‘ਤਾਰਿਆਂ ਦੇ ਦੇਸ’ ਦੀਆਂ ਗੱਲਾਂ ਸੁਣਨ ਹੀ ਵਾਲੀਆਂ

ਪ੍ਰੋਫੈਸਰ ਹਰਦੇਵ ਸਿੰਘ ਦੀ ਕਿਤਾਬ ਦਾ ਆਗਮਨ
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
‘ਤਾਰਿਆਂ ਦੇ ਦੇਸ’ ਵਿਚ ਵੱਸ ਰਹੀਆਂ 101 ਕਵਿਤਾਵਾਂ ਨੂੰ ਮਿਲ ਕੇ ਦਿਲ ਵਿਚ ਕਿੰਨਾ ਕੁਝ ਸਾਕਾਰ ਹੋ ਗਿਆ-ਆਪਣਾ ਇਤਿਹਾਸ, ਆਪਣਾ ਦਰਦ ਅਤੇ ਸਮੁੱਚੀ ਮਾਨਵਤਾ ਨਾਲ ਵੀ ਸਾਂਝ।

‘ਬਿਬੇਕਗੜ ਪ੍ਰਕਾਸ਼ਨ’ ਵੱਲੋਂ ਛਾਪੀ ਇਸ ਯਾਦਗਾਰੀ ਪੁਸਤਕ ਦੇ ਲੇਖਕ ਹਨ- ਭਾਈ ਹਰਦੇਵ ਸਿੰਘ ਜੋ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਚ ਪ੍ਰੋਫੈਸਰ ਦੇ ਅਹੁਦੇ ‘ਤੇ ਕੰਮ ਕਰਦੇ ਹਨ। ਹਰਦੇਵ ਸਿੰਘ ਗੁਰਮਤਿ ਕਾਲਜ ਪਟਿਆਲਾ ਦੇ ਸਾਬਕਾ ਵਿਦਿਆਰਥੀ ਵੀ ਰਹੇ ਹਨ ਜਿੱਥੇ ਪਿਛਲੇ 50 ਸਾਲਾਂ ਦੌਰਾਨ ਕਰੀਬ 400 ਤੋਂ ਵੱਧ ਵਿਦਿਆਰਥੀ ਵਿਸ਼ੇਸ਼ ਕਰਕੇ ਸਿੱਖ ਧਰਮ ਅਤੇ ਹੋਰ ਧਰਮਾਂ ਵਿਚ ਪੋਸਟ ਗਰੈਜੂਏਟ ਦੀ ਡਿਗਰੀ ਹਾਸਲ ਕਰ ਚੁੱਕੇ ਹਨ। ਪੰਜਾਬ ਵਿਚ ਆਪਣੀ ਕਿਸਮ ਦਾ ਇਹ ਇੱਕੋ ਇੱਕ ਨਿਵੇਕਲਾ ਕਾਲਜ ਹੈ ਜਿੱਥੇ ਕਈ ਵਿਦਿਆਰਥੀ ਤਾਂ ਪੀਐਚ-ਡੀ ਕਰ ਕੇ ਉਚੇ ਪਦਾਂ ‘ਤੇ ਸੁਸ਼ੋਭਿਤ ਰਹੇ ਹਨ।
