ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਕਹਿਰ ਦੀ ਮੌਤ ਨੇ ਸਾਰੇ ਪਿੰਡ ਵਿਚ ਸੋਗ ਪਾ ਦਿੱਤਾ ਸੀ। ਐਕਸੀਡੈਂਟ ਦੀ ਖ਼ਬਰ ਨਾਲ ਸਾਰਾ ਪਿੰਡ ਮਾਨ ਸਿੰਘ ਫੌਜੀ ਦੇ ਘਰ ਵੱਲ ਭੱਜਿਆ ਜਾ ਰਿਹਾ ਸੀ। ਫੌਜੀ ਦਾ ਇਕਲੌਤਾ ਪੁੱਤ ਅਮਨ ਮੌਤ ਦੀ ਗੋਦ ਵਿਚ ਸਦਾ ਲਈ ਸੌਂ ਗਿਆ ਸੀ ਤੇ ਪਿੱਛੇ ਆਪਣੀ ਮਾਤਾ ਤੇ ਪਿਤਾ, ਸੱਜ ਵਿਆਹੀ ਵਹੁਟੀ ਨੂੰ ਸਾਰੀ ਉਮਰ ਲਈ ਦੁੱਖਾਂ ਭਰੀ ਕੰਡਿਆਂ ਦੀ ਸੇਜ ਵਿਛਾ ਗਿਆ ਸੀ। ਐਕਸੀਡੈਂਟ ਵੀ ਪਿੰਡ ਦੇ ਲਾਗੇ ਦੀ ਲੰਘਦੀ ਜਰਨੈਲੀ ਸੜਕ ‘ਤੇ ਹੋਇਆ ਸੀ। ਪਿੰਡ ਦੇ ਨੌਜਵਾਨ ਮੁੰਡੇ ਤੇ ਸਿਆਣੇ ਆਪੋ-ਆਪਣੇ ਸਾਧਨਾਂ ਰਾਹੀਂ ਉਸ ਥਾਂ ਪਹੁੰਚ ਰਹੇ ਸਨ ਜਿੱਥੇ ਭਾਣਾ ਵਰਤਿਆ ਸੀ। ਛੇ ਫੁੱਟ ਲੰਮਾ ਅਮਨ ਸੜਕ ਦੇ ਕੰਡੇ ਚਿੱਟੀ ਚਾਦਰ ਵਿਚ ਲਪੇਟਿਆ ਪਿਆ ਸੀ। ਪੁਲਿਸ ਦੇ ਚਾਰ ਜਵਾਨ ਭੀੜ ਨੂੰ ਪਿੱਛੇ ਧੱਕ ਰਹੇ ਸਨ। ਹਰ ਕੋਈ ਲਾਸ਼ ਦੇਖਣੀ ਚਾਹੁੰਦਾ ਸੀ। ਅਮਨ ਦੀ ਮਾਂ ਤਾਂ ਖ਼ਬਰ ਸੁਣ ਕੇ ਬੇਹੋਸ਼ ਹੋ ਗਈ। ਉਸ ਨੂੰ ਲੁਧਿਆਣੇ ਡਾਕਟਰ ਕੋਲ ਲਿਜਾਇਆ ਗਿਆ। ਪਿਤਾ ਫੌਜੀ, ਦਿਲ ਵਿਚ ਤਾਂ ਧਾਹੀਂ ਰੋ ਰਿਹਾ ਸੀ ਪਰ ਅੰਦਰਲੇ ਅੱਥਰੂ ਬਾਹਰ ਨਹੀਂ ਡੁੱਲ੍ਹਣ ਦੇ ਰਿਹਾ ਸੀ। ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿਚ ਹੋਇਆ ਆਖ ਕੇ ਆਪਣੇ ਬੁੱਲ੍ਹਾਂ ਨੂੰ ਘੁੱਟ ਕੇ ਦਰਦ ਛੁਪਾ ਰਿਹਾ ਸੀ।
ਮਾਨ ਸਿੰਘ ਨੇ ਅਜੇ ਛੇ ਮਹੀਨੇ ਪਹਿਲਾਂ ਹੀ ਬੜੇ ਚਾਵਾਂ ਨਾਲ ਆਪਣੇ ਪੁੱਤ ਦਾ ਵਿਆਹ ਕੀਤਾ ਸੀ। ਜੋ ਕੁਝ ਅਮਨ ਨੇ ਕਿਹਾ, ਜਵਾਬ ਨਹੀਂ ਦਿੱਤਾ। ਅਮਨ ਅਜੇ ਬੀæਏæ ਦੇ ਪਹਿਲੇ ਸਾਲ ਵਿਚ ਹੀ ਸੀ ਕਿ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਕੋਈ ਆਖਦੀ-ਮੈਂ ਆਪਣੀ ਭਤੀਜੀ ਦਾ ਰਿਸ਼ਤਾ ਕਰਵਾਉਣਾ ਹੈ। ਕੋਈ ਆਪਣੀ ਭੈਣ ਦਾ ਤੇ ਕੋਈ ਕਹਿੰਦੀ- ਮੇਰੀ ਭਾਣਜੀ ਬੜੀ ਸੋਹਣੀ ਹੈ। ਆਂਢਣਾਂ-ਗੁਆਂਢਣਾਂ, ਤਾਈਆਂ-ਚਾਚੀਆਂ ਅਮਨ ਨੂੰ ਬਹੁਤ ਪਸੰਦ ਕਰਦੀਆਂ ਸਨ। ਪਿਉ ਦਾ ਸਾਊ ਪੁੱਤ ਸੀ। ਝੋਟੇ ਦੇ ਸਿਰ ਵਰਗੀ ਅੱਠ ਕਿਲੇ ਜ਼ਮੀਨ ਸੀ। ਨਿਆਈਂ ਵਿਚ ਪਲਾਟ ਵੱਖਰਾ ਸੀ। ਪਿੰਡ ਦੇ ਕਈ ਕਿਸਾਨ ਜਿਥੇ ਕਰਜ਼ੇ ਥੱਲੇ ਦੱਬੇ ਹੋਏ ਹੋਣ ਕਰ ਕੇ ਖੁਦਕੁਸ਼ੀ ਕਰ ਰਹੇ ਸਨ, ਉਥੇ ਮਾਨ ਸਿੰਘ ਸਾਰਿਆਂ ਪਾਸਿਆਂ ਤੋਂ ਸੁਖਾਲਾ ਸੀ। ਪੈਨਸ਼ਨ ਨਾਲ ਗੁਜ਼ਾਰਾ ਚਲਾਈ ਜਾਂਦਾ ਸੀ। ਪਹਿਲਾਂ ਵੀ ਪਿਉ-ਦਾਦੇ ਨੇ ਕਬੀਲਦਾਰੀ ਦੀ ਨੀਂਹ ਮਜ਼ਬੂਤ ਹੀ ਰੱਖੀ ਹੋਈ ਸੀ। ਇਸ ਕਰ ਕੇ ਸਮੇਂ ਦੇ ਝੱਖੜਾਂ ਨਾਲ ਉਹ ਡੋਲਿਆ ਨਹੀਂ ਸੀ। ਉਹਨੇ ਮਿਹਨਤ ਦੀ ਲੜੀ ਅਗਾਂਹ ਤੋਰੀ ਸੀ। ਨਿਕੰਮਪੁਣਾ ਤਾਂ ਨੇੜੇ ਵੀ ਨਹੀਂ ਸੀ ਆਉਣ ਦਿੱਤਾ। ਰਹਿਣ ਲਈ ਵਧੀਆ ਮਕਾਨ ਸੀ। ਪਿੰਡ ਵਿਚ ਉਸ ਦਾ ਨਾਂ ਸਤਿਕਾਰ ਨਾਲ ਲਿਆ ਜਾਂਦਾ; ਯਾਨਿ ਰੱਬ ਹਰ ਪੱਖ ਤੋਂ ਮਾਨ ਸਿੰਘ ਦੇ ਨਾਲ ਬੈਠਾ ਸੀ।
ਅਮਨ ਦਾ ਇਕ ਮਿੱਤਰ ਅਵਤਾਰ ਸੀ। ਘਰੋਂ ਤਾਂ ਗਰੀਬ ਹੀ ਸੀ ਪਰ ਸਾਊ ਤੇ ਇਮਾਨਦਾਰ ਪੂਰਾ ਸੀ। ਬੀæਏæ ਤੱਕ ਉਸ ਨੂੰ ਅਮਨ ਨੇ ਆਪਣੇ ਨਾਲ ਹੀ ਰੱਖਿਆ ਸੀ। ਕੱਪੜੇ ਅਤੇ ਫੀਸਾਂ ਦੀ ਉਸ ਨੂੰ ਕਦੇ ਤੋਟ ਨਹੀਂ ਆਉਣ ਦਿੱਤੀ ਸੀ। ਅਵਤਾਰ ਤਾਂ ਅਮਨ ਦੀ ਜਾਨ ਸੀ ਤੇ ਅਵਤਾਰ ਵੀ ਅਮਨ ਤੋਂ ਬਗੈਰ ਨਹੀਂ ਸੀ ਰਹਿੰਦਾ। ਦੋਵਾਂ ਦਾ ਆਲ੍ਹਣਾ ਅਮਨ ਦਾ ਚੁਬਾਰਾ ਸੀ। ਮਾਨ ਸਿੰਘ ਨੂੰ ਵੀ ਅਵਤਾਰ ਤੋਂ ਕੋਈ ਸ਼ਿਕਾਇਤ ਨਹੀਂ ਸੀ। ਦੋਵੇਂ ਜਦੋਂ ਵਿਆਹ ਦੀ ਗੱਲ ਕਰਦੇ ਤਾਂ ਇਕ-ਦੂਜੇ ਨੂੰ ਕਹਿੰਦੇ, ਮੈਂ ਤੇਰਾ ਸਰਬਾਲਾ ਬਣੂੰਗਾ; ਤੇ ਦੂਜਾ ਕਹਿੰਦਾ, ਮੈਂ ਤੇਰਾ। ਅਮਨ ਦਾ ਵਿਆਹ ਹੋਇਆ ਤਾਂ ਅਵਤਾਰ ਸਰਬਾਲਾ ਬਣਿਆ। ਰਿਸ਼ਤੇਦਾਰਾਂ ਨੇ ਕਿਹਾ, ਭੂਆ ਤੇ ਮਾਮੇ ਦੇ ਪੁੱਤਾਂ ਦਾ ਹੱਕ ਹੁੰਦਾ ਹੈ ਸਰਬਾਲਾ ਬਣਨ ਲਈ ਪਰ ਅਮਨ ਤਾਂ ਅਵਤਾਰ ਨਾਲ ਹੀ ਬੋਲ ਪੁਗਾ ਗਿਆ ਸੀ। ਅਮਨ ਦੀ ਵਹੁਟੀ ਚੰਨੋ ਵੀ ਚੰਨ ਦਾ ਟੁਕੜਾ ਸੀ। ਰੱਬ ਨੇ ਜਿਵੇਂ ਵਿਹਲਾ ਸਮਾਂ ਕੱਢ ਕੇ ਉਸ ਨੂੰ ਤਰਾਸ਼ਿਆ ਸੀ, ਜਿਵੇਂ ਅਮਨ ਲਈ ਹੀ ਰੱਬ ਨੇ ਚੰਨੋ ਨੂੰ ਖੂਬਸੂਰਤ ਬਣਾਇਆ ਸੀ।
ਅਮਨ ਦਾ ਵਿਆਹ ਬੜੀ ਸ਼ਾਨ ਨਾਲ ਹੋਇਆ। ਵਿਆਹ ਤੋਂ ਬਾਅਦ ਅਮਨ ਤਾਂ ਬੀæਏæ ਵਿਚੇ ਛੱਡ ਗਿਆ ਸੀ ਪਰ ਉਸ ਨੇ ਅਵਤਾਰ ਨੂੰ ਪੜ੍ਹਨੋਂ ਨਾ ਹਟਣ ਦਿੱਤਾ। ਫਿਰ ਦੋਵਾਂ ਦੀਆਂ ਉਡਾਰੀਆਂ ਵਿਚ ਫਰਕ ਆਉਣ ਲੱਗਿਆ। ਅਮਨ ਦੇ ਆਲ੍ਹਣੇ ਵਿਚ ਚੰਨੋ ਆ ਗਈ ਸੀ। ਅਵਤਾਰ ਵੀ ਅਮਨ ਦੇ ਘਰ ਕੰਮ ਮਤਲਬ ਨੂੰ ਹੀ ਆਉਂਦਾ ਸੀ। ਉਂਜ ਦੋਵਾਂ ਦੀ ਮਿੱਤਰਤਾ ਵਿਚ ਸੂਈ ਜਿੰਨਾ ਵੀ ਫਰਕ ਨਹੀਂ ਸੀ ਆਇਆ। ਅਵਤਾਰ ਦੇ ਵੱਡੇ ਭਰਾ ਦਾ ਵਿਆਹ ਹੋਇਆ ਤਾਂ ਸਗ਼ਨਾਂ ਦੇ ਗੀਤਾਂ ਦੀ ਵਾਰੀ ਅਵਤਾਰ ਦੀ ਸੀ ਪਰ ਅਵਤਾਰ ਅਜੇ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ। ਉਸ ਨੂੰ ਪਤਾ ਸੀ ਕਿ ਨਾ ਤਾਂ ਜ਼ਮੀਨ ਹੀ ਵਾਹੀ ਜੋਗੀ ਹੈ, ਨਾ ਹੀ ਕੋਈ ਹੋਰ ਨੌਕਰੀ-ਪੇਸ਼ਾ।
ਫਿਰ ਇਕ ਦਿਨ ਅਵਤਾਰ ਨੇ ਅਮਨ ਨਾਲ ਰਾਇ ਕੀਤੀ ਕਿ ਬਾਹਰਲੇ ਦੇਸ਼ ਚੱਲੀਏ। ਅਮਨ ਹੱਸਦਾ ਹੋਇਆ ਬੋਲਿਆ, “ਅੰਬਰਾਂ ਦਿਆ ਤਾਰਿਆ! ਹੁਸਨਾਂ ਦੇ ਬਾਗ ਵਿਚ ਪਿਆਰ ਦਾ ਬੂਰ ਪਏ ਤੋਂ ਇਕ ਕਦਮ ਵੀ ਅਗਾਂਹ ਨਹੀਂ ਪੁੱਟੀਦਾ। ਤੁਸੀਂ ਛੜੇ ਬੰਦੇ, ਤੁਸੀਂ ਜਾਉ! ਜੇ ਪੈਸਾ ਹੈ ਨਹੀਂ ਤਾਂ ਆਪਾਂ ਦੇਸ਼ ਦੇ ਸਾਬਕਾ ਜਵਾਨ ਯਾਨਿ ਪਿਤਾ ਜੀ ਤੋਂ ਲੈ ਕੇ ਦੇ ਦੇਵਾਂਗੇ।”
“ਸੱਚੀਂ ਅਮਨ! ਜੇ ਮੈਨੂੰ ਪੈਸੇ ਮਿਲ ਜਾਣ ਤਾਂ ਮੈਂ ਬਾਹਰ ਨਿਕਲ ਜਾਵਾਂ। ਤੂੰ ਆਪ ਤਾਂ ਭਾਬੀ ਨਾਲ ਚੁਬਾਰੇ ਵਿਚ ਹਾਸਾ-ਠੱਠਾ ਕਰ ਕੇ ਸਮਾਂ ਲੰਘਾ ਲੈਂਦਾ ਏਂ, ਮੇਰੀ ਜ਼ਿੰਦਗੀ ਕਸ਼ਮੀਰ ਦਾ ਮਸਲਾ ਬਣੀ ਪਈ ਹੈ।” ਦੋਵਾਂ ਦੀਆਂ ਮਜ਼ਾਕ ਵਾਲੀਆਂ ਗੱਲਾਂ ਵਿਚੋਂ ਹੀ ਅਵਤਾਰ ਦਾ ਵੀਜ਼ਾ ਲੱਗਣਾ ਸ਼ੁਰੂ ਹੋ ਗਿਆ। ਦੋਵਾਂ ਪਰਿਵਾਰਾਂ ਨੇ ਰਾਇ ਲਾ ਲਈ। ਮਾਨ ਸਿੰਘ ਨੇ ਮਾਮਲੇ ਨਾਲ ਇੱਕਠੀ ਕੀਤੀ ਰਕਮ ਅਮਨ ਨੂੰ ਫੜਾ ਦਿੱਤੀ। ਅਮਨ ਹੋਰਾਂ ਹੀ ਏਜੰਟ ਲੱਭ ਕੇ ਅਵਤਾਰ ਨੂੰ ਇਟਲੀ ਭੇਜ ਦਿੱਤਾ। ਅਵਤਾਰ ਅਜੇ ਉਥੇ ਪਹੁੰਚਿਆ ਹੀ ਸੀ ਕਿ ਅਮਨ ਸਦਾ ਲਈ ਉਸ ਦਾ ਸਾਥ ਛੱਡ ਗਿਆ। ਹਰ ਗੱਲ ‘ਤੇ ਨਾਲ ਖੜ੍ਹਨ ਵਾਲਾ ਅੱਜ ਉਸ ਨੂੰ ਬੇਗਾਨੇ ਮੁਲਕ ਭੇਜ ਕੇ ਆਪਣਾ ਦੇਸ਼ ਹੀ ਛੱਡ ਗਿਆ ਅਤੇ ਉਥੇ ਚਲਿਆ ਗਿਆ ਜਿਥੋਂ ਕਦੇ ਕੋਈ ਵਾਪਸ ਨਹੀਂ ਮੁੜਿਆ। ਅਵਤਾਰ ਲਈ ਜਿਗਰੀ ਯਾਰ ਦੀ ਮੌਤ ਦਾ ਦਰਦ ਭੁਲਾਉਣਾ ਔਖਾ ਹੋ ਗਿਆ। ਸਾਰਾ ਦਿਨ ਕਮਲਿਆਂ ਵਾਂਗ ਤੁਰਿਆ-ਫਿਰਦਾ ਰਹਿੰਦਾ ਸੀ। ਭਟਕਣਾਂ ਦੇ ਰਾਹ ਵਿਚੋਂ ਇਕ ਦਿਨ ਉਸ ਨੂੰ ਮੰਜ਼ਿਲ ਦਿਖਾਈ ਦੇਣ ਲੱਗੀ। ਇਕ ਗੁਰਸਿੱਖ ਪਰਿਵਾਰ ਨੇ ਉਸ ਦਾ ਦਰਦ ਦਿਲ ਨਾਲ ਸੁਣਿਆ ਤੇ ਆਪਣੇ ਨਾਲ ਘਰ ਲੈ ਗਏ। ਹੌਲੀ-ਹੌਲੀ ਬੋਲੀ ਸਿਖਾਉਂਦਿਆਂ ਉਸ ਨੂੰ ਆਪਣੇ ਗਰੌਸਰੀ ਸਟੋਰ ‘ਤੇ ਹੀ ਕੰਮ ਦੇ ਦਿੱਤਾ। ਬਚਪਨ ਤੋਂ ਇਮਾਨਦਾਰੀ ਦਾ ਫੜਿਆ ਪੱਲਾ ਅੱਜ ਯੂਰੋ ਨਾਲ ਭਰਨ ਲੱਗਿਆ।
ਅਮਨ ਦੀ ਮੌਤ ਦੇ ਵਕਤ ਚੰਨੋ ਤਿੰਨ ਮਹੀਨੇ ਦੀ ਗਰਭਵਤੀ ਸੀ। ਮਾਨ ਸਿੰਘ ਨੇ ਚੰਨੋ ਦੇ ਮਾਪਿਆਂ ਅੱਗੇ ਬੇਨਤੀ ਕੀਤੀ ਕਿ ਮੇਰੇ ਅਮਨ ਦੀ ਜੜ੍ਹ ਲੱਗ ਲੈਣ ਦਿਓ, ਫਿਰ ਮੈਂ ਆਪੇ ਚੰਨੋ ਨੂੰ ਵਿਆਹ ਦੇਵਾਂਗਾ। ਚੰਨੋ ਦੇ ਮਾਪੇ ਚੰਨੋ ਦੇ ਨਾਲ ਹੀ ਸਾਮਾਨ ਚੁੱਕਣਾ ਚਾਹੁੰਦੇ ਸਨ ਪਰ ਚੰਨੋ ਆਖਦੀ ਸੀ ਕਿ ਮੈਂ ਬੱਚੇ ਦੇ ਸਿਰ ‘ਤੇ ਇਥੇ ਹੀ ਦਿਨ ਕੱਟ ਲਊਂਗੀ। ਅਖ਼ੀਰ ਬੱਚੇ ਦੇ ਜਨਮ ਤੱਕ ਗੱਲ ਬੰਦ ਹੋ ਗਈ। ਅਮਨ ਦੀ ਮਾਂ ਮੰਜੇ ਨਾਲ ਜੁੜਦੀ ਗਈ। ਪੁੱਤ ਤੁਰ ਗਿਆ ਸੀ ਤੇ ਨੂੰਹ ਨੇ ਵੀ ਚਲੀ ਜਾਣਾ ਸੀ। ਜਿਵੇਂ ਰੁੱਖਾਂ ਤੋਂ ਬਿਨਾਂ ਬੰਜਰ ਧਰਤੀ ਵੱਲ ਕੋਈ ਮੂੰਹ ਨਹੀਂ ਕਰਦਾ, ਇਸੇ ਤਰ੍ਹਾਂ ਪੁੱਤਾਂ ਨਾਲੋਂ ਖਾਲੀ ਵਿਹੜਿਆਂ ਵੱਲ ਵੀ ਕੋਈ ਤੱਕਦਾ ਨਹੀਂ।
ਸਮੇਂ ਨਾਲ ਚੰਨੋ ਦੇ ਜ਼ਖ਼ਮਾਂ ਉਤੇ ਮਲ੍ਹੱਮ ਲੱਗ ਗਈ, ਉਸ ਨੇ ਅਮਨ ਦੇ ਮੁਹਾਂਦਰੇ ਵਰਗਾ ਪੁੱਤ ਜੰਮਿਆ। ਜਿਸ ਵਿਹੜੇ ਵਿਚ ਛੇ ਮਹੀਨੇ ਪਹਿਲਾਂ ਵੈਣ ਪੈ ਰਹੇ ਸੀ, ਉਥੇ ਵਧਾਈਆਂ ਦੇ ਵਟਾਂਦਰੇ ਹੋ ਰਹੇ ਸਨ। ਨਵਜੰਮੇ ਬੱਚੇ ਨਾਲ ਨਾਨਕੇ-ਦਾਦਕੇ ਨੇੜੇ ਹੋਣ ਲੱਗ ਪਏ। ਚੰਨੋ ਨੇ ਹੋਰ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਅਤੇ ਆਪਣੇ ਪੁੱਤ ਦੇ ਸਿਰ ‘ਤੇ ਰੰਡੇਪਾ ਕੱਟਣਾ ਮਨਜ਼ੂਰ ਕਰ ਲਿਆ। ਚੰਨੋ ਦੇ ਮਾਪੇ ਵੀ ਜ਼ੋਰ ਲਾ ਕੇ ਘਰ ਬੈਠ ਗਏ। ਚੰਨੋ ਤੇ ਪੋਤੇ ਦੇ ਸਹਾਰੇ ਮਾਨ ਸਿੰਘ ਹੁਰੀਂ ਵੀ ਜ਼ਿੰਦਗੀ ਅਗਾਂਹ ਤੋਰਨ ਲੱਗ ਪਏ।
ਗੁਰਸਿੱਖ ਪਰਿਵਾਰ ਦੇ ਸਾਥ ਨੇ ਅਵਤਾਰ ਨੂੰ ਹੋਰ ਵੀ ਤਰਾਸ਼ ਦਿੱਤਾ। ਉਸ ਨੂੰ ਸਿੱਖੀ ਨਾਲ ਹੋਰ ਗੂੜ੍ਹਾ ਪਿਆਰ ਹੋ ਗਿਆ। ਕੰਮ-ਕਾਰ ਦੇ ਨਾਲ-ਨਾਲ ਉਹ ਗੁਰਬਾਣੀ ਪੜ੍ਹਨੀ ਨਾ ਭੁੱਲਦਾ। ਸਮੇਂ ਦੇ ਗੇੜ ਨੇ ਤਿੰਨ ਸਾਲ ਲੰਘਾ ਦਿੱਤੇ। ਉਹ ਅਮਨ ਦੇ ਘਰ ਹਰ ਹਫ਼ਤੇ ਫੋਨ ਕਰਦਾ। ਉਨ੍ਹਾਂ ਨੂੰ ਦਿਲਾਸੇ ਦਿੰਦਾ ਰਹਿੰਦਾ। ਹਰ ਲੋੜ ਸਮੇਂ ਨਾਲ ਖੜ੍ਹਨ ਦਾ ਵਾਅਦਾ ਕਰਦਾ। ਮਾਨ ਸਿੰਘ ਨੂੰ ਵੀ ਅਵਤਾਰ ‘ਤੇ ਪੂਰਾ ਭਰੋਸਾ ਸੀ। ਅਵਤਾਰ ਦੇ ਬਾਹਰ ਹੋਣ ਕਰ ਕੇ ਉਸ ਦੇ ਘਰਦਿਆਂ ਦਾ ਹਾਲ ਵੀ ਵਧੀਆ ਹੋ ਗਿਆ। ਉਨ੍ਹਾਂ ਨੇ ਵੀ ਵਧੀਆ ਘਰ ਬਣਾ ਲਿਆ। ਉਹ ਹੁਣ ਅਵਤਾਰ ਦੇ ਆਉਣ ਦੀ ਉਡੀਕ ਕਰਨ ਲੱਗੇ ਕਿ ਉਹ ਆਵੇ, ਤਾਂ ਉਸ ਦਾ ਵਿਆਹ ਕਰੀਏ।
ਫਿਰ ਉਹ ਸਮਾਂ ਆ ਗਿਆ ਜਦੋਂ ਪੰਛੀ ਆਪਣੇ ਆਲ੍ਹਣੇ ਨੂੰ ਪਰਤਿਆ। ਅਵਤਾਰ ਸਿੱਧਾ ਹੀ ਅਮਨ ਦੇ ਘਰ ਗਿਆ। ਮਾਨ ਸਿੰਘ ਦੇ ਗੱਲ ਲੱਗ ਕੇ ਧਾਹੀਂ ਰੋਇਆ। ਅਵਤਾਰ ਆਇਆ ਸੁਣ ਕੇ ਸਾਰਾ ਪਾਸਾ ਅਮਨ ਦੇ ਘਰ ਫਿਰ ਇਕੱਠਾ ਹੋ ਗਿਆ। ਮਾਨ ਸਿੰਘ ਲਈ ਜਿਵੇਂ ਅਮਨ ਵਾਪਸ ਆ ਗਿਆ ਹੋਵੇ। ਅਮਨ ਦਾ ਚੁਬਾਰਾ ਵੀ ਧਾਹੀਂ ਰੋਂਦਾ ਸੀ ਜਿਥੇ ਹਮੇਸ਼ਾ ਹਾਸੇ ਦੇ ਸੰਖ ਵੱਜਦੇ ਰਹੇ ਸਨ। ਅਮਨ ਬਿਨਾਂ ਅਵਤਾਰ ਦਾ ਦਿਲ ਨਹੀਂ ਸੀ ਲੱਗਦਾ। ਘਰਦੇ ਰਿਸ਼ਤੇ ਬਾਰੇ ਜ਼ੋਰ ਪਾ ਰਹੇ ਸਨ। ਥੋੜ੍ਹੇ ਦਿਨਾਂ ਬਾਅਦ ਇਕ ਦਿਨ ਅਵਤਾਰ ਨੇ ਮਾਨ ਸਿੰਘ ਨੂੰ ਪੁੱਛਿਆ, “ਚਾਚਾ ਜੀ! ਤੁਸੀਂ ਮੈਨੂੰ ਅਮਨ ਜਿੰਨਾ ਪਿਆਰ ਕਰਦੇ ਹੋ ਕਿ ਨਹੀਂ?”
“ਪੁੱਤਰਾ! ਇਹ ਤੂੰ ਕੀ ਕਹਿੰਨਾ ਏਂ? ਮੈਂ ਤਾਂ ਹਮੇਸ਼ਾ ਆਪਣੇ ਦੋ ਪੁੱਤਰ ਸਮਝੇ ਆ। ਪਿਉ ਲਈ ਸਭ ਬਰਾਬਰ ਹੁੰਦੇ ਆ।” ਮਾਨ ਸਿੰਘ ਨੇ ਅਵਤਾਰ ਨੂੰ ਮੋਢੇ ਨਾਲ ਲਾਉਂਦਿਆਂ ਕਿਹਾ।
“ਮੈਂ ਅੱਜ ਤੁਹਾਡੇ ਕੋਲੋਂ ਕੁੱਝ ਮੰਗਣਾ ਚਾਹੁੰਦਾ ਹਾਂ। ਪੁੱਤ ਦੀ ਖਾਲੀ ਝੋਲੀ ਭਰ ਦੇਵੋ। ਜੇ ਮੈਂ ਗਲਤ ਨਾ ਹੋਵਾਂ ਤਾਂ ਭਾਬੀ ਚੰਨੋ ਦਾ ਹੱਥ ਮੰਗਦਾ ਹਾਂ।” ