ਐਮਰਜੈਂਸੀ, ਮੀਸਾ ਅਤੇ ਜੇਲ੍ਹ

ਰਵਿੰਦਰ ਸਹਿਰਾਅ
ਅੰਬਰਸਰ ਦੇ ਇੰਟੈਰੋਗੇਸ਼ਨ ਸੈਂਟਰ ਵਿਚ ਇਕ ਹਫ਼ਤੇ ਦੇ ਰਿਮਾਂਡ ਤੋਂ ਬਾਅਦ ਮੈਨੂੰ ਅਤੇ ਕਮਲਜੀਤ ਵਿਰਕ ਨੂੰ ਸਬ-ਜੇਲ੍ਹ ਕਪੂਰਥਲਾ ਵਿਚ ਲਿਆਂਦਾ ਗਿਆ। ਫ਼ਰਵਰੀ 1976 ਦਾ ਇਹ ਦੂਜਾ ਹਫ਼ਤਾ ਸੀ। ਕਹਿਰਾਂ ਦੀ ਠੰਢ। ਦੂਜੇ ਦੋ ਸਾਥੀਆਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ, ਬਿੱਕਰ ਕੰਮੇਆਣਾ ਨੂੰ ਫ਼ਰੀਦਕੋਟ ਅਤੇ ਜਸਜੀਤ ਖਹਿਰਾ ਨੂੰ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ।

ਬਾਅਦ ਦੁਪਹਿਰ ਸਖ਼ਤ ਸੁਰੱਖਿਆ ਹੇਠ ਅਸੀਂ ਜੇਲ੍ਹ ਦੇ ਦਿਉ ਕੱਦ ਦਰਵਾਜ਼ੇ ਮੋਹਰੇ ਖੜ੍ਹੇ ਸਾਂ। ਪੁਲੀਸ ਇੰਚਾਰਜ ਨੇ ਛੋਟੀ ਖਿੜਕੀ ਖੜਕਾਈ ਤੇ ਅੰਦਰ ਖੜ੍ਹੇ ਗਾਰਦ ਨਾਲ ਗੱਲਬਾਤ ਤੋਂ ਪਿੱਛੋਂ ਸਾਨੂੰ ਇੱਕ-ਇਕ ਕਰ ਕੇ ਉਸ ਖਿੜਕੀ ਵਿਚੋਂ ਲੰਘਾ ਕੇ ਡਿਓੜੀ ਵਿਚ ਲਿਜਾਇਆ ਗਿਆ। ਖਿੜਕੀ ਬੰਦ ਕਰਨ ਤੋਂ ਬਾਅਦ ਸਾਡੀਆਂ ਹੱਥਕੜੀਆਂ ਖੋਲ੍ਹ ਦਿੱਤੀਆਂ ਗਈਆਂ। ਜੇਲ੍ਹ ਸੁਪਰਡੈਂਟ ਹਾਜ਼ਰ ਨਹੀਂ ਸੀ। ਸਾਨੂੰ ਉਸ ਦੇ ਦਫ਼ਤਰ ਵਿਚ ਬਿਠਾ ਕੇ ਕਾਗ਼ਜ਼ੀ ਕਾਰਵਾਈ ਕੀਤੀ ਗਈ। ਦੋ ਗਾਰਦ ਸਾਨੂੰ ਸਾਡੇ ਸੈੱਲ (ਕਮਰਾ) ਤੱਕ ਲੈ ਗਏ। ਇਹ ਕੋਈ ਸੱਤ ਫੁੱਟ ਚੌੜਾ ਤੇ ਦਸ ਫੁੱਟ ਲੰਮਾ ਸੀ। ਸਾਡੇ ਲਈ ਦੋ ਮੈਲੇ-ਕੁਚੈਲੇ ਗੱਦੇ ਤੇ ਦੋ ਮੁਸ਼ਕ ਮਾਰਦੇ ਕੰਬਲ ਵੀ ਲਿਆ ਕੇ ਦਿੱਤੇ।
ਕਮਲਜੀਤ ਵਿਰਕ ਸਾਡੇ ਸਾਰਿਆਂ ਤੋਂ ਛੋਟਾ ਸੀ। ਮਸਾਂ ਉੱਨੀ-ਵੀਹ ਸਾਲ ਦਾ। ਸਭ ਤੋਂ ਜ਼ਿਆਦਾ ਤਸ਼ੱਦਦ ਵੀ ਉਸ ਉੱਪਰ ਹੋਇਆ ਸੀ। ਉਸ ਦੇ ਪੈਰਾਂ ਦੀਆਂ ਤਲੀਆਂ ਦੋ ਇੰਚ ਤਕ ਸੁੱਜੀਆਂ ਹੋਈਆਂ ਸਨ, ਜਿਸ ਕਰਕੇ ਤੁਰਨਾ ਵੀ ਮੁਹਾਲ ਸੀ। ਦੋ ਬੰਦਿਆਂ ਦੇ ਸਹਾਰੇ ਨਾਲ ਆਹਿਸਤਾ-ਆਹਿਸਤਾ ਤੁਰਦਾ ਸੀ ਪਰ ਫੇਰ ਵੀ ਪੂਰੇ ਹੌਸਲੇ ਵਿਚ ਸੀ। ਸ਼ਾਮ ਨੂੰ ਸਾਨੂੰ ਦੋ-ਦੋ ਰੋਟੀਆਂ ਤੇ ਪਾਣੀ ਵਾਂਗ ਤਰਲ ਦਾਲ ਖਾਣ ਨੂੰ ਮਿਲੀ। ਰਾਤ ਦੀ ਡਿਊਟੀ ਕਰਦੇ ਇਕ ਗਾਰਡ, ਜਿਸ ਦਾ ਨਾਂ ਮੰਗਾ ਸਿੰਘ ਸੀ, ਨੇ ਸਾਡੇ ਨਾਲ ਬੜੀ ਹਮਦਰਦੀ ਦਿਖਾਈ। ਉਹ ਨਕੋਦਰ ਲਾਗਲੇ ਕਿਸੇ ਪਿੰਡ ਦਾ ਸੀ। ਉਸ ਨੇ ਸਾਨੂੰ ਦੱਸਿਆ ਕਿ ਅਕਾਲੀ ਦਲ ਵਲੋਂ ਜੇਲ੍ਹ ਭਰੋ ਮੋਰਚੇ ਅਧੀਨ ਦਸ-ਪੰਦਰਾਂ ਅਕਾਲੀ ਵਰਕਰ ਵੀ ਇੱਥੇ ਬੰਦ ਹਨ। ਕੱਲ੍ਹ ਉਹ ਤੁਹਾਨੂੰ ਮਿਲਣਗੇ। ਉਸ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਤੁਹਾਡੇ ਬਾਰੇ ਦੱਸ ਆਇਆ ਹਾਂ। ਉਸ ਨੇ ਸਾਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਤਾੜਨਾ ਵੀ ਕੀਤੀ ਕਿ ਕਿਤੇ ਜੇਲ੍ਹਰ ਨੂੰ ਨਾ ਪਤਾ ਲੱਗੇ ਕਿਉਂਕਿ ਲੰਬੜਦਾਰ (ਪੁਰਾਣੇ ਕੈਦੀ) ਹਰ ਗੱਲ ਜੇਲ੍ਹ ਸੁਪਰਡੈਂਟ ਨੂੰ ਦੱਸਦੇ ਰਹਿੰਦੇ ਹਨ।
ਸਾਰੀ ਰਾਤ ਅਸੀਂ ਲਗਭਗ ਜਾਗਦਿਆਂ ਹੀ ਕੱਟੀ। ਇਕ ਤਾਂ ਕੁੱਟ ਕਾਰਨ ਹੱਡਾਂ-ਪੈਰਾਂ ’ਚੋਂ ਉੱਠਦੀਆਂ ਚੀਸਾਂ ਤੇ ਦੂਜੇ ਮੁਸ਼ਕ ਮਾਰਦੇ ਕੰਬਲ ਤੇ ਉੱਤੋਂ ਲੋਹੜੇ ਦੀ ਠੰਢ। ਪਰ ਇਸ ਆਸ ਨਾਲ ਕਿ ਸਵੇਰੇ ਅਸੀਂ ਆਮ ਕੈਦੀਆਂ ਅਤੇ ਅਕਾਲੀ ਵਰਕਰਾਂ ਨਾਲ ਗੱਲਬਾਤ ਕਰਾਂਗੇ ਤਾਂ ਵਕਤ ਸੌਖਾ ਨਿਕਲ ਜਾਏਗਾ, ਸਵੇਰ ਹੋਣ ਦੀ ਉਡੀਕ ਕਰਦੇ ਰਹੇ। ਸਵੇਰ ਹੋਈ ਤਾਂ ਸਾਡਾ ਗੇਟ ਖੜਕਾਇਆ ਗਿਆ। ਸਾਨੂੰ ਅੰਦਰ ਪਏ ਬਾਟੇ (ਕੌਲੇ) ਗੇਟ ਲਾਗੇ ਕਰਨ ਲਈ ਕਿਹਾ ਗਿਆ, ਜਿਸ ਵਿਚ ਉਨ੍ਹਾਂ ਚਾਹ ਦੀ ਸ਼ਕਲ ਵਰਗਾ ਗਰਮ ਪਾਣੀ ਪਾਇਆ। ਮਰਦਾ ਕੀ ਨਹੀਂ ਕਰਦਾ, ਅਸੀਂ ਉਸ ਨੂੰ ਸ਼ਰਬਤ ਵਾਂਗ ਪੀ ਲਿਆ ਤੇ ਦਿਲ ਨੂੰ ਕੁਛ ਧਰਵਾਸ ਆਇਆ। ਕੋਈ ਅੱਠ ਦਿਨਾਂ ਬਾਅਦ ਸਾਨੂੰ ਇਹ ਚਾਹ ਰੂਪੀ ਗਰਮ ਜਲ ਪੀਣ ਨੂੰ ਮਿਲਿਆ ਸੀ।
ਤਕਰੀਬਨ ਨੌਂ-ਦਸ ਵਜੇ ਸਾਰਿਆਂ ਦੇ ਗੇਟ ਖੋਲ੍ਹੇ ਗਏ। ਸਾਰੇ ਕੈਦੀ ਜੰਗਲ ਪਾਣੀ ਵਾਸਤੇ ਇਕ ਲੰਮੀ ਲਾਈਨ ਬਣਾ ਕੇ ਖੜ੍ਹ ਗਏ ਅਤੇ ਵਾਰੀ-ਵਾਰੀ ਟੱਟੀਖ਼ਾਨਿਆਂ ਵਿਚ ਵੜਨ ਲੱਗੇ। ਅਸੀਂ ਜਿੰਨੀ ਵੀ ਛੇਤੀ ਹੋ ਸਕਿਆ, ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੁਸ਼ਕ ਸੱਠ ਮੀਲ ਦੀ ਸਪੀਡ ਵਾਂਗ ਸਾਡੀਆਂ ਨਾਸਾਂ ਵਿਚ ਵੜ ਰਿਹਾ ਸੀ।
ਵਿਹਲੇ ਹੋ ਕੇ ਅਸੀਂ ਖੁੱਲ੍ਹੇ ਵਿਹੜੇ ਵਿਚ ਆ ਕੇ ਧੁੱਪ ਸੇਕਣ ਦੇ ਮਕਸਦ ਨਾਲ ਬੈਠ ਗਏ। ਸਾਹਮਣੇ ਇਕ ਵੱਡ ਆਕਾਰੀ ਰਸੋਈ ਵਿਚ ਲਾਂਗਰੀ ਵੱਡੇ-ਵੱਡੇ ਪਤੀਲਿਆਂ ਵਿਚ ਦਾਲ ਰਿੰਨ੍ਹ ਰਹੇ ਸਨ। ਉੱਡਦੀ ਭਾਫ਼ ਨਾਲ ਦਾਲ ਦੀ ਖੁਸ਼ਬੋ ਸਾਡੀ ਭੁੱਖ ਨੂੰ ਚਮਕਾ ਰਹੀ ਸੀ। ਅਕਾਲੀ ਵਰਕਰ ਸਾਡੇ ਦੁਆਲੇ ਆਣ ਇਕੱਠੇ ਹੋ ਗਏ। ਉਨ੍ਹਾਂ ਦੇ ਆਗੂ ਜਥੇਦਾਰ ਜੁਗਿੰਦਰ ਸਿੰਘ ਬਾਜਵਾ ਤੇ ਬਜ਼ੁਰਗ ਆਗੂ ਜਥੇਦਾਰ ਮੰਗਲ ਸਿੰਘ ਸਨ ਜਿਹੜੇ ਸੁਲਤਾਨਪੁਰ ਇਲਾਕੇ ਦੇ ਸਨ। ਉਨ੍ਹਾਂ ਸਾਡਾ ਹਾਲ-ਚਾਲ ਪੁੱਛਿਆ ਤੇ ਸਾਡੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵੀ ਕਿਹਾ। ਸਾਰੇ ਪੁਲਿਸ ਦੀ ਬੇਰਹਿਮ ਕੁੱਟਮਾਰ ਦੀ ਨਿੰਦਿਆ ਕਰ ਰਹੇ ਸਨ। ਆਮ ਕੈਦੀ ਵੀ ਸਾਡੇ ਨਾਲ ਬੜੀ ਹਮਦਰਦੀ ਦਿਖਾ ਰਹੇ ਸਨ। ਨਾਲ ਹੀ ਤਰ੍ਹਾਂ-ਤਰ੍ਹਾਂ ਦੇ ਸੁਆਲ ਵੀ ਕਰ ਰਹੇ ਸਨ। ਉਹ ਹੈਰਾਨ ਸਨ ਕਿ ਅਸੀਂ ਤਾਂ ਕਾਲਜਾਂ ਦੇ ਵਿਦਿਆਰਥੀ ਹਾਂ, ਫਿਰ ਸਾਨੂੰ ਕਿਉਂ ਫੜਿਆ ਗਿਆ ਹੈ। ਅਸੀਂ ਕਿਹਾ, ‘ਭਰਾਵੋ, ਹੌਲੀ-ਹੌਲੀ ਤੁਹਾਨੂੰ ਸਾਰੀ ਗੱਲਬਾਤ ਸਮਝਾਵਾਂਗੇ। ਹੁਣ ਅਸੀਂ ‘ਪਤਾ ਨਹੀਂ’ ਕਿੰਨਾ ਚਿਰ ਤੁਹਾਡੇ ਕੋਲ ਹੀ ਆਂ।’
ਜੇਲ੍ਹਾਂ ਵਿਚ ਕੈਦੀਆਂ ਦੀ ਵੀ ਕਲਾਸ ਬਣੀ ਹੁੰਦੀ ਹੈ। ਕਤਲ ਦੇ ਕੇਸਾਂ ਵਿਚ ਬੰਦ ਕੈਦੀ ਆਪਣੇ-ਆਪ ਨੂੰ ਬੜੇ ਫੰਨੇ ਖਾਂ ਸਮਝਦੇ ਹਨ। ਨਿੱਕੀਆਂ-ਮੋਟੀਆਂ ਚੋਰੀਆਂ-ਚਕਾਰੀਆਂ ਕਰਨ ਵਾਲੇ, ਜੇਬ ਕਤਰੇ ਜਾਂ ਸੱਤ ਇਕਵੰਜਾ ਕੇਸਾਂ ਵਿਚ ਬੰਦੀਆਂ ਨੂੰ ਉਹ ਹੇਠਲੇ ਦਰਜੇ ਦੇ ਨਿਕੰਮੇ ਸਮਝਦੇ ਹਨ। ਉਨ੍ਹਾਂ ਨਾਲ ਵਿਹਾਰ ਵੀ ਬੜਾ ਮਾੜਾ ਕਰਦੇ ਹਨ ਪਰ ਸਿਆਸੀ ਕੈਦੀਆਂ ਦੀ ਉਹ ਬਹੁਤ ਇੱਜ਼ਤ ਕਰਦੇ ਹਨ।
ਅਗਲੇ ਦਿਨ ਸਾਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਸਾਡੇ ’ਤੇ ਡੀ.ਆਈ.ਆਰ. (ਡਿਫ਼ੈਂਸ ਆਫ਼ ਇੰਡੀਆ ਰੂਲ) ਲਾਇਆ ਗਿਆ ਸੀ। ਸਾਡਾ ਕੇਸ ਦੋ ਵੱਖ-ਵੱਖ ਮੈਜਿਸਟਰੇਟਾਂ ਨੂੰ ਸੌਂਪਿਆ ਗਿਆ। ਕਮਲਜੀਤ ਨੂੰ ਉਸ ਦੇ ਵੱਡੇ ਭਰਾ ਪ੍ਰੋ. ਹਰਬੰਸ ਸਿੰਘ ਵਿਰਕ ਤੇ ਕੁਝ ਹੋਰ ਮਿਲਣ ਆਏ ਹੋਏ ਸਨ। ਪ੍ਰੋ. ਭਾਜੀ ਨੇ ਉਸ ਦੀ ਪੈਰਵਾਈ ਲਈ ਸ਼ਹਿਰ ਦਾ ਇਕ ਨਾਮੀ ਵਕੀਲ ਮਿਸਟਰ ਪੁਰੀ ਹਾਇਰ ਕੀਤਾ ਹੋਇਆ ਸੀ। ਮੇਰੇ ਪਿੰਡੋਂ ਬੀਬੀ ਇਕੱਲੀ ਹੋਣ ਕਾਰਨ ਮਿਲਣ ਨਾ ਆ ਸਕੀ। ਸ਼ਾਇਦ ਉਸ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਸਾਨੂੰ ਕਪੂਰਥਲੇ ਲੈ ਆਂਦਾ ਹੈ। ਨਾਲੇ ਉਹਨੂੰ ਇਹ ਖ਼ਬਰ ਵੀ ਨਹੀਂ ਸੀ ਕਿ ਸਾਨੂੰ ਕਿੱਥੇ ਰੱਖਿਆ ਗਿਆ ਸੀ। ਖ਼ੈਰ… ਸਾਡੀ ਅਗਲੀ ਤਰੀਕ ਪੈ ਗਈ।
ਕਪੂਰਥਲਾ ਜੇਲ੍ਹ ਮੇਰੇ ਲਈ ਨਵੀਂ ਨਹੀਂ ਸੀ। 1974 ਵਿਚ ਜਦੋਂ ਅਸੀਂ ਖੇਤੀ ਇੰਸਪੈਕਟਰਾਂ ਦੀ ਹੜਤਾਲ ਦੇ ਹੱਕ ਵਿਚ ਫਗਵਾੜੇ ਰੈਲੀ ਕਰ ਰਹੇ ਸੀ ਤਾਂ ਸਾਨੂੰ ਪੰਜ-ਛੇ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਹਥਿਆਰਾਂ ਦਾ ਕੇਸ ਪਾ ਤਿੰਨ-ਚਾਰ ਮਹੀਨੇ ਇੱਥੇ ਰੱਖਿਆ ਗਿਆ ਸੀ। ਕਈ ਤਰੀਕਾਂ ਪੈਣ ਤੋਂ ਬਾਅਦ ਜਦੋਂ ਜੱਜ ਨੇ ਪੁਲਿਸ ਇੰਸਪੈਕਟਰ ਨੂੰ ਪੁੱਛਿਆ ਕਿ ਇਨ੍ਹਾਂ ਦੇ ਹਥਿਆਰ ਕਿੱਥੇ ਹਨ? ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ। ਫਗਵਾੜੇ ਰਿਕਸ਼ਾ ਚਾਲਕ ਦੀ ਇਕ ਯੂਨੀਅਨ ਬਣੀ ਹੋਈ ਸੀ, ਜਿਸ ਦੇ ਪ੍ਰਧਾਨ ਐਡਵੋਕੇਟ ਮਿਸਟਰ ਆਜ਼ਾਦ ਸਨ। ਸਾਨੂੰ ਕਚਹਿਰੀ ਵਿਚ ਨਾਅਰੇ ਮਾਰਦੇ ਦੇਖ ਕੇ ਉਹ ਸਾਡੇ ਕੋਲ ਆਏ ਅਤੇ ਸਾਡਾ ਕੇਸ ਮੁਫ਼ਤ ਲੜਨ ਦੀ ਪੇਸ਼ਕਸ਼ ਕੀਤੀ। ਉਸ ਨੇ ਵੀ ਪੁਲਿਸ ਨੂੰ ਕਈ ਸਵਾਲ ਕੀਤੇ। ਅਸੀਂ ਵੀ ਜੱਜ ਨੂੰ ਕਿਹਾ, ‘ਜੀ ਸਾਡੇ ਕੋਲ ਸਾਡੇ ਬੋਲ ਤੇ ਨਾਅਰੇ ਹੀ ਸਾਡਾ ਹਥਿਆਰ ਹੈ।’ ਫਿਰ ਕੀ ਸੀ, ਉਸ ਨੇ ਪੁਲਿਸ ਨੂੰ ਝਾੜਾਂ ਪਾਈਆਂ ਤੇ ਸਾਨੂੰ ਰਿਹਾਅ ਕਰ ਦਿੱਤਾ।
ਪਿੰਡ ਅਸੀਂ ਦੋ ਗਾਵਾਂ ਪਾਲੀਆਂ ਹੋਈਆਂ ਸਨ। ਬੜੀਆਂ ਹੀ ਪਿਆਰੀਆਂ ਵਲੈਤਣ ਗਾਵਾਂ। ਕਾਲਜ ਤੋਂ ਆ ਕੇ ਮੈਂ ਉਨ੍ਹਾਂ ਦੀ ਦੇਖਭਾਲ ਕਰਦਾ ਸੀ। ਪਰ ਹੁਣ ਮੁਸ਼ਕਲ ਆਣ ਬਣੀ ਕਿ ਬੀਬੀ ’ਕੱਲੀ ਕਿਵੇਂ ਸੰਭਾਲੇ। ਸਾਡੇ ਪਿੰਡ ਦੇ ਇਕ ਦੋਸਤ ਮਰਹੂਮ ਗੁਰਦਿਆਲ (ਦਾਲਾ) ਜੋ ਸਾਡੀ ਨੌਜੁਆਨ ਭਾਰਤ ਸਭਾ ਦਾ ਸਰਗਰਮ ਮੈਂਬਰ ਸੀ, ਨੇ ਗਾਵਾਂ ਆਪਣੇ ਖੂਹ ’ਤੇ ਲੈ ਆਂਦੀਆਂ। ਪਰ ਉਹ ਵੀ ਕਿੰਨਾ ਕੁ ਚਿਰ ਸੰਭਾਲ ਸਕਦੇ ਸਨ। ਸਾਡਾ ਬਾਹਰ ਨਿੱਕਲਣਾ ਤਾਂ ਹੁਣ ਅਨਿਸ਼ਚਿਤ ਸੀ। ਗਾਈਆਂ ਦੇ ਦੁੱਧ-ਘਿਉ ਵੇਚ ਕੇ ਬੀਬੀ ਗੁਜ਼ਾਰਾ ਕਰ ਲੈਂਦੀ ਸੀ। ਸੋ ਆਖ਼ਰ ਉਨ੍ਹਾਂ ਨੂੰ ਵੇਚਣਾ ਪਿਆ। ਵੱਡੇ ਦੋਵੇਂ ਭਰਾ ਟਾਟਾ ਨਗਰ (ਬਿਹਾਰ) ਟਾਟਾ ਕੰਪਨੀ ਵਿਚ ਨੌਕਰੀ ਕਰਦੇ ਸਨ। ਉਹ ਮਾਤਾ ਨੂੰ ਤਾਂ ਸੌ ਰੁਪਏ ਮਹੀਨਾ ਭੇਜਦੇ ਰਹੇ ਪਰ ਮੇਰੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਕਿਉਂਕਿ ਮੈਂ ਉਨ੍ਹਾਂ ਦੇ ਕਹਿਣ ’ਤੇ ਦਸਵੀਂ ਕਰਨ ਤੋਂ ਬਾਅਦ ਉੱਥੇ ਨੌਕਰੀ ਕਰਨਾ ਠੁਕਰਾ ਦਿੱਤਾ ਸੀ। ਦੂਜੇ ਇਕ ਹੋਰ ਮਾੜੀ ਘਟਨਾ ਵਾਪਰ ਗਈ। ਸਾਡੇ ਪਿੰਡ ਦਾ ਇਕ ਬਦਮਾਸ਼ ਕਿਸਮ ਦਾ ਬੰਦਾ ਸੀ। ਨਾਂ ਸੀ ਉਸ ਦਾ ਆਤਮਾ ਸਿੰਘ। ਉਸ ਨੇ ਸਾਡੀ ਪੈਲੀ ’ਤੇ ਕਬਜ਼ਾ ਕਰ ਲਿਆ। ਪਿੰਡ ਵਾਲਿਆਂ ਨੂੰ ਉਹ ਕਹਿੰਦਾ ਕਿ ਸ਼ਿੰਦੇ ਨੇ (ਪਿੰਡ ਦਾ ਛੋਟਾ ਨਾਂਅ) ਤਾਂ ਹੁਣ ਕਦੀ ਬਾਹਰ ਨਹੀਂ ਆਉਣਾ। ਪੁਲਿਸ ਵਾਲੇ ਵੀ ਉਸ ਕੋਲ ਉੱਠਦੇ-ਬੈਠਦੇ ਸਨ।
ਪੰਚਾਇਤ ਵੀ ਬੁਲਾਈ ਗਈ ਪਰ ਨਾ ਮੰਨਿਆ। ਬੀਬੀ ਬੜੀ ਪ੍ਰੇਸ਼ਾਨ ਸੀ। (ਬਾਅਦ ਵਿਚ ਅਸੀਂ ਜੇਲ੍ਹ ਤੋਂ ਬਾਹਰ ਆ ਕੇ ਬਲਦੇਵ ਤੇ ਹੋਰ ਸਾਥੀਆਂ ਦੀ ਮਦਦ ਨਾਲ ਜ਼ਮੀਨ ਛੁਡਵਾ ਲਈ ਸੀ।)
ਪਰ ਹੁਣ ਦੋ ਸਾਲਾਂ ਬਾਅਦ ਹਾਲਾਤ ਬਿਲਕੁਲ ਵੱਖਰੇ ਸਨ। ਜੇਲ੍ਹ ਸੁਪਰਡੈਂਟ ਦੀਆਂ ਨਜ਼ਰਾਂ ਵਿਚ ਅਸੀਂ ਖ਼ਤਰਨਾਕ ਕੈਦੀ ਸਾਂ। ਮਹੀਨੇ ਕੁ ਬਾਅਦ ਜਦੋਂ ਡਿਪਟੀ ਕਮਿਸ਼ਨਰ ਨੇ ਜੇਲ੍ਹ ਦਾ ਦੌਰਾ ਕੀਤਾ ਤਾਂ ਜੇਲ੍ਹ ਸੁਪਰਡੈਂਟ ਬੈਠਕ ਦੇ ਹਰ ਕਮਰੇ ਮੋਹਰੇ ਆ ਕੇ ਕੈਦੀਆਂ ਬਾਰੇ ਦੱਸ ਰਿਹਾ ਸੀ। ਜਦੋਂ ਸਾਡੇ ਸੈੱਲ ਦੇ ਸਾਹਮਣੇ ਆਇਆ ਤਾਂ ਉਸ ਨੇ ਅੰਗਰੇਜ਼ੀ ਵਿਚ ਡੀ.ਸੀ. ਨੂੰ ਦੱਸਿਆ ਕਿ ਇਹ ਬਹੁਤ ਖ਼ਤਰਨਾਕ ਨੈਕਸਲਾਈਟ ਹਨ। ਇਸੇ ਕਰਕੇ ਇਨ੍ਹਾਂ ਨੂੰ ਵੱਖਰੇ ਸੈੱਲ ਵਿਚ ਬੰਦ ਕੀਤਾ ਗਿਆ ਹੈ। ਸਾਨੂੰ ਬੋਲਣ ਦਾ ਮੌਕਾ ਵੀ ਨਾ ਦਿੱਤਾ ਗਿਆ। ਐਮਰਜੈਂਸੀ ਦੌਰਾਨ ਸਿਆਸੀ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮੱਗਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਬਹੁਤੇ ਮਾੜੇ-ਮੋਟੇ ਨਸ਼ੇ ਵੇਚਣ ਵਾਲੇ ਅਤੇ ਨਾਲ ਹੀ ਕਾਂਗਰਸ ਦੇ ਆਗੂਆਂ ਵਲੋਂ ਉਨ੍ਹਾਂ ਨਾਲ ਲਾਗਡਾਟ ਵਾਲੇ ਵੀ ਸਨ। ਜੇਲ੍ਹ ਸੁਪਰਡੈਂਟ ਝੰਡਾ ਸਿੰਘ, ਜੋ ਸਾਬਕਾ ਫ਼ੌਜੀ ਕੈਪਟਨ ਸੀ, ਬੜੇ ਹੀ ਅੜ੍ਹਬ ਸੁਭਾਅ ਦਾ ਸੀ। ਉਸ ਨੂੰ ਸਾਡੇ ਕੋਲੋਂ ਤਾਂ ਕੀ ਮਿਲਣਾ ਸੀ ਪਰ ਉਹ ‘ਸੋ ਕਾਲਡ ਸਮੱਗਲਰਾਂ’ ਕੋਲੋਂ ਰਕਮ ਵਸੂਲਦਾ ਸੀ। ਜਿਹੜਾ ਨਾ ਦੇ ਸਕਦਾ ਉਸ ਨੂੰ ਤੰਗ ਸੈੱਲਾਂ ਵਿਚ ਬੰਦ ਕਰ ਦਿੰਦਾ। ਸਿੱਟੇ ਵਜੋਂ ਉਹ ਹਰ ਮਹੀਨੇ ਨੋਟਾਂ ਨਾਲ ਉਸ ਦਾ ਮੂੰਹ ਬੰਦ ਕਰਦੇ ਸਨ।
ਜੇਲ੍ਹ ਵਿਚ ਨਾਮ ਨਿਹਾਦ ਡਾਕਟਰ ਵੀ ਡਿਊਟੀ ਦੇਣ ਆਉਂਦੇ ਹਨ। ਅਸੀਂ ਵੀ ਉਸ ਪਾਸੋਂ ਸੱਟਾਂ ਦੇ ਆਰਾਮ ਲਈ ਗੋਲੀਆਂ ਆਦਿ ਲੈਂਦੇ ਰਹੇ। ਸਮਾਂ ਪਾ ਕੇ ਅਸੀਂ ਨੌਰਮਲ ਹੋ ਗਏ। ਹੁਣ ਤਾਂ ਜੇਲ੍ਹ ਸਾਨੂੰ ਆਪਣਾ ਘਰ ਹੀ ਲੱਗਣ ਲੱਗ ਪਈ ਸੀ। ਮੈਂ ਕਈ ਨਜ਼ਮਾਂ ਵੀ ਲਿਖੀਆਂ। ਕੁਝ ਚਿੱਠੀਆਂ ਰਾਹੀਂ ਬਾਹਰ ਵੀ ਭੇਜੀਆਂ ਪਰ ਬਾਅਦ ’ਚ ਪਤਾ ਲੱਗਾ ਕਿ ਉਹ ਤਾਂ ਸੈਂਸਰ ਦੀ ਭੇਟ ਚੜ੍ਹ ਗਈਆਂ ਸੀ। ਫਿਰ ਅਸੀਂ ਸ਼ਹਿਰੋਂ ਜੇਲ੍ਹ ਅੰਦਰ ਮਲ-ਮੂਤਰ ਸਾਫ਼ ਕਰਨ ਆਉਂਦੇ ਭੰਗੀ ਨਾਲ ਦੋਸਤੀ ਪਾਈ, ਜਿਸ ਦਾ ਨਾਮ ਦੁਰਗਾ ਸੀ। ਅਸੀਂ ਮੁਲਾਕਾਤਾਂ ’ਤੇ ਆਇਆ ਖਾਣ-ਪੀਣ ਦਾ ਸਾਮਾਨ ਉਸ ਨਾਲ ਸਾਂਝਾ ਕਰਦੇ ਤੇ ਬਾਹਰ ਜਾਣ ਲੱਗੇ ਨੂੰ ਚਿੱਠੀਆਂ ਵੀ ਫੜਾ ਦਿੰਦੇ, ਜੋ ਉਹ ਬਾਹਰ ਜਾ ਕੇ ਪੋਸਟ ਕਰ ਦਿੰਦਾ। ਇਸ ਤਰ੍ਹਾਂ ਇਹ ਸੈਂਸਰ ਤੋਂ ਬਚ ਜਾਂਦੀਆਂ।
ਜੇਲ੍ਹ ਅੰਦਰ ਇਕ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਸੀ। ਅਕਾਲੀ ਵਰਕਰ ਸਾਰਾ ਦਿਨ ਪਾਠ ਕਰਦੇ ਰਹਿੰਦੇ। ਸੰਗਰਾਂਦ ਵਾਲੇ ਦਿਨ ਅਤੇ ਹੋਰ ਦਿਨ ਤਿਉਹਾਰ ’ਤੇ ਸਾਰੇ ਕੈਦੀ ਇਕੱਠੇ ਹੁੰਦੇ। ਸਾਨੂੰ ਭਾਸ਼ਣ ਕਰਨ ਲਈ ਆਖਿਆ ਜਾਂਦਾ। ਅਸੀਂ ਜੰਮ ਕੇ ਇੰਦਰਾ ਸਰਕਾਰ ਦੀ ਭੰਡੀ ਕਰਦੇ ਤੇ ਉਨ੍ਹਾਂ ਨੂੰ ਸਮਝਾਉਂਦੇ ਕਿ ਐਮਰਜੈਂਸੀ ਲਾ ਕੇ ਕਿਵੇਂ ਨਾਗਰਿਕਾਂ ਦੇ ਬੁਨਿਆਦੀ ਹੱਕਾਂ ਉੱਪਰ ਡਾਕਾ ਮਾਰਿਆ ਗਿਆ ਹੈ। ਇਕ ਇਕੱਠ ਵਿਚ ਮੈਂ ਆਪਣੀ ਕਵਿਤਾ ਸੁਣਾਈ:
ਪਿੰਡਾਂ ਜਿਹਾ ਪਿੰਡ
ਹਾਂ, ਏਥੇ ਵੀ ਹਰ ਸੁਬ੍ਹਾ ਬੰਦੀ ਖੁੱਲ੍ਹਣੇ ਤੋਂ ਬਾਅਦ
ਤੇ ਹਰ ਆਥਣ ਬੰਦੀ ਹੋਣ ਤੋਂ ਪਹਿਲਾਂ
ਪਿੰਡਾਂ ਜਿਹਾ ਪਿੰਡ ਵਸਦਾ ਹੈ
ਹੱਥਾਂ ਵਿਚ ਹੱਥ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ
ਮਿਲਵੇਂ ਸੁਭਾਅ ਦੀਆਂ ਢਾਣੀਆਂ
ਇੰਨ ਬਿੰਨ ਪਿੰਡਾਂ ਦੀ ਤਰ੍ਹਾਂ
ਵਿਹੜੇ ’ਚੋਂ ਉੱਗੇ ਤੂਤਾਂ ਦੀ ਠੰਢੀ ਛਾਂ ਹੇਠਾਂ
ਤਾਸ਼ ਖੇਡਦੇ ਕਿਲਕਾਰੀਆਂ ਮਾਰਦੇ ਹਨ ਕੁਝ ਮਨਚਲੇ।

ਕੁਝ ਚਿੱਟੀਆਂ ਦਾੜ੍ਹੀਆਂ ਵਾਲੇ
ਜਿਨ੍ਹਾਂ ਦੇ ਚਿਹਰਿਆਂ ਉੱਪਰ
ਸੂ ਰਹੇ ਕਰਜ਼ੇ ਨੇ ਹੈ ਗੰਭੀਰਤਾ ਲੈ ਆਂਦੀ
ਕੋਈ ਦਾਨੀ ਜਿਹੀ ਗੱਲ ਕਰਦੇ ਹਨ।
ਜਦ ਵੀ ਕੋਈ ਦਿਨ ਤਿਉਹਾਰ ਆਉਂਦਾ ਹੈ
ਲੋਕੀਂ ਏਥੇ ਵੀ ਇਕੱਠ ਕਰਦੇ ਹਨ
ਫਿਰ ਗੱਲਾਂ ’ਚੋਂ ਗੱਲ ਨਿੱਕਲਦੀ ਹੋਈ
ਪਹੁੰਚ ਜਾਂਦੀ ਹੈ ਵਕਤ ਦਿਆਂ ਹਾਕਮਾਂ ’ਤੇ।
ਹਾਂ ਮੁਖਬਰ ਮੁਖਬਰੀ ਕਰਨੋਂ ਏਥੇ ਵੀ ਬਾਜ਼ ਨਹੀਂ ਆਉਂਦੇ
ਪਰ ਲੋਕਾਂ ਦੀ ਰੋਹ ਭਰੀ ਤੱਕਣੀ ਦਾ
ਵਾਰ ਵੀ ਨਹੀਂ ਸਹਿੰਦੇ।

ਹਰ ਰੋਜ਼ ਇੰਜ ਹੀ ਚਲਦਾ ਹੈ
ਸ਼ਾਮ ਦੇ ਘੁਸਮੁਸੇ ਅੰਦਰ
ਸ਼ੀਲਤਾ ਅਸ਼ਲੀਲਤਾ ਦੀਆਂ ਹੱਦਾਂ ਟੱਪਦੀ
ਗੂੰਜ ਉੱਠਦੀ ਹੈ ਕਿਸੇ ਕੈਦੀ ਦੀ ਵੈਰਾਗੀ ਜਿਹੀ ਆਵਾਜ਼
ਤੇ ਸੀਖਾਂ ਅੰਦਰੋਂ ਉੱਡ ਰਹੇ ਪੰਛੀਆਂ ਨੂੰ ਤੱਕ ਕੇ
ਵੱਧ ਜਾਂਦੀ ਹੈ ਜ਼ਿੰਦਗੀ ਲਈ ਹੋਰ ਵੀ ਹਸਰਤ
ਤੇ ਦੁਸ਼ਮਣਾਂ ਲਈ ਹੋ ਵੀ ਨਫ਼ਰਤ।

ਹਾਂ ਏਥੇ ਵੀ ਪਿੰਡਾਂ ਜਿਹਾ ਪਿੰਡ ਵਸਦਾ ਹੈ
ਫਰਕ ਏਨਾ ਕਿ
ਉਹ ਦੀਵਾਰਾਂ ਦੇ ਬਾਹਰ ਵਸਦਾ ਹੈ
ਤੇ ਇਹ ਦੀਵਾਰਾਂ ਦੀ ਵਲਗਣ ਦੇ ਅੰਦਰ ਵਸਦਾ ਹੈ।
(ਜੁਲਾਈ 1976)
ਤਰੀਕਾਂ ’ਤੇ ਤਰੀਕਾਂ ਪੈਂਦੀਆਂ ਗਈਆਂ। ਇਕ ਤਰੀਕ ’ਤੇ ਮੈਂ ਦੇਖਿਆ ਕਿ ਮੇਰੀ ਹੱਥਕੜੀ ਬੜੀ ਢਿੱਲੀ ਜਿਹੀ ਹੈ। ਮੇਰਾ ਪਤਲਾ ਜਿਹਾ ਗੁੱਟ ਬੜੀ ਆਸਾਨੀ ਨਾਲ ਉਸ ਵਿਚੋਂ ਕੱਢਿਆ ਜਾ ਸਕਦਾ ਹੈ। ਮੇਰੇ ਮਨ ਵਿਚ ਖ਼ਿਆਲ ਆਇਆ ਕਿ ਕਿਉਂ ਨਾ ਭੱਜ ਜਾਵਾਂ। ਪਰ ਦੂਜੇ ਹੀ ਪਲ ਸੋਚਿਆ ਕਿ ਕਚਹਿਰੀਆਂ ’ਚੋਂ ਭੱਜ ਕੇ ਕਿੱਥੇ ਤਕ ਜਾਵਾਂਗਾ। ਮੂਹਰੇ ਕਿਹੜੇ ਮੈਨੂੰ ਲੈ ਕੇ ਜਾਣ ਵਾਲੇ ਤਿਆਰ ਬੈਠੇ ਹਨ। ਹਕੀਕਤ ਇਹ ਸੀ ਕਿ ਜਾਂ ਤਾਂ ਉਹ ਹੋਰ ਕੇਸ ਪਾ ਦੇਣਗੇ ਜਾਂ ਭਗੌੜਾ ਕਰਾਰ ਦੇ ਕੇ ਕੁਝ ਵੀ ਕਰ ਸਕਣਗੇ। ਸੋ ਦੂਜੇ ਹੀ ਪਲ ਇਹ ਖ਼ਿਆਲ ਤਿਆਗ ਦਿੱਤਾ।
ਜੇਲ੍ਹ ਦੇ ਅੰਦਰ ਹੀ ਸਾਡੇ ਉੱਪਰ ਮੀਸਾ (ਮੇਨਟੀਨੈਂਸ ਆਫ਼ ਇੰਟਰਨਲ ਸਕਿਉਰਿਟੀ ਐਕਟ) ਲਗਾਉਣ ਦੇ ਆਰਡਰ ਵੀ ਆ ਗਏ ਸਨ। ਸਾਨੂੰ ਕਪੂਰਥਲਾ ਜੇਲ੍ਹ ਵਿਚ ਲਿਆਉਣ ਤੋਂ ਬਾਅਦ ਮਹਿੰਦਰ ਪੱਡਾ ਅਤੇ ਦਵਾਰਕਾ ਦਾਸ ਵਿਰਲੀ ਨੂੰ ਵੀ ਡੀ.ਆਈ.ਆਰ. ਤਹਿਤ ਗ੍ਰਿਫ਼ਤਾਰ ਕਰ ਕੇ ਲਿਆਂਦਾ ਗਿਆ ਸੀ। ਮਹਿੰਦਰ ਪੱਡੇ ਨੂੰ ਤਾਂ ਬਰੀ ਕਰ ਦਿੱਤਾ ਗਿਆ ਪਰ ਦਵਾਰਕਾ ਦਾਸ ਉੱਪਰ ਮੀਸਾ ਲਗਾ ਦਿੱਤਾ ਗਿਆ ਸੀ। ਛੇ ਕੁ ਮਹੀਨੇ ਬਾਅਦ ਸਾਡੀ ਆਖ਼ਰੀ ਤਰੀਕ ਸੀ। ਕਮਲਜੀਤ ਦੇ ਵਕੀਲ ਨੇ ਬਹਿਸ ਕਰ ਕੇ ਉਸ ਨੂੰ ਬਰੀ ਕਰਵਾ ਦਿੱਤਾ ਪਰ ਮੈਨੂੰ ਡੀ.ਆਈ.ਆਰ. ਤਹਿਤ ਛੇ ਮਹੀਨੇ ਦੀ ਸਜ਼ਾ ਹੋ ਗਈ। ਸਜ਼ਾ ਤਾਂ ਅਸੀਂ ਪਹਿਲਾਂ ਹੀ ਕੱਟ ਚੁੱਕੇ ਸੀ। ਬਾਹਰ ਨਿਕਲਦਿਆਂ ਨੂੰ ਪੁਲੀਸ ਸਾਡੀ ਉਡੀਕ ਵਿਚ ਖਲੋਤੀ ਸੀ। ਅਸੀਂ ਫਿਰ ਜੇਲ੍ਹ ਵਿਚ ਡੱਕ ਦਿੱਤੇ ਗਏ। ਮੀਸਾ ਤਹਿਤ ਫੜੇ ਗਏ ਵਿਅਕਤੀ ਕਿਸੇ ਵੀ ਅਦਾਲਤ ਵਿਚ ਅਪੀਲ ਨਹੀਂ ਕਰ ਸਕਦੇ। ਨਾ ਵਕੀਲ ਤੇ ਨਾ ਦਲੀਲ। ਸਰਕਾਰ ਜਿੰਨੀ ਦੇਰ ਚਾਹੇ ਤੁਹਾਨੂੰ ਅੰਦਰ ਰੱਖ ਸਕਦੀ ਸੀ।
ਜੇਲ੍ਹ ਹੀ ਹੁਣ ਸਾਡਾ ਘਰ ਤੇ ਪਿੰਡ ਸੀ। ਕਮਲਜੀਤ ਦੇ ਘਰੋਂ ਸਾਨੂੰ ਹਰ ਹਫ਼ਤੇ ਮੁਲਾਕਾਤ ਸਮੇਂ ਖਾਣ-ਪੀਣ ਦਾ ਵਾਹਵਾ ਸਾਮਾਨ ਆ ਜਾਂਦਾ। ਅਸੀਂ ਚਾਰੇ ਜਣੇ (ਮਹਿੰਦਰ ਪੱਡਾ, ਦਵਾਰਕਾ ਦਾਸ ਵਿਰਲੀ, ਕਮਲਜੀਤ ਤੇ ਮੈਂ) ਹੱਸਦੇ ਖੇਡਦੇ, ਪੜ੍ਹਦੇ ਤੇ ਕਦੀ-ਕਦੀ ਤਾਸ਼ ਦੀ ਬਾਜ਼ੀ ਲਾਉਣ ਬਹਿ ਜਾਂਦੇ। ਜੇਲ੍ਹ ਵਿਚ ਹੀ ਮੈਂ ਸੀਪ ਖੇਡਣੀ ਸਿੱਖੀ। ਹੁਣ ਜੇਲ੍ਹ ਦਾ ਜ਼ਾਲਮ ਸੁਪਰਡੈਂਟ ਵੀ ਬਦਲ ਚੁੱਕਾ ਸੀ। ਨਵਾਂ ਸੁਪਰਡੈਂਟ ਆਇਆ ਤਾਂ ਉਸ ਦਾ ਸਲੂਕ ਬੜਾ ਚੰਗਾ ਸੀ। ਉਸ ਨੇ ਦੱਸਿਆ ਕਿ ਉਹ ਜਸਵਿੰਦਰ ਸਿੰਘ ਬਰਾੜ (ਜੋ ਬਾਅਦ ’ਚ ਸਹਿਕਾਰਤਾ ਮੰਤਰੀ ਵੀ ਰਿਹਾ) ਦਾ ਜਮਾਤੀ ਰਿਹਾ ਸੀ। ਸਾਡੇ ਦਿਨ ਬੜੇ ਚੰਗੇ ਨਿਕਲਣ ਲੱਗੇ। ਬੱਸ ਪਿੱਛੇ ਘਰਦਿਆਂ ਦੀ ਚਿੰਤਾ ਹੀ ਵਧਦੀ ਜਾ ਰਹੀ ਸੀ। ਮੈਂ ਬੀਬੀ ਨੂੰ ਹਰ ਹਫ਼ਤੇ ਚਿੱਠੀ ਲਿਖਣੀ। ਗਲੀ-ਗੁਆਂਢ ਤੇ ਪਿੰਡ ਦਾ ਹਾਲ-ਚਾਲ ਪੁੱਛਣਾ। ਬੀਬੀ ਨੇ ਸਾਰੀ ਗਲੀ ਨੂੰ ਚਿੱਠੀ ਪੜ੍ਹ ਕੇ ਸੁਣਾਉਣੀ। ਸਾਡੀ ਸੋਚ ਵਾਲੇ ਮੇਰੇ ਪੇਂਡੂ ਨਿੰਦਰ ਰਿਆੜ ਨੇ ਇੰਗਲੈਂਡ ਤੋਂ ਮੇਰੇ ਤੇ ਕਮਲਜੀਤ ਲਈ ਬਹੁਤ ਸੋਹਣੀਆਂ ਕਮੀਜ਼ਾਂ ਭੇਜੀਆਂ ਜੋ ਅਸੀਂ ਬੜੇ ਹੀ ਚਾਵਾਂ ਨਾਲ ਪਾਈਆਂ ਤੇ ਹੰਢਾਈਆਂ।
ਕੁਝ ਸਮੇਂ ਲਈ ਸੁਖਜਿੰਦਰ ਸਿੰਘ (ਸਾਬਕਾ ਸਿੱਖਿਆ ਮੰਤਰੀ ਜੋ ਖਾਲਿਸਤਾਨ ਦਾ ਹਾਮੀ ਸੀ) ਨੂੰ ਵੀ ਕਪੂਰਥਲਾ ਜੇਲ੍ਹ ਵਿਚ ਲਿਆਂਦਾ ਗਿਆ। ਪਰ ਛੇਤੀ ਹੀ ਉਸ ਦੀ ਬਦਲੀ ਕਿਸੇ ਦੂਰ-ਦੁਰਾਡੀ ਜੇਲ੍ਹ ਵਿਚ ਕਰ ਦਿੱਤੀ ਗਈ। ਉਸ ਦੇ ਜਾਣ ਮਗਰੋਂ ਉਥੇ ਪਏ ਕਾਗ਼ਜ਼ਾਂ ਵਿਚੋਂ ਸਾਡੇ ਹੱਥ ਇਕ ਚਿੱਠੀ ਆਈ ਜੋ ਉਸ ਨੂੰ ਭਰਪੂਰ ਸਿੰਘ ਬਲਬੀਰ ਨੇ ਲਿਖੀ ਸੀ। ਉਸ ਵਿਚ ਉਹਨੇ ਲਿਖਿਆ ਸੀ ਕਿ ਉਸ ਦੀ ਇੰਦਰਾ ਗਾਂਧੀ ਨਾਲ ਗੱਲ ਹੋ ਗਈ ਹੈ। ਤੁਸੀਂ ਖਾਲਿਸਤਾਨ ਮੰਗਣਾ ਛੱਡ ਦਿਉ ਤਾਂ ਤੁਹਾਨੂੰ ਛੇਤੀ ਹੀ ਰਿਹਾਅ ਕਰ ਦਿੱਤਾ ਜਾਏਗਾ ਆਦਿ। ਉਹ ਚਿੱਠੀ ਅਸੀਂ ਸੰਭਾਲਣੀ ਚਾਹੁੰਦੇ ਸੀ ਪਰ ਤਲਾਸ਼ੀ ਸਮੇਂ ਉਸ ਨੂੰ ਜੇਲ੍ਹ ਸੁਪਰਡੈਂਟ ਨੇ ਆਪਣੇ ਕਬਜ਼ੇ ਵਿਚ ਲੈ ਲਿਆ। 1977 ਦੀਆਂ ਚੋਣਾਂ ਸਮੇਂ ਰਾਮਾ ਮੰਡੀ (ਜਲੰਧਰ) ਵਿਖੇ ਸਾਡਾ ਟਾਕਰਾ ਭਰਪੂਰ ਸਿੰਘ ਬਲਬੀਰ ਨਾਲ ਹੋ ਗਿਆ। ਮੈਂ ਸਾਰਿਆਂ ਸਾਹਮਣੇ ਉਸ ਚਿੱਠੀ ਦਾ ਜ਼ਿਕਰ ਕੀਤਾ ਤਾਂ ਉਹ ਬੜਾ ਤੜਫਿਆ ਤੇ ਧਮਕੀਆਂ ’ਤੇ ਉਤਰ ਆਇਆ। ਕੁਝ ਸੱਜਣਾਂ ਨੇ ਵਿਚ ਪੈ ਕੇ ਗੱਲ ਆਈ-ਗਈ ਕਰਵਾ ਦਿੱਤੀ। ਪਰ ਮੈਨੂੰ ਉਸ ਚਿੱਠੀ ਦੇ ਖੁੱਸਣ ਦਾ ਅੱਜ ਤਕ ਵੀ ਅਫ਼ਸੋਸ ਹੈ। ਇਸ ਚਿੱਠੀ ਨਾਲ ਦੋਗਲੇ ਕਿਰਦਾਰ ਦੇ ਬੰਦਿਆਂ/ਆਗੂਆਂ ਨੂੰ ਸਬੂਤ ਸਹਿਤ ਨੰਗਿਆਂ ਕੀਤਾ ਜਾ ਸਕਦਾ ਸੀ।
