ਭਾਜਪਾ ਦੀ ਨੀਤ ਜ਼ਾਹਰ, ਨਰਿੰਦਰ ਮੋਦੀ ਦੀ ਵਾਰੀ ਅਜੇ ਨਹੀਂ!

-ਜਤਿੰਦਰ ਪਨੂੰ
ਆਖਰ ਨੂੰ ਇੱਕ ਪੜਾਅ ਇਹੋ ਜਿਹਾ ਭਾਰਤੀ ਰਾਜਨੀਤੀ ਵਿਚ ਆ ਹੀ ਗਿਆ ਹੈ, ਜਿਸ ਪਿੱਛੋਂ ਕੁਝ ਲੋਕ ਕਹਿਣ ਲੱਗ ਪਏ ਹਨ ਕਿ ਹੁਣ ਅਗਲੀਆਂ ਪਾਰਲੀਮੈਂਟ ਚੋਣਾਂ ਲਈ ਧਿਰਾਂ ਅਤੇ ਨੀਤੀ-ਦੋਵਾਂ ਬਾਰੇ ਸਪੱਸ਼ਟਤਾ ਹੋਣੀ ਸੁਖਾਲੀ ਹੋ ਗਈ ਹੈ। ਸਾਨੂੰ ਅਜਿਹਾ ਕੁਝ ਨਹੀਂ ਲੱਗਦਾ। ਅਜੇ ਸਿਰਫ ਇੱਕ ਧਿਰ ਦੀ ਨੀਤ ਸਪੱਸ਼ਟ ਹੋਈ ਹੈ। ਨਾ ਨੀਤੀਆਂ ਦੇ ਬਾਰੇ ਕੋਈ ਸਪੱਸ਼ਟਤਾ ਹੋਈ ਹੈ ਤੇ ਨਾ ਧਿਰਾਂ ਬਾਰੇ ਕੋਈ ਕਾਹਲੇ ਸਿੱਟੇ ਕੱਢੇ ਜਾ ਸਕਦੇ ਹਨ।
ਜਿਹੜੀ ਘਟਨਾ ਇੰਨੇ ਕਾਹਲੇ ਨਤੀਜੇ ਕੱਢਣ ਵਾਲਿਆਂ ਲਈ ਇੱਕ ਕਾਰਨ ਬਣੀ, ਉਹ ਭਾਰਤੀ ਜਨਤਾ ਪਾਰਟੀ ਵੱਲੋਂ ਤੇਰਾਂ ਸਤੰਬਰ ਦੇ ਦਿਨ ਇਹ ਫੈਸਲਾ ਕਰਨਾ ਸੀ ਕਿ ਅਗਲੀਆਂ ਚੋਣਾਂ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਦਵੀ ਲਈ ਨਰਿੰਦਰ ਮੋਦੀ ਉਸ ਦਾ ਉਮੀਦਵਾਰ ਹੋਵੇਗਾ। ਜੇ ਇਹ ਫੈਸਲਾ ਨਾ ਵੀ ਕੀਤਾ ਗਿਆ ਹੁੰਦਾ ਤਾਂ ਜਿਵੇਂ ਚੋਣ ਪ੍ਰਚਾਰ ਦੀ ਸਾਰੀ ਕਮਾਨ ਉਸ ਦੇ ਹੱਥ ਦਿੱਤੀ ਜਾ ਚੁੱਕੀ ਸੀ, ਇਹ ਸੰਕੇਤ ਲੋਕਾਂ ਵਿਚ ਜਾ ਚੁੱਕਾ ਸੀ ਕਿ ਹਿੰਦੂਤਵ ਦਾ ਝੰਡਾ ਹੁਣ ਮੋਦੀ ਦੇ ਹੱਥ ਹੀ ਰਹਿਣਾ ਹੈ। ਜਿਨ੍ਹਾਂ ਭਾਈਬੰਦਾਂ ਨੇ ਵਿਰੋਧ ਕਰਨਾ ਸੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਾਂਗ ਉਹ ਤਿੰਨ ਮਹੀਨੇ ਪਹਿਲਾਂ ਇਸ ਬੇੜੀ ਵਿਚੋਂ ਉਤਰ ਚੁੱਕੇ ਸਨ ਤੇ ਬਾਕੀ ਸ਼ਿਵ ਸੈਨਾ ਤੇ ਉਸ ਅਕਾਲੀ ਦਲ ਵਾਲੇ ਰਹਿ ਗਏ ਸਨ, ਜਿਨ੍ਹਾਂ ਦਾ ਮੁਖੀ ਪ੍ਰਕਾਸ਼ ਸਿੰਘ ਬਾਦਲ ਗੁਜਰਾਤ ਜਾ ਕੇ ਨਰਿੰਦਰ ਮੋਦੀ ਨੂੰ ਇੱਕ ਗਾਂ ਹੋਰ ਦੇਣ ਦੀ ਬੇਨਤੀ ਕਰ ਆਇਆ ਸੀ, ਪਰ ਪੰਜਾਬੀ ਕਿਸਾਨਾਂ ਦੇ ਉਜਾੜੇ ਬਾਰੇ ਚੁੱਪ ਕੀਤਾ ਰਿਹਾ ਸੀ। ਮੋਦੀ ਦਾ ਵੱਡਾ ਵਿਰੋਧ ਬਾਹਰੋਂ ਨਹੀਂ ਸੀ ਹੋ ਰਿਹਾ, ਭਾਜਪਾ ਦੇ ਅੰਦਰੋਂ ਉਨ੍ਹਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ, ਜਿਹੜੇ ਕਦੀ ਖੁਦ ਨਰਿੰਦਰ ਮੋਦੀ ਨੂੰ ਗੁਮਨਾਮੀ ਵਿਚੋਂ ਕੱਢ ਕੇ ਲੋਕਾਂ ਸਾਹਮਣੇ ਲੀਡਰ ਵਜੋਂ ਪੇਸ਼ ਕਰਨ ਦੀ ਘੜੀ ਨੂੰ ਪਛਤਾ ਰਹੇ ਸਨ।
ਉਹ ਦਿਨ ਯਾਦ ਕੀਤੇ ਜਾਣੇ ਚਾਹੀਦੇ ਹਨ, ਜਦੋਂ ਗੁਜਰਾਤ ਵਿਚ ਭਾਜਪਾ ਦੇ ਲੀਡਰਾਂ ਦੀ ਆਪਸੀ ਖਹਿਬੜ ਦੇ ਕਾਰਨ ਇੱਕ ਪਿੱਛੋਂ ਦੂਸਰਾ ਮੁੱਖ ਮੰਤਰੀ ਹਟਾਏ ਜਾਣ ਦੀ ਲੋੜ ਪੈ ਰਹੀ ਸੀ। ਉਦੋਂ ਤੱਕ ਨਰਿੰਦਰ ਮੋਦੀ ਪੰਜਾਬ ਵਿਚ ਫਿਰਦਾ ਸੀ। ਪਹਿਲਾਂ ਉਸ ਨੂੰ ਹਰਿਆਣੇ ਦਾ ਇੰਚਾਰਜ ਬਣਾਇਆ ਗਿਆ ਸੀ, ਪਰ ਉਥੇ ਉਸ ਦੇ ਵਿਹਾਰ ਤੋਂ ਤੰਗ ਆ ਕੇ ਓਮ ਪ੍ਰਕਾਸ਼ ਚੌਟਾਲਾ ਨੇ ਸ਼ਰਤ ਲਾ ਦਿੱਤੀ ਸੀ ਕਿ ਜਦੋਂ ਤੱਕ ਇਸ ਬੰਦੇ ਨੂੰ ਬਾਹਰ ਨਾ ਕੀਤਾ, ਉਹ ਭਾਜਪਾ ਨਾਲ ਕੋਈ ਗੱਲ ਨਹੀਂ ਕਰੇਗਾ। ਫਿਰ ਉਹ ਪੰਜਾਬ ਜੋਗਾ ਰਹਿ ਗਿਆ। ਇਹ ਤਜਵੀਜ਼ ਲਾਲ ਕ੍ਰਿਸ਼ਨ ਅਡਵਾਨੀ ਦੀ ਸੀ ਕਿ ਜੇ ਨਰਿੰਦਰ ਮੋਦੀ ਨੂੰ ਗੁਜਰਾਤ ਦੀ ਸਰਦਾਰੀ ਦੇ ਦਿੱਤੀ ਜਾਵੇ ਤਾਂ ਭਾਜਪਾ ਅੰਦਰ ਭੜਥੂ ਰੁਕ ਸਕਦਾ ਹੈ। ਅਟਲ ਬਿਹਾਰੀ ਵਾਜਪਾਈ ਨੇ ਸਹਿਮਤ ਨਾ ਹੋਣ ਦੇ ਬਾਵਜੂਦ ਹਾਮੀ ਭਰ ਦਿੱਤੀ। ਨਰਿੰਦਰ ਮੋਦੀ ਦੀ ਸਰਕਾਰ ਨੇ ਹਾਲੇ ਢਾਈ ਕੋਹ ਪੈਂਡਾ ਨਹੀਂ ਸੀ ਕੀਤਾ ਕਿ ਗੁਜਰਾਤ ਵਿਚ ਉਹ ਦੰਗੇ ਹੋ ਗਏ, ਜਿਨ੍ਹਾਂ ਨੇ ਵਾਜਪਾਈ ਸਰਕਾਰ ਦਾ ਜਲੂਸ ਕੱਢ ਦਿੱਤਾ ਤੇ ਜਦੋਂ ਮੋਦੀ ਨੂੰ ਵਾਜਪਾਈ ਪਾਸੇ ਕਰਨਾ ਚਾਹੁੰਦਾ ਸੀ, ਅਡਵਾਨੀ ਨੇ ਮੋਦੀ ਦੀ ਕੁਰਸੀ ਨੂੰ ਬਚਾਉਣਾ ਆਪਣੀ ਇੱਜ਼ਤ ਦਾ ਸਵਾਲ ਬਣਾ ਲਿਆ। ਤਿਕੜਮਬਾਜ਼ੀ ਦੇ ਚੱਕਰ ਵਿਚ ਕੀਤੀ ਇਹ ਅਡਵਾਨੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ।
ਨਰਿੰਦਰ ਮੋਦੀ ਨੇ ਦੰਗੇ ਕਰਾਉਣ ਪਿੱਛੋਂ ਦੇਸ਼ ਦੀ ਸਭ ਤੋਂ ਵੱਡੀ ਘੱਟ ਗਿਣਤੀ ਦੇ ਸੈਂਕੜੇ ਲੋਕਾਂ ਦੇ ਕਤਲਾਂ ਨੂੰ ਠੀਕ ਹੀ ਨਹੀਂ ਸੀ ਠਹਿਰਾਇਆ, ਸਗੋਂ ਜਿੱਥੇ ਦੰਗਾ ਪੀੜਤ ਪਨਾਹ ਲਈ ਬੈਠੇ ਸਨ, ਉਨ੍ਹਾਂ ਸ਼ਰਨਾਰਥੀ ਕੈਂਪਾਂ ਨੂੰ ਜਵਾਕ ਜੰਮਣ ਦੀਆਂ ਫੈਕਟਰੀਆਂ ਤੱਕ ਕਹਿ ਦਿੱਤਾ ਸੀ। ਇਸ ਵਿਚੋਂ ਅਡਵਾਨੀ ਦੇ ਧੜੇ ਨੂੰ ਕੁਝ ਵੀ ਬੁਰਾ ਨਹੀਂ ਸੀ ਲੱਗਦਾ। ਦੰਗਿਆਂ ਦੇ ਬਾਅਦ ਗੁਜਰਾਤ ਦਾ ਦੌਰਾ ਕਰਨ ਗਏ ਵਾਜਪਾਈ ਦੀ ਗੱਲ ਭਰੀ ਪ੍ਰੈਸ ਕਾਨਫਰੰਸ ਵਿਚ ਕੱਟ ਕੇ ਮੋਦੀ ਨੇ ਜਿਹੜੇ ਢੰਗ ਨਾਲ ਉਸ ਦੀ ਬੇਇੱਜ਼ਤੀ ਕੀਤੀ, ਉਸ ਤੋਂ ਵੀ ਅਡਵਾਨੀ ਧੜਾ ਖੁਸ਼ ਹੁੰਦਾ ਰਿਹਾ ਸੀ। ਗੁਜਰਾਤ ਭਾਜਪਾ ਦੇ ਸਾਬਕਾ ਮੰਤਰੀ ਹਰਿਨ ਪਾਂਡਿਆ ਨੂੰ ਪਹਿਲਾਂ ਵਜ਼ੀਰੀ ਤੋਂ ਕੱਢਿਆ, ਫਿਰ ਵਿਧਾਨ ਸਭਾ ਦੀ ਟਿਕਟ ਨਾ ਲੈਣ ਦਿੱਤੀ ਤੇ ਉਸ ਦੇ ਬਾਅਦ ਉਸ ਦਾ ਆਪਣੇ ਘਰ ਅੱਗੇ ਕਤਲ ਕਰਵਾ ਦਿੱਤਾ ਗਿਆ। ਉਸ ਦੀ ਕ੍ਰਿਆ ਵੇਲੇ ਮੋਦੀ ਜਦੋਂ ਸ਼ਰਧਾਂਜਲੀ ਭੇਟ ਕਰ ਰਿਹਾ ਸੀ, ਪਾਂਡਿਆ ਦਾ ਪਿਤਾ ਇਹ ਕੂਕ ਰਿਹਾ ਸੀ ਕਿ ਕਾਹਦੀ ਸ਼ਰਧਾਂਜਲੀ, ਮੇਰਾ ਪੁੱਤਰ ਤਾਂ ਨਰਿੰਦਰ ਮੋਦੀ ਨੇ ਆਪ ਕਤਲ ਕਰਵਾਇਆ ਹੈ। ਅਡਵਾਨੀ ਹੁਰੀਂ ਇਸ ਨੂੰ ਅਣਗੌਲਿਆ ਕਰਦੇ ਰਹੇ ਪਰ ਅੰਤ ਨੂੰ ਜਦੋਂ ਉਨ੍ਹਾਂ ਦੀ ਆਪਣੀ ਵਾਰੀ ਆ ਗਈ, ਉਦੋਂ ਅਡਵਾਨੀ ਦੇ ਪੱਖ ਵਿਚ ਖਲੋਣ ਵਾਲੇ ਕਿਰਨ ਲੱਗ ਪਏ।
ਯਾਦ ਕਰੀਏ 2009 ਦੀਆਂ ਪਾਰਲੀਮੈਂਟ ਚੋਣਾਂ ਨੂੰ। ਭਾਜਪਾ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾ ਕੇ ਤੋਰਿਆ ਸੀ। ਨਰਿੰਦਰ ਮੋਦੀ ਨੇ ਇਹ ਸੁਨੇਹਾ ਭੇਜ ਦਿੱਤਾ ਕਿ ਗੁਜਰਾਤ ਤੋਂ ਪਿਛਲੀ ਵਾਰੀ ਦਾ ਕੋਈ ਵੀ ਉਮੀਦਵਾਰ ਦੋਬਾਰਾ ਖੜਾ ਨਹੀਂ ਕਰਨਾ ਤੇ ਲੋਕਾਂ ਸਾਹਮਣੇ ਸਾਰੇ ਨਵੇਂ ਚਿਹਰੇ ਪੇਸ਼ ਕਰਨੇ ਹਨ। ਇਹ ਗੋਲਾ ਅਡਵਾਨੀ ਵੱਲ ਦਾਗਿਆ ਗਿਆ ਸੀ, ਜਿਹੜਾ ਪਿਛਲੀ ਵਾਰੀ ਗੁਜਰਾਤ ਦੇ ਗਾਂਧੀ ਨਗਰ ਤੋਂ ਜਿੱਤਿਆ ਸੀ। ਭਾਜਪਾ ਵਿਚ ਭਾਜੜ ਮੱਚ ਗਈ। ਕਈ ਦਿਨ ਤਰਲੇ ਕੱਢਣ ਪਿੱਛੋਂ ਮੋਦੀ ਨੂੰ ਇਸ ਗੱਲ ਲਈ ਮਨਾਇਆ ਗਿਆ ਕਿ ਉਹ ਅਡਵਾਨੀ ਦਾ ਇੰਨਾ ਜਲੂਸ ਨਾ ਕੱਢੇ। ਇੰਨੀ ਗੱਲ ਉਸ ਨੇ ਮੰਨ ਕੇ ਨਵਾਂ ਗੋਲਾ ਦਾਗ ਦਿੱਤਾ ਕਿ ਭਾਜਪਾ ਦੇ ਕੇਂਦਰੀ ਲੀਡਰਾਂ ਨੂੰ ਗੁਜਰਾਤ ਵਿਚ ਚੋਣ ਪ੍ਰਚਾਰ ਵਾਸਤੇ ਆਉਣ ਦੀ ਲੋੜ ਨਹੀਂ। ਫਿਰ ਉਸ ਨੂੰ ਇਸ ਗੱਲ ਲਈ ਮਨਾਇਆ ਗਿਆ ਕਿ ਇੱਦਾਂ ਵੀ ਬੇਇੱਜ਼ਤੀ ਹੁੰਦੀ ਹੈ। ਅਡਵਾਨੀ ਧੜੇ ਵਿਚ ਉਸ ਵੇਲੇ ਹੀ ਹਲਚਲ ਮੱਚ ਗਈ ਸੀ ਕਿ ਬਦਨੀਤੀ ਦੇ ਚਿਰਾਗ ਵਿਚੋਂ ਆਪੇ ਪੈਦਾ ਕੀਤਾ ਜਿੰਨ ਹੁਣ ਸਾਡਾ ਆਪਣਾ ਨਹੀਂ ਰਿਹਾ ਤੇ ਇਸ ਤੋਂ ਬਚ ਕੇ ਚੱਲਣਾ ਪਵੇਗਾ। ਫਿਰ ਉਹ ਪੈਰੋ-ਪੈਰ ਪਿੱਛੇ ਹਟਦੇ ਗਏ ਤੇ ਮੋਦੀ ਅੱਗੇ ਵਧੀ ਗਿਆ।
ਇਥੇ ਆ ਕੇ ਸਿਰਫ ਅਡਵਾਨੀ ਨਹੀਂ, ਸਾਰੀ ਭਾਜਪਾ ਲੀਡਰਸ਼ਿਪ ਦੇ ਕੋਲ ਇੱਕੋ ਆਸਰਾ ਰਹਿ ਗਿਆ ਕਿ ਆਰ ਐਸ ਐਸ ਦੀ ਲੀਡਰਸ਼ਿਪ ਮੋਦੀ ਨੂੰ ਨੱਥ ਪਾਵੇਗੀ। ਮੋਦੀ ਨੇ ਨਾਗਪੁਰ ਵਾਲੇ ਵੀ ਅੱਗੇ ਲਾ ਲਏ। ਭਾਜਪਾ ਦੀ ਹਰ ਪੱਧਰ ਦੀ ਕਮੇਟੀ ਜਾਂ ਕੌਂਸਲ ਵਿਚ ਜਨਰਲ ਸਕੱਤਰ ਦੇ ਅਹੁਦੇ ਦਾ ਇੱਕ ਆਗੂ ਆਰ ਐਸ ਐਸ ਦਾ ਪ੍ਰਤੀਨਿਧ ਹੁੰਦਾ ਹੈ। ਇਹੋ ਜਿਹੇ ਇੱਕ ਸਿਧਾਂਤਕ ਆਗੂ ਦੀ ਬਲਿਊ ਸੀ ਡੀ ਬਾਜ਼ਾਰ ਵਿਚ ਆ ਗਈ। ਦੋਸ਼ ਨਰਿੰਦਰ ਮੋਦੀ ਉਤੇ ਲੱਗਾ ਕਿ ਇਹ ਕੰਮ ਉਸ ਨੇ ਕਰਵਾਇਆ ਹੈ, ਪਰ ਸੰਘ ਦੇ ਉਸ ਪ੍ਰਤੀਨਿਧ ਨੂੰ ਅਹੁਦਾ ਛੱਡ ਕੇ ਜਾਣਾ ਪਿਆ। ਫਿਰ ਮੁੰਬਈ ਦੀ ਮੀਟਿੰਗ ਮੌਕੇ ਮੋਦੀ ਨੇ ਆਪਣੀ ਈਨ ਮੰਨਵਾਈ ਤੇ ਜਦੋਂ ਨਾਗਪੁਰ ਤੋਂ ਆਰ ਐਸ ਐਸ ਲੀਡਰਸ਼ਿਪ ਨੇ ਆਤਮ-ਸਮਰਪਣ ਦੇ ਸੰਕੇਤ ਭੇਜ ਦਿੱਤੇ, ਦੋ ਦਿਨਾਂ ਦਾ ਰੁੱਸਿਆ ਬੈਠਾ ਮੋਦੀ ਡੇਢ ਘੰਟੇ ਬਾਅਦ ਜਲਸੇ ਵਿਚ ਜਾ ਪੁੱਜਾ। ਹੁਣ ਵੀ ਉਸੇ ਆਰ ਐਸ ਐਸ ਦੀ ਲੀਡਰਸ਼ਿਪ ਨੇ ਮੋਦੀ ਲਈ ਮੈਦਾਨ ਪੱਧਰਾ ਕਰਨ ਵਾਸਤੇ ਇੱਕ ਹਫਤਾ ਲਾਇਆ ਹੈ।
ਕਦੀ ਇਹ ਕਿਹਾ ਜਾਂਦਾ ਸੀ ਕਿ ਭਾਜਪਾ ਇੱਕ ਸੰਗਠਨ ਹੈ ਤੇ ਆਰ ਐਸ ਐਸ ਇਸ ਦੀ ਮਾਂ ਹੈ, ਜਿਸ ਦਾ ਕਹਿਣਾ ਮੰਨਣਾ ਹਰ ਕਿਸੇ ਲਈ ਲਾਜ਼ਮੀ ਹੈ। ਭਾਜਪਾ ਵੱਲੋਂ ਤਾਜ਼ਾ ਫੈਸਲਾ ਜਿਵੇਂ ਨਰਿੰਦਰ ਮੋਦੀ ਦੇ ਹੱਕ ਵਿਚ ਕੀਤਾ ਗਿਆ ਤੇ ਜਿਵੇਂ ਆਰ ਐਸ ਐਸ ਲੀਡਰਸ਼ਿਪ ਉਸ ਦੇ ਕਾਰਿੰਦੇ ਵਾਂਗ ਸਰਗਰਮ ਹੋਈ ਰਹੀ, ਉਸ ਤੋਂ ਸਾਫ ਹੋ ਗਿਆ ਹੈ ਕਿ ਮੋਦੀ ਆਪਣੀ ਹਿਟਲਰੀ ਉਠਾਣ ਨਾਲ ਕੱਲ੍ਹ ਤੱਕ ਮਾਂ ਮੰਨੀ ਜਾਂਦੀ ਆਰ ਐਸ ਐਸ ਲਈ ਵੀ ਮਾਈ-ਬਾਪ ਬਣ ਚੁੱਕਾ ਹੈ। ਇਸ ਦੇ ਪਿੱਛੇ ਮਜਬੂਰੀ ਆਪਣੀ ਥਾਂ ਹੈ, ਪਰ ਇਹ ਗੱਲ ਆਰ ਐਸ ਐਸ ਦੇ ਆਗੂ ਕਹਿਣ ਲੱਗ ਪਏ ਹਨ ਕਿ ਭਾਰਤ ਦੀ ਹਿੰਦੂ ਰਾਸ਼ਟਰ ਵਜੋਂ ਪਛਾਣ ਬਣਾਉਣ ਲਈ ‘ਅਭੀ ਜਾਂ ਕਭੀ ਨਹੀਂ’ ਦਾ ਮੌਕਾ ਆ ਗਿਆ ਹੈ। ਨਰਿੰਦਰ ਮੋਦੀ ਦੇ ਨਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪ੍ਰਵਾਨਗੀ ਦੇ ਪਿੱਛੇ ਇਹੋ ਨੀਤ ਕੰਮ ਕਰਦੀ ਹੈ, ਜਿਹੜੀ ਜ਼ਾਹਰ ਹੋ ਗਈ ਹੈ, ਇਸ ਦੇ ਬਾਅਦ ਬਾਕੀ ਧਿਰਾਂ ਨੂੰ ਆਪੋ ਆਪਣਾ ਪੈਂਤੜਾ ਸੋਚਣਾ ਪਵੇਗਾ।
