ਸ਼ਰਾਬ ਦੇ ਕਾਰੋਬਾਰ ‘ਚ ਅਕਾਲੀ ਵਿਧਾਇਕ ਦੀ ਝੰਡੀ

ਚੰਡੀਗੜ੍ਹ: ਚਾਲੂ ਮਾਲੀ ਵਰ੍ਹੇ ਦੌਰਾਨ ਸ਼ਰਾਬ ਦੇ ਠੇਕੇ ਲੈਣ ਪੱਖੋਂ ਸਭ ਤੋਂ ਵੱਧ ਕਿਸਮਤ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਚਮਕੀ ਹੈ ਜਿਸ ਕੋਲ ਪੰਜਾਬ ਦੇ ਤਕਰੀਬਨ ਇਕ-ਤਿਹਾਈ ਠੇਕੇ ਹਨ। ਉਂਜ ਵੀ ਇਸ ਵਾਰ ਸ਼ਰਾਬ ਦੇ ਜ਼ਿਆਦਾ ਠੇਕੇ ਅਕਾਲੀ-ਭਾਜਪਾ ਸਰਕਾਰ ਦੇ ਨੇੜਲਿਆਂ ਨੇ ਹੀ ਮੱਲੇ ਹਨ। ਦੀਪ ਮਲਹੋਤਰਾ ਦੇ ਸੱਤ ਜ਼ਿਲ੍ਹਿਆਂ ਵਿਚ ਠੇਕੇ ਹਨ। ਇਸ ਵਰ੍ਹੇ ਸ਼ਰਾਬ ਦੇ ਠੇਕੇ ਲੈਣ ਖਾਤਰ 40,949 ਲੋਕਾਂ ਨੇ ਅਪਲਾਈ ਕੀਤਾ ਸੀ ਪਰ ਜਦੋਂ ਕਰ ਤੇ ਆਬਕਾਰੀ ਵਿਭਾਗ ਨੇ ਲਾਟਰੀ ਕੱਢੀਤਾਂ ਇਹ ਅਕਾਲੀ ਭਾਜਪਾ ਸਰਕਾਰ ਦੇ ਨੇੜਲਿਆਂ ਦੀ ਹੀ ਨਿਕਲੀ। ਆਮ ਠੇਕੇਦਾਰ ਇਸ ਕਾਰੋਬਾਰ ਵਿਚੋਂ ਬਾਹਰ ਹੋ ਗਏ।
ਅਕਾਲੀ ਵਿਧਾਇਕ ਨੇ ਪਰਦਾ ਰੱਖਣ ਵਾਸਤੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਖ-ਵੱਖ ਪਤੇ ਟਿਕਾਣੇ ਦੇ ਕੇ ਅਪਲਾਈ ਕੀਤਾ ਸੀ। ਇਸ ਵਿਧਾਇਕ ਕੋਲ ਲੁਧਿਆਣਾ, ਫਰੀਦਕੋਟ, ਨਵਾਂ ਸ਼ਹਿਰ, ਤਰਨਤਾਰਨ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਜ਼ਿਲ੍ਹਿਆਂ ਦੇ ਠੇਕੇ ਹਨ। ਵਿਧਾਇਕ ਦੇ ਲੜਕੇ ਗੌਰਵ ਮਲਹੋਤਰਾ ਵਾਸੀ ਫਰੀਦਕੋਟ ਦੇ ਨਾਂ ‘ਤੇ ਫਰੀਦਕੋਟ, ਕੋਟਕਪੂਰਾ ਤੇ ਸਾਦਿਕ ਇਲਾਕੇ ਦੇ ਸ਼ਰਾਬ ਦੇ ਠੇਕੇ ਹਨ। ਕਰ ਤੇ ਆਬਕਾਰੀ ਵਿਭਾਗ ਵੱਲੋਂ
ਆਰæਟੀæਆਈ ਤਹਿਤ ਮਿਲੀ ਸੂਚਨਾ ਮੁਤਾਬਕ ਲੁਧਿਆਣਾ ਸ਼ਹਿਰ ਦੇ ਸੱਤ ਜ਼ੋਨਾਂ ਦੇ ਠੇਕੇ ਵੀ ਇਸੇ ਵਿਧਾਇਕ ਕੋਲ ਹਨ।
ਇਸ ਸ਼ਹਿਰ ਵਿਚ ਗੌਰਵ ਮਲਹੋਤਰਾ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਂ ‘ਤੇ ਤਿੰਨ ਜ਼ੋਨਾਂ ਦੇ ਠੇਕੇ ਹਨ ਜਦੋਂਕਿ ਬਠਿੰਡਾ ਜ਼ਿਲ੍ਹੇ ਦੀ ਸੰਗਤ ਮੰਡੀ ਦਾ ਪਤਾ ਦੇ ਕੇ ਇਸ ਜ਼ੋਨ ਦੇ ਠੇਕੇ ਦੀਪ ਮਲਹੋਤਰਾ ਨੇ ਲਏ ਹਨ। ਜ਼ੋਨ ਨੰਬਰ ਪੰਜ ਦੇ ਠੇਕੇ ਓਮ ਸੰਜ਼ ਵਾਸੀ ਸੰਗਤ ਮੰਡੀ ਦੇ ਨਾਂ ਹੇਠ ਲਏ ਗਏ ਹਨ। ਜ਼ੋਨ ਨੰਬਰ ਤਿੰਨ ਦੇ ਠੇਕੇ ਮੈਲਬਰੌਸ ਦੇ ਨਾਂ ਹੇਠ ਲਏ ਹਨ।
ਇਸ ਜ਼ਿਲ੍ਹੇ ਵਿਚ ਇਕ ਕਾਂਗਰਸੀ ਆਗੂ ਦੀ ਕੰਪਨੀ ਢਿੱਲੋਂ ਡਿਸਟਰੀਬਿਊਟਰਜ਼ ਦਾ ਹੱਥ ਵੀ ਉਪਰ ਹੈ। ਨਵਾਂ ਸ਼ਹਿਰ ਵਿਚ ਦੀਪ ਮਲਹੋਤਰਾ ਕੋਲ ਚਾਰ ਸਰਕਲਾਂ ਵਿਚੋਂ ਦੋ ਸਰਕਲਾਂ ਦੇ ਠੇਕੇ ਹਨ ਜੋ ਕਿ ਮੈਸਰਜ਼ ਵਿਜੇਤਾ ਵਾਸੀ ਜੈਪੁਰ ਤੇ ਮੈਲਬਰੌਸ ਕੰਪਨੀ ਫਿਰੋਜ਼ਪੁਰ ਦੇ ਨਾਂ ਹੇਠ ਹਨ। ਕਪੂਰਥਲਾ ਸ਼ਹਿਰ ਦੇ ਠੇਕੇ ਗੌਰਵ ਮਲਹੋਤਰਾ ਦੇ ਨਾਂ ‘ਤੇ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਸੱਤ ਜ਼ੋਨਾਂ ਦੇ ਠੇਕੇ ਦੀਪ ਮਲਹੋਤਰਾ ਕੋਲ ਹਨ। ਛੇਹਰਟਾ ਜ਼ੋਨ ਦੇ ਠੇਕੇ ਗੌਰਵ ਵਾਸੀ ਜੈਪੁਰ ਦੇ ਨਾਂ ‘ਤੇ ਹਨ ਜਦੋਂਕਿ ਬਟਾਲਾ ਰੋਡ ਜ਼ੋਨ ਦੇ ਠੇਕੇ ਗੌਤਮ ਵਾਸੀ ਪਿੰਡ ਸੰਗਤ ਮੰਡੀ ਜ਼ਿਲ੍ਹਾ ਬਠਿੰਡਾ ਦੇ ਨਾਂ ‘ਤੇ ਹਨ। ਮਲਹੋਤਰਾ ਦੀ ਕੰਪਨੀ ਵਿਜੇਤਾ ਤੇ ਓਮ ਸੰਜ਼ ਦੇ ਨਾਂ ‘ਤੇ ਵੀ ਇਥੇ ਠੇਕੇ ਹਨ।
ਜ਼ਿਲ੍ਹਾ ਜਲੰਧਰ ਵਿਚ ਵੀ ਦੀਪ ਮਲਹੋਤਰਾ ਦੇ ਵਿਜੇਤਾ, ਓਅਸਿਸ ਤੇ ਓਮ ਸੰਜ਼ ਦੇ ਨਾਂ ਹੇਠ ਸ਼ਰਾਬ ਦੇ ਠੇਕੇ ਹਨ। ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਸਰਕਲ ਦੇ ਠੇਕੇ ਵੀ ਦੀਪ ਮਲਹੋਤਰਾ ਦੇ ਵਿਜੇਤਾ ਕੰਪਨੀ ਦੇ ਨਾਂ ‘ਤੇ ਹਨ। ਦੀਪ ਮਲਹੋਤਰਾ ਦੀ ਇਕ ਸ਼ਰਾਬ ਫੈਕਟਰੀ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੈ ਤੇ ਦੂਸਰੀ ਸ਼ਰਾਬ ਫੈਕਟਰੀ ਬਠਿੰਡਾ ਦੇ ਪਿੰਡ ਸੰਗਤ ਮੰਡੀ ਵਿਚ ਲਾਈ ਜਾ ਰਹੀ ਹੈ।
