ਸਾਂਝ

ਸੁਰਿੰਦਰ ਸੋਹਲ
ਨੌਵੀਂ ਫ਼ਲੋਰ `ਤੇ ਜਾ ਕੇ ਐਲੀਵੇਟਰ ਰੁਕ ਗਈ। ਦਰਵਾਜ਼ਾ ਖੁੱਲ੍ਹਿਆ ਤਾਂ ਸਾਹਮਣੇ ਗਲਿਆਰੇ ਦੀ ਵਿਸ਼ਾਲ ਸ਼ੀਸ਼ੇ ਦੀ ਕੰਧ ਲਿਸ਼ਕੀ। ਐਲੀਵੇਟਰ `ਚੋਂ ਬਾਹਰ ਆ ਕੇ ਦੇਖਿਆ, ਸ਼ੀਸ਼ੇ ਦੀ ਵਿਸ਼ਾਲ ਕੰਧ ਥਾਣੀਂ ਦਿਸਦੇ ਅਨੰਤ ਰੁੱਖਾਂ ਦੇ ਪੱਤਝੜ ਤੋਂ ਪਹਿਲਾਂ ਹੋਏ ਰੰਗ-ਬਰੰਗੇ ਪੱਤੇ ਇਉਂ ਜਾਪਦੇ ਸਨ, ਜਿਵੇਂ ਸ਼ੀਸ਼ੇ ਦੇ ਫ਼ਰੇਮ `ਚ ਵਾਨ ਗਾਗ ਦੀ ਕੋਈ ਪੇਂਟਿੰਗ ਜੜੀ ਹੋਈ ਹੋਵੇ।

ਦਿਲਕਸ਼ ਦ੍ਰਿਸ਼ ਨੇ ਆਪਣੇ ਜਾਦੂ ਨਾਲ਼ ਇਕ ਪਲ ਲਈ ਮੇਰੇ ਪੈਰ ਰੋਕ ਲਏ। ਮੈਂ ਰੰਗ-ਬਰੰਗੇ ਸੁਪਨੀਲੇ ਚਿੱਤਰ ਵਿਚ ਮੁਗਧ ਹੋਇਆ ਭੁੱਲ ਹੀ ਗਿਆ ਕਿ ਮੈਂ ਤਾਂ ਕ੍ਰਿਮਿਨਲ ਕੋਰਟ `ਚ ਗਵਾਹੀ ਦੇਣ ਆਇਆ ਸਾਂ।
ਹਲਕੀ ਜਿਹੀ ਘੁਸਰ-ਮੁਸਰ ਲਿਸ਼ਕਦੀ ਫ਼ਰਸ਼ `ਤੇ ਤਿਲਕਦੀ-ਤਿਲਕਦੀ ਮੇਰੇ ਤੱਕ ਪਹੁੰਚੀ ਤਾਂ ਮੈਂ ਘੁੰਮ ਕੇ ਦੇਖਿਆ। ਮੈਂ ਕਮਰਾ ਨੰਬਰ 908 ਦੇ ਸਾਹਮਣੇ ਖੜ੍ਹਾ ਸਾਂ। ਮੈਂ 902 ਕਮਰੇ `ਚ ਜਾਣਾ ਸੀ। ਮੈਂ ਕਦੇ ਖੱਬੇ ਪਾਸੇ ਵਿਸ਼ਾਲ ਸ਼ੀਸ਼ੇ ਵਿਚਲੀ ਅਸੀਮ ਕੁਦਰਤੀ ਪੇਂਟਿੰਗ ਵੱਲ ਦੇਖ ਲੈਂਦਾ ਤੇ ਕਦੇ ਸੱਜੇ ਪਾਸੇ ਕਮਰਿਆਂ ਦੇ ਨੰਬਰਾਂ ਵੱਲ।
ਕੁਝ ਕਦਮਾਂ ਦੀ ਦੂਰੀ `ਤੇ ਪੰਜ ਜਣੇ ਖਲੋਤੇ ਸਨ। ਤਿੰਨ ਮਰਦ, ਦੋ ਔਰਤਾਂ। ਯਹੂਦੀ ਨੈਣ-ਨਕਸ਼ਾਂ ਵਾਲ਼ੇ ਮਧਰੇ ਕੱਦ ਦੇ ਬੰਦੇ ਦਾ ਕਾਲ਼ਾ ਕੋਟ ਉਸ ਦੇ ਵਕੀਲ ਹੋਣ ਦੀ ਦੱਸ ਪਾਉਂਦਾ ਸੀ। ਉਸ ਕੋਲ਼ ਬੈਗ ਵੀ ਕਾਲ਼ੇ ਰੰਗ ਦਾ ਹੀ ਸੀ।
ਪੰਜਾਹ ਕੁ ਸਾਲ ਦਾ ਭਾਰੇ ਸਰੀਰ ਵਾਲਾ ਬੰਦਾ ਛੇ ਫੁੱਟ ਤੋਂ ਘੱਟ ਨਹੀਂ ਸੀ। ਢਿਲਕੇ ਕੱਪੜੇ। ਹਫ਼ਤੇ ਕੁ ਦੀ ਦਾਹੜੀ, ਅੱਧੀ ਚਿੱਟੀ-ਅੱਧੀ ਕਾਲੀ। ਡੀਲ-ਡੌਲ ਤੋਂ ਗਰੀਕੀ ਜਾਪਦਾ ਸੀ। ਦਰਮਿਆਨੇ ਕੱਦ ਦੀ ਜਨਾਨੀ ਦੀ ਖ਼ੂਬਸੂਰਤੀ ਉਸ ਦੇ ਈਰਾਨੀ ਹੋਣ ਦੀ ਨਿਸ਼ਾਨਦੇਹੀ ਕਰ ਰਹੀ ਸੀ। ਚੌਵੀ-ਪੱਚੀ ਸਾਲ ਦਾ ਮੁੰਡਾ ਨਕਸ਼ਾਂ ਤੋਂ ਹੀ ਗਰੀਕੀ ਜਾਪਦਾ ਸੀ। ਮਧਰੀ ਜਿਹੀ, ਛੋਟੇ ਜਿਹੇ ਵਾਕ ਵਾਲੀ ਕੁੜੀ, ਮੂੰਹ ਤੋਂ ਤਾਂ ਉੱਨੀ-ਵੀਹ ਸਾਲ ਦੀ ਲੱਗਦੀ ਸੀ ਪਰ ਭਾਰੇ-ਬੇਢੱਬੇ ਜਿਹੇ ਸਰੀਰ ਤੋਂ ਪੱਚੀਆਂ ਤੋਂ ਵੀ ਵੱਧ ਦੀ ਦਿਖਾਈ ਦਿੰਦੀ ਸੀ। ਮੂੰਹ `ਤੇ ਵਾਲਾਂ ਦੀ ਲਿਟ ਆਉਂਦੀ ਤਾਂ ਨਖਰੇ ਨਾਲ ਧੌਣ ਝਟਕਾਅ ਕੇ ਲਿਟ ਪਾਸੇ ਕਰ ਦੇਂਦੀ।
ਕੋਲ ਜਾ ਕੇ ਦੇਖਿਆ, ਜਿੱਥੇ ਉਹ ਖਲੋਤੇ ਸਨ, ਉਹ 902 ਨੰਬਰ ਕਮਰੇ ਦਾ ਬੂਹਾ ਹੀ ਸੀ। ਬੰਦ ਬੂਹੇ ਵੱਲ ਦੇਖ ਕੇ ਮੈਂ ਪੁੱਛਿਆ, ”ਤੁਸੀਂ ਵੀ ਏਸੇ ਅਦਾਲਤ `ਚ ਆਏ ਹੋ?”
