ਲਾਜ ਨੀਲਮ ਸੈਣੀ
ਫੋਨ: 510-502-0051
ਲਾਜ ਨੀਲਮ ਸੈਣੀ ਦੀ ਕਹਾਣੀ ‘ਚੀਸ’ ਅਸਲ ਵਿਚ ਜ਼ਿੰਦਗੀ ਦੇ ਧਰਮ ਸੰਕਟ ਦੀ ਕਹਾਣੀ ਹੈ। ਇਸ ਅੰਦਰ ਸਾਧਾਰਨ ਜਿਊੜਿਆਂ ਦੇ ਉਨ੍ਹਾਂ ਪਲਾਂ ਦੀ ਪੀੜ ਪਰੋਈ ਹੋਈ ਹੈ ਜਿਸ ਦੀਆਂ ਤੰਦਾਂ ਨੂੰ ਖਿੱਚਾਂ ਕਿਸੇ ਹੋਰ ਥਾਂ ਤੋਂ ਪੈਂਦੀਆਂ ਹਨ। ਜਦੋਂ ਇਸ ਬਾਰੇ ਅਹਿਸਾਸ ਉਜਾਗਰ ਹੁੰਦਾ ਹੈ ਤਾਂ ਇਹ ਪੀੜ ਪਹਿਲਾਂ ਨਾਲੋਂ ਹੋਰ ਡੂੰਘੀ ਹੋ ਜਾਂਦੀ ਹੈ ਅਤੇ ਦਿਲਾਂ ਨੂੰ ਪੱਛਦੀ ਚਲੀ ਜਾਂਦੀ ਹੈ।
ਮੈਂ ਪਿਛਲੇ ਹਫ਼ਤੇ ਹੀ ਇੰਡੀਆ ਤੋਂ ਵਾਪਸ ਆਇਆ ਹਾਂ। ਅਜੇ ਤੱਕ *‘ਜੈੱਟ ਲੈਗ’ ‘ਚੋਂ ਬਾਹਰ ਨਹੀਂ ਨਿਕਲਿਆ। ਸੂਰਜ ਦੀਆਂ ਕਿਰਨਾਂ ਲਿਵਿੰਗ ਰੂਮ ਦੇ ਪਰਦੇ ਨੂੰ ਚੀਰਦੀਆਂ ਹੋਈਆਂ, ਦਿਨ ਚੜ੍ਹਨ ਦਾ ਸੰਕੇਤ ਦੇ ਰਹੀਆਂ। ਅੱਧ-ਸੁੱਤਾ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾਂ। ਮਨ ਅੰਦਰ ਇਕ ਕਸ਼ਮਕਸ਼ ਚੱਲ ਰਹੀ ਏ, ‘ਤੀਹ ਸਾਲ ਪਹਿਲਾਂ ਜ਼ਿੰਦਗੀ ਨੇ ਊਠ ਵਾਂਗ ਕਰਵਟ ਲਈ…ਮੈਂ ਅਮਰੀਕਾ ਪਹੁੰਚ ਗਿਆ। ਇੱਥੇ ਪਹੁੰਚਦੇ ਹੀ ਬੋਲ-ਚਾਲ, ਰਹਿਣ-ਸਹਿਣ ਤੇ ਖਾਣ-ਪੀਣ ਸਭ ਬਦਲ ਗਿਆ…। ਸਰਦਾਰਨੀ ਕੁਲਦੀਪ ਕੌਰ ਗੈਸ ਸਟੇਸ਼ਨ ’ਤੇ ਮੈਨੇਜਰ ਹੈ। ਬੇਟੀ ਸੁਖਮਨ ਕੌਰ ‘ਕਾਈਜ਼ਰ ਹਸਪਤਾਲ’ ਵਿਚ ਨਰਸ ਤੇ ਬੇਟਾ ਉਂਕਾਰਪ੍ਰੀਤ ਸਿੰਘ ਵਕੀਲ ਬਣ ਰਿਹਾ। ਆਪ ਵੀ ਪਿਛਲੇ ਦਸ ਸਾਲਾਂ ਤੋਂ ‘ਯੂੂ ਪੀ ਐਸ’ ਕੰਪਨੀ ’ਚ ‘ਡਲਿਵਰੀ’ ਦਾ ਕੰਮ ਕਰ ਰਿਹਾਂ। ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਵਾਹਿਗੁਰੂ ਨੇ। ਇਸ ਦੇ ਬਾਵਜੂਦ ਇੰਡੀਆ ਤੋਂ ਵਾਪਸ ਆ ਕੇ ਮੇਰਾ ਦਿਲ ਧੁਆਂਖਿਆ ਜਿਹਾ ਰਹਿੰਦਾ…।’
ਧੁਆਂਖੇ ਮਨ ਨਾਲ ਹੀ ਕੌਫ਼ੀ ਦਾ ਕੱਪ ਬਣਾ ਕੇ ਸੋਫ਼ੇ ’ਤੇ ਬੈਠ ਗਿਆ ਹਾਂ-
‘ਵਕਤ ਗੁਜ਼ਰਦੇ ਤੇ ਬਦਲਦੇ ਪਤਾ ਹੀ ਨਹੀਂ ਲੱਗਾ। ਕਿਸੇ ਨੇ ਕਿੰਨਾ ਸੱਚ ਕਿਹਾ ਕਿ ਹਰ ਕੰਮ ਦਾ ਸਮਾਂ ਤੇ ਸਥਾਨ ਕੁਦਰਤ ਨੇ ਨਿਸ਼ਚਿਤ ਕੀਤੇ ਹੋਏ ਨੇ। ਮੇਰਾ ਅਮਰੀਕਾ ਆਉਣਾ ਵੀ ਕੁਦਰਤ ਵਲੋਂ ਹੀ ਨਿਸ਼ਚਿਤ ਹੋਵੇਗਾ।’ ਮਨ ਹੀ ਮਨ ਗਿਣਤੀਆਂ ਕਰਦੇ, ‘ਜੈੱਟ ਲੈਗ’ ’ਚੋਂ ਬਾਹਰ ਨਿਕਲਣ ਲਈ ਟੀ ਵੀ ’ਤੇ ‘ਜੱਸ ਪੰਜਾਬੀ’ ਚੈਨਲ ਲਾ ਲਿਐ।
“ਅੱਜ ਦੇਸ਼-ਵਿਦੇਸ਼ ਵਿਚ ‘ਤੀਜਾ ਘੱਲੂਘਾਰਾ ਦਿਵਸ’ ਮਨਾਇਆ ਜਾ ਰਿਹੈ। ਇਸ ਮੌਕੇ ਅਸੀਂ ਪੇਸ਼ ਕਰ ਰਹੇ ਆਂ ਧਾਰਮਿਕ ਕਵੀ ਦਰਬਾਰ!”
‘ਘੱਲੂਘਾਰਾ’ ਸ਼ਬਦ ਸੁਣਦੇ ਹੀ, ਮੇਰੇ ਮਨ ਵਿਚ ਇਕ ਖਲਬਲੀ ਜਿਹੀ ਮਚ ਗਈ ਹੈ। ਸਰੀਰ ਝੂਠਾ ਪੈ ਰਿਹਾ। ਮੈਂ ਆਪਣੇ ਖੂਨ ਦੀ ਹਰਕਤ ਤੇਜ਼ ਕਰਨ ਲਈ ਜਲਦੀ ਨਾਲ ਕੌਫ਼ੀ ਦਾ ਘੁੱਟ ਭਰਦੇ ਹੋਏ ਸੋਚ ਰਿਹਾਂ, ‘ਜ਼ਿੰਦਗੀ ਮੈਨੂੰ ਕਿੱਥੋਂ, ਕਿੱਥੇ ਲੈ ਆਈ…?’
ਕਿੰਨੇ ਭਾਗਾਂ-ਭਰੇ ਦਿਨ ਸਨ…! ਜਦ ਹਾਇਰ ਸੈਕੰਡਰੀ ਦਾ ਨਤੀਜਾ ਆਇਆ। ਮੇਰਾ ਨਾਂ ਮੈਰਿਟ ’ਚ ਸੀ। ਬੀਜੀ ਨੇ ਸਾਰੇ ਪਿੰਡ ’ਚ ਲੱਡੂ ਵੰਡੇ। ਭਾਪਾ ਜੀ ਪਿੰਡ ਦੇ ਸਰਪੰਚ ਹੋਣ ਕਾਰਨ, ਸਾਰਾ ਪਿੰਡ ਵਧਾਈਆਂ ਦੇਣ ਢੁੱਕਿਆ। ਮੈਂ ਖ਼ੁਸ਼ੀ ਨਾਲ ਖੀਵੇ ਹੋਏ ਨੇ ਡੀ ਏ ਵੀ ਕਾਲਜ ਦਸੂਹੇ ਦਾਖ਼ਲਾ ਲੈ ਲਿਆ…। ਹਰ ਰੋਜ਼ ਆਪਣੇ ਪਿੰਡ ‘ਕੈਥਾਂ’ ’ਤੋਂ ਸਾਈਕਲ ਚਲਾ ਕੇ ਕਾਲਜ ਪਹੁੰਚਦਾ।
ਮੇਰਾ ਪਹਿਲਾ ਪੀਰੀਅਡ ਅੰਗਰੇਜ਼ੀ ਦਾ ਲੱਗਦਾ ਅਤੇ ਦੂਜਾ ਵਿਹਲਾ ਹੁੰਦਾ। ਮੈਂ ਆਪਣੇ ਦੋਸਤਾਂ ਰਣਜੀਤ ਸਿੰਘ ਅਤੇ ਸਰਬਜੀਤ ਸਿੰਘ ਨਾਲ ਗਰਾਊਂਡ ਵਿਚ ਬੈਂਚ ਉੱਪਰ ਜਾ ਬੈਠਦਾ। ਮੈਨੂੰ ਕਵਿਤਾਵਾਂ ਪੜ੍ਹਨ ਅਤੇ ਸੁਣਾਉਣ ਦਾ ਬਹੁਤ ਸ਼ੌਕ ਸੀ। ਦੋਸਤ ਮੇਰੇ ਦੁਆਲੇ ਘੇਰਾ ਘੱਤ ਕੇ ਖੜ੍ਹ ਜਾਂਦੇ। ਮੈਂ ਆਪਣੀ ਤੁਕਬੰਦੀ ਨਾਲ ਉਨ੍ਹਾਂ ਨੂੰ ਹਸਾਉਂਦਾ। “ਇਕ ਹੋਰ-ਇਕ ਹੋਰ! ਆਉਣ ਦੇ ਯਾਰ!” ਉਹ ਤਾੜੀਆਂ ਵਜਾਉਂਦੇ ਹੋਏ ਅਸਮਾਨ ਸਿਰ ’ਤੇ ਚੁੱਕ ਲੈਂਦੇ। ਅਗਲੇ ਪੀਰੀਅਡ ਦੀ ਘੰਟੀ ਵੱਜਣ ’ਤੇ ਮੁੜ ਕਲਾਸ ਲਾਉਣ ਚਲੇ ਜਾਂਦੇ…।
ਟੀ ਵੀ ਵਲੋਂ ਬੇਧਿਆਨੇ ਹੋ, ਕੌਫ਼ੀ ਦਾ ਇਕ ਹੋਰ ਘੁੱਟ ਭਰਦੇ ਹੋਏ ਯਾਦਾਂ ਦੇ ਖੰਭਾਂ ’ਤੇ ਚੜ੍ਹ ਇਕ ਲੰਮੀ ਉਡਾਣ ਭਰੀ ਹੈ-
ਸੱਜੇ ਹੱਥ ਵਿਚ ਕਿਤਾਬਾਂ ਫੜੀ ਦਸੂਹੇ ਕਾਲਜ ਦੇ ਮੇਨ ਗੇਟ ਕੋਲ ਪਹੁੰਚ ਗਿਆਂ। ਉਸ ਦਿਨ ਅਸੀਂ ਇੱਥੇ ਹੀ ਖੜ੍ਹੇ ਆਉਂਦੀਆਂ-ਜਾਂਦੀਆਂ ਕੁੜੀਆਂ ਨੂੰ ਦੇਖ-ਦੇਖ ਕੇ ਖ਼ੁਸ਼ ਹੋ ਰਹੇ ਸੀ। ਮੈਂ ਦੋਸਤਾਂ ਦੇ ਘੇਰੇ ਵਿਚ ਖੜ੍ਹਾ, ਖੱਬਾ ਹੱਥ ਕੰਨ ‘ਤੇ ਰੱਖ ਅਤੇ ਸੱਜੀ ਬਾਂਹ ਉੱਪਰ ਚੁੱਕ ਲੰਮੀ ਹੇਕ ਨਾਲ ਗਾ ਰਿਹਾ ਸੀ-
ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ
ਅੱਲਾ ਬਿਸਮਿਲਾ ਤੇਰੀ ਜੁਗਨੀ
ਅਚਾਨਕ ਸਿੱਖ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਹਰਨਾਮ ਸਿੰਘ ਖਾਲਸਾ ਨੇ ਆ ਕੇ ਕਿਹਾ, “ਯਾਰ ਆਹ ਕੀ ‘ਜੁਗਨੀਆਂ’ ਦੇ ਚੱਕਰਾਂ ’ਚ ਪਏ ਰਹਿੰਨੇ ਆਂ। ਸਾਡੇ ਸਾਹਮਣੇ ਕਿੱਡਾ ਵੱਡਾ ਮਸਲਾ ਪਿਆ। ਸਾਡੀ ਕੌਮ ਦੇਸ਼ ਲਈ ਕੁਰਬਾਨੀਆਂ ਕਰਦੀ ਮਰ ਗਈ।ਅਸੀਂ ਰੲ੍ਹੇ ਗ਼ੁਲਾਮ ਦੇ ਗ਼ੁਲਾਮ। ਹਿੰਦ ਸਰਕਾਰ ਸਾਡੇ ’ਨਾ ਮਤ੍ਰੇਈ ਮਾਂ ਵਾਲਾ ਸਲੂਕ ਕਰਦੀ ਆ। ਸਾਨੂੰ ਅੱਜ ਤੱਕ ਦਿੱਤਾ ਈ ਕੀ? ਪੜ੍ਹੇ-ਲਿਖੇ ਸਭ ਬੇਰੁਜ਼ਗਾਰ ਤੁਰੇ-ਫਿਰਦੇ…। ਹੱਦ ਹੋ ਗਈ ਯਾਰ! ਹੁਣ ਤਾਂ ਪੰਥ ਨੂੰ ਵੀ ਹਰ ਤਰ੍ਹਾਂ ਖਤਰਾ। ਧਰਮਾਂ ਤੋਂ ਨਿਰਪੱਖ ਰਹਿਣ ਦੀਆਂ ਨੀਤੀਆਂ ਦਾ ਢੰਡੋਰਾ ਪੁੱਟਣ ਆਲੀ ਕੇਂਦਰ ਸਰਕਾਰ ਕੋਲ ਸਾਡੇ ਲਈ ਹੈ ਈ ਕੁਛ ਨ੍ਹੀਂ? ਸਾਡੀ ਵਾਰੀ ਖਾਲੀ ਪਤੀਲਾ ਖੜਕਦਾ। ਬੱਸ ਬੌਤ੍ਹ ਹੋ ਗਿਆ। ਲੱਗਦਾ ਵੱਖਰਾ ਰਾਜ-ਭਾਗ ਬਣਾਉਣਾ ਈਂ ਪੈਣਾਂ। ਜਨਤਾ ਨੂੰ ਜਾਗ੍ਰਿਤ ਕਰਨਾ, ਸਾਡਾ ਨੈਤਿਕ ਫ਼ਰਜ਼ ਬਣਦਾ ਯਾਰੋ!”
ਪ੍ਰਧਾਨ ਦੀਆਂ ਗੱਲਾਂ ਮੇਰੀ ਰੂਹ ਨੂੰ ਝੰਜੋੜ ਗਈਆਂ। ਮੈਂ ਖੜ੍ਹੇ ਹੋ ਕੇ ਹੱਥ ਜੋੜੇ, “ਪ੍ਰਧਾਨ ਜੀ! ਹੁਕਮ ਕਰੋ! ਸੇਵਾ ’ਚ ਹਾਜ਼ਰ ਆਂ।”
“…ਤਾਂ ਫਿਰ ਗੁਰਜੋਤ ਸਿੰਘ ਜੀ ਲਿਖੋ ਇਕ ਵਧੀਆ ਜੲ੍ਹੀ ਸਿੱਖੀ ਦੀ ਮਹਿਮਾ ਗਾਉਂਦੀ ਕਵਿਤਾ। ਸਭ ਤੋਂ ਪਹਿਲੀ ਗੱਲ ਅੰਮ੍ਰਿਤ ਛਕੋ! ਸਿੰਘ ਸਜੋ! ਆਪਾਂ ਚੱਲਾਂਗੇ ਸ਼ਨੀਵਾਰ ਹਰਿਮੰਦਰ ਸਾਹਿਬ। ਦੀਵਾਨ ’ਚ ਸੰਤਾਂ ਦੇ ਵਿਚਾਰ ਸੁਣਾਂਗੇ। ਤੁਅ੍ਹਾਨੂੰ ਵੀ ਕਵਿਤਾ ਜਾਂ ਗੀਤ ਸੁਣਾਉਣ ਦਾ ਮੌਕਾ ਦਿੱਤਾ ਜਾਊਗਾ।”
“ਮੈਂ ਤੀਜੇ ਘੱਲੂਘਾਰੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਤਿ ਕਵਿਤਾ ‘ਸਿੱਖੀ ਦਾ ਬੂਟਾ’ ਪੇਸ਼ ਕਰ ਰਿਹਾਂ।” ਅਚਾਨਕ ਟੀ ਵੀ ’ਤੇ ਬੋਲ ਰਹੇ ਕਵੀ ਨੇ ਮੇਰਾ ਧਿਆਨ ਖਿੱਚਿਐ-
‘ਭਲਾ ਮੈਂ ਅੱਜ ਇਸ ਕਵੀ ਦਰਬਾਰ ’ਚ ਸ਼ਾਮਿਲ ਕਿਉਂ ਨ੍ਹੀਂ ਹੋ ਸਕਿਆ? ਮਨ ਦੇ ਸ਼ੀਸ਼ੇ ਦੇ ਸਨਮੁਖ ਹੁੰਦੇ ਹੀ ਮੈਨੂੰ ਯਾਦ ਆ ਰਿਹਾ, ਕਿੰਨੇ ਚਾਅ ਨਾਲ ਊਸ਼ਾ ਦੀ ਚੜ੍ਹਦੀ ਟਿੱਕੀ ਦਾ ਨਿੱਘ ਮਾਣਦੇ ਹੋਏ, ਅਸੀਂ ਕੇਸਰੀ ਦਸਤਾਰਾਂ ਸਜਾ ਕੇ ਦੀਵਾਨ ਵਿਚ ਪਹੁੰਚੇ ਸੀ। ਮੇਰਾ ਦਿਲ ਸੰਤਾਂ ਦੇ ਦਰਸ਼ਨ ਕਰਨ ਲਈ ਬੇਚੈਨ ਸੀ। ਉਹ ਤਾਂ ਉਸ ਦਿਨ ਆਏ ਹੀ ਨਹੀਂ। ਪ੍ਰਧਾਨ ਹਰਨਾਮ ਸਿੰਘ ਖਾਲਸਾ ਨੇ ਸਾਨੂੰ ਦੱਬਵੀਂ ਜ਼ੁਬਾਨ ਵਿਚ ਦੱਸਿਆ ਕਿ ਸਰਕਾਰ ਹਰਿਮੰਦਰ ਸਾਹਿਬ `ਤੇ ਹਮਲਾ ਕਰਨ ਦੀ ਤਿਆਰੀ ਵਿਚ ਆ। ਮੇਰੇ ਮਨ ਵਿਚ ਰੋਸ ਦੇ ਨਾਲ ਰੋਹ ਜਾਗਿਆ। ਲੰਗਰ ਹਾਲ ਵਿਚ ਪ੍ਰਧਾਨ ਨੇ ਮੇਰੀ ਮੁਲਾਕਾਤ ਭਾਈ ਹਰਦੇਵ ਸਿੰਘ ਨਾਲ ਕਰਵਾਈ। ਕੇਸਰੀ ਦਸਤਾਰ, ਚਿੱਟੀ ਕਮੀਜ਼ ਤੇ ਪ੍ਰਭਾਵਸ਼ਾਲੀ ਆਵਾਜ਼ ਵਾਲੀ ਛਬੀ ਮੇਰੇ ਦਿਲ ਵਿਚ ਵਸ ਗਈ। ਅਸੀਂ ਲੰਗਰ ਹਾਲ ਵਿਚ ਇਕ ਕੋਨਾ ਮੱਲ ਕੇ ਬੈਠ ਗਏ। ਸਿੱਖ ਸੰਘਰਸ਼ ਬਾਰੇ ਚੱਲ ਰਹੀ ਗੱਲਬਾਤ ਦਾ ਸਿਲਸਿਲਾ ਇੰਨਾ ਗੰਭੀਰ ਤੇ ਲੰਮਾ ਹੋ ਗਿਆ ਕਿ ਦਿਨ ਢਲਦੇ ਦਾ ਪਤਾ ਹੀ ਨਾ ਲੱਗਾ। ਸਾਡਾ ਸਾਰਾ ਧਿਆਨ ਇਸ ਨਵੇਂ ਮਸਲੇ ਨੇ ਖਿੱਚ ਲਿਆ। ਉਫ਼! ਮੇਰੀ ਅੰਮ੍ਰਿਤ ਛਕਣ ਦੀ ਚਾਹ ਵੀ ਉਸ ਦਿਨ ਅਧੂਰੀ ਰਹਿ ਗਈ…।’
ਅਸੀਂ ਕਾਲਜ ਪਹੁੰਚ ਕੇ ਰੋਸ ਮਾਰਚ ਕੀਤਾ। ਮੈਂ ਸਭ ਤੋਂ ਅੱਗੇ ਬਾਂਹ ਉਲਾਰ ਕੇ ਨਾਰ੍ਹੇ ਲਾ ਰਿਹਾ ਸੀ-
“ਗੁਰੂ ਘਰ ਵਿਚ ਪੁਲਿਸ ਜੇ ਵਾੜੀ, ਫ਼ੂਕ ਦਿਆਂਗੇ ਦਿੱਲੀ ਸਾਰੀ…।”
ਪਿੰਡ ਵਿਚੋਂ ਲੱਗਦੇ ਤਾਏ ਗੁਰਨਾਮ ਦੀ ਕੁੜੀ ਹਰਦੀਸ਼ ਨੇ ਘਰ ਜਾ ਕੇ ਭਾਪਾ ਜੀ ਤੇ ਬੀਬੀ ਜੀ ਨੂੰ ਮੇਰੇ ਨਾਰ੍ਹੇ ਲਾਉਣ ਦੀ ਖ਼ਬਰ ਦੇ ਦਿੱਤੀ। ਮੈਂ ਘਰ ਪਹੁੰਚਿਆ ਤਾਂ ਸਾਡੇ ਘਰ ਵਿਚ ਸੋਗ ਪਿਆ ਹੋਇਆ ਸੀ।
“ਕਾਕਾ ਗੁਰਜੋਤ ਸਿੰਘ! ਅਸੀਂ ਤਾਂ ਕਾਲਜ ਤੈਨੂੰ ਪੜ੍ਹਨ ਭੇਜਦੇ ਆਂ।” ਬੀਬੀ ਦੀਆਂ ਅੱਖਾਂ ਨਮ ਹੋ ਗਈਆਂ ਸੀ।
ਭਾਪਾ ਜੀ ਗੁੱਸੇ ’ਚ ਕਦੇ ਬੀਬੀ ਵੱਲ ਤੇ ਕਦੇ ਮੇਰੇ ਵੱਲ ਦੇਖ ਰਹੇ ਸਨ।
“ਬੀਬੀ! ਮੇਰੀ ਗ਼ਲਤੀ ਆ ਕਿ ਮੈਂ ਤੁਅ੍ਹਾਨੂੰ ਦੱਸਿਆ ਨ੍ਹੀਂ ਪਰ ਮੈਂ ਕੋਈ ਗ਼ਲਤ ਕੰਮ ਥੋੜ੍ਹੋ ਕਰ ਰਿਅ੍ਹਾਂ। ਅਸੀਂ ਆਪਣਾ ਹੱਕ ਈ ਮੰਗਦੇ ਆਂ। ਨਾਲੇ ਹੁਣੇ ਦੱਸ ਦਾਂ, ਮੈਂ ਤਾਂ ਹੁਣ ਅੰਮ੍ਰਿਤ ਵੀ ਛਕਣਾ!”
ਭਾਪਾ ਜੀ ਉੱਚੀ ਆਵਾਜ਼ ’ਚ ਬੋਲੇ, “ਅੰਮ੍ਰਿਤ ਛਕਣਾ ਤਾਂ ਬੌਤ੍ਹ ਚੰਗੀ ਗੱਲ ਆ ਪੁੱਤਰਾ ਪਰ ਰਹਿਤ ਮਰਿਯਾਦਾ ਨਿਭਾਉਣੀ ਬੌਤ੍ਹ ਮੁਸ਼ਕਿਲ। ਚੰਗੀ ਤਰ੍ਹਾਂ ਸੋਚ ਲਾ। ਨਿਭਾਅ ਲਏਂਗਾ?”
“ਪੂਰਾ ਨਿਭਾਊਂਗਾ ਭਾਪਾ ਜੀ! ਤੁਸੀਂ ਚਿੰਤਾ ਨਾ ਕਰੋ…।”
ਅਸੀਂ ਪਿੰਡਾਂ ਵਿਚ ਜਲਸੇ ਕਰਨੇ ਸ਼ੁਰੂ ਕਰ ਦਿੱਤੇ। ਗੁਰੂ ਘਰਾਂ ’ਚ ਜਾ ਕੇ ਦੀਵਾਨ ਸਜਾ ਕੇ ਸੰਗਤ ਨੂੰ ਆਪਣੇ ਮਿਸ਼ਨ ਅਤੇ ਫ਼ਲਸਫ਼ੇ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀ। ਇਕ ਦਿਨ ਮੈਂ ਪਿੰਡ ‘ਤਲਵੰਡੀ ਸੱਲਾਂ’ ਦੇ ਇਕੱਠ ਨੂੰ ਆਪਣੀ ਕਵਿਤਾ ਰਾਹੀਂ ਜਾਗ੍ਰਿਤ ਕਰ ਰਿਹਾ ਸੀ-
ਮੁਆਫ਼ ਕਰਨਾ!
ਅੱਜ ਅਸੀਂ ਸਿੱਧੇ ਮੁਖਾਤਿਬ ਹਾਂ ਹਜ਼ੂਰ
ਜਨ-ਗਣ-ਮਨ ਅਸੀਂ ਨਹੀਂ ਗਾ ਸਕਦੇ
ਮਤਾਂ ‘ਗਣ’ ਨੂੰ ਤੁਸੀਂ ‘ਗਨ’
ਸਮਝ ਬੈਠੋ
ਜਿਸਦਾ ਅਰਥ ਬੰਦੂਕ ਹੈ
ਤੁਹਾਡੇ ਸ਼ਬਦ ਕੋਸ਼ ਵਿਚ
ਤੇ ਡਰ ਹੈ ਕਿਧਰੇ
ਅਸੀਂ ਫਸ ਨਾ ਜਾਈਏ
ਕਤਲ ਕੇਸ ਦੇ ਦੋਸ਼ ਵਿਚ…।
ਮੈਂ ਸਾਹਮਣੇ ਦੇਖਿਐ। ਟੀ ਵੀ ‘ਤੇ ਅਗਲਾ ਕਵੀ ‘ਸ਼ਹਾਦਤ’ ਕਵਿਤਾ ਪੇਸ਼ ਕਰਨ ਲੱਗ ਪਿਆ। ਮੇਰੀ ਉਹ ਕਵਿਤਾ ਵੀ ਅਜੇ ਤੱਕ ਮੇਰੇ ਨਾਲ਼-ਨਾਲ਼ ਚੱਲ ਰਹੀ ਆ। ਉਸ ਦਿਨ ਅਜੇ, ਕਵਿਤਾ ਬੋਲ ਹੀ ਰਿਹਾ ਸੀ ਕਿ ਪੁਲਿਸ ਦੀ ਦਗੜ-ਦਗੜ ਦੀ ਆਵਾਜ਼ ਆਈ। ਜਲਸਾ ਖਿੰਡ ਗਿਆ। ਪੁਲਿਸ ਹੱਥ ਕੜੀ ਲਾ ਕੇ ਥਾਣੇ ਲੈ ਗਈ…।
ਮੈਨੂੰ ਹੁਸ਼ਿਆਰਪੁਰ ਦੇ ਥਾਣੇ ਲਿਜਾ ਕੇ ਸੀਖਾਂ ਵਾਲੀ ਕੋਠੜੀ ’ਚ ਸੁੱਟ ਦਿੱਤਾ। ਭਾਪਾ ਜੀ ਆਪਣਾ ਰਸੂਖ ਵਰਤ ਕੇ ਮੈਨੂੰ ਦੋ ਦਿਨਾਂ ਬਾਅਦ ਹੀ ਘਰ ਲੈ ਆਏ। ਬੀਬੀ ਨੇ ਮੰਜਾ ਮੱਲ ਲਿਆ। ਭਾਪਾ ਜੀ ਹਰ ਵਕਤ ਮੇਰੀ ਰਾਖੀ ਕਰਨ ਲੱਗੇ। ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ। ਪੰਜਾਬ ਦੇ ਹਾਲਾਤ ਦਿਨੋਂ-ਦਿਨ ਖ਼ਰਾਬ ਹੋਣ ਲੱਗੇ। ਲੋਕ ਮੂੰਹ-ਨੇਰ੍ਹੇ ਬਾਹਰ ਨਿਕਲਣੋਂ ਘਬਰਾਉਣ ਲੱਗ ਪਏ। ਘਰ ਦਾ ਕੋਈ ਜੀਅ ਸਵੇਰ ਦਾ ਗਿਆ ਜ਼ਰਾ ਕੁਵੇਲਾ ਕਰ ਦਿੰਦਾ ਤਾਂ ਸਾਰੇ ਟੱਬਰ ਦੇ ਸਾਹ ਸੁੱਕ ਜਾਂਦੇ…। ਚੁੱਲ੍ਹੇ ਅੱਗ ਨਾ ਬਲਦੀ। ਹਰ ਰੋਜ਼ ਅਖ਼ਬਾਰਾਂ ਦੰਗੇ-ਫ਼ਸਾਦਾਂ ਦੀਆਂ ਸੁਰਖੀਆਂ ਨਾਲ ਭਰਨ ਲੱਗੀਆਂ…।
ਕੇਂਦਰ ਸਰਕਾਰ ਨੇ ਸਿੱਖ ਕੌਮ ਤੇ ਪੰਜਾਬ ਦੀਆਂ ਹੱਕੀ ਮੰਗਾਂ ਤਾਂ ਕੀ ਮੰਨਣੀਆਂ ਸੀ, ਉਲਟਾ ਹਿੰਦੁਸਤਾਨੀ ਫ਼ੌਜਾਂ ਨੇ ਪੰਜਾਬ ਅਤੇ ਦਰਬਾਰ ਸਾਹਿਬ ਸਮੂਹ ਉੱਤੇ ਜੂਨ 1984 ਨੂੰ ਮਸ਼ੀਨ ਗਨਾਂ, ਟੈਂਕਾਂ, ਅਗਨੀ ਬੰਬਾਂ ਆਦਿ ਨਾਲ ਹਮਲਾ ਕਰ ਦਿੱਤਾ। ਪੂਰੇ ਪੰਜਾਬ ਵਿਚ ਕਰਫਿਊ ਲੱਗ ਗਿਆ। ਅਸਲ ਵਿਚ ਇਹ ਹਮਲਾ ਮੇਰੇ ਵਰਗੇ ਹਰ ਸਿੱਖ ਦੇ ਮਨ ਮੰਦਿਰ ’ਤੇ ਹੋਇਆ…।
ਉਸ ਦਿਨ ਅਸੀਂ ਟੀ ਵੀ ਤੋਂ ਸਾਢੇ ਸੱਤ ਵਾਲੀਆਂ ਖ਼ਬਰਾਂ ਦੇਖ ਰਹੇ ਸੀ। ਸਰੋਵਰ ਵਿਚ ਮਿਲ ਰਹੇ ਸ਼ਹੀਦਾਂ ਦੇ ਖੂਨ ਨੇ ਮੇਰਾ ਖੂਨ ਖੌਲਣ ਲਾ ਦਿੱਤਾ। ਦਰਸ਼ਨ ਕਰਨ ਆਈ ਸ਼ਰਧਾਲੂ ਸੰਗਤ: ਬੱਚੇ, ਜਵਾਨ, ਧੀਆਂ-ਭੈਣਾਂ ਅਤੇ ਬਜ਼ੁਰਗਾਂ ’ਤੇ ਵਰ੍ਹ ਰਿਹਾ ਗੋਲੀਆਂ ਦਾ ਮੀਂਹ ਮੇਰਾ ਸਿਰ ਪਾੜ ਗਿਆ। ਅਸਮਾਨ ਨੂੰ ਛੋਂਹਦਾ ਬਰੂਦ ਦਾ ਧੂੰਆਂ ਫੇਫੜਿਆਂ ਵਿਚ ਵੜ ਕੇ ਦਮ ਘੁੱਟ ਗਿਆ। ਪਵਿੱਤਰ ਗਰੰਥਾਂ ’ਤੇ ਚੱਲ ਰਹੀਆਂ ਗੋਲੀਆਂ ਕਾਲਜੇ ਵਿਚ ਠਾਹ-ਠਾਹ ਛੇਕ ਕਰ ਗਈਆਂ। ਅਕਾਲ ਤਖਤ ਦੀ ਢਹਿ ਢੇਰੀ ਹੋ ਰਹੀ ਇਮਾਰਤ ਦਾ ਮਲਬਾ ਦਿਲ ਉੱਤੇ ਕਬਰ ਬਣਾ ਗਿਆ। ਮੇਰੀਆਂ ਅੱਖਾਂ ਵਿਚੋਂ ਗੰਧਕ ਦੇ ਚਸ਼ਮੇ ਫੁੱਟ ਪਏ। ਇਹ ਖ਼ਬਰਾਂ ਮੈਨੂੰ ਸਿਰ ’ਤੇ ਕੱਫਣ ਬੰਨ੍ਹਣ ਲਈ ਮਜਬੂਰ ਕਰ ਗਈਆਂ। ਮੈਂ ਪ੍ਰਧਾਨ ਹਰਨਾਮ ਸਿੰਘ ਖਾਲਸਾ ਨੂੰ ਮਿਲਣ ਦੀਆਂ ਤਰਕੀਬਾਂ ਘੜੀਆਂ…।
