ਮੇਰੇ ਹਿੱਸੇ ਦਾ ਜਸਵੰਤ ਸਿੰਘ ਕੰਵਲ

ਵਰਿਆਮ ਸਿੰਘ ਸੰਧੂ
ਜਸਵੰਤ ਸਿੰਘ ਕੰਵਲ ਪੰਜਾਬੀ ਸਾਹਿਤ ਜਗਤ ਵਿਚ ਅੱਠ ਦਹਾਕੇ ਤੱਕ ਆਪਣਾ ਰਾਜ ਕਮਾ ਕੇ ਤੁਰ ਗਿਆ ਹੈ। ਗਿਆ ਕਿੱਥੇ ਹੈ ਉਹ! ਉਹ ਤਾਂ ਸਾਡੇ ਆਸ-ਪਾਸ ਹੈ। ਸਾਡੇ ਅੰਗ-ਸੰਗ।

ਅਸੀਂ ਜਿਨ੍ਹਾਂ ਨੇ ਉਹਨੂੰ ਪੜ੍ਹਿਆ ਏ, ਉਨ੍ਹਾਂ ਸਭਨਾਂ ਦੇ ਅੰਦਰ ਤਾਂ ਉਹ ਟੋਟਾ ਟੋਟਾ ਕਰ ਕੇ ਦਹਾਕਿਆਂ ਤੋਂ ਜੀਅ ਰਿਹਾ ਏ। ਜਿੰਨਾਂ ਚਿਰ ਅਸੀਂ ਜਿਊਂਦੇ ਰਹਾਂਗੇ, ਕੰਵਲ ਵੀ ਸਾਡੇ ਨਾਲ ਜਿਊਂਦਾ ਰਹੇਗਾ। ਕੰਵਲ ਵਰਗੇ ਲੇਖਕ ਸਭਨਾਂ ਦੇ ਆਪਣੇ ਹੁੰਦੇ ਨੇ। ਹਰੇਕ ਕੋਲ ਉਹਦੇ ਬਾਰੇ ਦੱਸਣ ਲਈ ਢੇਰਾਂ ਗੱਲਾਂ ਨੇ। ਜ਼ਰੂਰ ਹੋਣਗੀਆਂ। ਬਹੁਤ ਸਾਰੀਆਂ ਗੱਲਾਂ ਤਾਂ ਆਪਣੇ ਬਾਰੇ ਕੰਵਲ ਨੇ ਆਪ ਕੀਤੀਆਂ ਹੋਈਆਂ ਨੇ। ਉਨ੍ਹਾਂ ਨੂੰ ਦੁਹਰਾਉਣ ਦਾ ਕੀ ਫ਼ਾਇਦਾ!
ਮੈਂ ਤਾਂ ਕੇਵਲ ਆਪਣੇ ਹਿੱਸੇ ਦੇ ਕੰਵਲ ਦੀ ਬਾਤ ਹੀ ਪਾਉਣੀ ਹੈ।
ਮੇਰਾ ਸਾਹਿਤਕ ਬਾਪ
ਸਭ ਤੋਂ ਪਹਿਲਾਂ ਆਪਣੀ ਘਰਵਾਲੀ ਤੋਂ ਗੱਲ ਸ਼ੁਰੂ ਕਰਾਂ। ਮੈਨੂੰ ਅਕਸਰ ਕਹਿੰਦੀ ਹੈ, ਖ਼ਾਸ ਤੌਰ `ਤੇ ਉਦੋਂ ਜਦੋਂ ਕਦੀ ਕੰਵਲ ਅਤੇ ਮੇਰੀ, ਦੋਵਾਂ ਦੀ ਸਾਂਝੀ ਤਸਵੀਰ ਵੇਖ ਰਹੀ ਹੋਵੇ, “ਤੁਸੀਂ ਧਿਆਨ ਨਾਲ ਵੇਖੋ! ਤੁਹਾਡਾ ਦੋਵਾਂ ਦਾ ਲੰਮਾ ਕੱਦ-ਕਾਠ, ਇਕੱਹਿਰਾ ਸਰੀਰ, ਤਿੱਖਾ ਨੱਕ, ਪੂਰਾ ਮੁਹਾਂਦਰਾ ਵੇਖ ਕੇ ਲੱਗਦਾ ਨਹੀਂ ਜਿਵੇਂ ਕੰਵਲ ਸਾਹਿਬ ਤੁਹਾਡੇ ਪਿਉ ਹੋਣ ਤੇ ਤੁਸੀਂ ਉਨ੍ਹਾਂ ਦੇ ਸਕੇ ਪੁੱਤ ਹੋਵੋ।”
ਮੈਨੂੰ ਪਤਾ ਹੈ ਕਿ ਕੰਵਲ ਮੇਰੇ ਨਾਲੋਂ ਕਿਤੇ ਸੋਹਣਾ ਸੀ। ਮੋਟੀਆਂ ਜਗਦੀਆਂ ਤੇ ਜਾਗਦੀਆਂ ਅੱਖਾਂ। ਖਿੜਿਆ ਚਿਹਰਾ। ਮੈਂ ਤਾਂ ਉਹਦੇ ਪਾਸਕੂ ਵੀ ਨਹੀਂ। ਪਰ ਘਰਵਾਲੀ ਦੀ ਗੱਲ ਮੰਨਣੋਂ ਮੈਨੂੰ ਕੋਈ ਉਜਰ ਨਹੀਂ। ਕੁਝ ਨਾ ਕੁਝ ਤਾਂ ਸਾਡਾ ਮੁਹਾਂਦਰਾ ਮਿਲਦਾ ਹੀ ਹੈ। ਇਹ ਵੀ ਸੱਚ ਹੀ ਹੈ ਕਿ ਵੇਖਣ ਨੂੰ ਵੀ ਕੰਵਲ ਮੇਰਾ ਪਿਉ ਲੱਗਦਾ ਹੈ। ਘੱਟੋ-ਘੱਟ ਅਣਜਾਣ ਬੰਦੇ ਨੂੰ ਤਾਂ ਸਹਿਵਨ ਇਹ ਭੁਲੇਖਾ ਲੱਗ ਸਕਦਾ ਹੈ। ਉਂਝ ਇਹ ਗੱਲ ਪੱਕੀ ਹੈ ਕਿ ਕੰਵਲ ਮੇਰਾ ਸਾਹਿਤਕ ਬਾਪ ਤਾਂ ਹੈ ਹੀ। ਸਾਰੇ ਵੱਡੇ ਲੇਖਕ, ਭਾਵੇਂ ਗੁਰਬਖ਼ਸ਼ ਸਿੰਘ ਹੋਵੇ, ਨਾਨਕ ਸਿੰਘ ਜਾਂ ਸੁਜਾਨ ਸਿੰਘ, ਸਾਰੇ ਮੇਰੇ ਸਾਹਿਤਕ ਬਾਪ ਹਨ। ਕੰਵਲ ਵੀ।
“ਕਈ ਵਾਰ ਕਾਲੇ ਮੋਤੀ ਵੀ ਕੀਮਤੀ ਹੁੰਦੇ ਨੇ!”
ਜਸਵੰਤ ਸਿੰਘ ਕੰਵਲ ਬਾਰੇ ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਸੁਣਦੇ ਜਾਓ।
ਵੱਡੇ ਲੇਖਕ ਤੇ ਵੱਡੀਆਂ ਲਿਖਤਾਂ ਕੌਮਾਂ ਤੇ ਬੰਦਿਆਂ ਦਾ ਜੀਵਨ ਬਦਲ ਦਿੰਦੀਆਂ ਨੇ। ਲੇਖਕ ਨੂੰ ਖ਼ੁਦ ਪਤਾ ਨਹੀਂ ਹੁੰਦਾ ਕਿ ਉਹਨੇ ਕਿਸ-ਕਿਸ ਦੇ ਜੀਵਨ ਨੂੰ ਅਛੋਪਲੇ ਜਿਹੇ ਬਦਲ ਦਿੱਤਾ ਏ।
1962-63 ਦੀ ਗੱਲ ਹੋਵੇਗੀ। ਮੈਥੋਂ ਉਮਰੋਂ ਵੱਡੇ ਮੇਰੇ ਇੱਕ ਦੋਸਤ ਦਾ ਵਿਆਹ ਹੋ ਚੁੱਕਾ ਸੀ। ਉਹ ਨਾ-ਖ਼ੁਸ਼ ਸੀ। ਉਹਦੇ ਹਿਸਾਬ ਨਾਲ ਉਹਦੀ ਪਤਨੀ ‘ਸੋਹਣੀ’ ਨਹੀਂ ਸੀ। ਉਹ ਉਹਨੂੰ ਛੱਡ ਦੇਣਾ ਚਾਹੁੰਦਾ ਸੀ। ਮੈਂ ਇਸਦੇ ਹੱਕ ਵਿਚ ਨਹੀਂ ਸਾਂ। ਉਹਦੀ ਪਤਨੀ ਦਾ ਭਲਾ ਕੀ ਕਸੂਰ ਸੀ!
ਉਨ੍ਹੀਂ ਦਿਨੀਂ ਅਸੀਂ ਆਪਣੇ ਸ਼ੰਕੇ ਤੇ ਸਵਾਲ ਵੱਡੇ ਲੇਖਕਾਂ ਨਾਲ ਸਾਂਝੇ ਕਰ ਕੇ ਉਨ੍ਹਾਂ ਤੋਂ ਜਵਾਬ ਪੁੱਛਦੇ ਰਹਿੰਦੇ। ਮੈਂ ਕੰਵਲ ਨੂੰ ਆਪਣੇ ਦੋਸਤ ਦੀ ਸਮੱਸਿਆ ਦੱਸ ਕੇ ਹੱਲ ਪੁੱਛਿਆ ਤਾਂ ਤੀਜੇ ਦਿਨ ਪੋਸਟਕਾਰਡ `ਤੇ ਲਿਖਿਆ ਕੰਵਲ ਦਾ ਜਵਾਬ ਮਿਲ ਗਿਆ। ਉਹਨੇ ਲਿਖਿਆ ਸੀ ਕਿ ਵਿਆਹ ਤੋਂ ਪਹਿਲਾਂ ‘ਤੁਹਾਡਾ ਦੋਸਤ ਕੋਈ ਵੀ ਫ਼ੈਸਲਾ ਲੈ ਸਕਦਾ ਸੀ, ਪਰ ਵਿਆਹ ਤੋਂ ਪਿੱਛੋਂ ਆਪਣੀ ਬੇਕਸੂਰ ਪਤਨੀ ਨਾਲ ਇਹ ਸਲੂਕ ਕਰਨਾ ਬਿਲਕੁਲ ਨਾਵਾਜਬ ਹੈ। ਆਪਣੇ ਦੋਸਤ ਨੂੰ ਕਹਿਣਾ, “ਕਈ ਵਾਰ ਕਾਲੇ ਮੋਤੀ ਵੀ ਕੀਮਤੀ ਹੁੰਦੇ ਨੇ!”
ਕੰਵਲ ਦੇ ਸ਼ਬਦਾਂ ਦਾ ਅਜਿਹਾ ਅਸਰ ਪਿਆ ਕਿ ਮੇਰੇ ਦੋਸਤ ਨੇ ਖ਼ਤ ਪੜ੍ਹਨ ਤੋਂ ਬਾਅਦ ਪਤਨੀ ਨੂੰ ਛੱਡਣ ਦਾ ਇਰਾਦਾ ਤਰਕ ਕਰ ਦਿੱਤਾ। ਬੜੀ ਸਫ਼ਲ ਵਿਆਹੁਤਾ ਜ਼ਿੰਦਗੀ ਬਤੀਤ ਕੀਤੀ। ਉਹਦੀ ਪਤਨੀ ਸਾਰੀ ਉਮਰ ਮੇਰੀ ਸ਼ੁਕਰ-ਗੁਜ਼ਾਰ ਰਹੀ ਤੇ ਕਹਿੰਦੀ ਰਹੀ, “ਮੇਰਾ ਘਰ ਤਾਂ ਵਰਿਆਮ ਭਾ ਜੀ ਨੇ ਵੱਸਦਾ ਰੱਖਿਆ!” ਪਰ ਉਹਦਾ ਘਰ ਤਾਂ ਜਸਵੰਤ ਸਿੰਘ ਕੰਵਲ ਦੀ ਇੱਕ ਸਤਰ, ‘ਕਈ ਵਾਰ ਕਾਲੇ ਮੋਤੀ ਵੀ ਕੀਮਤੀ ਹੁੰਦੇ ਨੇ!’ ਨੇ ਵੱਸਦਾ ਰੱਖਿਆ ਸੀ।
ਜਸਵੰਤ ਸਿੰਘ ਕੰਵਲ ਨੇ ਪਤਾ ਨਹੀਂ ਕਿੰਨਿਆਂ ਦੀ ਜ਼ਿੰਦਗੀ ਵਿਚ ਤਬਦੀਲੀ ਲਿਆਂਦੀ। ਹਿਸਾਬ ਕਰਨਾ ਔਖਾ ਏ। ਮੇਰੀ ਜ਼ਿੰਦਗੀ ਨੂੰ ਬਦਲਣ ਵਿਚ ਉਹਦੀਆਂ ਲਿਖਤਾਂ ਦਾ ਨੁਮਾਇਆ ਹਿੱਸਾ ਹੈ।
ਕੰਵਲ ਦਾ ਜਾਦੂ
ਚੜ੍ਹਦੀ ਉਮਰੇ ਮੈਂ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦਾ ਸ਼ੈਦਾਈ ਸਾਂ। ਸੋਚਦਾ; ਕਿਹੋ ਜਿਹਾ ਹੋਵੇਗਾ, ਉਹ ਪਿੰਡ, ਉਹ ਇਲਾਕਾ, ਓਥੋਂ ਦੇ ਲੋਕ, ਜਿੱਥੇ ਕੰਵਲ ਵੱਸਦਾ ਹੈ; ਸਾਹ ਲੈਂਦਾ ਹੈ। ਕੈਸੇ ਹੋਣਗੇ ਉਹ ਰਾਹ ਜਿਨ੍ਹਾਂ `ਤੇ ਕੰਵਲ ਤੁਰਦਾ ਹੈ!
ਉਹਦੀਆਂ ਕਿਤਾਬਾਂ ਵਿਚ ਪਤਾ ਲਿਖਿਆ ਹੁੰਦਾ, “ਪਿੰਡ ਤੇ ਡਾਕਘਰ -ਢੁਡੀਕੇ, ਤਹਿਸੀਲ ਮੋਗਾ, ਜ਼ਿਲ੍ਹਾ ਫੀਰੋਜ਼ਪੁਰ’
1961 ਵਿਚ ਆਪਣੇ ਦਾਦੇ ਕੋਲ ਅਬੋਹਰ ਗਿਆ ਤਾਂ ਮੋਗੇ ਵਿਚ ਤੁਰੇ ਫਿਰਦੇ, ਬੱਸ ਵਿਚ ਬੈਠੇ ਉਹਦੀ ਉਮਰ ਦੇ ਹਰ ਬੰਦੇ ਵਿਚੋਂ ਕੰਵਲ ਦਾ ਝੌਲਾ ਪੈਂਦਾ। ਕਿਤੇ ਆਹ ਕੰਵਲ ਹੀ ਨਾ ਹੋਵੇ! ਔਹ ਕੰਵਲ ਤਾਂ ਨਹੀਂ?
ਕੰਵਲ ਦੀ ਖ਼ੁਸ਼ਬੂ ਮੇਰੇ ਚਾਰ ਚੁਫ਼ੇਰੇ ਪਸਰੀ ਹੋਈ ਸੀ। ਕੰਵਲ ਲਈ ਮੁਹੱਬਤ ਦਾ ਇਹ ਝੱਲ ਹੀ ਤਾਂ ਸੀ! ਕੋਈ ਲੇਖਕ ਤੁਹਾਡੇ ਅੰਦਰ-ਬਾਹਰ ਦਾ ਏਨਾ ਵੱਡਾ ਹਿੱਸਾ ਹੋ ਸਕਦਾ ਏ! ਸੋਚਦਾ ਹਾਂ ਤਾਂ ਆਪਣੀ ਮਾਸੂਮੀਅਤ `ਤੇ ਹਾਸਾ ਵੀ ਆਉਂਦਾ ਹੈ ਤੇ ਲਾਡ ਵੀ।
ਮੈਂ ਕਵਿਤਾ ਤੇ ਕਹਾਣੀਆਂ ਲਿਖਦਾ। ਮੇਰੇ ਵਿਚੋਂ ਕੰਵਲ ਬੋਲਦਾ। ਵਿਚ-ਵਿਚ ਨਾਨਕ ਸਿੰਘ ਤੇ ਗੁਰਬਖ਼ਸ਼ ਸਿੰਘ ਵੀ। ਇਹ ਤੇ ਪੰਜਾਬੀ ਦੇ ਸਾਰੇ ਵੱਡੇ ਲੇਖਕ ਮੇਰੇ ਸਾਹਿਤਕ-ਗੁਰੂ, ਮੇਰੇ ਆਪਣੇ ਬਾਪੂ ਹਨ। ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਹੀ ਮੇਰੇ ਅੰਦਰ ਵਿਚਾਰਧਾਰਕ ਤੇ ਲਿਖਣ-ਅੰਦਾਜ਼ ਦੇ ਬੀਜ ਡਿੱਗੇ। ਉਨ੍ਹੀਂ ਦਿਨੀਂ ਕੰਵਲ ਦੇ ‘ਰਾਤ ਬਾਕੀ ਹੈ’ ਵਾਲੇ ਪੈਟਰਨ `ਤੇ ਇੱਕ ਨਾਵਲ ਵੀ ਲਿਖ ਮਾਰਿਆ, ਨਾਂ ਸੀ, ‘ਪਹੁ-ਫ਼ੁਟਾਲਾ’; ਜਿਹੜਾ ਜਲੰਧਰੋਂ ਛਪਦੇ ਸਪਤਾਹਿਕ ‘ਨਵੀਂ ਦੁਨੀਆਂ’ ਵਿਚ ਛਪਿਆ।
ਬਚਪਨ ਤੇ ਜਵਾਨੀ ਦੀਆਂ ਬਰੂਹਾਂ `ਤੇ ਬਹਿ ਕੇ ‘ਰਾਤ ਬਾਕੀ ਹੈ’ ਪੜ੍ਹਿਆ ਤਾਂ ‘ਚਰਨ’ ਹੋਣਾ ਤੇ ਬਣਨਾ ਮੇਰਾ ਆਦਰਸ਼ ਬਣ ਗਿਆ। ਇਨਕਲਾਬ ਲਈ, ਸਮਾਜਿਕ ਤਬਦੀਲੀ ਲਈ ਸਿਰ ਧੜ ਦੀ ਲਾਉਣ ਦਾ ਅਜ਼ਮ ਮੇਰੇ ਧੁਰ ਅੰਦਰ ਦਾ ਹਿੱਸਾ ਬਣ ਗਿਆ। ਖ਼ਿਆਲੀ ‘ਰਾਜ’ ਦੇ ਨਾਲ ਖ਼ਿਆਲੀ ਆਦਰਸ਼ਕ ਅਸਰੀਰੀ-ਮੁਹੱਬਤ ਮੇਰੀ ਸਮਝ ਅਤੇ ਵਿਹਾਰ ਦਾ ਹਿੱਸਾ ਹੋ ਗਿਆ। ਔਰਤ ਦੀ ਇਜ਼ਤ ਤੇ ਮਾਨ-ਸਨਮਾਨ ਮੇਰੀ ਸੋਚ ਦਾ ਅੰਗ ਬਣ ਗਿਆ।
1963 ਵਿਚ ਮੇਰੀਆਂ ਕੁੱਝ ਕਹਾਣੀਆਂ ਪੜ੍ਹ ਕੇ ਸਾਹਿਤਕ ਮੱਸ ਰੱਖਣ ਵਾਲੇ ਮੇਰੇ ਇੱਕ ਅਧਿਆਪਕ ਗੁਰਬਖ਼ਸ਼ ਸਿੰਘ ਨੇ ਪੁੱਛਿਆ, “ਤੇਰੀਆਂ ਕਹਾਣੀਆਂ ਵਿਚ ਜਿਹੜੀ ਕੁੜੀ ਵਾਰ-ਵਾਰ ਦਿਸਦੀ ਹੈ, ਉਹ ਕੌਣ ਹੈ? ਕਿਸ ਨਾਲ ਇਸ਼ਕ ਹੈ ਤੈਨੂੰ?”
ਮੈਂ ਕਿਹਾ, “ਹਕੀਕਤ ਵਿਚ ਇਹ ਕੁੜੀ ਕੋਈ ਨਹੀਂ, ਕਿਧਰੇ ਵੀ ਨਹੀਂ। ਅਸਲ ਵਿਚ ਮੇਰੀ ਕੋਈ ਪ੍ਰੇਮਿਕਾ ਹੈ ਹੀ ਨਹੀਂ। ਮੈਂ ਤਾਂ ‘ਰਾਤ ਬਾਕੀ ਹੈ’ ਦੀ ਰਾਜ ਨੂੰ ਪਿਆਰ ਕਰਦਾਂ। ਓਹੋ ਹੈ ਮੇਰੀ ਪ੍ਰੇਮਿਕਾ।”
ਉਹ ਮੇਰੇ ‘ਮੂਰਖ਼ਾਨਾ’ ਜਵਾਬ ਨੂੰ ਸੁਣ ਕੇ ਹੱਸ ਪਿਆ।
ਪਤਾ ਨਹੀਂ ਮੇਰੇ ਵਰਗੇ ‘ਮੂਰਖ਼’ ਹੋਰ ਕਿੰਨੇ ਸੈਂਕੜੇ ਪਾਠਕ ਹੋਣਗੇ! ਸ਼ਾਇਦ ਉਹ ਵੀ ਅੱਜ ਆਪਣੇ ਇਹੋ ਜਿਹੇ ਜਵਾਬਾਂ `ਤੇ ਹੱਸ ਪੈਣ!
ਕੰਵਲ ਦੀਆਂ ਉਹ ਲਿਖਤਾਂ ਅੱਜ ਪੜ੍ਹਾਂ ਤਾਂ ਮੈਂ ਵੀ ਆਪਣੇ ਆਪ `ਤੇ ਹੱਸ ਪਵਾਂ। ਕੰਵਲ ਮੇਰੀ ਹੁਣਵੀਂ ਉਮਰ ਦਾ ਲੇਖਕ ਨਹੀਂ। ਮੇਰੀ ਜਵਾਨੀ ਦਾ ਲੇਖਕ ਹੈ। ਗੋਈ ਹੋਈ ਕੱਚੀ ਮਿੱਟੀ ਦਾ ਘੁਮਿਆਰ। ਮਿੱਟੀ ਨੂੰ ਚੱਕ `ਤੇ ਚੜ੍ਹਾਇਆ ਤੇ ਘੁਮਾਟਣੀਂ ਦਿੱਤੀ। ਆਪਣੀ ਮਰਜ਼ੀ ਦੀ ਸ਼ਕਲ ਬਣਾ ਦਿੱਤੀ। ਘੁੰਮ ਰਹੇ ਬੰਦੇ ਦਾ ਸਿਰ ਵੀ ਘੁੰਮਣ ਲੱਗ ਜਾਂਦਾ।
ਅਸਲ ਵਿਚ ਕੰਵਲ ਨਵ-ਉਮਰੇ ਪਾਠਕਾਂ ਦਾ ਲੇਖਕ ਰਿਹਾ ਹੈ। ਉਹ ਅਜਿਹਾ ਜਾਦੂ ਸੀ ਜੋ ਪਾਠਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਪੈਂਦਾ। ਉਹਨੇ ਪਾਠਕਾਂ ਦੇ ਮਨਾਂ ਵਿਚ ਸਥਾਪਤ ਤਾਕਤਾਂ ਦੇ ਖ਼ਿਲਾਫ਼ ਰੋਸ ਤੇ ਰੋਹ ਦਾ ਜਜ਼ਬਾ ਧੜਕਣ ਲਾ ਦਿੱਤਾ। ਸ਼ਾਇਰੀ ਉਹਦੀ ਸ਼ੈਲੀ ਦਾ ਅਟੁੱਟ ਅੰਗ ਰਹੀ। ਉਹਦੀ ਲਿਖਤ ਵਿਚ ਲੋਹੜੇ ਦਾ ਲਾ-ਉਬਾਲਪਨ ਤੇ ਭਾਵੁਕ ਵਹਾਓ ਰਿਹਾ ਹੈ। ਉਹ ਭਾਵੁਕ ਪਾਠਕ ਨੂੰ ਆਪਣੇ ਬਿਆਨੀਆਂ ਸੇਕ ਨਾਲ ਢਾਲ ਕੇ ਪਾਣੀ ਬਣਾ ਦਿੰਦਾ ਤੇ ਫਿਰ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ। ਉਹਨੇ ਵੱਖ ਵੱਖ ਪੜਾਵਾਂ ਵਿਚ ਹਜ਼ਾਰ-ਹਾਅ ਨੌਜਵਾਨਾਂ ਨੂੰ ਆਪਣੇ ਰੰਗ ਵਿਚ ਰੰਗਿਆ। ਮੇਰੇ ਵਰਗੇ ਲੋਕ ਜਾਂ ਲੇਖਕ ਉਹਦੀ ਲਾਈ ਪਹਿਲੀ-ਦੂਜੀ ਪੌਧ ਦਾ ਹਿੱਸਾ ਹਾਂ। ਕਮਿਊਨਿਸਟ ਲਹਿਰ ਨਾਲ, ਓਨੇ ਲੋਕ, ਲੀਡਰਾਂ ਨੇ ਨਹੀਂ ਜੋੜੇ ਹੋਣੇ ਜਿੰਨੇ ਇਕੱਲ੍ਹੇ ‘ਰਾਤ ਬਾਕੀ ਹੈ’ ਨੇ ਜੋੜੇ ਹੋਣਗੇ। ਤੇ ਇਹ ਗੱਲ ਸਾਰੇ ਮੰਨਦੇ ਨੇ। ਮੁਹੱਬਤ ਵਿਚ ਡੁੱਬੇ ਪਾਠਕ ਉਹਦੇ ‘ਮਿੱਤਰ ਪਿਆਰੇ ਨੂੰ’ ਵਰਗੇ ਨਾਵਲਾਂ ਨੂੰ ਰੁਮਾਲਾਂ ਵਿਚ ਲਪੇਟ ਕੇ ਰੱਖਦੇ ਰਹੇ। ਅਗਲੇ ਪੜਾਅ `ਤੇ ਉਹ ਨਕਸਲੀਆਂ ਦਾ ਤੇ ਉਸਤੋਂ ਬਾਅਦ ‘ਖਾੜਕੂਆਂ’ ਦਾ ਮਨਭਾਉਂਦਾ ਲੇਖਕ ਵੀ ਰਿਹਾ। ਉਹਦੇ ਵਿਚ ਵੇਦਾਂਤ, ਮਾਰਕਸ-ਲੈਨਿਨ-ਮਾਓ ਤੇ ਸਿੱਖੀ ਦੀ ਇਨਕਲਾਬੀ ਮਿੱਸ ਰਲੀ ਹੋਈ ਹੈ।
