਂਚ ਵਿਚ 578 ਨਮੂਨਿਆਂ ਵਿਚ ਮਿਲਾਵਟ ਦਰਜ ਕੀਤੀ ਗਈ ਸੀ ਤੇ ਸਾਲ 2011 ਵਿਚ ਵੀ ਖੁਰਾਕ ਪਦਾਰਥਾਂ ਦੇ 658 ਨਮੂਨੇ ਪ੍ਰਯੋਗਸ਼ਾਲਾ ਵਿਚ ਫੇਲ੍ਹ ਹੋ ਗਏ ਸਨ। ਸੂਤਰਾਂ ਮੁਤਾਬਕ ਮਿਲਾਵਟਖੋਰ ਅੱਜ-ਕੱਲ੍ਹ ਦੇਸੀ ਘਿਓ ਦੀ ਮਾਤਰਾ ਵਧਾਉਣ ਲਈ ‘ਹਾਈਡ੍ਰੋਜਨੇਟਿਡ ਆਇਲ’ ਦੀ ਖੂਬ ਵਰਤੋਂ ਕਰ ਰਹੇ ਹਨ ਤੇ ਮਿਲਾਵਟ ਮਗਰੋਂ ਦੇਸੀ ਘਿਓ ਦੀ ਖੁਸ਼ਬੂ ਕਾਇਮ ਰੱਖਣ ਲਈ ਉਸ ਵਿਚ ਖਾਸ ਫਲੇਵਰ ਪਾਇਆ ਜਾ ਰਿਹਾ ਹੈ।
ਸਰ੍ਹੋਂ ਦੇ ਤੇਲ ਵਿਚ ਚੌਲਾਂ ਦਾ ਤੇਲ, ਹਲਦੀ ਵਿਚ ਚੌਲਾਂ ਦਾ ਪਾਊਡਰ ਤੇ ਪੀਲੇ ਰੰਗ ਦੀ ਮਿਲਾਵਟ, ਮਿਰਚ ਵਿਚ ਵੀ ਚੌਲਾਂ ਦਾ ਪਾਊਡਰ ਤੇ ਰੰਗ ਦੀ ਮਿਲਾਵਟ ਦਰਜ ਕੀਤੀ ਗਈ ਹੈ। ਦੁੱਧ ਵਿਚ ਅੱਜ ਕੱਲ੍ਹ ਰਿਫਾਇੰਡ ਤੇਲ, ਸੋਇਆ ਪਾਊਡਰ, ਮਾਲਟੋਡੈਕਸਟੀਨ ਨਾਂ ਦਾ ਪਦਾਰਥ, ਕਾਰਬੋਨੇਟ, ਬਾਈਕਾਰਬੋਨੇਟ, ਸ਼ੁਕਰੋਜ, ਸਟਾਰਚ, ਨਮਕ, ਸ਼ੂਗਰ ਦੀ ਮਿਲਾਵਟ ਕੀਤੀ ਜਾ ਰਹੀ ਹੈ। ਖਾਣਾ ਪਕਾਉਣ ਵਾਲੇ ਤੇਲਾਂ ਵਿਚ ਸਸਤੇ ਤੇਲਾਂ ਦੀ ਮਿਲਾਵਟ ਦਰਜ ਕੀਤੀ ਜਾ ਰਹੀ ਹੈ।
ਆਈਸਕ੍ਰੀਮ ਵਿਚ ਤੈਅ ਮਾਤਰਾ ਤੋਂ ਘੱਟ ਫੈਟ ਪਾ ਕੇ ਪ੍ਰੋਟੀਨ ਤੇ ਹੋਰ ਤੱਤਾਂ ਦਾ ਸੰਤੁਲਨ ਵਿਗਾੜ ਦਿੱਤਾ ਜਾਂਦਾ ਹੈ। ਬਰਫ਼ੀ ‘ਤੇ ਚਾਂਦੀ ਦੀ ਪਰਤ ਦੀ ਥਾਂ ਐਲੂਮੀਨੀਅਮ ਦੀਆਂ ਪਰਤਾਂ ਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਖਾਣਾ ਕੈਂਸਰ ਨੂੰ ਸੱਦਾ ਦੇਣਾ ਹੈ। ਸੂਤਰਾਂ ਇਹ ਵੀ ਦੱਸਿਆ ਕਿ ਕਈ ਥਾਂਈਂ ਦੁੱਧ-ਦਹੀਂ ਵਿਚ ਛਿਪਕਲੀਆਂ ਤੇ ਉਲੀ ਦੇ ਕੇਸ ਵੀ ਸਾਹਮਣੇ ਆਏ ਹਨ।
ਇਸ ਬਾਰੇ ਖੁਰਾਕ ਵਿੰਗ ਦੇ ਡਾਇਰੈਕਟਰ ਡਾæ ਐਚæਐਸ ਬਾਲੀ ਦਾ ਕਹਿਣਾ ਹੈ ਕਿ ਸਖ਼ਤ ਕਦਮ ਚੁੱਕਦਿਆਂ 103 ਮਿਲਾਵਟਖੋਰਾਂ ਨੂੰ ਸਜ਼ਾਵਾਂ/ਜ਼ੁਰਮਾਨੇ ਲਵਾਉਣ ਵਾਸਤੇ ਅਦਾਲਤਾਂ ਵਿਚ ਕੇਸ ਦਾਇਰ ਕਰਨ ਲਈ ਖੁਰਾਕ ਕਮਿਸ਼ਨਰ ਹੁਸਨ ਲਾਲ ਤੋਂ ਪ੍ਰਵਾਨਗੀ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲਗਾਤਾਰ ਸੈਂਪਲ ਲੈ ਕੇ ਮਿਲਾਵਟਖੋਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤੇ ਮਿਲਾਵਟਖੋਰੀ ਨੂੰ ਖ਼ਤਮ ਕਰਨ ਲਈ ਆਉਂਦੇ ਦਿਨੀਂ ਅਮਲੇ ਵਿਚ ਵਾਧਾ ਕਰਕੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

Be the first to comment

Leave a Reply

Your email address will not be published.