ਪੰਜਾਬ ਵਿਚੋਂ ਕਰਫਿਊ ਤਾਂ ਹਟਾ ਲਿਆ ਗਿਆ ਪਰ ਸਿੱਖਾਂ ਦੇ ਦਿਲਾਂ ਵਿਚ ਦਹਿਸ਼ਤ ਫੈਲਾਉਣ ਲਈ ਪੁਲਿਸ ਨੇ ਖਾੜਕੂਆਂ ਦੇ ਟਿਕਾਣਿਆਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਮੇਰੇ ਘਰ ਦੇ ਮੇਰਾ ਵਸਾਹ ਨਹੀਂ ਸੀ ਖਾਂਦੇ। ਉਹ ਮੈਨੂੰ ਇਕੱਲਾ ਹੋਣ ਦਾ ਮੌਕਾ ਨਾ ਦਿੰਦੇ। ਜਿਵੇਂ-ਕਿਵੇਂ, ਮੈਂ ਉਨ੍ਹਾਂ ਨੂੰ ਚਕਮਾ ਦੇ ਕੇ ਦੋ ਵਾਰੀ ਭਾਈ ਹਰਦੇਵ ਸਿੰਘ ਨੂੰ ਮਿਲ ਆਇਆ। ਭਾਈ ਸਾਹਿਬ ਦੇ ਪਿੱਛੇ ਪੁਲਿਸ ਹੱਥ ਧੋ ਕੇ ਪਈ ਹੋਈ ਸੀ। ਇਕ ਰਾਤ ਮੈਂ ਆਪਣੇ ਚੁਬਾਰੇ ਉਤੋਂ ਛਾਲ ਮਾਰ ਕੇ ਉਨ੍ਹਾਂ ਨੂੰ ਮਿਲਣ ਗਿਆ। ਉਨ੍ਹਾਂ ਮੇਰੇ ਨਾਲ ਇਕ ਵੱਡੀ ਵਾਰਦਾਤ ਕਰਨ ਦੀ ਸਕੀਮ ਬਣਾਈ। ਉਸ ਰਾਤ ਉਹ ਮੈਨੂੰ ਦਸੂਹੇ ਵੱਲ ਲੈ ਗਏ। ਰਸਤੇ ਵਿਚ ਦੱਸਣ ਲੱਗੇ, “ਅੱਜ ਰਾਤ ਮੈਂ ਸਿੰਘਣੀ ਸਤਵੀਰ ਕੌਰ ਕੋਲ ਠਹਿਰਨਾ। ਉਹਦੀ ਕੋਈ ਡਿਊਟੀ ਲਾਉਣ ਜਾਣਾਂ। ਉਹਦੇ ਮਾਂ-ਬਾਪ ‘ਖ਼ਾਨ ਪੁਰ ਸਹੋਤੇ’ ਵਿਆਹ ਗਏ ਹੋਏ ਆ। ਉਹ ਤੇ ਉਹਦੀ ਛੋਟੀ ਭੈਣ ਈਂ ਘਰ ਹੋਣਗੀਆਂ।”
“ਭਾਈ ਸਾਹਿਬ ਜੀ! ਗੁੱਸਾ ਨਾ ਕਰਿE। ਉਹਦੇ ਕੋਲ ਘੱਟ ਜਾਇਆ ਕਰੋ। ਮੈਨੂੰ ਠੀਕ ਨ੍ਹੀਂ ਲੱਗਦਾ।”
“ਹਾ-ਹਾ-ਹਾ! ਬਈ ਉਹ ਤਾਂ ਆਪਣੀ ਸਿੰਘਣੀ ਭੈਣ ਆਂ। ਪੰਥ ਦੀ ਰੂਹ। ਔਰਤ ਹੋ ਕੇ ਵੀ ਸੰਘਰਸ਼ ਕਰ ਰੲ੍ਹੀ ਆ। ਮੈਂ ਉਹਨੂੰ ਇਕ ਵਾਰੀ ਕਿਅ੍ਹਾ ਸੀ ਕਿ ਕਿਸੇ ਸਿੱਖ ਨਾਲ ਅਨੰਦ ਕਰਵਾ ਲਾ। ਕਹਿੰਦੀ ਹੁਣ ਤਾਂ ਖਾਲਸੇ ਦੀ ਜਿੱਤ ਤੋਂ ਬਾਅਦ ਈ ਕਰਵਾਊਂਗੀ।”
ਮੈਂ ਚੁੱਪ ਕਰ ਗਿਆ ਪਰ ਭਾਈ ਸਾਹਿਬ ਮੁੜ ਬੋਲੇ, “ਚੱਲ ਹੁਣ ਤੂੰ ਵਾਪਸ ਜ੍ਹਾ। ਧਿਆਨ ’ਨਾ ਜਾਈਂ ਸਿੰਘਾ…।”
ਉਸ ਰਾਤ ਪਿੰਡ ਪਹੁੰਚ ਕੇ ਘਰ ਦੀ ਕੰਧ ਟੱਪ ਕੇ ਦੱਬੇ ਪੈਰੀਂ ਚੁਬਾਰੇ ਵਿਚ ਜਾ ਕੇ ਸੌਂ ਗਿਆ ਸੀ। ਤੜਕੇ ਕੁੱਕੜ ਦੀ ਬਾਂਗ ਨਾਲ ਅੱਖ ਖੁੱਲ੍ਹੀ…।
ਮੈਂ ਸੱਚਮੁਚ ਅੱਖ ਝਪਕੀ ਏ। ਬੈਂਕ ਆਫ ਅਮਰੀਕਾ ਤੋਂ ਫੋਨ ਆ ਰਿਹਾ ਪਰ ਮੇਰੀ ਸੁਤਾ ਤਾਂ ਕਿਤੇ ਹੋਰ ਈ ਲੱਗੀ ਹੋਈ ਹੈ। ਮੈਂ ਫੋਨ ਵਲੋਂ ਬੇਧਿਆਨਾ ਹੋ ਕੇ ਮੁੜ ਟੀ ਵੀ ਵੱਲ ਦੇਖਦਾ ਹਾਂ। ਕਵੀ ਦਰਬਾਰ ਦਾ ਪ੍ਰਸਾਰਣ ਅੰਤਿਮ ਚਰਨ ’ਤੇ ਵੀ ਪਹੁੰਚ ਗਿਆ। ਇਕ ਹੋਰ ਕਵੀ ਵਲੋਂ ਕਵਿਤਾ ਪੇਸ਼ ਕੀਤੀ ਜਾ ਰਹੀ ਏ ‘ਹਾਦਸਿਆਂ ਦਾ ਮੌਸਮ’। ਮੇਰਾ ਦਿਮਾਗ ਵੀ ਤਾਂ ਅਜੇ ਤੱਕ ਉਸ ਹਾਦਸੇ ਵਿਚੋਂ ਬਾਹਰ ਨਹੀਂ ਨਿਕਲ ਰਿਹਾ। ਉਹ ਹੀ ਹਾਦਸਾ ਜਿਸ ਨੇ ਮੇਰੀ ਰੂਹ ਵਿੰਨ੍ਹ ਕੇ ਰੱਖ ਦਿੱਤੀ। ਇਹ ਕੀ ਹੋਇਆ? ਕਿਉਂ ਹੋਇਆ? ਕਿਵੇਂ ਹੋਇਆ? ਕੌਣ ਜ਼ਿੰਮੇਵਾਰ ਸੀ? ਸਰਕਾਰ ਜਾਂ ਸਿੱਖ ਕੌਮ…?
ਉਹ ਦਿਨ ਸੱਚਮੁਚ ਹੀ ਮਨਹੂਸ ਸੀ। ਅਜੇ ਚਾਹ ਦਾ ਕੱਪ ਪੀ ਕੇ ਬੀਬੀ ਨੂੰ ਧੋਣ ਲਈ ਫੜਾਇਆ ਹੀ ਸੀ ਕਿ ਬਾਹਰੋਂ ਪਟਵਾਰੀ ਚਾਚਾ ਹਫ਼ਿਆ ਹੋਇਆ ਆਇਆ, “ਗੁਰਜੋਤ! ਆਹ ਹੋਰ ਭਾਣਾ ਵਰਤ ਗਿਆ Eਏ! ਭਾਈ ਹਰਦੇਵ ਸਿੰਘ ਨੂੰ ਪੁਲਿਸ ਨੇ ਮੁਕਾਬਲਾ ਬਣਾ ਕੇ ਸ਼ਹੀਦ ਕਰ ’ਤਾ…।”
“ਕੀ?” ਮੇਰਾ ਮੂੰਹ ਅੱਡਿਆ ਹੀ ਰਹਿ ਗਿਆ।
“ਕਾਕਾ ਗੁਰਜੋਤਿਆ ਇਹ ਖ਼ਬਰ ਤਾਂ ਪਿੰਡ ’ਚ ਜੰਗਲ ਦੀ ਅੱਗ ਆਂਗ ਫੈਲੀ ਹੋਈ ਆ?”
ਬੀਬੀ ਖ਼ਬਰ ਸੁਣਦੇ ਹੀ ਬਹੁਤ ਗੁੱਸੇ ’ਚ ਆ ਗਈ। ਉਸ ਦੀਆਂ ਅੱਖਾਂ ’ਚ ਡੋਰੇ ਉੱਤਰ ਆਏ। ਚਾਚਾ ਮਿਹਰ ਸਿੰਘ ਵਿਹੜੇ ’ਚ ਖੜ੍ਹਾ ਕਹਿ ਰਿਹਾ ਸੀ,”ਪੁਲਿਸ ਮੁਕਾਬਲਾ ਝੂਠੀ ਕਹਾਣੀ ਆਂ…।”
ਇਹ ਸੁਣਦੇ ਹੀ ਮੈਂ ਵੀ ਚੁੱਪ-ਚਾਪ ਕੰਬਲ ਦੀ ਝੁੰਬ ਮਾਰ ਕੇ ਬੀਬੀ ਦੇ ਪਿੱਛੇ-ਪਿੱਛੇ ਜਾ ਕੇ ਮੁਕਾਬਲੇ ਵਾਲੀ ਥਾਂ ਦੇਖੀ। ਸੜਕ ਤੋਂ ਦੂਰ ਲਹਿੰਦੇ ਪਾਸੇ ਇਕ ਖੇਤ ਦੀ ਵੱਟ ’ਤੇ ਖਿੱਲਰੇ ਕੇਸੀਂ ਕੜੀ ਵਰਗਾ ਜਵਾਨ ਅਡੋਲ-ਸ਼ਾਂਤ ਪਿਆ ਸੀ। ਸੱਜੀ ਪੁੜਪੁੜੀ ਵਿਚੋਂ ਖੂਨ ਵਗਿਆ ਹੋਇਆ। ਇਕ ਗੁੱਟ ’ਤੇ ਘੜੀ ਅਤੇ ਦੂਜੇ ’ਚ ਲਿਸ਼ਕਾਂ ਮਾਰਦਾ ਸਟੀਲ ਦਾ ਕੜਾ …। ਆਸੇ-ਪਾਸੇ ਖੜ੍ਹੇ ਲੋਕ ਕਾਨਾਫੂਸੀ ਕਰ ਰਹੇ ਸਨ-
“ਸਿੰਘਣੀ ਸਤਵੀਰ ਕੌਰ ਦੇ ਚੁਬਾਰੇ ‘ਚੋਂ ਚੁੱਕਿਆ। ਉਨੇ੍ਹ ਦੁੱਧ ‘ਚ ਨਸ਼ਾ ਘੋਲ ਕੇ ਪਲਾਇਆ…।”
“ਆਹੋ! ਆਹੋ!! ਉਹਦੀ ਮੁਖਬਰੀ ’ਤੇ ਈ ਪੁਲਿਸ ਪਿਛਲੇ ਪਾਸਿEਂ ਕੰਧਾਂ ਟੱਪ ਕੇ ਚੁਬਾਰੇ ’ਚ ਜਾ ਵੜੀ …।”
“…ਪਰ ਯਾਰ ਉਹ ਮੁਖਬਰੀ ਕਰਨ ਵਾਲੀ ਲੱਗਦੀ ਤਾਂ ਨ੍ਹੀਂ, ਬੜੀ ਬਹਾਦਰ ਆ?”
