ਜਨੇਵਾ: ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੇਰੀ ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੇ ਦੱਸਿਆ ਕਿ ਤਿੰਨ ਦਿਨ ਦੀ ਵਿਆਪਕ ਗੱਲਬਾਤ ਤੋਂ ਬਾਅਦ ਉਹ ਸੀਰੀਆ ਦੇ ਰਸਾਇਣਕ ਹਥਿਆਰਾਂ ਨੂੰ ਖਤਮ ਕਰਨ ਦੇ ਲਈ ਸਮਝੌਤੇ ‘ਤੇ ਪੁੱਜ ਗਏ ਹਨ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਕੂਟਨੀਤੀ ਨੂੰ ਇਕ ਮੌਕਾ ਦਿੱਤਾ ਗਿਆ ਹੈ ਤੇ ਸੀਰੀਆ ਖ਼ਿਲਾਫ ਫੌਜੀ ਕਾਰਵਾਈ ਦਾ ਬਦਲ ਖੁੱਲ੍ਹਾ ਹੈ। ਉਨ੍ਹਾਂ ਦੱਸਿਆ ਕਿ ਸਮਝੌਤੇ ਮੁਤਾਬਕ ਹਥਿਆਰਾਂ ਨੂੰ ਖਤਮ ਕਰਨ ਲਈ ਤੈਅ ਸਮਾਂ ਸੀਮਾ, ਸੀਰੀਆ ਦੀ ਸਮਝੌਤੇ ਦਾ ਪਾਬੰਦ ਹੋਣ ਦੀ ਇੱਛਾ ਤੇ ਜੇ ਸੀਰੀਆ ਸਮਝੌਤੇ ਦਾ ਪਾਬੰਦ ਨਹੀਂ ਹੁੰਦਾ ਤਾਂ ਸੁਰੱਖਿਆ ਕੌਂਸਲ ਵਿਚ ਮਤਾ ਪਾਸ ਕਰਵਾ ਕੇ ਸੀਰੀਆ ਵਿਰੁੱਧ ਫੌਜੀ ਕਾਰਵਾਈ ਕਰਨ ਦਾ ਬਦਲ ਖੁੱਲ੍ਹਾ ਰੱਖਿਆ ਗਿਆ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੇਰੀ ਨੇ ਦੱਸਿਆ ਕਿ ਮਾਹਿਰਾਂ ਦੀਆਂ ਟੀਮਾਂ ਨੇ ਹਥਿਆਰਾਂ ਦੇ ਮੌਜੂਦਾ ਭੰਡਾਰਾਂ ਦਾ ਅਨੁਮਾਨ ਲਾ ਲਿਆ ਹੈ ਤੇ ਸੀਰੀਆ ਨੂੰ ਸਾਰੇ ਹਥਿਆਰ ਤਬਾਹ ਕਰਨੇ ਪੈਣਗੇ।
ਉਨ੍ਹਾਂ ਕਿਹਾ ਕਿ ਰੂਸ ਤੇ ਅਮਰੀਕਾ ਵਿਚਕਾਰ ਸੀਰੀਆ ਦੇ ਰਸਾਇਣਕ ਹਥਿਆਰਾਂ ਦੇ ਭੰਡਾਰਾਂ ਨੂੰ ਸੁਰੱਖਿਅਤ ਕਰਨ ਬਾਰੇ ਗੱਲਬਾਤ ਦੇ ਨਾਲ ਸੀਰੀਆ ਵਿਚ ਪਿਛਲੇ ਦੋ ਸਾਲ ਤੋਂ ਚੱਲ ਰਹੀ ਖਾਨਾਜੰਗੀ ਨੂੰ ਖਤਮ ਕਰਨ ਲਈ ਅਮਨ ਵਾਰਤਾ ਲਈ ਵੀ ਰਸਤਾ ਖੁੱਲ੍ਹੇਗਾ। ਇਸ ਦੌਰਾਨ ਹੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਸੀਰੀਆ ਦੇ ਸੰਕਟ ਨੂੰ ਖਤਮ ਕਰਨ ਲਈ ਉਹ ਕੂਟਨੀਤੀ ਨੂੰ ਇਕ ਮੌਕਾ ਦੇਣ ਦੀ ਇੱਛਾ ਰੱਖਦੇ ਹਨ ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਸੀਰੀਆ ਵਿਰੁੱਧ ਫੌਜੀ ਕਾਰਵਾਈ ਦਾ ਬਦਲ ਵੀ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਬਸ਼ਰ ਅਲ ਅਸਦ ਸਰਕਾਰ ਵੱਲੋਂ ਰਸਾਇਣਕ ਹਥਿਆਰ ਖਤਮ ਕਰਨ ਦੇ ਭਰੋਸੇ ਸਬੰਧੀ ਰੂਸ ਵੱਲੋਂ ਕੀਤੀ ਹੈਰਾਨੀਜਨਕ ਪਹਿਲਕਦਮੀ ਤੋਂ ਬਾਅਦ ਹੀ ਗੱਲਬਾਤ ਸ਼ੁਰੂ ਹੋਈ।
