ਡਾ. ਗੁਰਨਾਮ ਕੌਰ, ਕੈਨੇਡਾ
ਪ੍ਰੋਫੈਸਰ (ਸੇਵਾਮੁਕਤ)
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਦੀ ਬੜੇ ਡੂੰਘੇ ਅਰਥ ਰੱਖਦੀ ਇੱਕ ਕਹਾਵਤ ਹੈ ‘ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ’ ਬਿਲਕੁਲ ਕੁੱਝ ਇਸੇ ਤਰ੍ਹਾਂ ਦਾ ਵਰਤਾਰਾ 28 ਮਈ ਨੂੰ ਹਿੰਦੁਸਤਾਨ ਦੀ ਜਨਤਾ ਸਮੇਤ ਕੁੱਲ ਆਲਮ ਨੂੰ ਦੇਖਣ ਲਈ ਮਿਲਿਆ| ਇੱਕ ਪਾਸੇ ਹਿੰਦੁਸਾਤਨ ਦੇ ਧਰਮ-ਨਿਰਪੱਖ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਸਾਧਾਂ ਦੇ ਟੋਲੇ ਕੋਲੋਂ ਧਾਰਮਿਕ ਰਸਮਾਂ ਕਰਾਉਂਦਿਆਂ, ਲੋਕਤੰਤਰੀ ਕੀਮਤਾਂ ਦੀ ਧਾਰਾਸ਼ਾਹੀ ਕਰਦਿਆਂ, ਰਾਜਦੰਡ ਦੇ ਚਿੰਨ੍ਹ ਸਿੰਗੋਲ ਨੂੰ ਨਵੇਂ ਸੰਸਦ ਭਵਨ ਵਿਚ ਸਥਾਪਤ ਕਰ ਕੇ ਰਜਵਾੜਾਸ਼ਾਹੀ ਪ੍ਰੰਪਰਾ ਦੀ ਪੁਨਰ ਸੁਰਜੀਤੀ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ|
ਦੂਸਰੇ ਪਾਸੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜੰਤਰ-ਮੰਤਰ `ਤੇ ਧਰਨਾ ਦੇ ਰਹੀਆਂ ਭਲਵਾਨੀ ਦੇ ਖੇਤਰ ਵਿਚ Eਲੰਿਪਕ ਵਰਗੇ ਆਲਮੀ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀਆਂ ਬੱਚੀਆਂ ਨੂੰ ਦਿੱਲੀ ਦੀ ਪੁਲਿਸ ਘਸੀਟ ਘਸੀਟ ਕੇ ਧਰਨੇ ਵਿਚੋਂ ਉਠਾ ਕੇ ਆਪਣੀਆਂ ਗੱਡੀਆਂ ਵਿਚ ਸੁੱਟ ਰਹੀ ਸੀ| ਇੱਥੇ ਹੀ ਬੱਸ ਨਹੀਂ, ਖਿਡਾਰਨਾਂ ਦੇ ਜਿਨਸੀ-ਸੋ਼ਸ਼ਣ ਦਾ ਅਰੋਪੀ, ਰੈਸਲਰ ਫੈਡਰੇਸ਼ਨ ਦਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ, ਜੋ ਉੱਤਰ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦਾ ਪੰਜ ਵਾਰ ਦਾ ਸੰਸਦ ਮੈਂਬਰ ਵੀ ਹੈ, ਆਪਣੇ ਮਕਾਰੀ ਭਰੇ ਜੇਤੂ ਹਾਸੇ ਨਾਲ ਉਦਘਾਟਨੀ ਸਮਾਰੋਹ ਦੀ ਸ਼ੋਭਾ ਵਧਾ ਰਿਹਾ ਸੀ| ਪੂਰੇ ਜਾਹੋ-ਜਲਾਲ ਨਾਲ ਆਰ ਐਸ ਐਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਧਰਮ-ਨਿਰਪੱਖ ਗਣਤੰਤਰ ਦੀ ਥਾਂ ‘ਤੇ ਹਿੰਦੁਸਤਾਨ ਨੂੰ ਵੀ ਪਾਕਿਸਤਾਨ ਦੀ ਤਰਜ਼ ‘ਤੇ ਧਰਮ-ਆਧਾਰਤ ਹਿੰਦੂ ਰਾਜ ਬਣਾ ਦਿੱਤਾ ਜਾਵੇ ਅਤੇ ਆਨੇ-ਬਹਾਨੇ ਚੋਰ-ਮੋਰੀਆਂ ਰਾਹੀਂ ਇਸ ਦਾ ਸੰਵਿਧਾਨ ਬਦਲ ਦਿੱਤਾ ਜਾਵੇ| ਇਸੇ ਮਕਸਦ ਨੂੰ ਮੁੱਖ ਰੱਖਦਿਆਂ ਸੰਸਦ ਭਵਨ ਦਾ ਉਦਘਾਟਨੀ ਸਮਾਰੋਹ 28 ਮਈ ਨੂੰ ਸਾਵਰਕਰ ਦਬੋਲਕਰ ਦੇ ਜਨਮ ਦਿਨ ‘ਤੇ ਰੱਖਿਆ ਗਿਆ ਅਤੇ ਪ੍ਰਧਾਨ ਮੰਤਰੀ ਨੇ ਲੁਕਵੇਂ ਢੰਗ ਨਾਲ ਉਸ ਦੇ ਜਨਮ ਦਿਨ ਨੂੰ ਅਹਿਮ ਦਿਨ ਮੰਨਦਿਆਂ ਐਲਾਨਿਆ “ਕੁੱਝ ਤਰੀਕਾਂ ਸਮੇਂ ਦੇ ਸਨਮੁਖ ਅਮਰ ਹੋ ਜਾਂਦੀਆਂ ਹਨ” ਅਤੇ ਕਿ “ਨਵੀਂ ਇਮਾਰਤ ਨਵੇਂ ਸਵੈ-ਨਿਰਭਰ ਭਾਰਤ ਦੇ ਉਭਰਨ ਦਾ ਗਵਾਹ ਹੈ|” ਇਹ ਗੱਲ ਹੁਣ ਲਿਖਤੀ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ ਕਿ ਸਾਵਰਕਰ ਨੇ ਉਦੋਂ ਤੱਕ ਅੰਗਰੇਜ਼ ਹਕੂਮਤ ਨੂੰ ਮੁਆਫ਼ੀ ਦੀ ਅਪੀਲ ਪਾਉਣੀ ਜਾਰੀ ਰੱਖੀ ਜਦੋਂ ਤੱਕ ਉਸ ਨੂੰ ਮੁਆਫੀ ਨਹੀਂ ਮਿਲ ਗਈ ਅਤੇ ਇਹ ਵੀ ਕਿ ਉਸ ਨੇ ਮੁਆਫ਼ੀ ਦੇ ਇਵਜ਼ ਵਜੋਂ ਅੰਗਰੇਜ਼ ਹਕੂਮਤ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਤਰ੍ਹਾਂ ਨਾਲ ਹਕੂਮਤ ਦੀ ਮਦਦ ਕਰੇਗਾ|