ਤੁਸੀਂ ਪੁੱਛ ਸਕਦੇ ਹੋ ਕਿ ਕੀ ਕਿਹਾ ਗਿਆ ਹੈ ਇਨ੍ਹਾਂ ਕਵਿਤਾਵਾਂ ਵਿਚ? ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਉਚੇ ਪੜਾਅ ‘ਤੇ ਵਿਚਾਰ ਅਤੇ ਜਜ਼ਬੇ ਇਕ ਥਾਂ ‘ਤੇ ਇਕੱਠੇ ਹੋ ਗਏ ਹਨ। ਕਈ ਕਵਿਤਾਵਾਂ ਵਿਚ ਤਾਂ ਇਹ ਪਤਾ ਨਹੀਂ ਲੱਗਦਾ ਕਿ ਵਿਚਾਰ ਨੇ ਜਜ਼ਬਿਆਂ ਦਾ ਰੂਪ ਧਾਰਨ ਕੀਤਾ ਹੈ ਜਾਂ ਜਜ਼ਬੇ ਵਿਚਾਰਾਂ ਵਿਚ ਘੁਲ-ਮਿਲ ਗਏ ਹਨ। ਕੁਝ ਕਵਿਤਾਵਾਂ ਵਿਚ ਹਰਦੇਵ ਸਿੰਘ ਦੀ ਨਜ਼ਰ ‘ਤਾਰਿਆਂ ਦੇ ਦੇਸ’ ਤੋਂ ਵੀ ਦੂਰ ਤੱਕ ਜਾਂਦੀ ਮਹਿਸੂਸ ਹੁੰਦੀ ਹੈ। ਮਿਸਾਲ ਵਜੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ‘ਤੇ ਅੱਲ੍ਹਾ ਯਾਰ ਖ਼ਾਂ ਜੋਗੀ ਵੱਲੋਂ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ, ਮੇਰਾ ਖਿਆਲ ਹੈ ਹੁਣ ਤਕ ਇਸ ਵਿਸ਼ੇ ਉੱਤੇ ਲਿਖੀਆਂ ਕਵਿਤਾਵਾਂ ਵਿਚੋਂ ਸਿਰਮੌਰ ਸਥਾਨ ਰੱਖਦੀ ਹੈ। ਹਰਦੇਵ ਸਿੰਘ ਮੁਤਾਬਕ ਅੱਲ੍ਹਾ ਯਾਰ ਖਾਂ ਜੋਗੀ ਨੇ ਸਾਹਿਬਜ਼ਾਦਿਆਂ ਦੇ ਮੁਖ ‘ਤੇ ਪਾਤਾਲ ਤੋਂ ਵੀ ਡੂੰਘੀਆਂ ਲਾਲੀਆਂ ਨੂੰ ਜਿਵੇਂ ਆਪਣੇ ਜ਼ਿਹਨ ਵਿਚ ਪਾਲ ਕੇ ਕਵਿਤਾ ਲਿਖੀ, ਉਸ ਨਾਲ ਅੱਲ੍ਹਾ ਯਾਰ ਖਾਂ ਕਵਿਤਾ ਵਿਚ ਸਰਹੰਦ ਸ਼ਹਿਰ ਦਾ ਮੋਤੀ ਬਣ ਗਿਆ ਹੈ, ਉਹ ਚਮਕੌਰ ਦਾ ‘ਸਿਪਾਹੀ’ ਹੈ, ਉਸ ਦੀ ਕਲਾ ’ਖੰਡਾ’ ਹੋ ਗਈ ਤੇ ਡੁੱਲ੍ਹਿਆ ਖੂਨ ਪਵਿੱਤਰ ਸਿਆਹੀ’ ਹੈ। ਕੁਝ ਕਵਿਤਾਵਾਂ ਦਾਨਸ਼ਵਰ ਸ਼ਾਇਰੀ ਦਾ ਵੀ ਪ੍ਰਤੀਕ ਜਾਪਦੀਆਂ ਹਨ।

ਇਥੇ ਇਹ ਚੇਤੇ ਵੀ ਕਰਾਇਆ ਜਾ ਰਿਹਾ ਹੈ ਕਿ ਹਰਦੇਵ ਸਿੰਘ ਵੱਲੋਂ ਲਿਖੀ ਪੁਸਤਕ ‘ਮਸੀਹੀਅਤ ਅਤੇ ਥਿਆਲੋਜੀ’ ਵੀ ਧਾਰਮਿਕ ਹਲਕਿਆਂ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ, ਕਿਉਂਕਿ ਇਹ ਇਕ ਅਜਿਹੀ ਕਿਤਾਬ ਹੈ ਜਿਸ ਵਿਚ ਈਸਾ ਮਸੀਹ ਦਾ ਜੀਵਨ ਤੇ ਇਸਾਈ ਮੱਤ ਨਾਲ ਸਬੰਧਤ ਧਰਮ ਸ਼ਾਸਤਰ (ਥਿਆਲੋਜੀ) ਦੇ ਪਿਛਲੇ ਦੋ ਹਜ਼ਾਰ ਸਾਲ ਦੇ ਗੁੰਝਲਦਾਰ ਇਤਿਹਾਸ ਵਿਚ ਵਾਪਰੇ ਅਹਿਮ ਵਰਤਾਰਿਆਂ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ।
ਕਵਿਤਾਵਾਂ ਪੜ੍ਹ ਕੇ ਹਰਿੰਦਰ ਸਿੰਘ ਮਹਿਬੂਬ ਦੀ ‘ਝਨਾਂ ਦੀ ਰਾਤ’ ਯਾਦ ਆ ਗਈ ਜਿੱਥੇ ਅਣਗਿਣਤ ਰੰਗਾਂ ਦੀ ਪੀਂਘ ਚੜ੍ਹੀ ਹੈ।
1849 ਵਿਚ ਖਾਲਸਾ ਰਾਜ ਦਾ ਅਲੋਪ ਹੋ ਜਾਣਾ ਅੱਜ ਤੱਕ ਵੀ ਜਿਸਮ ਤੇ ਰੂਹ ਨੂੰ ਸਤਾਉਂਦਾ ਤੇ ਰਵਾਉਂਦਾ ਹੈ। ‘ਢਲਦੀਆਂ ਸ਼ਾਮਾਂ’ ਉਡਦੀਆਂ ਕੂੰਜਾਂ ‘ਮਾਰੂਥਲ ਦੀਆਂ ਬੂੰਦਾਂ’ ਅਤੇ ‘ਵਗਦੀਆਂ ਹਵਾਵਾਂ’ ਨੂੰ ‘ਰਾਣੀ ਜਿੰਦ ਕੌਰ’ ਵਾਲੀ ਕਵਿਤਾ ਯਕੀਨ ਦਵਾਉਂਦੀ ਹੈ ਕਿ ਖਾਲਸਾ ਰਾਜ ਦੇ ਸ਼ਾਨੋ-ਸ਼ੌਕਤ ਦੇ ਜ਼ਮਾਨੇ ਮੁੜ ਆਉਣਗੇ। ਇਹ ਕਵਿਤਾ ਪੜ੍ਹ ਕੇ ਫਿਲਮ ‘ਬਲੈਕ ਪ੍ਰਿੰਸ’ ਦੀ ਯਾਦ ਆ ਰਹੀ ਹੈ ਜਿਸ ਵਿਚ ਜਲਾਵਤਨ ਮਹਾਰਾਜਾ ਦਲੀਪ ਸਿੰਘ ਦੀ ਦਾਸਤਾਨ ਖਾਲਸੇ ਦੀ ਪੀੜ ਹੋ ਨਿੱਬੜਦੀ ਹੈ।