”ਯੈੱਸ,” ਕੁੜੀ ਨੇ ਅੱਖਾਂ `ਚ ਸ਼ਰਾਰਤ ਭਰਦਿਆਂ ਜ਼ਬਾਨ ਕੱਸ ਕੇ ਕਿਹਾ।
ਮੈਂ ਸੋਚਿਆ, ਜ਼ਰੂਰ ਇਹ ਵੀ ਕਿਸੇ ਸਟੋਰ `ਤੇ ਕੰਮ ਕਰਦੀ ਹੋਈ ਓਸੇ ਹੀ ਲੁਟੇਰੇ ਹੱਥੋਂ ਲੁੱਟੀ ਗਈ ਹੋਵੇਗੀ, ਜਿਸ ਨੇ ਮੈਨੂੰ ਲੁੱਟਿਆ ਸੀ। ਹੋ ਸਕਦਾ ਹੈ ਇਹ ਸਟੋਰ ਦੇ ਮਾਲਕ ਹੀ ਹੋਣ। ਉਹ ਪੂਰਾ ਪਰਿਵਾਰ ਹੀ ਤਾਂ ਜਾਪ ਰਿਹਾ ਸੀ।
ਮੇਰੇ ਸਟੋਰ ਦਾ ਮਾਲਕ ਪਾਕਿਸਤਾਨੀ ਸੀ। ਉਸ ਨੂੰ ਵੀ ਕੋਰਟ ਵੱਲੋਂ ਚਿੱਠੀ ਤਾਂ ਗਈ ਸੀ ਪਰ ਉਹ ਆਇਆ ਨਹੀਂ ਸੀ। ਮੇਰੇ ਨਾਂ ਦੇ ਸੰਮਨ ਵੀ ਸਟੋਰ ਦੇ ਸਿਰਨਾਵੇਂ `ਤੇ ਹੀ ਆਏ ਸਨ। ਸੰਮਨ ਦੇਖ ਕੇ ਇਕ ਵਾਰ ਤਾਂ ਮੈਨੂੰ ਅਦਾਲਤੀ ਘੁੰਮਣ-ਘੇਰੀਆਂ ਦੇ ਡਰ ਨੇ ਹਿਲਾਅ ਦਿੱਤਾ ਸੀ। ਮੈਨੂੰ ਬਾਅਦ `ਚ ਪਤਾ ਲੱਗਾ ਸੀ ਕਿ ਏਹੋ ਜਿਹੇ ਸੰਮਨਾਂ `ਤੇ ਕੋਰਟ `ਚ ਹਾਜ਼ਰ ਹੋਣਾ ਕੋਈ ਜ਼ਰੂਰੀ ਵੀ ਨਹੀਂ ਹੁੰਦਾ।
ਮੇਰੇ ਮਾਲਕ ਨੇ ਮੈਨੂੰ ਕਿਹਾ ਸੀ, ”ਦੇਖੀਂ! ਜੇ ਤੂੰ ਬੰਦਾ ਪਛਾਣ ਵੀ ਲਿਆ ਤਾਂ ਵੀ ਮੁੱਕਰ ਜਾਵੀਂ। ਇਹ ਡਰੱਗੀ ਲੋਕ ਦਿਲੋਂ ਵੈਰ ਨਈਂ ਗਵਾਉਂਦੇ। ਜੇਲ੍ਹੋਂ ਛੁੱਟਣ ਸਾਰ ਪਹਿਲਾਂ ਬਦਲਾ ਲੈਣ ਦੀ ਈ ਸੋਚਦੇ ਆ।”
ਗੱਲ ਸੁਣ ਕੇ ਇਕ ਵਾਰ ਤਾਂ ਮੇਰਾ ਤਰ੍ਹਾਅ ਨਿਕਲ ਗਿਆ ਸੀ।
ਵਕੀਲ ਘੁਸਰ-ਮੁਸਰ ਕਰਦਾ ਮੇਰੇ ਤੋਂ ਵਿੱਥ ਬਣਾਉਂਦਾ ਹੌਲੀ-ਹੌਲੀ ਪਰ੍ਹਾਂ ਖਿਸਕਦਾ ਗਿਆ ਤੇ ਬਾਕੀ ਜਣੇ ਵੀ ਉਸ ਦੇ ਮਗਰ-ਮਗਰ ਤੁਰੇ ਗਏ। ਮੈਂ ਇਕ ਵਾਰ ਫਿਰ ਕੁੜੀ ਵੱਲ ਦੇਖ ਕੇ ਸੋਚਿਆ, ਹੋ ਸਕਦਾ ਇਹੀ ਕੰਮ `ਤੇ ਹੋਵੇ ਉਸ ਵੇਲੇ। ਇਹ ਵੀ ਮੇਰੇ ਵਾਂਙ ਡਰ ਗਈ ਹੋਵੇਗੀ, ਜਿਵੇਂ ਮੈਂ ਡਰ ਗਿਆ ਸਾਂ ਸਾਹਮਣੇ ਖੜ੍ਹੀ ਮੌਤ ਦੇਖ ਕੇ। ਹੋ ਸਕਦਾ, ਕੰਮ ਇਹ ਮੁੰਡਾ ਕਰਦਾ ਹੋਵੇ। ਇਹ ਕੁੜੀ ਸਿਰਫ਼ ਅਦਾਲਤ ਦੀ ਕਾਰਵਾਈ ਦੇਖਣ ਆ ਗਈ ਹੋਵੇ। ਮੈਂ ਉਲਝਣ ਵਿਚ ਪੁੱਛਣ-ਪੁੱਛਣ ਹੀ ਕਰਦਾ ਰਿਹਾ ਤੇ ਉਹ ਮੇਰੇ ਤੋਂ ਕਾਫ਼ੀ ਫ਼ਾਸਲਾ ਬਣਾ ਗਏ।
ਮੈਂ ਇਕ ਵਾਰ ਫਿਰ 902 ਕਮਰੇ ਦਾ ਬੰਦ ਬੂਹਾ ਦੇਖਿਆ ਤੇ ਫਿਰ ਸ਼ੀਸ਼ੇ ਥਾਣੀਂ ਅਸੀਮ ਪੇਂਟਿੰਗ ਦੇਖਣ ਲੱਗ ਪਿਆ।
ਕੁੜੀ ਦਾ ਛੋਟਾ ਜਿਹਾ ਵਾਕ ਸੀ। ਚਿੜੀ ਜਿੰਨਾਂ। ਮੈਨੂੰ ਆਪਣੀ ਬੇਟੀ ਦਾ ਵਾਕ ਯਾਦ ਆ ਗਿਆ, ਬਿਲਕੁਲ ਇਹਦੇ ਵਰਗਾ, ਨਿੱਕਾ ਜਿਹਾ, ਚਿੜੀ ਜਿੰਨਾਂ, ਭੋਲਾ-ਭਾਲਾ।
ਐਵੇਂ ਹੀ ਕਿਸੇ ਮਿੱਤਰ ਦੀ ਕਹੀ ਗੱਲ ਦਿਮਾਗ਼ `ਚ ਚਮਕਾਰਾ ਮਾਰ ਗਈ-‘ਕਿਸੇ ਕੁੜੀ ਨੂੰ ਦੇਖ ਕੇ ਜੇ ਤੁਹਾਨੂੰ ਮਹਿਬੂਬਾ ਚੇਤੇ ਆਵੇ ਤਾਂ ਸਮਝੋ ਤੁਸੀਂ ਅਜੇ ਜਵਾਨ ਓਂ ਤੇ ਜੇ ਧੀ ਯਾਦ ਆ ਜਾਵੇ ਤਾਂ ਸਮਝ ਲਓ ਤੁਸੀਂ ਬੁੱਢੇ ਹੋ ਗਏ ਓਂ…।`
ਮੈਂ ਨਾ ਚਾਹੁੰਦਾ ਹੋਇਆ ਵੀ ਆਪਣਾ ਮੂੰਹ ਦੇਖਣ ਲਈ ਆਲ਼ੇ-ਦੁਆਲ਼ੇ ਸ਼ੀਸ਼ਾ ਲੱਭਣ ਲੱਗ ਪਿਆ। ਸ਼ੀਸ਼ੇ ਦੀ ਕੰਧ ਵਿਚ ਦੀ ਤਾਂ ਪੱਤਝੜ ਦੇ ਰੰਗ-ਬਰੰਗੇ ਪੱਤੇ ਹੀ ਦਿਸ ਰਹੇ ਸਨ। ਮੇਰੇ ਮੂੰਹ ਦਾ ਅਕਸ ਏਨਾ ਧੁੰਦਲਾ ਸੀ ਕਿ ਹਲਕਾ ਜਿਹਾ ਪਰਛਾਵਾਂ ਹੀ ਦਿਸਦਾ ਸੀ, ਬਲੈਕ ਐਂਡ ਵ੍ਹਾਈਟ ਨੈਗੇਟਿਵ ਵਾਂਙ।
ਘੁਸਰ-ਮੁਸਰ ਨੇ ਮੇਰਾ ਧਿਆਨ ਫਿਰ ਤੋੜ ਦਿੱਤਾ।
ਲੁਟੇਰੇ ਨੇ ਪਿਛਲੇ ਛੇ ਮਹੀਨਿਆਂ ਤੋਂ ਵਖਤ ਪਾਇਆ ਹੋਇਆ ਸੀ। ਉਹ ਕਦੇ ਕੁਈਨਜ਼ ਕਾਉਂਟੀ `ਚ ਕੋਈ ਸਟੋਰ ਲੁੱਟ ਲੈਂਦਾ, ਕਦੇ ਨਾਸੂ ਕਾਉਂਟੀ `ਚ ਅਤੇ ਕਦੇ ਸਫ਼ਕ ਕਾਉਂਟੀ `ਚ। ਤਿੰਨ ਕਾਉਂਟੀਆਂ ਦੀ ਪੁਲਿਸ ਉਸ ਦੇ ਪਿੱਛੇ ਸੀ। ਸੂਹ ਦੇਣ ਵਾਲ਼ੇ ਨੂੰ ਦਸ ਹਜ਼ਾਰ ਡਾਲਰ ਦੇਣ ਦਾ ਐਲਾਨ ਵੀ ਕੀਤਾ ਹੋਇਆ ਸੀ।
ਸਾਡਾ ਸਟੋਰ ਅਜੇ ਬਚਿਆ ਹੋਇਆ ਸੀ।
ਪੁਲਿਸ ਵਾਲੇ ਗੇੜਾ ਮਾਰਦੇ। ਚੇਤਾਵਨੀ ਦੇ ਜਾਂਦੇ।