“ਵਿਕ ਗਈ ਹੋਊ ਜਾਂ ਪੁਲਿਸ ਨੇ ਧਮਕਾ ਲਈ ਹੋਊ…?”
“ਕੋਈ ਪਤਾ ਨ੍ਹੀਂ ਕਿਸੇ ਦਾ ਕੇੜੇ੍ਹ ਵੇਲੇ ਬਦਲ ਜਾਵੇ…?”
ਉਪਰੋਕਤ ਕਾਨਾਫੂਸੀ ਮੇਰੇ ਦਿਮਾਗ ਵਿਚ ਨਫ਼ਰਤ ਦੇ ਗੋਲੇ ਭਰ ਰਹੀ ਸੀ। ਲੋਕਾਂ ਕੋਲ ਇਹ ਸਾਰੀ ਅਸਲੀਅਤ ਕਿੱਥੋਂ ਪਹੁੰਚੀ…? ਇਸ ਲਹਿਰ ਵਿਚ ਨਵਾਂ ਹੋਣ ਕਰਕੇ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ…। ਭਾਈ ਸਾਹਿਬ ਦੀ ਸ਼ਹੀਦੀ ਨੇ ਮੇਰੇ ਦਿਲ ਦੇ ਸਮੁੰਦਰ ਵਿਚ ਸੁਨਾਮੀ ਲੈ ਆਂਦੀ। ਮੈਂ ਡੌਰ-ਭੌਰ ਹੋਇਆ, ਬੀਬੀ ਦੇ ਪਿੱਛੇ-ਪਿੱਛੇ ਤੁਰ ਪਿਆ। ਬੀਬੀ ਨੇ ਹੌਲੀ ਦੇ ਕੇ ਕਿਹਾ, “ਸਕੂਟਰ ਚੁੱਕ ਕੇ ਆਪਣੀ ਚਾਚੀ ਦੀ ਭੈਣ ਦੀ ਨਣਾਨ ਦੇ ਸਹੁਰੀਂ ਚਲਾ ਜਾ। ਪਤਾ ਕੋਈ ਨ੍ਹੀਂ ਬੁੱਚੜ ਕਸਾਈ ਕੇੜ੍ਹੇ ਵੇਲੇ ਤੈਨੂੰ ਫੜਨ ਆ ਜਾਣ।”
ਮੈਂ ਛੋਹਲੇ ਕਦਮੀਂ ਅਜੇ ਘਰ ਵੜਨ ਹੀ ਲੱਗਾ ਸੀ ਕਿ ਦੂਰੋਂ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਦਿਸ ਪਈਆਂ। ਮੇਰਾ ਮੱਥਾ ਠਣਕਿਆ। ਮੈਂ ਪੁੱਠੇ ਪੈਰੀਂ ਦੌੜ ਪਿਆ। ਵਾਹੋ-ਦਾਹੀ ਦੌੜਦਾ, ਕੰਧਾਂ-ਕੌਲੇ ਟੱਪਦਾ, ਪਿੰਡ ਦੇ ਪਿਛਲੇ ਪਾਸੇ ਇਕ ਤੂੜੀ ਦੇ ਕੁੱਪ ਵਿਚ ਲੁਕ ਕੇ ਬੈਠਾ ਰਿਹਾ।
ਰਾਹ ’ਚ ਠੋਕਰ ਵੱਜਣ ਨਾਲ ਪੈਰ ਵਿਚੋਂ ਖੂਨ ਵਗ ਪਿਆ। ਗੁਰੂ ਦੀ ਕਿਰਪਾ ਨਾਲ ਮੈਨੂੰ ਦੌੜੇ ਜਾਂਦੇ ਨੂੰ ਕਿਸੇ ਨੇ ਨਹੀਂ ਦੇਖਿਆ। ਪੁਲਿਸ ਘਰ-ਘਰ ਛਾਪੇ ਮਾਰ ਕੇ ਚਲੀ ਗਈ। ਹੁਣ ਮੇਰਾ ਘਰ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਰਾਤੋ-ਰਾਤ ਇਕ ਦੋਸਤ ਦੇ ਨਾਲ ਪਿੰਡੋਂ ਨਿਕਲ ਗਿਆ…।
ਮੈਂ ਹੁਣ ਹਰ ਵਕਤ ਬਦਲਾ ਲੈਣ ਦੀ ਸੋਚਣ ਲੱਗ ਪਿਆ। ਭਾਈ ਜੀ ਮੇਰਾ ਆਦਰਸ਼ ਸਨ। ਉਨ੍ਹਾਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘਣੀ ਸਤਵੀਰ ਕੌਰ ਨੂੰ ਸਬਕ ਸਿਖਾਉਣ ਅਤੇ ਪੁਲਿਸ ਦੇ ਪਰਿਵਾਰਾਂ ਨੂੰ ਸੋਧਣ ਦੀ ਵਿਉਂਤ ਬਣਾਉਂਦਾ, ਮੁੜ ਹਰਿਮੰਦਰ ਸਾਹਿਬ ਪੁੱਜ ਗਿਆ। ਉਥੇ ਆਪਣੀ ਜਥੇਬੰਦੀ ਦੇ ਮੈਂਬਰਾਂ ਨਾਲ ਮੇਲ-ਮਿਲਾਪ ਕਰ ਕੇ ਹਥਿਆਰ ਪ੍ਰਾਪਤ ਕਰ ਲਏ। ਦੋ ਸਪਾਟਿਆਂ ਨੂੰ ਸੋਧਾ ਲਾ ਦਿੱਤਾ। ਹੈਰਾਨੀ ਇਸ ਗੱਲ ਦੀ ਹੋਈ ਕਿ ਇਨ੍ਹਾਂ ਸਪਾਟਿਆਂ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਹੋਰ ਜਥੇਬੰਦੀ ਨੇ ਚੁੱਕ ਲਈ…।
ਸਾਡੇ ਜਥੇ ਵਿਚ ਕੁਝ ਹੋਰ ਸਿੰਘ ਭਰਤੀ ਹੋ ਗਏ। ਹੁਣ ਅਸੀਂ ਤਾਰਿਆਂ ਵਾਂਗ ਦਿਨੇ ਛਿਪਦੇ ਤੇ ਰਾਤੀਂ ਜਾਗਦੇ। ਬਲੈਕ ਕੈਟਾਂ ਨੇ ਇਕ ਨਵੇਂ ਵਿਆਹੇ ਹਿੰਦੂ ਫੌਜੀ ਨੂੰ ਉਹਦੀ ਵਹੁਟੀ ਸਮੇਤ ਬੱਸ ’ਚੋਂ ਲਾਹ ਕੇ ਮਾਰਿਆ। ਅਗਲੇ ਦਿਨ ਅਖ਼ਬਾਰਾਂ ਵਿਚ ‘ਬੱਸ ਕਾਂਡ’ ਦਾ ਦੋਸ਼ ਇਕ ਹੋਰ ਖਾੜਕੂ ਜਥੇਬੰਦੀ ਨੇ ਆਪਣੇ ਸਿਰ ਲੈ ਲਿਆ…।
ਪੁਲਿਸ ਸਾਡੇ ਪ੍ਰਧਾਨ ਦੇ ਪਰਿਵਾਰ ਨੂੰ ਚੁੱਕ ਕੇ ਲੈ ਗਈ। ਉਹਦੀ ਨਵ-ਜਨਮੀ ਬੱਚੀ ਨੂੰ ਭੁੱਖੀ-ਪਿਆਸੀ ਰੱਖਿਆ। ‘ਕੀੜਿਆਂ ਦੇ ਭੌਣ’ ’ਤੇ ਸੁੱਟ ਕੇ ਤੜਫ਼ਾਇਆ। ਪ੍ਰਧਾਨ ਦੀ ਸਿੰਘਣੀ ਦੀ ਅਸਮਤ ਲੀਰੋ-ਲੀਰ ਕੀਤੀ। ਇਸਦੇ ਬਦਲੇ ਵਿਚ ਸਾਡੀ ਜਥੇਬੰਦੀ ਨੇ ਸੰਗਰੂਰ ਦਾ ਡੀ.ਐਸ.ਪੀ ਗੱਡੀ ਚਾੜ੍ਹਿਆ। ਉੱਪਰਲੀ ਲੀਡਰਸ਼ਿਪ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਭੋਗਪੁਰ ਦੇ ਥਾਣੇਦਾਰ ਦਾ ਸਾਰਾ ਪਰਿਵਾਰ ਰਾੜ੍ਹ ਦਿੱਤਾ। ਇਕ ਨਵੀਂ ਖੇਡ ਸ਼ੁਰੂ ਹੋ ਗਈ। ਪੁਲਿਸ ਸਾਡਾ ਇਕ ਸ਼ਹੀਦ ਕਰਦੀ ਤੇ ਦੂਜੇ ਦਿਨ ਬਦਲੇ ’ਚ ਅਸੀਂ ਉਨ੍ਹਾਂ ਦੇ ਦੋ ਗੱਡੀ ਚਾੜ੍ਹ ਦਿੰਦੇ…।
ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਪੁਲਿਸ ਨੇ ਕੁਝ ਬਲੈਕ ਕੈਟਾਂ ਨੂੰ ਸਾਡੀ ਜਥੇਬੰਦੀ ਵਿਚ ਸ਼ਾਮਿਲ ਕਰ ਦਿੱਤਾ। ਸਰਕਾਰੀ ਟੁੱਕਰ ਬੋਚਾਂ ਨੇ ਬੜੀ ਹੁਸ਼ਿਆਰੀ ਨਾਲ ਸਾਡੇ ਸਭ ਟਿਕਾਣਿਆਂ ਦੀ ਸੂਹ ਲਗਾ ਲਈ। ਸਾਨੂੰ ਬਦਨਾਮ ਕਰਨ ਲਈ ਪਿੰਡਾਂ ਵਿਚ ਰਾਤਾਂ ਨੂੰ ਲੋਕਾਂ ਦੇ ਘਰਾਂ ਵਿਚ ਜ਼ਬਰਦਸਤੀ ਡਰਾ-ਧਮਕਾ ਕੇ ਰੋਟੀਆਂ ਖਾਣ ਅਤੇ ਧੀਆਂ ਭੈਣਾਂ ਨਾਲ ਜਬਰ-ਜਨਾਹ ਕਰਨਾ ਸ਼ੁਰੂ ਕੀਤਾ। ਮੈਨੂੰ ਇਸਦਾ ਇਲਮ ਉਦੋਂ ਹੋਇਆ ਜਦ ਇਕ ‘ਕਾਲੀ ਭੇਡ’ ਵਲੋਂ ਸੂਹ ਦੇਣ ’ਤੇ ਪੁਲਿਸ ਮੈਨੂੰ ਪਿੰਡ ਰਾਜਪੁਰ ਗਹੋਤ ਦੀ ਇਕ ਮੋਟਰ ਤੋਂ ਚੁੱਕਣ ਆ ਗਈ। ਉਸ ਰਾਤ ਮੈਂ ਵਾਹੋ-ਦਾਹ ਖੇਤਾਂ ਵਿਚੀਂ ਦੌੜਦਾ ਪਿੰਡ ‘ਕੰਗ ਮਾਈ’ ਦੇ ਗੁਰਦਵਾਰੇ ਪਨਾਹ ਲੈ ਕੇ ਬਚਿਆ। Eਧਰ ਪੁਲਿਸ ਨੇ ਮੇਰੇ ਭੁਲੇਖੇ ਇਕ ਖੇਤ ਵਿਚ ਗੋਲੀਆਂ ਚਲਾ ਕੇ ਰਾਤ ਖੇਤਾਂ ਨੂੰ ਪਾਣੀ ਲਾ ਰਹੇ ਇਕ ਗਰੀਬ ਕਿਸਾਨ ਨੂੰ ਮਾਰ ਮੁਕਾਇਆ। ਉਹ ਤਿੰਨ ਧੀਆਂ ਦਾ ਬਾਪ ਸੀ…।
ਅਗਲੇ ਦਿਨ ਥਾਣੇਦਾਰ ਨੇ ਆਪਣੀ ਫ਼ੀਤੀ ਵੱਡੀ ਕਰਵਾਉਣ ਲਈ ਇਕ ਖਤਰਨਾਕ ਅੱਤਵਾਦੀ ‘ਕਿਹਰ ਸਿੰਘ’ ਦੇ ਮਾਰੇ ਜਾਣ ਦਾ ਐਲਾਨ ਕਰ ਦਿੱਤਾ। ਆਪਣੀ ਤਰੱਕੀ ਦਾ ਅਗਾਊਂ ਜਸ਼ਨ ਮਨਾਉਂਦੇ ਫੋਕੇ ਫਾਇਰ ਕੀਤੇ। ਇਹ ਚਰਚਾ ਮੈਂ ਗੁਰੂ ਘਰ ਵਿਚ ਹੀ ਸੁਣੀਂ।
ਕਵੀ ਦਰਬਾਰ ਸਮਾਪਤ ਹੋ ਗਿਐ। ਅਮਰੀਕਾ ਵਿਚ ਸੂਰਜ ਸਿਖਰ ’ਤੇ ਆ ਗਿਆ। ਘੜੀ ’ਤੇ ਬਾਰਾਂ ਵਜ ਰਹੇ ਨੇ। ਮੇਰੀ ਸੋਚ ਦੀ ਘੜੀ ਵੀ ਟਿੱਕ-ਟਿੱਕ ਕਰਦੀ ਮੁੜ ਇੰਡੀਆ ਪਹੁੰਚ ਗਈ ਆ। Eਥੇ ਤਾਂ ਅੱਧੀ ਰਾਤ ਹੋਣ ਵਾਲੀ ਹੋਊ, ਸਭ ਸੁੱਤੇ ਪਏ ਹੋਣਗੇ, …। ਉਸ ਦਿਨ ਵੀ ਤਾਂ ਅੱਧੀ ਰਾਤ ਨੂੰ ਹੀ ਆਪਣੇ ਇਕ ਸਾਥੀ ਨਾਲ ਦਸੂਹੇ ਪਹੁੰਚ ਕੇ ਸਤਵੀਰ ਕੌਰ ਦਾ ਘੋਗਾ ਚਿੱਤ ਕਰ ਕੇ ਲੋਅ ਲੱਗਣ ਤੋਂ ਪਹਿਲਾਂ ਹਰਮਿੰਦਰ ਸਾਹਿਬ ਪਹੁੰਚ ਗਿਆ ਸੀ…।
ਅਗਲੇ ਦਿਨ ‘ਭਾਈ ਹਰਦੇਵ ਸਿੰਘ ਦੀ ਸਾਥਣ ਗਰਭ ਵਿਚ ਪਲ਼ ਰਹੇ ਬੱਚੇ ਸਮੇਤ ਪੁਲਿਸ ਮੁਕਾਬਲੇ ਵਿਚ ਹਲਾਕ’ ਖ਼ਬਰ ਪੜ੍ਹਦੇ ਹੀ ਮੇਰੇ ਦਿਮਾਗ ਦਾ ਅਨਾਰ ਚੱਲ ਗਿਆ। ਉਨ੍ਹਾਂ ਦੇ ਦੁੱਧ-ਚਿੱਟੇ ਆਚਰਣ ’ਤੇ ਲੱਗੇ ਧੱਬੇ ਦੀ ਖ਼ਬਰ ਸੀਨੇ ’ਚ ਛੇਕ ਕਰ ਗਈ। ਮੈਂ ਝੁੰਜਲਾ ਕੇ ਭਾਈ ਬਲਦੇਵ ਸਿੰਘ ਨੂੰ ਪੁੱਛਿਆ, “ਭਾਈ ਹਰਦੇਵ ਸਿੰਘ ਤਾਂ ਉਹਨੂੰ ਭੈਣ ਕਹਿੰਦੇ ਸੀ…?”
“ਹਾਂ ਪਰ ਗੱਲ ਤਾਂ ਸੱਚੀ ਆ, ਭਾਈ ਗੁਰਜੋਤ ਸਿਆਂ…।”
“ਹੈਂ! ਪੰਥ ਦੀ ਖਾਤਿਰ ਸਰਕਾਰੀ ਨੌਕਰੀ ਨੂੰ ਲੱਤ ਮਾਰਨ ਆਲਾ ਭਾਈ ਹਰਦੇਵ ਸਿੰਘ ਕੋਈ ਮਰਿਯਾਦਾ ਕਿਮੇ ਭੰਗ ਕਰ ਸਕਦਾ? ਝੂਠ ਕਿੱਦਾਂ ਬੋਲ ਸਕਦਾ…?”
ਮੇਰੀ ਸੁਣਨ ਅਤੇ ਸਹਿਣ ਸ਼ਕਤੀ ਖ਼ਤਮ ਹੋ ਗਈ…।
ਕਈ ਦਿਨਾਂ ਦੀ ਲੁਕਣ-ਮੀਟੀ ਤੋਂ ਬਾਅਦ ਇਕ ਰਾਤ ਆਪਣੇ ਘਰ ਪਹੁੰਚਾ। ਭਾਪਾ ਜੀ ਜਾਨ ਤਲੀ ’ਤੇ ਧਰ ਕੇ ਇਕ ਦੋਸਤ ਦੇ ਟਰੱਕ ਦੇ ਮਾਲ ਵਿਚ ਬਿਠਾ, ਮੈਨੂੰ ਆਪਣੇ ਜਿਗਰੀ ਯਾਰ ਤਰਸੇਮ ਸਿੰਘ ਕੋਲ ਹਿਮਾਚਲ ਦੇ ਪਿੰਡ ‘ਡਮਟਾਲ’ ਛੱਡ ਕੇ ਆਏ। ਉਸ ਤੋਂ ਬਾਅਦ ਆਪਣੇ ਇਕ ਹੋਰ ਮਿੱਤਰ ਹਜ਼ੂਰਾ ਸਿੰਘ ਰਾਹੀਂ, ਇਕ ਏਜੰਟ ਨਾਲ ਗੰਢ-ਤੁੱਪ ਕੀਤੀ। ਇਸ ਏਜੰਟ ਨੇ ਸਾਡੀ ਲਹਿਰ ਨਾਲ ਜੁੜੇ ਪੰਜ-ਸੱਤ ਮੁੰਡੇ ਅਮਰੀਕਾ ਭੇਜੇ ਸਨ…।
ਅੱਜ ਅਮਰੀਕਾ ਵਿਚ ਹੀ ਟੀ ਵੀ ‘ਤੇ ਕਵੀ ਦਰਬਾਰ ਤੋਂ ਬਾਅਦ ‘ਸਾਕਾ ਨੀਲਾ ਤਾਰਾ’ ਡਾਕੂਮੈਂਟਰੀ ਫਿਲਮ ਦਿਖਾਈ ਜਾ ਰਹੀ ਹੈ। ਸਕਰੀਨ ‘ਤੇ ਲੱਥ-ਪੱਥ ਲਾਸ਼ਾਂ ਦੇਖ ਕੇ ਮੇਰੀਆਂ ਅੱਖਾਂ ਉੱਛਲ ਪਈਆਂ ਨੇ। ਮਨ ਢਹਿੰਦਾ ਜਾ ਰਿਹਾ…। ਮੈਨੂੰ ਯਾਦ ਆ ਰਿਹੈ, ਭਾਪਾ ਜੀ ਮੈਨੂੰ ਕੁਝ ਦਿਨਾਂ ਬਾਅਦ ਮੁੰਬਈ ਤੋਂ ਜਹਾਜ਼ ਚੜ੍ਹਾ ਕੇ ਅਮਰੀਕਾ ਭੇਜਣ ਵਿਚ ਕਾਮਯਾਬ ਹੋ ਗਏ। ਰਾਹ ਵਿਚ ਵਾਪਸ ਜਾਂਦਿਆਂ ਨੂੰ ਪੁਲਿਸ ਨੇ ਚੁੱਕ ਲਿਆ। ਉਨ੍ਹਾਂ ਦੇ ਕੇਸ ਕਤਲ ਕੀਤੇ। ਤਸੀਹੇ ਦੇ ਕੇ ‘ਅੱਧਮੋਏ’ ਕਰ ਦਿੱਤਾ। ਬੀਬੀ ਰੋ-ਰੋ ਕੇ ‘ਲਾਸ਼’ ਬਣ ਗਈ। ਇਨ੍ਹਾਂ ਦਿਨਾਂ ਵਿਚ ਮੇਰੀ ਹਾਲਤ ਵੀ ਤਾਂ ‘ਲਾਸ਼’ ਤੋਂ ਘੱਟ ਨਹੀਂ ਸੀ। ਅਮਰੀਕਾ ਆਉਂਦੇ ਹੀ ਮੈਂ ਆਪਣੇ ਫੁੱਫੜ ਦੇ ਚਾਚੇ ਕੋਲ ਰਿਹਾ। ਸਿਰ ਝਟਕਦਾ ਹਾਂ ਪਰ ਸੋਚਾਂ ਪਿੱਛਾ ਨਹੀਂ ਛੱਡ ਰਹੀਆਂ…।
ਸਾਡੀ ਜਥੇਬੰਦੀ ਵਿਚ ‘ਅਸਲੀ’ ਅਤੇ ‘ਨਕਲੀ’ ਦੀ ਪਛਾਣ ਕਰਨੀ ਹੀ ਔਖੀ ਹੋ ਗਈ ਸੀ। ਭਾਈ ਹਰਦੇਵ ਸਿੰਘ ਤੇ ਸਿੰਘਣੀ ਸਤਵੀਰ ਕੌਰ ਵਾਲੀ ਖ਼ਬਰ ਨੇ ਮੇਰੇ ਦਿਲ ’ਚ ਬੇਯਕੀਨੀ ਦਾ ਨਸ਼ਤਰ ਚੋਭ ਦਿੱਤਾ ਸੀ…।
