ਨਾਂਵਾਂ ਪਿੱਛੇ ਪਿੰਡਾਂ ਵਾਲੀਆਂ ਪੂਛਾਂ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕੋਈ ਵਿਰਲੇ ਟਾਵੇਂ ਹੀ ਹੋਣਗੇ ਜਿਹੜੇ ‘ਛੁਪੇ ਰਹਿਣ ਦੀ ਚਾਹ’ ਨਾਲ ਜੀਵਨ ਗੁਜ਼ਾਰ ਕੇ ‘ਛੁਪੇ ਟੁਰ ਜਾਣ’ ਲਈ ਕਾਹਲੇ ਪੈਂਦੇ ਹੋਣਗੇ। ਨਹੀਂ ਤਾਂ ਆਪੋ ਧਾਪੀ ਅਤੇ ਨੁਮਾਇਸ਼-ਨੁਮਾਈ ਦੇ ਅਜੋਕੇ ਦੌਰ ਵਿਚ ਹਰ ਇਕ ਨੂੰ ਆਪਣੀ ‘ਵੱਖਰੀ ਪਛਾਣ’ ਬਣਾਉਣ ਦਾ ਝੱਲ ਕੁੱਦਿਆ ਹੋਇਆ ਹੈ। ਦੋ ਵਿਅਕਤੀਆਂ ਦੇ ਇਕੋ ਜਿਹੇ ਨਾਂਵਾਂ ਨੂੰ ਵਖਰਿਆਉਣ ਲਈ ਕੋਈ ਤਖੱਲਸ ਜੋੜ ਲੈਣਾ, ਕੋਈ ਗਲਤ ਨਹੀਂ। ਭੀੜ ਵਿਚ ਆਪਣੇ ਆਪ ਨੂੰ ਵਖਰਿਆ ਕੇ ਮਾਣ-ਮੱਤੀ ਤੋਰ ਤੁਰਨਾ ਮੂਲੋਂ ਵੱਖਰੀ ਗੱਲ ਹੈ ਜਿਸ ਦੇ ਡੂੰਘੇ ਅਰਥ ਹਨ ਅਤੇ ਅਜਿਹਾ ਕਰਨਾ ਕੋਈ ਮਾੜਾ ਨਹੀਂ ਗਿਣਿਆ ਜਾਂਦਾ; ਲੇਕਿਨ ਜਦ ਕੋਈ ਖੁਦ ਨੂੰ ਬਾਕੀਆਂ ਨਾਲੋਂ ਅਲਹਿਦਾ ਦੱਸਣ ਲਈ ਕੋਈ ਭੱਦਾ ਜਿਹਾ ਢੰਗ ਵਰਤੇ, ਤਦ ਅਜਿਹਾ ਬੰਦਾ ਆਪਣੀ ਖਿੱਲੀ ਖੁਦ ਹੀ ਉਡਾ ਰਿਹਾ ਹੁੰਦਾ ਹੈ।
ਸਾਡੇ ਸਮਾਜ ਵਿਚ ਅਜਿਹੀ ‘ਭੁੱਖ’ ਮਿਟਾਉਣ ਲਈ ਆਪਣੇ ਨਾਂ ਪਿੱਛੇ ਜਾਤ-ਗੋਤ ਜੋੜਨ ਦਾ ਆਮ ਪ੍ਰਚੱਲਤ ਰਿਵਾਜ਼ ਚਲਿਆ ਆ ਰਿਹਾ ਹੈ। ਜਾਤ-ਪਾਤ ਦੇ ਵਖਰੇਵੇਂ ਮਿਟਾਉਣਾ ਚਾਹੁਣ ਵਾਲੇ ਭਾਵੇਂ ਇਹ ਰਿਵਾਜ਼ ਬੰਦ ਕਰਨ ਕਰਾਉਣ ਲਈ ਆਵਾਜ਼ ਉਠਾਉਂਦੇ ਰਹਿੰਦੇ ਹਨ ਪਰ ਇਹ ਸ਼ੌਂਕ ਘਟਣ ਦੀ ਥਾਂ ਵਧਦਾ ਹੀ ਚਲਾ ਜਾਂਦਾ ਹੈ। ਹੋ ਸਕਦਾ ਹੈ ਕਿ ਇਹ ਰੀਸ ਸ਼ਾਇਰਾਂ-ਕਵੀਆਂ ਦੀ ਦੇਖਾ-ਦੇਖੀ ਪਈ ਹੋਵੇ ਕਿਉਂਕਿ ਲਿਖਾਰੀਆਂ, ਖਾਸ ਕਰ ਕੇ ਗੀਤ-ਕਵਿਤਾਵਾਂ ਲਿਖਣ ਵਾਲਿਆਂ ਨੇ ਆਪਣਾ ਕੋਈ ਤਖੱਲਸ ਜ਼ਰੂਰ ਰੱਖਿਆ ਹੁੰਦਾ ਹੈ। ਉਨ੍ਹਾਂ ਨੂੰ ਸੰਬੋਧਨ ਕਰਨ ਲੱਗਿਆਂ ਅਕਸਰ ਤਖਲਸ ਦੇ ਨਾਲ ‘ਸਾਹਿਬ’ ਦਾ ਸਤਿਕਾਰਤ ਵਿਸ਼ੇਸ਼ਣ ਜ਼ਰੂਰ ਜੋੜਿਆ ਜਾਂਦਾ ਹੈ। ਜ਼ਖ਼ਮੀ ਸਾਹਿਬ, ਜਿਗਰ ਸਾਹਿਬ, ਪੰਛੀ ਸਾਹਿਬ ਜਾਂ ਤੀਰ ਸਾਹਿਬ ਜਿਹੇ ਨਾਂ ਸੁੱਤੇ-ਸਿੱਧ ਹੀ ਇਸ ਗੱਲ ਦੀ ਸੂਚਨਾ ਹੁੰਦੇ ਹਨ ਕਿ ਇਹ ‘ਸਾਹਿਬ ਜੀ’ ਕਲਮਕਾਰੀ ਦੀ ਦੁਨੀਆਂ ਨਾਲ ਸਬੰਧਤ ਨੇ।
ਉਂਜ ਇਹ ਵਿਚਾਰ ਸਾਰੇ ਕਵੀਆਂ ਜਾਂ ਲੇਖਕਾਂ ‘ਤੇ ਨਹੀਂ ਢੁਕਦਾ; ਮਸਲਨ ਭਾਈ ਵੀਰ ਸਿੰਘ, ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਗਿਆਨੀ ਦਿੱਤ ਸਿੰਘ ਅਤੇ ਨਾਵਲਕਾਰ ਨਾਨਕ ਸਿੰਘ ਵਰਗਿਆਂ ਨੇ ਬਗੈਰ ਕਿਸੇ ਤਖੱਲਸ ਦੇ ਹੀ ਆਹਲਾ ਦਰਜੇ ਦੀਆਂ ਲਿਖਤਾਂ ਲਿਖੀਆਂ। ਉਨ੍ਹਾਂ ਨੂੰ ‘ਸਾਹਿਬ’ ਸਦਾਉਣ ਦੀ ਭੁੱਖ ਨੇ ਪੋਹਿਆ ਹੀ ਨਹੀਂ। ਨਾ ਹੀ ਉਨ੍ਹਾਂ ਨੂੰ ਲੇਖਣੀ ਦੇ ਖੇਤਰ ਵਿਚ ਆਪਣੀ ਕੋਈ ਵਿਸ਼ੇਸ਼ ਪਛਾਣ ਕਾਇਮ ਕਰਨ ਲਈ ਨਾਂਵਾਂ ਪਿੱਛੇ ਲੰਮੀਆਂ ਪੂਛਾਂ ਲਾਉਣ ਦੀ ਲੋੜ ਪਈ।
ਆਮ ਦੁਨਿਆਵੀ ਲੋਕਾਂ ਵਿਚ ਪਾਈ ਜਾਂਦੀ ਵੱਖਰੀ ਪਛਾਣ ਦਿਖਾਉਣ ਦੀ ਚੇਸ਼ਟਾ ਨੂੰ ਤਾਂ ਹਉਮੈ ਦੀ ਭੁੱਖ ਨਾਲ ਜੋੜਿਆ ਜਾ ਸਕਦਾ ਹੈ ਪਰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸਾਡੇ ਸਾਧੂ ਸੰਤ ਮਹਾਤਮਾ ਜਿਹੜੇ ਦਿਨ ਰਾਤ ਵੈਰਾਗਮਈ ਕਥਾ ਕੀਰਤਨ ਕਰਦਿਆਂ ਇਸ ਸੰਸਾਰ ਨੂੰ ਨਾਸ਼ਵਾਨ ਦੱਸਦੇ ਹੋਏ ਪ੍ਰਾਣੀ-ਮਾਤਰ ਨੂੰ ਮੋਹ ਮਾਇਆ ਦੇ ਚਿੱਕੜ ‘ਚੋਂ ਨਿਕਲਣ ਦਾ ਉਪਦੇਸ਼ ਦਿੰਦੇ ਨਹੀਂ ਥੱਕਦੇ, ਉਹ ਵੀ ‘ਲਾਗ ਵਾਲੇ’ ਇਸ ਰੋਗ ਤੋਂ ਨਿਰਲੇਪ ਨਹੀਂ ਹਨ। ਹਾਲੇ ਕੋਈ ਵਿਰਲਾ ਛਿੱਦਾ ਕਵੀ ਲਿਖਾਰੀ ਤਾਂ ਐਸਾ ਮਿਲ ਜਾਵੇਗਾ ਜਿਹਦਾ ਨਾਮ ‘ਪੂਛ ਰਹਿਤ’ ਹੋਵੇਗਾ ਪਰ ਸੰਤ ਬਾਬਿਆਂ ਦੀ ਦੁਨੀਆਂ ਵਿਚ ਇਕ ਵੀ ਅਜਿਹਾ ਨਹੀਂ ਲੱਭ ਸਕਦਾ ਜਿਹਦੇ ਨਾਂ ਪਿੱਛੇ ‘æææਵਾਲੇ’ ਨਾ ਜੁੜਿਆ ਹੋਇਆ ਹੋਵੇ। ਹਮੀਰੇ ਵਾਲੇæææ ਸਖੀਰੇ ਵਾਲੇæææ ਮਤੀਰੇ ਵਾਲੇæææ ਸ਼ਮੀਰੇ ਵਾਲੇ ਇਤਿਆਦਿ।
ਅਜੀਬ ਗੱਲ ਹੈ ਕਿ ਕਈ ਬਾਬੇ ਭਾਵੇਂ ਵਿਦੇਸ਼ਾਂ ਵਿਚ ਵੀ ਅੱਡੇ-ਗੱਡੇ ਜਮਾ ਕੇ ਬਹਿ ਗਏ ਨੇ ਪਰ ਉਨ੍ਹਾਂ ਦੇ ਨਾਂਵਾਂ ਪਿੱਛੇ ਬੰਨ੍ਹੇ ਹੋਏ ਛੱਜ, ਉਹੀ ਦੇਸੀ ਹਨ। ਲਗਭਗ ਇਹੀ ਹਾਲ ਸਾਡੇ ਕੀਰਤਨੀ ਜਥਿਆਂ ਦਾ ਹੈ। ਉਨ੍ਹਾਂ ਦੇ ਨਾਂਵਾਂ ਪਿੱਛੇ ਵੀ ‘ਕਿੱਥੇ ਵਾਲੇ?’ ਦਾ ਜਵਾਬ, ਜ਼ਰੂਰ-ਬਰ-ਜ਼ਰੂਰ ਚਿੰਬੜਿਆ ਹੋਇਆ ਹੁੰਦਾ ਹੈ। ਅਜਿਹੀਆਂ ਕਈ ਸ਼ਖ਼ਸੀਅਤਾਂ ਦੇ ਨਾਂਵਾਂ ਪਿੱਛੇ ਬੰਨ੍ਹਿਆ ਹੋਇਆ ਉਨ੍ਹਾਂ ਦੇ ਪਿੰਡ ਨਗਰ ਦਾ ਨਾਂ ਇੰਨਾ ਮਸ਼ਹੂਰ ਹੋ ਜਾਂਦਾ ਹੈ ਕਿ ਉਨ੍ਹਾਂ ਦਾ ਅਸਲ ਨਾਂ ਰੁਲ-ਖੁਲ ਹੀ ਜਾਂਦਾ ਹੈ। ਨਾਂ ਪਿੱਛੇ ਲਾਈ ਹੋਈ ਪੂਛ ਹੀ ਚੌਹਾਂ-ਕੂੰਟਾਂ ‘ਚ ਗੂੰਜੀ ਜਾਂਦੀ ਹੈ।
ਦੇਸ ਵਿਚ ਚੱਲੀ ਸਿੰਘ ਸਭਾ ਲਹਿਰ ਵੇਲੇ ਸਿੱਖ ਸਿਆਸਤਦਾਨਾਂ ਨੇ ਨਾਂ ਪਿੱਛੇ ਜਾਤ-ਗੋਤ ਜੋੜਨ ਵਾਲੀ ਧਾਰਮਿਕ ਅਵੱਗਿਆ ਦਾ ਨਵਾਂ ਤੋੜ ਕੱਢ ਲਿਆ। ਉਨ੍ਹਾਂ ਆਪਣੇ ਨਾਂਵਾਂ ਪਿੱਛੇ ਆਪਣੇ ਪਿੰਡਾਂ ਦੇ ਨਾਂ ਜੋੜਨੇ ਸ਼ੁਰੂ ਕਰ ਦਿੱਤੇ; ਜਿਵੇਂ ਤੇਜਾ ਸਿੰਘ ‘ਸਮੁੰਦਰੀ’, ਤੇਜਾ ਸਿੰਘ ‘ਅੱਕਰਪੁਰੀ’, ਮੋਹਣ ਸਿੰਘ ‘ਤੁੜ’, ਸਾਧੂ ਸਿੰਘ ‘ਭੋਰਾ’ ਆਦਿਕ। ਸਿੱਖ ਆਗੂਆਂ ਦੇ ਨਾਂਵਾਂ ਤੋਂ ਵਧ ਕੇ ਉਨ੍ਹਾਂ ਦੇ ਤਖੱਲਸਾਂ ਦੀ ਕਿਤੇ ਜ਼ਿਆਦਾ ਮਸ਼ਹੂਰੀ ਹੋਈ। ਸ਼ਬਦ ‘ਸਮੁੰਦਰੀ’ ਜਾਂ ‘ਤੁੜ’ ਦਾ ਸਭ ਨੂੰ ਪਤਾ ਹੋਵੇਗਾ, ਪਰ ਇਨ੍ਹਾਂ ਤਖੱਲਸਾਂ ਨੂੰ ਜਗਤ ਪ੍ਰਸਿੱਧੀ ਦਿਵਾਉਣ ਵਾਲੇ ਤੇਜਾ ਸਿੰਘ ਜਾਂ ਮੋਹਣ ਸਿੰਘ ਬਾਰੇ ਲੋਕਾਂ ਨੂੰ ਘੱਟ ਵਾਕਫੀਅਤ ਹੋਵੇਗੀ।
ਇਸ ਸਿਲਸਿਲੇ ਵਿਚ ਸਾਡੇ ਸਮਿਆਂ ਦੇ ਦੋ ਸਿੱਖ ਆਗੂਆਂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ਼ ਪ੍ਰਕਾਸ਼ ਸਿੰਘ ਬਾਦਲ ਨੇ ਆਪੋ ਆਪਣੇ ਪਿੰਡਾਂ ਦੀ ਕੀਰਤੀ ਦੇ ਅਗਲੇ ਪਿਛਲੇ ਰਿਕਾਰਡ ਹੀ ਤੋੜ ਸੁੱਟੇ। ਟੌਹੜਾ ਅਤੇ ਬਾਦਲ, ਕ੍ਰਮਵਾਰ ਗੁਰਚਰਨ ਸਿੰਘ ਤੇ ਪ੍ਰਕਾਸ਼ ਸਿੰਘ ਦੇ ਉਪ ਨਾਂਵਾਂ ਦੀ ਥਾਂ ਸਿੱਖ ਸਿਆਸਤ ਦੇ ਦੋ ਅਹਿਮ ਸਿੰਬਲ ਹੀ ਬਣ ਗਏ। ਇਕ ਵਾਰ ਬੱਸ ਵਿਚ ਬੈਠਿਆਂ ਮੇਰੀ ਨਜ਼ਰ ਸੜਕ ਕੰਢੇ ਗੱਡੇ ਹੋਏ ਉਸ ਮੀਲ ਪੱਥਰ ‘ਤੇ ਪੈ ਗਈ ਜਿਸ ਉਤੇ ਮਰਹੂਮ ਜਥੇਦਾਰ ਜੀ ਦੇ ਪਿੰਡ ਦਾ ਨਾਂ ਲਿਖਿਆ ਹੋਇਆ ਸੀ ‘ਟੌਹੜਾ!’ ਗੁਰਮੁਖੀ ਲਿਪੀ ਦੇ ਇਨ੍ਹਾਂ ਤਿੰਨ ਅੱਖਰਾਂ ਨੂੰ ਦੇਖਦਿਆਂ ਸਾਰ ਮੇਰੇ ਦਿਲੋ-ਦਿਮਾਗ ‘ਤੇ ਟੌਹੜਾ ਸਾਹਿਬ ਦੀ ਮਿਕਨਾਤੀਸੀ ਸ਼ਖ਼ਸੀਅਤ ਛਾ ਗਈ। ਇਸੇ ਤਰ੍ਹਾਂ ਬਾਦਲ ਪਿੰਡ ਦਾ ਨਾਂ ਕਿਸੇ ਲਈ ਘਿਰਣਾ ਦਾ ਅਤੇ ਕਿਸੇ ਲਈ ਫ਼ਖ਼ਰ ਦਾ ਲਖਾਇਕ ਬਣ ਚੁੱਕਿਆ ਹੈ।
ਇਹ ਵੀ ਇਤਫਾਕ ਹੀ ਸਮਝੋ ਕਿ ਇਨ੍ਹਾਂ ਦੋਹਾਂ ਆਗੂਆਂ ਦੇ ਨਾਂਵਾਂ ਨਾਲ ਜੁੜੇ ਦੋਹਾਂ ਪਿੰਡਾਂ ਦੇ ਨਾਂ ਬੜੇ ਫੱਬਵੇਂ ਅਤੇ ਠੁੱਕਦਾਰ ਹਨ ਜਿਨ੍ਹਾਂ ਦਾ ਉਚਾਰਨ ਕਰਨ ਵੇਲੇ ਕੋਈ ਲੰਮ-ਲਪੇਟ ਨਹੀਂ ਕਰਨਾ ਪੈਂਦਾ। ਸੌਖਿਆਂ ਹੀ ਤੁਰਤ-ਫੁਰਤ ਮੂੰਹੋਂ ਨਿਕਲ ਜਾਂਦੇ ਹਨ। ਇਸ ਦੇ ਉਲਟ ਕਈ ਸਿਆਸੀ ਸ਼ਖ਼ਸੀਅਤਾਂ ਨੇ ਆਪਣੇ ਨਾਂਵਾਂ ਨਾਲ ਪਿੰਡਾਂ ਦੇ ਨਾਂ ਤਾਂ ਜੋੜ ਲਏ ਪਰ ਪਿੰਡਾਂ ਦੇ ਨਾਂ ਅਢੁਕਵੇਂ ਜਿਹੇ ਹੋਣ ਕਰ ਕੇ ਜੱਗ ਹਸਾਈ ਕਰਵਾਈ। ਜਿਵੇਂ ਟੌਹੜਾ ਸਾਹਿਬ ਦੇ ਇਕ ਸਾਥੀ ਨੇ ਆਪਣੇ ਨਾਂ ਪਿੱਛੇ ਪਿੰਡ ਦਾ ਨਾਮ ‘ਡੂਮਛੇੜੀ’ ਫਿੱਟ ਕਰ ਲਿਆ। ਅੱਗੇ ਪਿੱਛੇ ਸਾਰੇ ਉਸ ਨੂੰ ਮਜ਼ਾਕ ਨਾਲ ‘ਡੂਮਣਾਛੇੜੀ’ ਕਹਿ ਦਿੰਦੇ ਸਨ। ਇਕ ਸੱਜਣ ਜੀ ਆਪਣੇ ਨਾਂ ਨਾਲ ‘ਵਾਂਦਰ’ ਬੰਨ੍ਹੀ ਫਿਰਦੇ ਵੀ ਮੈਂ ਦੇਖੇ ਹਨ। ਪਤਾ ਨਹੀਂ ਉਨ੍ਹਾਂ ਨੂੰ ਇਸ ਸ਼ਬਦ ਨਾਲ ਐਨਾ ਮੋਹ ਕਿਉਂ ਜਾਗ ਪਿਆ ਹੋਵੇਗਾ?
ਹੁਣ ਜੇ ਭਲਾ ਜਲੰਧਰ ਲਾਗਲੇ ਪਿੰਡ ‘ਕਾਲਾ ਬੱਕਰਾ’ ਦਾ ਕੋਈ ਬੰਦਾ ਇਹ ਨਾਂ ਆਪਣੇ ਨਾਂ ਵਿਚ ਜੋੜ ਲਵੇ, ਤਦ ਲੋਕੀ ਉਸ ਨੂੰ ‘ਕਾਲਾ ਬੱਕਰਾ ਸਾਹਿਬ’ ਕਹਿ ਕੇ ਹੀ ਬੁਲਾਉਣਗੇ। ਰੋਪੜ-ਨਵਾਂ ਸ਼ਹਿਰ ਮਾਰਗ ‘ਤੇ ਸਾਡੇ ਇਲਾਕੇ ਵਿਚ ਪਿੰਡ ਦਾ ਨਾਂ ਹੁੰਦਾ ਸੀ-ਭਕੜੁੱਦੀ! ਇਸ ਪਿੰਡ ਦਾ ਆਸਾ ਸਿੰਘ ਨਾਂ ਵਾਲਾ ਬੰਦਾ ਬੱਬਰ ਅਕਾਲੀਆਂ ਦਾ ‘ਵਾਅਦਾ ਮੁਆਫ਼’ ਗਵਾਹ ਬਣਿਆ ਸੀ। ਪੰਦਰਾਂ-ਵੀਹ ਕੁ ਸਾਲ ਪਹਿਲਾਂ ਪਿੰਡ ਵਾਸੀਆਂ ਨੂੰ ਆਪਣੇ ਪਿੰਡ ਦੇ ਇਸ ‘ਕਸੂਤੇ ਜਿਹੇ’ ਨਾਮ ਤੋਂ ਸੰਗ ਆਉਣ ਲੱਗ ਪਈ। ਉਨ੍ਹਾਂ ਸਰਕਾਰੇ-ਦਰਬਾਰੇ ਨੱਠ-ਭੱਜ ਕਰ ਕੇ ਨਵਾਂ ਨਾਂ ‘ਕਿਸ਼ਨਪੁਰ’ ਰੱਖ ਲਿਆ। ਸਾਰੇ ਇਲਾਕੇ ਨੂੰ ਹੁਣ ਭਕੜੁੱਦੀ ਭੁੱਲ-ਭੁਲਾ ਚੁੱਕਾ ਹੈ।
ਇਹ ਤਾਂ ਰੱਬ ਜਾਣੇ ਕਿ ਭਕੜੁੱਦੀ ਦੇ ਕਿਸ਼ਨਪੁਰ ਵਿਚ ਤਬਦੀਲ ਹੋ ਜਾਣ ਪਿੱਛੇ ਕੋਈ ਅਜਿਹਾ ਹੀ ਕਾਰਨ ਰਿਹਾ ਹੋਵੇ ਕਿ ਇਸ ਪਿੰਡ ਦੇ ਕਿਸੇ ਵਸਨੀਕ ਨੂੰ ਆਪਣੇ ਨਾਂ ਪਿੱਛੇ ਪਿੰਡ ਦਾ ਨਾਂ ਜੋੜਨ ਦਾ ਮੋਹ ਜਾਗਿਆ ਹੋਵੇਗਾ ਪਰ ਪੰਜਾਬੀ ਦੀ ਇਕ ਅਖ਼ਬਾਰ ਅਨੁਸਾਰ ਪੰਜਾਬ ਦੇ ਲਗਭਗ ਨੱਬੇ ਤੋਂ ਵੱਧ ਪਿੰਡਾਂ ਵਾਲਿਆਂ ਨੇ ਆਪਣੇ ਪਿੰਡਾਂ ਦੇ ਨਾਂ ਬਦਲ ਦੇਣ ਦੀਆਂ ਰਾਜ ਸਰਕਾਰ ਨੂੰ ਦਰਖ਼ਾਸਤਾਂ ਭੇਜੀਆਂ ਹੋਈਆਂ ਹਨ। ਖ਼ਬਰ ਮੁਤਾਬਕ ਇਨ੍ਹਾਂ ਬਿਨੈਕਾਰਾਂ ਨੇ ਆਪਣੀਆਂ ਅਰਜ਼ੀਆਂ ਵਿਚ ਲਿਖਿਆ ਹੈ ਕਿ ਸਾਡੇ ਪਿੰਡਾਂ ਦੇ ਨਾਮ ਪਸ਼ੂ-ਪੰਛੀਆਂ, ਕੀੜੇ-ਮਕੌੜਿਆਂ ਅਤੇ ਭੂਤਾਂ-ਪ੍ਰੇਤਾਂ ਦੇ ਅਜੀਬ ਜਿਹੇ ਨਾਂਵਾਂ ਵਰਗੇ ਹਨ। ਕਈ ਪਿੰਡਾਂ ਦੇ ਨਾਂ ਲੈਣ ਵੇਲੇ ਅਸ਼ਲੀਲਤਾ ਝਲਕਾਰੇ ਮਾਰਦੀ ਪ੍ਰਤੀਤ ਹੁੰਦੀ ਹੈ। ਕਈ ਪਿੰਡਾਂ ਦੇ ਨਾਂਵਾਂ ਦਾ ਉਚਾਰਨ ਹੀ ਕੁਢੱਬਾ ਜਿਹਾ ਹੈ।
ਇਨ੍ਹਾਂ ਪਿੰਡਾਂ ਵਾਲਿਆਂ ਨੇ ਸਭ ਤੋਂ ਵੱਡਾ ਦੁੱਖ ਇਹੀ ਦੱਸਿਆ ਹੈ-ਅਖੇ, ਸਾਨੂੰ ਆਪਣੇ ਨਾਂਵਾਂ ਪਿੱਛੇ ਪਿੰਡਾਂ ਦਾ ਨਾਂ ਲਿਖਣ ਵੇਲੇ ਸ਼ਰਮਿੰਦਗੀ ਹੁੰਦੀ ਹੈ। ਇਹ ਪੇਂਡੂ ਭਰਾ ਬਿਲਕੁਲ ਸੱਚੇ ਹਨ। ਜ਼ਰਾ ਨਮੂਨਾ ਤਾਂ ਦੇਖੋ ਇਨ੍ਹਾਂ ਪਿੰਡਾਂ ਦੇ ਨਾਂਵਾਂ ਦਾ-ਕੁੱਕੜ ਪਿੰਡ, ਭੂੰਡੀਆਂ, ਮੱਖੀ, ਅੰਗੀ ਕੀੜੀ, ਬਿੱਲੀ ਵੜੈਚ, ਬੂਟਾ, ਗੰਨਾ, ਚੂਹੇ ਕੀ, ਲੁਟੇਰਾ, ਗਿੱਦੜਪਿੰਡੀ, ਚਮਿਆਰੀ, ਬਘਿਆੜੀ, ਕੁੱਤੇਵੱਢ, ਗਿੱਦੜਾਂਵਾਲੀ, ਸੂਰਵੱਢ, ਸੁੰਡੀਆਂ, ਅੱਕੀ ਟੁੰਡਾ, ਕਾਣਾ ਪਿੰਡ, ਤੋਤੀ, ਗਿੱਦੜਪੁਰ, ਗਧਿਆਂ ਵਾਲੀ, ਬਾਂਦਰ, ਕਸਾਈਵਾੜਾ, ਡੰਗਰ ਖੇੜਾ, ਕਾਂਵਾਂ ਵਾਲੀ, ਔਤਾਂ ਵਾਲੀ, ਭੇਡਪੁਰਾ, ਭੂੰਡਖੋਹ, ਕੱਟਾ, ਭੁਤਾਂæææ! ਇਸ ਲੰਮੀ ਸੂਚੀ ਵਿਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ‘ਆਂਡਿਆਂ ਵਾਲੀ’ ਦੇ ਲੋਕ ਹੈਰਾਨ ਹੋਏ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ‘ਚ ਇਕ ਵੀ ਪੋਲਟਰੀ ਫਾਰਮ ਨਹੀਂ ਹੈ, ਫਿਰ ਵੀ ਅਸੀਂ ਆਂਡਿਆਂ ਵਾਲੀ ਦੇ ਵਾਸੀ ਕਹਾਉਂਦੇ ਹਾਂ।
ਪੜ੍ਹਨ ਵਾਲੇ ਸੋਚਣਗੇ ਕਿ ਸਾਰੇ ਪੰਜਾਬ ਦੀ ਗਿਰਦਾਵਰੀ ਕਰ ਛੱਡੀ ਹੈ ਪਰ ਇਨ੍ਹਾਂ ਸਤਰਾਂ ਦੇ ਲੇਖਕ ਨੇ ਆਪਣੀ ‘ਪੂਛ’ ਦਾ ਖੁਲਾਸਾ ਕੀਤਾ ਹੀ ਨਹੀਂ? ਅਸਲ ਵਿਚ ਨਾਂ ਤਾਂ ਮੇਰਾ ਵੀ ਮਾਂ-ਬਾਪ ਵੱਲੋਂ ਰੱਖਿਆ ਹੋਇਆ ਪੰਜ ਅੱਖਰਾਂ ਵਾਲਾ ਹੀ ਸੀ ਪਰ ਸੰਨ 1996 ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਉਮੀਦਵਾਰ ਬਣਨ ਸਮੇਂ ਮੇਰੇ ਨਾਂ ਨਾਲ ਪਿੰਡ ਦਾ ਨਾਮ ਜੁੜ ਗਿਆ। ਚੋਣ ਪ੍ਰਚਾਰ ਦੌਰਾਨ ਲੱਗੇ ਬੈਨਰਾਂ ਵੱਲ ਦੇਖ ਕੇ ਮੈਂ ਖੁਦ ਹੈਰਾਨ ਹੋ ਗਿਆ ਸਾਂ ਪਰ ਹੁਣ ਪਰਵਾਸੀ ਹੋਣ ਕਾਰਨ ਜੰਮਣ-ਭੋਇੰ ਦੇ ਮੋਹ ਸਦਕਾ ਇਹ ਪੂਛ ਪਿਆਰੀ ਲੱਗਣ ਲੱਗ ਪਈ ਹੈ।

Be the first to comment

Leave a Reply

Your email address will not be published.