ਕੀ ‘ਦਿਲ’ ਦੀ ਦੁਨੀਆਂ ਸਮੁੰਦਰਾਂ ਜਿੰਨੀ ਡੂੰਘੀ ਹੀ ਹੁੰਦੀ ਹੈ? ਹਰਦੇਵ ਸਿੰਘ ਇਸ ਸੱਚ ਤੋਂ ਕਿਸੇ ਹੋਰ ‘ਵੱਡੇ ਸੱਚ’ ਦੀ ਤਲਾਸ਼ ਵਿਚ ਹੈ। ਉਹ ਇਸ ਵਿਚਾਰ ਤੋਂ ਦੂਰੀ ਬਣਾ ਕੇ ਰੱਖਦਾ ਹੈ ਜਿਸ ਵਿਚ ਦਿਲ ਨੂੰ ਸਮੁੰਦਰਾਂ ਜਿੰਨਾ ਡੂੰਘਾ ਦੱਸਣ ਵਾਲੇ ਕਵੀ ਦਿਲ ਦੀ ਪਰਵਾਜ਼ ਅਤੇ ਤਾਕਤ ਨੂੰ ਹੱਦਾਂ ਵਿਚ ਬੰਨ੍ਹ ਦੇਂਦੇ ਹਨ। ਇਸ ਬੰਦ ਨੂੰ ਧਿਆਨ ਧਰ ਕੇ ਪੜ੍ਹੋ:
ਦਿਲ ਦਰਿਆ ਸਮੁੰਦਰੋਂ ਡੂੰਘੇ ਲਿਖਣਾ ਸਹੀ ਨਹੀਂ।
ਅਣਤੋਲੇ ਨੂੰ ਕੰਡੇ ਲਾਉਣੇ ਚੰਗੇ ਨਹੀਂ ਹੁੰਦੇ।
ਉਸ ਵਾਦੀ ਦਾ ਨਕਸ਼ਾ ਦਿਲ ਵਿਚ ਹਾਜ਼ਰ ਹੁੰਦਾ ਏ।
ਜਿਹੜੇ ਰਾਹੋਂ ਕਦੇ ਮੁਸਾਫ਼ਰ ਲੰਘੇ ਨਹੀਂ ਹੁੰਦੇ।
ਜੂਨ 1984 ਨੂੰ ਦਰਬਾਰ ਸਾਹਿਬ ਵਿਚ ਫੌਜ ਦਾ ਮੁਕਾਬਲਾ ਕਰਨ ਵਾਲੇ ਸਿੰਘ ਹਰਦੇਵ ਸਿੰਘ ਵਾਸਤੇ ਫਕੀਰ ਹਨ, ਜਿਨ੍ਹਾਂ ਨੇ ਜਦੋਂ ਆਪਣੇ ਮਾਲਾ ਵਾਲੇ ਹੱਥਾਂ ਵਿਚ ਸ਼ਮਸ਼ੀਰ ਫੜੀ ਤਾਂ ਇਹ ਕੌਤਕ ਵਾਪਰਿਆ:
ਜਦ ਸ਼ਸਤਰ ਨੂੰ ਮਾਲਾ ਵਾਲੇ ਛੋਹੇ ਹੱਥ ਫ਼ਕੀਰਾਂ।
ਵੇਖ ਹੁਸਨ ਸ਼ਮਸ਼ੀਰਾਂ ਵਾਲੇ ਛਿਥੀਆਂ ਪੈ ਗਈਆਂ ਹੀਰਾਂ।
ਵੇਖ ਕੇ ਹੱਥ ਸਿੰਘਾਂ ਦੇ ਵੈਰੀ ਕੱਢਦੇ ਫਿਰਨ ਲਕੀਰਾਂ।
ਅਸਲੋਂ ਦਹਿਕੇ ਕਾਲ ਦਾ ਲਾਵਾ ਦੂਰੋਂ ਦਿਸਦੀਆਂ ਖੀਰਾਂ।
ਲੇਖਕ ਲਈ ਪੰਜਾਬ ਦੀ ਸਾਰੀ ਜ਼ਮੀਨ ‘ਗੁਰੂ ਨਾਨਕ ਦੇ ਖੇਤ’ ਹਨ। ਦਿੱਲੀ ਵਿਚ ਲੱਗੇ ਕਿਸਾਨ ਮੋਰਚੇ ਦੌਰਾਨ ਹਰਦੇਵ ਸਿੰਘ ਹਾਕਮਾਂ ਨੂੰ ਇਹ ਚੁਣੌਤੀ ਦੇ ਰਿਹਾ ਹੈ:
ਤੂੰ ਲੱਖ ਜਬਰ ਅਜ਼ਮਾ ਲਵੀਂ ਅਸੀਂ ਸੀ ਨਾ ਕਰੀਏ।
ਪਰ ਗੁਰੂ ਨਾਨਕ ਦੇ ਖੇਤਾਂ ਨੂੰ ਕਿਉਂ ਗਹਿਣੇ ਧਰੀਏ?