ਆਰ ਐਸ ਐਸ ਜੋ ਕਿ ਭਾਰਤੀ ਜਨਤਾ ਪਾਰਟੀ ਦੀ ਮਾਂ ਹੈ, ਮੁੱਢ ਤੋਂ ਹੀ ਧਰਮ-ਨਿਰਪੱਖ ਸੰਵਿਧਾਨ ਦੇ ਖਿ਼ਲਾਫ਼ ਹੈ ਅਤੇ ਇਸ ਦੇ ਨੇਤਾ ਬਿਆਨ ਦਿੰਦੇ ਰਹੇ ਹਨ ਕਿ ਜਦੋਂ ਮਨੂਸਿਮ੍ਰਤੀ ਹੈ ਤਾਂ ਹੋਰ ਸੰਵਿਧਾਨ ਬਣਾਉਣ ਦੀ ਕੀ ਜ਼ਰੂਰਤ ਹੈ? ਆਰ ਐਸ ਐਸ ਚਾਹੁੰਦੀ ਹੈ ਕਿ ਮਨੂਸਿਮ੍ਰਤੀ ਦੇ ਵਿਧੀ-ਵਿਧਾਨ ਨੂੰ ਲਾਗੂ ਕਰ ਕੇ ਜਾਤ-ਪਾਤ ਪ੍ਰਬੰਧਨ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਉਚੀਆਂ ਜਾਤਾਂ ਵੱਲੋਂ ਦਲਿਤਾਂ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਸਕੇ ਅਤੇ ਉਨ੍ਹਾਂ ਦਾ ਸ਼ੋਸ਼ਣ ਬਾਦਸਤੂਰ ਜਾਰੀ ਰੱਖਿਆ ਜਾ ਸਕੇ| ਮਨੂਸਿਮ੍ਰਤੀ ਵਿਚ ਸਪੱਸ਼ਟ ਲਿਖਿਆ ਹੈ ਕਿ ਢੋਰ (ਅਰਥਾਤ ਪਸ਼ੂ) ਇਸਤਰੀ ਅਤੇ ਸ਼ੂਦਰ ਤਿੰਨੋਂ ਹੀ ਤਾੜਨ ਦੇ ਅਧਿਕਾਰੀ ਹਨ ਭਾਵ ਤਿੰਨਾਂ ਨੂੰ ਹੀ ਹਰ ਤਰ੍ਹਾਂ ਨਾਲ ਕਾਬੂ ਵਿਚ ਰੱਖਣਾ ਚਾਹੀਦਾ ਹੈ| ਇਸੇ ਏਜੰਡੇ ਨੂੰ ਮੁੱਖ ਰੱਖਦਿਆਂ ਆਰ ਐਸ ਐਸ ਨੇ 11 ਦਸੰਬਰ 1949 ਦੇ ਦਿਨ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਚ ਇਕੱਠ ਕਰ ਕੇ ਭਾਰਤੀ ਸੰਵਿਧਾਨ ਦਾ ਵਿਰੋਧ ਕੀਤਾ ਸੀ ਅਤੇ ਇਸ ਨੂੰ “ਹਿੰਦੂ ਸਮਾਜ ਉਪਰ ਸੁੱਟਿਆ ਐਟਮ ਬੰਬ” ਕਿਹਾ ਸੀ| 1 ਜਨਵਰੀ 1993 ਨੂੰ ਆਰ ਐਸ ਐਸ ਨੇ ਵ੍ਹਾਈਟ ਪੇਪਰ ਛਾਪਿਆ ਸੀ ਅਤੇ ਸੰਵਿਧਾਨ ਨੂੰ “ਹਿੰਦੂ ਵਿਰੋਧੀ” ਕਰਾਰ ਦਿੱਤਾ ਅਤੇ ਕਿਹਾ ਕਿ “ਸੰਵਿਧਾਨ ਮੁਲਕ ਦੀ ਸੰਸਕ੍ਰਿਤੀ, ਚਰਿੱਤਰ, ਹਾਲਾਤ, ਸਥਿਤੀ ਆਦਿ ਦੇ ਵਿਰੁੱਧ ਹੈ|” 24 ਜਨਵਰੀ 1994 ਨੂੰ ਭਾਜਪਾ ਦੇ ਤਤਕਾਲੀ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਨੇ ਤਾਂ ਹੋਰ ਵੀ ਸਪੱਸ਼ਟ ਰੂਪ ਵਿਚ ਕਿਹਾ ਕਿ “ਸਾਡੇ ਸੰਵਿਧਾਨ ਦੇ ਘਾੜੇ ਪੱਛਮੀ ਰੰਗ ‘ਚ ਰੰਗੇ ਹੋਏ ਲੋਕ ਸਨ ਜੋ ਭਾਰਤ ਦੀ ਸੰਸਕ੍ਰਿਤੀ ਅਤੇ ਇਤਿਹਾਸ ਤੋਂ ਅਣਜਾਣ ਸਨ…ਇਸ ਸੰਵਿਧਾਨ ਨੂੰ ਕੂੜੇ ਦਾ ਢੇਰ ਕਿਹਾ ਜਾ ਸਕਦਾ ਹੈ…ਇਹ ਸੰਵਿਧਾਨ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦਾ ਦੁਸ਼ਮਣ ਹੈ|” ਉਪਰ ਦਿੱਤੀਆਂ ਕੁੱਝ ਟਿੱਪਣੀਆਂ ਤੋਂ ਹੀ ਦੇਖਿਆ ਜਾ ਸਕਦਾ ਹੈ ਕਿ ਵਰਤਮਾਨ ਭਾਜਪਾ ਸਰਕਾਰ, ਜਿਸ ਦਾ ਦਿਮਾਗ ਮਨੂਵਾਦੀ ਸੋਚ ਦੀ ਉਪਜ ਹੈ, ਦਾ ਦੇਸ਼ ਦੀਆਂ ਔਰਤਾਂ ਜੋ ਸਮਾਜ ਦਾ ਤਕਰੀਬਨ 50% ਹਨ, ਦਲਿਤ ਭਾਈਚਾਰੇ ਅਤੇ ਘੱਟ-ਗਿਣਤੀਆਂ ਪ੍ਰਤੀ ਰਵੱਈਆ ਕਿਹੋ ਜਿਹਾ ਹੋ ਸਕਦਾ ਹੈ| ਇਸੇ ਸੋਚ ਦੇ ਤਹਿਤ ਇਸ ਦੇ ਨਵੇਂ ਸ਼ਹਿਰੀ ਕਾਨੂੰਨ ਖਿ਼ਲਾਫ਼ ਲੱਗੇ ਸ਼ਾਹੀਨ ਬਾਗ ਮੋਰਚੇ, ਕਿਸਾਨ ਮੋਰਚੇ ਅਤੇ ਹੁਣ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਭਲਵਾਨੀ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਦੇ ਮੋਰਚੇ ਪ੍ਰਤੀ ਦੇਖਿਆ ਜਾ ਸਕਦਾ ਹੈ|
ਹਿੰਦੁਸਤਾਨ ਬਹੁ-ਭਾਸ਼ਾਈ, ਬਹੁ-ਧਰਮੀ ਮੁਲਕ ਹੈ, ਜਿਸ ਦੇ ਹਰ ਸੂਬੇ ਦੀ ਬੋਲੀ, ਪਹਿਰਾਵਾ, ਸੰਸਕ੍ਰਿਤੀ, ਰਸਮੋਂ-ਰਿਵਾਜ, ਰਹਿਣ-ਸਹਿਣ, ਖੇਡਾਂ ਆਦਿ ਵੱਖਰੀਆਂ ਹਨ| ਮਸਲਨ ਪੰਜਾਬ ਅਤੇ ਹਰਿਆਣਾ 1966 ਵਿਚ ਵੱਖਰੇ ਸੂਬੇ ਬਣ ਗਏ ਜਦਕਿ ਇਸ ਤੋਂ ਪਹਿਲਾਂ ਸਮੇਤ ਹਿਮਾਚਲ ਪ੍ਰਦੇਸ਼ ਦੇ ਇੱਕੋ ਸੂਬਾ ਸੀ| ਪੰਜਾਬ ਦੀਆਂ ਹਰਮਨ ਪਿਆਰੀਆਂ ਖੇਡਾਂ ਹਾਕੀ ਅਤੇ ਕਬੱਡੀ ਰਹੀਆਂ ਹਨ; ਭਾਵੇਂ ਹੋਰ ਖੇਡਾਂ ਵਿਚ ਵੀ ਪੰਜਾਬ ਦੇ ਪੁਰਸ਼ ਅਤੇ ਔਰਤਾਂ ਹਿੱਸਾ ਲੈਂਦੇ ਹਨ ਪ੍ਰੰਤੂ ਸਰਦਾਰੀ ਹਾਕੀ ਅਤੇ ਕਬੱਡੀ ਦੀ ਹੀ ਹੈ| ਇਸੇ ਤਰ੍ਹਾਂ ਭਲਵਾਨੀ ਜਾਂ ਕੁਸ਼ਤੀ ਹਰਿਆਣੇ ਦੇ ਇਸਤਰੀ-ਪੁਰਸ਼ਾਂ ਦੀ ਸਰਦਾਰੀ ਖੇਡ ਹੈ ਜਿਸ ਵਿਚ ਹਰਿਆਣੇ ਨੇ ਹਮੇਸ਼ਾ ਮੱਲਾਂ ਮਾਰੀਆਂ ਹਨ| ਮੈਂ ਆਪਣੀ ਜਿ਼ੰਦਗੀ ਵਿਚ ਰੈਸਲੰਿਗ ਅਤੇ ਮੁੱਕੇ-ਬਾਜ਼ੀ ਦੇ ਇੰਟਰ ਸਟੇਟ ਮੈਚ ਕੁਰੂਕੁਸ਼ੇਤਰ ਯੂਨੀਵਰਸਿਟੀ ਵਿਚ ਪੜ੍ਹਦਿਆਂ ਪਹਿਲੀ ਵਾਰੀ ਦੇਖੇ ਸਨ| ਇਸੇ ਤਰ੍ਹਾਂ ਕੁੜੀਆਂ ਦੇ ਸਰਕਾਰੀ ਕਾਲਜ ਵਿਚ ਪੜ੍ਹਦਿਆਂ ਸਾਨੂੰ ਪੰਜਾਬ ਅਤੇ ਭਾਰਤ ਦੀ ਪੁਰਸ਼ਾਂ ਦਾ ਹਾਕੀ ਟੀਮ ਦਾ ਮੈਚ ਦੇਖਣ ਦਾ ਮੌਕਾ ਮਿਲਿਆ ਤਾਂ ਦੋਵਾਂ ਟੀਮਾਂ ਦੇ ਬਹੁਤੇ ਖਿਡਾਰੀ ਸਰਦਾਰ ਸਨ ਅਤੇ ਸਿਰਫ ਉਨ੍ਹਾਂ ਦੀ ਵਰਦੀ ਦੇ ਰੰਗ ਤੋਂ ਪਤਾ ਲੱਗਦਾ ਸੀ ਕਿ ਕਿਹੜੀ ਟੀਮ ਪੰਜਾਬ ਦੀ ਹੈ ਅਤੇ ਕਿਹੜੀ ਭਾਰਤ ਵੱਲੋਂ ਖੇਡ ਰਹੀ ਹੈ| ਹੁਣ ਤੱਕ ਅੰਤਰਰਾਸ਼ਟਰੀ ਖੇਡਾਂ ਵਿਚ ਹਿੰਦੁਸਤਾਨ ਨੇ ਜਿੰਨੇ ਵੀ ਮੈਡਲ ਜਿੱਤੇ ਹਨ ਉਨ੍ਹਾਂ ਵਿਚੋਂ ਬਹੁਤੇ ਹਾਕੀ ਅਤੇ ਕੁਸ਼ਤੀ ਦੇ ਖਿਡਾਰੀਆਂ ਨੇ ਲਿਆਂਦੇ ਹਨ; ਮੈਂ ਕਿਧਰੇ ਪੜ੍ਹ ਰਹੀ ਸੀ ਕਿ ਕੁਲ 35 ਵਿਚੋਂ 7 ਮੈਡਲ ਰੈਸਲੰਿਗ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਲਿਆਂਦੇ ਹਨ| ਇਹ ਇਤਫਾਕ ਨਹੀਂ ਬਲਕਿ ਬਿਲਕੁਲ ਕੁਦਰਤੀ ਹੈ ਕਿ ਭਲਵਾਨੀ ਦੇ ਖੇਤਰ ਵਿਚ ਹਰਿਆਣੇ ਦੇ ਲੜਕੇ ਜਾਂ ਲੜਕੀਆਂ ਦੀ ਹੀ ਬਹੁ-ਗਿਣਤੀ ਹੈ; ਕੁਸ਼ਤੀ ਉਨ੍ਹਾਂ ਦੇ ਡੀ.ਐਨ.ਏ ਵਿਚ ਹੈ, ਉਨ੍ਹਾਂ ਦੀ ਵਿਰਾਸਤ ਹੈ| ਇਸ ਲਈ ਅਜਿਹੀਆਂ ਖੇਡਾਂ ਦਾ ਸੂਬਿਆਂ ਦੇ ਤੌਰ ‘ਤੇ ਕੋਟਾ ਫਿਕਸ ਕਰਨਾ ਮਹਿਜ਼ ਬੇਵਕੂਫੀ ਹੀ ਨਹੀਂ ਖਿਡਾਰੀਆਂ-ਖਿਡਾਰਨਾਂ ਨਾਲ, ਲੋਕਾਂ ਦੇ ਸ਼ੌਕ ਨਾਲ ਬੇਇਨਸਾਫੀ ਹੈ|
ਹਰਿਆਣੇ ਦੀ ਸਾਕਸ਼ੀ ਮਲਿਕ ਪਹਿਲੀ ਭਾਰਤੀ ਮਹਿਲਾ ਭਲਵਾਨ ਹੈ ਜਿਸ ਨੇ ਰੀE Eਲੰਿਪਕਸ ਵਿਚੋਂ ਭਾਰਤ ਲਈ ਮੈਡਲ ਜਿੱਤ ਕੇ ਲਿਆਂਦਾ| ਉਸ ਦੇ ਭਾਰਤੀ ਪ੍ਰਸੰ਼ਸਕ ਇਹ ਗੱਲ ਕਦੇ ਨਹੀਂ ਭੱੁਲਣਗੇ ਕਿ 2016 ਦੀਆਂ Eਲੰਿਪਕ ਖੇਡਾਂ ਵਿਚ ਉਸ ਨੇ 58 ਕਿਲੋ ਵਰਗ ਦੀ ਕੁਸ਼ਤੀ ਵਿਚ ਕਾਂਸੀ ਦਾ ਮੈਡਲ ਭਾਰਤ ਦੀ ਝੋਲੀ ਪਾਇਆ ਸੀ| ਸਾਕਸ਼ੀ ਮਲਿਕ ਜੇ ਐਸ ਡਬਲਿਊ ਐਕਸੇਲੈਂਸ ਪ੍ਰੋਗਰਮ ਦਾ ਹਿੱਸਾ ਹੈ ਜਿਸ ਵਿਚ ਉਸ ਦੀਆਂ ਇਸਤ੍ਰੀ ਸਾਥੀ ਵਿਨੇਸ਼ ਫੋਗਾਟ, ਬਬੀਤਾ ਕੁਮਾਰੀ ਅਤੇ ਗੀਤਾ ਫੋਗਾਟ ਹਨ| ਸਾਕਸ਼ੀ ਮਲਿਕ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਉਦੋਂ ਬਣਾਈ ਜਦੋਂ ਉਸ ਨੇ ਗਲਾਸਗੋ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿਚ ਚਾਂਦੀ ਦਾ ਮੈਡਲ ਜਿੱਤਿਆ| ਸੋਨਮ ਮਲਿਕ ਵੀ ਹਰਿਆਣੇ ਦੇ ਸੋਨੀਪਤ ਦੀ ਜੰਮਪਲ ਹੈ ਜਿਸ ਨੇ ਨੈਸ਼ਨਲ ਖੇਡਾਂ ਵਿਚ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਵਰਲਡ ਕੈਡਟ ਰੈਸਲੰਿਗ ਚੈਂਪੀਅਨਸਿ਼ਪ ਵਿਚ ਦੋ ਸੋਨੇ ਦੇ ਮੈਡਲ ਜਿੱਤੇ| ਇਸ ਵੇਲੇ ਰੈਸਲਰ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿ਼ਲਾਫ ਚੱਲ ਰਹੇ ਰੋਸ ਪ੍ਰਦਰਸ਼ਨ ਦੀ ਅਗਵਾਈ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਕਰ ਰਹੀਆਂ ਹਨ| ਕੁਸ਼ਤੀ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀ ਨਾਮੀ ਖਿਡਾਰਨ ਵਿਨੇਸ਼ ਫੋਗਾਟ ਵੀ ਹਰਿਆਣੇ ਦੀ ਜੰਮਪਲ ਹੈ| ਉਹ ਪਹਿਲੀ ਭਾਰਤੀ ਮਹਿਲਾ ਭਲਵਾਨ ਹੈ ਜਿਸ ਨੇ ਕਾਮਨਵੈਲਥ ਖੇਡਾਂ ਅਤੇ ਏਸ਼ੀਅਨ ਖੇਡਾਂ ਦੋਵਾਂ ਵਿਚ ਗੋਲਡ ਮੈਡਲ ਲਿਆਂਦਾ| ਉਹ ਅਜਿਹੀ ਪਹਿਲੀ ਭਾਰਤੀ ਮਹਿਲਾ ਭਲਵਾਨ ਹੈ ਜਿਸ ਨੇ ਵਰਲਡ ਰੈਸਲੰਿਗ ਚੈਂਪੀਅਨਸਿ਼ਪ ਵਿਚ ਬਹੁਭਾਂਤੀ ਮੈਡਲ ਲਿਆਂਦੇ| ਵਿਨੇਸ਼ ਫੋਗਾਟ ਪਹਿਲੀ ਭਾਰਤੀ ਐਥਲੀਟ ਹੈ ਜਿਸ ਨੂੰ 2019 ਵਿਚ ਲਾਰੀਅਸ ਵਰਲਡ ਸਪੋਰਟਸ ਅਵਾਰਡ ਲਈ ਨਾਮਜ਼ਦ ਕੀਤਾ ਗਿਆ| ਗੀਤਾ ਅਤੇ ਬਬੀਤਾ ਉਸ ਦੀਆਂ ਤਾਏ-ਚਾਚੇ ਭੈਣਾਂ ਹਨ ਜਿਨ੍ਹਾਂ ਨੇ 2010 ਦੀਆਂ ਕਾਮਨਵੈਲਥ ਖੇਡਾਂ ਵਿਚ ਚਾਂਦੀ ਅਤੇ ਸੋਨੇ ਦੇ ਮੈਡਲ ਜਿੱਤੇ| ਰੀਤੂ ਫੋਗਾਟ ਉਸ ਦੀ ਇਕ ਹੋਰ ਤਾਏ-ਚਾਚੇ ਭੈਣ ਹੈ ਜੋ ਅੰਤਰਰਾਸ਼ਟਰੀ ਪੱਧਰ ਦੀ ਕੁਸ਼ਤੀ ਖਿਡਾਰਨ ਹੈ, ਜਿਸ ਨੇ 2016 ਦੇ ਕਾਮਨਵੈਲਥ ਰੈਸਲੰਿਗ ਚੈਂਪੀਅਨਸਿ਼ਪ ਵਿਚ ਸੋਨੇ ਦਾ ਮੈਡਲ ਜਿੱਤਿਆ| ਦੇਸ਼ ਦੀਆਂ ਇਹ ਧੀਆਂ ਦੇਸ਼ ਦਾ ਮਾਣ ਹਨ ਅਤੇ ਦੇਸ਼ ਦਾ ਫਰਜ਼ ਬਣਦਾ ਹੈ ਕਿ ਆਪਣੀਆਂ ਇਨ੍ਹਾਂ ਹੋਣਹਾਰ ਦੀਆਂ ਦੇ ਸਵੈਮਾਨ ਦੀ, ਇਨ੍ਹਾਂ ਦੀ ਇੱਜ਼ਤ-ਅਬਰੂ ਦੀ ਰੱਖਿਆ ਕੀਤੀ ਜਾਵੇ, ਉਸ ਬਾਹੂਬਲੀ ਦਰਿੰਦੇ ਤੋਂ ਜੋ ਰੈਸਲਰ ਫੈਡਰੇਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਇਨ੍ਹਾਂ ਦਾ ਜਿਨਸੀ-ਸ਼ੋਸ਼ਣ ਕਰਦਾ ਆ ਰਿਹਾ ਹੈ; ਉਸ ਨੂੰ ਬਣਦੀ ਸਜ਼ਾ ਦੇ ਕੇ ਬੱਚੀਆਂ ਨੂੰ ਇਨਸਾਫ ਦੁਆਇਆ ਜਾਵੇ|
ਵਿਨੇਸ਼ ਫੋਗਾਟ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਸੀ (ਦਿੱਲੀ ਪੁਲਿਸ ਹੋਮ ਮਨਿਸਟਰ ਅਮਿਤ ਸ਼ਾਹ ਦੇ ਅਧੀਨ ਹੈ) ਜਿਸ ਦੇ ਸਬੂਤ ਮਿਟਾ ਦਿੱਤੇ ਗਏ| ਉਸ ਦੇ ਦੱਸਣ ਅਨੁਸਾਰ ਉਹ ਇੱਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਸੀ ਅਤੇ ਉਸ ਨਾਲ ਜੋ ਕੁਝ ਹੋਇਆ, ਸਾਰੀ ਗੱਲ ਪ੍ਰਧਾਨ ਮੰਤਰੀ ਨੂੰ ਦੱਸੀ ਸੀ| ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਬੁਲਾਇਆ ਅਤੇ ਉਸ ਨੂੰ ਭਰੋਸਾ ਦਿੱਤਾ ਸੀ| ਵਿਨੇਸ਼ ਦਾ ਮੰਨਣਾ ਹੈ ਕਿ ਜੇ ਅੱਜ ਉਹ ਰੈਸਲੰਿਗ ਮੈਟ ‘ਤੇ ਹੈ ਤਾਂ ਉਹ ਇਸੇ ਕਰਕੇ ਹੈ; ਨਹੀਂ ਤਾਂ ਫੈਡਰੇਸ਼ਨ ਨੇ ਉਸ ‘ਤੇ ਇਨਡਸਿਪਲਿਨ (ਅਨੁਸ਼ਾਸਨਹੀਣਤਾ) ਦਾ ਬੇਤੁਕਾ ਇਲਜ਼ਾਮ ਲਗਾ ਦਿੱਤਾ ਸੀ| ਜ਼ਾਹਿਰ ਹੈ ਕਿ ਅਜਿਹੇ ਬੇਤੁਕੇ ਇਲਜ਼ਾਮਾਂ, ਟਰਾਇਲਜ਼ ਜਾਂ ਮੈਚ ਤੋਂ ਬਾਹਰ ਕਰ ਦੇਣ ਦੇ ਡਰੋਂ ਜਾਂ ਹੋਰ ਕਿਸਮ ਦੇ ਨੈਤਿਕ ਦਬਾਵਾਂ ਕਰਕੇ ਬਹੁਤੀਆਂ ਖਿਡਾਰਨਾਂ ਸਿ਼ਕਾਇਤ ਹੀ ਨਹੀਂ ਕਰਦੀਆਂ| ਅਜਿਹਾ ਵਰਤਾਰਾ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀ ਵਰਗੀਆਂ ਉੱਚ ਸੰਸਥਾਵਾਂ, ਕੰਮ ਕਰਨ ਦੀਆਂ ਥਾਵਾਂ ਆਦਿ ਵਿਚ ਆਮ ਵਾਪਰਦਾ ਹੈ ਖਾਸ ਕਰਕੇ ਸਾਡੇ ਮੁਲਕ ਵਿਚ ਜਿੱਥੇ ਗੌਰਵਮਈ ਸੰਸਕ੍ਰਿਤੀ ਦੀਆਂ ਰੋਜ਼ ਡੀਂਗਾਂ ਮਾਰੀਆਂ ਜਾਂਦੀਆਂ ਹਨ| ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿ਼ਲਾਫ਼ 7 ਖਿਡਾਰਨਾਂ ਨੇ ਸਿ਼ਕਾਇਤ ਕੀਤੀ ਹੈ ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ। ਨਾਬਾਲਗ ਨਾਲ ਜਿਨਸੀ ਸ਼ੋਸ਼ਣ ਵਰਗੀ ਸਿ਼ਕਾਇਤ ਪੋਕਸੋ ਐਕਟ ਦੇ ਅਧੀਨ ਆਉਂਦੀ ਹੈ ਜਿਸ ਦੀਆਂ ਧਾਰਾਵਾਂ ਸਪੱਸ਼ਟ ਕਰਦੀਆਂ ਹਨ ਕਿ ਬਿਨਾ ਕਿਸੇ ਪੜਚੋਲ ਦੇ ਦੋਸ਼ੀ ਦੀ ਤੁਰੰਤ ਗਿ਼੍ਰਫਤਾਰੀ ਕੀਤੀ ਜਾਂਦੀ ਹੈ| ਪਰ ਕੋਰਟ ਦੇ ਹੁਕਮਾਂ ਰਾਹੀਂ ਐਫ ਆਈ ਆਰ ਦਰਜ ਹੋ ਜਾਣ ਦੇ ਬਾਵਜੂਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ| ਉਸ `ਤੇ ਕਾਰਵਾਈ ਦੀ ਮੰਗ ਕਰਦਿਆਂ ਭਲਵਾਨਾਂ ਨੇ ਪਹਿਲਾਂ ਜਨਵਰੀ ਵਿਚ ਧਰਨਾ ਦਿੱਤਾ ਸੀ, ਫਿਰ ਅਪ੍ਰੈਲ ਵਿਚ ਅਤੇ ਹੁਣ ਇੱਕ ਮਹੀਨੇ ਤੋਂ ਵੀ ਉਤੇ ਹੋ ਗਿਆ ਜੰਤਰ ਮੰਤਰ ‘ਤੇ ਧਰਨਾ ਸ਼ੁਰੂ ਕੀਤੇ ਨੂੰ, ਗ੍ਰਿਫਤਾਰੀ ਤਾਂ ਕੀ ਹੋਣੀ ਸੀ ਬਲਕਿ 28 ਮਈ ਨੂੰ ਜਦੋਂ ਖਿਡਾਰੀਆਂ ਨੇ ਸੰਸਦ ਵਿਚ ਜਾਣਾ ਚਾਹਿਆ ਤਾਂ ਦਿੱਲੀ ਪੁਲਿਸ ਨੇ ਜਿਸ ਕਿਸਮ ਦਾ ਭੱਦਾ ਵਰਤਾਉ ਇਨ੍ਹਾਂ ਖਿਡਾਰੀਆਂ/ਖਿਡਾਰਨਾਂ ਨਾਲ ਕੀਤਾ, ਕੁੱਟ-ਮਾਰ ਕੀਤੀ ਅਤੇ ਧੂਹ ਧੂਹ ਕੇ ਗੱਡੀਆਂ ਵਿਚ ਸੁੱਟਿਆ, ਉਹ ਕੁੱਲ ਆਲਮ ਨੇ ਦੇਖਿਆ ਹੈ|
ਅੰਧ ਭਗਤਾਂ ਨੇ ਜਿਸ ਤਰ੍ਹਾਂ ਇਨ੍ਹਾਂ ਭਲਵਾਨਾਂ ਨੂੰ ਡਰਾਉਣਾ, ਧਮਕਾਉਣਾ ਅਤੇ ਬਦਨਾਮ ਕਰਨਾ ਸ਼ੁਰੂ ਕੀਤਾ ਹੋਇਆ ਹੈ, ਉਹ ਨਿਹਾਇਤ ਹੀ ਨਿੰਦਣਯੋਗ ਹੈ| ਇੱਥੇ ਇਸ ਦੀ ਇੱਕ ਉਦਾਹਰਣ ਦੇਖੀ ਜਾ ਸਕਦੀ ਹੈ| ਡਾਕਟਰ ਐਨ ਸੀ ਅਸਥਾਨਾ ਆਈ.ਪੀ.ਐਸ (ਸੇਵਾਮੁਕਤ) ਨੇ 28 ਮਈ ਤੋਂ ਬਾਅਦ ਖਿਡਾਰੀਆਂ ਪ੍ਰਤੀ ਨਫ਼ਰਤ ਭਰਿਆ ਜੋ ਟਵੀਟ ਕੀਤਾ ਉਹ ਇੱਕ ਆਈ.ਪੀ.