ਜਦੋਂ ਇਸ ਧਿਰ ਦੀ ਨੀਤ ਹੀ ਸਾਫ ਹੋਈ ਹੈ, ਹਾਲੇ ਨੀਤੀ ਸਾਫ਼ ਹੋਈ ਨਹੀਂ ਸਮਝਣੀ ਚਾਹੀਦੀ, ਉਦੋਂ ਨੀਤੀ ਵਜੋਂ ਇਸ ਦੇ ਆਗੂ ਉਨ੍ਹਾਂ ਫਿਰਕਿਆਂ ਅੰਦਰ ਕੁੰਡੀ ਪਾਉਣ ਦੀ ਕੋਸ਼ਿਸ਼ ਕਰਨਗੇ, ਜਿਹੜੇ ਨਰਿੰਦਰ ਮੋਦੀ ਦਾ ਸੁਫਨਾ ਆਉਣ ਤੋਂ ਵੀ ਤ੍ਰਹਿੰਦੇ ਹਨ। ਸਿੱਧੀ ਪਹੁੰਚ ਕਰਨ ਜੋਗਾ ਮੋਦੀ ਰਿਹਾ ਨਹੀਂ, ਇਸ ਲਈ ਅਕਾਲੀ ਦਲ ਵਰਗੇ ਕੁਝ ਹੋਰ ਦਲਾਂ ਵਿਚੋਂ ਉਹ ਆਗੂ ਲੱਭੇ ਜਾਣਗੇ, ਜਿਹੜੇ ਦੂਸਰੇ ਭਾਈਚਾਰਿਆਂ ਦੇ ਲੋਕਾਂ ਨੂੰ ਯਕੀਨ ਦਿਵਾ ਸਕਣ ਕਿ ਮੋਦੀ ਤੋਂ ਡਰਨ ਦੀ ਲੋੜ ਨਹੀਂ। ਇਸ ਪੱਖ ਤੋਂ ਭਾਜਪਾ ਇਹ ਮੁਖੌਟਾ ਵੀ ਚਾੜ੍ਹੇਗੀ ਕਿ ਜਿਵੇਂ ਵਾਜਪਾਈ ਸਰਕਾਰ ਬਣਾਉਣ ਵੇਲੇ ਉਸ ਨੇ ਜਨਤਾ ਦਲ ਯੁਨਾਈਟਿਡ ਨਾਲ ਬਾਬਰੀ ਮਸਜਿਦ ਵਾਲੀ ਥਾਂ ਰਾਮ ਮੰਦਰ ਬਣਾਉਣ ਦਾ ਮੁੱਦਾ ਪਿੱਛੇ ਪਾ ਦਿੱਤਾ ਸੀ, ਹੁਣ ਵੀ ਹਿੰਦੂ ਰਾਸ਼ਟਰ ਦਾ ਮੁੱਦਾ ਪਿੱਛੇ ਪਾ ਸਕਦੀ ਹੈ। ਬਾਕੀ ਪਾਰਟੀਆਂ ਨੂੰ ਦੇਸ਼ ਦੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਵਾਜਪਾਈ ਹੋਰ ਸੀ ਤੇ ਮੋਦੀ ਹੋਰ ਹੈ। ਜਿਸ ਮੋਦੀ ਨੇ ਆਪਣੀ ਹੀ ਪਾਰਟੀ ਵਿਚ ਆਪਣੇ ਪਿਤਾ ਸਮਾਨ ਆਗੂ ਖੂੰਜੇ ਧੱਕ ਦਿੱਤੇ ਹਨ, ਆਪਣੀ ਰਾਜਨੀਤੀ ਦਾ ਮੱਕਾ ਮੰਨੇ ਜਾਂਦੇ ਨਾਗਪੁਰ ਵਾਲੀ ਹਾਈ ਕਮਾਂਡ ਨੂੰ ਨੁੱਕਰੇ ਲਾ ਦਿੱਤਾ ਹੈ, ਉਸ ਨੂੰ ਵਾਜਪਾਈ ਨਾਲ ਨਹੀਂ ਤੋਲਿਆ ਜਾ ਸਕਣਾ, ਜਿਹੜਾ ਵਿਰੋਧੀ ਵਿਚਾਰ ਵਾਲਿਆਂ ਦੀ ਵੀ ਇੱਜ਼ਤ ਕਰਦਾ ਸੀ।
ਜਿਹੜੀਆਂ ਮੋਦੀ-ਵਿਰੋਧੀ ਧਿਰਾਂ ਨੂੰ ਇਹ ਕੰਮ ਕਰਨਾ ਪੈਣਾ ਹੈ, ਉਨ੍ਹਾਂ ਵਿਚ ਪਹਿਲਾ ਨਾਂ ਕਾਂਗਰਸ ਪਾਰਟੀ ਦਾ ਆਉਂਦਾ ਹੈ। ਉਹ ਇਸ ਵਕਤ ਅੱਗੜ-ਪਿੱਛੜ ਨਿਕਲ ਰਹੇ ਸਕੈਂਡਲਾਂ ਕਾਰਨ ਲੋਕਾਂ ਸਾਹਮਣੇ ਜਾਣ ਵਿਚ ਔਕੜ ਤਾਂ ਮਹਿਸੂਸ ਕਰੇਗੀ ਪਰ ਰਾਹ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਗਰੀਬ ਤੋਂ ਗਰੀਬ ਲੋਕਾਂ ਲਈ ਖੁਰਾਕ ਸੁਰੱਖਿਆ ਦੀ ਗਾਰੰਟੀ ਦੀ ਸਕੀਮ, ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰਨ ਬਾਰੇ ਕਿਸਾਨ-ਪੱਖੀ ਕਾਨੂੰਨ ਪਾਸ ਕਰਨ ਤੇ ਰੇੜ੍ਹੀ-ਫੜ੍ਹੀ ਵਾਲਿਆਂ ਲਈ ਕੁਝ ਸਕੀਮਾਂ ਸ਼ੁਰੂ ਕਰਨ ਨਾਲ ਉਹ ਲੋਕਾਂ ਕੋਲ ਜਾਣ ਦਾ ਰਾਹ ਬਣਾ ਰਹੀ ਹੈ। ਉਸ ਕੋਲ ਇਹੋ ਜਿਹਾ ਜਨਤਕ ਆਧਾਰ ਵੀ ਹੈ, ਜਿਹੜਾ ਹਰ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਵਿਚ ਉਸ ਦੇ ਨਾਲ ਰਹਿੰਦਾ ਹੈ ਤੇ ਹੁਣ ਵੀ ਹੈ। ਇਹ ਇਕਲੌਤੀ ਪਾਰਟੀ ਹੈ, ਜਿਸ ਦਾ ਹਿੰਦੁਸਤਾਨ ਦੀ ਹਰ ਨੁੱਕਰ ਵਿਚ ਦੀਵਾ ਜਗਦਾ ਹੈ। ਅਣਸੁਖਾਵੀਂ ਗੱਲ ਇਹ ਹੈ ਕਿ ਇਹ ਸਾਰਾ ਦਾਰੋਮਦਾਰ ਰਾਹੁਲ ਗਾਂਧੀ ਦੇ ਸਿਰ ਸੁੱਟ ਕੇ ਉਸ ਦੇ ਉਤੇ ਵੀ ਦਬਾਅ ਵਧਾਉਣ ਲੱਗੀ ਹੋਈ ਹੈ ਤੇ ਪਾਰਟੀ ਵਜੋਂ ਆਪਣੇ ਲਈ ਵੀ ਪ੍ਰਸ਼ਨ ਚਿੰਨ੍ਹਾਂ ਵਿਚ ਵਾਧਾ ਕਰ ਰਹੀ ਹੈ। ਇਸ ਦੇ ਅੰਦਰ ਦੇ ਭ੍ਰਿਸ਼ਟ ਤੱਤ ਇਸ ਨੂੰ ਆਪਣੇ ਜਾਪਦੇ ਹਨ ਅਤੇ ਇਹ ਪਿਛਲਾ ਤਜਰਬਾ ਅਣਗੌਲਿਆ ਕਰੀ ਬੈਠੀ ਹੈ ਕਿ ਜਦੋਂ ਕਿਸੇ ਹੋਰ ਦੀ ਚੜ੍ਹਤ ਦਾ ਮਾੜਾ ਜਿਹਾ ਪ੍ਰਭਾਵ ਵੀ ਮਿਲ ਜਾਵੇ, ਪੰਜਾਬ ਦੇ ਕਾਂਗਰਸੀਆਂ ਵਿਚੋਂ ਕੁਝਨਾਂ ਦੇ ਸੁਖਬੀਰ ਸਿੰਘ ਬਾਦਲ ਦੇ ਪੈਰੀਂ ਪੈਣ ਵਾਂਗ ਇਹ ਭ੍ਰਿਸ਼ਟ ਤੱਤ ਉਧਰ ਨੂੰ ਜਾ ਸਕਦੇ ਹਨ। ਕੋਲਾ ਸਕੈਂਡਲ ਵਿਚ ਮੋਟਾ ਮਾਲ ਕਮਾ ਚੁੱਕੇ ਲੋਕਾਂ ਨੂੰ ਮਾਇਆ ਨਾਲ ਮੋਹ ਹੈ, ਜੇ ਉਹ ਮੋਦੀ ਦੇ ਚਰਨੀਂ ਲੱਗ ਕੇ ਕਮਾਈ ਜਾ ਸਕਦੀ ਹੈ ਤਾਂ ਉਨ੍ਹਾਂ ਨੂੰ ਉਧਰ ਜਾਣ ਵਿਚ ਵੀ ਸੰਕੋਚ ਨਹੀਂ ਹੋਣ ਲੱਗਾ। ਕਾਂਗਰਸ ਪਾਰਟੀ ਅਜੇ ਤੱਕ ਨੀਤ ਤੇ ਨੀਤੀ ਦੋਵਾਂ ਬਾਰੇ ਫੈਸਲੇ ਲੈਣ ਵੱਲੋਂ ਵੀ ਅਵਸੇਲੀ ਹੈ।