ਉਹ ਕਿਹੜੀ ਤਸਵੀਰ ਹੈ ਜੋ ਸਾਨੂੰ ਕਲਾਕਾਰਾਂ ਦੀਆਂ ਤਸਵੀਰਾਂ ਤੋਂ ਵੀ ਪਾਰ ਲੈ ਜਾਵੇ ਯਾਨੀ ਜਾਪੁ ਸਾਹਿਬ ਮੁਤਾਬਕ ‘ਕਿ ਚਿਤਰੰ ਬਿਹੀਨੈ’ ਦੀ ਪੈਰਵੀ ਕਰੇ, ਜੋ ਕਲਾਕਾਰਾਂ ਦੀ ਕਲਪਨਾ ਵਿਚ ਵੀ ਨਹੀਂ ਆ ਸਕਦੀ ਅਤੇ ਜੋ ਸਿੱਖ ਪੰਥ ਦੇ ਦਿਲ ਦਿਮਾਗ ਵਿਚ ਧੁੰਦਲੀ ਕਿਉਂ ਹੁੰਦੀ ਜਾ ਰਹੀ ਹੈ, ਲੇਖਕ ਸਾਨੂੰ ਇਸ ਬੰਦ ਰਾਹੀਂ ਯਾਦ ਕਰਵਾ ਰਿਹਾ ਜਾਪਦਾ ਹੈ:
ਮੂਰਤ ਗੁਰ ਦੀ ਸ਼ਬਦ ਬਿਨਾਂ ਕੋਈ ਹੋਰ ਬਣਾਈਏ ਨਾ।
ਕਲਾਕਾਰ ਦੀ ਕਲਪਨਾ ਸਾਹਵੇਂ ਸੀਸ ਝੁਕਾਈਏ ਨਾ।
ਬਹੁਤੀਆਂ ਕਵਿਤਾਵਾਂ ਅਤੀਤ ਦੀਆਂ ਯਾਦਾਂ ਦਾ ਸੁਹਾਵਣਾ ਮੇਲਾ ਹੈ, ਪਰ ਸੰਦੇਸ਼ ਵਰਤਮਾਨ ਲਈ ਹੈ। ਕੁਝ ਬੰਦ ਦੂਰ ਤੱਕ ਦੀ ਸੈਰ ਕਰਾਉਂਦੇ ਹਨ। ਮਿਸਾਲ ਵਜੋਂ ਗੁਰੂ ਗ੍ਰੰਥ ਸਾਹਿਬ ਵਿਚ ਸੂਫ਼ੀ, ਜੋਗੀ ਅਤੇ ਹੋਰ ਕਿੰਨੇ ਕਲਚਰ ਰੌਸ਼ਨ ਹੋਏ ਹਨ, ਪਰ ਲੇਖਕ ਮੁਤਾਬਿਕ ਅਗਲੇ ‘ਪੈਂਡਿਆਂ ਦੀ ਪੈੜ’ ਗੁਰੂ ਨਾਨਕ ਦੀ ਪੈੜ ਵਿਚੋਂ ਹੀ ਲੱਭ ਸਕੇਗੀ:
ਸੂਫ਼ੀ ਜੋਗੀ ਭਗਤ ਸਿਧ ਗੁਰੂ ਗਰੰਥ ‘ਚ ਆਣ ਮਿਲੇ।
ਅਗਲੇ ਪੈਂਡੇ ਗੁਰੂ ਨਾਨਕ ਦੀ ਪੈੜ ‘ਚੋਂ ਲੱਭਣਗੇ।
ਪਰਦੇਸਾਂ ਵਿਚ ਜਾਣ, ਵਸਣ ਅਤੇ ਕਮਾਉਣ ਲਈ ਲੱਗੀ ਦੌੜ ਤੋਂ ਵੀ ਲੇਖਕ ਉਦਾਸ ਹੈ ਅਤੇ ਉਮੀਦ ਕਰਦਾ ਹੈ ਕਿ ਇਹ ਬਨਵਾਸ ਕਦੇ ਨਾ ਕਦੇ ਮੁੱਕੇਗਾ:
ਤੈਨੂੰ ਕਿਤ ਬਿਰਹੇ ਦਾ ਰੋਗ ਸੋਹਣੇ ਪੰਜਾਬ ਸਿਆਂ,