ਐਸ ਅਧਿਕਾਰੀ ਵਾਸਤੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ| ਪੁਲਿਸ ਜਦੋਂ ਕੁੱਟ-ਮਾਰ ਅਤੇ ਧੂ-ਘੜੀਸ ਕਰ ਰਹੀ ਸੀ ਤਾਂ ਭਲਵਾਨ ਬਜਰੰਗ ਪੂਨੀਆ ਨੇ ਕਿਹਾ “ਸਾਨੂੰ ਗੋਲੀ ਮਾਰ ਦੇਵੋ|” ਇਸ ਦੇ ਉਤਰ ਵਿਚ ਅਸਥਾਨਾ ਨੇ ਹਿੰਦੀ ਵਿਚ ਟਵੀਟ ਕੀਤਾ “ਜ਼ਰੂਰਤ ਹੂਈ ਤੋ ਗੋਲੀ ਭੀ ਮਾਰੇਂਗੇ ਮਗਰ ਤੁਮਹਾਰੇ ਕਹਿਨੇ ਸੇ ਨਹੀਂ| ਅਭੀ ਤੋ ਸਿਰਫ਼ ਕਚਰੇ ਕੇ ਬੋਰੇ ਕੀ ਤਰਹ ਘਸੀਟ ਕਰ ਫੇਂਕਾ ਹੈ| ਦਫਾ 129 ਮੇਂ ਪੁਲਿਸ ਕੋ ਗੋਲੀ ਮਾਰਨੇ ਕਾ ਅਧਿਕਾਰ ਹੈ| ਉਚਿਤ ਪ੍ਰਸਥਿਤਿEਂ ਮੇਂ ਵੋ ਹਸਰਤ ਭੀ ਪੂਰੀ ਹੋਗੀ| ਮਗਰ ਵਹ ਜਾਨਨੇ ਕੇ ਲਿਏ ਪੜ੍ਹਾ ਲਿਖਾ ਹੋਨਾ ਆਵਸ਼ਯਕ ਹੈ, ਫਿਰ ਮਿਲੇਂਗੇ ਪੋਸਟ ਮਾਰਟਮ ਟੇਬਲ ਪਰ|” ਆਈ.ਪੀ.ਐਸ ਅਸਥਾਨਾ ਨਿਊਕਲੀਅਰ ਫਿਜਿ਼ਸਟ ਹੈ, ਜਿਸ ਨੇ 265 ਰਿਸਰਚ ਪੇਪਰ ਲਿਖੇ ਹਨ, 51 ਕਿਤਾਬਾਂ ਦਾ ਲੇਖਕ ਹੈ, ਫੌਰਮਰ ਡੀ.ਸੀ. ਪੀ. ਕੇਰਲਾ ਅਤੇ ਏ.ਡੀ.ਜੀ. ਬੀਐਸਐਫ/ਸੀਆਰਪੀ ਅਤੇ “ਫਾਇਰਿੰਗ ਆਲ ਬੈਰਲਜ਼ ਟੂ ਸਕਿਉਰ ਜਸਟਿਸ ਫਾਰ ਦ ਹਿੰਦੂਜ਼”| ਕਿਸੇ ਵੀ ਸੱਭਿਅ ਮੁਲਕ ਦਾ ਕੋਈ ਉਚ ਅਹੁਦੇ ਦਾ ਸੇਵਾਮੁਕਤ ਅਫਸਰ ਆਪਣੇ ਦੇਸ਼ ਲਈ ਅੰਤਰਰਾਸ਼ਟਰੀ ਪੱਧਰ ਦੇ ਮੈਡਲ ਜਿੱਤਣ ਵਾਲੇ ਦੇਸ਼ ਦੇ ਖਿਡਾਰੀਆਂ ਲਈ ਅਜਿਹਾ ਟਵੀਟ ਕਰੇ ਤਾਂ ਮੁਲਕ ਦੇ ਕਰਤਿਆਂ ਧਰਤਿਆਂ ਨੂੰ ਡੁੱਬ ਮਰਨਾ ਚਾਹੀਦਾ ਹੈ| ਹੁਣ ਤੱਕ ਜੋ ਕੁੱਝ ਵੀ ਜੰਤਰ ਮੰਤਰ ‘ਤੇ, ਗੰਗਾ ਵਿਚ ਮੈਡਲ ਪਰਵਾਹ ਕਰਨ ਦੇ ਇਰਾਦੇ, ਕਿਸਾਨਾਂ ਵੱਲੋਂ ਸਮਾਂ ਮੰਗਣ ਤੋਂ ਲੈ ਕੇ ਮੁਜ਼ੱਫਰ ਨਗਰ ਖਾਪ ਪੰਚਾਇਤਾਂ ਅਤੇ ਕੁਰੂਕੁਸ਼ੇਤਰ ਦੀ ਖਾਪ ਪੰਚਾਇਤ ਤੱਕ ਸਭ ਕੁੱਝ ਦੁਨੀਆਂ ਨੂੰ ਪਤਾ ਲੱਗ ਗਿਆ ਹੈ; ਜਿਸ ਕਿਸਮ ਦੀ ਆਲਮੀ ਭਾਈਚਾਰੇ ਸਾਹਮਣੇ ਵਿਸ਼ਵ ਗੁਰੂ ਬਣਨ ਦੀ ਛਵੀ ਸਾਹਮਣੇ ਆਈ ਉਸ ਨੇ ਵੀ ਦੁਨੀਆਂ ਨੂੰ ਭਾਜਪਾ ਸਰਕਾਰ ਦੀ ਮਾਨਸਿਕਤਾ ਬਾਰੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ|
ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਐਫ.ਆਈ.ਆਰ ਦੀ ਰਿਪੋਰਟ ਨਸ਼ਰ ਹੋ ਗਈ ਹੈ, ਜਿਸ ਅਨੁਸਾਰ ਵਿਨੇਸ਼ ਫੋਗਾਟ ਨੇ ਦੱਸਿਆ ਹੈ ਕਿ ਉਸ ਨੇ 21 ਮਹੀਨੇ ਪਹਿਲਾਂ ਜਦੋਂ ਉਹ ਪ੍ਰਧਾਨ ਮੰਤਰੀ ਨੂੰ ਮਿਲੀ ਸੀ ਤਾਂ ਉਸ ਨੇ ਪ੍ਰਧਾਨ ਮੰਤਰੀ ਨੂੰ ਉਸ ਨਾਲ ਅਤੇ ਬਾਕੀ ਖਿਡਾਰਨਾਂ ਨਾਲ ਵਾਰ ਵਾਰ ਹੋਣ ਵਾਲੇ ਯੌਨ ਸ਼ੋਸ਼ਣ, ਭਾਵਨਾਤਮਕ ਅਤੇ ਸਰੀਰਕ ਸੋ਼ਸ਼ਣ ਬਾਰੇ ਦੱਸਿਆ ਸੀ| ਪ੍ਰਧਾਨ ਮੰਤਰੀ ਨੇ ਉਸ ਦੇ ਪਰਿਵਾਰ ਨੂੰ ਸੱਦਿਆ ਸੀ, ਭਰੋਸਾ ਦਿੱਤਾ ਕਿ ਅਜਿਹੀਆਂ ਸਿ਼ਕਾਇਤਾਂ ਨੂੰ ਖੇਡ ਮੰਤਰਾਲੇ ਵੱਲੋਂ ਦੇਖਿਆ ਜਾਵੇਗਾ ਅਤੇ ਜਲਦੀ ਹੀ ਖੇਡ ਮੰਤਰਾਲੇ ਵੱਲੋਂ ਫੋਨ ਆਵੇਗਾ; ਲੇਕਿਨ ਉਹ ਫੋਨ ਅੱਜ ਤੱਕ ਨਹੀਂ ਆਇਆ| ਜੰਤਰ-ਮੰਤਰ ‘ਤੇ ਪਹਿਲੀ ਵਾਰ ਜਨਵਰੀ ਵਿਚ ਬੈਠੇ ਤਾਂ ਵੀ ਫੋਨ ਨਹੀਂ ਆਇਆ; ਉਸ ਤੋਂ ਬਾਅਦ ਅਪ੍ਰੈਲ ਵਿਚ ਬੈਠੇ ਫਿਰ ਵੀ ਕੋਈ ਫੋਨ ਨਹੀਂ ਆਇਆ| ਸਿਰਫ਼ ਕਮੇਟੀਆਂ ਦਾ ਜਿ਼ਕਰ ਸੀ, ਰਿਪੋਰਟ ਦਾ ਜਿ਼ਕਰ ਸੀ ਜੋ ਕਿ ਖਿਡਾਰੀਆਂ ਦੇ ਖਿ਼ਲਾਫ਼ ਸੀ| ਪਿਤਾ ਨੇ ਆਪਣੀ ਧੀ ਨੂੰ ਲੈ ਕੇ ਜੋ ਐਫ ਆਈ ਆਰ ਦਰਜ ਕਰਾਈ ਹੈ ਉਹ ਪੌਕਸੋ ਅਧੀਨ ਆਉਂਦੀ ਹੈ ਜਿਸ ਅਨੁਸਾਰ ਬਿਨਾਂ ਕੋਈ ਪੜਤਾਲ ਕੀਤਿਆਂ ਦੋਸ਼ੀ ਦੀ ਤੁਰੰਤ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ ਪ੍ਰੰਤੂ ਕਿਹਾ ਜਾ ਰਿਹਾ ਹੈ ਕਿ ਹਮ ਜਾਂਚ ਕਰ ਰਹੇ ਹੈਂ, ਹਮ ਗ੍ਰਿਫ਼ਤਾਰ ਨਹੀਂ ਕਰ ਸਕਤੇ| ਬੇਟੀ ਨੇ ਏਸ਼ੀਅਨ ਚੈਂਪੀਅਨਸਿ਼ਪ 62 ਕਿੱਲੋ ਫਰੀ ਸਟਾਈਲ ਕੁਸ਼ਤੀ ਵਿਚ ਗੋਲਡ ਮੈਡਲ ਜਿੱਤਿਆ| 16 ਸਾਲ ਦੀ ਉਮਰ ਵਿਚ ਝਾਰਖੰਡ ਦੇ ਰਾਂਚੀ ਵਿਚ ਨੈਸ਼ਨਲ ਚੈਂਪੀਅਨਸਿ਼ਪ ਵਿਚ ਜੂਨੀਅਰ ਚੈਂਪੀਅਨਸਿ਼ਪ ਵਿਚ ਗੋਲਡ ਮੈਡਲ ਜਿੱਤਿਆ| ਇਥੇ ਹੀ ਫੋਟੋ ਖਿਚਾਉਣ ਵੇਲੇ ਬ੍ਰਿਜ ਭੂਸ਼ਨ ਨੇ ਆਪਣੇ ਵੱਲ ਖਿੱਚਿਆ ਅਤੇ ਏਨੀ ਜ਼ੋਰ ਨਾਲ ਬਾਹਾਂ ਵਿਚ ਜਕੜਿਆ ਕਿ ਉਹ ਹਿੱਲ ਤੱਕ ਨਹੀਂ ਪਾਈ| ਆਪਣੇ ਹੱਥ ਅਤੇ ਕੰਧੇ ਦੇ ਨੀਚੇ ਲੈ ਲਿਆ| ਮੇਰੀ ਬੇਟੀ ਕੁੱਝ ਕਹਿ ਸਕਣ ਦੀ ਸਥਿਤੀ ਵਿਚ ਨਹੀਂ ਹੈ| ਬ੍ਰਿਜ ਭੂਸ਼ਨ ਨੇ ਨਾਬਾਲਗ ਨੂੰ ਕਿਹਾ ਕਿ ਤੂੰ ਮੈਨੂੰ ਸਪੋਰਟ ਕਰ ਮੈਂ ਤੈਨੂੰ ਸਪੋਰਟ ਕਰਾਂਗਾ ਜਦਕਿ ਨਾਬਾਲਗ ਪਹਿਲਵਾਨ ਨੇ ਕਿਹਾ ਕਿ ਆਪਣੇ ਬਲਬੂਤੇ ਮਿਹਨਤ ਕਰ ਕੇ ਇੱਥੇ ਤੱਕ ਆਈ ਹਾਂ ਅਤੇ ਅੱਗੇ ਜਾਵਾਂਗੀ| ਬ੍ਰਿਜ ਭੂਸ਼ਨ ਨੇ ਕਿਹਾ ਕਿ ਏਸ਼ੀਅਨ ਚੈਂਪੀਅਨਸਿ਼ਪ ਦੇ ਟਰਾਇਲ ਹੋਣ ਵਾਲੇ ਹਨ ਜੇ ਕੋਆਪਰੇਟ ਨਾ ਕੀਤਾ ਤਾਂ ਖਮਿਆਜ਼ਾ ਭੁਗਤਣਾ ਪਵੇਗਾ| ਬ੍ਰਿਜ ਭੂਸ਼ਨ ਨੇ ਨਾਬਾਲਗ ਨੂੰ ਕਮਰੇ ਵਿਚ ਸੱਦਿਆ ਅਤੇ ਨਾਬਾਲਗ ਪ੍ਰੈਸ਼ਰ ਵਿਚ ਸੀ ਕਿ ਬ੍ਰਿਜ ਭੂਸ਼ਨ ਕਿਤੇ ਕਰੀਅਰ ਨਾ ਤਬਾਹ ਕਰ ਦੇਵੇ; ਇਸ ਲਈ ਉਹ ਮਿਲਣ ਚਲੀ ਗਈ| ਉਥੇ ਪਹੁੰਚਦੇ ਹੀ ਬ੍ਰਿਜ ਭੂਸ਼ਨ ਨੇ ਆਪਣੀ ਤਰਫ਼ ਖਿੱਚਿਆ ਅਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸਿ਼ਸ਼ ਕੀਤੀ| ਨਾਬਾਲਗ ਪਹਿਲਵਾਨ ਪੂਰੀ ਤਰ੍ਹਾਂ ਸਹਿਮ ਗਈ ਅਤੇ ਕਿਸੇ ਤਰ੍ਹਾਂ ਕਮਰੇ ਤੋਂ ਬਾਹਰ ਭੱਜ ਨਿਕਲੀ| 2022 ਦੇ ਮਈ ਮਹੀਨੇ ਵਿਚ ਏਸ਼ੀਅਨ ਚੈਂਪੀਅਨਸਿ਼ਪ ਦਾ ਜਦੋਂ ਟਰਾਇਲ ਸ਼ਰੂ ਹੋਇਆ ਜਿੱਥੇ ਬ੍ਰਿਜ ਭੂਸ਼ਨ ਦੇ ਕਹਿਣ `ਤੇ ਨਾਬਾਲਗ ਨਾਲ ਭੇਦ-ਭਾਵ ਕੀਤਾ ਗਿਆ| ਭੇਦ ਭਾਵ ਇਹ ਸੀ ਕਿ ਟਰਾਇਲ ਦੇ ਦੌਰਾਨ ਐਥਲੀਟ ਜਿਸ ਰਾਜ ਤੋਂ ਆਉਂਦੀ ਹੈ ਉਥੋਂ ਦੇ ਰੈਫਰੀ ਅਤੇ ਮੈਟ ਚੇਅਰਮੈਨ ਨਹੀਂ ਹੋਣੇ ਚਾਹੀਦੇ| ਲੇਕਿਨ ਜਦੋਂ ਟਰਾਇਲ ਹੋਇਆ ਤਾਂ ਪਹਿਲਵਾਨ ਨੂੰ ਦਿੱਲੀ ਦੇ ਪਹਿਲਵਾਨ ਨਾਲ ਲੜਾਇਆ ਗਿਆ ਜਿਸ ਵਿਚ ਰੈਫਰੀ ਅਤੇ ਮੈਟ ਦੋਵੇਂ ਦਿੱਲੀ ਦੇ ਸੀ; ਜੋ ਨਿਯਮਾਂ ਦਾ ਸਿੱਧਾ ਉਲੰਘਣ ਸੀ| ਦੂਸਰੀ ਗੱਲ, ਜਦੋਂ ਟਰਾਇਲ ਹੋ ਰਿਹਾ ਹੁੰਦਾ ਹੈ ਤਾਂ ਉਸ ਨੂੰ ਕੈਮਰੇ `ਤੇ ਸ਼ੂਟ ਕੀਤਾ ਜਾਂਦਾ ਹੈ ਤਾਂ ਕਿ ਕੱਲ੍ਹ ਨੂੰ ਐਸਾ ਨਾ ਹੋਵੇ ਕਿ ਕੋਈ ਆਪਣੇ ਆਪ ਕਿਸੇ ਨੂੰ ਟਰਾਇਲ ਤੋਂ ਬਾਹਰ ਨਾ ਕਰ ਦੇਵੇ| ਲੇਕਿਨ ਕੈਮਰੇ `ਤੇ ਵੀ ਛੇੜਛਾੜ ਕੀਤੀ ਗਈ| ਮੈਟ ਤੇ ਰੈਫਰੀ ਨੂੰ ਲੈ ਕੇ ਨਾਬਾਲਗ ਨੇ ਵਿਰੋਧ ਕੀਤਾ ਤਾਂ ਕਿਹਾ ਗਿਆ ਕਿ ਖੇਡਣਾ ਹੋਵੇਗਾ, ਨਹੀਂ ਤਾਂ ਦੂਸਰੇ ਪਲੇਅਰ ਨੂੰ ਵਾਕ-Eਵਰ ਅਰਥਾਤ ਜੇਤੂ ਘੋਸਿ਼ਤ ਕਰ ਦਿੱਤਾ ਜਾਵੇਗਾ| ਨਾਬਾਲਗ ਦੀ ਜੋ ਵੀਡੀE ਰਿਕਾਰਡਿੰਗ ਹੋ ਰਹੀ ਸੀ ਉਸ ਨੂੰ ਸਵਿਚ-ਆਨ ਸਵਿਚ-ਆਫ ਕੀਤਾ ਜਾ ਰਿਹਾ ਸੀ ਜਿਸ ਨਾਲ ਰਿਕਾਰਡਿੰਗ ਵਿਚ ਗੜਬੜੀ ਹੋਣ ਲੱਗੀ| ਇਹ ਸਭ ਬ੍ਰਿਜ ਭੂਸ਼ਨ ਦੇ ਕਹਿਣ ‘ਤੇ ਕੀਤਾ ਗਿਆ ਕਿਉਂਕਿ ਮੇਰੀ ਬੇਟੀ ਨੇ ਉਸ ਨੂੰ ਯੌਨ-ਇੱਛਾ ਪੂਰਤੀ ਤੋਂ ਇਨਕਾਰ ਕਰ ਦਿੱਤਾ ਸੀ| ਇਸ ਤੋਂ ਜਿ਼ਆਦਾ ਬੁਰੀ ਸਥਿਤੀ ਕੀ ਹੋ ਸਕਦੀ ਹੈ? 2020 ਨੂੰ ਲਖਨਊ ਟਰਾਇਲ ਵਿਚ ਜਦ ਨਾਬਾਲਗ ਪ੍ਰੈਕਟਿਸ ਕਰ ਰਹੀ ਸੀ ਤਾਂ ਬ੍ਰਿਜ ਭੂਸ਼ਨ ਨੇ ਉਸ ਨੂੰ ਪਰਸਨਲੀ ਮਿਲਣ ਲਈ ਕਿਹਾ ਤਾਂ ਨਾਬਾਲਗ ਨੇ ਕਿਹਾ ਕਿ ਵਾਰ ਵਾਰ ਉਸ ਨੂੰ ਇਸ ਤਰੀਕੇ ਨਾਲ ਤੰਗ ਨਾ ਕੀਤਾ ਜਾਵੇ| ਜਦੋਂ 2022 ਵਿਚ ਇਹ ਗੱਲ ਨਿਕਲ ਕੇ ਬਾਹਰ ਆਈ ਤਾਂ ਜੋ ਪਹਿਲਵਾਨ ਜੰਤਰ ਮੰਤਰ ‘ਤੇ ਬੈਠੀਆਂ ਹਨ ਉਨ੍ਹਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਦਾ ਵਿਹਾਰ ਹੋ ਰਿਹਾ ਹੈ, ਜਿਸ ਦਾ ਪੂਰਾ ਕਰੀਅਰ ਤਬਾਹ ਕੀਤਾ ਜਾ ਰਿਹਾ ਹੈ ਤਾਂ ਦੇਸ਼ ਵਿਚ ਕੋਈ ਵੀ ਅੱਗੇ ਨਿਕਲ ਨਹੀਂ ਪਾਏਗਾ; ਨਿਆਂ ਮਿਲਣਾ ਚਾਹੀਦਾ ਹੈ| ਇਸ ਲਈ ਪਹਿਲਵਾਨਾਂ ਨੇ ਆਪਣੇ ਆਪ ਨੂੰ ਲਿਆ ਕੇ ਅੰਦੋਲਨ ਵਿਚ ਖੜ੍ਹਾ ਕਰ ਦਿੱਤਾ|
ਇਹ ਸਾਰੇ ਤੱਥ ਹੁਣ ਖਾਪ ਪੰਚਾਇਤਾਂ ਤੱਕ ਪਹੁੰਚ ਚੁੱਕੇ ਹਨ| ਕੁਸ਼ਤੀ ਵਰਗੀਆਂ ਅਜਿਹੀਆਂ ਜੋ਼ਰ-ਅਜ਼ਮਾਊ ਖੇਡਾਂ ਵਿਚ ਸਿਰਫ ਆਮ ਘਰਾਂ ਦੀਆਂ ਕੁੜੀਆਂ ਆਉਂਦੀਆਂ ਹਨ; ਅਮੀਰ ਘਰਾਂ ਦੀਆਂ ਨਹੀਂ| ਖਾਪ ਪੰਚਾਇਤਾਂ, ਕਿਸਾਨਾਂ-ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਧੀਆਂ ਨੂੰ ਇਨਸਾਫ ਦੁਆਉਣ ਲਈ ਅੱਗੇ ਆਉਣਾ ਹੀ ਪਵੇਗਾ| ਪਦਮ ਭੂਸ਼ਣ ਅਤੇ ਅਜਿਹੇ ਹੋਰ ਸਨਮਾਨ ਕਿਸੇ ਦੀ ਸਿਫਾਰਸ਼ ‘ਤੇ ਦਿੱਤੇ ਜਾਂਦੇ ਹਨ ਅਤੇ ਦੇਸ਼ ਦੀ ਨਹੀਂ ਬਲਕਿ ਅਵਾਰਡੀ ਦੀ ਸ਼ਾਨ ਵਧਾਉਂਦੇ ਹਨ| ਪ੍ਰੰਤੂ ਕੁਸ਼ਤੀ ਵਰਗੀਆਂ ਖੇਡਾਂ ਵਿਚ ਮੈਡਲ ਆਪਣੀ ਮਿਹਨਤ ਅਤੇ ਤਾਕਤ ਦੇ ਜ਼ੋਰ ਜਿੱਤੇ ਜਾਂਦੇ ਹਨ ਅਤੇ ਇਹ ਖਿਡਾਰੀ ਦੇ ਨਾਲ ਨਾਲ ਦੇਸ਼ ਦਾ ਸੰਸਾਰ ਪੱਧਰ ‘ਤੇ ਨਾਮ ਅਤੇ ਸ਼ਾਨ ਉਚਾ ਕਰਦੇ ਹਨ| ਇਸੇ ਲਈ ਇਨ੍ਹਾਂ ਦੀ ਕੀਮਤ ਪਦਮ ਭੂਸ਼ਣ ਵਰਗੇ ਅਵਾਰਡਾਂ ਤੋਂ ਕਿਧਰੇ ਜਿ਼ਆਦਾ ਹੈ| ਇਹ ਸਿਰਫ ਪੰਦਰਾਂ-ਪੰਦਰਾਂ ਰੁਪਏ ਦੇ ਮੈਡਲ ਨਹੀਂ ਬਲਕਿ ਦੇਸ਼ ਦਾ ਮਾਣ ਹਨ; ਵਿਸ਼ਵ ਗੁਰੂ ਸਿਰਫ ਕਹਿ ਦੇਣ ਨਾਲ ਨਹੀਂ ਬਣ ਜਾਣਾ| ਇਨ੍ਹਾਂ ਧੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰੀਏ ਅਤੇ ਇਨ੍ਹਾਂ ਨੂੰ ਇਨਸਾਫ ਦੁਆਈਏ| ਖ਼ਬਰਾਂ ਇਹ ਵੀ ਹਨ ਕਿ ਸਿ਼ਕਾਇਤ ਕਰਨ ਵਾਲੀ ਭਲਵਾਨ ਨੂੰ ਬਹੁਤ ਧਮਕੀਆਂ ਮਿਲ ਰਹੀਆਂ ਹਨ ਜਿਸ ਕਰਕੇ ਉਸ ਨੇ ਸਿ਼ਕਾਇਤ ਵਾਪਸ ਲੈ ਲਈ ਹੈ ਪ੍ਰੰਤੂ ਸਮੱਸਿਆ ਦਾ ਇਹ ਸਹੀ ਹੱਲ ਨਹੀਂ ਹੈ| ਇਨਸਾਫ ਲੈਣ ਲਈ ਲੜਨਾ ਤਾਂ ਪਵੇਗਾ ਹੀ| ਇਹ ਸਭ ਕੁੜੀਆਂ ਦੇ ਭਵਿੱਖ ਦਾ ਸਵਾਲ ਹੈ|