ਇਕ ਘਿਨਾਉਣੀ ਸਾਜਿ਼ਸ਼ ਤਹਿਤ ਪੰਜਾਬ ਪੁਲਿਸ ਨੇ ਕੁਝ ਕਾਲੀਆਂ ਭੇਡਾਂ ਸਾਡੀ ਜਥੇਬੰਦੀ ’ਚ ਸ਼ਾਮਿਲ ਕਰ ਦਿੱਤੀਆਂ। ਸਾਡੀ ਜਥੇਬੰਦੀ ਵਿਚੋਂ ਕੁਝ ਮੌਕਾ-ਪ੍ਰਸਤ ਲੋਕ, ਪੁਲਿਸ ਨਾਲ ਜਾ ਮਿਲੇ। ‘ਕਾਲੀਆਂ ਭੇਡਾਂ’ ਵਾਲੀ ਕੁਹਝੀ ਸਿਆਸਤ ਨਾਲ, ਮੇਰੇ ਉਤਸ਼ਾਹ ਦਾ ਦੀਵਾ ਗੁੱਲ ਹੋਇਆ, ਵਿਸ਼ਵਾਸ ਟੁੱਟਾ, ਜੋਸ਼ ਨੇ ਦਮ ਤੋੜਿਆ ਤੇ ਰੂਹ ਵਲੂੰਧਰੀ ਗਈ। ਇਹੋ ਕਾਰਨ ਏ ਕਿ ਮੈਂ ਅੱਜ ਇਸ ਕਵੀ ਦਰਬਾਰ ਵਿਚ ਸ਼ਾਮਿਲ ਨਹੀਂ। ਸਿਰ ਫੜ ਕੇ ਬਹਿ ਗਿਆ ਹਾਂ…।
ਸਾਹਮਣੇ ਟੀ ਵੀ ’ਤੇ ਖੂਨ ਨਾਲ ਲਾਲ ਹੋਇਆ ਸਰੋਵਰ ਅਤੇ ਢਹਿ ਢੇਰੀ ਹੋ ਰਿਹਾ ਅਕਾਲ ਤਖ਼ਤ ਦੇਖ ਕੇ ਆਪੇ ਤੋਂ ਬਾਹਰ ਹੁੰਦਾ ਜਾ ਰਿਹਾਂ। ਮੈਂ ਤਾਂ ‘ਜੈੱਟ ਲੈਗ’ `ਚੋਂ ਬਾਹਰ ਨਿਕਲਣ ਤੇ ਛੁੱਟੀ ਮਨਾਉਣ ਲਈ ਬੈਠਾ ਸੀ। ਏਥੇ ਤਾਂ ਘਬਰਾਹਟ ਹੋ ਰਹੀ…। ਟੀ ਵੀ ਬੰਦ ਕਰਕੇ ‘ਮਰੀਨਾ ਪਾਰਕ’ ਵੱਲ ਆ ਗਿਆ ਹਾਂ। ਜਦੋਂ ਵੀ ਮਨ ਉਦਾਸ ਹੁੰਦੈ, ਅਕਸਰ ਹੀ ਇਥੇ ਆ ਜਾਂਦਾ ਹਾਂ। ਝੀਲ ਦੇ ਕਿਨਾਰੇ ਬੈਠ ਆਪਣੀ ਰੂਹ ’ਤੇ ਸ਼ਾਂਤੀ ਦੇ ਫੈਹ੍ਹੇ ਰੱਖਣਾ ਮੇਰੀ ਆਦਤ ਬਣ ਗਈ ਹੈ। ਐਤਵਾਰ ਹੋਣ ਕਰਕੇ ਪਾਰਕ ਵਿਚ ਕਾਫ਼ੀ ਚਹਿਲ-ਪਹਿਲ ਹੈ। ਲੋਕ ਥਾਂ-ਥਾਂ ’ਤੇ ਬਾਰਬਿਕਿਊ ਕਰ ਰਹੇ ਨੇ। ਬੱਚੇ ਪਾਣੀ ਦੀਆਂ ਸਲਾਈਡਾਂ ’ਤੇ ਖੇਡ ਰਹੇ ਨੇ। ਕਿਲਕਾਰੀਆਂ ਵੱਜ ਰਹੀਆਂ। ਬੱਤਖਾਂ ਦੇ ਝੁੰਡ ਤੈਰ ਰਹੇ ਆ। ਮੈਂ ਆਸੇ ਪਾਸੇ ਦੇਖਦਾ ਸਿੱਧਾ ਤੁਰਿਆ ਜਾ ਰਿਹਾਂ।
“ਸਤਿ ਸ੍ਰੀ ਅਕਾਲ ਸਰਦਾਰ ਜੀ! ਕੀ ਹਾਲ ਆ? ਗੁਰੂੁ ਘਰ ਤਾਂ ਹਰ ਐਤਵਾਰ ਦੂਰੋਂ ਫਤਿਹ ਬੁਲਾ ਕੇ ਚਲੇ ਜਾਂਦੇ E? ਪਿਛਲੇ ਮਹੀਨੇ ਤੋਂ ਦਰਸ਼ਨ ਨ੍ਹੀਂ ਹੋਏ?” ਮੇਰੇ ਵੱਲ ਤੱਕਦੇ ਹੋਏ ਬੈਂਚ ’ਤੇ ਬੈਠੇ ਇਕ ਪੰਜਾਬੀ ਜੋੜੇ ਨੇ ਮੈਨੂੰ ਬੁਲਾਇਆ ਹੈ।
“ਸਤਿ ਸ੍ਰੀ ਅਕਾਲ ਜੀ! ਹਾਂਜੀ-ਹਾਂਜੀ। ਮੈਂ ਇੰਡੀਆ ਗਿਆ ਸੀ। ਹੋਰ ਸੁਣਾE? ਕਿਮੇ E, ਛੁੱਟੀ ਮਨਾਈ ਜਾ ਰੲ੍ਹੀ?”
ਅਮਰੀਕਾ ’ਚ ਆਪਣੀ ਬੋਲੀ ਦੀ ਸਾਂਝ ਪੈਂਦੇ ਹੀ ਮੈਂ ਚੜ੍ਹਦੀ ਕਲਾ ਵਿਚ ਆ ਗਿਆ ਹਾਂ।
“ਹਾਂ ਜੀ ਹਾਂ! ਮੈਂ ਹਰਬਖ਼ਸ਼ ਸਿੰਘ ਬੈਂਸ ਤੇ ਇਹ ਮੇਰੀ ਧਰਮ ਪਤਨੀ ਇੰਦਰਜੀਤ ਕੌਰ ਬੈਂਸ। ਸੈਰ ਕਰਦੇ ਥੱਕ ਗਏ ਸੀ, ਘੜੀ ਬਹਿ ਗਏ। ਆ ਜਾE ਤੁਸੀਂ ਵੀ ਬੈਠੋ ਥੋੜ੍ਹੀ ਦੇਰ। ਪੰਜਾਬ ਜਾ ਕੇ ਆਏ E। ਸੁਣਾE ਪੰਜਾਬ ਦਾ ਹਾਲ-ਚਾਲ?”
“ਜੀ ਮੈਂ ਗੁਰਜੋਤ ਸਿੰਘ!” ਅਦਬ ਨਾਲ ਆਖਦੇ ਹੋਏ, ਬੈਂਚ ’ਤੇ ਬੈਠ ਗਿਆ ਹਾਂ।
“ਅੱਛਾ ਗੁਰਜੋਤ ਸਿੰਘ ਜੀ। ਤੁਅ੍ਹਾਡੇ ਵੱਲ ਦੇਖ ਕੇ ਮੈਨੂੰ ਏਦਾਂ ਲੱਗਦਾ ਰਹਿੰਦਾ ਪਈ ਤੁਅ੍ਹਾਨੂੰ ਕਿਤੇ ਦੇਖਿਆ ਹੋਇਆ ਤੇ ਜਾਂ ਤੁਅ੍ਹਾਡਾ ਮੁਹਾਂਦਰਾ ਮੇਰੇ ਕਿਸੇ ਜਾਣਕਾਰ ਨਾਲ ਮਿਲਦਾ? ਮੈਂ ਹਰ ਵਾਰ ਪੁੱਛਣ-ਪੁੱਛਣ ਕਰਦਾ ਰਿਅ੍ਹਾ ਪਰ ਮੌਕਾ ਅੱਜ ਮਿਲਿਆ। ਪੰਜਾਬ ’ਚ ਕਿੱਥੋਂ?”
“ਜੀ ਹਸ਼ਿਆਰਪੁਰ ਜ਼ਿਲ੍ਹੇ ਤੋਂ ਤੇ ਤੁਸੀਂ?”
“ਹੱਦ ਹੋ ਗਈ ਅਸੀਂ ਵੀ ਹੁਸ਼ਿਆਰਪੁਰੋਂ। ਮੈਂ ਬੈਂਕ ਮੈਨੇਜਰ ਸੀ ਤੇ ਮੈਡਮ ਪਿਛਲੇ ਸਾਲ ਈ ਪ੍ਰਿੰਸੀਪਲ ਸੇਵਾ ਮੁਕਤ ਹੋਏ ਆ। ਹੁਣ ਏਥੇ ਦੋਹਤੇ ਦੀ ਬੇਬੀ ਸਿਟਿੰਗ ਕਰਦੇ ਆਂ ਪਰ ਵੀਕੈਂਡ ’ਤੇ ਸਾਨੂੰ ਛੁੱਟੀ ਮਿਲ ਜਾਂਦੀ। ਹਾ-ਹਾ-ਹਾ…। “
“ਗੁਰਜੋਤ ਸਿੰਘ ਬੇਟਾ! ਏਥੇ ਤੁਸੀਂ ਕਿੱਥੇ ਕੁ ਰਹਿੰਦੇ E?”
“ਆਂਟੀ ਜੀ! ਆਹ ਨਮੇ ਬਣੇ ਘਰਾਂ ਦੇ ਪਿਛਲੇ ਪਾਸੇ ਐਲਮਾ ਸਟਰੀਟ ’ਤੇ ਰਹਿੰਨਾ। ਮੈਨੂੰ ਆਏ ਨੂੰ ਤਾਂ ਵੀਹ ਸਾਲ ਤੋਂ ਵੱਧ ਹੋ ਗਏ। ‘ਯੂ ਪੀ ਐਸ’ ਕੰਪਨੀ ‘ਚ ਡਲਿਵਰੀ ਦਾ ਕੰਮ ਕਰਦਾਂ। ਸਰਦਾਰਨੀ ਗੈਸ ਸਟੇਸ਼ਨ ’ਤੇ ਮੈਨੇਜਰ ਆ। ਮੇਰੀ ਅੱਜ ਛੁੱਟੀ ਸੀ। ‘ਜੈੱਟ ਲੈਗ’ `ਚੋਂ ਬਾਹਰ ਨਿਕਲਣਾ ਚਾਹੁੰਦਾ ਸੀ। ਘਰ ’ਕੱਲਾ ਬੈਠਾ ਬੋਰ ਹੁੰਦਾ, ਏਧਰ ਆ ਗਿਆ।”
“ਬਹੁਤ ਚੰਗਾ ਕੀਤਾ। ਅਸੀਂ ਵੀ ਅੱਜ ਗੁਰੂ ਘਰ ਗਏ ਸੀ। ‘ਤੀਜਾ ਘੱਲੂਘਾਰਾ ਦਿਵਸ’ ਏ ਨਾ। ਸ਼ਹੀਦਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰ੍ਹੇ ਲੱਗ ਰੲ੍ਹੇ ਸੀ। ਤਕਰੀਰਾਂ ਹੋ ਰੲ੍ਹੀਆਂ ਸੀ। ਤੇਰੀ ਆਂਟੀ ਬਹੁਤ ਉਦਾਸ ਹੋ ਗਈ। ਅਸੀਂ ਲੰਗਰ ਛਕੇ ਬਿਨਾਂ ਈ ਆ ਗਏ…।”
“ਕਿਉਂ ਕੀ ਗੱਲ ਆਂਟੀ ਜੀ? ਤੁਸੀਂ ਕਿਹੜੀ ਗੱਲੋਂ ਉਦਾਸ ਹੋ ਗਏ?”