ਉਧਰ, ਜ਼ਿਲ੍ਹਾ ਮੋਗਾ ਵਿਚ ਨਿਹਾਲ ਸਿੰਘ ਵਾਲਾ ਸਰਕਲ ਦੇ ਠੇਕਿਆਂ ਵਿਚ ਅਕਾਲੀ ਨੇਤਾ ਨਵਦੀਪ ਸੰਘਾ ਹਿੱਸੇਦਾਰ ਹੈ ਜਿਸ ਨੂੰ ਉਪ ਮੁੱਖ ਮੰਤਰੀ ਨੇ ਅਕਾਲੀ ਦਲ ਵਿਚ ਸ਼ਾਮਲ ਕੀਤਾ ਸੀ। ਫਰੀਦਕੋਟ ਜ਼ਿਲ੍ਹੇ ਦੇ ਤਕਰੀਬਨ ਇਕ ਦਰਜਨ ਪਿੰਡਾਂ ਦੇ ਠੇਕੇ ਭਗਤਾ ਭਾਈ ਦੀ ਮਾਰਕੀਟ ਕਮੇਟੀ ਦੇ ਸਾਬਕਾ ਅਕਾਲੀ ਚੇਅਰਮੈਨ ਗੁਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸਲਾਬਤਪੁਰਾ (ਬਠਿੰਡਾ) ਕੋਲ ਹਨ। ਬਠਿੰਡਾ ਜ਼ਿਲ੍ਹੇ ਦੇ ਸਾਰੇ ਠੇਕੇ ਸੁਪਰੀਮ ਕੰਪਨੀ ਕੋਲ ਹਨ ਜਿਸ ਵਿਚ ਹਿੱਸੇਦਾਰ ਜਸਵਿੰਦਰ ਸਿੰਘ ਤੇ ਰਾਹੁਲ ਕਾਂਸਲ ਹਨ।
ਫਿਰੋਜ਼ਪੁਰ ਜ਼ਿਲ੍ਹੇ ਦੇ ਕਾਫੀ ਠੇਕੇ ਭਾਜਪਾ ਆਗੂਆਂ ਕੋਲ ਹਨ। ਫਤਹਿਗੜ੍ਹ ਸਾਹਿਬ ਦੇ ਸਰਹਿੰਦ ਜ਼ੋਨ ਦੇ ਠੇਕੇ ਵੀ ਇਕ ਭਾਜਪਾ ਨੇਤਾ ਕੋਲ ਹਨ। ਉਪ ਮੁੱਖ ਮੰਤਰੀ ਦੇ ਨੇੜਲੇ ਅਰਵਿੰਦ ਸਿੰਗਲਾ ਵਾਸੀ ਚੰਡੀਗੜ੍ਹ ਕੋਲ ਕਈ ਜ਼ਿਲ੍ਹਿਆਂ ਦਾ ਸ਼ਰਾਬ ਦਾ ਕਾਰੋਬਾਰ ਹੈ। ਇਸ ਵਿਅਕਤੀ ਕੋਲ ਮਾਨਸਾ ਤੇ ਫਤਹਿਗੜ੍ਹ ਸਾਹਿਬ ਦੇ ਵੀ ਠੇਕੇ ਹਨ। ਗਗਨ ਵਾਈਨ ਨਾਂ ਦੀ ਕੰਪਨੀ ਦੇ ਹੱਥ ਵੀ ਕਾਫੀ ਕੁਝ ਠੇਕੇ ਲੱਗੇ ਹਨ। ਸਰਕਾਰੀ ਤਰਕ ਹੈ ਕਿ ਐਤਕੀਂ ਲੋਕਾਂ ਨੇ ਸ਼ਰਾਬ ਦੇ ਠੇਕੇ ਲੈਣ ਤੋਂ ਪਾਸਾ ਵੱਟਿਆ ਹੈ ਜਿਸ ਕਰਕੇ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ।
ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਦਬਾਓ ਹੇਠ ਅਪਲਾਈ ਕਰਨ ਹੀ ਨਹੀਂ ਦਿੱਤਾ ਗਿਆ ਹੈ। ਠੇਕਿਆਂ ਦੇ ਚਾਹਵਾਨ ਤੇ ਠੇਕੇ ਲੈਣ ਦੇ ਚਾਹਵਾਨਾਂ ਦੀ ਗਿਣਤੀ ਘਟਣ ਦੇ ਕਈ ਲੁਕਵੇਂ ਕਾਰਨ ਹਨ। ਇਕ ਨਜ਼ਰ ਮਾਰੀਏ ਤਾਂ ਬਠਿੰਡਾ, ਫਰੀਦਕੋਟ ਤੇ ਮਾਨਸਾ ਜ਼ਿਲ੍ਹੇ ਵਿਚ ਪਿਛਲੇ ਸਾਲ 3297 ਵਿਅਕਤੀ ਠੇਕੇ ਲੈਣ ਦੇ ਚਾਹਵਾਨ ਸਨ ਜਦੋਂਕਿ ਐਤਕੀਂ ਇਹ ਗਿਣਤੀ ਸਿਰਫ਼ 407 ਰਹਿ ਗਈ ਹੈ।

Be the first to comment

Leave a Reply

Your email address will not be published.