ਗਦਰੀ ਬਾਬੇ ਕੌਣ ਸਨ?

ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਸੰਘਰਸ਼ ‘ਗਦਰ ਲਹਿਰ’ ਦਾ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ। ਵੀਹਵੀਂ ਸਦੀ ਦੇ ਆਰੰਭ ਵਿਚ ਇਨ੍ਹਾਂ ਗਦਰੀਆਂ ਨੇ ਇਕ ਵਾਰ ਤਾਂ ਅੰਗਰੇਜ਼ਾਂ ਦੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਇਨ੍ਹਾਂ ਗਦਰੀਆਂ ਦੀ ਚਰਚਾ ਗਾਹੇ-ਬਗਾਹੇ ਹੁੰਦੀ ਰਹੀ ਹੈ ਅਤੇ ਸੰਜੀਦਾ ਜੁਝਾਰੂ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਅਗਾਂਹ ਤੋਰਨ ਦੇ ਆਹਰ ਵਿਚ ਲੱਗੇ ਰਹੇ ਹਨ। ਹੁਣ ਸ਼ਤਾਬਦੀ ਦੇ ਬਹਾਨੇ ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ ਯੋਗਦਾਨ ਬਾਰੇ ਇਕ ਵਾਰ ਫਿਰ ਭਰਪੂਰ ਚਰਚਾ ਛਿੜੀ ਹੈ ਪਰ ਕੁਝ ਵਿਦਵਾਨ ਗਦਰੀਆਂ ਨੂੰ ਮਹਿਜ਼ ਸਿੱਖਾਂ ਤੱਕ ਸੀਮਤ ਕਰ ਰਹੇ ਹਨ। ਮਸ਼ਹੂਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਸਾਹਿਤ ਆਲੋਚਕ ਡਾæ ਸਰਬਜੀਤ ਸਿੰਘ ਨੇ ਇਸ ਬਾਰੇ ਸਾਨੂੰ ਆਪਣੇ ਲੰਮੇ ਲੇਖ ਭੇਜੇ ਹਨ। ਇਸ  ਅੰਕ ਤੋਂ ਅਸੀਂ ਵਰਿਆਮ ਸਿੰਘ ਸੰਧੂ ਦਾ ਲੇਖ ਲੜੀਵਾਰ ਸ਼ੁਰੂ ਕਰ ਰਹੇ ਹਾਂ। ਇਨ੍ਹਾਂ ਲੇਖਾਂ ਦੇ ਵਿਚਾਰਾਂ ਬਾਰੇ ਆਈ ਹਰ ਰਾਏ ਨੂੰ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ
ਵਰਿਆਮ ਸਿੰਘ ਸੰਧੂ
ਗ਼ਦਰੀ ਬਾਬੇ ਕੌਣ ਸਨ? ਇਸ ਸਾਦਾ ਜਿਹੇ ਸਵਾਲ ਪਿੱਛੇ ਪਈ ਗੁੰਝਲ ਦੀਆਂ ਤੰਦਾਂ ਖੋਲ੍ਹਣ ਲਈ ਸਾਨੂੰ ਕੁਝ ਹੋਰ ਸੁਆਲਾਂ ਨਾਲ ਵੀ ਸੰਵਾਦ ਰਚਾਉਣਾ ਪਵੇਗਾ ਜਿਨ੍ਹਾਂ ਦਾ ਜੁਆਬ ਲੱਭ ਕੇ ਹੀ ਅਸੀਂ ਉਨ੍ਹਾਂ ਮਹਾਨ ਬਾਬਿਆਂ ਦੀ ਕਿਰਤ ਕਮਾਈ, ਇਨਕਲਾਬੀਅਤ ਅਤੇ ਦੇਸ਼ ਲਈ ਉਨ੍ਹਾਂ ਦੀ ਦੇਣ ਬਾਰੇ ਸਪੱਸ਼ਟ ਮੱਤ ਬਣਾ ਸਕਣ ਦੇ ਸਮੱਰਥ ਹੋਵਾਂਗੇ।
ਗ਼ਦਰੀ ਬਾਬਿਆਂ ਦੀ ਹੋਂਦ, ਹਸਤੀ ਅਤੇ ਵਿਚਾਰਧਾਰਾ ਬਾਰੇ ਸ਼ੁਰੂ ਤੋਂ ਹੀ ਕਈ ਸਵਾਲੀਆ ਨਿਸ਼ਾਨ ਲਗਦੇ ਰਹੇ ਨੇ। ਜਦੋਂ ਵੀ ਕੋਈ ਇਨਕਲਾਬੀ ਲਹਿਰ ਚੱਲਦੀ ਹੈ ਤਾਂ ਹਾਕਮ ਧਿਰਾਂ ਇਨਕਲਾਬੀ ਧਿਰਾਂ ਬਾਰੇ ਵੱਖ-ਵੱਖ ਤਰ੍ਹਾਂ ਦੇ ਭਰਮ-ਭੁਲੇਖੇ ਪਾ ਕੇ ਉਨ੍ਹਾਂ ਦੇ ਕਿਰਦਾਰ, ਸਿਧਾਂਤ ਅਤੇ ਉਦੇਸ਼ ਨੂੰ ਪ੍ਰਦੂਸ਼ਤ ਕਰ ਦਿੰਦੀਆਂ ਹਨ। ਉਨ੍ਹਾਂ ਦਾ ਮਕਸਦ ਹੁੰਦਾ ਹੈ ਕਿ ਇਨਕਲਾਬੀ ਲਹਿਰ ਦੇ ਅਕਸ ਨੂੰ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਧੁੰਦਲਾ ਅਤੇ ਗੰਧਲਾ ਕਰ ਦਿੱਤਾ ਜਾਵੇ ਤਾਂ ਕਿ ਲੋਕਾਈ ਉਨ੍ਹਾਂ ਤੋਂ ਵਿੱਥ ਹੀ ਨਾ ਥਾਪ ਲਵੇ ਸਗੋਂ ਉਨ੍ਹਾਂ ਦੇ ਵਿਰੋਧ ਵਿਚ ਸਰਕਾਰੀ ਧਿਰ ਦਾ ਸਾਥ ਵੀ ਦੇਵੇ। ਗ਼ਦਰ ਪਾਰਟੀ ਦੇ ਇਤਿਹਾਸ ਨਾਲ ਵੀ ਇਹੋ ਕਾਰਾ ਹੋਇਆ। ਇਸ ਇਤਿਹਾਸ ਨੂੰ ਵੱਖ-ਵੱਖ ਤਰੀਕਿਆਂ ਨਾਲ ਵੱਖ-ਵੱਖ ਧਿਰਾਂ ਵੱਲੋਂ ਵਿਰੂਪਤ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਇਸ ਇਤਿਹਾਸ ਨੂੰ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿਚ ਨਾ ਤਾਂ ਲੋੜੀਂਦੀ ਜਾਂ ਬਣਦੀ ਥਾਂ ਤੇ ਮਾਨਤਾ ਦਿੱਤੀ ਗਈ ਅਤੇ ਨਾ ਹੀ ਇਸ ਨੂੰ ਆਮ ਲੋਕ-ਚੇਤਨਾ ਦਾ ਹਿੱਸਾ ਬਣਨ ਦਿੱਤਾ ਗਿਆ। ਇਹ ਇਤਿਹਾਸ ਅਜੇ ਤੱਕ ਵੀ ਹਾਸ਼ੀਏ Ḕਤੇ ਪਿਆ ਆਪਣੇ ਅਸਲ ਵਾਰਸਾਂ ਕੋਲੋਂ ਆਪਣੀ ਅਸਲੀ ਪਛਾਣ ਮੰਗਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਇਸ ਲਹਿਰ ਦੇ ਜਨਮ ਤੋਂ ਹੀ ਕਦੀ ਇਸ ਨੂੰ Ḕਹਿੰਸਕ ਲਹਿਰḔ ਆਖ ਕੇ ਸਮੇਂ ਦੀ ਹਕੂਮਤ ਵੱਲੋਂ ਨਿੰਦਿਆ ਗਿਆ; ਕਦੀ ਗ਼ਦਰੀਆਂ ਨੂੰ Ḕਕਾਤਲ ਤੇ ਡਾਕੂḔ ਆਖ ਕੇ ਬਦਨਾਮ ਕੀਤਾ ਗਿਆ; ਉਨ੍ਹਾਂ ਨੂੰ Ḕਅਸਿੱਖ ਤੇ ਨਾਸਤਕḔ ਐਲਾਨ ਕੇ ਭਾਈਚਾਰੇ ਨਾਲੋਂ ਨਿਖੇੜਨ ਤੇ ਇਕੱਲੇ ਲੜਨ-ਮਰਨ ਲਈ ਛੱਡ ਦਿੱਤੇ ਜਾਣ ਲਈ ਮਜਬੂਰ ਕੀਤਾ ਗਿਆ।
ਅੱਜ ਗ਼ਦਰੀ ਬਾਬਿਆਂ ਦਾ ਕਿਰਦਾਰ ਅਤੇ ਸਿਧਾਂਤ ਇਕ ਹੋਰ ਸਵਾਲ ਦੇ ਘੇਰੇ ਵਿਚ ਆਇਆ ਹੋਇਆ ਹੈ। ਕੁਝ ਲੋਕਾਂ ਵੱਲੋਂ ਇਸ ਗੱਲ ‘ਤੇ ਉਚੇਚਾ ਜ਼ੋਰ ਦਿੱਤਾ ਜਾ ਰਿਹਾ ਹੈ ਕਿ Ḕਗ਼ਦਰੀ ਬਾਬੇ ਸਿੱਖ ਸਨḔ ਅਤੇ ਗ਼ਦਰ ਲਹਿਰ Ḕਸਿੱਖ ਲਹਿਰḔ ਸੀ। ਉਨ੍ਹਾਂ ਨੂੰ ਇਹ ਵੀ ਇਤਰਾਜ਼ ਹੈ ਕਿ ਗ਼ਦਰ ਪਾਰਟੀ ਦੇ ਲਿਖੇ ਇਤਿਹਾਸਾਂ ਵਿਚ ਗ਼ਦਰੀਆਂ ਨੂੰ ਜਿੱਥੇ ḔਕਮਿਊਨਿਸਟḔ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਉਥੇ ਉਨ੍ਹਾਂ ਦਾ ਜ਼ਿਕਰ ਨਿਰੇ ḔਭਾਰਤੀḔ, ਸ਼ੁੱਧ ḔਹਿੰਦੀḔ ਜਾਂ ḔਹਿੰਦੋਸਤਾਨੀḔ ਅਤੇ ਜਾਂ ਫਿਰ ḔਪੰਜਾਬੀḔ ਵਜੋਂ ਕੀਤਾ ਜਾਂਦਾ ਹੈ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਗ਼ਦਰ ਲਹਿਰ ਦਾ ਮੁੱਢ ਬੰਨ੍ਹਣ ਵਾਲੇ ਸਿੱਖ ਸਨ ਅਤੇ ਉਨ੍ਹਾਂ ਪਿਛੇ ਪ੍ਰੇਰਕ ਤੱਤ ਸਿੱਖ ਫ਼ਲਸਫ਼ਾ ਤੇ ਸਿੱਖ ਰਵਾਇਤਾਂ ਸਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਸਿੱਖ ਵਿਦਵਾਨ ਸਰਦਾਰ ਅਜਮੇਰ ਸਿੰਘ ਨੇ ਇਹ ਆਖ ਕੇ, ਕਿ Ḕਇਹ ਗ਼ਨੀਮਤ ਸਮਝੋ ਕਿ ਗਦਰੀ ਬਾਬਿਆਂ ਨੇ ਕੁਝ ਨਾ ਕੁਝ, ਅਸਲ ਵਿਚ ਕਾਫ਼ੀ ਕੁਝ, ਲਿਖਤੀ ਵੀ ਦੇ ਛੱਡਿਐḔ ਪਾਠਕਾਂ ਲਈ ਇੱਕ ਝਰੋਖਾ ਵੀ ਖੋਲ੍ਹ ਦਿੱਤਾ ਹੈ ਕਿ ਜੇ ਅਸੀਂ ਗ਼ਦਰ ਲਹਿਰ ਦੀ ਆਤਮਾ ਨਾਲ ਸਾਂਝ ਪਾਉਣੀ ਹੈ ਤਾਂ ਅਸੀਂ ਉਨ੍ਹਾਂ ਦੀਆਂ ਆਪਣੇ ਵੱਲੋਂ ਲਿਖੀਆਂ ਲਿਖਤਾਂ ਨੂੰ ਵਾਚੀਏ।
ਅਸੀਂ ਅੱਗੇ ਜਾ ਕੇ ਵੇਖਾਂਗੇ ਕਿ ਗ਼ਦਰੀਆਂ ਦੀਆਂ ਇਨ੍ਹਾਂ ਲਿਖਤਾਂ ਵਿਚੋਂ ਕੀ ਗ਼ਦਰੀ ਬਾਬੇ ਸਾਨੂੰ Ḕਹਿੰਦੀ, ਹਿੰਦੋਸਤਾਨੀ ਜਾਂ ਪੰਜਾਬੀḔ ਨਜ਼ਰ ਆਉਂਦੇ ਹਨ ਜਾਂ ਕੇਵਲ ਤੇ ਕੇਵਲ ḔਸਿੱਖḔ?