ਕਦੇ ਪੁਲਿਸ ਵਾਲੇ ਖੜ੍ਹੇ-ਖੜ੍ਹੇ ਕੌਫ਼ੀ ਪੀਂਦੇ ਮੇਰੇ ਨਾਲ ਗੱਲੀਂ ਪੈ ਜਾਂਦੇ, ‘ਸਟੋਰਾਂ ਦੇ ਕੈਮਰੇ ਚੈੱਕ ਕੀਤੇ ਐ। ਉਹ ਹੁੱਡੀ ਪਾ ਕੇ ਆਉਂਦੈ। ਇਕਦਮ ਚਾਕੂ ਕੱਢ ਕੇ ਕਾਮੇ ਨੂੰ ਡਰਾ ਕੇ ਕੈਸ਼-ਰਜਿਸਟਰ ਖੋਲ੍ਹਣ ਦਾ ਇਸ਼ਾਰਾ ਕਰਦੈ। ਇਕ ਮਿੰਟ `ਚ ਕਾਰਵਾਈ ਕਰ ਕੇ ਨਿਕਲ਼ ਜਾਂਦੈ। ਫਿਰ ਉਹਦਾ ਪਤਾ ਨਹੀਂ ਲੱਗਦਾ। ਜ਼ਰੂਰ ਕੋਈ ਜਣਾ ਬਾਹਰ ਕਾਰ `ਚ ਉਹਦੀ ਉਡੀਕ `ਚ ਬੈਠਾ ਹੋਏਗਾ। ਝੱਟ-ਪੱਟ ਕਾਰ `ਚ ਨਿਕਲ਼ ਜਾਂਦੇ ਐ। ਹੁਸ਼ਿਆਰ ਹੈ। ਚਾਕੂ ਸਿਰਫ਼ ਡਰਾਵੇ ਵਾਸਤੇ ਰੱਖਿਆ ਹੋਇਐ। ਉਹਨੂੰ ਪਤੈ, ਜੇ ਕਿਸੇ ਦੇ ਚਾਕੂ ਮਾਰ ਦਿੱਤਾ, ਜਦ ਉਹ ਫੜ ਹੋਇਆ ਤਾਂ ਉਹਦੇ `ਤੇ ਇਰਾਦਾ-ਏ-ਕਤਲ ਦਾ ਕੇਸ ਬਣਨੈਂ। ਹੁਣ ਨਿਰਾ ਚੋਰੀ ਦਾ ਹੀ ਪੈਣਾਂ…।”
ਇਕ ਦਿਨ ਪੁਲਿਸ ਵਾਲੇ ਨੇ ਦੱਸਿਆ, ”ਉਹ ਕਦੇ ਕਿਸੇ ਕਾਊਂਟੀ `ਚ ਲੁੱਟਦੈ ਕਦੇ ਕਿਸੇ `ਚ। ਉਹਦੀਆਂ ਹਰਕਤਾਂ ਤੋਂ ਲੱਗਦਾ ਉਹ ਡਰੱਗੀ ਐ। ਪੁਲਿਸ ਜਦੋਂ ਈਸਟ ਵਾਲੇ ਪਾਸੇ ਉਹਦੀ ਭਾਲ `ਚ ਹੁੰਦੀ ਐ ਤਾਂ ਉਹ ਵੈੱਸਟ ਵਾਲੇ ਪਾਸੇ ਦਾਅ ਮਾਰ ਜਾਂਦੈ। ਫੜਿਆ ਛੇਤੀ ਜਾਣੈ ਓਹਨੇ।”
”ਆਖ਼ਿਰ ਇਹ ਲੋਕ ਚੋਰੀ ਕਰਦੇ ਕਿਉਂ ਨੇ?” ਮੈਂ ਇਕ ਦਿਨ ਪੁਲਿਸ ਵਾਲੇ ਨੂੰ ਪੁੱਛਿਆ।
”ਡਰੱਗ ਖ਼ਰੀਦਣ ਵਾਸਤੇ,” ਪੁਲਿਸ ਵਾਲੇ ਨੇ ਗਾਚੀ ਵਰਗੀ ਲਿਸ਼ਕਦੀ ਗੰਜ `ਤੇ ਹੱਥ ਫੇਰਦੇ ਆਖਿਆ।
”ਇਹ ਲੋਕ ਡਰੱਗ ਲੈਂਦੇ ਈ ਕਿਉਂ ਐਂ?” ਕੰਮ ਸਲੋਅ ਸੀ। ਮੈਂ ਐਵੇਂ ਹੀ ਪੁਲਿਸ ਵਾਲੇ ਨਾਲ ਗੱਲੀਂ ਪੈ ਗਿਆ ਸਾਂ।
”ਆਂ…ਆਂ…ਹੂੰ…,” ਕੌਫ਼ੀ ਦਾ ਘੁੱਟ ਅੰਦਰ ਲੰਘਾ ਕੇ ਪੁਲਿਸ ਵਾਲੇ ਨੇ ਹਲਕੀ ਜਿਹੀ ਮੁਸਕਾਨ ਮੇਰੇ ਵੱਲ ਸੁੱਟੀ, ”ਇਹਦਾ ਜਵਾਬ ਏਨਾ ਸਿੱਧਾ ਨਈਂ। ਬਹੁਤ ਸਾਰੇ ਕਾਰਨ ਨੇ।” ਫਿਰ ਹੱਸਿਆ ਤੇ ਕਹਿਣ ਲੱਗਾ, ”ਮੈਂ ਕਹਾਂਗਾ ਉਦਾਸੀ, ਇਕੱਲਤਾ, ਤਣਾਓ। ਤੂੰ ਫਿਰ ਇਨ੍ਹਾਂ ਦੇ ਕਾਰਨ ਪੁੱਛੇਂਗਾ। ਇਹਦੇ ਬਹੁਤ ਸਾਰੇ ਕਾਰਨ ਐਂ। ਕਦੇ ਮੌਕਾ ਮਿਲੇ ਤਾਂ ‘ਬਾਰਨਜ਼ ਐਂਡ ਨੋਬਲ` ਸਟੋਰ `ਤੇ ਜਾਵੀਂ। ਓਥੇ ਤੈਨੂੰ ਅਪਰਾਧ ਨਾਲ ਸੰਬੰਧਿਤ ਕਿਤਾਬਾਂ ਮਿਲ ਸਕਦੀਆਂ ਨੇ। ਅਪਰਾਧੀਆਂ ਦੇ ਮਨੋ-ਵਿਸ਼ਲੇਸ਼ਣ ਵਾਲੀ ਕੋਈ ਕਿਤਾਬ ਲੈ ਆਵੀਂ। ਸਭ ਸਮਝ ਆ ਜਾਊ। ਮਸਲਨ, ਤੂੰ ਰਾਈਕਰਜ਼ ਆਈਲੈਂਡ ਵਾਲੀ ਜੇਲ੍ਹ ਬਾਰੇ ਤਾਂ ਸੁਣਿਆ ਈ ਹੋਇਆ। ਮੇਰਾ ਦੋਸਤ ਓਥੇ ਸਾਈਕੋ-ਥੈਰੇਪਿਸਟ ਐ। ਉਹ ਦੱਸਦਾ ਸੀ, ਜੇਲ੍ਹ `ਚ ਏਦਾਂ ਦੇ ਵੀ ਬੇਘਰੇ ਕੈਦੀ ਐ, ਜਿਹੜੇ ਗਰਮੀਆਂ ਤਾਂ ਬਾਹਰ ਪੁਲ਼ ਹੇਠਾਂ, ਕਿਸੇ ਰੁੱਖ ਹੇਠਾਂ ਜਾਂ ਪਾਰਕ `ਚ ਸੌਂ ਕੇ ਬਿਤਾਅ ਲੈਂਦੇ ਐ। ਚੜ੍ਹੇ ਸਿਆਲ ਕਿਸੇ ਸਟੋਰ `ਤੇ ਜਾਂਦੇ ਐ। ਨਿੱਕੀ-ਮੋਟੀ ਚੀਜ਼ ਚੋਰੀ ਕਰਦੇ ਐ। ਆਪ ਈ ਫੜੇ ਜਾਂਦੇ ਐ। ਚਾਰ-ਪੰਜ ਮਹੀਨੇ ਦੀ ਜੇਲ੍ਹ ਹੋ ਜਾਂਦੀ ਐ। ਸਿਆਲ ਜੇਲ੍ਹ `ਚ ਕੱਟ ਕੇ ਫਿਰ ਗਰਮੀਆਂ ਨੂੰ ਬਾਹਰ।”
ਇਕ ਦਿਨ ਮੈਂ ਆਪਣੇ ਮਾਲਕ ਨੂੰ ਸਵਾਲ ਕਰ ਬੈਠਾ, ”ਭਾਜੀ ਇਹ ਲੋਕ ਡਰੱਗ ਕਿਉਂ ਕਰਦੇ ਐ? ਚੋਰੀ ਕਿਉਂ ਕਰਦੇ ਐ?”
ਉਸ ਨੇ ਆਪਣੀ ਹੀ ਲਾਲ ਕਿਤਾਬ ਖੋਲ੍ਹ ਲਈ, ”ਅਸਲ ਵਿਚ ਇਸ ਦੁਨੀਆ ਨੂੰ ਨਾ ਮੈਂ ਚਲਾ ਰਿਹਾਂ ਨਾ ਤੁਸੀਂ। ਨਾ ਟਰੰਪ ਤੇ ਨਾ ਮੋਦੀ। ਸਿਰਫ਼ ਗਿਣਤੀ ਦੇ ਕੁਝ ਟੱਬਰ ਐ। ਉਨ੍ਹਾਂ ਕੋਲ ਸਾਰੀ ਦੁਨੀਆ ਦਾ ਕੰਟਰੋਲ ਐ। ਜਿੰਨਾਂ ਚਿਰ ਉਹ ਗਿਣਤੀ ਦੇ ਟੱਬਰਾਂ ਕੋਲ਼ੋਂ ਦੌਲਤ ਖੋਹ ਕੇ ਸਾਰਿਆਂ `ਚ ਬਰਾਬਰ ਵੰਡੀ ਨਹੀਂ ਜਾਂਦੀ, ਗ਼ਰੀਬੀ, ਨਾ-ਬਰਾਬਰੀ ਖ਼ਤਮ ਨਹੀਂ ਹੁੰਦੀ, ਓਨਾ ਚਿਰ ਦੁਨੀਆ ਤੋਂ ਟੈੱਨਸ਼ਨ, ਡਿਪਰੈੱਸ਼ਨ, ਉਦਾਸੀ, ਗ਼ਮ, ਅਜ਼ਾਬ ਖ਼ਤਮ ਨਹੀਂ ਹੋਣੇ। ਇਹ ਖ਼ਤਮ ਨਹੀਂ ਹੋਣੇ ਤਾਂ ਲੋਕਾਂ ਨੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਨਸ਼ੇ ਕਰਨੋਂ ਹਟਣਾ ਨਈਂ। ਨੌਕਰੀਆਂ ਮਿਲਣੀਆਂ ਨਈਂ। ਨਸ਼ਿਆਂ ਲਈ ਪੈਸੇ ਲੱਭਣੇ ਨਈਂ ਤੇ ਚੋਰੀਆਂ ਹੋਣਂੋ ਹਟਣੀਆਂ ਨਈਂ।”
ਉਹ ਮੈਨੂੰ ਸਟੋਰ ਦਾ ਮਾਲਕ ਘੱਟ ਤੇ ਕਿਸੇ ਯੂਨੀਅਨ ਦਾ ਬੁਲਾਰਾ ਜ਼ਿਆਦਾ ਲੱਗਿਆ।
ਮੈਂ ਇਕ ਦਿਨ ਪੁਲਿਸ ਵਾਲੇ ਨੂੰ ਪੁੱਛਿਆ, ”ਇਹ ਚੋਰੀਆਂ-ਡਾਕੇ, ਅਪਰਾਧ ਖ਼ਤਮ ਨਈਂ ਹੋ ਸਕਦੇ?”
”ਮੁਸ਼ਕਿਲ ਐ,” ਪੁਲਿਸ ਵਾਲ਼ਾ ਕੁਝ ਦੇਰ ਸੋਚਦਾ ਰਿਹਾ ਤੇ ਫਿਰ ਬੋਲਿਆ, ”ਬਲਕਿ ਨਾ-ਮੁਮਕਿਨ। ਅਸਲ ਵਿਚ ਅਪਰਾਧ ਦਾ ਜਨਮ ਬੰਦੇ ਦੇ ਨਾਲ ਹੀ ਹੋਇਐ। ਇਹ ਸਾਡੇ ਜੀਨਜ਼ ਵਿਚ ਐ। ਬੰਦੇ ਦੀ ਹਸਤੀ ਦੇ ਵਿਕਾਸ ਵਿਚ ਗ਼ੁੱਸੇ, ਨਫ਼ਰਤ, ਕਿਸੇ ਨੂੰ ਮਾਰਨ ਦੀ ਬਿਰਤੀ ਵਗੈਰਾ ਦਾ ਬਹੁਤ ਵੱਡਾ ਯੋਗਦਾਨ ਐ। ਬੰਦਾ ਜੰਗਲ਼ਾਂ `ਚ ਰਹਿੰਦਾ ਸੀ। ਖਾਣ ਲਈ ਪਸ਼ੂ-ਪੰਛੀਆਂ ਨੂੰ ਮਾਰਦਾ ਸੀ। ਕਿਸੇ ਨੂੰ ਮਾਰਨ ਵਾਸਤੇ ਗ਼ੁੱਸੇ ਨਾਲ਼ ਭਰੇ ਹੋਣਾ, ਉਹਨੂੰ ਨਫ਼ਰਤ ਕਰਨੀ, ਬਹੁਤ ਜ਼ਰੂਰੀ ਹੁੰਦੈ। ਫਿਰ ਮਾਰਨਾ ਤਾਂ ਅਪਰਾਧ ਹੈ ਈ, ਚਾਹੇ ਪਸ਼ੂ-ਪੰਛੀ ਹੋਣ ਚਾਹੇ ਬੰਦਾ। ਬੰਦੇ ਦੀ ਬਣਤਰ ਈ ਏਦਾਂ ਦੀ ਐ। ਇਹਦੇ `ਚੋਂ ਅਪਰਾਧੀ ਬਿਰਤੀ ਕੱਢੀ ਜਾ ਹੀ ਨਹੀਂ ਸਕਦੀ। ਹਾਂ! ਇਹ ਕਿਸੇ `ਚ ਘੱਟ ਹੁੰਦੀ ਐ, ਕਿਸੇ `ਚ ਵੱਧ ਪਰ ਹੁੰਦੀ ਸਾਰਿਆਂ `ਚ ਈ ਐ। ਪਤਾ ਨਹੀਂ ਤੂੰ ਜੋ ਪੁੱਛਿਆ, ਮੈਂ ਸਹੀ ਦੱਸ ਵੀ ਸਕਿਆਂ ਕਿ ਨਹੀਂ ਪਰ ਇਕ ਗੱਲ ਪੱਕੀ ਐ, ਇਹ ਠਗੀ-ਠੋਰੀ ਖ਼ਤਮ ਹੋ ਨਹੀਂ ਸਕਦੀ। ਰੂਪ ਬਦਲ-ਬਦਲ ਕੇ ਹਰ ਸਮੇਂ ਮੌਜੂਦ ਹੀ ਰਹੀ ਹੈ ਤੇ ਰਹੇਗੀ। ਘਟਾਈ ਜਾ ਸਕਦੀ ਹੈ ਮੁਕਾਈ ਨਹੀਂ ਜਾ ਸਕਦੀ।”
ਜਦੋਂ ਸਾਡੇ ਸਟੋਰ ਤੋਂ ਦੋ ਬਲਾਕ ਪਰ੍ਹਾਂ ਸਟੋਰ `ਤੇ ਚੋਰੀ ਹੋਈ ਤਾਂ ਮੇਰੇ ਮਾਲਕ ਨੇ ਪੁਲਿਸ ਨੂੰ ਕਹਿ ਕੇ ਖ਼ਾਸ ਤਰ੍ਹਾਂ ਦੇ ਡਾਲਰ ਕੈਸ਼-ਰਜਿਸਟਰ ਵਿਚ ਰਖਵਾਅ ਲਏ। ਦੇਖਣ ਨੂੰ ਡਾਲਰ ਲੱਗਦੇ ਸਨ ਪਰ ਇਨ੍ਹਾਂ ਦੇ ਹੇਠਾਂ ਜੀ. ਪੀ. ਐੱਸ. ਲੱਗਾ ਹੋਇਆ ਸੀ। ਚੋਰ ਨੇ ਜਿਉਂ ਹੀ ਇਨ੍ਹਾਂ ਡਾਲਰਾਂ ਨੂੰ ਹੱਥ ਪਾਉਣਾ ਸੀ, ਪੁਲਿਸ ਨੂੰ ਆਪਣੇ-ਆਪ ਇਤਲਾਹ ਹੋ ਜਾਣੀ ਸੀ। ਰਜਿਸਟਰ ਚੁੱਕੀ ਜਿਸ ਪਾਸੇ ਵੀ ਚੋਰ ਨੇ ਜਾਣਾ ਸੀ ਉਸ ਦੀ ਨਿਸ਼ਾਨਦੇਹੀ ਹੁੰਦੀ ਜਾਣੀ ਸੀ।
”ਤੂੰ ਆਪ ਈ ਹੱਥ ਨਾ ਲਾ ਦੇਵੀਂ,” ਪੁਲਿਸ ਵਾਲ਼ੇ ਨੇ ਹੱਸਦੇ ਹੋਏ ਮੈਨੂੰ ਕਿਹਾ ਸੀ।
ਇਕ ਦਿਨ ਪੁਲਿਸ ਵਾਲ਼ਾ ਮੈਨੂੰ ਦੱਸ ਰਿਹਾ ਸੀ, ”ਕਾਫ਼ੀ ਤੇਜ਼ ਲੱਗਦੈ ਚੋਰ। ਜ਼ਰੂਰ ਉਹ ਪਹਿਲਾਂ ਆਲਾ-ਦੁਆਲਾ ਚੰਗੀ ਤਰ੍ਹਾਂ ਘੋਖਦਾ ਰਹਿੰਦਾ ਹੋਏਗਾ। ਇਕ ਮਿੰਟ ਲਈ ਸਟੋਰ ਸੁੰਨਾ ਹੋਇਆ ਨਈਂ ਕਿ ਓਹਨੇ ਵਾਰਦਾਤ ਕੀਤੀ ਨਈਂ।”
ਉਸ ਦਿਨ ਸੂਰਜ ਛਿਪ ਰਿਹਾ। ਸਟਰੀਟ ਲਾਈਟਾਂ ਜਗ ਪਈਆਂ ਸਨ। ਪੁਲਿਸ ਵਾਲੇ ਕੌਫ਼ੀ ਪੀਂਦੇ-ਪੀਂਦੇ ਬਾਹਰ ਨਿਕਲੇ ਸਨ। ਮੈਂ ਆਪਣੇ ਧਿਆਨ ਸਿਗਰਟਾਂ ਦੀਆਂ ਡੱਬੀਆਂ ਠੀਕ ਕਰ ਹੀ ਰਿਹਾ ਸੀ ਕਿ ਉਹ ਛਾਲ ਮਾਰਦਾ ਹੋਇਆ ਕਾਊਂਟਰ ਟੱਪ ਕੇ ਮੇਰੇ ਸਾਹਮਣੇ ਆ ਖਲੋਤਾ ਸੀ। ਉਸ ਦੇ ਹੱਥ `ਚ ਚਾਕੂ ਲਿਸ਼ਕ ਰਿਹਾ ਸੀ। ਮੈਨੂੰ ਕੁਝ ਨਾ ਸੁੱਝਿਆ। ਮੈਂ ਕਾਊਂਟਰ ਦੇ ਦੂਜੇ ਪਾਸਿਓਂ ਭੱਜ ਕੇ ਬਾਹਰਲੇ ਦਰਵਾਜ਼ਾ ਵੱਲ ਅਹੁਲਣ ਹੀ ਲੱਗਾ ਸਾਂ ਕਿ ਉਹ ਕਾਊਂਟਰ ਦੇ ਅੰਦਰੋਂ ਛਾਲ਼ ਮਾਰ ਕੇ ਕਾਊਂਟਰ ਟੱਪਦਾ ਹੋਇਆ ਫਿਰ ਮੇਰੇ ਸਾਹਮਣੇ ਆ ਗਿਆ। ਚਾਕੂ ਨਾਲ ਹੀ ਉਹ ਮੈਨੂੰ ਕੈਸ਼-ਰਜਿਸਟਰ ਵੱਲ ਇਸ਼ਾਰਾ ਕਰਨ ਲੱਗਾ। ਮੈਂ ਜਿਵੇਂ ਆਪਣੇ-ਆਪ ਵਿਚ ਨਹੀਂ ਸਾਂ। ਉਸ ਦੇ ਹੱਥਾਂ ਦੀ ਕੱਠ-ਪੁਤਲੀ ਬਣ ਗਿਆ ਸਾਂ। ਮੈਂ ਕੈਸ਼-ਰਜਿਸਟਰ ਖੋਲ੍ਹ ਦਿੱਤਾ।
ਉਹ ਰਜਿਸਟਰ ਲੈ ਕੇ ਅੱਖ ਦੇ ਫੋਰ `ਚ ਸਟੋਰ `ਚੋਂ ਬਾਹਰ ਹੋ ਗਿਆ। ਮੇਰਾ ਸਰੀਰ ਪਹਾੜ ਵਾਂਗ ਭਾਰਾ-ਭਾਰਾ ਹੋ ਗਿਆ ਸੀ। ਜਦੋਂ ਮੈਨੂੰ ਤਸੱਲੀ ਹੋ ਗਈ ਕਿ ਉਹ ਦੂਰ ਨਿਕਲ਼ ਗਿਆ ਹੋਵੇਗਾ, ਪਹਿਲਾਂ ਮੈਂ ਜਾ ਕੇ ਸਟੋਰ ਦਾ ਬੂਹਾ ‘ਲਾਕ` ਕੀਤਾ ਤੇ ਫਿਰ ਪੁਲਿਸ ਨੂੰ ਫੋਨ ਘੁਮਾਇਆ।
ਪੁਲਿਸ ਨੂੰ ਵਾਰਦਾਤ ਦੱਸਣ ਮਗਰੋਂ ਮਾਲਕ ਨੂੰ ਫੋਨ ਲਾ ਲਿਆ।
ਬਾਹਰ ਪੁਲਿਸ ਦੀਆਂ ਕਾਰਾਂ ਦੇ ਸਾਇਰਨ ਗੂੰਜਣ ਲੱਗੇ। ਪੁਲਿਸ ਦੇਖ ਕੇ ਮੈਂ ਬੂਹਾ ਖੋਲ੍ਹਿਆ। ਆਲਾ-ਦੁਆਲਾ ਦੇਖਿਆ। ਮੈਨੂੰ ਜਿਵੇਂ ਡਰ ਸੀ, ਕਿਤੇ ਫਿਰ ਨਾ ਆ ਜਾਵੇ। ਥੋੜ੍ਹੀ ਦੇਰ ਬਾਅਦ ‘ਕਰਾਈਮ ਸੀਨ` ਵਾਲਿਆਂ ਦੀ ਵੈਨ ਵੀ ਆਣ ਪਹੁੰਚੀ ਤੇ ਲੋਕਲ ਟੀ. ਵੀ. ਚੈਨਲ ਵਾਲਿਆਂ ਦੀ ਵੈਨ ਵੀ।
ਪੁਲਿਸ ਵਾਲੇ ਮੇਰੇ ਵਾਕਿਫ਼ ਹੀ ਸਨ। ਉਹ ਮੁੱਢਲੀ ਜਾਣਕਾਰੀ ਲੈਂਦੇ ਰਹੇ। ਪੁਲਿਸ ਡਿਟੈਕਟਿਵ ਨੇ ਮੈਨੂੰ ਸਾਰੀ ਘਟਨਾ ਬਿਆਨ ਕਰਨ ਲਈ ਕਿਹਾ।
”ਬਹੁਤ ਤੇਜ਼ ਹੈ,” ਇਕ ਪੁਲਿਸ ਵਾਲੇ ਨੇ ਅੰਦਰ ਆਉਂਦੇ ਕਿਹਾ, ”ਜੀ. ਪੀ. ਐੱਸ. ਵਾਲ਼ੀ ਡੱਬੀ ਨਾਲ ਦੇ ਬਲਾਕ `ਚ ਹੀ ਸੁੱਟ ਗਿਐ।”
ਡਿਟੈਕਟਿਵ ਨੇ ਆਪਣਾ ਕਾਰਡ ਮੈਨੂੰ ਦੇ ਕੇ ਕਿਹਾ, ”ਡਰਨ ਦੀ ਲੋੜ ਨਹੀਂ। ਕਦੇ ਤੈਨੂੰ ਲੱਗੇ ਕਿ ਕੋਈ ਤੇਰਾ ਪਿੱਛਾ ਕਰ ਰਿਹੈ, ਝੱਟ ਇਸ ਨੰਬਰ `ਤੇ ਫੋਨ ਕਰ ਦੇਵੀਂ।”
ਪੁਲਿਸ ਵਾਲਿਆਂ ਮੈਨੂੰ ਦਫ਼ਤਰ `ਚ ਜਾ ਕੇ ਸੀ. ਸੀ. ਟੀ. ਵੀ. ਦੀ ਫ਼ੁਟੇਜ ਚਲਾਉਣ ਲਈ ਕਿਹਾ।
ਫ਼ਿਲਮ ਸ਼ੁਰੂ ਹੋ ਗਈ। ਪੁਲਿਸ ਵਾਲੇ ਕੌਫ਼ੀ ਪੀਂਦੇ-ਪੀਂਦੇ ਬਾਹਰ ਨਿਕਲ਼ਦੇ ਦਿਖਾਈ ਦੇ ਰਹੇ ਸਨ। ਮੈਂ ਸਿਗਰਟਾਂ ਠੀਕ ਕਰਨ `ਚ ਰੁਝਿਆ ਸਾਂ। ਬੂਹੇ ਥਾਣੀਂ ਹੁੱਡੀ ਵਾਲਾ ਬੰਦਾ ਅੰਦਰ ਆਇਆ। ਉਹ ਫ਼ੁਰਤੀ ਨਾਲ ਛਾਲ ਮਾਰ ਕੇ ਜਦੋਂ ਕਾਉਂਟਰ ਦੇ ਅੰਦਰ ਵੜਿਆ ਤਾਂ ਫ਼ਿਲਮ ਦੇਖਦਾ-ਦੇਖਦਾ ਮੈਂ ਇਕ ਵਾਰ ਕੰਬ ਗਿਆ, ਜਿਵੇਂ ਉਹ ਫਿਰ ਆ ਗਿਆ ਹੋਵੇ। ਮੈਂ ਮੂਹਰੇ-ਮੂਹਰੇ ਭੱਜ ਰਿਹਾ ਸਾਂ। ਉਹ ਫਿਰ ਕਾਊਂਟਰ ਟੱਪ ਕੇ ਮੇਰੇ ਅੱਗੇ ਆ ਗਿਆ ਤੇ ਲਿਸ਼ਕਦਾ ਚਾਕੂ ਘੁਮਾਉਣ ਲੱਗਾ।
”ਸੇਮ ਐਕਸ਼ਨ,” ਡਿਟੈਕਟਿਵ ਨੇ ਕਿਹਾ।
ਆਪਣੇ-ਆਪ ਨੂੰ ਚੋਰ ਮੂਹਰੇ ਭੱਜਦਾ ਦੇਖ ਕੇ ਮੈਨੂੰ ਸ਼ਰਮ ਮਹਿਸੂਸ ਹੋਣ ਲੱਗ ਪਈ ਸੀ। ਮੇਰਾ ਦਿਲ ਫ਼ਿਲਮ ਬੰਦ ਕਰਨ ਨੂੰ ਕਰ ਰਿਹਾ ਸੀ ਪਰ ਪੁਲਿਸ ਵਾਲੇ ਇਸ ਨੂੰ ਦੁਬਾਰਾ ਚਾਲੂ ਕਰਨ ਲਈ ਕਹਿ ਰਹੇ ਸਨ। ਦੂਜੀ ਵਾਰ ਚਲਾਈ ਫ਼ਿਲਮ `ਤੇ ਮੈਂ ਨਿਗ੍ਹਾ ਨਾ ਟਿਕਾਅ ਸਕਿਆ।
ਦਫ਼ਤਰ ਤੋਂ ਬਾਹਰ ਆ ਕੇ ਡਿਟੈਕਟਿਵ ਨੇ ਪੁੱਛਿਆ, ”ਹੁਣ ਡਰ ਤਾਂ ਨਈਂ ਲੱਗਦਾ?”
”ਬਿਲਕੁਲ ਨਈਂ,” ਸੱਚ-ਮੁੱਚ ਮੈਨੂੰ ਹੁਣ ਕੋਈ ਡਰ ਨਹੀਂ ਸੀ ਲੱਗ ਰਿਹਾ।
”ਦੋ ਦਿਨ ਛੁੱਟੀ ਕਰ ਲੈ,” ਇਕ ਪੁਲਿਸ ਵਾਲੇ ਨੇ ਕਿਹਾ, ”ਏਦਾਂ ਦੀ ਘਟਨਾ ਦਾ ਅਸਰ ਕਈ ਵਾਰ ਕੁਝ ਦਿਨਾਂ ਬਾਅਦ ਮਨ `ਤੇ ਪੈਣਾ ਸ਼ੁਰੂ ਹੁੰਦੈ।”
ਮੈਂ ਇਕ ਵਾਰ ਫਿਰ ਪਰ੍ਹਾਂ ਘੁਸਰ-ਮੁਸਰ ਕਰਦੇ ਪੰਜ ਜਣਿਆਂ ਵੱਲ ਦੇਖਿਆ। ਕਲਪਨਾ ਹੀ ਕਲਪਨਾ `ਚ ਉਸ ਕੁੜੀ ਜਾਂ ਮੁੰਡੇ ਨੂੰ ਓਸੇ ਤਰ੍ਹਾਂ ਹੀ ਕਾਉੂਂਟਰ ਦੁਆਲ਼ੇ ਘੁੰਮਦੇ ਦੇਖਣ ਲੱਗਾ, ਜਿਵੇਂ ਮੈਂ ਆਪਣੇ-ਆਪ ਨੂੰ ਫ਼ਿਲਮ `ਚ ਦੇਖਿਆ ਸੀ।
ਉਸ ਦਿਨ ਮੈਂ ਕੰਮ `ਤੇ ਜਾਣ ਲਈ ਕਾਰ ਘਰੋਂ ਕੱਢ ਹੀ ਰਿਹਾ ਸੀ ਜਦੋਂ ਮੇਰੇ ਮਾਲਕ ਦਾ ਫੋਨ ਆ ਗਿਆ, ”ਟੈੱਨ-ਟੈੱਨ ਲਾ ਕੇ ਸੁਣ, ਉਹ ਸਾਲਾ ਕਾਲਾ ਫੜਿਆ ਗਿਆ।”
ਮੈਂ ਰੇਡੀਓ ਲਾਇਆ। ਮੌਸਮ ਦੱਸਣ ਤੋਂ ਬਾਅਦ ‘ਇੰਟਰਟੇਨਮੈਂਟ ਨਿਊਜ਼` ਆ ਗਈਆਂ। ਮੇਰਾ ਦਿਲ ਕਾਹਲਾ ਪੈ ਰਿਹਾ ਸੀ, ਚੋਰ ਫੜੇ ਜਾਣ ਦੀ ਖ਼ਬਰ ਸੁਣਨ ਵਾਸਤੇ।
ਰੇਡੀਓ ਨੇ ਵਿਸਥਾਰ ਨਾਲ ਖ਼ਬਰ ਦਿੱਤੀ ਸੀ।
ਕਾਲੇ ਨੇ ਚੌਵੀ ਸਟੋਰ ਲੁੱਟੇ ਸਨ। ਪਿਛਲੀ ਰਾਤੇ ਪੱਚੀਵਾਂ ਸਟੋਰ ਲੁੱਟਣ ਗਿਆ ਸੀ। ਅਜੇ ਉਹ ਤਿਆਰੀ ਹੀ ਕਰ ਰਿਹਾ ਸੀ ਕਿ ਸਟੋਰ ਅੰਦਰ ਕੋਈ ਹੋਰ ਗਾਹਕ ਆ ਗਿਆ। ਉਹ ਚੁੱਪ-ਚੁਪੀਤਾ ਓਥੋਂ ਨਿਕਲ ਗਿਆ। ਉਸ ਨੇ ਡਰੱਗ ਲਈ ਹੋਈ ਸੀ। ਥੋੜ੍ਹੀ ਦੂਰ ਇਕ ਘਰ ਦੀਆਂ ਪੌੜੀਆਂ `ਚ ਲੰਮਾ ਪੈ ਗਿਆ ਸੀ। ਸਾਰੀ ਰਾਤ ਓਥੇ ਸੁੱਤਾ ਰਿਹਾ। ਸਵੇਰੇ ਘਰ ਦਾ ਮਾਲਕ ਕੰਮ `ਤੇ ਜਾਣ ਲਈ ਬਾਹਰ ਨਿਕਲਿਆ ਤਾਂ ਉਸ ਨੇ ਬੂਹੇ ਅੱਗੇ ਅਜਨਬੀ ਪਿਆ ਦੇਖਿਆ। ਉਸ ਨੂੰ ਜਗਾ ਕੇ ਓਥੋਂ ਤੋਰ ਦਿੱਤਾ। ਘਰ ਦੇ ਮਾਲਕ ਨੇ ਬਾਅਦ ਵਿਚ ਪੁਲਿਸ ਨੂੰ ਦੱਸਿਆ, ”ਜਦੋਂ ਉਹ ਓਪਰਾ ਬੰਦਾ ਹੌਲੀ-ਹੌਲੀ ਤੁਰਿਆ ਤਾਂ ਉਸ ਦੇ ਪਾਈ ਹੁੱਡੀ ਦੇਖ ਕੇ ਮੈਨੂੰ ਖ਼ਿਆਲ ਆਇਆ ਕਿ ਇਸੇ ਤਰ੍ਹਾਂ ਦੇ ਬੰਦੇ ਦੀ ਤਾਂ ਪੁਲਿਸ ਨੂੰ ਵੀ ਭਾਲ਼ ਹੈ। ਮੈਂ ਸ਼ੱਕ-ਮੂਜਬ ਪੁਲਿਸ ਨੂੰ ਫੋਨ ਕਰ ਦਿੱਤਾ।”
ਕੋਈ ਸੋਚ ਸਕਦਾ ਸੀ ਕਿ ਚੌਵੀ ਸਟੋਰ ਲੁੱਟ ਕੇ ਵੀ ਫੜਿਆ ਨਾ ਜਾਣ ਵਾਲਾ ਚੋਰ ਏਨੀ ਆਸਾਨੀ ਨਾਲ ਫੜਿਆ ਜਾਵੇਗਾ।
ਮੈਨੂੰ ਅੰਗਰੇਜ਼ੀ ‘ਹੌਰਰ` ਫ਼ਿਲਮ ਦਾ ਖ਼ਿਆਲ ਆ ਗਿਆ। ਫ਼ਿਲਮ `ਚ ਭੂਤ ਨੇ ਸਾਰੀ ਰਾਤ ਇਕ ਸ਼ਹਿਰ `ਚ ਵਖਤ ਪਾਈ ਰੱਖਿਆ। ਲੋਕਾਂ ਨੂੰ ਮਾਰੀ ਗਿਆ। ਸ਼ਹਿਰ ਦੇ ਲੋਕ ਉਸ ਭੂਤ ਨੂੰ ਮਾਰਨ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਤਰਕੀਬਾਂ ਲੜਾਉਂਦੇ ਰਹੇ ਪਰ ਉਹ ਕਿਸੇ ਚੀਜ਼ ਨਾਲ ਵੀ ਨਾ ਮਰਿਆ। ਆਖ਼ਿਰ ਇਹ ਮਰੇਗਾ ਕਿਵੇਂ? ਮੈਂ ਫ਼ਿਲਮ ਦੇਖਦਾ ਸੋਚੀ ਜਾ ਰਿਹਾ ਸਾਂ। ਸਵੇਰ ਹੋ ਗਈ। ਜਦੋਂ ਸੂਰਜ ਦੀਆਂ ਕਿਰਨਾਂ ਭੂਤ `ਤੇ ਪਈਆਂ ਤਾਂ ਉਹ ਝੱਟ ਹੀ ਭਸਮ ਹੋ ਗਿਆ।
ਇਸ ਚੋਰ ਦੀ ਦਹਿਸ਼ਤ ਵੀ ਸੂਰਜ ਦੀਆਂ ਕਿਰਨਾਂ `ਚ ਇਵੇਂ ਹੀ ਭਸਮ ਹੋ ਗਈ ਸੀ।
ਇਹ ਖ਼ੁਸ਼ਖ਼ਬਰੀ ਪਤਨੀ ਨੂੰ ਦੇਣ ਵਾਸਤੇ ਮੈਂ ਘਰ ਫੋਨ ਲਾਇਆ। ਫੋਨ ਬਿਜ਼ੀ ਆ ਰਿਹਾ ਸੀ। ਥੋੜ੍ਹੀ ਦੇਰ ਬਾਅਦ ਘਰੋਂ ਪਤਨੀ ਦਾ ਫੋਨ ਆ ਗਿਆ, ”ਕਿੱਥੇ ਓਂ ਤੁਸੀਂ?”
ਪਤਨੀ ਦੀ ਆਵਾਜ਼ ਬਹੁਤ ਕਾਹਲੀ ਸੀ ਪਰ ਮੈਂ ਆਪਣੀ ਖੁਸ਼ਖਬਰੀ ਦੱਸਣ ਲਈ ਕਾਹਲਾ ਸਾਂ, ”ਵਧਾਈ ਹੋਵੇ, ਉਹ ਸਾਲਾ ਮੇਰਾ ਫੜਿਆ ਗਿਆ।”
”ਕੌਣ?”
”ਚੋਰ, ਜਿਨ੍ਹੇ ਚੌਵੀ ਸਟੋਰ ਲੁੱਟ ਕੇ ਤਿੰਨ ਕਾਊਂਟੀਆਂ ਦੀ ਪੁਲਿਸ ਨੂੰ ਗਧੀ-ਗੇੜ `ਚ ਪਾਇਆ ਹੋਇਆ ਸੀ,” ਮੈਂ ਏਨੇ ਚਾਅ ਨਾਲ਼ ਦੱਸ ਰਿਹਾ ਸਾਂ, ਜਿਵੇਂ ਚੋਰ ਮੈਂ ਹੀ ਫੜਿਆ ਹੋਵੇ।
”ਹੁਣ ਤੁਸੀਂ ਕਿੱਥੇ ਓਂ?” ਪਤਨੀ ਨੇ ਫਿਰ ਕਾਹਲੀ ਨਾਲ ਪੁੱਛਿਆ।
”ਹਾਈਵੇਅ `ਤੇ ਚੜ੍ਹਨ ਲੱਗਿਆਂ,” ਮੈਂ ਕਿਹਾ ਤਾਂ ਉਸ ਨੇ ਝੱਟ ਕਿਹਾ, ”ਏਥੋਂ ਈ ਵਾਪਸ ਆ ਜਾਓ। ਤੁਹਾਡੀ ਧੀ-ਰਾਣੀ ਨੇ ਸਕੂਲੇ ਕੋਈ ਚੰਦ ਚਾੜ੍ਹ ਦਿੱਤੈ। ਸਕੂਲੋਂ ਵਾਈਸ-ਪ੍ਰਿੰਸੀਪਲ ਦੀ ਕਾਲ ਆਈ ਐ। ਆਪਾਂ ਨੂੰ ਬੁਲਾਇਆ ਸਕੂਲੇ।”
ਮੇਰਾ ਦਿਲ ਧੱਕ ਕਰ ਕੇ ਰਹਿ ਗਿਆ, ”ਹੋਇਆ ਕੀ ਆ?”
”ਪਤਾ ਨਈਂ,” ਪਤਨੀ ਦੀ ਆਵਾਜ਼ ਬੈਠਦੀ ਜਾਂਦੀ ਸੀ, ”ਛੇਤੀ ਆ ਜਾਓ ਨਈਂ ਤਾਂ ਮੈਨੂੰ ਕੁਛ ਹੋ ਜਾਣਾ। ਪਤਾ ਨਈਂ ਕੀ ਕੀਤਾ ਓਨ੍ਹੇ।”
ਮੈਂ ਤੇ ਪਤਨੀ ਸਕੂਲੇ ਪਹੁੰਚੇ।
ਗੇਟ ਤੋਂ ਆ ਕੇ ਵਾਈਸ-ਪ੍ਰਿੰਸੀਪਲ ਸਾਨੂੰ ਆਪਣੇ ਕਮਰੇ `ਚ ਲੈ ਗਿਆ।
”ਮਾਮਲਾ ਬਹੁਤ ਗੰਭੀਰ ਹੈ,” ਵਾਈਸ-ਪ੍ਰਿੰਸੀਪਲ ਦੀ ਗੱਲ ਸੁਣ ਕੇ ਸਾਡਾ ਦਿਲ ਬੈਠ ਗਿਆ, ”ਕਿੰਮੀ ਨੇ ਆਪਣੀ ਕਾਲੀ ਸਹੇਲੀ ਡੇਜ਼ੀ ਦੀ ਨੋਟ-ਬੁੱਕ `ਤੇ ਬਹੁਤ ਅਸ਼ਲੀਲ ਤੇ ਨਸਲੀ ਵਿਤਕਰੇ ਭਰੀਆਂ ਟਿੱਪਣੀਆਂ ਕਰਨ ਦੇ ਨਾਲ-ਨਾਲ ਉਸ ਦੇ ਮੋਟੇ ਸਰੀਰ ਦਾ ਮਜ਼ਾਕ ਉਡਾਇਆ ਹੈ।”
ਉਸ ਨੇ ਨੋਟ-ਬੁੱਕ ਸਾਡੇ ਸਾਹਮਣੇ ਕਰ ਦਿੱਤੀ, ”ਚਾਹੋ ਤਾਂ ਪੜ੍ਹ ਲਵੋ।”
ਅਸੀਂ ਤਾਂ ਆਪਣੀ ਬੇਟੀ ਨੂੰ ਬਹੁਤ ਭਲਲ਼ੀ, ਮਾਸੂਮ, ਨਿਰਛਲ ਜਿਹੀ ਸਮਝਦੇ ਰਹੇ ਸਾਂ। ਉਹ ਏਨੀ ‘ਵਲਗਰ` ਭਾਸ਼ਾ ਲਿਖ ਸਕਦੀ ਹੈ! ਮੇਰੇ `ਚ ਪਤਨੀ ਨਾਲ ਅੱਖਾਂ ਮਿਲਾਉਣ ਦੀ ਹਿੰਮਤ ਵੀ ਬਾਕੀ ਨਹੀਂ ਸੀ ਰਹੀ।
”ਹੁਣ ਧੀਰਜ ਰੱਖਣਾ,” ਵਾਈਸ-ਪ੍ਰਿੰਸੀਪਲ ਨੇ ਕਿਹਾ ਤੇ ਕੁਰਸੀ ਤੋਂ ਉੱਠ ਕੇ ਦੂਜੇ ਕਮਰੇ `ਚ ਗਿਆ। ਉਸ ਦੇ ਮਗਰ-ਮਗਰ ਕਿੰਮੀ ਤੁਰੀ ਆ ਰਹੀ ਸੀ। ਉਸ ਦੀ ਤੋਰ ਮੁਰਦਿਆਂ ਵਰਗੀ ਸੀ। ਚਿਹਰਾ ਜਿਵੇਂ ਨਚੋੜਿਆ ਗਿਆ ਸੀ। ਚਿੜੀ ਜਿੰਨਾਂ ਵਾਕ ਹੋਰ ਛੋਟਾ ਹੋ ਗਿਆ ਸੀ। ਉਹ ਸਾਡੇ ਵੱਲ ਦੇਖ ਨਹੀਂ ਸੀ ਰਹੀ। ਉਸ ਦਾ ਚਿਹਰਾ ਦੇਖ ਕੇ ਮੈਨੂੰ ਉਸ `ਤੇ ਗ਼ੁੱਸਾ ਆਉਣ ਦੀ ਥਾਂ ਤਰਸ ਆ ਗਿਆ ਤੇ ਮੇਰੀਆਂ ਅੱਖਾਂ ਨਮ ਹੋ ਗਈਆਂ। ਪਤਨੀ ਵੀ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ।
ਵਾਈਸ-ਪ੍ਰਿੰਸੀਪਲ ਦੱਸ ਰਿਹਾ ਸੀ, ”ਕਿੰਮੀ ਦੀ ਸਹੇਲੀ ਦੇ ਮਾਪਿਆਂ ਨੂੰ ਵੀ ਇਤਲਾਹ ਕਰ ਦਿੱਤੀ ਹੈ। ਚੰਗਾ ਹੈ! ਉਹ ਗੱਲ ਅੱਗੇ ਨਾ ਵਧਾਉਣ। ਜੇ ਉਨ੍ਹਾਂ ਪੁਲਿਸ ਰਿਪੋਰਟ ਕਰ ਦਿੱਤੀ ਤਾਂ ਮੈਂ ਕੁਝ ਨਹੀਂ ਕਰ ਸਕਣਾ। ਉਹ ਰਿਪੋਰਟ ਕਿੰਮੀ ਦੇ ਰਿਕਾਰਡ `ਤੇ ਚੜ੍ਹ ਜਾਣੀ ਐਂ। ਏਨੇ ਰੰਗ, ਨਸਲ ਤੇ ਸਰੀਰਕ ਬਣਤਰ ਨੂੰ ਲੈ ਕੇ ਲਿਖਿਆ ਹੈ। ਇਹ ਨਸਲੀ ਵਿਤਕਰੇ ਤੇ ਹਰਾਸਮੈਂਟ ਦਾ ਕੇਸ ਬਣਦਾ ਹੈ।”
ਪੁਲਿਸ ਦਾ ਸੁਣ ਕੇ ਸਾਡੇ ਸਾਹ ਹੀ ਸੂਤੇ ਗਏ ਸਨ।
”ਜੇ ਇਹ ਲਿਖਤੀ ਮਾਫ਼ੀ ਮੰਗ ਲਵੇ ਤਾਂ ਗੱਲ ਏਥੇ ਦੱਬੀ ਵੀ ਜਾ ਸਕਦੀ ਹੈ ਪਰ ਮੈਂ ਵਾਅਦਾ ਨਹੀਂ ਕਰਦਾ,” ਵਾਈਸ-ਪ੍ਰਿੰਸੀਪਲ ਦੱਸ ਰਿਹਾ ਸੀ ਕਿ ਉਸ ਦੇ ਇੰਟਰ-ਕਾਮ ਨੇ ਟੀਂ ਟੀਂ ਕੀਤੀ। ਉਸ ਨੇ ਫੋਨ ਚੁੱਕਿਆ।
”ਆ ਰਿਹਾਂ,” ਕਹਿ ਕੇ ਉਸ ਨੇ ਸਾਡੇ ਵੱਲ ਦੇਖਿਆ, ”ਡੇਜ਼ੀ ਦੇ ਮਾਪੇ ਆਏ ਨੇ। ਮੈਂ ਲੈ ਆਵਾਂ।”
ਉਹ ਚਲਾ ਗਿਆ। ਕਿੰਮੀ ਨੀਵੀਂ ਪਾਈ ਬੈਠੀ ਰਹੀ। ਮੇਰੀ ਪਤਨੀ ਦਾ ਹਉਕਾ ਮੈਨੂੰ ਸੁਣਿਆ। ਮੈਂ ਧਿਆਨ ਹੋਰ ਪਾਸੇ ਪਾਉਣ ਲਈ ਦਫ਼ਤਰ `ਚ ਨਿਗਾਹ ਮਾਰੀ। ਕੰਧ `ਤੇ ਵੱਡੀ ਸਾਰੀ ਪੇਂਟਿੰਗ ਲੱਗੀ ਹੋਈ ਸੀ। ਪੱਤਝੜ `ਚ ਰੰਗ-ਬਰੰਗੇ ਪੱਤੇ ਫੁੱਲਾਂ ਨੂੰ ਮਾਤ ਪਾ ਰਹੇ ਸਨ ਪਰ ਮੇਰੇ ਦਿਲ `ਤੇ ਉਦਾਸੀ ਦੀ ਅਜਿਹੀ ਪਰਤ ਜੰਮੀ ਹੋਈ ਸੀ ਕਿ ਰੰਗ-ਬਰੰਗੇ ਪੱਤੇ ਵੀ ਮੈਨੂੰ ਮਘਦੇ ਕੋਇਲ਼ੇ ਜਾਪਣ ਲੱਗੇ। ਪਤਨੀ ਦਾ ਹਉਕਾ ਫਿਰ ਸੁਣਿਆ। ਮੇਰੀਆਂ ਅੱਖਾਂ `ਚ ਪਾਣੀ ਤੈਰ ਆਇਆ `ਤੇ ਕੰਧ `ਤੇ ਟੰਗੀ ਪੇਂਟਿੰਗ ਧੁੰਦਲੀ ਜਿਹੀ ਹੋ ਗਈ।
ਥੋੜ੍ਹੀ ਦੇਰ ਬਾਅਦ ਵਾਈਸ-ਪ੍ਰਿੰਸੀਪਲ ਆ ਗਿਆ। ਸਾਡੀਆਂ ਅੱਖਾਂ `ਚ ਲਟਕਦਾ ਸਵਾਲ ਉਸ ਨੇ ਸ਼ਾਇਦ ਪੜ੍ਹ ਲਿਆ ਸੀ। ਬੋਲਿਆ, ”ਉਨ੍ਹਾਂ ਨੂੰ ਮੈਂ ਦੂਜੇ ਕਮਰੇ `ਚ ਬਿਠਾ ਦਿੱਤਾ ਹੈ।”
”ਅਸੀਂ ਉਨ੍ਹਾਂ ਨੂੰ ਮਿਲ ਸਕਦੇ ਹਾਂ?” ਮੈਂ ਕਾਹਲੀ ਨਾਲ ਕਿਹਾ।
”ਨਹੀਂ, ਤੁਸੀਂ ਉਨ੍ਹਾਂ ਨੂੰ ਨਹੀਂ ਮਿਲ ਸਕਦੇ,” ਵਾਈਸ-ਪ੍ਰਿੰਸੀਪਲ ਨੇ ਕਿਹਾ, ”ਪਰ ਉਹ ਬਹੁਤ ਭਲੇ ਲੋਕ ਨੇ। ਉਨ੍ਹਾਂ ਨੇ ਕਿਹਾ ਕਿ ਕਿੰਮੀ ਉਹ ਗੱਲ ਏਥੇ ਹੀ ਮਿਟਾ ਦੇਣਗੇ,” ਵਾਈਸ-ਪ੍ਰਿੰਸੀਪਲ ਰੁਕਿਆ ਤੇ ਫਿਰ ਸੋਚਦਾ ਹੋਇਆ ਬੋਲਿਆ, ”ਹਾਂ ਸੱਚ! ਉਹ ਤੁਹਾਨੂੰ ਵੀ ਮਾਫ਼ੀ-ਨਾਮਾ ਲਿਖਣ ਲਈ ਕਹਿ ਰਹੇ ਨੇ।”
ਵਾਈਸ-ਪ੍ਰਿੰਸੀਪਲ ਦਾ ਇਹ ਵਾਕ ਜਿਵੇਂ ਵਰਮੇ ਵਾਂਙ ਮੇਰੇ ਦਿਲ ਵਿਚ ਛੇਕ ਪਾ ਗਿਆ ਸੀ।
ਵਾਈਸ-ਪ੍ਰਿੰਸੀਪਲ ਮੇਰੇ ਵੱਲ ਧਿਆਨ ਦਿੱਤੇ ਬਿਨਾਂ ਹੀ ਲੰਮਾ ਸਾਹ ਖਿੱਚ ਕੇ ਹਵਾ ਬਾਹਰ ਕੱਢਦਾ ਬੋਲਿਆ, ”ਉਹ ਕਹਿੰਦੇ ਐ ਜੇ ਅੱਗੇ ਤੋਂ ਕਿੰਮੀ ਨੇ ਇਕ ਲਫ਼ਜ਼ ਵੀ ਡੇਜ਼ੀ ਦੇ ਰੰਗ, ਨਸਲ ਜਾਂ ਸਰੀਰਕ ਬਣਤਰ ਨੂੰ ਲੈ ਕੇ ਕਿਹਾ, ਫਿਰ ਉਹ ਪੁਲਿਸ ਰਿਪੋਰਟ ਕਰਨਗੇ ਤੇ ਰੰਗ-ਨਸਲ ਦੇ ਵਿਤਕਰੇ ਦਾ ਕੇਸ ਕਰ ਕੇ ਕਿੰਮੀ ਨੂੰ ਸਜ਼ਾ ਦਿਵਾਉਣ ਤੋਂ ਨਹੀਂ ਰੁਕਣਗੇ।”
”ਸ਼ੁਕਰੀਆ,” ਮੈਨੂੰ ਰਤਾ ਕੁ ਸੁਖ ਦਾ ਸਾਹ ਆਇਆ।
”ਆਪਣੇ ਮਾਫ਼ੀ-ਨਾਮੇ ਕੱਲ੍ਹ ਭੇਜ ਦੇਣਾ,” ਕਹਿ ਕੇ ਪ੍ਰਿੰਸੀਪਲ ਉੱਠਿਆ, ”ਸੌਰੀ! ਮੈਂ ਤੁਹਾਡੇ ਮਨ ਦੀ ਹਾਲਤ ਸਮਝਦਾ ਹਾਂ।”
ਪਤਨੀ ਨੇ ਚੁੰਨੀ ਨਾਲ ਅੱਖਾਂ ਢਕ ਲਈਆਂ। ਮੇਰੇ ਹੰਝੂਆਂ ਨੇ ਵੀ ਜਿਵੇਂ ਅੱਖਾਂ `ਤੇ ਪੱਟੀ ਬੰਨ੍ਹ ਦਿੱਤੀ ਸੀ।
ਕਿੰਮੀ ਬਸਤਾ ਚੁੱਕੀ ਹਾਰੇ ਹੋਏ ਸਿਪਾਹੀ ਵਾਂਙ, ਮੁਰਦਿਆਂ ਹਾਰ ਸਾਡੇ ਮਗਰ ਆ ਰਹੀ ਸੀ। ਕਾਰ `ਚ ਉਹ ਇੰਞ ਬੈਠੀ ਜਿਵੇਂ ਕਬਰ `ਚ ਉੱਤਰੀ ਹੋਵੇ।
ਰਾਹ `ਚ ਕਿਸੇ ਨੇ ਕੋਈ ਗੱਲ ਨਹੀਂ ਸੀ ਕੀਤੀ।
ਘਰ ਆ ਕੇ ਉਹ ਅੰਦਰ ਵੜ ਗਈ। ਮੈਂ ਉਸ ਦੇ ਮਗਰ ਗਿਆ। ਉਹ ਕੁਰਸੀ `ਤੇ ਕੁਮਲਾਏ ਫੁੱਲ ਵਾਂਙ ਬੈਠੀ ਸੀ। ਉਸ ਦਾ ਨਿੱਕਾ ਜਿਹਾ ਵਾਕ ਚਿੜੀ ਦੀ ਚੁੰਝ ਤੋਂ ਵੀ ਨਿੱਕਾ ਹੋਇਆ ਪਿਆ ਸੀ।
ਮੈਂ ਬੜੇ ਧੀਰਜ ਨਾਲ਼ ਕਿਹਾ, ”ਦੇਖ ਕਿੰਮੀ! ਤੇਰੇ ਬਿਨਾਂ ਸਾਡਾ ਕੌਣ ਸਹਾਰਾ ਹੈ। ਤੂੰ ਹੀ ਸਾਡਾ ਪੁੱਤ ਐਂ ਤੂੰ ਈ ਧੀ। ਤੂੰ ਹੀ ਸਾਡੀ ਦੌਲਤ। ਸਾਡਾ ਫ਼ਿਊਚਰ। ਜੇ ਤੈਨੂੰ ਪੁਲਿਸ ਫੜ ਕੇ ਲੈ ਗਈ ਤੇਰਾ ਰਿਕਾਰਡ ਤਾਂ ਖ਼ਰਾਬ ਹੋ ਈ ਜਾਣੈ, ਡਿਟੈਸ਼ਨ-ਸੈਂਟਰ ਦਾ ਜੀਵਨ ਕਿੰਨਾ ਨਰਕ ਵਰਗਾ ਹੁੰਦੈ, ਤੈਨੂੰ ਇਸ ਦਾ ਅਜੇ ਅਹਿਸਾਸ ਨਹੀਂ। ਸਾਡੇ ਤੋਂ ਵਿਛੜ ਕੇ ਤੂੰ ਰਹਿ ਸਕੇਂਗੀ? ਆਪਣੀ ਉਮਰ ਦੇਖ। ਅਜੇ ਤਾਂ ਤੂੰ ਫੁੱਲ ਭਰ ਐਂ। ਕੋਰਟ-ਕਚਹਿਰੀਆਂ ਨੇ ਤੈਨੂੰ ਤਬਾਹ ਕਰ ਕੇ ਰੱਖ ਦੇਣੈ। ਕਿਵੇਂ ਪੂਰੇ ਕਰੇਂਗੀ ਉਹ ਸੁਫ਼ਨੇ, ਜਿਨ੍ਹਾਂ ਬਾਰੇ ਤੂੰ ਸਾਡੇ ਨਾਲ ਸਲਾਹਾਂ ਕਰਦੀ ਹੁੰਨੀ ਐਂ। ਉੱਤੋਂ ਬਦਨਾਮੀ ਵਾਧੂ ਦੀ।”
ਉਹ ਮੈਨੂੰ ਚਿੰਬੜਦੀ ਹੋਈ ਫੁੱਟ-ਫੁੱਟ ਕੇ ਰੋਣ ਲੱਗ ਪਈ, ”ਸੌਰੀ ਡੈਡ…।”
”ਮੈਂ ਹੁਣ ਕੰਮ `ਤੇ ਚੱਲਿਆਂ,” ਮੈਂ ਉਸ ਨੂੰ ਪਿਆਰ ਨਾਲ ਪਲੋਸਿਆ, ”ਰਾਤ ਨੂੰ ਮੈਂ ਤ