“ਗੁਰਜੋਤ! ਉਹ ਤਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਰ੍ਹੇ ਲਾ ਰਹੇ ਸਨ ਪਰ ਕਿਸੇ ਮੇਰੇ ਵਰਗੇ ਨੂੰ ਪੁੱਛ ਕੇ ਦੇਖਣ ਸੰਨ ਸੰਤਾਲੀ ਵੇਲੇ ਘਰ ਦੇ ਦੋ ਜੀਅ ਗੁਆ ਲਏ। ਸਾਡੀ ਮਾਸੀ ਹੱਲਿਆਂ ਵੇਲੇ Eਧਰ ਰਹਿ ਗਈ ਤੇ ਅਸੀਂ ਏਧਰ ਆ ਗਏ। ਸਾਡੇ ਵਡੇਰਿਆਂ ਦੀਆਂ ਸਾਰੀ ਉਮਰ ਅੱਖਾਂ ਨਾ ਸੁੱਕੀਆਂ। ਫੇਰ ਚੌਰਾਸੀ ਦੇ ਕਤਲੇਆਮ ਵੇਲੇ ਤਾਂ ਅਤਿਵਾਦ ਦੇ ਟਕੂਏ ਨੇ ਸਾਡੀਆਂ ਆਂਦਰਾਂ ਈ ਵੱਢ ਧਰੀਆਂ। ਦਸ ਸਾਲ ਛੋਟੀ ਮੇਰੀ ਭੈਣ ਭੋਗਪੁਰ ਵਿਆਹੀ ਸੀ…। ਪ੍ਰਾਹੁਣਾ ਪੁਲਿਸ ’ਚ ਨਵਾਂ-ਨਵਾਂ ਥਾਣੇਦਾਰ ਭਰਤੀ ਹੋਇਆ। ਮਸਾਂ ਮਹੀਨਾ ਹੋਇਆ ਸੀ ਵਿਆਹ ਨੂੰ। ਬਾਹਾਂ ਦਾ ਚੂੜਾ ਵੀ ਨ੍ਹੀਂ ਸੀ ਵਧਾਇਆ। ਅਤਿਵਾਦੀਆਂ ਨੇ ਦਿਨੇ-ਦਿਹਾੜੇ ਹਮਲਾ ਕੀਤਾ। ਮੇਰੀ ਭੈਣ, ਉਹਦੇ ਸੱਸ-ਸਹੁਰਾ, ਦੋ ਦਿEਰ, ਇਕ ਨਣਾਨ ਗੋਲੀਆਂ ’ਨਾ ਭੁੰਨ ਸੁੱਟੇ। ਅਸੀਂ ਇਕੋ ਵੇਲੇ ਏਨ੍ਹਾਂ ਹੱਥਾਂ ’ਨਾ ਏਨੀਆਂ ਅਰਥੀਆਂ ਦਾ ਭਾਰ ਕਿੱਦਾਂ ਢੋਇਆ? ਕੋਈ ਪੁੱਛ ਕੇ ਤਾਂ ਦੇਖੇ…? ਉਨ੍ਹਾਂ ਦੇ ਬਲ਼ਦੇ ਸਿਵੇ ਏਦਾਂ ਲੱਗਦੇ ਸੀ ਜਿੱਦਾਂ ਸਾਰਾ ਪੰਜਾਬ ਸੜ ਰਿਅ੍ਹਾ ਹੋਵੇ। ਕੀ ਕਸੂਰ ਸੀ ਉਨ੍ਹਾਂ ਦਾ? ਇਹੋ ਕਿ ਉਹ ਪੁਲਿਸ ਵਾਲੇ ਦੇ ਰਿਸ਼ਤੇਦਾਰ ਸੀ? ਬੱਸ ਜਦ ਚੇਤੇ ਆਉਂਦਾ ਨਾ, ਰੋ-ਰੋ ਕੇ ਅੱਖਾਂ ਅੰਨ੍ਹੀਆਂ ਕਰ ਲੈਨੀ ਆਂ…ਸਾਨੂੰ ਨ੍ਹੀਂ ਚਾੲ੍ਹੀਦਾ ਮੁੜ ਉਹ ਖੂਨ-ਖ਼ਰਾਬਾ…ਨੲ੍ਹੀਂ ਚਾੲ੍ਹੀਦਾ ਕੋਈ ਹੋਰ ਬਟਵਾਰਾ… ਕੀ ਕਰਨਾ ਅਸੀਂ ਇਕ ਹੋਰ…?”
ਮੈਂ ਆਂਟੀ ਨੂੰ ਦਿਲਾਸਾ ਦੇਣ ਲਈ ਮੂੰਹ ਖੋਲ੍ਹਿਆ ਪਰ ਮੇਰੀ ਜੀਭ ਟੁੱਕੀ ਗਈ …। ਮੈਨੂੰ ਯਾਦ ਆਇਆ ਭੋਗਪੁਰ ਵਾਲੇ ਥਾਣੇਦਾਰ ਦੇ ਘਰ ਤਾਂ ਸੱਥਰ ਅਸੀਂ ਹੀ ਵਿਛਾਇਆ ਸੀ। ਪੁਲਿਸ ਦੀ ਇੰਟੈਲੀਜੈਂਸੀ ਦਾ ਅਫ਼ਸਰ ਸਾਡੀ ਉੱਪਰਲੀ ਲੀਡਰਸ਼ਿਪ ਦੇ ਸੰਪਰਕ ਵਿਚ ਸੀ। ਉਹ ਸਾਡੀ ਜਥੇਬੰਦੀ ਨੂੰ ਹਥਿਆਰ ਸਪਲਾਈ ਕਰਦਾ ਸੀ। ਉਹਦੇ ਕਹਿਣ ’ਤੇ ਅਸੀਂ ਇਹ ਟੱਬਰ ਬੇਰਹਿਮੀ ਨਾਲ ਭੁੰਨਿਆਂ। ਇਹ ਹੁਕਮ ਤਾਂ ਉੱਪਰੋਂ ਹੀ ਆਇਆ ਸੀ…।
ਕੈਲੀਫੋਰਨੀਆ ਆ ਕੇ ਪਤਾ ਲੱਗਿਆ ਕਿ ਉਹ ਅਫ਼ਸਰ ਸਰਕਾਰ ਲਈ ਵੀ ਕੰਮ ਕਰ ਰਿਹਾ ਸੀ ਤੇ ਸਾਡੇ ਲਈ ਵੀ…। ਉਸਦੇ ਦੋਵੀਂ ਹੱਥੀਂ ਲੱਡੂ ਸਨ। ਕਈ ਵਾਰੀ ਪੁਲਿਸ ਕੋਲੋਂ ਸਾਡੇ ਸਿੰਘ ਸ਼ਹੀਦ ਕਰਵਾ ਦਿੰਦਾ ਤੇ ਕਈ ਵਾਰੀ ਸਾਡੇ ਕੋਲੋਂ ਪੁਲਿਸ ਵਾਲਿਆਂ ਦੀਆਂ ਲਾਸ਼ਾਂ ਵਿਛਵਾ ਦਿੰਦਾ…।
‘Eਹ ਰੱਬਾ! ਦੁਨੀਆਂ ਕਿੰਨੀ ਬੇਈਮਾਨ ਹੋ ਗਈ। ਦੀਨ-ਧਰਮ ਤਾਂ ਕਿਤੇ ਖੰਭ ਲਾ ਕੇ ਉਡ ਗਿਆ…।’ ਮੇਰੇ ਪੈਰ ਧਰਤੀ ਤੋਂ ਚੁੱਕ ਹੋ ਗਏ ਨੇ। ਮੇਰੀਆਂ ਅੱਖਾਂ ਅੱਗੇ ਕਿੰਨਾ ਕੁਝ ਘੁੰਮ ਗਿਐ: ਅਕਾਲ ਤਖਤ ਦੀ ਛਲਣੀ ਹੋਈ ਇਮਾਰਤ, ਖੂਨ ਨਾਲ ਲਾਲ ਹੋਇਆ ਸਰੋਵਰ, ਭਾਈ ਹਰਦੇਵ ਸਿੰਘ, ਹਿੰਦੂ ਫੌਜੀ ਤੇ ਉਹਦੀ ਵਹੁਟੀ, ਪ੍ਰਧਾਨ ਦੀ ਸਿੰਘਣੀ ਤੇ ਬੱਚੀ, ਬੱਸ ਕਾਂਡ, ਡੀ. ਐਸ.ਪੀ, ਸਿੰਘਣੀ ਸਤਵੀਰ ਕੌਰ, ਭੋਗਪੁਰ ਵਾਲੇ ਥਾਣੇਦਾਰ ਦਾ ਪਰਿਵਾਰ, ਅੱਧਮੋਏ ਭਾਪਾ ਜੀ ਤੇ ਸੁੱਕ ਕੇ ਲਾਸ਼ ਬਣੀ ਬੀਬੀ…। ਬੇਚੈਨੀ ਦੀ ਅਵਸਥਾ ਵਿਚ ਗੁਰੂ ਫਤਿਹ ਬੁਲਾ ਕੇ ਲੱਤਾਂ ਘੜੀਸਦਾ ਘਰ ਵੱਲ ਤੁਰ ਪਿਆ ਹਾਂ। ਇੰਦਰਜੀਤ ਕੌਰ ਬੈਂਸ ਦੇ ਸਵਾਲ ਮੇਰੇ ਦਿਮਾਗ ਵਿਚ ਏ.ਕੇ ਸੰਤਾਲੀ ਦੀਆਂ ਗੋਲੀਆਂ ਵਾਂਗ ਵੱਜ ਰਹੇ ਨੇ, “ਕੀ ਕਸੂਰ ਸੀ ਉਨ੍ਹਾਂ ਦਾ? ਇਹੋ ਕਿ ਪੁਲਿਸ ਵਾਲੇ ਦੇ ਰਿਸ਼ਤੇਦਾਰ ਸੀ? ਸਾਨੂੰ ਨ੍ਹੀਂ ਚਾੲ੍ਹੀਦਾ ਮੁੜ ਉਹ ਖੂਨ-ਖ਼ਰਾਬਾ…ਨੲ੍ਹੀਂ ਚਾੲ੍ਹੀਦਾ ਕੋਈ ਹੋਰ ਬਟਵਾਰਾ…ਕੀ ਕਰਨਾ ਅਸੀਂ ਇਕ ਹੋਰ …?”
ਮੇਰੇ ਦਿਲ ਵਿਚ ਜ਼ੋਰ ਦੀ ‘ਚੀਸ’ ਉੱਠੀ ਏ, “ਸਾਨੂੰ ਨ੍ਹੀਂ ਚਾੲ੍ਹੀਦਾ ਮੁੜ ਉਹ ਖੂਨ ਖ਼ਰਾਬਾ… ਨੲ੍ਹੀਂ ਚਾੲ੍ਹੀਦਾ ਕੋਈ ਹੋਰ ਬਟਵਾਰਾ…ਕੀ ਕਰਨਾ ਅਸੀਂ ਇਕ ਹੋਰ…?”
“ਇਸ ਗੁਨਾਹ ਵਿਚ ਕਿਤੇ ਮੈਂ ਵੀ ਸ਼ਾਮਿਲ ਸੀ…।”
ਉੱਚੀ-ਉੱਚੀ ਚੀਕਦਾ ਹੋਇਆ, ਆਪਣੇ ਦੋਵੇਂ ਹੱਥ ਕੰਨਾਂ ’ਤੇ ਰੱਖ, ਗੋਡਿਆਂ ਵਿਚ ਸਿਰ ਦੇ ਕੇ ਬੈਠ ਗਿਆ ਹਾਂ। ਮੇਰੀਆਂ ਅੱਖਾਂ ਵਿਚੋਂ ਹੰਝੂ ਤਿੱਪ-ਤਿੱਪ ਡਿਗ ਕੇ ਧਰਤੀ ਮਾਂ ਦੀ ਗੋਦ ਵਿਚ ਸਮਾ ਰਹੇ ਨੇ…।
*******
*ਜੈੱਟ ਲੈਗ: ਹਵਾਈ ਸਫ਼ਰ ਤੋਂ ਬਾਅਦ ਸਮੇਂ ਦਾ ਖੇਤਰ ਤਬਦੀਲ ਹੋਣ ਕਾਰਨ ਹੋਈ ਥਕਾਵਟ।