ਉਨ੍ਹਾਂ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਹਾਂਪੱਖੀ ਪਹਿਲਕਦਮੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਮਰੀਕੀ ਹਮਲੇ ਦੀ ਚਿਤਾਵਨੀ ਕਰਕੇ ਹੀ ਰੂਸ ਤੇ ਸੀਰੀਆ ਸਹਿਮਤ ਹੋਏ ਹਨ ਤੇ ਸੀਰੀਆ ਉਤੇ ਦਬਾਅ ਨੂੰ ਬਰਕਰਾਰ ਰੱਖਿਆ ਜਾਵੇਗਾ। ਆਪਣੇ ਹਫਤਾਵਾਰੀ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਜੇ ਕੂਟਨੀਤੀ ਫੇਲ੍ਹ ਹੁੰਦੀ ਹੈ ਤਾਂ ਅਮਰੀਕਾ ਤੇ ਅੰਤਰਰਾਸ਼ਟਰੀ ਭਾਈਚਾਰੇ ਕੋਲ ਸੀਰੀਆ ਵਿਰੁੱਧ ਕਾਰਵਾਈ ਦਾ ਬਦਲ ਵੀ ਖੁੱਲ੍ਹਾ ਹੈ।
______________________________________
ਹਮਲਾ ਤਬਾਹੀ ਦਾ ਸਬੱਬ ਬਣੇਗਾ: ਪੂਤਿਨ
ਵਾਸ਼ਿੰਗਟਨ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ਨੂੰ ਸੀਰੀਆ ‘ਤੇ ਇਕਤਰਫ਼ਾ ਹਮਲੇ ਤੋਂ ਖਬਰਦਾਰ ਕਰਦਿਆਂ ਕਿਹਾ ਕਿ ਇਸ ਨਾਲ ਦਹਿਸ਼ਤਗਰਦੀ ਦੀ ਨਵੀਂ ਲਹਿਰ ਨੂੰ ਹੁਲਾਰਾ ਮਿਲੇਗਾ ਤੇ ਟਕਰਾਅ ਸੀਰੀਆ ਦੀਆਂ ਹੱਦਾਂ ਪਾਰ ਕਰ ਜਾਵੇਗਾ। ‘ਨਿਊਯਾਰਕ ਟਾਈਮਜ਼’ ਅਖ਼ਬਾਰ ਵਿਚ ਇੱਥੇ ਇਕ ਲੇਖ ਵਿਚ ਸ੍ਰੀ ਪੂਤਿਨ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਤੇ ਪੋਪ ਸਮੇਤ ਪ੍ਰਮੁੱਖ ਰਾਜਸੀ ਤੇ ਧਾਰਮਿਕ ਹਸਤੀਆਂ ਦੇ ਵਿਰੋਧ ਦੇ ਬਾਵਜੂਦ ਜੇ ਹਮਲਾ ਕੀਤਾ ਗਿਆ ਤਾਂ ਇਸ ਨਾਲ ਜਾਨੀ ਤੇ ਮਾਲੀ ਨੁਕਸਾਨ ਵਧੇਗਾ ਤੇ ਟਕਰਾਅ ਸੀਰੀਆ ਦੀਆਂ ਹੱਦਾਂ-ਬੰਨ੍ਹੇ ਪਾਰ ਕਰ ਜਾਵੇਗਾ। ਰੂਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਸੀਰੀਆ ਵਿਚ ਜ਼ਹਿਰੀਲੀ ਗੈਸ ਦੀ ਵਰਤੋਂ ਬਾਰੇ ਕੋਈ ਸੰਦੇਹ ਨਹੀਂ ਹੈ ਪਰ ਉਨ੍ਹਾਂ ਸੀਰੀਆ ਦੇ ਬਾਗ਼ੀਆਂ ‘ਤੇ ਰਸਾਇਣਕ ਹਮਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਲਿਖਿਆ ਹੈ ਕਿ ਇਹ ਯਕੀਨ ਕਰਨ ਦਾ ਕਾਰਨ ਹੈ ਕਿ ਇਸ ਦੀ ਵਰਤੋਂ ਸੀਰੀਆ ਦੀ ਫੌਜ ਵੱਲੋਂ ਨਹੀਂ ਸਗੋਂ ਵਿਰੋਧੀ ਦਸਤਿਆਂ ਵੱਲੋਂ ਕੀਤੀ ਗਈ ਸੀ ਤਾਂ ਕਿ ਬੁਨਿਆਦਪ੍ਰਸਤਾਂ ਨਾਲ ਖੜ੍ਹਨ ਵਾਲੇ ਸ਼ਕਤੀਸ਼ਾਲੀ ਵਿਦੇਸ਼ੀ ਤਾਕਤਾਂ ਨੂੰ ਦਖ਼ਲਅੰਦਾਜ਼ੀ ਲਈ ਉਕਸਾਇਆ ਜਾ ਸਕੇ।
Leave a Reply