ਸ਼ਾਇਦ ਅਗਸਤ ਦਾ ਆਖ਼ਰੀ ਹਫ਼ਤਾ ਸੀ ਕਿ ਸਾਡੀ ਬਦਲੀ ਦੇ ਹੁਕਮ ਆ ਗਏ। ਕਮਲਜੀਤ ਵਿਰਕ ਤੇ ਦਵਾਰਕਾ ਦਾਸ ਵਿਰਲੀ ਨੂੰ ਫ਼ਿਰੋਜ਼ਪੁਰ ਅਤੇ ਮੈਨੂੰ ਸੰਗਰੂਰ ਦੀ ਡਿਸਟਰਿਕਟ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਉਥੇ ਅਕਾਲੀ ਆਗੂ ਸਤਨਾਮ ਸਿੰਘ ਬਾਜਵਾ (ਪਰਤਾਪ ਸਿੰਘ ਬਾਜਵਾ ਦਾ ਪਿਉ), ਰੂਪ ਲਾਲ ਸਾਥੀ, ਪ੍ਰਿਥੀਪਾਲ ਸਿੰਘ ਰੰਧਾਵਾ ਆਦਿ ਬੰਦ ਸਨ ਪਰ ਮੇਰੇ ਉਥੇ ਜਾਣ ਤੋਂ ਹਫ਼ਤਾ ਕੁ ਪਹਿਲਾਂ ਉਨ੍ਹਾਂ ਨੂੰ ਵੀ ਫ਼ਿਰੋਜ਼ਪੁਰ ਬਦਲਿਆ ਜਾ ਚੁੱਕਿਆ ਸੀ। ਪ੍ਰਿਥੀਪਾਲ ਨੂੰ ਸਾਰੇ ਕੈਦੀ ਬੜੇ ਸਤਿਕਾਰ ਨਾਲ ਯਾਦ ਕਰਦੇ ਸਨ। ਜਿਸ ਅਹਾਤੇ ਵਿਚ ਮੈਨੂੰ ਲਿਆਂਦਾ ਗਿਆ ਉੱਥੇ ਕਈ ਨਾਮੀ ਸਮੱਗਲਰ ਵੀ ਬੰਦ ਸਨ ਅਤੇ ਕੁਝ ਗ਼ਰੀਬ, ਸਮੱਗਲਰਾਂ ਦੇ ਪਾਂਡੀ (ਜੋ ਸਰਹੱਦ ਟੱਪ ਕੇ ਸਾਮਾਨ ਲਿਆਉਣ-ਲਿਜਾਣ ਦਾ ਕੰਮ ਕਰਦੇ ਸਨ) ਵੀ ਬੰਦ ਸਨ। ਏਥੇ ਮੈਨੂੰ ਬੀ ਕਲਾਸ ਵੀ ਮਿਲ ਗਈ ਜੋ ਬਾਰ੍ਹਾਂ ਰੁਪਏ ਰੋਜ਼ਾਨਾ ਸੀ। ਇਕ ਲਾਂਗਰੀ ਵੀ ਜਿਸ ਦਾ ਨਾਮ ਗਨੀ ਮੁਹੰਮਦ ਸੀ, ਦਿੱਤਾ ਗਿਆ। ਉਹ ਸੀ.ਪੀ.ਐਮ. ਦੇ ਐਮ.ਐਲ.ਏ. ਚੰਦ ਸਿੰਘ ਚੋਪੜਾ ਦਾ ਪੇਂਡੂ ਹੋਣ ਕਰਕੇ ਖੱਬੇ ਪੱਖੀ ਖ਼ਿਆਲਾਂ ਦਾ ਸੀ। ਸਾਡੇ ਨਾਲ ਦੇ ਅਹਾਤੇ ਵਿਚ ਚਾਰੂ ਗਰੁੱਪ ਦੇ ਦੋ ਨਕਸਲੀ ਬੰਦ ਸਨ। ਜਦੋਂ ਉਨ੍ਹਾਂ ਨੂੰ ਇਕ ਲੰਬੜਦਾਰ ਨੇ ਮੇਰੇ ਆਉਣ ਬਾਰੇ ਦੱਸਿਆ ਤਾਂ ਉਨ੍ਹਾਂ ਉੱਚੀ-ਉੱਚੀ ਨਾਅਰੇ ਲਗਾਏ ਅਤੇ ਅੱਗੋਂ ਮੈਂ ਵੀ ਨਾਅਰਿਆਂ ਨਾਲ ਉਨ੍ਹਾਂ ਦਾ ਜਵਾਬ ਦਿੱਤਾ। ਜੇਲ੍ਹ ਸੁਪਰਡੈਂਟ ਮੇਰੇ ਨਾਲ ਬੜੇ ਸਲੀਕੇ ਨਾਲ ਪੇਸ਼ ਆਇਆ। ਕਹਿੰਦਾ, ‘‘ਕੋਈ ਵੀ ਤਕਲੀਫ਼þ ਹੋਵੇ ਤਾਂ ਲੰਬੜਦਾਰ ਹੱਥ ਲਿਖ ਕੇ ਸੁਨੇਹਾ ਭੇਜ ਦਿਆ ਕਰ।’’ ਸਾਡੇ ਨਾਲ ਰਹਿੰਦੇ ਸਮੱਗਲਰ ਜੇਲ੍ਹਰ ਨਾਲ ਮਿਲ ਕੇ ਨਸ਼ਾ ਪੱਤਾ ਵੀ ਕਰਦੇ ਸਨ ਤੇ ਆਪਣਾ ਰੋਹਬ ਵੀ ਝਾੜਨ ਦੀ ਕੋਸ਼ਿਸ਼ ਕਰਦੇ। ਇਕ ਦਿਨ ਮੈਂ ਉਨ੍ਹਾਂ ਖ਼ਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਫਿਰ ਕੀ ਸੀ, ਮੈਨੂੰ ਅਤੇ ਕੁਝ ਪਾਂਡੀਆਂ ਨੂੰ ਵੱਖਰੇ ਅਹਾਤੇ ਵਿਚ ਬਦਲ ਦਿੱਤਾ ਗਿਆ। ਮੈਨੂੰ ਇਮਤਿਹਾਨ ਦੇਣ ਦੀ ਇਜਾਜ਼ਤ ਵੀ ਨਹੀਂ ਦਿੱਤੀ, ਜਦੋਂ ਕਿ ਪ੍ਰਿਥੀਪਾਲ ਨੂੰ ਇਮਤਿਹਾਨ ਦੇਣ ਲਈ ਲਿਜਾਂਦੇ ਰਹੇ ਸਨ।