ਨਿੱਤ ਕਰਦਾ ਏਂ ਪਰਵਾਜ਼ ਕਹੇ ਪਰਵਾਜ਼ ਭਰਾਂ।

ਕੁਝ ਕਵਿਤਾਵਾਂ ਦਿਲ ਤੋਂ ਦਿਮਾਗ ਵੱਲ ਯਾਤਰਾ ਕਰਦੀਆਂ ਹਨ ਜਦਕਿ ਕੁਝ ਦਿਮਾਗ ਤੋਂ ਤੁਰ ਕੇ ਦਿਲ ਨੂੰ ਪ੍ਰਗਟ ਕਰਦੀਆਂ ਹਨ। ਕੁਝ ਕਵਿਤਾਵਾਂ ਤੁਹਾਨੂੰ ਉਦਾਸ ਵੀ ਕਰਦੀਆਂ ਹਨ ਪਰ ਇਸ ਉਦਾਸੀ ਵਿਚ ਵੀ ਤੁਸੀਂ ਚੜ੍ਹਦੀ ਕਲਾ ਦਾ ਅਹਿਸਾਸ ਮਾਣਦੇ ਹੋ। ਏਥੇ ‘ਤੀਰ ਵਾਲੇ ਬਾਬੇ’ ਨਾਲ ਵੀ ਮੇਲ ਹੁੰਦਾ ਹੈ ਅਤੇ ਗਰਜਾ ਸਿੰਘ ਤੇ ਬੋਤਾ ਸਿੰਘ ਵੀ ਦੋ ਘੜੀਆਂ ਦੀ ਹਕੂਮਤ ਕਰਦੇ ਹਨ। ਜ਼ੁਲਮ ਦਾ ਪ੍ਰਤੀਕ ‘ਸੈਣੀ’ ਵੀ ਕਿਤੇ ਨਾ ਕਿਤੇ ਮਿਲੇਗਾ ਜੋ ਕਵਿਤਾ ਅੰਦਰ ਹੁਣ ਖੁੱਡਾਂ ਵਿਚ ਲੁਕਦਾ ਫਿਰਦਾ ਹੈ। ਜ਼ੁਲਮ ਦਾ ਮੁਕਾਬਲਾ ਕਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜੇ ਲਈ ਵੀ ਵਿਸ਼ੇਸ਼ ਥਾਂ ਰਾਖਵੀਂ ਹੈ।
ਖਾਲਸੇ ਦੀ ਰੂਹ ਵਿਚ ਹਰਿਮੰਦਰ ਸਾਹਿਬ ਦਾ ਕੀ ਸਥਾਨ ਹੈ, ਖਾਲਸਾ ਪੰਥ ਇਸ ਕਵਿਤਾ ਰਾਹੀਂ ਫੈਸਲਾ ਸੁਣਾ ਰਿਹਾ ਹੈ:
ਹਰਿਮੰਦਰ ਨੂੰ ਲਸ਼ਕਰ ਕੋਈ ਬਾਦਸ਼ਾਹੀ ਜਦ ਘੇਰੇ।
ਫੇਰ ਜਥੇ “ਜਰਨੈਲ ਸਿੰਘਾਂ” ਦੇ ਰਣ ਵਿਚ ਲਾਵਣ ਡੇਰੇ।

ਸਿੰਘ ਸਤਵੰਤ ਦੇ ਖ਼ਾਬਾਂ ਵਿਚ ਜੇ ਬਾਜ ਨਾ ਫੇਰਾ ਪਾਉਂਦਾ।
ਪੰਥ-ਖਾਲਸਾ ਦੁਨੀਆਂ ਦੇ ਨਾਲ ਕੀਕਣ ਅਖ ਮਿਲਾਉਂਦਾ।

ਜੇ ਬੇਅੰਤ ਦੀ ਸੁਰਤ ਨਾ ਸੁਣਦੀ ਸ਼ੂਕ ਤੀਰਾਂ ਦੀ ਪੈਂਦੀ।
ਅਜਲਾਂ ਤੀਕਰ ਪੰਥ ਦੇ ਨੈਣੀਂ ਰੜਕ ਦਿੱਲੀ ਦੀ ਰਹਿੰਦੀ।