ਅਸੀਂ ਪਹਿਲਾਂ ਹੀ ਆਖ ਆਏ ਹਾਂ ਨਿਸਚੈ ਹੀ ਗ਼ਦਰੀਆਂ ਦੀ ਬਹੁ-ਗਿਣਤੀ ਸਿੱਖਾਂ ਦੀ ਹੀ ਸੀ। ਇਹ ਜ਼ਰੂਰੀ ਵੀ ਸੀ ਕਿਉਂਕ ਬਾਹਰਲੇ ਮੁਲਕਾਂ ਵਿਚ ਗਏ ਹੀ ਵੱਡੀ ਗਿਣਤੀ ਵਿਚ ਸਿੱਖ ਸਨ। Ḕਕੈਨੇਡਾ ਜਾਣ ਵਾਲੇ ਹਿੰਦੀਆਂ ਵਿਚ ਅੱਸੀ ਫ਼ੀ ਸਦੀ ਜ਼ਿਲ੍ਹਾ ਅੰਮ੍ਰਿਤਸਰ, ਲਾਹੌਰ, ਜਲੰਧਰ, ਲੁਧਿਆਣਾ ਤੇ ਫ਼ਿਰੋਜ਼ਪੁਰ ਦੇ ਪੰਜਾਬੀ ਸਿੱਖ ਸਨ।Ḕ ਅਮਰੀਕਾ ਵਿਚ ਗਏ ਹਿੰਦੀਆਂ ਬਾਰੇ ਵੀ ਜਗਜੀਤ ਸਿੰਘ ਲਿਖਦੇ ਹਨ ਕਿ Ḕ(ਅਮਰੀਕਾ ਵਿਚ) ਨੱਬੇ ਫ਼ੀ ਸਦੀ ਪੰਜਾਬੀ ਸਿੱਖ ਜੱਟ ਕਿਸਾਨ ਸਨ।Ḕ
ਜਦੋਂ ਅਮਰੀਕਾ ਕੈਨੇਡਾ ਵਿਚ ਗਏ ਭਾਰਤੀਆਂ ਵਿਚੋਂ ਬਣਦੀ ਔਸਤ, ਪਚਾਸੀ ਫ਼ੀ ਸਦੀ ਗਿਣਤੀ ਸਿੱਖਾਂ ਦੀ ਹੈ ਤਾਂ ਕੋਈ ਵੀ ਇਤਿਹਾਸਕਾਰ ਇਹ ਕਿਵੇਂ ਲਿਖ ਜਾਂ ਮੰਨਵਾ ਸਕਦਾ ਹੈ ਕਿ ਗ਼ਦਰੀਆਂ ਦੀ ਬਹੁ-ਗਿਣਤੀ ਦਿੱਖ ਜਾਂ ਵਿਸ਼ਵਾਸ ਪੱਖੋਂ ਸਿੱਖ ਨਹੀਂ ਸੀ! ਔਸਤ ਦੇ ਤਨਾਸਬ ਅਨੁਸਾਰ ਗ਼ਦਰ ਲਹਿਰ ਵਿਚ ਸਿੱਖਾਂ ਦੀ ਬਹੁ-ਗਿਣਤੀ ਹੋਣੀ ਸੁਭਾਵਕ ਹੀ ਸੀ। ਜੇ ਦੂਜੇ ਮਜ਼ਹਬਾਂ ਦੀ ਗਿਣਤੀ ਘੱਟ ਸੀ ਤਾਂ ਗਏ ਲੋਕਾਂ ਦੀ ਗਿਣਤੀ ਦੀ ਔਸਤ ਅਨੁਸਾਰ ਹੀ ਹੋਣੀ ਸੀ। ਸਿੱਖ ਆਖੇ ਜਾਣ ਵਾਲੇ ਉਨ੍ਹਾਂ ਗ਼ਦਰੀਆਂ ਵਿਚੋਂ ਸੱਬਰਕੱਤੀ ਗਿਣਤੀ ਉਨ੍ਹਾਂ ਦੀ ਵੀ ਸੀ ਜੋ ਪਾਠ ਕਰਦੇ ਸਨ ਅਤੇ ਸਿੱਖ ਧਰਮ ਵਿਚ ਉਨ੍ਹਾਂ ਦੀ ਮੁਕੰਮਲ ਆਸਥਾ ਸੀ। ਇਹ ਵੀ ਸੱਚ ਹੈ ਕਿ ਕਿਸੇ ਵੀ ਲਹਿਰ ਪਿੱਛੇ ਭਾਵੇਂ ਕਿਸੇ ਵਿਸ਼ੇਸ਼ ਸਮੇਂ ਦੇ ਹਾਲਾਤ ਅਤੇ ਪ੍ਰਚੱਲਿਤ ਸਿਧਾਂਤ ਤੇ ਵਿਚਾਰ ਕਾਰਜਸ਼ੀਲ ਹੁੰਦੇ ਹਨ ਪਰ ਲਹਿਰ ਨੂੰ ਉਭਾਰ ਅਤੇ ਗਤੀ ਦੇਣ ਲਈ ਉਨ੍ਹਾਂ ਲੋਕਾਂ ਦੀ ਅਮੀਰ ਇਤਿਹਾਸਕ ਵਿਰਾਸਤ ਵੀ ਪ੍ਰੇਰਕ ਦਾ ਕੰਮ ਕਰਦੀ ਹੈ। ਗ਼ਦਰੀਆਂ ਨੇ ਵੀ ਆਪਣੇ ਆਪਣੇ ਇਤਿਹਾਸਕ ਪਿਛੋਕੜ ਤੋਂ ਅਜਿਹੀ ਪ੍ਰੇਰਨਾ ਲਈ। ਸਾਨੂੰ ਇਹ ਮੰਨਣ ਵਿਚ ਵੀ ਕੋਈ ਉਜਰ ਨਹੀਂ ਹੋਣਾ ਚਾਹੀਦਾ ਕਿ ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਲੋਕ ਧਾਰਮਿਕ ਪੁਨਰ-ਉਥਾਨ ਦੀਆਂ ਲਹਿਰਾਂ ਤੋਂ ਪ੍ਰਭਾਵਿਤ ਹੋਏ। ਪਹਿਲਾ ਪ੍ਰਭਾਵ ਹਿੰਦੂ ਧਰਮ ਦਾ ਸੀ ਅਤੇ ਦੇਸ਼ ਦੇ, ਖ਼ਾਸ ਤੌਰ Ḕਤੇ ਮਹਾਂਰਾਸ਼ਟਰ ਅਤੇ ਬੰਗਾਲ ਦੇ, ਨੌਜਵਾਨਾਂ ਦੀ ਵੱਡੀ ਗਿਣਤੀ ਹਿੰਦੂ ਧਰਮ ਤੋਂ ਪ੍ਰੇਰਤ ਸੀ ਪਰ ਨਾਲ ਹੀ ਮੈਜ਼ਿਨੀ ਤੇ ਗੈਰੀਬਾਲਡੀ ਜਿਹੇ ਇਤਾਲਵੀ ਇਨਕਲਾਬੀਆਂ ਦਾ ਵੀ ਉਨ੍ਹਾਂ Ḕਤੇ ਅਸਰ ਸੀ ਅਤੇ ਉਹ ਫ਼ਰਾਂਸ ਅਤੇ ਅਮਰੀਕਾ ਦੇ ਇਤਿਹਾਸ ਤੋਂ ਵੀ ਪ੍ਰਭਾਵਿਤ ਸਨ। ਉਨ੍ਹਾਂ ਦੀ ਪ੍ਰੇਰਨਾ ਦਾ ਮੂਲ ਸ੍ਰੋਤ ਗੀਤਾ, ਬੰਕਿਮ ਚੰਦਰ ਰਚਿਤ Ḕਆਨੰਦ-ਮੱਠḔ, ਆਰਬਿੰਦੋ ਅਤੇ ਵਿਵੇਕਾਨੰਦ ਦੇ ਵਿਚਾਰ ਵੀ ਸਨ। ਇੰਝ ਹੀ ਸਿੱਖਾਂ ਦੀ ਪ੍ਰੇਰਨਾ ਦਾ ਮੂਲ ਸਰੋਤ ਸਮੇਂ ਦਾ ਵਿਸ਼ੇਸ਼ ਪ੍ਰਸੰਗ ਵੀ ਸੀ ਤੇ ਉਨ੍ਹਾਂ ਦਾ ਸਾਂਝੀਵਾਲਾਤਾ ਅਤੇ ਮਾਨਵੀ ਆਜ਼ਾਦੀ ਲਈ ਲੜੀ ਲੜਾਈ ਦਾ ਆਪਣਾ ਸ਼ਾਨਾਂਮੱਤਾ ਗੌਰਵਮਈ ਸੰਘਰਸ਼ਸ਼ੀਲ ਵਿਰਸਾ ਵੀ ਉਨ੍ਹਾਂ ਦਾ ਪ੍ਰੇਰਕ ਬਣਿਆ। ਭਾਰਤ ਵਿਚ ਰਹਿੰਦੇ ਮੁਸਲਮਾਨ ਵੱਡੀ ਗਿਣਤੀ ਵਿਚ ਆਜ਼ਾਦੀ ਦੀ ਲਹਿਰ ਤੋਂ ਅਜੇ ਵਿੱਥ Ḕਤੇ ਹੀ ਵਿਚਰ ਰਹੇ ਸਨ ਜਦ ਕਿ ਅਮਰੀਕਾ ਕੈਨੇਡਾ ਵਿਚ ਪੈਦਾ ਹੋਏ ਹਾਲਾਤ ਨੇ ਉਨ੍ਹਾਂ ਨੂੰ ਵੀ ਸਾਂਝ ਤੇ ਏਕੇ ਦੇ ਸੂਤਰ ਵਿਚ ਪਰੋ ਕੇ ਗ਼ਦਰ ਲਹਿਰ ਦੇ ਅੰਗ-ਸੰਗ ਕਰ ਦਿੱਤਾ। ਜ਼ਾਹਿਰ ਹੈ ਕਿ ਵਰਤਮਾਨ ਹਾਲਾਤ ਦੀ ਮੰਗ ਤੇ ਉਸ ਵਿਚੋਂ ਪੈਦਾ ਹੋਈ ਸਮਝ ਅਤੇ ਵਿਰਸੇ ਦੀ ਜਾਨ ਗ਼ਦਰ ਲਹਿਰ ਦੀ ਪ੍ਰੇਰਨਾ ਦਾ ਮੂਲ ਧੁਰਾ ਸੀ।
ਸਿੱਖ ਹੁੰਦਿਆਂ ਹੋਇਆਂ ਵੀ ਉਹ ḔਪੰਜਾਬੀḔ, ḔਹਿੰਦੀḔ ਜਾਂ ḔਹਿੰਦੋਸਤਾਨੀḔ ਵੀ ਸਨ। ਉਨ੍ਹਾਂ ਦੀਆਂ ਲਿਖਤਾਂ ਰਾਹੀਂ ਆਪਣੇ ਇਸ ਮੱਤ ਨੂੰ ਪੁਸ਼ਟ ਕਰਨ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਦੱਸਣਾ ਚਾਹਾਵਾਂਗੇ ਕਿ ਸਿੱਖੀ ਦੀ ਮੂਲ ਆਤਮਾ ਦਾ ਪੰਜਾਬ ਜਾਂ ਹਿੰਦੋਸਤਾਨ ਨਾਲ ਕਦੀ ਕੋਈ ਵਿਰੋਧ ਨਹੀਂ ਸੀ ਰਿਹਾ। ਇਸ ਪ੍ਰਸੰਗ ਵਿਚ ਅਸੀਂ ਉਸ ਸਿੱਖੀ ਦਾ ਜ਼ਿਕਰ ਕਰ ਰਹੇ ਹਾਂ ਜਿਸ ਸਿੱਖੀ ਨਾਲ ਸਿੱਖ ਗੁਰੂਆਂ ਨੇ ਸਾਡਾ ਤੁਆਰਫ਼ ਕਰਵਾਇਆ ਸੀ।
ਪਹਿਲੇ ਗੁਰੂ ਨਾਨਕ ਦੇਵ ਜੀ ਜਦੋਂ ਬਾਬਰ ਦੇ ਹੱਲੇ ਤੋਂ ਦੁਖੀ ਹੋ ਕੇ ḔਬਾਬਰਵਾਣੀḔ ਉਚਾਰਦੇ ਹਨ ਤਾਂ ਉਨ੍ਹਾਂ ਨੂੰ ਬਾਬਰ ਵੱਲੋਂ ਨਨਕਾਣੇ ਜਾਂ ਏਮਨਾਬਾਦ ‘ਤੇ ਹੀ ਬਾਬਰੀ ਹਮਲੇ ਦਾ ਦੁੱਖ ਨਹੀਂ ਸਗੋਂ ਪੂਰੇ ḔਹਿੰਦੋਸਤਾਨḔ ਉੱਤੇ ਹਮਲੇ ਦਾ ਦੁੱਖ ਹੈ। Ḕਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆḔ ਆਖਣ ਵਾਲੇ ਬਾਬੇ ਨਾਨਕ ਦੇ ਮੋਕਲੇ ਕਲਾਵੇ ਵਿਚ ਤਾਂ ਸਾਰਾ ਭਾਰਤ-ਵਰਸ਼ ਆਉਂਦਾ ਸੀ। ਉਨ੍ਹਾਂ ਨੇ ਜੇ ਬਾਣੀ ਰਚੀ ਤਾਂ ਉਹ ਵੀ ਉਸ ਭਾਖ਼ਾ ਵਿਚ ਜਿਹੜੀ ਸਾਰੇ ਹਿੰਦੋਸਤਾਨ ਵਿਚ ਸਮਝੀ ਜਾਂਦੀ ਸੀ। ਸਗੋਂ ਉਨ੍ਹਾਂ ਤਾਂ ਇਹ ਵੀ ਕੀਤਾ ਕਿ ਜਿਹੜੇ ਇਲਾਕੇ ਵਿਚ ਜਾਂਦੇ ਸਨ, ਉਸੇ ਇਲਾਕੇ ਦੀ ਬੋਲੀ ਦੀ ਚਸ ਆਪਣੇ ਸ਼ਬਦ ਵਿਚ ਰਲਾ ਕੇ ਆਪਣਾ ਪੈਗ਼ਾਮ ਦਿਆ ਕਰਦੇ ਸਨ। ਸੱਚੀ ਗੱਲ ਤਾਂ ਇਹ ਹੈ ਕਿ ਉਹ ਤਾਂ ਹੱਦਾਂ ਦਿਸਹੱਦਿਆਂ ਤੋਂ ਪਾਰ ਜਾ ਕੇ ਫ਼ੈਲਣ ਵਾਲੀ ਮਹਾਨ ਸਖ਼ਸੀਅਤ ਸਨ। ਲੰਕਾ ਤੋਂ ਲੈ ਕੇ ਤਿੱਬਤ ਤੱਕ ਤੇ ਬੰਗਾਲ ਤੋਂ ਲੈ ਕੇ ਮੱਕੇ ਮਦੀਨੇ, ਬਗ਼ਦਾਦ ਅਤੇ ਰੂਸ ਤੱਕ ਕੀਤੀਆਂ ਉਨ੍ਹਾਂ ਦੀਆਂ ਯਾਤਰਾਵਾਂ ਦੱਸਦੀਆਂ ਹਨ ਕਿ ਉਨ੍ਹਾਂ ਲਈ ਸਾਰੀ ਧਰਤੀ ਉਨ੍ਹਾਂ ਦੀ ਆਪਣੀ ਸੀ। ਭਾਈ ਗੁਰਦਾਸ ਜਦੋਂ ਲਿਖਦੇ ਹਨ, Ḕਬਾਬਾ ਦੇਖੇ ਧਿਆਨ ਧਰੁ ਜਲਤੀ ਸਭ ਪ੍ਰਿਥਮੀ ਦਿਖ ਆਈḔ ਤਾਂ ਸਹਿਜੇ ਹੀ ਇਸ ਹਕੀਕਤ ਦਾ ਪਤਾ ਲੱਗ ਜਾਂਦਾ ਹੈ ਕਿ ਸਿੱਖੀ ਤਾਂ ਸਾਰੀ ਪ੍ਰਿਥਵੀ ਦੇ ਦੁੱਖਾਂ ਨਾਲ ਨਾਤਾ ਜੋੜ ਕੇ ਉਨ੍ਹਾਂ ਦੇ ਦੁੱਖਾਂ ਨੂੰ ਹਰਨ ਦਾ ਨਾਂ ਹੈ। Ḕਏਕ ਪਿਤਾ ਏਕਿਸ ਕੇ ਹਮ ਬਾਰਕḔ ਆਖਣ ਵਾਲੇ ਗੁਰੂ ਸਾਹਿਬਾਨ ਤਾਂ Ḕਸਰਬੱਤ ਦੇ ਭਲੇḔ ਦੇ ਸੰਕਲਪ ਦੀ ਸਾਕਾਰ ਮੂਰਤ ਸਨ। ਉਨ੍ਹਾਂ ਤਾਂ ਇਹ ਵੀ ਕਿਹਾ ਸੀ, Ḕਨਾ ਹਮ ਹਿੰਦੂ ਨਾ ਮੁਸਲਮਾਨḔ। ਜੇ ਸ਼ਾਇਦ ਅੱਜ ਹੁੰਦੇ ਤਾਂ ਉਹ ਇਸ ਬਚਨ ਵਿਚ ḔਸਿੱਖḔ ਸ਼ਬਦ ਵੀ ਸ਼ਾਮਲ ਕਰ ਲੈਂਦੇ। ਸਮੁੱਚੀ ਮਨੁੱਖਤਾ ਵਿਚ ਵਿਸ਼ਵਾਸ ਰੱਖਣ ਵਾਲੇ ਗੁਰੂ ਜੀ ਦੀ ḔਸਿੱਖੀḔ ਦੀ ਵਿਸ਼ਾਲ ਦ੍ਰਿਸ਼ਟੀ ਦੀ ਟੋਹ ਇਸ ਗੱਲ ਤੋਂ ਵੀ ਲੱਗਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਦੇਵ ਜੀ ਨੇ ਸਾਰੇ ਹਿੰਦੋਸਤਾਨ ਦੇ ਸੰਤਾਂ ਤੇ ਭਗਤਾਂ ਦੀ ਬਾਣੀ ਦਰਜ ਕਰ ਕੇ ਇਸ ਗ੍ਰੰਥ ਨੂੰ ਸਮੁੱਚੀ ਮਾਨਵਤਾ ਦਾ ਗ੍ਰੰਥ ਬਣਾ ਦਿੱਤਾ। ਨਾਮਦੇਵ, ਤ੍ਰਿਲੋਚਨ ਤੇ ਪਰਮਾਨੰਦ ਮਹਾਂਰਾਸ਼ਟਰ ਤੋਂ; ਕਬੀਰ, ਰਵਿਦਾਸ, ਸੈਨ, ਪੀਪਾ, ਰਾਮਾਨੰਦ, ਭੀਖਣ, ਸੂਰਦਾਸ ਤੇ ਬੈਨ ਯੂ ਪੀ ਤੋਂ; ਜੈਦੇਵ ਬੰਗਾਲ ਤੋਂ; ਧੰਨਾ ਰਾਜਸਥਾਨ ਤੋਂ; ਸਧਨਾ ਸਿੰਧ ਤੋਂ ਤੇ ਫ਼ਰੀਦ ਪੰਜਾਬ ਤੋਂ ਸ਼ਾਮਲ ਕਰ ਕੇ ਪੂਰੇ ਭਾਰਤ-ਵਰਸ਼ ਦੀ ਵਿਦਵਤਾ ਨੂੰ ਆਪਣੀ ਜਾਣ ਕੇ ਪੂਰੇ ਮੁਲਕ ਨੂੰ ਗਲ ਨਾਲ ਲਾ ਲਿਆ। ਗੁਰੂ ਗੋਬਿੰਦ ਸਿੰਘ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਪੰਜ ਪਿਆਰੇ ਪੂਰੇ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਸਨ। ਦਇਆ ਰਾਮ ਲਾਹੌਰ ਤੋਂ; ਧਰਮ ਦਾਸ ਹਸਤਨਾਪੁਰ ਤੋਂ; ਮੋਹਕਮ ਚੰਦ ਦਵਾਰਕਾ ਤੋਂ; ਸਾਹਿਬ ਚੰਦ ਬਿਦਰ ਤੋਂ; ਹਿੰਮਤ ਰਾਇ ਜਗਨਨਾਥ ਪੁਰੀ ਤੋਂ ਆਏ ਸਨ ਤੇ ਗੁਰੂ ਦੀ ਹਜ਼ੂਰੀ ਵਿਚ ਸੀਸ ਅਰਪਣ ਕਰਨ ਲਈ ਆਪਣਾ ਆਪ ਪੇਸ਼ ਕਰ ਕੇ ਉਨ੍ਹਾਂ ਦੇ ਸਭ ਤੋਂ ਪਿਆਰੇ ਸਿੱਖ ਬਣ ਗਏ। ਗੁਰੂ ਜੀ ਵੱਲੋਂ ਸਾਰੇ ਭਾਰਤ ਦੇ ਪ੍ਰਤੀਨਿਧ ਪਿਆਰਿਆਂ ਨੂੰ ਆਪਣੀ ਗਲਵੱਕੜੀ ਵਿਚ ਲੈਣਾ ਪੂਰੇ ਭਾਰਤ ਨੂੰ ਆਪਣਾ ਸਮਝ ਕੇ ਗਲ ਨਾਲ ਲਾਉਣਾ ਸੀ। ਇੰਝ ਸਾਰੇ ਗੁਰੂ ਸਾਹਿਬਾਨ ਨੂੰ ਦੇਸ਼ ਦੇ ਵਿਭਿੰਨ ਹਿੱਸਿਆਂ ਨੂੰ ਕਲਾਵੇ ਵਿਚ ਲੈਣਾ ਦੱਸਦਾ ਹੈ ਕਿ ਸਿੱਖੀ ਕਿਸੇ ਵਿਸ਼ੇਸ਼ ਛੋਟੇ ਜਿਹੇ ਖਿੱਤੇ ਵਿਚ ਸੁੰਗੜ ਜਾਣ ਦਾ ਨਾਂ ਨਹੀਂ ਸਗੋਂ ਸਿੱਖੀ ਫ਼ੈਲਣ ਦਾ ਨਾਂ ਹੈ, ਵਿਗਸਣ ਦਾ ਨਾਂ ਹੈ, ਨਿਰੰਤਰ ਖੇੜੇ ਤੇ ਵਿਆਪਕ ਮਾਨਵੀ ਮੁਹੱਬਤ ਦਾ ਨਾਂ ਹੈ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਕੈਨੇਡਾ ਅਮਰੀਕਾ ਵਿਚ ਗਏ ਹਿੰਦੀਆਂ ਉੱਤੇ ਜਦੋਂ ਨਸਲੀ ਹਮਲੇ ਹੁੰਦੇ ਸਨ ਤਾਂ ਕੀ ਉਹ ਇਕੱਲੇ ਸਿੱਖਾਂ Ḕਤੇ ਹੁੰਦੇ ਸਨ? ਨਹੀਂ; ਉਹ ਸਾਰੇ ਹਿੰਦੀਆਂ ਉੱਤੇ ਹੁੰਦੇ ਸਨ। ਉਦੋਂ ਹੀ ਸਭ ਫ਼ਿਰਕਿਆਂ ਦੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਸਾਡੀ ਹੋਣੀ ਇਕ-ਦੂਜੇ ਨਾਲ ਜੁੜੀ ਹੋਈ ਹੈ ਤੇ ਜੇ ਅਸੀਂ ਇਨ੍ਹਾਂ ਮੁਲਕਾਂ ਵਿਚ ਜਿਉਣਾ ਅਤੇ ਥੀਣਾ ਹੈ ਤਾਂ ਸਾਨੂੰ ਇਕ ਦੂਜੇ ਨਾਲ ਭਰਾਤਰੀ ਸਾਂਝ ਵਿਚ ਜੁੜਨਾ ਲਾਜ਼ਮੀ ਹੈ। ਜਦੋਂ ਦੇਸ਼ ਵਿਚ Ḕਸਿੱਖ ਹਿੰਦੂ ਹਨḔ, ਜਾਂ Ḕਹਮ ਹਿੰਦੂ ਨਹੀਂḔ ਦਾ ਵਿਵਾਦ, ਸੰਵਾਦ ਚੱਲ ਰਿਹਾ ਸੀ ਤਾਂ ਉੱਤਰੀ ਅਮਰੀਕਾ ਵਿਚ ਰਹਿੰਦੇ ਵਿਭਿੰਨ ਮਜ਼ਬਾਂ ਦੇ ਲੋਕ ਮਜ਼ਹਬੀ ਵਿੱਥਾਂ ਨੂੰ ਭੁਲਾ ਕੇ ਏਕੇ ਦੀ ਗਲਵੱਕੜੀ ਵਿਚ ਕੱਸੇ ਜਾ ਰਹੇ ਸਨ ਕਿਉਂਕਿ ਇਹ ਏਕਾ ਹੀ ਉਨ੍ਹਾਂ ਦੇ ਜੀਵਨ ਅਤੇ ਭਵਿੱਖ ਨੂੰ ਸੁਰੱਖਿਅਤ ਰੱਖ ਸਕਦਾ ਸੀ। ਜਦੋਂ ਦੇਸ਼ ਵਿਚ ਕਾਂਗਰਸ ਅਜੇ ਛੋਟੀਆਂ ਮੋਟੀਆਂ ਰਿਆਇਤਾ ਮੰਗ ਰਹੀ ਸੀ ਤਾਂ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਨੇ ਆਪਸ ਵਿਚ ਦਿਲ ਅਤੇ ਸਿਰ ਜੋੜ ਕੇ ਹਥਿਆਰਬੰਦ ਸੰਘਰਸ਼ ਰਾਹੀਂ ਮੁਕੰਮਲ ਰਾਜਸੀ ਆਜ਼ਾਦੀ ਪ੍ਰਾਪਤ ਕਰਨ ਅਤੇ ਜਮਹੂਰੀ ਤਰਜ਼ ਦਾ ਗ਼ੈਰਫ਼ਿਰਕੂ ਰਾਜ ਸਥਾਪਤ ਕਰਨ ਦਾ ਸੁਪਨਾ ਸਿਰਜ ਲਿਆ ਸੀ। ਉਨ੍ਹਾਂ ਦਾ ਇਹ ਸੁਪਨਾ Ḕਹਿੰਦੂ ਰਾਜḔ ਜਾਂ ਗਵਾਚਿਆ ਹੋਇਆ Ḕਸਿੱਖ ਰਾਜḔ ਸਥਾਪਤ ਕਰਨ ਦਾ ਨਹੀਂ ਸੀ। ਨਾ ਹੀ ਅਜੇ ਕਿਸੇ ḔਪਾਕਿਸਤਾਨḔ ਪ੍ਰਾਪਤ ਕਰਨ ਦੀ ਕਿਧਰੇ ਮੰਗ ਸੀ।
ਸਾਡੇ ਕਥਨ ਦੀ ਪੁਸ਼ਟੀ ਰਾਜਿੰਦਰ ਸਿੰਘ ਚੀਮਾ ਵੱਲੋਂ ਅੰਗਰੇਜ਼ੀ ਵਿਚ ਲਿਖੇ ਤੇ ਆਨ-ਲਾਈਨ ਮੈਗ਼ਜ਼ੀਨ ḔਸੀਰਤḔ ਵਿਚ ਪ੍ਰਕਾਸ਼ਿਤ ਲੇਖ ਵਿਚ ਇਸ ਤਰ੍ਹਾਂ ਕੀਤੀ ਮਿਲਦੀ ਹੈ: Ḕਪਰਵਾਸੀਆਂ ਵਜੋਂ ਭਾਰਤੀਆਂ ਨੇ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਸਿਖਿਆ ਅਤੇ ਸਾਰੀਆਂ ਧਾਰਮਿਕ ਹੱਦਬੰਦੀਆਂ ਉਲੰਘ ਕੇ ਸਮੁੱਚਾ ਭਾਰਤੀ ਸਮਾਜ ਸਾਂਝ ਦੀਆਂ ਮਜ਼ਬੂਤ ਤੇ ਸੰਵੇਦਨਸ਼ੀਲ ਤੰਦਾਂ ਵਿਚ ਕੱਸਿਆ ਗਿਆ। ਵਿਦੇਸ਼ੀ ਧਰਤੀ ‘ਤੇ ਜਿਉਂਦੇ ਰਹਿਣ ਲਈ ਇਹ ਏਕਤਾ ਉਨ੍ਹਾਂ ਲਈ ਅਸਲੋਂ ਲਾਜ਼ਮੀ ਸੀ।Ḕ
ਸੋ ਹਾਲਾਤ ਦਾ ਤਕਾਜ਼ਾ ਤੇ ਉਸ ਵਿਚੋਂ ਪੈਦਾ ਹੋਈ ਸਮਝ ਨੇ ਉਨ੍ਹਾਂ ਨੂੰ ਜੜ੍ਹ ਨਾਲ ਵੀ ਜੋੜੀ ਰੱਖਿਆ ਤੇ ਪੈਦਾ ਹੋ ਰਹੀ ਵਿਸ਼ਵ ਸੂਝ ਨਾਲ ਵੀ। ਸਿੱਖ ਕਿਉਂਕਿ ਵੱਡੀ ਗਿਣਤੀ ਵਿਚ ਸਨ ਤੇ ਉਨ੍ਹਾਂ ਦੀ ਵਿਸ਼ੇਸ਼ ਰਵਾਇਤ ਵੀ ਸੀ ਕਿ ਜਿੱਥੇ ਜਾਂਦੇ ਸਨ, ਉਥੇ ਹੀ ਮਿਲ ਬੈਠਣ ਤੇ ਸਾਂਝੇ ਮਸਲੇ ਵਿਚਾਰਨ ਲਈ ਗੁਰਦੁਆਰੇ ਉਸਾਰ ਲੈਂਦੇ ਹਨ। ਕੈਨੇਡਾ ਅਮਰੀਕਾ ਵਿਚ ਵੀ ਇਹ ਕੰਮ ਉਨ੍ਹਾਂ ਨੇ ਹੀ ਕੀਤਾ। ਪਰ ਵੈਨਕੂਵਰ ਵਿਚ ਗੁਰਦੁਆਰਾ ਸਿੱਖ ਟੈਂਪਲ ਬਣਾਉਣ ਲਈ ਬਣੀ ਖ਼ਾਲਸਾ ਦੀਵਾਨ ਸੁਸਾਇਟੀ Ḕਭਾਵੇਂ ਸਿੱਖਾਂ ਦੀ ਧਾਰਮਕ ਜਥੇਬੰਦੀ ਸੀ ਪਰ ਇਸ ਨੇ ਰਾਜਨੀਤਕ ਮਾਮਲਿਆਂ ਵਿਚ ਵੀ ਭਰਵਾਂ ਸਰਗਰਮ ਰੋਲ ਨਿਭਾਇਆ। ਇਸ ਦੇ ਬਹੁਤੇ ਮੈਂਬਰ ਅਗਾਂਹਵਧੂ ਵਿਚਾਰਾਂ ਵਾਲੇ ਬਣ ਚੁੱਕੇ ਸਨ। ਸੋਸ਼ਲਿਸਟਾਂ ਦੇ ਪ੍ਰਚਾਰ ਸਦਕਾ ਇਸ ਜਥੇਬੰਦੀ ਦੇ ਬਹੁਤੇ ਲੀਡਰਾਂ ਦੀ ਸਿਆਸੀ ਵਿਚਾਰਧਾਰਾ ਸੋਸ਼ਲਿਸਟ ਬਣ ਚੁੱਕੀ ਸੀ। ਉਹ ਗੁਰੂ ਨਾਨਕ ਦੇ ਸੱਚੇ ਸੁੱਚੇ ਸਿੱਖ ਸਨ ਜੋ ਭਾਈ ਲਾਲੋ ਦੇ ਕੈਂਪ ਵਿਚ ਖੜ੍ਹੇ ਸਨ। ਉਹ ਸਿੱਖ ਵਿਚਾਰਧਾਰਾ ਤੇ ਸੋਸ਼ਲਿਸਟ ਫ਼ਿਲਾਸਫ਼ੀ ਵਿਚ ਕੋਈ ਫ਼ਰਕ ਨਹੀਂ ਸਨ ਸਮਝਦੇ। ਇਸ ਲਈ ਖ਼ਾਲਸਾ ਦੀਵਾਨ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਸੋਸ਼ਲਿਸਟ ਵਿਚਾਰਧਾਰਾ ਵਾਲੀ ਹਿੰਦੋਸਤਾਨ ਐਸੋਸੀਏਸ਼ਨ ਦੇ ਵੀ ਮੈਂਬਰ ਸਨ। ਖ਼ਾਲਸਾ ਦੀਵਾਨ ਸੁਸਾਇਟੀ ਦੇ ਅਹੁਦੇਦਾਰ ਭਾਈ ਭਾਗ ਸਿੰਘ ਹਿੰਦੋਸਤਾਨ ਐਸੋਸੀਏਸ਼ਨ ਦੇ ਪ੍ਰਧਾਨ ਤੇ ਵੈਨਕੂਵਰ ਗੁਰਦਵਾਰੇ ਦੇ ਗ੍ਰੰਥੀ ਭਾਈ ਬਲਵੰਤ ਸਿੰਘ ਇਸ ਐਸੋਸੀਏਸ਼ਨ ਦੇ ਖ਼ਜ਼ਾਨਚੀ ਸਨ।Ḕ
ਇਹ ਕਥਨ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਅੰਤਰਰਾਸ਼ਟਰੀ ਪੱਧਰ Ḕਤੇ ਪ੍ਰਾਪਤ ਰਾਜਸੀ ਗਿਆਨ ਅਤੇ ਫ਼ਲਸਫ਼ਾ ਵੀ ਸਿੱਖ ਚੇਤਨਾ ਦਾ ਹਿੱਸਾ ਬਣ ਚੁਕਾ ਸੀ। ਸਗੋਂ ਸੱਚੀ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਸਿੱਖ ਆਗੂ ਕੈਨੇਡਾ ਦੀ ਸੋਸ਼ਲਿਸਟ ਪਾਰਟੀ ਦੇ ਵੀ ਮੈਂਬਰ ਬਣ ਚੁੱਕੇ ਸਨ। ਸੋਹਨ ਸਿੰਘ ਪੂੰਨੀ ਕੈਨੇਡੀਅਨ ਸਰਕਾਰ ਦੇ ਖ਼ੁਫ਼ੀਆ ਮਹਿਕਮੇ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹਨ, Ḕਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਐਗਜ਼ੈਕਟਿਵ ਦੇ ਦੂਸਰੇ ਅਹੁਦੇਦਾਰਾਂ ਨੇ ਹੁਸੈਨ ਰਹੀਮ ਤੇ ਜੀæਡੀæ ਕੁਮਾਰ ਵਰਗੇ ਸੋਸ਼ਲਿਸਟਾਂ ਨਾਲ ਰਲ ਕੇ ਵੈਨਕੂਵਰ ਵਿਚ ਸੋਸ਼ਲਿਸਟ ਪਾਰਟੀ ਆਫ਼ ਕੈਨੇਡਾ ਦੀ ਸਪੈਸ਼ਲ ਬਰਾਂਚ ਤਿਆਰ ਕੀਤੀ ਸੀ।Ḕ
ਇਹ ਵੇਰਵਾ ਸਾਬਤ ਕਰਦਾ ਹੈ ਕਿ ਕੈਨੇਡਾ ਦੇ ਸਿੱਖ ਜਿੱਥੇ ḔਸਿੱਖḔ ਵਜੋਂ ਵਿਚਰ ਰਹੇ ਸਨ, ਉਥੇ ਉਨ੍ਹਾਂ ਦੇ ਜ਼ਿਹਨ ਵਿਚ ਪੂਰਾ ਹਿੰਦੋਸਤਾਨ ਸੀ ਤੇ ਉਸ ਵਿਚ ਆਪਣੀ ਪਸੰਦ ਦਾ ਸੋਸ਼ਲਿਸਟ ਸਮਾਜ ਉਸਾਰਨ ਦੀ ਤਾਂਘ ਵੀ ਸੀ। ਉਨ੍ਹਾਂ ਦੀ ਹਿੰਦੋਸਤਾਨੀਅਤ, ਅੰਤਰਰਾਸ਼ਟਰੀਅਤਾ ਤੇ ਸਿੱਖੀ ਵਿਚ ਕੋਈ ਅੰਤਰ-ਵਿਰੋਧ ਨਹੀਂ ਸੀ।
ਅਮਰੀਕਾ ਵਿਚ ਵੀ ਜਦੋਂ ਅਮਰੀਕੀ ਸਿੱਖਾਂ ਨੂੰ ਗੁਰਦੁਆਰਾ ਸਟਾਕਟਨ ਬਣਾਉਣ ਦਾ ਖ਼ਿਆਲ ਆਇਆ ਤਾਂ ਇਸ ਪਿਛਲਾ ਮੁੱਖ ਪ੍ਰੇਰਕ Ḕਭਾਰਤ-ਵਰਸ਼Ḕ ਦੀ ਆਜ਼ਾਦੀ ਲਈ ਇਕਮੁਠਤਾ ਪ੍ਰਗਟਾਉਣ ਤੇ ਮਿਲ ਬੈਠਣ ਲਈ ਸਾਂਝੇ ਸਥਾਨ ਦੀ ਲੋੜ ਸੀ। ਭਾਈ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਦੇ ਮਨ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਤੀਬਰ ਤਾਂਘ ਕਰਵਟਾਂ ਲੈ ਰਹੀ ਸੀ। ਇਸੇ ਤਾਂਘ ਵਿਚੋਂ ਹੀ ਗੁਰਦੁਆਰਾ ਸਟਾਕਟਨ ਹੋਂਦ ਵਿਚ ਆਇਆ। ਇਸ ਦਾ ਬਿਰਤਾਂਤ ਸੰਤ ਵਿਸਾਖਾ ਸਿੰਘ ਨੇ ਬੜੇ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ: Ḕਜਿਸ ਵਕਤ ਭਾਈ ਜੁਆਲਾ ਸਿੰਘ ਜੀ ਤੇ ਸ੍ਰੀਮਾਨ ਭਾਈ ਸੰਤੋਖ ਸਿੰਘ ਜੀ ਨੇ ਬਾਹਰ ਕਾਰ ਵਿਚਾਰ ਕਰਦਿਆਂ ਦਲੀਲ ਧਾਰੀ ਫਿਰ ਜਦ ਸ਼ਾਮ ਨੂੰ ਕੰਮ ਦੀ ਛੁੱਟੀ ਹੋਈ ਤਦੋਂ ਵੀਰ ਅਲਹਿਦਾ ਜਾ ਬੈਠੇ ਹਨ। ਆਪਸ ਵਿਚ ਗੋਂਦ ਗੁੰਦੀ ਕਿ ਡੇਰੇ ਜਾ ਕਰ ਭਾਈ ਵਸਾਖਾ ਸਿੰਘ ਨੂੰ ਆਖੀਏ ਗੁਰੂ ਸਾਹਿਬਾਨ ਦਾ ਵਾਕ ਲੈਣ। ਜੇ ਵਾਕ ਦੁਆਰਾ ਸਤਿਗੁਰੂ ਦਾਇਆ ਕਰਨ ਤਾਂ ਅੱਜ ਤੋਂ ਆਪਣੀ ਜ਼ਿੰਦਗੀ ਭਾਰਤ-ਵਰਸ਼ ਦੀ ਹੋ ਚੁੱਕੀ। ਇਹ ਸਲਾਹ ਕਰ ਕੇ ਡੇਰੇ ਨੂੰ ਗਏ। ਰਹਿਰਾਸ ਦਾ ਪਾਠ ਕਰ ਕੇ ਸਾਰੇ ਸਿੰਘ ਉਡੀਕ ਰਹੇ ਸਾਂ, ਹਨ੍ਹੇਰਾ ਹੋ ਗਿਆ, ਅਜੇ ਤੱਕ ਵੀਰ ਦੋਵੇਂ ਆਏ ਨਹੀਂ ਹਨ, ਤਦੇ ਖ਼ਵਰ ਵਰਦੀ ਪਈ ਪੁਵਾਤੀ ਜੋੜਿਆਂ ਮੇਂ ਖੜ੍ਹੋ ਕਰ ਬਿਨੈ ਕਰਦੇ ਹਨ। ਸਾਨੂੰ ਕਹਿ ਰਹੇ ਹਨ, ਤੁਸੀਂ ਗੁਰੂ ਸਾਹਿਬਾਂ ਦਾ ਵਾਕ ਲਵੋ ਜੀ। ਅਸਾਂ ਨਮਸਕਾਰ ਕਰ ਪੁਛਿਆ, ਆਪਦਾ ਆਸ਼ਾ ਕੀ ਹੈ? ਤਦ ਵੀਰਾਂ ਨੇ ਸਾਨੂੰ ਕਿਹਾ:
ਸਾਨੂੰ ਆਖਦੇ ਗੁਰਾਂ ਤੋਂ ਪੁਛੋ ਤੁਸੀਂ,
ਦਿਲੋਂ ਮੁਲਕ ਦਾ ਚੌਂਹਦੇ ਸੁਧਾਰ ਭਾਈ।
ਅਸਾਂ ਸੰਗਤੇ ਗੁਰਾਂ ਦਾ ਵਾਕ ਲਿਆ,
ਸਤਿਗੁਰ ਦਿੰਦੇ ਨੇ ਤਾਪ ਉਤਾਰ ਭਾਈ।
ਤਦ ਮੈਂ ਕਿਹਾ ਧੰਨ ਸਿੱਖੀ ਤੇ ਵਾਕ ਲਿਆ।
ਸਾਫ਼ ਜ਼ਾਹਿਰ ਹੈ ਕਿ Ḕਭਾਰਤ-ਵਰਸ਼Ḕ ਲਈ ਜ਼ਿੰਦਗੀ ਅਰਪਣ ਕਰਨ ਦਾ ਪ੍ਰਣ ਲੈ ਕੇ Ḕਮੁਲਕ ਦਾ ਸੁਧਾਰḔ ਕਰਨ ਹਿਤ ਹੀ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ। ਸੰਗਤਾਂ ਦਾ ਇਕੱਠ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਤੇ ਚੇਤੇ ਰਹੇ ਇਕੱਲੇ ਸਿੱਖਾਂ ਨੂੰ ਨਹੀਂ ਸਗੋਂ ਹਿੰਦੂ ਤੇ ਮੁਸਲਮਾਨ ਭਰਾਵਾਂ ਨੂੰ ਵੀ ਪੁੱਜਣ ਦੀ ਉਚੇਚੀ ਬੇਨਤੀ ਕੀਤੀ। ਗੁਰਪੁਰਬ ਵਾਲੇ ਦਿਨ ਇਕੱਠੀ ਹੋਈ ਸੰਗਤ ਵਿਚ ਪੈਂਤੀ ਮੁਸਲਮਾਨ ਤੇ ਬਾਰਾਂ ਹਿੰਦੂ ਵੀ ਸ਼ਾਮਲ ਹੋਏ ਜਿਨ੍ਹਾਂ ਵਿਚ ਲਾਲਾ ਹਰਦਿਆਲ ਤੇ ਭਾਈ ਪਰਮਾਨੰਦ ਵੀ ਸ਼ਾਮਲ ਸਨ। ਗੁਰਦੁਆਰੇ ਦੀ ਸਥਾਪਨਾ ਦਾ ਮੁੱਖ ਉਦੇਸ਼ ਬਿਆਨ ਕਰਦਿਆਂ ਸੰਤ ਵਸਾਖਾ ਸਿੰਘ ਲਿਖਦੇ ਹਨ:
ਗੌਰਮਿੰਟ ਜੋ ਜ਼ੁਲਮ ਕਮਾ ਰਹੀ ਏ,
ਸਾਰੇ ਵੀਰਾਂ ਨੂੰ ਦੇਈਏ ਸੁਣਾ ਵੀਰੋ।
ਕਰ ਜਾਣ ਤਫ਼ਾਕ ਜਿਉਂ ਵੀਰ ਸਾਰੇ,
ਬਣਤ ਸੋਈ ਜੀ ਲਈਏ ਬਣਾ ਵੀਰੋ।
ਜ਼ੋਰ ਲਾ ਦਈਏ ਵੀਰ ਰਲ ਸਾਰੇ,
ਗੌਰਮਿੰਟ ਨੂੰ ਦੇਈਏ ਧਕਾ ਵੀਰੋ।
ਭਾਰਤ-ਵਰਸ਼ ਨੂੰ ਰੱਲ ਓਠਾਲ ਦੇਈਏ,
ਮਜ਼ਾ ਜ਼ੁਲਮ ਦਾ ਦੇਈਏ ਚਖਾ ਵੀਰੋ।
ਗੁਰਪੁਰਬ ਵਾਲੇ ਦਿਨ Ḕਵਾਹ ਲਗਦੀ ਅਮਰੀਕਾ ਅਤੇ ਕੈਨੇਡਾ ਦੇ ਸਾਰੇ ਦੇ ਸਾਰੇ ਹਿੰਦੁਸਤਾਨੀ ਭਾਈ ਸਿੱਖ, ਹਿੰਦੂ, ਮੁਸਲਮਾਨ ਪੁੱਜੇ। ਇਸ ਦੀਵਾਨ ਵਿਚ ਅਦੁੱਤੀ ਰੌਣਕ ਹੋਈ ਅਤੇ ਪਹਿਲੇ ਦਿਨ ਅਖੰਡ ਪਾਠ ਦੇ ਭੋਗ ਪਿਛੋਂ ਖੁੱਲ੍ਹਾ ਦੀਵਾਨ ਕੀਤਾ ਗਿਆ ਜਿਸ ਵਿਚ ਗੁਰਦੁਆਰਾ ਸਟਾਕਟਨ ਬਣਾਉਣ ਲਈ ਅਪੀਲ ਕੀਤੀ ਗਈ। ਇਸ ਦੀਵਾਨ ਵਿਚ ਬੋਲਣ ਵਾਲੇ ਸੱਜਣਾਂ ਵਿਚ ਇਕ ਭਾਈ ਸੰਤੋਖ ਸਿੰਘ ਜੀ ਭੀ ਸਨ। ਉਸ ਵੇਲੇ ਦਾ ਕੌਮੀ ਜੋਸ਼ ਇਸ ਗੱਲ ਤੋਂ ਸਾਫ਼ ਪ੍ਰਗਟ ਹੈ ਕਿ ਦੀਵਾਨ ਵਿਚ ਬੈਠਿਆਂ ਹੀ ਗੁਰਦੁਆਰੇ ਵਾਸਤੇ ਚੌਦਾਂ ਸੌ ਡਾਲਰ ਦੀ ਉਗਰਾਹੀ ਹੋ ਗਈ। ਗੁਰਦੁਆਰੇ ਸਬੰਧੀ ਉਸ ਦੀਵਾਨ ਦਾ ਕੰਮ ਖਤਮ ਕਰ ਕੇ ਦੂਜੇ ਦਿਨ ਅਮਰੀਕਾ ਅਤੇ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਦੇ ਸਭ ਉਘੇ ਲੀਡਰਾਂ ਦੀ ਇਕੱਤਰਤਾ ਹੋਈ ਜਿਸ ਵਿਚ ਹਿੰਦੁਸਤਾਨ ਲਈ ਰਾਜਸੀ ਕੰਮ ਕਰਨ ਪਰ ਵਿਚਾਰ ਹੋਣੀ ਸੀ। ਇਸ ਇਕੱਤਰਤਾ ਵਿਚ ਬਹੁਤ ਸਾਰੇ ਹਿੰਦੂ ਸਿੱਖ ਅਤੇ ਮੁਸਲਮਾਨ ਲੀਡਰ ਸ਼ਾਮਲ ਸਨ।  ਇਕੱਲੇ ਮੁਸਲਮਾਨਾਂ ਦੀ ਗਿਣਤੀ ਹੀ ਲਗਭਗ 40 ਦੇ ਕਰੀਬ ਸੀ।
(ਚਲਦਾ)

1 Comment

  1. ੲਿਤਿਹਾਸਕ ਤੇ ਪੋੲਿਟਿਕ ਹਵਾਲਿਅਾਂ ਰਾਹੀਂ ਲਿਖਿਅਾ ਗਿਅਾ ੲਿਕ ਜਾਣਕਾਰੀ ਭਰਪੂਰ ਲੇਖ!

Leave a Reply

Your email address will not be published.