ਹੁਣ ਮੋਦੀ ਦੇ ਢਾਡੀ ਭਾਵੇਂ ਇਹ ਕਹੀ ਜਾਂਦੇ ਹਨ ਕਿ ਲੜਾਈ ਦੋ-ਧਿਰੀ ਹੋ ਗਈ ਹੈ ਪਰ ਇਹ ਸੱਚ ਨਹੀਂ ਹੈ। ਕੇਰਲਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਉੜੀਸਾ ਤੇ ਆਸਾਮ ਵਿਚ ਭਾਜਪਾ ਦੇ ਪੱਲੇ ਕੱਖ ਨਹੀਂ। ਕਿਸੇ ਨਾਲ ਸਮਝੌਤਾ ਹੋਵੇ ਤਾਂ ਕੋਈ ਸੀਟ ਆਉਂਦੀ ਹੈ, ਵਰਨਾ ਠੂਠਾ ਖਾਲੀ ਹੁੰਦਾ ਹੈ। ਜਿਸ ਕਰਨਾਟਕਾ ਵਿਚੋਂ ਉਹ ਦੱਖਣੀ ਭਾਰਤ ਵਿਚ ਜਾਣ ਦਾ ਰਾਹ ਖੋਲ੍ਹਣਾ ਚਾਹੁੰਦੀ ਸੀ, ਉਥੇ ਹੁਣ ਉਸ ਦੇ ਤਸਲੇ ਮੂਧੇ ਵੱਜ ਚੁੱਕੇ ਹਨ। ਸਾਰੀ ਟੇਕ ਹਿੰਦੀ-ਭਾਸ਼ੀ ਭਾਰਤ ਉਤੇ ਹੈ, ਜਿਸ ਵਿਚ ਉਸ ਦੇ ਅੱਗੇ ਨਿਤੀਸ਼ ਕੁਮਾਰ ਸ਼ਾਇਦ ਵੱਡੀ ਤਾਕਤ ਨਾ ਬਣ ਸਕੇ, ਪਰ ਉਤਰ ਪ੍ਰਦੇਸ਼ ਵਿਚ ਮੁਲਾਇਮ ਸਿੰਘ ਦੇ ਹੁੰਦਿਆਂ ਉਸ ਤੋਂ ਮਾਂਜਾ ਨਹੀਂ ਮਾਰਿਆ ਜਾ ਸਕਣਾ। ਜਦੋਂ ਅੱਧਾ ਭਾਰਤ ਇੱਕ ਪਾਸੇ ਖਾਲੀ ਕੱਢ ਦਿੱਤਾ, ਬਾਕੀ ਅੱਧੇ ਭਾਰਤ ਤੋਂ ਨਰਿੰਦਰ ਮੋਦੀ ਨੇ ਦਿੱਲੀ ਦੇ ਦਰਾਂ ਤੱਕ ਨਹੀਂ ਪਹੁੰਚ ਸਕਣਾ। ਦੋ ਮੁੱਖ ਧਿਰਾਂ ਤੋਂ ਪਾਸੇ ਦੀਆਂ ਪਾਰਟੀਆਂ ਦੀ ਤਾਕਤ ਇਸ ਵਾਰ ਵਧਣ ਦੀ ਗੱਲ ਕਹੀ ਜਾ ਰਹੀ ਹੈ। ਭਾਜਪਾ ਦੀ ਨੀਤ ਜਦੋਂ ਜ਼ਾਹਰ ਹੋ ਚੁੱਕੀ ਹੈ, ਰਣਨੀਤੀ ਭਾਵੇਂ ਅਜੇ ਤੱਕ ਉਸ ਦੀ ਲੁਕਵੀਂ ਹੈ, ਦੇਸ਼ ਦੇ ਹਾਲਾਤ ਉਸ ਪਾਸੇ ਨੂੰ ਜਾਣ ਲੱਗ ਪਏ ਹਨ, ਜਿੱਥੇ ਇੱਕ ਵਾਰੀ ਫਿਰ ਕਿਸੇ ਦੇਵਗੌੜਾ ਜਾਂ ਕਿਸੇ ਗੁਜਰਾਲ ਦਾ ਨੌਂਗਾ ਨਿਕਲ ਸਕਦਾ ਹੈ। ਦੇਵਗੌੜੇ ਤੇ ਗੁਜਰਾਲ ਦਾ ਵਾਰਸ ਕੋਈ ਮੁਲਾਇਮ, ਨਿਤੀਸ਼, ਨਵੀਨ ਪਟਨਾਇਕ ਵਰਗਾ ਹੋਵੇਗਾ ਜਾਂ ਕਿਸੇ ਹੋਰ ਦੀ ਲਾਟਰੀ ਨਿਕਲੇਗੀ, ਪਤਾ ਨਹੀਂ ਪਰ ਏਨੀ ਗੱਲ ਕਹੀ ਜਾ ਸਕਦੀ ਹੈ ਕਿ ਮੋਦੀ ਦੀ ਵਾਰੀ ਆਉਂਦੀ ਹਾਲੇ ਨਹੀਂ ਲੱਗਦੀ।

Be the first to comment

Leave a Reply

Your email address will not be published.