ਸਭ ਤੋਂ ਵੱਧ ਮੁਸ਼ਕਲ ਏਥੇ ਮੁਲਾਕਾਤਾਂ ਦੀ ਆਈ। ਇਨ੍ਹਾਂ ਹੀ ਦਿਨਾਂ ਵਿਚ ਅਮਰੀਕਾ ਵਾਲੀ ਭੈਣ ਵੀ ਪੰਜਾਬ ਆਈ। ਨਿੱਕੇ-ਨਿੱਕੇ ਬੱਚਿਆਂ ਨਾਲ ਉਨ੍ਹਾਂ ਪਹਿਲਾਂ ਪਿੰਡੋਂ ਫਗਵਾੜੇ ਆ ਕੇ ਭਾਜੀ ਕੁਲਦੀਪ ਸਿੰਘ ਸਰਾਂ ਅਤੇ ਭੈਣ ਬਰਜਿੰਦਰ ਕੌਰ (ਕਮਲਜੀਤ ਦੀ ਭੈਣ) ਕੋਲ ਰਾਤ ਰਹਿਣਾ ਤੇ ਫਿਰ ਪਹਿਲੀ ਬੱਸੇ ਲੁਧਿਆਣਾ ਪੁੱਜਣਾ। ਲੁਧਿਆਣੇ ਤੋਂ ਸੰਗਰੂਰ ਆ ਕੇ ਦੋ-ਤਿੰਨ ਮੁਲਾਕਾਤਾਂ ਕੀਤੀਆਂ। ਫਿਰ ਇਨ੍ਹਾਂ ਮੁਸ਼ਕਲਾਂ ਨੂੰ ਦੇਖਦਿਆਂ ਮੈਂ ਉਨ੍ਹਾਂ ਨੂੰ ਮਨ੍ਹਾਂ ਕਰ ਦਿੱਤਾ। ਬਿੰਦਰ ਭੈਣ ਵੀ ਇੱਕ-ਦੋ ਵੇਰ ਮੁਲਾਕਾਤ ਕਰਨ ਆਈ। ਦਰਅਸਲ ਉਹ ਕਦੇ ਪਟਿਆਲੇ, ਕਦੇ ਫ਼ਿਰੋਜ਼ਪੁਰ ਤੇ ਕਦੇ ਸੰਗਰੂਰ ਜਾਂਦੀ ਤਾਂ ਸਿਪਾਹੀਆਂ ਕਹਿਣਾ, ‘ਭੈਣੇ ਤੇਰੇ ਭਰਾ ਕੀ ਸਾਰੀਆਂ ਜੇਲ੍ਹਾਂ ਵਿਚ ਬੰਦ ਨੇ?’ ਮਰਹੂਮ ਭੈਣ ਬਰਜਿੰਦਰ ਨੇ ਕਹਿਣਾ, ‘ਹਾਂ, ਕਿਉਂਕਿ ਸਰਕਾਰ ਨੂੰ ਮੇਰੇ ਭਰਾਵਾਂ ਤੋਂ ਖ਼ਤਰਾ ਜੁ ਬਹੁਤ ਹੈ।’
ਸੰਗਰੂਰ ਜੇਲ੍ਹ ਵਿਚ ਵੀ ਮੈਂ ਕੁਝ ਨਜ਼ਮਾਂ ਲਿਖੀਆਂ। ਇਕ ਨਜ਼ਮ ਸੀ:-
ਜ਼ਿਹਨ ਵਿਚ ਉੱਗਿਆ ਬੂਟਾ
ਜ਼ਿਹਨ ਵਿਚ ਸੋਚ ਦਾ ਇਕ ਬੂਟਾ ਉੱਗਿਆ ਹੈ
ਜਿਸ ਦੀਆਂ ਹਰੀਆਂ ਕਚੂਰ ਪੱਤੀਆਂ
ਵਧ ਰਹੀਆਂ ਲਗਰਾਂ, ਬੰਦ ਡੋਡੀਆਂ ਤੇ ਖਿੜ ਰਹੇ ਫੁੱਲ
ਇੱਕ-ਇਕ ਕਰਕੇ ਕਿਰ ਰਹੇ ਹਨ, ਝੜ ਰਹੇ ਹਨ
ਤੇ ਰੁੰਡ ਮਰੁੰਡ ਤਣਾ ਪ੍ਰਸ਼ਨ ਚਿੰਨ੍ਹ ਬਣ ਕੇ ਖਲੋਤਾ ਹੈ।

ਸਾਵੀਆਂ ਪੱਤੀਆਂ ਪ੍ਰਤੀਕ ਹਨ ਪਿੰਡ ਦੀਆਂ ਫ਼ਸਲਾਂ ਦਾ
ਜੋ ਹਰ ਹਾੜ੍ਹੀ ਤੇ ਸਾਉਣੀ ਵਿਚ
ਜੰਮਣ ਸਾਰ ਹੀ ਠੁੰਗੀਆਂ ਜਾਵਣ।

ਵਧ ਰਹੀਆਂ ਲਗਰਾਂ ਅੱਲ੍ਹੜ ਕੁੜੀਆਂ ਵਾਂਗਰ ਨੇ
ਜਿਨ੍ਹਾਂ ਦੀ ਉੱਭਰਦੀ ਜਵਾਨੀ ਦਾ ਸੇਕ
ਸਾਜਨ ਦੀ ਮਿਲਣੀ ਤੋਂ ਪਹਿਲਾਂ ਹੀ
ਸਰਦਾਰਾਂ ਦੀ ਹਵੇਲੀ ਵਿਚ ਠੰਢਾ ਯਖ ਹੋ ਜਾਂਦਾ ਹੈ।

ਬੰਦ ਡੋਡੀਆਂ ਮਾਂ ਦੀ ਉਮਰ ਦੀਆਂ ਔਰਤਾਂ ਨੇ
ਜੋ ਅਬੋਲ ਰਹਿ ਕੇ ਵੀ ਜੂਝਦੇ ਪੁੱਤਾਂ ਦੀ ਸੁੱਖਣਾ ਸੁੱਖਦੀਆਂ
ਝੋਰੇ ਦਾ ਰੋਗ ਲਾ ਬੈਠਣ।

ਤੇ ਖਿੜ ਰਹੇ ਫੁੱਲ ਨੰਗ ਧੜੰਗੇ ਅਲੂੰਏਂ ਜਿਹੇ ਬੱਚੇ ਨੇ
ਜਿਨ੍ਹਾਂ ਨੂੰ ਕੰਧ ’ਤੇ ਲੱਗਿਆ
‘ਵਿੱਦਿਆ ਤੀਜਾ ਨੇਤਰ ਹੈ’ ਦਾ ਇਸ਼ਤਿਹਾਰ
ਹਰ ਰੋਜ਼ ਦੰਦੀਆਂ ਚੁੰਘਾਉਂਦਾ ਹੈ।

ਰੁੰਡ ਮੁੰਡ ਤਣਾ ਉਸ ਬਜ਼ੁਰਗ ਦਾ ਚਿੰਨ੍ਹ ਹੈ
ਜਿਸ ਨੇ ਸਦੀ ਦਾ ਤੀਸਰਾ ਹਿੱਸਾ ਹੰਢਾ ਕੇ ਵੀ
ਸਾਵੀਆਂ ਫ਼ਸਲਾਂ ਦਾ ਦਰਦ
ਕੁਆਰੀਆਂ ਕੁੜੀਆਂ ਦੀ ਚੀਕ / ਬੁੱਢੀਆਂ ਮਾਵਾਂ ਦਾ ਗ਼ਮ
ਹਿੱਕ ਉੱਪਰ ਧਰ ਕੇ ਜਵਾਨੀ ਨੂੰ ਸਵਾਲ ਪਾਇਆ ਸੀ
ਤੇ ਹੁਣ ਅਸੀਂ ਜਵਾਬ ਦੀ ਭਾਲ ਵਿਚ ਮਸਰੂਫ਼ ਹਾਂ।
(ਜਨਵਰੀ 1977)
ਇਸ ਕਵਿਤਾ ਨੂੰ ਸੀ. ਮਾਰਕੰਡਾ ਨੇ ਉਸ ਸਮੇਂ ਦੇ ਇਨਕਲਾਬੀ ਪਰਚੇ ‘ਕਿੰਤੂ’ ਵਿਚ ਛਾਪਿਆ ਸੀ। ਮਾਰਚ ਦਾ ਅਖੀਰ ਜਾਂ ਅਪ੍ਰੈਲ ਦਾ ਅੱਧ ਸੀ ਕਿ ਖ਼ਬਰ ਆਈ ਪਈ ਇੰਦਰਾ ਗਾਂਧੀ ਬੜੀ ਬੁਰੀ ਤਰ੍ਹਾਂ ਇਕ ਮਖੌਲੀਆ ਜਿਹੇ ਉਮੀਦਵਾਰ ਤੋਂ ਹਾਰ ਗਈ ਹੈ। ਚੋਣਾਂ ਦਾ ਐਲਾਨ ਵੀ ਹੋ ਗਿਆ। ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਉਹਨੇ ਸਾਰੇ ਸਿਆਸੀ ਕੈਦੀ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਅਸੀਂ ਵੀ ਆਖ਼ਰ ਚੌਦਾਂ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਆਜ਼ਾਦ ਹਵਾ ਵਿਚ ਸਾਹ ਲੈ ਰਹੇ ਸੀ।
ਫੋਨ: 001-717-575-7529