‘ਜਗੇ ਧਰਮ ਹਿੰਦੂ’ ਵਿਚਲਾ ਛੁਪਿਆ ਮਨੋਰਥ (ਪ੍ਰਤੀਕਰਮ)

ਗੁਰਨਾਮ ਕੌਰ, ਕੈਨੇਡਾ
ਕੁੱਝ ਦਿਨ ਹੋਏ ਮਾਲਵਿੰਦਰ ਸਿੰਘ ਮਾਲੀ ਨੇ ਫੇਸ ਬੁੱਕ `ਤੇ ਕੁਲਦੀਪ ਸਿੰਘ ਰਾਡੀ ਯੂ.ਐਸ.ਏ. ਦੀ ਲਿਖੀ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਦੀ ਇਬਾਰਤ ਉੱਪਰ ਦਿੱਤੀ ਕਿਤਾਬ ਦੇ ਹਿੰਦੀ ਵਿਚ ਦਿੱਤੇ ਮੁਖੜੇ ‘ਜਗੇ ਧਰਮ ਹਿੰਦੂ’ ਦੇ ਸਬੰਧ ਵਿਚ ਹੇਠ ਲਿਖੇ ਅਨੁਸਾਰ ਹੈ:

‘ਸਿੱਖੀ ਅਤੇ ਸਿੱਖਾਂ ਦੀ ਨਿਰਾਲੀ ਹੋਂਦ ਤੇ ਮੰਤਵ ਨੂੰ ਸਿੱਖਾਂ ਵਲੋਂ ਸਿੱਖੀ ਦੇ ਨਾਮ `ਤੇ ਪ੍ਰਚਾਰੇ ਜਾ ਰਹੇ ਤੱਥਾਂ ਨਾਲ ਹੀ ਫੁੰਡਣ ਦੀ ਮਿਸਾਲ ਇਹ ਹੈ, ਇਹ ਚੁਣੌਤੀ ਸਿਰਫ਼ ਸਿੱਖਾਂ ਲਈ ਹੀ ਨਹੀਂ ਹੈ ਸਗੋਂ ਸਮੂਹ ਸੁਹਿਰਦ ਪੰਜਾਬੀਆਂ ਲਈ ਹੈ, ਆਪਣੇ ਸੁਨਹਿਰੀ ਇਤਿਹਾਸ ਦੀ ਰਾਖੀ ਦਾ ਸੁਆਲ ਹੈ ਮਾਲਵਿੰਦਰ ਸਿੰਘ ਮਾਲੀ..
‘ਆਪ ਜਿਸ ਕਿਤਾਬ ਦੀ ਫੋਟੋ ਦੇਖ ਰਹੇ ਹੋ, ਇਸ ਦਾ ਨਾਮ ‘ਜਗੇ ਧਰਮ ਹਿੰਦੂ ਹੈ’ ਜੋ ਕੀ ਆਰ. ਐਸ. ਐਸ. ਦੀ ਪ੍ਰਕਾਸ਼ਿਤ ਕੀਤੀ ਹੋਈ ਕਿਤਾਬ ਹੈ। ਇਸ ਦੇ ਕੁਲ 96 ਪੰਨੇ ਹਨ। ਕਿਤਾਬ ਦੇ ਛਾਪਣ ਦਾ ਕਾਰਨ ਹੀ ਆਰ.ਐਸ.ਐਸ. ਵੱਲੋਂ ਸਾਡੇ ਸਿੱਖੀ ਸੰਘਰਸ਼ ਨੂੰ ਹਿੰਦੂਵਾਦੀ ਪੇਸ਼ ਕਰਨਾ ਹੈ, ਇਸ ਕਿਤਾਬ ਦਾ ਮਕਸਦ ਇਹ ਸਿੱਧ ਕਰਨਾ ਹੈ ਕਿ ਅੱਜ ਤੱਕ ਸਿੱਖਾਂ ਵੱਲੋਂ ਜੋ ਵੀ ਸੰਘਰਸ਼ ਕੀਤਾ ਗਿਆ ਹੈ ਉਹ ਹਿੰਦੂ ਧਰਮ ਵਾਸਤੇ ਤੇ ਹਿੰਦੂ ਰਾਜ ਸਥਾਪਤ ਕਰਨ ਲਈ ਕੀਤਾ ਗਿਆ ਹੈ, ਇਸ ਕਿਤਾਬ ਵਿਚ ਗੁਰੂ ਸਾਹਿਬਾਂ ਬਾਰੇ ਬਹੁਤ ਮੰਦੀਆਂ ਗੱਲਾਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਕੁੱਝ ਥੱਲੇ ਦੱਸੀਆਂ ਹਨ:
1. ਇਸ ਵਿਚ ਦਰਬਾਰ ਸਾਹਿਬ ਨੂੰ ਪ੍ਰਾਚੀਨ ਹਿੰਦੂ ਤੀਰਥ ਦੱਸਿਆ ਗਿਆ ਹੈ।
2. ਅੰਮ੍ਰਿਤਸਰ ਨੂੰ ਸ੍ਰੀ ਰਾਮ ਦੀ ਬੇਦੀ ਵੰਸ਼ ਦੇ 20 ਪਿੰਡਾਂ ਵਾਲੀ ਜਗ੍ਹਾ ਵਿਚ ਵਸਾਇਆ ਗਿਆ ਹੈ।
3. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਭਗਤਾਂ ਦੀ ਬਾਣੀ ਆਪ ਹੀ ਰਚ ਕੇ ਉਨ੍ਹਾਂ ਦੇ ਨਾਮ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕੱਠੀ ਕਰ ਦਿੱਤੀ।
4. ਛੇਵੇਂ ਪਾਤਿਸ਼ਾਹ ਨੇ ਬੀਬੀ ਕੌਲਾਂ ਨਾਲ ਨਿਕਾਹ ਨਹੀਂ ਸੀ ਕੀਤਾ ਕਿਉਂਕਿ ਉਹ ਹਿੰਦੂ ਰਾਜ ਸਥਾਪਤ ਕਰਨਾ ਚਾਹੁੰਦੇ ਸਨ।
5. ਗੁਰੂ ਹਰਕ੍ਰਿਸ਼ਨ ਸਾਹਿਬ ਬਹੁਤ ਹੀ ਬੇ-ਮਨ ਨਾਲ ਦਿੱਲੀ ਆਏ ਸਨ। ਉਨ੍ਹਾਂ ਇਹ ਯਾਤਰਾ ਬਹੁਤ ਬੇਇਜ਼ਤੀ ਵਾਲੀ ਮਹਿਸੂਸ ਕੀਤੀ ਤੇ ਉਨ੍ਹਾਂ ਨੂੰ ਬੁਖਾਰ ਹੋ ਗਿਆ ਤੇ ਉਹ ਅਕਾਲ ਚਲਾਣਾ ਕਰ ਗਏ।
6. ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਿਰਫ ਹਿੰਦੂ ਧਰਮ ਤੇ ਹਿੰਦੂ ਰਾਜ ਦੇ ਦੇਵਤਿਆਂ ਵਰਗੇ ਬ੍ਰਾਹਮਣਾਂ ਲਈ ਸੀ।
7. ਗੁਰੂ ਤੇਗ ਬਹਾਦਰ ਜੀ ਦਾ ਸੀਸ ਤਾਂ ਉਤਰ ਗਿਆ ਸੀ, ਪਰ ਉਨ੍ਹਾਂ ਦੇ ਗਲ ਵਿਚ ਪਾਇਆ ਧਾਗਾ (ਜਨੇਊ) ਨਾ ਕਟਿਆ ਗਿਆ, ਨਾ ਹੀ ਟੁੱਟਿਆ।
8. ਦਸਵੇਂ ਪਾਤਿਸ਼ਾਹ ਨੇ ਚੰਡੀ ਦਾ ਜੱਗ ਕਰਕੇ ਖਾਲਸਾ ਪੰਥ ਸਾਜਿਆ।
ਆਹ ਉਪਰੋਕਤ ਗੱਲਾਂ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦੇ ਏਨੀਆਂ ਮੰਦੀਆਂ ਗੱਲਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਏਨੀ ਗੰਦੀ ਟਿੱਪਣੀ। ਹਜੇ ਵੀ ਅਸੀਂ ਚੁੱਪ ਹਾਂ ਸਾਡੇ ਪ੍ਰਚਾਰਕਾਂ ਦੇ ਕੰਨ `ਤੇ ਕੋਈ ਜੂੰ ਨਹੀਂ ਸਰਕਦੀ, ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕਈ ਗੱਲਾਂ ਤਾਂ ਸਾਡੇ ਮਿਲਾਵਟੀ ਇਤਿਹਾਸਕ ਗ੍ਰੰਥਾਂ ਦੇ ਹਵਾਲੇ ਦੇ ਕੇ ਹੀ ਕੀਤੀਆਂ ਗਈਆਂ ਹਨ।
(ਕੁਲਦੀਪ ਸਿੰਘ ਰਾਡੀ ਯੂ.ਐਸ.ਏ)”
ਆਰ.ਐਸ.ਐਸ. ਹਿੰਦੁਸਤਾਨ ਨੂੰ ਹਰ ਹਾਲਤ ਵਿਚ ਹਿੰਦੂ ਰਾਜ ਬਣਾਉਣਾ ਚਾਹੁੰਦੀ ਹੈ, ਇਸ ਬਾਰੇ ਹੁਣ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ। ਹਿੰਦੁਸਤਾਨ ਵਿਚ ਘੱਟ ਗਿਣਤੀ ਭਾਈਚਾਰਿਆਂ, ਔਰਤਾਂ, ਦਲਿਤਾਂ ਅਤੇ ਆਦਿਵਾਸੀਆਂ ਪ੍ਰਤੀ ਇਸ ਦਾ ਰਵੱਈਆ ਬਹੁਤ ਸਪੱਸ਼ਟ ਹੈ ਕਿ ਇਹ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਦਬਾ ਕੇ ਰੱਖਣਾ ਚਾਹੁੰਦੀ ਹੈ ਜਾਂ ਬਾਹਰ ਭਜਾਉਣਾ ਚਾਹੁੰਦੀ ਹੈ ਅਤੇ ਜਾਂ ਤੀਸਰਾ ਵਿਕਲਪ ਹੈ ਆਪਣੇ ਵਿਚ ਮਿਲਾ ਲੈਣਾ। ਇਹ ਏਜੰਡਾ ਕੋਈ ਨਵਾਂ ਨਹੀਂ ਹੈ। ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਹੀ ਜਦੋਂ ਆਰ.ਐਸ.ਐਸ. ਦੀ ਨੀਂਹ ਰੱਖੀ ਗਈ ਸੀ ਤਾਂ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਉਨ੍ਹਾਂ ਦੀ ਪਹਿਲ `ਤੇ ਰਿਹਾ ਹੈ। ਸਿੱਖ ਧਰਮ ਬਾਰੇ ਉਸ ਦਾ ਰਵੱਈਆ ਤੀਸਰੀ ਕਿਸਮ ਦਾ ਹੈ ਜਿਸ ਅਨੁਸਾਰ ਉਸ ਦੇ ਸਿਧਾਂਤ ਅਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਅਤੇ ਹਿੰਦੂ ਧਰਮ ਦਾ ਹੀ ਹਿੱਸਾ ਦੱਸਣਾ।
ਪਹਿਲਾ ਨੁਕਤਾ ਹੈ ਕਿ ਦਰਬਾਰ ਸਾਹਿਬ ਹਿੰਦੂਆਂ ਦਾ ਪੁਰਾਤਨ ਤੀਰਥ ਹੈ। ਸਿੱਖ ਧਰਮ ਆਲਮੀ ਧਰਮਾਂ ਦੇ ਇਤਿਹਾਸ ਵਿਚ ਬਹੁਤ ਹੀ ਨਵਾਂ ਸਥਾਪਤ ਕੀਤਾ ਧਰਮ ਹੈ, ਜਿਸ ਦਾ ਅਰੰਭ ਗੁਰੂ ਨਾਨਕ ਸਾਹਿਬ ਦੇ 1499 ਈਸਵੀ ਵਿਚ ‘ਵੇਈਂ ਨਦੀ ਪ੍ਰਵੇਸ਼’ ਤੋਂ ਮੰਨਿਆ ਜਾਂਦਾ ਹੈ ਜਦੋਂ ਉਨ੍ਹਾਂ ਨੇ ਪਹਿਲਾ ਐਲਾਨਨਾਮਾ ਕੀਤਾ “ਨਾ ਕੋ ਹਿੰਦੂ ਨਾ ਮੁਸਲਮਾਨ”। ਗੁਰੂ ਰਾਮਦਾਸ ਜੀ ਨੇ 1577 ਈਸਵੀ ਵਿਚ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ। ਦਰਬਾਰ ਸਾਹਿਬ ਦੀ ਥਾਂ `ਤੇ ਜੇ ਕੋਈ ਪੁਰਾਤਨ ਹਿੰਦੂ ਤੀਰਥ ਹੁੰਦਾ ਤਾਂ ਸਰੋਵਰ ਦੀ ਖੁਦਾਈ ਵੇਲੇ ਉਸ ਢਹਿ-ਢੇਰੀ ਹੋ ਗਏ ਕਿਸੇ ਪੁਰਾਤਨ ਤੀਰਥ, ਮੰਦਰ ਆਦਿ ਦੇ ਖੰਡਰ ਨਿਕਲੇ ਹੁੰਦੇ; ਪ੍ਰੰਤੂ ਅਜਿਹੇ ਕੋਈ ਖੰਡਰ, ਕਿਸੇ ਮੰਦਰ ਦੀ ਭੱਜ-ਟੁੱਟ, ਕੋਈ ਟੁੱਟੀ ਹੋਈ ਮੂਰਤੀ ਜਾਂ ਹਵਨ ਕੁੰਡ ਵੀ ਨਹੀਂ ਨਿਕਲੀ। ਬਿਨਾਂ ਮੰਦਰ ਜਾਂ ਮੂਰਤੀ ਦੇ ਤੀਰਥ ਸਥਾਨ ਦੀ ਹੋਂਦ ਕਿਵੇਂ ਹੋ ਸਕਦੀ ਹੈ?
ਦੂਸਰਾ ਕਿ ਅੰਮ੍ਰਿਤਸਰ ਦੀ ਜ਼ਮੀਨ ਸ੍ਰੀ ਰਾਮ ਚੰਦਰ ਦੀ ਬੇਦੀ ਵੰਸ਼ ਦੇ ਵੀਹ ਪਿੰਡਾਂ ਦੀ ਜ਼ਮੀਨ ਸੀ। ਸ੍ਰੀ ਰਾਮ ਚੰਦਰ ਦੇ ਵੰਸ਼ ਦਾ ਰਮਾਇਣ ਤੋਂ ਬਿਨਾਂ ਹੋਰ ਕਿਧਰੇ ਕੋਈ ਰਿਕਾਰਡ ਪ੍ਰਾਪਤ ਨਹੀਂ ਹੈ? ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਇੱਕ ਮਹਾਂ ਕਾਵਿ ਹੈ ਜੋ ਇਤਿਹਾਸਕ ਨਾਲੋਂ ਮਿਥਿਹਾਸਕ ਜ਼ਿਆਦਾ ਹੈ। ਇਹ ਵੀਹ ਪਿੰਡਾਂ ਦੀ ਜ਼ਮੀਨ ਸ੍ਰੀ ਰਾਮਚੰਦਰ ਦੇ ਬੇਦੀ ਵੰਸ਼ ਦੀ ਸੀ ਇਸ ਦਾ ਕੋਈ ਵਸੀਕਾ, ਕੋਈ ਇਤਿਹਾਸ ਕਿਸੇ ਕੋਲ ਨਹੀਂ ਹੈ। ‘ਬਚਿੱਤ੍ਰ ਨਾਟਕ’ ਵਿਚ ਲਾਹੌਰ ਅਤੇ ਕਸੂਰ ਸ਼ਹਿਰ ਨੂੰ ਰਾਮ ਚੰਦਰ ਦੇ ਪੁੱਤਰਾਂ ਲਵ ਅਤੇ ਕੁਸ਼ ਵੱਲੋਂ ਵਸਾਏ ਜਾਣ ਦੀ ਗੱਲ ਕੀਤੀ ਹੋਈ ਹੈ। ਲਾਹੌਰ ਸ਼ਹਿਰ ਦਾ ਇਤਿਹਾਸ ਫੋਲੀਏ ਤਾਂ ਇਸ ਦੇ ਏਨਾ ਪੁਰਾਤਨ ਸ਼ਹਿਰ ਹੋਣ ਦੇ ਕੋਈ ਵੀ ਤੱਥ ਇਤਿਹਾਸਕ ਤੌਰ `ਤੇ ਪ੍ਰਾਪਤ ਨਹੀਂ ਹਨ। ਜੇ ਕਸੂਰ ਸ਼ਹਿਰ ਵੀ ਕਿਸੇ ‘ਕੁਸ਼’ ਨਾਮਕ ਵਿਅਕਤੀ ਨੇ ਵਸਾਇਆ ਹੋਵੇ ਇਹ ਵੀ ਤੱਥ ਆਧਾਰਤ ਨਹੀਂ। ਅਰਬੀ ਭਾਸ਼ਾ ਦੇ ਸ਼ਬਦ ‘ਕਸੂਰ’ ਦਾ ਅਰਥ ਹੈ ਮਹਿਲ, ਕਿਲ੍ਹੇ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਕਸੂਰ ਸ਼ਹਿਰ ਮੁਹੰਮਦਜ਼ਈ ਪਖਤੂਨਾਂ ਦੇ ਕਬੀਲੇ ਖੇਸ਼ਗੀ ਵੱਲੋਂ 1525 ਈਸਵੀ ਵਿਚ ਵਸਾਇਆ ਗਿਆ ਸੀ, ਜੋ ਅਫ਼ਗਾਨਿਸਤਾਨ ਤੋਂ ਬਾਬਰ ਦੇ ਸਮੇਂ ਦੱਰਾ ਖੈਬਰ ਪਖਤੂਨ ਖਵਾ (ਪਾਕਿਸਤਾਨ ਅਫ਼ਗਾਨਿਸਤਾਨ) ਤੋਂ ਆਏ ਸਨ ਅਤੇ ਉਨ੍ਹਾਂ ਨੇ ਇਲਾਕੇ ਵਿਚ ਛੋਟੇ-ਛੋਟੇ ਕਿਲ੍ਹੇ ਬਣਾਏ ਜਿਨ੍ਹਾਂ ਤੋਂ ਸ਼ਹਿਰ ਦਾ ਨਾਮ ‘ਕਸੂਰ’ ਪਿਆ।
ਕੁੱਝ ਸਰੋਤਾਂ ਅਨੁਸਾਰ ਗੁਰੂ ਰਾਮਦਾਸ ਜੀ ਨੇ ਇਹ ਜ਼ਮੀਨ ਤੁੰਗ ਪਿੰਡ ਦੇ ਬਾਸ਼ਿੰਦਿਆਂ ਕੋਲੋਂ ਖਰੀਦੀ ਸੀ ਅਤੇ ਕੁੱਝ ਅਨੁਸਾਰ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਦੀ ਪੁੱਤਰੀ ਬੀਬੀ ਭਾਨੀ ਲਈ ਤੋਹਫਾ ਦਿੱਤਾ ਸੀ। ਸ਼ਹਿਰ ਦਾ ਪਹਿਲਾ ਨਾਮ ਰਾਮਦਾਸ ਪੁਰ, ਚੱਕ ਰਾਮਦਾਸ ਜਾਂ ਚੱਕ ਗੁਰੂ ਰੱਖਿਆ ਗਿਆ। ਗੁਰੂ ਅਰਜਨ ਸਾਹਿਬ ਨੇ ਸਰੋਵਰ ਪੂਰਾ ਕੀਤਾ ਅਤੇ ਸਰੋਵਰ ਦੇ ਵਿਚਕਾਰ ਪਵਿੱਤਰ ਹਰਿਮੰਦਰ ਸਾਹਿਬ ਬਣਾਇਆ ਜਿਸ ਦੀ ਨੀਂਹ ਮੁਸਲਮਾਨ ਸੂਫ਼ੀ ਫਕੀਰ ਸਾਈਂ ਮੀਆਂ ਮੀਰ ਕੋਲੋਂ ਰਖਵਾਈ ਅਤੇ ਦੋ ਹੋਰ ਸਰੋਵਰ ਸੰਤੋਖਸਰ ਅਤੇ ਰਾਮਸਰ ਬਣਾਏ। ਰਾਮਸਰ ਦੇ ਕੰਢੇ ਪੋਥੀ ਸਾਹਿਬ (ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ) ਦਾ ਸੰਕਲਨ ਕੀਤਾ ਅਤੇ 1604 ਈਸਵੀ ਨੂੰ ਦਰਬਾਰ ਸਾਹਿਬ ਵਿਚ ਪਹਿਲਾ ਪ੍ਰਕਾਸ਼ ਕੀਤਾ। ਸਰੋਵਰ ਮਨੁੱਖੀ ਬਰਾਬਰੀ ਦਾ ਪ੍ਰਤੀਕ ਹੈ ਜਿਸ ਵਿਚ ਹਰ ਵਰਣ ਅਤੇ ਧਰਮ ਦੇ ਲੋਕ ਇਸ਼ਨਾਨ ਕਰ ਸਕਦੇ ਹਨ। ਗੁਰਮਤਿ ਸਿਧਾਂਤਾਂ ਨੂੰ ਅਮਲੀ ਰੂਪ ਦੇਣ ਲਈ ਹੀ ਸਿੱਖ ਸੰਸਥਾਵਾਂ ਦਾ ਨਿਰਮਾਣ ਕੀਤਾ ਗਿਆ। ਪਰਿਕਰਮਾ ਤੇ ਚਾਰ ਦਿਸ਼ਾਵਾਂ ਵਿਚ ਚਾਰ ਦਰਵਾਜ਼ੇ ਰਖਾਏ ਜਿਸ ਦਾ ਅਰਥ ਹੈ ਕਿ ਗੁਰੂ ਦਾ ਸਥਾਨ ਹਰ ਵਰਣ ਅਤੇ ਹਰ ਧਰਮ ਦੇ ਲੋਕਾਂ ਲਈ ਬਿਨਾਂ ਕਿਸੇ ਭੇਦ-ਭਾਵ ਦੇ ਖੁੱਲ੍ਹਾ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ (ਅਕਾਲ ਬੁੰਗਾ) ਬਣਾਇਆ, ਦੋ ਹੋਰ ਸਰੋਵਰ ਸੰਤੋਖਸਰ ਅਤੇ ਬਿਬੇਕਸਰ ਬਣਾਏ, ਪੱਛਮੀ ਬਾਹੀ ਤੇ ਲੋਹਗੜ੍ਹ ਦਾ ਕਿਲ੍ਹਾ ਬਣਾਇਆ। ਇਹ ਕਹਿਣਾ ਕਿ ਇੱਥੇ ਕੋਈ ਪ੍ਰਾਚੀਨ ਹਿੰਦੂ ਤੀਰਥ ਸਥਾਨ ਸੀ ਜਾਂ ਇਹ ਰਾਮਚੰਦਰ ਦੇ ਖਾਨਦਾਨ ਦੇ ਵਾਰਸਾਂ ਦੀ ਜ਼ਮੀਨ ਸੀ, ਮਹਿਜ਼ ਕਲਪਨਾ ਮਾਤਰ ਹੈ।
ਜਿੱਥੋਂ ਤੱਕ ਭਗਤਾਂ ਦੀ ਬਾਣੀ ਦਾ ਤੁਅਲਕ ਹੈ, ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਵੇਲੇ ਜੋ ਭਗਤ ਸਰੀਰਕ ਰੂਪ ਵਿਚ ਉਨ੍ਹਾਂ ਨੂੰ ਮਿਲੇ ਉਨ੍ਹਾਂ ਪਾਸੋਂ ਜਾਂ ਫਿਰ ਉਨ੍ਹਾਂ ਦੇ ਉਤਰ-ਅਧਿਕਾਰੀਆਂ ਤੋਂ ਬਾਣੀ ਆਪ ਪ੍ਰਾਪਤ ਕੀਤੀ। ਭਾਈ ਗੁਰਦਾਸ ਨੇ ਪਹਿਲੀ ਵਾਰ ਦੀ 32ਵੀਂ ਪਉੜੀ ਵਿਚ ਮੱਕੇ ਵੱਲ ਦੀ ਯਾਤਰਾ ਦਾ ਜ਼ਿਕਰ ਕੀਤਾ ਹੈ:
ਬਾਬਾ ਫਿਰ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ।
ਇਸ ਤੋਂ ਸਿੱਧ ਹੁੰਦਾ ਹੈ ਕਿ ਬਾਣੀ ਲਿਖਤੀ ਰੂਪ ਵਿਚ ਬਾਬੇ ਕੋਲ ਸੀ ਅਤੇ ਇਸ ਵਿਚ ਉਨ੍ਹਾਂ ਦੀ ਬਾਣੀ ਦੇ ਨਾਲ-ਨਾਲ ਭਗਤਾਂ ਦੀ ਉਹ ਬਾਣੀ ਵੀ ਸ਼ਾਮਲ ਸੀ ਜੋ ਉਨ੍ਹਾਂ ਇਕੱਤਰ ਕੀਤੀ। ਪੁਰਾਤਨ ਜਨਮਸਾਖੀ ਅਨੁਸਾਰ ਗੁਰੂ ਅੰਗਦ ਦੇਵ ਨੂੰ ਗੁਰਗੱਦੀ ਦੇਣ ਵੇਲੇ ਉਨ੍ਹਾਂ ਨੇ ਉਹ ਪੋਥੀ ਵੀ ਨਾਲ ਹੀ ਸੌਂਪੀ। ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਦੀਆਂ ਬਾਣੀ ਦੀਆਂ ਦੋ ਪੋਥੀਆਂ ਗੁਰੂ ਅਮਰਦਾਸ ਦੇ ਵੰਸ਼ਜਾਂ ਕੋਲ ਹਾਲੇ ਵੀ ਮੌਜੂਦ ਹਨ, ਜਿਨ੍ਹਾਂ ਵਿਚ ਕੁੱਝ ਭਗਤਾਂ ਜਿਵੇਂ ਭਗਤ ਕਬੀਰ, ਭਗਤ ਨਾਮ ਦੇਵ, ਭਗਤ ਰਵਿਦਾਸ ਅਤੇ ਭਗਤ ਭੀਖਣ ਦੀ ਬਾਣੀ ਸ਼ਾਮਲ ਹੈ। ਗੁਰੂ ਅਰਜਨ ਦੇਵ ਦੀ ਪਹੁੰਚ ਇਨ੍ਹਾਂ ਪੋਥੀਆਂ ਤੱਕ ਸੀ। ਗੁਰੂ ਅਰਜਨ ਦੇਵ ਕੋਲ ਵਰ੍ਹਿਆਂ ਤੱਕ ਬਹੁਤ ਸਾਰੀ ਸਮੱਗਰੀ ਆਉਂਦੀ ਰਹੀ ਜਿਸ ਵਿਚ ਭਗਤਾਂ ਦੀ ਬਾਣੀ ਹੋ ਸਕਦੀ ਹੈ। ਸਤਾ ਬਲਵੰਡ ਅਤੇ ਭੱਟ ਗੁਰੂ ਅਰਜਨ ਦੇਵ ਪਾਤਿਸ਼ਾਹ ਦੇ ਦਰਬਾਰ ਵਿਚ ਸ਼ਾਮਲ ਰਹੇ ਹਨ। ਇੱਕ ਗੱਲ ਪੱਕੀ ਹੈ ਕਿ ਉਹ ਬਾਣੀ ਹੀ ਸ਼ਾਮਲ ਕੀਤੀ ਗਈ ਜੋ ਗੁਰੂ ਕਸਵੱਟੀ `ਤੇ ਪੂਰੀ ਉਤਰਦੀ ਸੀ।
ਤਾਰਾ ਸਿੰਘ ਨਰੋਤਮ (1822 ਤੋਂ 1891 ਈਸਵੀ) ਜੋ ਕਿ ਨਿਰਮਲਾ ਪ੍ਰੰਪਰਾ ਨਾਲ ਸਬੰਧਤ ਹੈ, ਨੇ ਬਿਲਕੁਲ ਗੈਰ-ਕੁਦਰਤੀ ਵਿਚਾਰ ਦਿੱਤਾ ਹੈ ਕਿ ਗੁਰੂ ਅਰਜਨ ਦੇਵ ਨੇ (ਗ੍ਰੰਥ ਸ੍ਰੀ ਗੁਰਮਤਿ ਨਿਰਣੈ ਸਾਗਰ) ਸਾਰੇ ਭਗਤਾਂ ਨੂੰ ਮਨ ਵਿਚ ਰੱਖ ਕੇ ਭਗਤਾਂ ਦੇ ਨਾਮ `ਤੇ ਬਾਣੀ ਰਚੀ। ਗੁਰਬਿਲਾਸ ਪਾਤਿਸ਼ਾਹੀ ਛੇਵੀਂ ਦੇ ਕਰਤਾ ਨੇ ਕਿਹਾ ਕਿ ਭਗਤਾਂ ਨੇ ਆਪਣੀ ਬਾਣੀ ਆਪ ਰਿਕਾਰਡ ਕੀਤੀ ਸੀ-ਉਨ੍ਹਾਂ ਦੀਆਂ ਆਤਮਾ ਬਾਣੀ ਰਚਣ ਲਈ ਪ੍ਰਗਟ ਹੋਈਆਂ। ਗੁਰੂਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਨੇ ਵੀ ਇਹੀ ਵਿਚਾਰ ਦਿੱਤਾ ਹੈ। ਇਹ ਸਾਰੇ ਵਿਚਾਰ ਗੈਰ-ਕੁਦਰਤੀ ਅਤੇ ਕਲਪਨਾ ਮਾਤਰ ਹਨ। ਗੌਣ ਸ੍ਰੋਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਘੋਖਿਆ ਜਾਣਾ ਚਾਹੀਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੋਲ ਵਿਚਾਰਾਂ ਦੀ ਪ੍ਰਮਾਣਿਕਤਾ ਨਿਰਧਾਰਤ ਕਰਨ ਦਾ ਇਕੋ ਇਕ ਪੈਮਾਨਾ ਹੈ।
ਬੀਬੀ ਕੌਲਾਂ ਇਕ ਹਿੰਦੂ ਲੜਕੀ ਕਮਲਾ ਸੀ, ਜੋ ਮੁਜੰਗ (ਲਾਹੌਰ) ਦੇ ਕਾਜ਼ੀ ਰੁਸਤਮ ਖਾਂ ਨੇ ਮੁੱਲ ਲੈ ਕੇ ਗੋਲੀ ਪਾਲੀ ਸੀ, ਅਤੇ ਇਸਲਾਮ ਧਰਮ ਦੀ ਸਿੱਖਿਆ ਦੇ ਕੇ ਵਿਦਵਾਨ ਬਣਾਈ ਸੀ। ਬੀਬੀ ਕੌਲਾਂ ਸਾਈਂ ਮੀਆਂ ਮੀਰ ਦੀ ਸੰਗਤਿ ਕਰਦੀ ਸੀ ਅਤੇ ਸਾਈਂ ਜੀ ਦੀ ਸੰਗਤਿ ਵਿਚ ਹੀ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਜਿੱਥੋਂ ਉਸ ਨੂੰ ਗੁਰੂ ਨਾਨਕ ਦੇ ਘਰ ਅਤੇ ਬਾਣੀ ਨਾਲ ਲਗਾਓ ਹੋ ਗਿਆ। ਕਾਜ਼ੀ ਰੁਸਤਮ ਖਾਂ ਨੇ ਉਸ ਨੂੰ ਗੁਰਬਾਣੀ ਅਤੇ ਗੁਰੂ ਨਾਨਕ ਵੱਲੋਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਜਦੋਂ ਬੀਬੀ ਨਹੀਂ ਹਟੀ ਤਾਂ ਉਸ ਨੇ ਮੌਤ ਦੇ ਘਾਟ ਉਤਾਰਨ ਦਾ ਹੁਕਮ ਦੇ ਦਿੱਤਾ। ਇਹ ਖ਼ਬਰ ਮਿਲਣ `ਤੇ ਸਾਈਂ ਮੀਆਂ ਮੀਰ ਨੇ ਆਪਣੇ ਚੇਲੇ ਅਬਦੁੱਲਾ ਸ਼ਾਹ ਨਾਲ ਉਸ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਛਤਰ-ਛਾਇਆ ਵਿਚ ਭੇਜ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤਸਰ ਪਹੁੰਚਣ `ਤੇ ਬੀਬੀ ਕੌਲਾਂ ਨੂੰ ਕੌਲਸਰ, ਜਿਸ ਦਾ ਪਹਿਲਾ ਨਾਮ ਫੁੱਲਾਂ ਦੀ ਢਾਬ ਸੀ, ਦੇ ਸਾਹਮਣੇ ਰਿਹਾਇਸ਼ ਦੇ ਦਿੱਤੀ। ਬੀਬੀ ਜੀ ਨੇ ਸਾਰੀ ਉਮਰ ਸਿੱਖ ਧਰਮ ਦੇ ਅਸੂਲਾਂ ਨੂੰ ਨਿਭਾਉਂਦਿਆਂ ਅਤੇ ਗੁਰੂ ਘਰ ਦੀ ਸੇਵਾ ਕਰਦਿਆਂ ਬਿਤਾਇਆ। ਬੀਬੀ ਕੌਲਾਂ ਦੇ ਨਾਮ `ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਸਰੋਵਰ ਦੀ ਖੁਦਾਈ ਆਪਣੀ ਨਿਗਰਾਨੀ ਹੇਠ ਕਰਨ ਦਾ ਕੰਮ ਸੌਂਪਿਆ ਅਤੇ ਪੂਰਾ ਹੋਣ `ਤੇ ਜਿਸ ਦਾ ਨਾਮ ਕੌਲਸਰ ਰੱਖਿਆ ਗਿਆ। ਇਹ ਬੀਬੀ ਜੀ ਦੀ ਸੇਵਾ-ਭਾਵਨਾ, ਗੁਰੂ ਨਾਨਕ ਦੇ ਦਰਬਾਰ ਨਾਲ ਲਗਾਉ ਕਾਰਨ ਉਨ੍ਹਾਂ ਦੇ ਨਾਮ ਨੂੰ ਸਦਾ ਕਾਇਮ ਰੱਖਣ ਲਈ ਗੁਰੂ ਹਰਗੋਬਿੰਦ ਸਾਹਿਬ ਦੀ ਆਸ਼ੀਰਵਾਦ ਨਾਲ ਕੀਤਾ ਗਿਆ। ਹਿੰਦੂ ਧਰਮ ਨੂੰ ਤਾਂ ਖਤਰਾ ਉਦੋਂ ਪੈਦਾ ਹੋਇਆ ਮੰਨਣਾ ਚਾਹੀਦਾ ਹੈ ਜਦੋਂ ਕਾਜ਼ੀ ਰੁਸਤਮ ਖਾਂ ਨੇ ਉਸ ਕਮਲਾ ਨਾਮ ਦੀ ਹਿੰਦੂ ਲੜਕੀ ਨੂੰ ਖਰੀਦ ਕੇ ਗੋਲੀ ਕਰਕੇ ਪਾਲਿਆ ਅਤੇ ਇਸਲਾਮ ਦੀ ਸਿੱਖਿਆ ਦਿੱਤੀ।
ਗੁਰੂ ਹਰਕ੍ਰਿਸ਼ਨ (1656-1664) ਬਹੁਤ ਛੋਟੀ ਉਮਰ (ਮਹਿਜ਼ 5 ਸਾਲ) ਵਿਚ ਗੁਰਗੱਦੀ `ਤੇ ਬੈਠੇ। ਗੁਰੂ ਹਰਿਰਾਇ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਗੁਰਗੱਦੀ ਲਈ ਚੁਣਿਆ। ਭਾਈ ਸੰਤੋਖ ਸਿੰਘ ਅਨੁਸਾਰ ਗੁਰੂ ਹਰਕ੍ਰਿਸ਼ਨ ਦੀ ਆਭਾ ਦੇ ਸਾਹਮਣੇ ਸੂਰਜ ਦੀ ਰੌਸ਼ਨੀ ਵੀ ਫਿੱਕੀ ਪੈਂਦੀ ਸੀ ਗੁਰੂ ਹਰਕ੍ਰਿਸ਼ਨ ਦੀ ਸੋਭਾ ਸੰਗਤਾਂ ਵਿਚ ਏਨੀ ਜ਼ਿਆਦਾ ਫੈਲ ਗਈ ਸੀ। ਰਾਮਰਾਇ ਦੀ ਸ਼ਿਕਾਇਤ `ਤੇ ਔਰੰਗਜ਼ੇਬ ਨੇ ਅੰਬੇਰ ਦੇ ਰਾਜਾ ਜੈ ਸਿੰਘ ਰਾਹੀਂ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਸੱਦ ਭੇਜਿਆ ਤਾਂ ਗੁਰੂ ਸਾਹਿਬ ਆਪਣੀ ਦਾਦੀ ਮਾਤਾ ਬਾਸੀ ਅਤੇ ਮਾਤਾ ਜੀ ਸੁਲਖਨੀ ਨਾਲ ਰੋਪੜ, ਬਨੂੜ, ਰਾਜਪੁਰਾ, ਅੰਬਾਲਾ ਰਾਹੀਂ ਰਸਤੇ ਵਿਚ ਗੁਰਬਾਣੀ ਦਾ ਪ੍ਰਚਾਰ ਕਰਦੇ ਗਏ। ਅੰਬਾਲੇ ਨੇੜੇ ਪੰਜੋਖੜਾ ਵਿਖੇ ਉਹ ਸੰਗਤਾਂ ਦੀ ਬੇਨਤੀ `ਤੇ ਪਿਸ਼ਾਵਰ ਅਤੇ ਕਾਬਲ ਤੋਂ ਆ ਰਹੀ ਸੰਗਤ ਨੂੰ ਮਿਲਣ ਲਈ ਠਹਿਰ ਗਏ। ਇੱਥੇ ਹੀ ਲਾਲ ਚੰਦ ਪੰਡਤਿ ਦੇ ਹੰਕਾਰ ਨੂੰ ਤੋੜਨ ਲਈ ਇਕ ਸਧਾਰਨ ਗੁਰਸਿੱਖ ਛਜੂ ਰਾਮ ਦੇ ਮੂੰਹੋਂ ਗੀਤਾ ਦੀ ਵਿਆਖਿਆ ਕਰਵਾਈ ਜਿਸ ਤੋਂ ਪ੍ਰਭਾਵਿਤ ਹੋ ਕੇ ਲਾਲ ਚੰਦ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਅਤੇ ਦਸਮ ਗੁਰੂ ਤੋਂ ਅੰਮ੍ਰਿਤ ਛਕ ਕੇ ਲਾਲ ਸਿੰਘ ਬਣਿਆ; ਚਮਕੌਰ ਸਾਹਿਬ ਦੀ ਜੰਗ ਵਿਚ ਲੜਦਿਆਂ ਲਾਲ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਦਿੱਲੀ ਵਿਚ ਉਸ ਵੇਲੇ ਚੇਚਕ ਅਤੇ ਹੈਜਾ ਫੈਲਿਆ ਹੋਇਆ ਸੀ। ਸੇਵਾ ਸਿੱਖ ਧਰਮ ਦਾ ਇੱਕ ਪ੍ਰਮੁੱਖ ਸਿਧਾਂਤ ਹੈ। ਗੁਰੂ ਹਰਕ੍ਰਿਸ਼ਨ ਵੀ ਪੂਰੇ ਤਨ-ਮਨ ਨਾਲ ਬਿਮਾਰਾਂ ਦੀ ਸੇਵਾ ਵਿਚ ਜੁਟ ਗਏ ਸਨ ਅਤੇ ਦੁਖੀਆਂ ਦੀ ਸੇਵਾ ਕਰਦਿਆਂ ਹੀ ਉਹ ਵੀ ਬਿਮਾਰ ਹੋ ਗਏ ਪ੍ਰੰਤੂ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਨੂੰ ਗੁਰਗੱਦੀ ਦੇ ਵਾਰਸ ਥਾਪਦਿਆਂ ਐਲਾਨ ਕਰ ਦਿੱਤਾ ਸੀ “ਬਾਬਾ ਬਕਾਲੇ” ਅਰਥਾਤ ਨੌਵੀਂ ਨਾਨਕ ਜੋਤਿ ਬਕਾਲੇ ਵਿਖੇ ਹੈ। ਗੁਰੂ ਹਰਕ੍ਰਿਸ਼ਨ ਪਾਤਿਸ਼ਾਹ ਦਾ ਰਸਤੇ ਵਿਚ ਗੁਰਮਤਿ ਦਾ ਪ੍ਰਚਾਰ ਕਰਦੇ ਜਾਣਾ, ਗੀਤਾ ਦੇ ਅਰਥ ਕਰਾਉਣੇ, ਦਿੱਲੀ ਵਿਖੇ ਰੋਗੀਆਂ ਦੀ ਸੇਵਾ ਕਰਨਾ ਉਨ੍ਹਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ।
ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਮਹਿਜ਼ ਹਿੰਦੂ ਧਰਮ ਨੂੰ ਬਚਾਉਣ ਲਈ ਨਹੀਂ ਸੀ ਦਿੱਤੀ। ਉਨ੍ਹਾਂ ਦਾ ਤਿਲਕ ਅਤੇ ਜੰਞੂ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਨੇ ਸ਼ਹਾਦਤ ਆਪਣੇ ਇਸ਼ਟ ਨੂੰ ਮੰਨਣ ਦੇ ਮੂਲ ਮਨੁੱਖੀ ਅਧਿਕਾਰ ਦੀ ਰੱਖਿਆ ਲਈ ਦਿੱਤੀ ਕਿ ਆਪਣੀ ਧਾਰਮਿਕ ਵਿਧੀ-ਵਿਧਾਨ ਅਨੁਸਾਰ ਆਪਣੇ ਇਸ਼ਟ ਨੂੰ ਧਿਆਉਣਾ ਹਰ ਮਨੁੱਖ ਦਾ ਮੁੱਢਲਾ ਹੱਕ ਹੈ। ਉਨ੍ਹਾਂ ਦੀ ਸ਼ਹਾਦਤ ਨੇ ਵੱਡੇ ਪੱਧਰ `ਤੇ ਪਸਰੇ ਜ਼ੁਲਮ ਅਤੇ ਕੱਟੜਤਾ ਨੂੰ ਮੰਨਣ ਤੋਂ ਇਨਕਾਰ ਕਰਨ ਅਤੇ ਇਸ ਦਾ ਟਾਕਰਾ ਕਰਨ ਦਾ ਰਸਤਾ ਅਖ਼ਤਿਆਰ ਕਰਨਾ ਸੁਝਾਇਆ। ਇਸ ਸ਼ਹਾਦਤ ਨੇ ਸਮਾਜ ਲਈ ਇਕ ਨਵਾਂ ਭਵਿੱਖ ਸਿਰਜਣ ਲਈ ਸੰਕੇਤ ਕੀਤਾ, ਇਕ ਅਜਿਹਾ ਭਵਿੱਖ ਜੋ ਜ਼ੁਲਮ ਅਤੇ ਅਸਿਹਣਸ਼ੀਲਤਾ ਤੋਂ ਬਿਲਕੁਲ ਆਜ਼ਾਦ ਹੋਵੇ।
ਗੁਰੂ ਤੇਗ ਬਹਾਦਰ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦੇ ਵਾਰਿਸ ਹਨ। ਇਸ ਲਈ ਜਨੇਊ ਪਹਿਨਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਨੇ ਜਨੇਊ ਅਤੇ ਪੰਡਤਿ ਬਾਰੇ “ਵਾਰ ਆਸਾ ਕੀ” ਵਿਚ ਸਪੱਸ਼ਟ ਕੀਤਾ ਹੈ ਕਿ ਧਾਰਮਿਕ ਚਿੰਨ੍ਹਾਂ ਨੂੰ ਪਹਿਨਣਾ ਆਪਣੇ ਆਪ ਵਿਚ ਕੋਈ ਮਹੱਤਤਾ ਨਹੀਂ ਰੱਖਦਾ ਜੇਕਰ ਮਨੁੱਖ ਅੰਦਰ ਦਇਆ, ਜਤ, ਸਤ ਆਦਿ ਨੈਤਿਕ ਗੁਣ ਨਹੀਂ ਹਨ। ਨੈਤਿਕ ਗੁਣ ਸਦੀਵੀ ਤੌਰ `ਤੇ ਮਨੁੱਖ ਨਾਲ ਨਿਭਦੇ ਹਨ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸੁ ਨਾਨਕਾ ਜੋ ਗਲਿ ਚਲੈ ਪਾਇ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥1॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥
ਇੱਥੇ ਗੁਰੂ ਨਾਨਕ ਸਾਹਿਬ ਨੇ ਧਾਰਮਿਕ ਰਹਿਤ ਅਤੇ ਚਿੰਨ੍ਹਾਂ ਨੂੰ ਨੈਤਿਕਤਾ ਨਾਲ, ਮਾਨਵਤਾਵਾਦੀ ਕੀਮਤਾਂ ਨਾਲ ਜੋੜਦਿਆਂ ਪੰਡਤਿ ਨੂੰ ਆਦੇਸ਼ ਕੀਤਾ ਹੈ ਕਿ ਜੇ ਤੇਰੇ ਕੋਲ ਦਇਆ ਦੀ ਕਪਾਹ ਤੋਂ ਬਣਿਆ ਹੋਵੇ, ਸੰਤੋਖ ਦਾ ਸੂਤ ਕੱਤਿਆ ਹੋਵੇ ਜਤੁ ਦੀ ਉਸ ਨੂੰ ਗੰਢ ਮਾਰੀ ਹੋਵੇ ਅਤੇ ਸਤੁ ਦਾ ਵਟ ਚਾੜ੍ਹਿਆ ਹੋਵੇ, ਜੇ ਇਸ ਕਿਸਮ ਦਾ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ ਗਲ ਵਿਚ ਪਾ ਦੇਹ। ਅਜਿਹਾ ਜਨੇਊ ਨਾ ਟੁੱਟਦਾ ਹੈ, ਨਾ ਮੈਲਾ ਹੁੰਦਾ ਹੈ, ਨਾਹੀ ਇਹ ਸੜਦਾ ਹੈ ਅਤੇ ਨਾਹੀ ਗੁਆਚਦਾ ਹੈ। ਅਜਿਹੇ ਮਨੁੱਖ ਭਾਗਾਂ ਵਾਲੇ ਹੁੰਦੇ ਹਨ ਜੋ ਅਜਿਹੇ ਜਨੇਊ ਨੂੰ ਪਹਿਨਦੇ ਹਨ। ਪਰ ਪੰਡਤਿ ਜਿਸ ਕਿਸਮ ਦਾ ਜਨੇਊ ਤੂੰ ਪਾਉਂਦਾ ਹੈਂ ਇਹ ਤੂੰ ਚਾਰ ਕੌਡਾਂ ਦਾ ਮੁੱਲ ਮੰਗਵਾ ਲਿਆ ਅਤੇ ਚੌਉਕੇ ਵਿਚ ਬੈਠ ਕੇ ਜਜਮਾਨ ਦੇ ਗਲ ਵਿਚ ਪਾ ਦਿੱਤਾ ਅਤੇ ਉਸ ਦੇ ਕੰਨ ਵਿਚ ਮੰਤਰ ਫੂਕ ਦਿੱਤਾ ਜਿਸ ਨਾਲ ਬ੍ਰਾਹਮਣ ਗੁਰੂ ਬਣ ਗਿਆ। ਜਦੋਂ ਪਹਿਨਣ ਵਾਲਾ ਮਰ ਗਿਆ ਤਾਂ ਜਨੇਊ ਗਲ ਵਿਚੋਂ ਢਹਿ ਪਿਆ ਜਾਂ ਸੜ ਗਿਆ ਅਤੇ ਪਾਉਣ ਵਾਲੇ ਦੇ ਨਾਲ ਨਹੀਂ ਨਿਭਿਆ। ਇਸ ਤਰ੍ਹਾਂ ਵਿਚਾਰਾ ਜਨੇਊ ਤੋਂ ਬਿਨਾਂ ਹੀ ਸੰਸਾਰ ਤੋਂ ਚਲਾ ਗਿਆ।
ਅਗਲੇ ਸਲੋਕ ਵਿਚ ਹੋਰ ਕਿਹਾ ਹੈ:
ਤਗੁ ਕਪਾਹਹੁ ਕਤੀਐ ਬਾਮ੍ਹਣੁ ਵਟੇ ਆਇ॥
ਕੁਹਿ ਬਕਰਾ ਰਿੰਨ੍ਹਿ ਖਾਇਆ ਸਭੁ ਕੋ ਆਖੈ ਪਾਇ॥
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ॥
ਨਾਨਕ ਤਗੁ ਨ ਤੁਟਈ ਜੇ ਤਗੁ ਹੋਵੈ ਜੋਰੁ॥
ਇਥੇ ਦੱਸਿਆ ਹੈ ਕਿ ਮਨੁੱਖ ਲੱਖ ਚੋਰੀਆਂ ਅਤੇ ਜਾਰੀਆਂ ਕਰਦਾ ਹੈ, ਲੱਖਾਂ ਝੂਠ ਬੋਲਦਾ ਹੈ ਅਤੇ ਮੰਦੀ ਜ਼ੁਬਾਨ ਵਰਤਦਾ ਹੈ ਪਰ ਬਾਹਰ ਦਿਖਾਵੇ ਲਈ ਕਪਾਹ ਤੋਂ ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ ਜਜਮਾਨ ਦੇ ਘਰ ਆ ਕੇ ਉਸ ਨੂੰ ਵੱਟਦਾ ਹੈ, ਅੰਗਾਂ-ਸਾਕਾਂ ਨੂੰ ਦਾਅਵਤ ਕਰਕੇ ਬੱਕਰਾ ਰਿੰਨ੍ਹ ਕੇ ਖੁਆਇਆ ਜਾਂਦਾ ਹੈ ਅਤੇ ਸਾਰੇ ਕਹਿੰਦੇ ਹਨ ਕਿ ਜਨੇਊ ਪਾ ਲਿਆ ਹੈ। ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਤਾਂ ਸੁੱਟ ਦਿੱਤਾ ਜਾਂਦਾ ਹੈ ਅਤੇ ਉਸ ਦੀ ਥਾਂ ਹੋਰ ਪਾ ਲਿਆ ਜਾਂਦਾ ਹੈ। ਜੇ ਧਾਗੇ ਵਿਚ ਜੋ਼ਰ ਹੋਵੇ ਫਿਰ ਉਹ ਕਿਉਂ ਟੁੱਟੇ? ਉਸ ਰੱਬ ਦੀ ਦਰਗਾਹ ਵਿਚ ਜਨੇਊ ਪਾਉਣ ਨਾਲ ਆਦਰ ਨਹੀਂ ਮਿਲਦਾ ਬਲਕਿ ਉਸ ਦੇ ਨਾਮ ਨੂੰ ਧਿਆਉਣ ਨਾਲ ਸਤਿਕਾਰ ਮਿਲਦਾ ਹੈ। ਰੱਬ ਦੀ ਸਿਫ਼ਤਿ-ਸਾਲਾਹ ਹੀ ਅਸਲ ਜਨੇਊ ਹੈ ਜੋ ਕਦੇ ਟੁੱਟਦਾ ਵੀ ਨਹੀਂ:
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ॥
ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ॥
ਪੰਡਤਿ ਨੇ ਆਪਣੇ ਇੰਦਰਿਆਂ ਅਤੇ ਨਾੜੀਆਂ ਨੂੰ ਅਜਿਹਾ ਜਨੇਊ ਨਹੀਂ ਪਾਇਆ ਜਿਸ ਤੋਂ ਵਿਕਾਰਾਂ ਵੱਲੋਂ ਉਨ੍ਹਾਂ ਨੂੰ ਰੋਕ ਕੇ ਰੱਖ ਸਕੇ ਅਤੇ ਵਿਕਾਰਾਂ ਕਾਰਨ ਹਰ ਰੋਜ਼ ਆਪਣੀ ਬਦਨਾਮੀ ਕਰਾਉਂਦਾ ਹੈ। ਆਪਣੇ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਕੇ ਕਰਾਉਂਦਾ ਹੈ ਅਤੇ ਪੱਤਰੀਆਂ ਸੋਧ ਸੋਧ ਕੇ ਉਨ੍ਹਾਂ ਨੂੰ ਰਸਤੇ ਦੱਸਦਾ ਹੈ। ਇਹ ਅਚਰਜ ਤਮਾਸ਼ਾ ਹੈ ਕਿ ਮਨ ਤੋਂ ਅਤੇ ਅਕਲ ਤੋਂ ਅੰਨ੍ਹਾ ਹੈ ਪ੍ਰੰਤੂ ਆਪਣਾ ਨਾਮ ਸਿਆਣਾ ਅਰਥਾਤ ਪੰਡਤਿ ਰੱਖਿਆ ਹੋਇਆ ਹੈ:
ਤਗੁ ਨ ਇੰਦ੍ਰੀ ਤਗੁ ਨ ਨਾਰੀ॥ ਭਲਕੇ ਥੁਕ ਪਵੈ ਨਿਤ ਦਾੜੀ॥
ਤਗੁ ਨ ਪੈਰੀ ਤਗੁ ਨ ਹਥੀ॥ਤਗੁ ਨ ਜਿਹਵਾ ਤਗੁ ਨ ਅਖੀ॥
ਵੇਤਗਾ ਆਪੇ ਵਤੈ॥ਵਟਿ ਧਾਗੇ ਅਵਰਾ ਘਤੈ॥
ਲੈ ਭਾੜਿ ਕਰੇ ਵੀਅਹੁ॥ਕਢਿ ਕਾਗਲੁ ਦਸੇ ਰਾਹੁ॥
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥ਮਨਿ ਅੰਧਾ ਨਾਉ ਸੁਜਾਣੁ॥4॥
(ਪੰ.471)
ਇਹ ਕਹਿਣਾ ਕਿ ਗੁਰੂ ਤੇਗ ਬਹਾਦਰ ਨੇ ਜਨੇਊ ਪਹਿਨਿਆ ਹੋਇਆ ਸੀ ਜੋ ਸੀਸ ਉਤਰ ਜਾਣ `ਤੇ ਵੀ ਨਹੀਂ ਸੀ ਟੁੱਟਿਆ ਬਹੁਤ ਵੱਡਾ ਕੁਫਰ ਹੈ ਜਦਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਬਾਰੇ ਆਪਣੀ ਬਾਣੀ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਚਾਰ ਕੌਡੀਆਂ ਦਾ ਖਰੀਦਿਆ ਧਾਗਾ ਹੈ, ਜਿਸ ਨੂੰ ਪੰਡਤਿ ਵੱਟ ਚਾੜ੍ਹ ਕੇ ਗਲ ਵਿਚ ਪੁਆ ਦਿੰਦਾ ਹੈ ਅਤੇ ਪੁਰਾਣਾ ਹੋ ਕੇ ਝੜ ਵੀ ਜਾਂਦਾ ਹੈ ਅਤੇ ਟੁੱਟ ਵੀ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਨੂੰ ਕਿਸੇ ਪੰਡਿਤ ਜਾਂ ਯੱਗ ਵਿਚ ਕੋਈ ਵਿਸ਼ਵਾਸ ਨਹੀਂ ਸੀ। ਗੁਰੂ ਗੋਬਿੰਦ ਸਿੰਘ ਨੇ ਅਨੁਭਵ ਕੀਤਾ ਕਿ ਸਿੱਖ ਪੰਥ ਨੂੰ ਇਕ ਤਰ੍ਹਾਂ ਦੇ ਮਜ਼ਬੂਤ ਸੰਗਠਨ ਦੀ ਲੋੜ ਹੈ ਜਿਸ ਵਿਚ ਅੰਦਰੂਨੀ ਇਕਮੁੱਠਤਾ ਹੋਵੇ ਅਤੇ ਜੋ ਬਾਹਰੀ ਸੁਰੱਖਿਆ ਮੁਹੱਈਆ ਕਰ ਸਕੇ। ਇਸੇ ਲਈ ਉਨ੍ਹਾਂ ਨੇ ਪੁਰਾਣੀ ਚਰਨ-ਪਹੁਲ ਦੀ ਰਸਮ ਨੂੰ ਨਵੀਂ ਖੰਡੇ-ਬਾਟੇ ਦੀ ਪਾਹੁਲ ਵਿਚ ਬਦਲਣ ਦਾ ਵਿਚਾਰ ਲਿਆਂਦਾ ਜਿਸ ਨਾਲ ਗੁਰੂ ਨਾਨਕ ਦੇ ਸਿਰਜੇ ਪੰਥ (ਮਾਰਗ) ਨੂੰ ਹੋਰ ਮਜ਼ਬੂਤੀ ਬਖਸ਼ਦਿਆਂ ਇਕ ਨਵਾਂ ਰੂਪ ਦਿੱਤਾ ਜਾ ਸਕੇ। ਇਹ ਕੋਈ ਰਾਤੋ-ਰਾਤ ਵਾਪਰੀ ਘਟਨਾ ਨਹੀਂ ਸੀ। ਇਹ ਤਾਂ ਪਰਮਾਤਮਾ ਦੀ ਮੌਜ ਵਿਚ ਰਚਿਆ ਹੋਇਆ ਖਾਲਸਾ ਸੀ। ਇਹ ਇਕ ਸਹਿਜ ਅਮਲ ਸੀ ਜਿਸ ਦੀ ਨੀਂਹ ਗੁਰੂ ਨਾਨਕ ਨੇ “ਸਿਰੁ ਧਰਿ ਤਲੀ ਗਲੀ ਮੇਰੀ ਆਉ” ਕਹਿ ਕੇ ਧਰੀ ਸੀ। ਪ੍ਰੰਤੂ ਸਦੀਆਂ ਤੱਕ ਵਰਨ-ਆਸ਼ਰਮ ਵੰਡ `ਤੇ ਆਧਾਰਤ ਕਰਕੇ ਦੱਬੀ-ਕੁਚਲੀ, ਸਮਾਜਿਕ ਗੁਲਾਮੀ ਦਾ ਸੰਤਾਪ ਹੰਢਾਅ ਰਹੀ ਲੋਕਾਈ ਇਸ ਇਨਕਲਾਬੀ ਤਬਦੀਲੀ ਵਾਸਤੇ ਮਾਨਸਿਕ ਤੌਰ `ਤੇ ਰਾਤੋ ਰਾਤ ਤਿਆਰ ਨਹੀਂ ਸੀ ਹੋ ਸਕਦੀ। ਗਲੀਆਂ ਸੜੀਆਂ ਸਮਾਜਿਕ ਰਹੁ-ਰੀਤਾਂ ਅਤੇ ਕਰਮ-ਕਾਂਡੀ ਧਾਰਮਿਕ ਵਿਧੀਆਂ ਨਾਲ ਜੰਗਾਲੀ ਮਾਨਸਿਕਤਾ ਨੂੰ ਸਾਫ-ਸੁਥਰੀ ਅਤੇ ਸੱਜਰੀ ਨਿਰਮਲਤਾ ਵਿਚ ਬਦਲਣ ਖਾਤਰ, ਜੋ ਇਸ ਤੇਜ਼ਧਾਰਕ ਇਨਕਲਾਬੀ ਵਿਚਾਰਧਾਰਾ ਨੂੰ ਅੰਦਰ ਸੰਜੋਅ ਸਕਣ ਦੇ ਯੋਗ ਹੋਵੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਤੱਕ, ਪੂਰੀਆਂ ਦਸ ਪੀੜ੍ਹੀਆਂ ਲੱਗੀਆਂ।
ਖਾਲਸੇ ਦੀ ਸਿਰਜਣਾ ਆਮ ਮਨੁੱਖ ਅੰਦਰ ਉਸ ਸਵੈ-ਭਰੋਸਾ ਪੈਦਾ ਕਰਕੇ ਸਿਰ ਉਚਾ ਕਰਕੇ ਜਿਊਣ ਦਾ ਵੱਲ ਸਿਖਾਉਣ ਲਈ ਕੀਤੀ ਗਈ ਜੋ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਦੇ ਸਿਧਾਂਤ ਅਨੁਸਾਰ ਵਿਚਰੇ। ਜੇ ਸਿੱਖ ਧਰਮ ਹਿੰਦੂ ਧਰਮ ਦੀ ਰਾਖੀ ਲਈ ਹੀ ਸਾਜਿਆ ਹੁੰਦਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਨਾਲ ਯੁੱਧਾਂ ਦੀ ਸ਼ੁਰੂਆਤ ਰਾਜਪੂਤ ਪਹਾੜੀ ਰਾਜਿਆਂ ਤੋਂ ਨਾ ਹੋਈ ਹੁੰਦੀ। ਪਹਿਲਾ ਯੁੱਧ 18 ਸਤੰਬਰ 1688 ਨੂੰ ਗੜ੍ਹਵਾਲ ਦੇ ਰਾਜਾ ਫਤਿਹ ਚੰਦ ਨਾਲ ਭਗਾਣੀ ਦੇ ਸਥਾਨ `ਤੇ ਹੋਇਆ ਜਿਸ ਵਿਚ ਹਮਲਾ ਫਤਿਹ ਚੰਦ ਨੇ ਕੀਤਾ ਸੀ। ਇਸ ਯੁੱਧ ਵਿਚ ਮੁਸਲਮਾਨ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਅਤੇ ਮੁਰੀਦਾਂ ਸਮੇਤ ਗੁਰੂ ਸਾਹਿਬ ਦੀ ਹਿਮਾਇਤ ਵਿਚ ਖੜ੍ਹਾ ਹੋਇਆ। 1699 ਦੀ ਵਿਸਾਖੀ ਤੇ ਪੰਜ ਪਿਆਰੇ ਸਾਜ ਕੇ ਖਾਲਸੇ ਦੀ ਸਿਰਜਣਾ ਕੀਤੀ ਜਿਸ ਵਿਚ; ਪੰਜ ਪਿਆਰੇ ਹਿੰਦੁਸਤਾਨ ਦੇ ਵੱਖ ਵੱਖ ਇਲਾਕਿਆਂ ਤੋਂ ਵੱਖ ਵੱਖ ਵਰਣਾਂ ਨਾਲ ਸਬੰਧਤ ਸਨ। ਸ਼ਿਵਾਲਿਕ ਦੇ ਜਾਤ-ਅਭਿਮਾਨ ਵਿਚ ਗਰੱਸੇ ਪਹਾੜੀ ਰਾਜਿਆਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ। ਉਹ ਬਿਲਾਸਪੁਰ ਦੇ ਰਾਜੇ ਦੀ ਅਗਵਾਈ ਵਿਚ ਇਕੱਠੇ ਹੋਏ ਅਤੇ 1700 ਤੋਂ 1704 ਤੱਕ ਗੁਰੂ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਜਦੋਂ ਸਫਲ ਨਹੀਂ ਹੋਏ ਤਾਂ ਉਨ੍ਹਾਂ ਨੇ ਔਰੰਗਜ਼ੇਬ ਨੂੰ ਮਦਦ ਲਈ ਅਪੀਲ ਕੀਤੀ ਅਤੇ ਮੁਗ਼ਲ ਫੌਜਾਂ ਦੀ ਸਹਾਇਤਾ ਨਾਲ ਅਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਾਇਆ। ਚਮਕੌਰ ਸਾਹਿਬ ਦੇ ਯੁੱਧ ਵਿਚ ਵੀ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਮੁਗ਼ਲ ਫੌਜ ਨਾਲ ਰਲ ਕੇ ਗੁਰੂ ਗੋਬਿੰਦ ਸਿੰਘ ਦੇ ਖਿ਼ਲਾਫ਼ ਯੁੱਧ ਕੀਤਾ। ਚਮਕੌਰ ਦੀ ਗੜ੍ਹੀ ਤੋਂ ਨਿਕਲ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਰਾਹੀਂ ਮਾਲਵਾ ਖੇਤਰ ਵਿਚ ਪਹੁੰਚੇ ਤਾਂ ਗਨੀ ਖਾਂ ਅਤੇ ਨਬੀ ਖਾਂ ਪਠਾਣਾਂ ਨੇ ਆਪਣੀ ਜਾਨ ਦਾ ਜੋਖਮ ਉਠਾ ਕੇ ਗੁਰੂ ਸਾਹਿਬ ਦੀ ਅੱਗੇ ਜਾਣ ਵਿਚ ਮੱਦਦ ਕੀਤੀ। ਅੱਗੇ ਰਾਇਕੋਟ ਦੇ ਮੁਸਲਿਮ ਸ਼ਰਧਾਲੂ ਰਾਇ ਕਲ੍ਹਾ ਨੇ ਦੀਨਾ ਕਾਂਗੜ ਤੱਕ ਪਹੁੰਚਣ ਵਿਚ ਸਹਾਇਤਾ ਕੀਤੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਾਰਨ ਗੰਗੂ ਬਣਿਆ ਜਿਹੜਾ ਗੁਰੂ ਘਰ ਦਾ ਰਸੋਈਆ ਸੀ। ਨਵਾਬ ਮਲੇਰਕੋਟਲਾ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਵਿਰੋਧਤਾ ਕੀਤੀ ਕਿਉਂਕਿ ਬੱਚਿਆਂ `ਤੇ ਜ਼ੁਲਮ ਕਰਨਾ ਇਸਲਾਮ ਦੇ ਖਿ਼ਲਾਫ ਸੀ ਪ੍ਰੰਤੂ ਦੀਵਾਨ ਸੁੱਚਾ ਨੰਦ ਨੇ ਸ਼ਹਾਦਤ ਲਈ ਇਹ ਕਹਿ ਕੇ ਉਕਸਾਇਆ ਕਿ ਵੱਡੇ ਹੋ ਕੇ ਉਹ ਮੁਗ਼ਲ ਸਾਮਰਾਜ ਦੇ ਜ਼ੁਲਮਾਂ ਦੇ ਖਿ਼ਲਾਫ਼ ਲੜਨਗੇ। ਗੁਰਮਤਿ ਦਰਸ਼ਨ ਜਾਤਿ ਜਾਂ ਧਰਮ ਦੇ ਨਾਮ ‘ਤੇ ਕੋਈ ਵਖਰੇਵਾਂ ਨਹੀਂ ਕਰਦਾ। ਇਸੇ ਲਈ ਜੇ ਗੁਰੂ ਤੇਗ ਬਹਾਦਰ ਨਾਲ ਦਿੱਲੀ ਜਾ ਕੇ ਸ਼ਹਾਦਤ ਦੇਣ ਵਾਲੇ ਭਾਈ ਸਤੀ ਦਾਸ ਅਤੇ ਮਤੀ ਦਾਸ ਬ੍ਰਾਹਮਣ ਪਰਿਵਾਰਾਂ ਵਿਚੋਂ ਸਨ ਤਾਂ ਬਾਬੇ ਨਾਨਕ ਦਾ ਸਾਥੀ ਮਰਦਾਨਾ, ਗੁਰੂ ਅਰਜਨ ਦੇਵ ਪਾਤਿਸ਼ਾਹ ਦਾ ਸਤਿਕਾਰ ਕਰਨ ਵਾਲਾ ਸਾਈਂ ਮੀਆਂ ਮੀਰ, ਗੁਰੂ ਗੋਬਿੰਦ ਸਿੰਘ ਦਾ ਸਾਥ ਦੇਣ ਵਾਲੇ ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ ਅਤੇ ਰਾਇ ਕਲ੍ਹਾ ਵਰਗੇ ਸ਼ਰਧਾਲੂ ਮੁਸਲਮਾਨ ਸਨ।