ਉਹਦੇ ਵਿਚਾਰਧਾਰਕ ਬਦਲਾਓ ਨਾਲ ਬਹੁਤ ਸਾਰੇ ਲੋਕ ਸਹਿਮਤ ਨਹੀਂ। ਨਾ ਹੋਣ। ਮੈਂ ਵੀ ਨਹੀਂ। ਕੰਵਲ ਨੇ ਸਭ ਨੂੰ ਖ਼ੁਸ਼ ਰੱਖਣ ਦਾ ਕਦੀ ਵੀ ਠੇਕਾ ਨਹੀਂ ਸੀ ਲਿਆ। ਉਹਨੂੰ ਜੋ ਠੀਕ ਲੱਗਦਾ ਰਿਹਾ, ਉਹਨੇ ਉਹੋ ਕੀਤਾ। ਉਹੋ ਲਿਖਿਆ। ਉਹ ਕਿਸੇ ਲਾਲਚ ਕਰ ਕੇ ਨਹੀਂ ਬਦਲਿਆ। ਨਾ ਹੀ ਕਿਸੇ ਡਰ ਕਰ ਕੇ ਡੋਲਿਆ। ਸਦਾ ਆਪਣੇ ਅੰਦਰੋਂ ਨਿਕਲੀ ਆਵਾਜ਼ ਦੇ ਮਗਰ ਲੱਗਾ। ਕੋਈ ਇਨਾਮ, ਕੋਈ ਅਹੁਦਾ, ਕੋਈ ਪੇਸ਼ਕਸ਼ ਉਹਨੂੰ ਆਪਣੇ ਮਗਰ ਨਹੀਂ ਲਾ ਸਕੇ। ਮਹਿੰਦਰ ਸਿੰਘ ਰੰਧਾਵੇ ਵੱਲੋਂ ਚੰਡੀਗੜ੍ਹ ਵਿਚ ਮੁਫ਼ਤ ਦੇ ਹਿਸਾਬ ਮਿਲਣ ਵਾਲਾ ਪਲਾਟ ਲੈਣੋਂ ਉਹਨੇ ਇਨਕਾਰ ਕਰ ਦਿੱਤਾ। ਭਾਸ਼ਾ ਵਿਭਾਗ ਦਾ ਇਨਾਮ ਵੀ।
ਉਹ ਕਦੀ ਵੀ ਸਥਾਪਤੀ ਦਾ ਲੇਖਕ ਨਹੀਂ ਰਿਹਾ; ਸਗੋਂ ਸਥਾਪਤੀ ਦੇ ਜ਼ੁਲਮ ਤੇ ਜਬਰ ਵਿਰੁੱਧ ਸਦਾ ਲੜਨ ਵਾਲਾ ਜੁਝਾਰੂ ਲੇਖਕ ਰਿਹਾ ਹੈ। ਕਿਹੜਾ ਪੰਜਾਬੀ ਲੇਖਕ ਹੈ, ਜੋ ਉਸ ਵਾਂਗ ਸਮੇਂ ਦੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੂੰ ਏਨੀ ਬੁਲੰਦ ਆਵਾਜ਼ ਵਿਚ ਮੁਖ਼ਾਤਬ ਹੋਇਆ ਹੋਵੇ! ਕਿਹੜਾ ਲੇਖਕ ਹੈ ਜਿਹੜਾ ਵੇਲੇ ਦੇ ਹਾਕਮਾਂ ਨੂੰ ਗਰਜਦੀਆਂ ਚਿੱਠੀਆਂ ਲਿਖ ਸਕਦਾ ਹੈ! ਕੌੜੇ ਤੇ ਤਿੱਖੇ ਸਵਾਲ ਪੁੱਛ ਸਕਦਾ ਹੈ! ਉਹਨੇ ਲੋਕਾਂ ਦੇ ਮਨਾਂ ਅੰਦਰ ਆਪਣੇ ਨਾਲ ਹੁੰਦੇ ਧੱਕੇ ਤੇ ਧੋਖੇ ਖ਼ਿਲਾਫ਼ ਲੜਨ ਦਾ ਜਜ਼ਬਾ ਬੀਜਿਆ। ਇਹੋ ਉਹਦੀ ਪ੍ਰਾਪਤੀ ਹੈ। ਸਵੈ-ਮਾਣ ਨਾਲ ਜਿਊਣ ਦੀ ਰੜਕ ਤੇ ਮੜਕ ਉਹਦੀ ਹੋਂਦ ਦਾ ਹਿੱਸਾ ਰਹੀ। ਇਹੋ ਰੜਕ ਤੇ ਮੜਕ ਉਹਨੇ ਪੰਜਾਬੀ ਪਾਠਕ ਦੇ ਮਨਾਂ ਵਿਚ ਬੀਜੀ।
ਮੇਰੇ ਵਿਚ ਵੀ ਜਿਹੜੀ ਰੜਕ ਤੇ ਮੜਕ ਹੈ, ਉਹਦੇ ਵਿਚ ਕੁੱਝ ਕੁ ਹਿੱਸਾ, ਕੰਵਲ ਦੀਆਂ ਲਿਖਤਾਂ ਦਾ ਦਿੱਤਾ ਹੋਇਆ ਵੀ ਏ। ਅੱਜ ਕੰਵਲ ਦੇ ਜਿਹੜੇ ਹਿੱਸੇ ਨਾਲ ਮੇਰੀ ਅਸੰਮਤੀ ਹੈ, ਉਸ ਅਸੰਮਤੀ ਦੇ ਪਿੱਛੇ ਵੀ ਕੰਵਲ ਵੱਲੋਂ ਸ਼ੁਰੂ ਦੇ ਸਾਲਾਂ ਵਿਚ ਦਿੱਤੇ ਮਾਨਵਵਾਦੀ ਨਜ਼ਰੀਏ ਦਾ ਯੋਗਦਾਨ ਹੈ। ਕੰਵਲ ਨੇ ਹੀ ਮੈਨੂੰ ਕੰਵਲ ਨੂੰ ਅਪ੍ਰਵਾਨ ਕਰਨ ਦੀ ਸੋਝੀ ਦਿੱਤੀ ਸੀ। ਤੁਹਾਨੂੰ ਵੀ ਦਿੱਤੀ ਹੋਵੇਗੀ।
ਮੇਰੀ ਖ਼ੁਸ਼-ਨਸੀਬੀ ਰਹੀ ਏ ਕਿ ਮੇਰੇ ਵਿਚੋਂ ਕੰਵਲ ਨੂੰ ਵੀ ਆਪਣੇ ਹਿੱਸੇ ਦਾ ਕੋਈ ਟੋਟਾ ਜੁੜਿਆ ਨਜ਼ਰ ਆਉਂਦਾ ਰਿਹਾ ਏ। ਏਸੇ ਲਈ ਉਹਨੇ ਮੈਨੂੰ ਸਦਾ ਪਿਤਾ ਵਾਲਾ ਪਿਆਰ ਦਿੱਤਾ ਹੈ। ਮੈਨੂੰ ਪੁੱਤਾਂ ਵਾਂਗ ਲਡਿਆਇਆ ਏ।
ਓ ਭਾਈ ਵਰਿਆਮ ਸਿਹਾਂ! ਮੈਂ ਕੰਵਲ ਬੋਲਦਾਂ।
ਪੰਝੀ ਕੁ ਸਾਲ ਪਹਿਲਾਂ ਦੀ ਗੱਲ ਹੋਵੇਗੀ। ਡੁੱਬਦੇ ਸੂਰਜ ਨਾਲ ਫ਼ੋਨ ਖੜਕਿਆ, “ਓ ਭਾਈ ਵਰਿਆਮ ਸਿਹਾਂ! ਮੈਂ ਕੰਵਲ ਬੋਲਦਾਂ। ਐਥੇ ਬਰਜਿੰਦਰ ਦੇ ਦਫ਼ਤਰ ਵਿਚ ਬੈਠਾਂ। ਮੈਂ ਬਾਹਰੋਂ ਆਏ ਕਿਸੇ ਦੋਸਤ ਦੇ ਘਰ ਜਾਣਾ ਏਂ। ਉਹ ਕਹਿੰਦਾ ਕਿ ਮੈਂ ਆਪਣੇ ਨਾਲ ਕਿਸੇ ਹੋਰ ਮਿੱਤਰ ਪਿਆਰੇ ਨੂੰ ਵੀ ਲਈ ਆਵਾਂ। ਸਤਿਨਾਮ ਮਾਣਕ ਮੇਰੇ ਨਾਲ ਹੋਵੇਗਾ। ਮੈਂ ਸੋਚਿਆ ਕਿ ਜਲੰਧਰ ਵਿਚ ਮੇਰਾ ਸਭ ਤੋਂ ਵੱਡਾ ਮਿੱਤਰ ਪਿਆਰਾ ਹੋਰ ਕੌਣ ਏ! ਤੇਰਾ ਗੁਣਾ ਪਿਆ। ਤਿਆਰ ਹੋ ਜਾ। ਅਸੀਂ ਅੱਧੇ ਘੰਟੇ ਤੱਕ ਆਏ ਲੈ।”
ਉਹ ਤੇ ਮਾਣਕ ਆਏ। ਮੈਨੂੰ ਮੇਰੇ ਘਰੋਂ ਲਿਆ ਤੇ ਮੇਜ਼ਬਾਨ ਕੋਲ ਗਏ। ਅੱਧੀ ਰਾਤ ਤੱਕ ਮੁਹੱਬਤਾਂ ਵੰਡੀਆਂ। ਜਸ਼ਨ ਦਾ ਮਾਹੌਲ। ਮੈਂ ਤੁਰਨ ਲੱਗਾ ਤਾਂ ਮੇਜ਼ਬਾਨ ਨੂੰ ਇਸ਼ਾਰਾ ਕੀਤਾ। ਮੇਜ਼ਬਾਨ ਨੇ ਨੋਟਾਂ ਦਾ ਭਰਿਆ ਲਿਫ਼ਾਫ਼ਾ ਮੇਰੇ ਹੱਥਾਂ ਵਿਚ ਰੱਖ ਦਿੱਤਾ। ਮੈਂ ਝਿਜਕਦਿਆਂ ਕੰਵਲ ਵੱਲ ਵੇਖਿਆ।
“ਲੈ ਲਾ, ਲੈ ਲਾ। ਨਾਂਹ ਨ੍ਹੀਂ ਕਰਨੀ। ਇਹ ਮੁਹੱਬਤੀ ਨਜ਼ਰਾਨਾ ਏ।”
ਮੈਂ ਕੰਵਲ ਅੱਗੇ ਸਿਰ ਨਿਵਾ ਕੇ ਕਿਹਾ, “ਆਪਣੇ ਬੱਚੇ ਨੂੰ ਆਸ਼ੀਰਵਾਦ ਦਿਓ। ਮਾਇਆ ਨਹੀਂ।”
ਉਹਨੇ ਜੱਫ਼ੀ ਵਿਚ ਘੁੱਟ ਲਿਆ।
“ਉਏ! ਮੈਂ ਤਾਂ ਸਾਰਾ ਤੇਰਾ ਈ ਆਂ।”
ਬੜੇ ਜ਼ੋਰ ਨਾਲ, ਬੜੀ ਨਿਮਰਤਾ ਨਾਲ ਮੈਂ ਉਹ ਲਿਫ਼ਾਫ਼ਾ ਮੋੜ ਸਕਿਆ।
ਕਈ ਦਿਨ ਸੋਚਦਾ ਰਿਹਾ, ਕੰਵਲ ਨੂੰ ਕੀ ਦਿਸਿਆ ਮੇਰੇ ਵਿਚ ਕਿ ਜਲੰਧਰ ਵਿਚ ਸਭ ਤੋਂ ਵੱਡਾ ਮਿੱਤਰ ਪਿਆਰਾ ਮੈਂ ਹੋ ਗਿਆ ਉਹਦੇ ਲਈ। ਉਹਦੇ ਮਿੱਤਰ ਪਿਆਰੇ ਤਾਂ ਜਲੰਧਰ ਦੇ ਹਰ ਪੰਜਾਬੀ ਪੜ੍ਹਨ ਵਾਲੇ ਘਰਾਂ ਵਿਚ ਬੈਠੇ ਨੇ। ਪੰਜਾਬ ਤੇ ਵਿਦੇਸ਼ਾਂ ਵਿਚ ਘਰ-ਘਰ ਬੈਠੇ ਨੇ। ਛਾਤੀ ਨਾਲ ਘੁੱਟ ਕੇ ਕੰਵਲ ਨੇ ਮੈਨੂੰ ਸੁਨਹਿਰੀ ਕਰ ਦਿੱਤਾ ਸੀ।

ਪਹਿਲੀ ਵਾਰ ਮੈਂ ਕੰਵਲ ਦੀ ਤਸਵੀਰ (ਸ਼ਾਇਦ) 1961-62 ਵਿਚ ਕਿਸੇ ਅਖ਼ਬਾਰ ਵਿਚ ਵੇਖੀ ਸੀ। ਇਹਦੇ ਨਾਲ ਕੰਵਲ ਦੇ ਨਵੇਂ ਛਪੇ ਨਾਵਲ ‘ਹਾਣੀ’ ਬਾਰੇ ਜਲੰਧਰ ਵਿਚ ਹੋਈ ਗੋਸ਼ਟੀ ਦਾ ਹਵਾਲਾ ਸੀ। ਇਸ ਗੋਸ਼ਟੀ ਵਿਚ ਸੋਹਨ ਸਿੰਘ ਜੋਸ਼, ਜਗਜੀਤ ਸਿੰਘ ਆਨੰਦ ਤੇ ਗੁਰਚਰਨ ਸਿੰਘ ਸਹਿੰਸਰਾ ਜਿਹੇ ਵਿਦਵਾਨਾਂ/ਆਲੋਚਕਾਂ ਨੇ ਕੰਵਲ ਦੀ ਹਾਜ਼ਰੀ ਵਿਚ ਉਹਦੇ ਨਾਵਲ ਦੀ ‘ਮਿੱਟੀ ਪੁੱਟੀ’ ਸੀ। ਬੜੀ ਤਿੱਖੀ ਆਲੋਚਨਾ ਕੀਤੀ ਸੀ! ਮੈਨੂੰ ਪੜ੍ਹ ਕੇ ਬੜਾ ਗੁੱਸਾ ਲੱਗਾ। ਮੇਰੇ ਮਨ-ਭਾਉਂਦੇ ਲੇਖਕ ਦੀ ਲਿਖਤ ਵਿਚ ਕੋਈ ਨੁਕਸ ਕਿਵੇਂ ਕੱਢ ਸਕਦਾ ਹੈ! ਮੇਰੇ ਰੋਸੇ ਨੂੰ ਕਿਸੇ ਅਖ਼ਬਾਰ ਨੇ ਤਾਂ ਛਾਪਣਾ ਨਹੀਂ ਸੀ, ਪਰ, ਮੈਂ ਆਪਣੀ ਕਹਾਣੀਆਂ ਲਿਖਣ ਵਾਲੀ ਕਾਪੀ `ਤੇ ਜਿ਼ੰਦਗੀ ਵਿਚ ਪਹਿਲੀ ਵਾਰ ਕੋਈ ‘ਆਲੋਚਨਾਤਮਕ ਟਿੱਪਣੀ’ ਲਿਖ ਕੇ ਕੰਵਲ ਦੇ ਨਾਵਲ ਦੀ ਕੀਤੀ ਗਈ ‘ਬੇਕਿਰਕ’ ਆਲੋਚਨਾ ਦੀ ‘ਆਲੋਚਨਾ’ ਕੀਤੀ। ਉਹ ਕਾਪੀ ਮੈਂ ਹੁਣ ਤੱਕ ਸਾਂਭੀ ਹੋਈ ਹੈ।
ਪਹਿਲੀ ਮਿਲਣੀ
ਪਹਿਲੀ ਵਾਰ ਮੈਂ ਕੰਵਲ ਨੂੰ ਸਾਖ਼ਸ਼ਾਤ 1967 ਵਿਚ ਵੇਖਿਆ। ਇਹ ਉਦੋਂ ਦੀ ਗੱਲ ਹੈ ਜਦੋਂ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਨੇ ਪ੍ਰੀਤ-ਪਾਠਕਾਂ ਨੂੰ ਅੰਮ੍ਰਿਤਸਰ ਦੀ ਗਾਂਧੀ ਗਰਾਊਂਡ ਵਿਚਲੇ ਓਪਨ ਏਅਰ ਥੀਏਟਰ ਵਿਚ ‘ਪ੍ਰੀਤ-ਮਿਲਣੀ’ ਉੱਤੇ ਆਉਣ ਦਾ ਸੱਦਾ ਦਿੱਤਾ। ਧਾਰਮਿਕ ਦੀਵਾਨਾਂ ਅਤੇ ਰਾਜਸੀ ਜਲਸਿਆਂ ਤੋਂ ਇਲਾਵਾ ਇਹ ਪਹਿਲਾ ਵੱਡਾ ਸਾਹਿਤਕ ਇਕੱਠ ਸੀ ਜਿਸ ਵਿਚ ਮੈਂ ਸ਼ਾਮਲ ਹੋਇਆ ਸਾਂ। ਇਹ ‘ਮਿਲਣੀ’ ਦੋ ਦਿਨ ਚੱਲੀ।
ਇਕੱਠ ਬੜਾ ਵਿਲੱਖਣ ਅਤੇ ਦਿਲਕਸ਼ ਸੀ। ਬਹੁਤੇ ਲੋਕ ਭਾਵੇਂ ਇੱਕ ਦੂਜੇ ਦੇ ਜਾਣ-ਪਛਾਣ ਵਾਲੇ ਨਹੀਂ ਸਨ ਪਰ ਫ਼ਿਰ ਵੀ ਇੱਕ ਦੂਜੇ ਨਾਲ ਅਪਣੱਤ ਦੇ ਰਿਸ਼ਤੇ ਵਿਚ ਬੱਝੇ ਹੋਏ ਸਨ। ਆਪਣੇ ਜੀਵਨ ਵਿਚ ਮੈਂ ਪਹਿਲੀ ਵਾਰ ‘ਪ੍ਰੀਤ-ਮਿਲਣੀ’ ਵਿਚ ਸ਼ਾਮਲ ਹੋਏ ਵੱਡੇ ਲੇਖਕਾਂ ਨੂੰ ਵੇਖ ਰਿਹਾ ਸਾਂ। ਨਵਤੇਜ ਸਿੰਘ ਉਨ੍ਹਾਂ ਦਾ ਨਾਂ ਲੈ ਕੇ ਅਗਲੀਆਂ ਕੁਰਸੀਆਂ `ਤੇ ਆਉਣ ਲਈ ਸੱਦਾ ਦੇ ਰਿਹਾ ਸੀ। ਲੇਖਕ ਪਿੱਛੋਂ ਉੱਠ ਕੇ ਵਾਰੀ-ਵਾਰੀ ਅੱਗੇ ਆ ਰਹੇ ਸਨ। ਲੇਖਕ ਵਜੋਂ ਉਨ੍ਹਾਂ ਦੀ ਲੋਕ-ਪ੍ਰਿਅਤਾ ਦੇ ਹਿਸਾਬ ਨਾਲ ਉਨ੍ਹਾਂ ਦੇ ਸਵਾਗਤ ਵਿਚ ਦਰਸ਼ਕ ਤਾੜੀਆਂ ਮਾਰਦੇ। ਜਦੋਂ ਨਵਤੇਜ ਸਿੰਘ ਨੇ ਜਸਵੰਤ ਸਿੰਘ ਕੰਵਲ ਦਾ ਨਾਂ ਲਿਆ ਤਾਂ ਤਾੜੀਆਂ ਦੀ ਗੜਗੜਾਹਟ ਸਭ ਤੋਂ ਉੱਚੀ ਸੀ। ਪਰ ਕੰਵਲ ਉੱਠ ਕੇ ਅਗਲੀਆਂ ਕੁਰਸੀਆਂ `ਤੇ ਨਹੀਂ ਆਇਆ। ਅਸੀਂ ਧੌਣ ਭੁਆਂ ਕੇ ਵੇਖਿਆ; ਐਨ ਅਖ਼ੀਰਲੀਆਂ ਕੁਰਸੀਆਂ ਵਿਚੋਂ ਇੱਕ `ਤੇ ਬੈਠੇ ਕੰਵਲ ਨੇ ਪਿੱਛੋਂ ਹੀ ਨਵਤੇਜ ਵੱਲ ਹੱਥ ਹਿਲਾ ਕੇ ਉਹਦਾ ਧੰਨਵਾਦ ਵੀ ਕਰ ਦਿੱਤਾ ਤੇ ‘ਨਾਂਹ’ ਵਿਚ ਏਧਰ-ਓਧਰ ਬਾਂਹ ਹਿਲਾ ਅੱਗੇ ਆਉਣਾ ਅਪ੍ਰਵਾਨ ਕਰ ਦਿੱਤਾ। ਮੇਰੇ ਨਾਲ ਦੇ ਸਾਥੀ ਨੇ ਕਿਹਾ, “ਕੰਵਲ ਲੋਕਾਂ ਦਾ ਲੇਖਕ ਹੈ। ਉਹ ਲੋਕਾਂ ਵਿਚ ਹੀ ਬਹਿਣਾ ਚਾਹੁੰਦਾ ਹੈ। ਆਮ ਹੀ ਦਿਸਣਾ ਚਾਹੁੰਦਾ ਹੈ। ਖ਼ਾਸ ਨਹੀਂ ਬਣਨਾ ਚਾਹੁੰਦਾ।”
‘ਪ੍ਰੀਤ-ਮਿਲਣੀ’ `ਤੇ ਮੈਂ ਕੰਵਲ ਨੂੰ ਅਜਾਇਬ ਘਰ ਦੀ ਵਸਤ ਵਾਂਗੂੰ ਕੋਲੋਂ-ਕੋਲੋਂ ਤਾਂ ਵੇਖਦਾ ਰਿਹਾ, ਪਰ, ਉਹਨੂੰ ਬੁਲਾਉਣ ਦਾ ਜੇਰਾ ਨਾ ਕਰ ਸਕਿਆ। ਜਿਵੇਂ ਬੰਦਾ ਕੁਤਬ-ਮੀਨਾਰ ਦੇ ਗੇੜੇ ਕੱਢਦਾ ਫਿਰੇ। ਉਹਦੇ ਸਾਹਮਣੇ ਹੋ ਕੇ ਮੈਂ ਉਹਦੀ ਅੱਖ ਵਿਚ ਅੱਖ ਨਾ ਪਾ ਸਕਿਆ!
ਇਹ ਮੌਕਾ ਮੈਨੂੰ 1971 ਵਿਚ ਉਦੋਂ ਮਿਲਿਆ ਜਦੋਂ ਅੰਬਰਸਰ ਦੇ ਟਾਉਨ-ਹਾਲ ਨੇੜੇ ਪੈਂਦੇ ਕੁੜੀਆਂ ਦੇ ਸਕੂਲ ਵਿਚ ‘ਪ੍ਰੀਤ-ਮਿਲਣੀ’ ਹੋਈ। ਉਹਨੀਂ ਦਿਨੀਂ ਸਾਹਿਤਕ ਮਾਹੌਲ ਬੜਾ ਗਰਮ ਅਤੇ ਉਤੇਜਨਾ ਵਾਲਾ ਸੀ। ਅਸੀਂ ਇਸ ਦੀ ਪੂਰੀ ਜਕੜ ਵਿਚ ਸਾਂ। ਸੀ ਪੀ ਆਈ ਤੇ ਸੀ ਪੀ ਐੱਮ ਨਾਲ ਜੁੜੇ ਕੇਂਦਰੀ ਲੇਖਕ ਸਭਾ ਦੇ ਕਹਿੰਦੇ ਕਹਾਉਂਦੇ ਸਾਹਿਤਕਾਰ ਨਵੇਂ ਉੱਠ ਰਹੇ ‘ਕ੍ਰਾਂਤੀਕਾਰੀ’ ਲੇਖਕਾਂ ਦੇ ਵਿਰੋਧੀ ਸਨ। ਉਹ ਨਵੇਂ ਲੇਖਕਾਂ ਨੂੰ ਆਪਣੀ ਕੇਂਦਰੀ ਸਭਾ ਤੋਂ ਦੂਰ ਰੱਖਣਾ ਚਾਹੁੰਦੇ ਸਨ। ਕੰਵਲ, ਜਗਜੀਤ ਸਿੰਘ ਆਨੰਦ, ਗੁਰਚਰਨ ਸਿੰਘ ਸਹਿੰਸਰਾ, ਸਾਧੂ ਸਿੰਘ ਹਮਦਰਦ ਇਨ੍ਹਾਂ ਦੇ ਆਗੂ ਸਨ। ਦੂਜੇ ਪਾਸੇ ਮੇਰੇ ਨਾਲ ਦੇ ਸਾਹਿਤਕ-ਸਾਥੀ ਵੀ ਤੱਤੇ ਵਿਚਾਰਾਂ ਵਾਲੇ ਹੀ ਸਨ। ਅਸੀਂ ਆਪਣੇ ਬਣਾਏ ‘ਸਾਹਿਤ-ਕੇਂਦਰ ਭਿੱਖੀਵਿੰਡ’ ਵੱਲੋਂ ਫ਼ੈਸਲਾ ਕੀਤਾ ਕਿ ਕਿ ‘ਜੁਝਾਰ’ ਨਾਂ ਦੀ ਇੱਕ ਚੌਵਰਕੀ ਜਾਂ ਛੇ-ਵਰਕੀ ਛਾਪੀ ਜਾਵੇ ਅਤੇ ਇਨ੍ਹੀਂ ਹੀ ਦਿਨੀਂ ਅੰਮ੍ਰਿਤਸਰ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੱਲੋਂ ਕੀਤੀ ਜਾਣ ਵਾਲੀ ‘ਪ੍ਰੀਤ-ਮਿਲਣੀ’ ਉੱਤੇ ‘ਪ੍ਰੀਤ-ਪਾਠਕਾਂ’ ਵਿਚ ਤਕਸੀਮ ਕੀਤੀ ਜਾਵੇ। ਇਸ ਤਰ੍ਹਾਂ ਇਕਦਮ ਵੱਡੇ ਸਾਹਿਤਕ ਦਾਇਰੇ ਵਿਚ ਸਾਡੀ ਸਭਾ ਤੇ ਸਾਡੇ ਲੇਖਕਾਂ ਦਾ ਨਾਂ ਜਾਵੇਗਾ ਅਤੇ ਸਾਹਿਤਕ ਹਲਕਿਆਂ ਵਿਚ ਪਛਾਣ ਬਣੇਗੀ। ਸਾਨੂੰ ਕਿਉਂਕਿ ਪਰਚੇ ਨੂੰ ਛਪਵਾਉਣ ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਅਸੀਂ ਪੈਸੇ ਇਕੱਠੇ ਕਰ ਕੇ ਪਰਚੇ ਨੂੰ ਛਪਵਾਉਣ ਦੀ ਸੇਵਾ ਸੁਜਾਨ ਸਿੰਘ ਹੁਰਾਂ ਦੇ ਵੱਡੇ ਪੁੱਤਰ ਕੁਲਵੰਤ ਸਿੰਘ(‘ਕੁਲਫ਼ੀ’ ਕਹਾਣੀ ਦੇ ਪਾਤਰ) ਦੇ ਜ਼ਿੰਮੇ ਲਾਈ। ਕੁਲਵੰਤ ਉਹਨੀਂ ਦਿਨੀ ਭਿੱਖੀਵਿੰਡ ਵਿਚ ਗਿਆਨੀ ਦੀਆਂ ਕਲਾਸਾਂ ਲੈ ਰਿਹਾ ਸੀ ਤੇ ਅਸੀਂ ਹੀ ਉਸਦੀ ਮਦਦ ਕਰਨ ਲਈ ਅੱਗੇ ਪੜ੍ਹਨ ਵਾਲੇ ਅਧਿਆਪਕ/ਅਧਿਆਪਕਾਵਾਂ ਨੂੰ ਵਿਦਿਆਰਥੀ ਵਜੋਂ ਉਸ ਨਾਲ ਜੋੜਿਆ ਸੀ।
‘ਜੁਝਾਰ’ ਦੇ ਮੁੱਖ ਪੰਨੇ ਉੱਤੇ ਮੇਰੀ ਕਵਿਤਾ ਸੀ- ਜਿਸ ਵਿਚ ਗੁਰਬਖ਼ਸ਼ ਸਿੰਘ ਦੀ ‘ਪ੍ਰੀਤ-ਮਿਲਣੀ’ ਨੂੰ ਅਜੋਕੇ ਪ੍ਰਸੰਗ ਵਿਚ ਵਿਅੰਗ ਦਾ ਨਿਸ਼ਾਨਾ ਬਣਾਇਆ ਗਿਆ ਸੀ:
ਦੀਵਾਰ ਤੇ ਲਟਕਿਆ ਲੈਨਿਨ ਬੁੱਢਾ ਹੋ ਰਿਹਾ ਹੈ
ਸੀਸ ਲਈ ਮੰਗ ਕਰਦੀ
ਗੋਬਿੰਦ ਦੀ ਤਣੀ ਉਂਗਲ ਥੱਕ ਚੱਲੀ ਹੈ
-ਤੁਸੀਂ ਰੰਗਲੇ ਬੰਗਲਿਆਂ ਵਿਚ ਬਹਿ ਕੇ
ਆਰਾਮ ਦੀ ਗੱਲ ਕਰਦੇ ਹੋ!
