ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ

ਡਾæ ਗੁਰਨਾਮ ਕੌਰ ਕੈਨੇਡਾ
‘ਪੰਜਾਬ ਟਾਈਮਜ਼’ ਦੇ 7 ਸਤੰਬਰ ਦੇ ਅੰਕ ਵਿਚ ਮਝੈਲ ਸਿੰਘ ਸਰਾਂ ਦਾ ਲੇਖ ‘ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਅਤੇ ਸਿੱਖ ਏਕੇ ‘ਤੇ ਹਮਲਾ’ ਛਪਿਆ ਸੀ ਅਤੇ ਉਸ ਦੇ ਪ੍ਰਤੀਕਰਮ ਵਜੋਂ ਇੰਦਰ ਸਿੰਘ ਕੈਲੀਫੋਰਨੀਆ ਦੀ ਚਿੱਠੀ 14 ਸਤੰਬਰ ਦੇ ਅੰਕ ਵਿਚ ਛਪੀ ਹੈ।ਜੇ ‘ਅੰਮ੍ਰਿਤ’ ਦੀਆਂ ਬਾਣੀਆਂ ਨੂੰ ਨਕਾਰਨਾ ਸਿੱਖ ਧਰਮ ਵਿਚ ਭੁਲੇਖੇ ਪੈਦਾ ਕਰਨ ਵਰਗਾ ਤੱਥ ਹੈ ਤਾਂ ‘ਦਸਮ ਗ੍ਰੰਥ’ ਵਿਚ ਸ਼ਾਮਲ ਤਮਾਮ ਰਚਨਾਵਾਂ ਨੂੰ ‘ਬਾਣੀ’ ਕਹਿਣਾ ਅਤੇ ‘ਚਰਿਤ੍ਰੋਪਾਖਿਆਨ’, ‘ਚੌਬੀਸ ਅਵਤਾਰ’, ‘ਕ੍ਰਿਸ਼ਨ ਅਵਤਾਰ’ ਅਤੇ ਅਜਿਹੀਆਂ ਦੂਸਰੀਆਂ ਰਚਨਾਵਾਂ ਨੂੰ ਦਸਮ ਪਾਤਿਸ਼ਾਹ ਹਜ਼ੂਰ ਦੇ ਨਾਮ ਨਾਲ ਮੜ੍ਹਨਾ ਉਸ ਤੋਂ ਵੀ ਵੱਡੀ ਗਲਤੀ ਹੈ। ਇਥੇ ਇਨ੍ਹਾਂ ਨੁਕਤਿਆਂ ਨੂੰ ਦੁਬਾਰਾ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਰਚਨਾਵਾਂ ਸਿੱਖੀ ਸਿਧਾਂਤਾਂ ਦੇ ਅਨੁਕੂਲ ਕਿਉਂ ਨਹੀਂ ਹਨ ਅਤੇ ਇਨ੍ਹਾਂ ਰਚਨਾਵਾਂ ਦੇ ਕਰਤਿਆਂ ‘ਰਾਮ’ ਅਤੇ ‘ਸ਼ਾਮ’ ਕਵੀਆਂ ਦੇ ਨਾਮ ਸਪੱਸ਼ਟ ਦਿੱਤੇ ਹੋਏ ਹਨ। ਪੰਜਾਬ ਟਾਈਮਜ਼ ਵਿਚ ਇਸ ਵਿਸ਼ੇ ‘ਤੇ ਪਹਿਲਾਂ ਹੀ ਲੇਖ ਛਪ ਚੁੱਕੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਵਤਾਰਵਾਦ ਨੂੰ ਨਕਾਰਿਆ ਗਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਸਤਰੀ ਨੂੰ ਬਹੁਤ ਹੀ ਸਤਿਕਾਰਯੋਗ ਅਤੇ ਪੁਰਸ਼ ਦੇ ਬਰਾਬਰ ਦਾ ਸਥਾਨ ਦਿੱਤਾ ਗਿਆ ਹੈ।
ਦਸਮ ਪਾਤਿਸ਼ਾਹ ਹਜ਼ੂਰ ਨੇ ਖ਼ਾਲਸਾ ਹੋਣ ਦਾ ਅਧਿਕਾਰ ਸਿਰਫ਼ ਪੁਰਸ਼ ਨੂੰ ਹੀ ਨਹੀਂ ਦਿੱਤਾ, ਇਸਤਰੀ ਨੂੰ ਵੀ ਉਹੀ ਅਧਿਕਾਰ ਦਿੱਤਾ ਗਿਆ ਹੈ। ਇਸ ਲਈ ਰਹਿਤ ਮਰਿਆਦਾ ਦੋਵਾਂ ਲਈ ਬਰਾਬਰ ਹੈ। ‘ਚਰਿਤ੍ਰੋਪਾਖਿਆਨ’ ਵਰਗੀਆਂ ਬੇਹੂਦਾ ਕਹਾਣੀਆਂ ਕਿਸੇ ਕੋਕ-ਸ਼ਾਸਤਰੀ ਦੀ ਰਚਨਾ ਹੋ ਸਕਦੀਆਂ ਹਨ, ਜਗਤ-ਗੁਰੂ ਦੀਆਂ ਨਹੀਂ। ਇਹ ਗੱਲ ਮਨ ਵਿਚੋਂ ਉਕਾ ਹੀ ਕੱਢ ਦੇਣੀ ਚਾਹੀਦੀ ਹੈ ਕਿ ‘ਚਰਿਤ੍ਰੋਪਾਖਿਆਨ’ ਦੇ ਖਿਲਾਫ਼ ਬੋਲਣ ਵਾਲਿਆਂ ਨੇ ਉਸ ਰਚਨਾ ਨੂੰ ਪੜ੍ਹਿਆ ਹੀ ਨਹੀਂ ਹੈ? ਕਿਸੇ ਰਚਨਾ ਨੂੰ ਪੜ੍ਹਨ ਤੋਂ ਬਿਨਾਂ ਕਿਵੇਂ ਜਾਣਿਆ ਜਾ ਸਕਦਾ ਹੈ ਕਿ ਉਸ ਵਿਚ ਕੀ ਹੈ? ਜਦੋਂ ਕੋਈ ਦਲੀਲ ਨਾ ਸੁਝੇ ਉਦੋਂ ਹੀ ਕਹਿ ਦਿੱਤਾ ਜਾਂਦਾ ਹੈ ਕਿ ਦਸਮ ਗ੍ਰੰਥ ਨੂੰ ਪੜ੍ਹਿਆ ਹੀ ਨਹੀਂ ਗਿਆ। ਇਹ ਭੁਲੇਖਾ ਮਨ ਵਿਚੋਂ ਦੂਰ ਕਰ ਦੇਣਾ ਚਾਹੀਦਾ ਹੈ। ਦੂਸਰੀ ਜ਼ਰੂਰੀ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਇਹ ਹੈ ਕਿ ਸਿੱਖ ਧਰਮ ਸੰਗਤੀ ਧਰਮ ਹੈ। ਇਸ ਵਿਚ ਬਾਣੀ ਨੂੰ ਗਾਉਣ ਅਤੇ ਸੁਣਨ ਦਾ ਆਦੇਸ਼ ਗੁਰੂ ਸਾਹਿਬਾਨ ਨੇ ਖੁਦ ਕੀਤਾ ਹੈ। ਜੋ ਕੁੱਝ ਸੰਗਤਿ ਵਿਚ ਗਾਇਆ ਤੇ ਉਚਾਰਿਆ ਨਹੀਂ ਜਾ ਸਕਦਾ ਉਹ ਗੁਰੂ ਸਾਹਿਬਾਨ ਵੱਲੋਂ ਦਿੱਤਾ ਹੋਇਆ ਮਾਡਲ ਨਹੀਂ ਹੋ ਸਕਦਾ। ਤੀਸਰੀ ਗੱਲ ਦਸਮ ਗ੍ਰੰਥ ‘ਤੇ ਨਿਠ ਕੇ ਖੋਜ ਕਰਨ ਵਾਲਿਆਂ ਨੇ ਇਹ ਸਾਹਮਣੇ ਲੈ ਆਂਦਾ ਹੈ ਕਿ ਸਭ ਤੋਂ ਪੁਰਾਣਾ ਸੰਕਲਨ ਭਾਈ ਮਨੀ ਸਿੰਘ ਵਾਲੀ ਬੀੜ ਨੂੰ ਮੰਨਿਆ ਜਾਂਦਾ ਹੈ ਅਤੇ ਇਸ ਦਾ ਸੰਕਲਨ ਦਸਮ ਪਾਤਿਸ਼ਾਹ ਦੇ ਜੋਤੀ ਜੋਤਿ ਸਮਾਉਣ ਤੋਂ ਤਕਰੀਬਨ ਤੀਹ ਸਾਲ ਬਾਅਦ ਦਾ ਮੰਨਿਆ ਗਿਆ ਹੈ। ਇਸ ਲਈ ਦਸਮ ਪਾਤਿਸ਼ਾਹ ਨੇ ਇਸ ‘ਤੇ ਕੋਈ ‘ਮੁੰਦਾਵਣੀ’ ਨਹੀਂ ਲਿਖੀ। ਜੇ ਗ੍ਰੰਥ ਉਨ੍ਹਾਂ ਨੇ ਤਿਆਰ ਕੀਤਾ ਹੁੰਦਾ ਤਾਂ ਕੋਈ ਮੋਹਰ-ਛਾਪ ਜ਼ਰੂਰ ਹੋਣੀ ਸੀ।
ਖ਼ੈਰ! ਇਹ ਸਭ ਨੁਕਤੇ ਕਈ ਵਾਰ ਉਠ ਚੁੱਕੇ ਹਨ। ਇਥੇ ਮੈਂ ਡਾæ ਅਵਤਾਰ ਸਿੰਘ ਦੀ ਪੁਸਤਕ ‘ਐਥਿਕਸ ਆਫ ਦਾ ਸਿਖਸ’ ਦੀ ‘ਇੰਟਰੋਡਕਸ਼ਨ’ ਵਿਚੋਂ ਕੁੱਝ ਨੁਕਤੇ ਸਾਂਝੇ ਕਰਨਾ ਚਾਹਾਂਗੀ, ਜਿਸ ਵਿਚ ਸਿੱਖ ਧਰਮ ਨਾਲ ਸਬੰਧਤ ਬਾਕੀ ਸਾਹਿਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੈਮਾਨਾ ਬਣਾ ਕੇ ਮੁਲਾਂਕਣ ਦੀ ਗੱਲ ਕੀਤੀ ਗਈ ਹੈ। ਇਸ ਤੱਥ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਸਿੱਖ ਸਿਧਾਂਤਾਂ ਨੂੰ ਢਾਹ ਲਾਉਣ ਅਤੇ ਮਿਲਾਵਟ ਕਰਨ ਦੀ ਕੋਸ਼ਿਸ਼ ਇਸ ਦੇ ਪ੍ਰਕਾਸ਼ਨ ਵੇਲੇ ਤੋਂ ਹੀ ਗੁਰੂ ਘਰ ਵਿਚ ਪੈਦਾ ਹੋਏ ਸ਼ਖਸੀਅਤਾਂ ਰਾਹੀਂ ਹੀ ‘ਬਿਪਰਨ’ ਵਜੋਂ ਸ਼ੁਰੂ ਹੋ ਚੁੱਕੀ ਸੀ ਜਿਸ ਦੀ ਪਹਿਲੀ ਮਿਸਾਲ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਉਲਟ ਬਾਬਾ ਸ੍ਰੀ ਚੰਦ ਵੱਲੋਂ ਸੰਨਿਆਸ ਧਾਰਨ ਕਰਨਾ ਹੈ। ਇਸੇ ਕੋਸ਼ਿਸ਼ ਨੂੰ ਅੱਗੇ ਧੀਰ ਮੱਲੀਏ, ਪ੍ਰਿਥੀਚੰਦੀਏ ਅਤੇ ਰਾਮਰਾਇ ਵਰਗਿਆਂ ਨੇ ਅੱਗੇ ਤੋਰਿਆ। ਬਾਹਰੋਂ ਢਾਹ ਲਾਉਣੀ ਮੁਸ਼ਕਿਲ ਹੁੰਦੀ ਹੈ ਪਰ ਅੰਦਰਲੇ ਪਰਿਵਾਰਕ ਬੰਦਿਆਂ ਰਾਹੀਂ ਸੌਖੀ। ਵਰਤਮਾਨ ਸਮੇਂ ਵਿਚ ਇਹ ਕੰਮ ਸਿੱਖੀ ਦੇ ਨਾਮ ‘ਤੇ ਚੱਲ ਰਹੇ ਡੇਰਿਆਂ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸ਼ਾਖਾ ‘ਰਾਸ਼ਟਰੀ ਸਿੱਖ ਸੰਗਤਿ’ ਰਾਹੀਂ ਬਹੁਤ ਆਸਾਨ ਹੋ ਗਿਆ ਹੈ।
ਸਿੱਖ ਨੈਤਿਕਤਾ ਦੀ ਪਰਿਭਾਸ਼ਾ ਅਤੇ ਕਾਰਜ ਖੇਤਰ ਬਾਰੇ ਲਿਖਦਿਆਂ ਡਾæ ਅਵਤਾਰ ਸਿੰਘ ਨੇ ਕਿਹਾ ਹੈ ਕਿ ਸਿੱਖ ਨੈਤਿਕਤਾ ਨੂੰ ਸਮਝਦਿਆਂ ਮੰਨਿਆ ਜਾ ਸਕਦਾ ਹੈ ਕਿ ਇਸ ਵਿਚ ਅਛਾਈ ਅਤੇ ਬੁਰਾਈ, ਠੀਕ ਅਤੇ ਗਲਤ ਦਾ ਸਿਧਾਂਤ ਦਿੱਤਾ ਗਿਆ ਹੈ ਜੋ ਕਿ ਸਿੱਖ ਗੁਰੂਆਂ (ਸਿੱਖ ਧਰਮ ਦੇ ਬਾਨੀਆਂ) ਦੀਆਂ ਸਿੱਖਿਆਵਾਂ ਵਿਚ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਗੇ ਤੱਕ, ਮਿਲਦਾ ਹੈ ਅਤੇ ਜੋ ਹੁਣ ‘ਆਦਿ ਗ੍ਰੰਥ’ ਵਿਚ ਸੰਚਿਤ ਹੈ। ਕੁੱਝ ਵੀ ਹੋਵੇ, ਪਰ ਇਸ ਪਰਿਭਾਸ਼ਾ ਵਿਚ ‘ਰਹਿਤਨਾਮਿਆਂ’ ਅਤੇ ‘ਸਿੱਖ ਰਹਿਤ ਮਰਿਆਦਾ’ (ਜੀਵਨ ਨਿਯਮਾਂ) ਨੂੰ ਵੀ ਸ਼ਾਮਲ ਕਰਨ ਦੀ ਜ਼ਰੂਰਤ ਹੈ ਜੋ ਕਿ ਸਿੱਖ ਵਿਹਾਰ ‘ਤੇ ਬਹੁਤ ਜ਼ਿਆਦਾ ਅਸਰ-ਅੰਦਾਜ਼ ਰਹੇ ਹਨ। ਇਹ ਆਮ ਮੰਨਿਆ ਜਾਂਦਾ ਹੈ ਕਿ ਰਹਿਤਨਾਮਿਆਂ ਜਾਂ ਰਹਿਤ-ਮਰਿਆਦਾ ਦੀਆਂ ਕੋਈ ਸਿੱਖਿਆਵਾਂ ਜੇ ‘ਆਦਿ ਗ੍ਰੰਥ’ ਦੇ ਟਕਰਾਉ ਵਿਚ ਹਨ ਜਾਂ ਮੇਲ ਨਹੀਂ ਖਾਂਦੀਆਂ ਤਾਂ ‘ਆਦਿ ਗ੍ਰੰਥ’ ਦੀਆਂ ਸਿੱਖਿਆਵਾਂ ਨੂੰ ਹੀ ਅੰਤਿਮ ਪ੍ਰਮਾਣ ਮੰਨਿਆ ਜਾਵੇਗਾ (ਕਹਿਣ ਤੋਂ ਭਾਵ ਹੈ ਕਿ ਅੰਤਮ ਫ਼ੈਸਲੇ ਦਾ ਹੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ)। ਇਨ੍ਹਾਂ ਰਹਿਤਨਾਮਿਆਂ ਵਿਚ ਡੂੰਘੀ ਨੈਤਿਕ ਸਮੱਗਰੀ ਦੇ ਨਾਲ ਨਾਲ ਪ੍ਰਬੰਧਕੀ ਫਰਜ਼ ਅਤੇ ਆਦੇਸ਼ ਦਿੱਤੇ ਹੋਏ ਹਨ। ਪ੍ਰਬੰਧਕੀ ਆਦੇਸ਼ ‘ਆਦਿ ਗ੍ਰੰਥ’ ਦਾ ਹਿੱਸਾ ਨਹੀਂ ਹਨ ਪਰ ਇਹ ਦਸਮ ਗੁਰੂ ਦੇ ਸਮੇਂ ਅਤੇ ਉਨ੍ਹਾਂ ਵੱਲੋਂ ਸਿੱਖ ਧਰਮ ਨੂੰ ਹੁਣ ਵਾਲਾ ਆਖ਼ਰੀ ਸੰਸਥਾਗਤ ਰੂਪ ਦੇਣ ਤੋਂ ਬਾਅਦ ਦੇ ਸਮੇਂ ਦਾ ਵਿਕਾਸ ਹਨ। ਇਨ੍ਹਾਂ ਰਹਿਤਨਾਮਿਆਂ ਵਿਚ ਆਦਿ ਗ੍ਰੰਥ ਦੀਆਂ ਸਿੱਖਿਆਵਾਂ ਨੂੰ ਮੰਨਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਲਈ, ਸਿੱਖ ਨੈਤਿਕਤਾ ਨੂੰ, ਵਿਸਤ੍ਰਿਤ ਸ਼ਬਦਾਂ ਵਿਚ ਮਨੁੱਖੀ ਵਿਹਾਰ ਦੇ ਉਸ ਮੁੱਲ ਵਿਧਾਨ ਵਜੋਂ ਪਰਿਭਾਸ਼ਤ ਕੀਤਾ ਜਾ ਸਕਦਾ ਹੈ ਜੋ ਵਿਧਾਨ ‘ਆਦਿ ਗ੍ਰੰਥ’ ਵਿਚ ਅਤੇ ਉਨ੍ਹਾਂ ਰਹਿਤਨਾਮਿਆਂ ਵਿਚ ਪ੍ਰਾਪਤ ਹਨ ਜੋ ‘ਆਦਿ ਗ੍ਰੰਥ’ ਦੀ ਵਿਚਾਰਧਾਰਾ ਦੇ ਵਿਰੋਧ ਵਿਚ ਨਹੀਂ ਹਨ।
ਆਪਣੇ ਕੰਮ ਬਾਰੇ ਲਿਖਦਿਆਂ ਡਾæ ਅਵਤਾਰ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਹਥਲੇ ਕੰਮ ਨੂੰ ਉਪਰ ਦਿੱਤੇ ਸੰਦਰਭ ਵਿਚ ਹੀ ਸਿੱਖ ਧਰਮ ਵਿਚ ਪ੍ਰਮਾਣਕ ਨੈਤਿਕ ਚਿੰਤਨ ਦੇ ਨਿਯਮਿਤ ਅਧਿਐਨ ਵਜੋਂ ਦੇਖਿਆ ਜਾਵੇ। ਇਸ ਲਈ ਇਹ ਸਿੱਖਾਂ ਰਾਹੀਂ ਪਾਲੇ ਜਾਂਦੇ ਨੈਤਿਕ ਨਿਯਮਾਂ ਦਾ ਅਧਿਐਨ ਨਹੀਂ ਹੈ ਸਗੋਂ ਉਨ੍ਹਾਂ ਨੈਤਿਕ ਨਿਯਮਾਂ ਦਾ ਅਧਿਐਨ ਹੈ ਜੋ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਹੋਣੇ ਚਾਹੀਦੇ ਹਨ (ਨੈਤਿਕ ਸ਼ਾਸਤਰ ਦਾ ਅਰਥ ਹੀ ‘ਜੋ ਹੋਣਾ ਚਾਹੀਦਾ ਹੈ’ ਹੁੰਦਾ ਹੈ)। ਇਸ ਅਧਿਐਨ ਦੀ ਜ਼ਰੂਰਤ ਦੀ ਗੱਲ ਦੇ ਨੁਕਤਿਆਂ ਵਿਚੋਂ ਇਥੇ ਸਿਰਫ਼ ਦੋ ਦੀ ਗੱਲਾਂ ਕਰਨੀਆਂ ਜ਼ਰੂਰੀ ਹਨ ਕਿਉਂਕਿ ਉਨ੍ਹਾਂ ਦਾ ਸਬੰਧ ਵੀ ਸਿੱਖ ਧਰਮ ਦੇ ਸਹੀ ਸੰਦਰਭ ਨੂੰ ਨਾ ਸਮਝਣ ਨਾਲ ਹੈ। ਇਨ੍ਹਾਂ ਵਿਚੋਂ ਇੱਕ ਕਾਰਨ ਹੈ ਅਰਨੈਸਟ ਟਰੰਪ ਦਾ ਲੁਕਵਾਂ ਵਿਅੰਗ, ਜੋ ਉਸ ਨੇ ‘ਆਦਿ ਗ੍ਰੰਥ’ ਦੇ ਅੰਗਰੇਜ਼ੀ ਅਨੁਵਾਦ ਦੀ ਜਾਣ ਪਛਾਣ (ਭੂਮਿਕਾ) ਵਿਚ ਕੀਤਾ ਹੈ। ਉਸ ਨੇ ‘ਨੈਤਿਕ ਪ੍ਰਬੰਧ’ ਦੀ ਕਮੀ ਵੱਲ ਸੰਕੇਤ ਕੀਤਾ ਹੈ ਜੋ ਸਿੱਖਾਂ ਦੀ ਅਗਵਾਈ ਕਰ ਸਕਦਾ ਹੈ। ਉਸ ਨੇ ਲਿਖਿਆ ਹੈ ਕਿ ਉਹ (ਸਿੱਖ) ਪੁਰਾਣੇ ਕਮਜ਼ੋਰ ਪ੍ਰਬੰਧ ਨੂੰ ਸਹਿਜ ਨਾਲ ਹੀ ਤਬਾਹ ਕਰ ਸਕਦੇ ਸਨ ਪਰ ਉਹ ਉਸ ਦੇ ਪੁਰਾਣੇ ਮਲਬੇ ‘ਤੇ ਨਵਾਂ ਮਜ਼ਬੂਤ ਢਾਂਚਾ ਉਸਾਰਨ ਦੇ ਯੋਗ ਨਹੀਂ ਸਨ ਕਿਉਂਕਿ ਉਨ੍ਹਾਂ ਵਿਚ ਲੋੜੀਂਦੀ ਨੈਤਿਕ ਅਤੇ ਬੌਧਿਕ ਯੋਗਤਾ ਨਹੀਂ ਸੀ। ਇਸ ਲਈ ਹਥਲਾ ਖੋਜ ਕਾਰਜ ਇਹ ਲੱਭਣ ਦੀ ਕੋਸ਼ਿਸ਼ ਹੈ ਕਿ ਕੀ ਸਿੱਖਾਂ ਵਿਚ ਉਨ੍ਹਾਂ ਨੂੰ ਸਹਾਰਾ ਦੇਣ ਲਈ ਨੈਤਿਕ ਪ੍ਰਬੰਧ ਦੀ ਘਾਟ ਹੈ ਜਾਂ ਨਹੀਂ। ਜੇ ਇਹ ਖੋਜ ਕਾਰਜ ਨੈਤਿਕ ਪ੍ਰਬੰਧ ਨੂੰ ਲੱਭਣ ਵਿਚ ਸਫਲ ਹੋ ਜਾਂਦਾ ਹੈ ਤਾਂ ਅਰਨੈਸਟ ਟਰੰਪ ਦੇ ਦੋਸ਼ ਲਾਉਣ ਨੂੰ ਉਸ ਦੀ ਕਿਸੇ ਖਾਸ ਇਤਿਹਾਸਕ ਸਮੇਂ ਵਿਚ ਕੁੱਝ ਸਿੱਖਾਂ ਬਾਰੇ ਦਿੱਤੀ ਨਿਜੀ ਰਾਏ ਮੰਨ ਲਿਆ ਜਾਵੇਗਾ।
ਮੈਕਸ ਆਰਥਰ ਮੈਕਾਲਫ ਨੇ ਸਿੱਖ ਧਰਮ ਦੇ ਅਧਿਐਨ ਦਾ ਕਾਰਜ ਆਪਣੇ ਹੱਥ ਵਿਚ ਲਿਆ, ਸਿੱਖ ਨੈਤਿਕਤਾ ਬਾਰੇ ਬਹੁਤ ਉਦਾਰ ਦਾਅਵਾ ਕੀਤਾ, ਜਿਸ ਨੇ ਅਰਨੈਸਟ ਟਰੰਪ ਦੇ ਦਾਅਵੇ ਨੂੰ ਰੱਦਣ ਤੋਂ ਵੀ ਵੱਧ ਕੰਮ ਕੀਤਾ। ਪਰ ਮੈਕਾਲਫ ਵੀ ਸਿੱਖ ਧਰਮ ਦੇ ਅਧਿਐਨ ਵਿਚ ਏਨਾ ਰੁੱਝਿਆ ਹੋਇਆ ਸੀ ਕਿ ਉਹ ਸਿੱਖ ਨੈਤਿਕਤਾ ਦਾ ਨਿਯਮਿਤ ਪ੍ਰਸਤੁਤੀਕਰਨ ਨਹੀਂ ਕਰ ਸਕਿਆ।
ਦੁਬਾਰਾ ਫਿਰ ਬਹੁਤ ਨੇੜੇ ਦੇ ਸਮੇਂ ਵਿਚ ਜਾਹਨ ਕਲਾਰਕ ਆਰਚਰ, ਜਿਸ ਨੇ ਆਮ ਤੌਰ ‘ਤੇ ਸਿੱਖ ਧਰਮ ਦਾ ਆਪਣਾ ਅਧਿਐਨ ਠੀਕ ਅਤੇ ਨਿਰਪੱਖ ਕੀਤਾ ਹੈ, ਨੇ ਵੀ ਇਸੇ ਕਿਸਮ ਦਾ ਸੰਕੇਤ ਕੀਤਾ ਹੈ ਕਿ ਨਾਨਕ ਨੇ ਆਪ ਮਨੁੱਖੀ ਵਿਹਾਰ ‘ਤੇ ਬਹੁਤ ਘੱਟ ਜ਼ੋਰ ਦਿੱਤਾ ਹੈ ਅਤੇ ਸਿੱਖਾਂ ਨੇ ਹਾਲੇ ਆਪਣੀ ਸੱਚੀ ਅਗਵਾਈ ਵਾਸਤੇ ਰਹਿਤ ਬਣਾਉਣੀ ਹੈ। ਆਰਚਰ ਦੀ ਗੁਰੂ ਨਾਨਕ ਬਾਰੇ ਇਸ ਟਿੱਪਣੀ ਨੂੰ ਗੰਭੀਰਤਾ ਨਾਲ ਇਨਕਾਰ ਕਰਨਾ ਨਹੀਂ ਮੰਨਣਾ ਚਾਹੀਦਾ ਕਿ ਉਨ੍ਹਾਂ ਨੇ ਨੈਤਿਕ ਵਿਹਾਰ ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਕਿਉਂਕਿ ਉਹ ਅਜਿਹੇ ਪ੍ਰਗਟਾਵਿਆਂ ਤੋਂ ਜ਼ਰੂਰ ਵਾਕਫ ਹੋਵੇਗਾ, “ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥” (ਪੰਨਾ 141) ਮੁਸਲਮਾਨ ਨੂੰ ਗੁਰੂ ਨਾਨਕ ਵਾਰ ਵਾਰ ਚੇਤਾ ਕਰਾਉਂਦੇ ਹਨ ਕਿ ਸੱਚਾ, ਈਮਾਨਦਾਰ ਜੀਵਨ, ਦੂਸਰਿਆਂ ਦਾ ਭਲਾ ਕਰਨਾ ਅਸਲੀ ਨਮਾਜ ਹੈ, ਇਸ ਤੋਂ ਬਿਨਾਂ ਹੋਰ ਸਭ ਨਮਾਜਾਂ ਝੂਠੀਆਂ ਹਨ,
ਮਿਹਰ ਮਸੀਤਿ ਸਿਦਕੁ ਮੁਸਲਾ
ਹਕ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ
ਹੋਹੁ ਮੁਸਲਮਾਣੁ॥
ਕਰਣੀ ਕਾਬਾ ਸਚੁ ਪੀਰ
ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ
ਨਾਨਕ ਰਖੈ ਲਾਜ॥1॥ (ਪੰਨਾ 141)
ਗੁਰੂ ਨਾਨਕ ਸਾਹਿਬ ਦੇ ਇੱਕ ਹੋਰ ਐਲਾਨਨਾਮੇ ਦਾ ਵਿਸ਼ਾ ਦੂਸਰੇ ਪ੍ਰਾਣੀਆਂ ਨਾਲ ਪ੍ਰੇਮ ਅਤੇ ਦਇਆ ਦੀ ਜ਼ਰੂਰਤ ਬਾਰੇ ਹੈ। ਇੱਕ ਹੋਰ ਉਪਦੇਸ਼ ਵਿਚ ਉਹ ਇਸਲਾਮ ਦੇ ਪੈਰੋਕਾਰਾਂ ਨੂੰ ਧਾਰਮਿਕ ਰਸਮਾਂ ਦੀ ਥਾਂ ਨੈਤਿਕ ਕੀਮਤਾਂ ਅਤੇ ਗੁਣਾਂ ਨੂੰ ਅਪਨਾਉਣ ਲਈ ਕਹਿੰਦੇ ਹਨ। ਜਿਵੇਂ ਉਪਰਲੀਆਂ ਤੁਕਾਂ ਵਿਚ ਦੱਸਿਆ ਹੈ-ਦਇਆ, ਸਿਦਕ, ਹੱਕ ਦੀ ਕਮਾਈ, ਹਲੀਮੀ, ਚੰਗਾ ਵਰਤਾਅ, ਪਵਿੱਤਰ ਕਰਮ ਅਤੇ ਨੈਤਿਕ ਕਾਰਜ ਕਰਨ ਦਾ ਉਪਦੇਸ਼ ਕੀਤਾ ਹੈ, ਇਸੇ ਤਰ੍ਹਾ ਹਿੰਦੂ ਨੂੰ ਗ੍ਰਹਿਸਥ ਜੀਵਨ ਅਪਨਾਉਣ,  ਦੂਸਰਿਆਂ ਦੀ ਚੀਜ਼ ਲੈਣ ਤੋਂ ਗੁਰੇਜ਼ ਕਰਨ ਅਤੇ ਸ਼ੁਧੀ ਵਿਚ ਰੁੱਝੇ ਰਹਿਣ ਨਾਲੋਂ ਮਨ ਵਿਚੋਂ ਬੁਰਾਈ ਨੂੰ ਕੱਢਣ ਦਾ ਉਪਦੇਸ਼ ਕੀਤਾ ਹੈ,
ਇਕ ਕੰਦ ਮੂਲੁ ਚੁਣਿ ਖਾਹਿ
ਵਣ ਖੰਡਿ ਵਾਸਾ॥
ਇਕਿ ਭਗਵਾ ਵੇਸੁ ਕਰਿ ਫਿਰਹਿ
ਜੋਗੀ ਸੰਨਿਆਸਾ॥
ਜਮਕਾਲੁ ਸਿਰਹੁ ਨ ਉਤਰੈ
ਤ੍ਰਿਬਿਧਿ ਮਨਸਾ॥
ਗੁਰਮਤੀ ਕਾਲੁ ਨ ਆਵੈ ਨੇੜੈ
ਜਾ ਹੋਵੈ ਦਾਸਨਿਦਾਸਾ॥
ਸਚਾ ਸਬਦੁ ਸਚੁ ਮਨਿ
ਘਰ ਹੀ ਮਾਹਿ ਉਦਾਸਾ॥
ਨਾਨਕ ਸਤਿਗੁਰੁ ਸੇਵਨਿ ਆਪਣਾ
ਸੋ ਆਸਾ ਤੇ ਨਿਰਾਸਾ॥5॥ (ਪੰਨਾ 140)
ਗੁਰੂ ਨਾਨਕ ਸਾਹਿਬ ਨੇ ਹਿੰਦੂਆਂ ਦੀਆਂ ਧਾਰਮਿਕ ਰੀਤਾਂ ਜਿਵੇਂ ਜਨੇਊ ਆਦਿ ਪਹਿਨਣ ਨੂੰ ਨੈਤਿਕ ਵਿਹਾਰ ਅਤੇ ਗੁਣਾਂ ਜਿਵੇਂ ਦਇਆ, ਸੰਤੋਖ ਅਤੇ ਸੱਚ ਵਿਚ ਵਟਾਉਣ ਲਈ ਕਿਹਾ ਹੈ। ਇਨ੍ਹਾਂ ਪ੍ਰਤੱਖ ਪ੍ਰਮਾਣਾਂ ਦੀ ਰੋਸ਼ਨੀ ਵਿਚ ਕਿਹਾ ਜਾ ਸਕਦਾ ਹੈ ਕਿ ਜਾਹਨ ਕਲਾਰਕ ਆਰਚਰ ਨੇ ਗੁਰੂ ਨਾਨਕ ਸਾਹਿਬ ਵੱਲੋਂ ਨੈਤਿਕ ਅਮਲ ਜਾਂ ਵਿਹਾਰ ਉਤੇ ਜ਼ੋਰ ਨਾ ਦੇਣ ਬਾਰੇ ਜੋ ਕਿਹਾ ਹੈ, ਉਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਉਹ ਕੁੱਝ ਸਮੇਂ ਲਈ ਭਾਰਤ ਵਿਚ ਸੀ ਅਤੇ ਵੱਖ ਵੱਖ ਸਿੱਖ ਵਿਦਵਾਨਾਂ ਨਾਲ ਉਸ ਦੇ ਸਿੱਧੇ ਰਾਬਤੇ ਵਿਚ ਉਹ ਇਨ੍ਹਾਂ ਤੱਥਾਂ ਤੋਂ ਅਣਜਾਣ ਨਹੀਂ ਰਿਹਾ ਹੋਵੇਗਾ। ਫਿਰ ਹੋ ਸਕਦਾ ਹੈ ਕਿ ਉਸ ਨੇ ਸਿੱਖ ਵਿਦਵਾਨਾਂ ਵੱਲੋਂ ਗੁਰੂ ਸਾਹਿਬਾਨ ਵੱਲੋਂ ਸਿੱਖ ਧਰਮ ਵਿਚ ਦਿੱਤੇ ਨੈਤਿਕ ਸਿਧਾਂਤਾਂ ਦਾ ਨਿਯਮਤ ਰੂਪ ਵਿਚ ਅਧਿਐਨ ਨਾ ਕਰਨ ਵੱਲ ਸੰਕੇਤ ਕੀਤਾ ਹੋਵੇ।
ਸਿੱਖ ਨੈਤਿਕਤਾ ਦੇ ਸੋਮਿਆਂ ਅਤੇ ਸਾਹਿਤ ਦੀ ਗੱਲ ਕਰਦਿਆਂ ਡਾæ ਅਵਤਾਰ ਸਿੰਘ ਨੇ ‘ਆਦਿ ਗ੍ਰੰਥ’ ਨੂੰ ਸਿੱਖ ਨੈਤਿਕਤਾ ਦਾ ਮੁਢਲਾ ਅਤੇ ਕੇਂਦਰੀ ਸਰੋਤ ਮੰਨਿਆ ਹੈ ਜੋ ਗੁਰੂ ਸਾਹਿਬਾਨ ਵੱਲੋਂ ਦਿੱਤੇ ਨੈਤਿਕ ਸਿਧਾਂਤਾਂ ਵੱਡਾ ਭੰਡਾਰ ਹੈ। ਅਵਤਾਰ ਸਿੰਘ ਅਨੁਸਾਰ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਨੈਤਿਕ ਸਿੱਖਿਆਵਾਂ ਵਿਆਪਕ ਨੈਤਿਕਤਾ ਵੱਲ ਸੰਕੇਤ ਕਰਦੀਆਂ ਹਨ। ਮੋਟੇ ਤੌਰ ‘ਤੇ ਗੁਰੂ ਸਾਹਿਬਾਨ ਵੱਲੋਂ ਦਿੱਤੇ ਅਧਿਆਤਮਕ ਅਤੇ ਨੈਤਿਕ ਸਿਧਾਂਤਾਂ ਨੂੰ ਤਿੰਨ ਮੁਖ ਸਿਰਲੇਖਾਂ ਹੇਠ ਵਿਚਾਰਿਆ ਜਾ ਸਕਦਾ ਹੈ-ਪਹਿਲਾ, ਮਨੁੱਖ ਦੇ ਸੁਧਾਰ ਦੀ ਜ਼ਰੂਰਤ, ਦੂਸਰਾ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਦਾ ਸੁਭਾ, ਕਿਵੇਂ ਦਾ ਇਹ ਹੋਣਾ ਚਾਹੀਦਾ ਹੈ, ਤੀਸਰਾ ਮਨੁੱਖ ਦਾ ਪਰਮਸਤਿ ਨਾਲ ਮਿਲਾਪ, ਜਿਸ ਨੂੰ ਕਿਹਾ ਗਿਆ ਹੈ ਕਿ ਉਹ ਸਾਥੋਂ ਦੂਰ ਨਹੀਂ ਹੈ। ਇਸ ਮਿਲਾਪ ਨੂੰ ਸੰਜੋਗ ਕਿਹਾ ਗਿਆ ਹੈ, ਜੋ ਕਿ ਸਭ ਤੋਂ ਉਚਾ ਉਦੇਸ਼ ਹੈ ਜਿਸ ਨੂੰ ਮਨੁੱਖ ਨੂੰ ਆਪਣੀ ਮੰਜ਼ਿਲ ਬਣਾਉਣਾ ਚਾਹੀਦਾ ਹੈ। ‘ਆਦਿ ਗ੍ਰੰਥ’ ਦੇ ਤਿੰਨ ਮੁੱਖ ਵਿਸ਼ੇ ਹਨ-ਮਨੁੱਖ, ਮਨੁੱਖ ਦਾ ਸਮਾਜ ਅਤੇ ਪਰਮਸਤਿ ਦੇ ਸੰਜੋਗ ਵਿਚ ਮਨੁੱਖ। ਇਹ ਵਿਸ਼ੇ ਵਾਰ ਵਾਰ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਵਿਚ ਆਉਂਦੇ ਹਨ ਅਤੇ ਮਨੁੱਖ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਭਾਰਿਆ ਗਿਆ ਹੈ। ਗੁਰੂ ਸਾਹਿਬ ਵਾਰ ਵਾਰ ਮਨੁੱਖ ਦੇ ਸਨਮੁਖ ਹੁੰਦੇ ਹਨ ਅਤੇ ਉਸ ਨੂੰ ਆਪਣੇ ਜੀਵਨ ਦੀਆਂ ਸਮੱਸਿਆਵਾਂ ਵਿਚੋਂ ਬਾਹਰ ਆਉਣ ਦਾ ਰਸਤਾ ਦੱਸਦੇ ਹਨ। ਨੈਤਿਕ ਵਿਹਾਰ ਜਾਂ ਦਸਤੂਰ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ‘ਆਦਿ ਗ੍ਰੰਥ’ ਵਿਚ ਦੂਸਰਾ ਏਨਾ ਹੀ ਪਸੰਦੀਦਾ ਵਿਸ਼ਾ ਅਧਿਆਤਮਕ ਏਕਤਾ ਦੇ ਰੂਪ ਵਿਚ ਹੋਂਦ ਦੀ ਨਿਰੰਤਰਤਾ ਦਾ ਤੱਥ ਹੈ। ਗੁਰੂ ਸਾਹਿਬਾਨ ਇਹ ਗੱਲ ਵਾਰ ਵਾਰ ਕਹਿੰਦੇ ਹਨ ਕਿ ਸਾਰੀ ਸ੍ਰਿਸ਼ਟੀ ਵਿਚ ਇੱਕ ਅੰਦਰੂਨੀ ਏਕਤਾ ਹੈ ਅਤੇ ਇਸ ਲਈ ਹਰ ਇੱਕ ਦੂਸਰੇ ਨਾਲ ਸਬੰਧਤ ਹੈ। ਗੁਰੂ ਸਾਹਿਬ ਜਗਿਆਸੂ ਨੂੰ ਇਹ ਯਾਦ ਕਰਾਉਂਦੇ ਹਨ ਕਿ ਉਸ ਨੂੰ ਹੋਂਦ ਦੀ ਇਸ ਅੰਦਰੂਨੀ ਏਕਤਾ ਦਾ ਅਨੁਭਵ ਕਰਨਾ ਚਾਹੀਦਾ ਹੈ।
(ਚਲਦਾ)

Be the first to comment

Leave a Reply

Your email address will not be published.