ਪ੍ਰੀਤਾਂ ਦਾ ਮਿਲਣ ਚਾਹੁੰਦੇ ਹੋ!
-ਕੀ ਮਿਲਣ ਤੋਂ ਪਹਿਲਾਂ ਮਰਨ ਦਾ ਸੱਚ ਸੁਣਿਆਂ ਜੇ?
ਤੁਸੀਂ ਕਿਹੜੇ ਝਨਾਵਾਂ ਨੂੰ ਪਾਰ ਕੀਤਾ ਹੈ?
ਆਰਾਮ ਕਾਹਦਾ!
ਕੀ ਮਾਛੀਵਾੜੇ `ਚੋਂ ਲੰਘ ਆਏ ਹੋ?
-ਕਦਮਾਂ ਨੂੰ ਸ਼ਰਮਿੰਦਾ ਨਾ ਕਰੋ।
ਕੁਲਵੰਤ ਸਾਡੇ ਨਾਲ ‘ਪ੍ਰੀਤ-ਪਾਠਕਾਂ’ ਵਿਚ ਪਰਚਾ ਵੰਡਵਾ ਵੀ ਰਿਹਾ ਸੀ; ਮੈਨੂੰ ਵੱਡੇ ਲੇਖਕਾਂ ਨਾਲ ਮਿਲਾ ਵੀ ਰਿਹਾ ਸੀ ਤੇ ਨਵੇਂ ਹੋਣਹਾਰ ਲੇਖਕ ਵਜੋਂ ਮੇਰੀ ਜਾਣ-ਪਛਾਣ ਵੀ ਕਰਵਾ ਰਿਹਾ ਸੀ। ਉਸਨੇ ਜਸਵੰਤ ਸਿੰਘ ਕੰਵਲ ਦੇ ਹੱਥ ਵਿਚ ਫੜੇ ‘ਜੁਝਾਰ’ ਵੱਲ ਵੇਖ ਕੇ ਕਿਹਾ, “ਵੇਖਿਆ ਜੇ ਸਾਡਾ ਪਰਚਾ? ਇਸਦੇ ਪਹਿਲੇ ਸਫ਼ੇ ਵਾਲੀ ਨਜ਼ਮ ਪੜ੍ਹ ਕੇ ਵੇਖੋ। ਕਿਆ ਨਜ਼ਮ ਹੈ! ਆਪਣੇ ਵਰਿਆਮ ਨੇ ਲਿਖੀ ਹੈ।” ਉਸਨੇ ਮਾਣ ਨਾਲ ਮੇਰੇ ਮੋਢੇ ਉੱਤੇ ਹੱਥ ਰੱਖਿਆ।
“ਕੀ ਹੈ ਇਸ ਵਿਚ? ਦੱਸ ਮੈਨੂੰ; ਕੀ ਹੈ ਇਸ ਵਿਚ?” ਕੰਵਲ ਖਿਝਿਆ ਪਿਆ ਸੀ ਤੇ ਪਰਚੇ ਨੂੰ ਹੱਥ ਵਿਚ ਹਿਕਾਰਤ ਨਾਲ ਹਿਲਾ ਰਿਹਾ ਸੀ। ਸ਼ਾਇਦ ਉਹ ‘ਕੱਲ੍ਹ ਦੇ ਛੋਕਰੇ’ ਵੱਲੋਂ ਗੁਰਬਖ਼ਸ਼ ਸਿੰਘ ਦੀਆਂ ਵਡੇਰੀਆਂ ਪ੍ਰਾਪਤੀਆਂ ਨੂੰ ਛੁਟਿਆਉਣ ਕਰ ਕੇ ਔਖਾ ਸੀ ਜਾਂ ਉਸਦੇ ਮਨ ਵਿਚ ਨਵੇਂ ਉੱਠ ਰਹੇ ਪਰ ਉਸਦੀ ਨਜ਼ਰ ਵਿਚ ‘ਰਾਹੋਂ ਭਟਕੇ’ ‘ਕ੍ਰਾਂਤੀਕਾਰੀ ਲੇਖਕਾਂ’(ਉਦੋਂ ਇਹੋ ਨਾਂ ਵਰਤਿਆ ਜਾਂਦਾ ਸੀ) ਪ੍ਰਤੀ ਤੇਜ਼-ਤਿੱਖੀ ਨਰਾਜ਼ਗੀ ਸੀ। ਕੁੱਝ ਸਾਲਾਂ ਬਾਅਦ ਜਦੋਂ ਮੈਂ ਉਸਦਾ ਨਾਵਲ ‘ਲਹੂ ਦੀ ਲੋਅ’ ਪੜ੍ਹ ਰਿਹਾ ਸਾਂ ਤਾਂ ਕੰਵਲ ਵਾਰ-ਵਾਰ ਮੇਰੇ ਚੇਤਿਆਂ ਵਿਚ ‘ਜੁਝਾਰ’ ਦੇ ਪੀਲੇ ਪੱਤਰਿਆਂ ਨੂੰ ਹਿਕਾਰਤ ਨਾਲ ਹਿਲਾਉਂਦਾ ਕਹਿ ਰਿਹਾ ਸੀ, “ਕੀ ਹੈ ਇਸ ਵਿਚ?” ਪਰ ਮੈਂ ਉਸਨੂੰ ਕਹਿ ਨਹੀਂ ਸਾਂ ਸਕਦਾ ਕਿ ਇਸ ਵਿਚ ‘ਲਹੂ ਦੀ ਲੋਅ’ ਵਰਗਾ ਹੀ ਕੁੱਝ ਸੀ!
‘ਲਹੂ ਦੀ ਲੋਅ’ ਉਨ੍ਹਾਂ ਦਿਨਾਂ ਵਿਚ ਕਿਸੇ ਬਾਹਰਲੇ ਮੁਲਕ ਵਿਚ ਛਪਿਆ ਤੇ ਉਹਦੀਆਂ ਕੁਝ ਕੁ ਕਾਪੀਆਂ ‘ਸਮਗਲ’ ਹੋ ਕੇ ਪੰਜਾਬ ਪਹੁੰਚੀਆਂ ਸਨ। ਦੇਸ਼ ਵਿਚ ਐਮਰਜੈਂਸੀ ਲੱਗੀ ਹੋਈ ਸੀ। ਹੁਣ ਤੱਕ ਬਹੁਤ ਸਾਰੀਆਂ ਮੱਛੀਆਂ ਲਹਿਰ ਦਾ ‘ਪੱਥਰ ਚੱਟ ਕੇ’ ਮੁੜ ਆਈਆਂ ਸਨ। ਐਂਮਰਜੈਂਸੀ ਕਰ ਕੇ ਨਹੀਂ, ਸਗੋਂ ਇਹ ਅਹਿਸਾਸ ਹੋ ਜਾਣ `ਤੇ ਕਿ ਲੋਕ-ਸਾਥ ਤੋਂ ਵਿਰਵੀਆਂ ਨਕਸਲਵਾਦ ਵਰਗੀਆਂ ਹਿੰਸਕ ਲਹਿਰਾਂ ਕਦੀ ਕਾਮਯਾਬ ਨਹੀਂ ਹੁੰਦੀਆਂ। ਕੁਝ ਸਾਲ ਪਹਿਲਾਂ ਹੀ ਮੈਂ ਤੇ ਹਰਭਜਨ ਹਲਵਾਰਵੀ ਨੇ ਇਸ ਲਹਿਰ ਨਾਲੋਂ ਸੁਚੇਤ ਤੌਰ `ਤੇ ਨਾਤਾ ਤੋੜ ਲਿਆ ਸੀ। ਹਲਵਾਰਵੀ ਝੂਠੇ ਕਤਲ-ਕੇਸ ਵਿਚ ਜੇਲ੍ਹ ਜਾਣ ਤੋਂ ਬਾਅਦ ਰਿਹਾਅ ਹੋ ਕੇ ਪੰਜਾਬ ਯੂਨੀਵਰਸਿਟੀ ਵਿਚ ਐਮ ਏ ਭਾਗ ਦੂਜਾ ਵਿਚ ਦਾਖ਼ਲ ਹੋ ਗਿਆ ਤੇ ਮੈਂ ਦੋ ਵਾਰ ਗ੍ਰਿਫ਼ਤਾਰ ਹੋਣ ਤੋਂ ਬਾਅਦ ਤੀਜੀ ਗ੍ਰਿਫ਼ਤਾਰੀ ਤੋਂ ਬਚਦਾ ਏਥੇ ਹੀ ਐੱਮ ਫਿ਼ਲ ਵਿਚ ਆ ਦਾਖ਼ਲ ਹੋਇਆ। ਸਮਗਲ ਹੋਈਆਂ ‘ਲਹੂ ਦੀ ਲੋਅ’ ਦੀਆਂ ਕੁਝ ਕਾਪੀਆਂ ਵਿਚੋਂ ਇੱਕ ਕਾਪੀ ਸਾਡੇ ਅਧਿਆਪਕ ਕੇਸਰ ਸਿੰਘ ਕੇਸਰ ਕੋਲ ਪਹੁੰਚੀ ਸੀ। ਅਸੀਂ ਉਸ ਕੋਲੋਂ ਲੈ ਕੇ ਹੀ ਨਾਵਲ ‘ਚੋਰੀ ਚੋਰੀ’ ਪੜ੍ਹਿਆ।
ਸਾਨੂੰ ਉਸ ਦੌਰ ਵਿਚ ਨਾਵਲ ਦਾ ਛਪਣਾ ਕੁਵੇਲੇ ਦੇ ਰਾਗ ਵਾਂਗ ਲੱਗਾ। ਇਸ ਨਾਵਲ ਦੀ ਆਲੋਚਨਾ ਕਰਦਾ ਇੱਕ ਲੰਮਾ ਲੇਖ ਰਘਬੀਰ ਢੰਡ ਨੇ ਲਿਖਿਆ, “ਲੋਅ ਦਾ ਲਹੂ”। ਜ਼ਾਹਿਰ ਹੈ ਉਹ ਨਾਵਲ ਵਿਚ ਢਾਡੀਆਂ ਵਾਂਗ ਨਕਸਲੀਆਂ ਦੀ ਬਹਾਦਰੀ ਦੀਆਂ ਵਾਰਾਂ ਗਾ ਕੇ ਨਵੀਂ ਪੀੜ੍ਹੀ ਦੀ ‘ਲੋਅ’ ਨੂੰ ‘ਲਹੂ’ ਵਿਚ ਬਦਲ ਕੇ ਡੋਲ੍ਹਣ ਦੇ ਖਿ਼ਲਾਫ਼ ਸੀ। ਪਰ ਬਹੁਤ ਸਾਰੇ ਪਾਠਕਾਂ ਨੇ ਇਸ ਨਾਵਲ ਦਾ ਸਵਾਗਤ ਕੀਤਾ। ਇਸਨੂੰ ਇਤਿਹਾਸਕ ਦਸਤਾਵੇਜ਼ ਨਾਲ ਤੁਲਨਾ ਦਿੱਤੀ। ਇਤਰਾਜ਼ ਕਰਨ ਵਾਲੇ ਕਹਿੰਦੇ ਸਨ ਕਿ ਕੰਵਲ ਉਪਭਾਵਕ ਹੈ ਤੇ ਨੌਜਵਾਨਾਂ ਦੀ ਉਪਭਾਵਕਤਾ ਦਾ ਫ਼ਾਇਦਾ ਆਪਣਾ ਨਾਵਲ ‘ਵੇਚਣ’ ਲਈ ਕਰਦਾ ਹੈ।
ਪਰ ਮੇਰਾ ਮੰਨਣਾ ਹੈ ਤੇ ਇਹ ਗੱਲ ਮੈਂ ਪਿੱਛੇ ਕਹਿ ਵੀ ਆਇਆ ਹਾਂ ਕਿ ਕੰਵਲ ਨਾਲ ਸਹਿਮਤ ਹੋਈਏ ਜਾਂ ਨਾ, ਉਹ ਕਿਸੇ ਲਾਭ ਲਈ ਵਿਚਾਰਧਾਰਕ ਪੈਂਤੜਾ ਨਾ ਹੀ ਲੈਂਦਾ ਸੀ, ਨਾ ਹੀ ਬਦਲਦਾ ਸੀ। ਉਹ ਸੁਹਿਰਦ ਹੋ ਕੇ ਹੀ ਆਪਣਾ ਪੈਂਤੜਾ ਲੈਂਦਾ ਸੀ। ਖਾੜਕੂ ਮੁੰਡਿਆਂ ਨਾਲ ਉਹਦੀ ਹਮਦਰਦੀ ਨੂੰ ਵੀ ਏਸੇ ਪ੍ਰਸੰਗ ਵਿਚ ਵੇਖਿਆ ਜਾ ਸਕਦਾ ਹੈ।
“ਮੈਂ ਤਾਂ ਹੁਣ ਮਰ ਈ ਜਾਣੈਂ। ਪਰ ਤੂੰ ‘ਜਿਊਂਦਾ’ ਰਹੀਂ।”
ਜਿਵੇਂ ਮੈਂ ਪਿੱਛੇ ਜਿ਼ਕਰ ਕੀਤਾ ਹੈ, ਕਦੀ ਮੇਰੀ ਬੜੀ ਤੀਬਰ ਇੱਛਾ ਹੁੰਦੀ ਸੀ ਕਿ ਮੈਂ ਉਹ ਥਾਂ ਵੇਖਾਂ, ਉਹ ਗਰਾਂ ਵੇਖਾਂ, ਜਿੱਥੇ ਜਸਵੰਤ ਸਿੰਘ ਕੰਵਲ ਜੰਮਿਆਂ, ਪ੍ਰਵਾਨ ਚੜ੍ਹਿਆ, ਜਿਨ੍ਹਾਂ ਗਲ਼ੀਆਂ ਵਿਚ ਉਹਦੇ ਪੈਰਾਂ ਦੀ ਛਾਪ ਲੱਗੀ। ਉਨ੍ਹਾਂ ਹਵਾਵਾਂ ਵਿਚ ਸਾਹ ਲਵਾਂ, ਜਿਨ੍ਹਾਂ ਹਵਾਵਾਂ ਵਿਚ ਕੰਵਲ ਸਾਹ ਲੈਂਦਾ ਰਿਹਾ ਹੈ!
ਇੱਕ ਵਾਰ ਇਹ ਖ਼ੂਬਸੂਰਤ ਸਬੱਬ ਵੀ ਬਣ ਗਿਆ। (ਸਵਰਗੀ) ਪ੍ਰੋ ਰਮਨ ਉਨ੍ਹੀਂ ਦਿਨੀਂ ਢੁੱਡੀਕੇ ਕਾਲਜ ਵਿਚ ਪੜ੍ਹਾਉਂਦਾ ਸੀ। ਉਹਨੇ ਆਪਣੇ ਕਾਲਜ ਵਿਚ ਮੇਰਾ ਰੂਬਰੂ ਰੱਖ ਦਿੱਤਾ। ਪ੍ਰਧਾਨਗੀ ਜਸਵੰਤ ਸਿੰਘ ਕੰਵਲ ਦੀ। ਮੈਂ ਤਾਂ ਸੁਣ ਕੇ ਧੰਨ ਹੋ ਗਿਆ। ਰੂਬਰੂ ਤਾਂ ਬਥੇਰੇ ਹੁੰਦੇ ਰਹਿੰਦੇ ਸਨ/ਹਨ, ਪਰ, ਜਸਵੰਤ ਸਿੰਘ ਕੰਵਲ ਦੀ ਪ੍ਰਧਾਨਗੀ ਵਿਚ, ਉਹਦੀ ਹਾਜ਼ਰੀ ਵਿਚ, ਉਹਦੀ ਜਨਮ-ਭੁਇੰ `ਤੇ, ਉਹਦੇ ਹੱਥੀਂ ਬਣਾਏ ਕਾਲਜ ਵਿਚ ਮੈਂ ਓਥੇ ਹੋਵਾਂਗਾ, ਸੋਚ ਕੇ ਹੀ ਮਨ ਰੁਮਾਂਚਤ ਹੋ ਉੱਠਿਆ। ਮੈਂ ਗਿਆ। ਕੰਵਲ ਜੱਫ਼ੀ ਪਾ ਕੇ ਮਿਲਿਆ। ਮੈਂ ਝਕਦਾ, ਝਕਦਾ ਬੋਲਿਆ। ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਲਿਖਣਾ ਸਿੱਖਿਆ ਹੋਵੇ, ਉਨ੍ਹਾਂ ਅੱਗੇ ‘ਸਿਆਣਾ’ ਬਣ ਕੇ ਆਪਣੇ ਬਾਰੇ ਫੜ੍ਹਾਂ ਮਾਰਨੀਆਂ ਕਿੰਨੀ ਹੌਲੀ ਤੇ ਹੋਛੀ ਗੱਲ ਹੈ। ਮੈਂ ਏਸੇ ਨਿਮਰਤਾ ਵਿਚ ਬੋਲਿਆ। ਉਹ ਸਾਰੀਆਂ ਗੱਲਾਂ, ਜਿਹੜੀਆਂ ਏਥੇ ਲਿਖੀਆਂ ਨੇ, ਕੰਵਲ ਦੀ ਹਾਜ਼ਰੀ ਵਿਚ ਆਖੀਆਂ। ਆਪਣੀ ਜਿ਼ੰਦਗੀ ਵਿਚ ਉਹਦੇ ਯੋਗਦਾਨ ਨੂੰ ਨਮਸਕਾਰ ਕੀਤੀ। ਮੈਂ ਗੱਲ ਖ਼ਤਮ ਕਰ ਕੇ ਬਹਿਣ ਲੱਗਾ ਤਾਂ ਕੰਵਲ ਉੱਠਿਆ ਤੇ ਪੂਰੇ ਜ਼ੋਰ ਨਾਲ ਘੁੱਟ ਕੇ ਜੱਫ਼ੀ ਪਾ ਲਈ। ਇਸ ਜੱਫ਼ੀ ਵਿਚ ਕੁਝ ਚਿਰ ਪਹਿਲਾਂ ਮਿਲਣ ਵੇਲੇ ਪਾਈ ਜੱਫ਼ੀ ਨਾਲੋਂ ਕਈ ਗੁਣਾਂ ਵੱਧ ਤੇਹੁ ਸੀ। ਜਿਵੇਂ ਕੋਈ ਬਾਪ ਆਪਣੇ ਬੱਚੇ ਦੀ ਪ੍ਰਾਪਤੀ `ਤੇ ਖ਼ੁਸ਼ ਹੋ ਕੇ ਉਹਨੂੰ ਗਲ਼ ਨਾਲ ਲਾ ਰਿਹਾ ਹੋਵੇ!
ਪ੍ਰੋਗਰਾਮ ਤੋਂ ਬਾਅਦ ਕੰਵਲ ਹੱਸ ਕੇ ਕਹਿੰਦਾ, “ਚੱਲ ਘਰ ਨੂੰ ਚੱਲਦੇ ਆਂ। ਫ਼ਕੀਰਾਂ ਦੀ ਝੁੱਗੀ ਵਿਚ ਵੀ ਚਰਨ ਪਾ ਛੱਡ।”
ਮੈਂ ਝੁਕ ਕੇ ਉਹਦੇ ਗੋਡਿਆਂ ਨੂੰ ਛੂਹ ਲਿਆ, “ਇੰਝ ਆਖ ਕੇ ਮੇਰੇ ਸਿਰ ਭਾਰ ਨਾ ਚੜ੍ਹਾਉ। ਮੈਂ ਤਾਂ ਤੁਹਾਡਾ ਬਣਾਇਆ, ਬਣਿਆਂ।”
ਅਸੀਂ ਕੰਵਲ ਦੇ ਬਾਹਰਲੇ ਘਰ ਗਏ। ਬੜੇ ਲੋਕਾਂ ਨੇ ਉੁਹ ਘਰ ਵੇਖਿਆ ਹੋਵੇਗਾ। ਪਰ ਮੇਰੇ ਲਈ ਤਾਂ ਇਹ ਮੱਕੇ ਦੇ ਹੱਜ ਦੀ ਨਿਆਈਂ ਸੀ। ਕੰਵਲ ਇਸ ਘਰ ਵਿਚ ਡਾ ਜਸਵੰਤ ਗਿੱਲ ਨਾਲ ਲਗਭਗ ਚਾਲੀ ਸਾਲ ਰਹਿੰਦਾ ਰਿਹਾ। ਪਤਾ ਨਹੀਂ ਕਿੰਨੇ ਕਰਮਾਂਵਾਲੇ ਪਾਠਕਾਂ/ਪ੍ਰਸੰਸਕਾਂ ਨੇ ਇਸ ਘਰ ਦੀ ਜਿ਼ਆਰਤ ਕੀਤੀ ਹੋਵੇਗੀ। ਉੁਹ ਕਮਰਾ ਵੇਖਿਆ। ਉਹ ਮੇਜ਼ ਤੇ ਕੁਰਸੀ ਵੇਖੇ ਜਿਨ੍ਹਾਂ `ਤੇ ਬੈਠ ਕੇ ਉਹਨੇ ਅਜਿਹੀਆਂ ਲਿਖਤਾਂ ਲਿਖੀਆਂ, ਜਿਨ੍ਹਾਂ ਨੇ ਇਤਿਹਾਸ ਸਿਰਜ ਦਿੱਤਾ।
ਕੁਝ ਸਾਲ ਹੋਏ, ਮੈਂ ਇੰਟਰਨੈੱਟ `ਤੇ ਇੱਕ ਤਸਵੀਰ ਵੇਖੀ; ਕੰਵਲ ਆਪਣੀ ‘ਇਤਿਹਾਸਕ ਲਿਖਣ ਕੁਰਸੀ’ `ਤੇ ਬੈਠਾ ਹੈ ਤੇ ਉਹਦੇ ਹੱਥ ਵਿਚ ਮੇਰੀਆਂ ਉਦੋਂ ਤੱਕ ਛਪੀਆਂ ਕੁੱਲ ਕਹਾਣੀਆਂ ਦੀ ਪੁਸਤਕ, ‘ਤਿਲ਼-ਫੁੱਲ’ ਫੜੀ ਹੋਈ ਹੈ। ਉਹ ਸੱਚਮੁੱਚ ਮੇਰੀ ਕਿਤਾਬ ਪੜ੍ਹ ਰਿਹਾ ਸੀ। ਇਸ ਤਸਵੀਰ ਬਾਰੇ ਸੁਮੇਲ ਸਿੰਘ ਸਿੱਧੂ ਨੇ ਰਹੱਸ-ਉਦਘਾਟਨ ਕੀਤਾ। ਕਹਿੰਦਾ, “ਕੁਝ ਸਾਲ ਪਹਿਲਾਂ ਮੈਂ ਕੰਵਲ ਸਾਹਿਬ ਨੂੰ ਮਿਲਣ ਉਨ੍ਹਾਂ ਦੇ ਕਮਰੇ ਵਿਚ ਦਾਖ਼ਲ ਹੋਇਆ ਤਾਂ ਉਹ ਤੁਹਾਡੀ ਕਿਤਾਬ ਪੜ੍ਹ ਰਹੇ ਸਨ। ਮੈਂ ਇਸ ਦ੍ਰਿਸ਼ ਨੂੰ ਕੈਪਚਰ ਕਰਨਾ ਚਾਹੁੰਦਾ ਸਾਂ। ਮੈਨੂੰ ਵੇਖ ਕੇ ਉਹ ਹਿੱੱਲ ਜਾਂ ਉੱਠ ਨਾ ਪੈਣ; ਮੈਂ ਕਿਹਾ, ‘ਬੱਸ, ਇੰਝ ਹੀ ਬੈਠੇ ਰਹੋ। ਮੈਂ ਇੱਕ ਤਸਵੀਰ ਬਣਾ ਲਵਾਂ।”
ਤੁਸੀਂ ਜਿਸ ਲੇਖਕ ਦੀਆਂ ਕਿਤਾਬਾਂ ਪੜ੍ਹਦੇ ਜਵਾਨ ਹੋਏ ਹੋਵੋ, ਜਿਸਦਾ ਨਵਾਂ ਨਾਵਲ ਖ਼ਰੀਦਣ ਲਈ ਵੀਹ ਮੀਲ ਦੂਰ ਆਪਣੇ ਪਿੰਡੋਂ ਚੱਲ ਕੇ ਅੰਬਰਸਰ ਦੇ ‘ਦਰਬਾਰ ਪਬਲਿਸਿ਼ੰਗ ਹਾਊਸ’ ਦੇ ਗੇੜੇ ਕੱਢਦੇ ਰਹੇ ਹੋਵੋ, ਜਿਸ ਨੂੰ ਮਿਲਣਾ ਤੁਸੀਂ ਕਦੀ ਸੁਪਨਿਆਂ ਵਿਚ ਚਿਤਵਿਆ ਹੋਵੇ ਤੇ ਜਿਸ ਦੇ ਨਾਵਲ ਤੁਸੀਂ ਸਿਰਹਾਣੇ ਰੱਖ ਕੇ ਸੌਂਦੇ ਰਹੇ ਹੋਵੋ, ਉਹ ਮਹਾਨ ਲੇਖਕ ਪੜ੍ਹਨ ਲਈ ਤੁਹਾਡੀ ਕਿਤਾਬ ਆਪਣੇ ਮੇਜ਼ `ਤੇ ਰੱਖਦਾ ਹੋਵੇ ਤੇ ਪੜ੍ਹ ਵੀ ਰਿਹਾ ਹੋਵੇ, ਇਹ ਕਲਪਨਾ ਕਰ ਕੇ ਹੀ ਬੰਦਾ ਧਰਤੀ ਤੋਂ ਗਿੱਠ ਉੱਚਾ ਹੋ ਕੇ ਤੁਰਨ ਨਾ ਲੱਗ ਪਵੇ!
ਇਸਤੋਂ ਅੱਗੇ ਸੁਮੇਲ ਨੇ ਇਹ ਦੱਸ ਕੇ ਤਾਂ ਮੈਨੂੰ ਸਤਵੇਂ ਅਸਮਾਨ `ਤੇ ਚਾੜ੍ਹ ਦਿੱਤਾ; ਕਹਿੰਦਾ, “ਇੱਕ ਦਿਨ ਮੈਂ ਮੌਜ ਵਿਚ ਉਨ੍ਹਾਂ ਨਾਲ ਨਿੱਕੇ ਨਿੱਕੇ ਸਵਾਲ ਕਰ ਕੇ ਉਨ੍ਹਾਂ ਦੀ ਰਾਇ ਜਾਨਣੀ ਚਾਹ ਰਿਹਾ ਸਾਂ। ਮੈਂ ਸਹਿਵਨ ਪੁੱਛ ਲਿਆ, “ਆਪਣੇ ਤੋਂ ਬਾਅਦ ਕੋਈ ਲੇਖਕ ਤੁਹਾਨੂੰ ਪਸੰਦ ਹੋਵੇ?”
ਸੁਮੇਲ ਦੱਸਦਾ ਹੈ, “ਇਨ੍ਹਾਂ ਦਿਨਾਂ ਵਿਚ ਉਨ੍ਹਾਂ ਦੀ ਯਾਦਦਾਸ਼ਤ ਕੁਝ ਧੁੰਦਲੀ ਪੈਂਦੀ ਜਾ ਰਹੀ ਸੀ। ਉਨ੍ਹਾਂ ਨੇ ਪੰਜ ਕੁ ਸੈਕਿੰਡ ਆਪਣੀ ਯਾਦ ਨੂੰ ਟਟੋਲਿਆ ਤੇ ਸਹਿਵਨ ਹੀ ਉਨ੍ਹਾਂ ਦੇ ਮੂੰਹੋਂ ਪਹਿਲਾ ਨਾਂ ਨਿਕਲਿਆ, “ਉਹ…ਆਪਣਾ ਵਰਿਆਮ”
ਸੁਮੇਲ ਨੇ ਦੋਬਾਰਾ ਪੁੱਛਿਆ, “ਕੋਈ ਹੋਰ?”
ਉਹ ਨਾਂ ਯਾਦ ਕਰਨ ਲਈ ਜਿ਼ਹਨ `ਤੇ ਜ਼ੋਰ ਪਾਉਣ ਲੱਗਾ। ਕੋਸਿ਼ਸ਼ ਕਰਨ `ਤੇ ਵੀ ਨਾਂ ਤਾਂ ਉਨ੍ਹਾਂ ਨੂੰ ਯਾਦ ਨਾ ਆਇਆ, ਪਰ ਪੰਦਰਾਂ ਕੁ ਸੈਕਿੰਡ ਤੋਂ ਬਾਅਦ ਸੱਜੇ ਹੱਥ ਨੂੰ ਉਤਾਂਹ ਚੁੱਕ ਕੇ ਇਸ਼ਾਰਾ ਕੀਤਾ, “ਉਹ ਆਪਣਾ ਦਿੱਲੀ ਵਾਲਾ, ਕੀ ਨਾਂ ਉਹਦਾ?”
“ਗੁਰਬਚਨ ਸਿੰਘ ਭੁੱਲਰ?”
“ਹਾਂ, ਹਾਂ, ਭੁੱਲਰ।”
ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਕਿਸੇ ਦਾ ਨਾਂ ਨਹੀਂ ਲਿਆ। ਸੁਮੇਲ ਕਹਿੰਦਾ, “ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਉਨ੍ਹਾਂ ਤੋਂ ਬਾਅਦ ਕਿੰਨੇ ਵੱਡੇ ਲੇਖਕ ਹੋਏ ਤੇ ਹੈਨ, ਪਰ ਨਾਂ ਉਨ੍ਹਾਂ ਨੇ ਦੋ ਹੀ ਲਏ ਤੇ ਉਹ ਵੀ ਕਿਸੇ ਨਾਵਲਕਾਰ ਜਾਂ ਸ਼ਾਇਰ ਦੇ ਨਹੀਂ। ਦੋਵੇਂ ਨਾਂ ਕਹਾਣੀਕਾਰਾਂ ਦੇ!”
ਮੇਰੇ ਬਾਰੇ ਕੰਵਲ ਦੀ ਇਸ ਰਾਇ ਅੱਗੇ ਹੁਣ ਤੱਕ ਮਿਲੇ ਸਾਰੇ ਇਨਾਮ-ਸਨਮਾਨ ਹੇਚ ਹਨ।
ਉਂਝ ਕੰਵਲ ਨੇ ਮੈਨੂੰ ‘ਢੁੱਡੀਕੇ ਪੁਰਸਕਾਰ’ ਦੇ ਕੇ ਵੀ ਮਾਣ ਬਖ਼ਸਿ਼ਆ।
‘ਢੁਡੀਕੇ ਪੁਰਸਕਾਰ’ ਦੇਣਾ ਤਾਂ ਇੱਕ ਮੁਹੱਬਤੀ ਸੰਕੇਤ ਸੀ ਪਰ ਮੇਰੇ ਵਾਸਤੇ 21-10-2001 ਨੂੰ ਨੀਲੇ ਲਿਫ਼ਾਫ਼ੇ ਤੇ ਲਿਖੇ ਖ਼ੂਬਸੂਰਤ ਸ਼ਬਦਾਂ ਵਿਚੋਂ ਕੰਵਲ ਦੀ ਡੁੱਲ੍ਹ ਡੁੱਲ੍ਹ ਪੈਂਦੀ ਮੁਹੱਬਤ ਤੇ ਅਸੀਸ ਮੇਰਾ ਉਮਰ ਭਰ ਦਾ ਸਰਮਾਇਆ ਬਣ ਗਈ। ਉਸ ਚਿੱਠੀ ਵਿਚ ਉਸ ਨੇ ਹੀਰ ਤੇ ਕਾਜ਼ੀ ਦਾ ਸੰਵਾਦ ਸਿਰਜ ਕੇ ਅੱਜ ਕੱਲ੍ਹ ਦੇ ਪ੍ਰੋਫ਼ੈਸਰਾਂ ਨੂੰ ਕਾਜ਼ੀਆਂ ਨਾਲ ਤੁਲਨਾਇਆ ਸੀ। ਜਿਹੜੇ ‘ਕਾਜ਼ੀ’ ਫ਼ਤਵੇ ਦੇਂਦੇ ਨੇ, ਪਰ ਮੁਹੱਬਤਾਂ ਦੇ ਕਦਰਦਾਨ ਨਹੀਂ ਹੁੰਦੇ।
ਚਿੱਠੀ ਦੇ ਅਖ਼ੀਰ ਤੇ ਸਿੱਧਾ ਮੈਨੂੰ ਲਿਖਿਆ:
“ਨੋਟ: ਪ੍ਰੋਫ਼ੈਸਰ ਵੀ ਕਾਜ਼ੀਆਂ ਵਰਗੇ ਹੀ ਹੁੰਦੇ ਐ। ਊਂ ਤੇਰੀ ਖ਼ੈਰ ਮੰਗਦਾਂ। ਉਮਰ ਵਾਲਾ ਹੋਵੇਂ ਤਾਂ ਜੋ ਖ਼ੁਸ਼ੀ ਤੇ ਸੁਗੰਧੀ ਵੰਡ ਸਕੇਂ।
ਜਾਹ, ਤੇਰੀਆਂ ਸੱਤੇ ਕੁਲ਼ਾਂ ਤਾਰੀਆਂ!
ਸਾਈਂ-ਜਸਵੰਤ ਸਿੰਘ ਕੰਵਲ”
-ਮੇਰੇ ਲਈ ਇਸ ਤੋਂ ਵੱਡਾ ਤੁਹਫ਼ਾ ਹੋਰ ਕੀ ਹੋ ਸਕਦਾ ਏ! ਹਜ਼ਾਰਾਂ ਇਨਾਮ-ਸਨਮਾਨ ਇਸਤੋਂ ਵਾਰ ਘੱਤਾਂ!
ਪਤਾ ਨਹੀਂ ਬਾਬਾ ਕਿਹੜੀ ਮੌਜ ਵਿਚ ਬੈਠਾ ਹੋਵੇਗਾ, ਜਦੋਂ ਉਹਦੇ ਮਨ ਵਿਚ ਮੈਨੂੰ ਹੀ, ਆਪਣੇ ਰੂਹ ਤੱਕ ਪਿਆਰੇ ਨੂੰ ਹੀ, ਬਿਨਾ ਕਿਸੇ ਖ਼ਾਸ ਸਬੱਬ ਦੇ, ਇਹ ਚਿੱਠੀ ਲਿਖਣ ਦਾ ਖ਼ਿਆਲ ਆਇਆ ਹੋਵੇਗਾ। ਸ਼ਾਇਦ ਉਹਨੂੰ ਲੱਗਦਾ ਹੋਵੇਗਾ, ਜਿਹੜੀ ਰੜਕ ਤੇ ਮੜਕ ਉਹਦੇ ਸੁਭਾਅ ਦਾ ਹਿੱਸਾ ਰਹੀ ਏ, ਉਹਦਾ ਕੋਈ ਕਿਣਕਾ ਮਾਤਰ ਮੇਰੇ ਵਿਚ ਵੀ ਕਿਧਰੇ ਲਿਸ਼ਕ ਰਿਹਾ ਏ। ਤਾਂ ਹੀ ਤਾਂ ਮੇਰਾ ਪਤਾ ਲਿਖਦੇ ਸਮੇਂ ਲਿਖਿਆ:
ਵਰਿਆਮ ਸਿੰਘ ਸੰਧੂ ਪ੍ਰੋਫ਼ੈਸਰ, ਫੰਨੇ ਖਾਂ ਕਹਾਣੀਕਾਰ
ਖ਼ਾਲਸਾ ਕਾਲਜ ਲਾਇਲਪੁਰ।
ਪੰਜਾਬੀ ਅਕਾਦਮੀ ਦੀਆਂ ਚੋਣਾਂ ਸਨ। ਕੰਵਲ ਬੈਂਚ `ਤੇ ਬੈਠਾ ਸੀ। ਲੇਖਕ ਆਉਂਦੇ, ਗੋਡਿਆਂ ਨੂੰ ਹੱਥ ਲਾਉਂਦੇ, ਫੋਟੋ ਖਿਚਵਾਉਂਦੇ।
ਮੈਂ ਕੋਲ ਗਿਆ। ਨਮਸਕਾਰ ਕੀਤੀ। ਹਾਲ-ਚਾਲ ਪੁੱਛਿਆ।
ਕੰਵਲ ਗੜ੍ਹਕਵੀਂ ਆਵਾਜ਼ ਵਿਚ ਬੋਲਿਆ, “ਮੈਂ ਤਾਂ ਹੁਣ ਮਰ ਈ ਜਾਣੈਂ। ਪਰ ਤੂੰ ‘ਜਿਊਂਦਾ’ ਰਹੀਂ।”
ਪੰਜਾਬ ਦੀ ਇਹ ਜਿਊਂਦੀ-ਜਾਗਦੀ ਸਵੈ-ਮਾਣ ਭਰੀ ਆਵਾਜ਼ ਸੀ। ਵੰਗਾਰਦੀ ਹੋਈ। ਰੜਕ ਤੇ ਮੜਕ ਜਿਊਂਦੀ ਰੱਖਣ ਲਈ ਲਲਕਾਰਦੀ ਹੋਈ। ਇਹ ਵੰਗਾਰ ਮੈਨੂੰ ਹੀ ਨਹੀਂ, ਸਾਰੀ ਅਗਲੀ ਪੀੜ੍ਹੀ/ਪੀੜ੍ਹੀਆਂ ਨੂੰ ਸੀ। ਮੇਰੇ `ਤੇ ਸ਼ਾਇਦ ਉਹਨੂੰ ਵੱਧ ਭਰੋਸਾ ਸੀ। ਉਹ ਆਪਣੀ ਦੌੜ ਖ਼ਤਮ ਕਰਨ ਤੋਂ ਪਹਿਲਾਂ ਚਾਹੁੰਦਾ ਸੀ ਕਿ ਮੈਂ ਉਹਦੇ ਹੱਥੋਂ ‘ਬੈਟਨ’ ਫੜ ਕੇ ਅਗਲੀ ਦੌੜ ਦੌੜਨ ਲਈ ਤਿਆਰ ਰਹਾਂ।
\ਕਿਸੇ ਦਾ ਤਾਂ ਪਤਾ ਨਹੀਂ, ਪਰ ਬਾਪੂ! ਤੇਰੀ ਅਸੀਸ ਮੇਰੇ ਨਾਲ ਰਹੀ ਤਾਂ ਮੈਂ ਸਦਾ ‘ਜਿਊਂਦਾ’ ਰਹਿਣ ਦਾ ਯਤਨ ਕਰਾਂਗਾ। ਤੇਰੀ ਦਿੱਤੀ ਸਥਾਪਤ-ਵਿਰੋਧੀ ਰੜਕ ਤੇ ਮੜਕ ਮਰਨ ਨਹੀਂ ਦਿੰਦਾ!
ਕੰਵਲ ਨਾਲ ਕਈਆਂ ਦੇ ਵਿਚਾਰਧਾਰਕ ਮੱਤਭੇਦ ਨੇ। ਹੋਣਗੇ। ਮੇਰੇ ਵੀ ਨੇ। ਪਰ ਮੁਲਕ ਅਤੇ ਪੰਜਾਬ ਦਾ ਫ਼ਿਕਰ ਜਿਵੇਂ ਉਹਨੂੰ ਸੀ, ਕਿੰਨੇ ਕੁ ਲੇਖਕਾਂ ਕੋਲ ਪੰਜਾਬ ਦਾ ਉਹ ਫ਼ਿਕਰ, ਜ਼ਿਕਰ ਤੇ ਦਰਦ ਹੈ!
ਮੇਰੇ ਹਿੱਸੇ ਦਾ ਕੰਵਲ ਸਥਾਪਤੀ ਦੇ ਧੱਕੇ, ਧੋਖੇ ਤੇ ਜ਼ੁਲਮ ਨਾਲ ਲੜਨ ਵਾਲਾ ਕੰਵਲ ਹੈ। ਇਹ ਕੰਵਲ ਕਦੀ ਨਹੀਂ ਮਰਨ ਵਾਲਾ। ਇਹ ਕੰਵਲ ਸਦਾ ਜਿਊਂਦਾ ਹੈ।
—-
ਜਾਹ, ਤੇਰੀਆਂ ਸੱਤੇ ਕੁਲ੍ਹਾਂ ਤਾਰੀਆਂ!
ਮੇਰੀਆਂ ਸੱਤੇ ਕੁਲਾਂ ਤਾਰਨ ਦੀ ਅਸੀਸ ਦਿੰਦੀ ਜਿਹੜੀ ਚਿੱਠੀ ਕੰਵਲ ਨੇ ਮੈਨੂੰ ਲਿਖੀ ਸੀ, ਉਹਦਾ ਮੁਕੰਮਲ ਉਤਾਰਾ ਹੇਠਾਂ ਦਰਜ ਹੈ। ਇਹ ਅਸੀਸ ਉਸ ਅੰਦਰੋਂ ਮੇਰੇ ਲਈ ਡੁੱਲ੍ਹ ਡੁੱਲ੍ਹ ਪੈਂਦੇ ਸਨੇਹ ਦਾ ਆਪ-ਮੁਹਾਰਾ ਪ੍ਰਗਟਾਵਾ ਹੈ।
ਇੱਕ ਟਾਕਰਾ
ਇੱਕ ਵਾਰ ਹੀਰ ਰਾਂਝੇ ਦਾ ਭੱਤਾ ਲਈ ਵਾਹੋ-ਦਾਹੀ ਬੇਲੇ ਨੂੰ ਜਾ ਰਹੀ ਸੀ। ਰਾਹ ਵਿਚ ਕਾਜ਼ੀ ਅਮਾਮਦੀਨ ਦਰਖ਼ਤ ਦੀ ਛਾਵੇਂ ਨਮਾਜ਼ ਪੜ੍ਹ ਰਿਹਾ ਸੀ। ਹੀਰ ਦੇ ਭਾਰੇ ਘੱਗਰੇ ਦਾ ਪੱਲਾ ਵਿਸਰ ਭੋਲ ਕਾਜ਼ੀ ਵਿਚ ਵੱਜ ਗਿਆ। ਕਾਜ਼ੀ ਦਾ ਗੁੱਸਾ ਇਕਦਮ ਭੜਕ ਪਿਆ।
“ਇਹ ਚੂਚਕ ਛੋਹਰੀ ਮੇਰੀ ਨਮਾਜ਼ ਕਜ਼ਾ ਕਰ ਗਈ? ਹੱਛਾ, ਮੁੜ ਲੈਣ ਦੇ।”
ਬੇਲੇ ਜਾ ਕੇ ਹੀਰ ਨੇ ਰਾਂਝੇ ਨੂੰ ਚੂਰੀ ਖੁਆਈ ਤੇ ਹਾਣੀ ਤੋਂ ਭੋਰੇ ਖੋਹ ਖੋਹ ਖਾਧੇ।
ਦਰਸ਼ਨ ਪਾ ਨਿਹਾਲ-ਨਿਹਾਲ ਹੋਈ। ਉਤਸ਼ਾਹ ਭਰੀ ਖ਼ੁਸ਼ੀ, ਮਸਤ-ਮਸਤ ਵਾਪਸ ਮੁੜ ਪਈ। ਕਾਜ਼ੀ ਕੁੜੀ ਨੂੰ ਆਉਂਦੀ ਵੇਖ, ਰੋਹ ਵਿਚ ਉੱਠ ਕੇ ਖਲੋ ਗਿਆ, ਪਰ ਪੂਰਾ ਔਖਾ।
“ਤੂੰ ਸੁਣ ਹੀਰੇ ਮਹਿਰੇ! ਮੇਰੀ ਨਮਾਜ਼ ਕਾਫ਼ਰੇ ਕਿਉਂ ਕਜ਼ਾ ਕਰ ਗਈ ਸੀ?”
“ਕਦੋਂ ਕਾਜ਼ੀ ਸਾਅਬ?” ਹੈਰਾਨ ਪ੍ਰੇਸ਼ਾਨ ਹੋਈ ਹੀਰ ਨੇ ਸਤਿਕਾਰ ਦੇਂਦਿਆਂ ਪੁੱਛਿਆ।
“ਝੱਟ ਹੋਇਆ, ਜਦੋਂ ਤੂੰ ਬੇਲੇ ਨੂੰ ਜਾ ਰਹੀ ਸੀ।”
“ਨਆਂ ਕਾਜ਼ੀ ਸਾਅਬ! ਮੈਂ ਤਾਂ ਤੁਹਾਨੂੰ ਡਿੱਠਾ ਹੀ ਨਹੀਂ।”
“ਮੈਂ ਐਥੇ ਨਮਾਜ਼ ਪੜ੍ਹ ਰਿਹਾ ਸੀ ਤੇ ਤੂੰ ਰਾਂਝੇ ਦਾ ਭੱਤਾ ਚੁੱਕੀ ਹਨੇਰੀ ਵਾਂਗ ਵਗੀ ਜਾ ਰਹੀ ਸੀ।”
“ਗਈ ਮੈਂ ਜ਼ਰੂਰ ਆਂ ਕਾਜ਼ੀ ਸਾਅਬ, ਪਰ ਕਸਮ ਰੰਝੇਟੇ ਪੀਰ ਦੀ, ਮੈਂ ਤੁਹਾਨੂੰ ਨਹੀਂ ਵੇਖਿਆ।”
“ਕਿਉਂ ਕੁਫ਼ਰ ਤੋਲਦੀ ਏਂ। ਪਰ ਵੇਖਦੀ ਕਿਵੇਂ, ਤੂੰ ਤਾਂ ਰਾਂਝੇ ਦੇ ਇਸ਼ਕ ਵਿਚ ਅੰਨ੍ਹੀ ਹੋਈ ਹੋਈ ਸੀ।”
“ਬਿਲਕੁਲ, ਉਹਦੀ ਲਗਨ ਵਿਚ ਪੱਕੀ ਅੰਨ੍ਹੀ, ਕਾਜ਼ੀ ਅਮਾਮਦੀਨ ਜੀ, ਮੈਨੂੰ ਓਦੋਂ ਕੇਵਲ ਰਾਂਝਾ ਹੀ ਦਿਸਦਾ ਸੀ, ਹੋਰ ਕੋਈ ਨਹੀਂ। ਤੁਹਾਡਾ ਇਸ਼ਕ ਪੱਕਾ ਹੁੰਦਾ, ਤੁਹਾਨੂੰ ਵੀ ਖ਼ੁਦਾ ਦਿਸਦਾ। ਤੁਹਾਡੀ ਨਿਗਾਹ ਤਾਂ ਐਧਰ-ਓਧਰ ਭਟਕਦੀ ਫਿਰਦੀ ਸੀ, ਖ਼ੁਦਾ ਕਿੱਥੋਂ ਮਿਲਦਾ?” ਹੀਰ ਮਨ ਦੀ ਭਰਪੂਰ ਤਸੱਲੀ ਨਾਲ ਕਹਿ ਗਈ।
“ਨਾਅਮਾਕੂਲ! ਬੇਸ਼ਰਮ!! ਪੱਕੇ ਸ਼ਰਈ ਦੀ ਨਿਗਾਹ ਭਟਕਦੀ ਫਿਰਦੀ ਆਖਦੀ ਏ, ਆਪਣੇ ਅਵਾਰਾ ਤੇ ਕਾਫ਼ਰ ਇਸ਼ਕ ਨੂੰ ਸੰਭਾਲਦੀ ਨਹੀਂ।” ਛਿੱਥਾਂ ਪਿਆ ਅਮਾਮਦੀਨ ਤਾਹਨਿਆਂ ਮਿਹਣਿਆਂ ਤੇ ਉਤਰ ਆਇਆ।
“ਕਾਜ਼ੀ ਜੀ! ਕੱਚਿਆਂ-ਪੱਕਿਆਂ ਵਿਚ ਡਾਢਾ ਫ਼ਰਕ ਆਹਾ। ਪੱਕੇ ਪਾਰ ਲਾਉਂਦੇ ਐ, ਕੱਚੇ ਅੱਧ ਵਿਚਕਾਹੇ ਧੋਖਾ ਦੇਂਦੇ ਐ। ਜਿਨ੍ਹਾਂ ਨੂੰ ਲੱਗੀ ਤੋੜ ਦੀ” ਹੀਰ ਦੋਵੇਂ ਹੱਥ ਉਤਾਂਹ ਚੁੱਕਦੀ ਅਗਾਂਹ ਵਧ ਗਈ। ਕਾਜ਼ੀ ਮੂੰਹ ਅੱਡੀ ਵੇਖਦਾ ਈ ਰਹਿ ਗਿਆ।
ਨੋਟ: ਪ੍ਰੋਫ਼ੈਸਰ ਵੀ ਕਾਜ਼ੀਆਂ ਵਰਗੇ ਹੀ ਹੁੰਦੇ ਐ।
ਊਂ ਤੇਰੀ ਖ਼ੈਰ ਮੰਗਦਾ ਆਂ। ਉਮਰ ਵਾਲਾ ਹੋਵੇ ਤਾਂ ਜੋ ਖ਼ੁਸ਼ੀਆਂ ਤੇ ਸੁਗੰਧੀ ਵੰਡ ਸਕੇਂ।
ਜਾਹ, ਤੇਰੀਆਂ ਸੱਤੇ ਕੁਲ੍ਹਾਂ ਤਾਰੀਆਂ!
ਸਾਈਂ -ਜਸਵੰਤ ਸਿੰਘ ਕੰਵਲ
ਪਤਾ: ਵਰਿਆਮ ਸਿੰਘ ਸੰਧੂ ਪ੍ਰੋਫ਼ੈਸਰ, ਫੰਨੇ ਖਾਂ ਕਹਾਣੀਕਾਰ
ਖ਼ਾਲਸਾ ਕਾਲਜ ਲਾਇਲਪੁਰ
ਜਲੰਧਰ।
98726-02296 (ਭਾਰਤ) 647-535-1539 (ਕਨੇਡਾ)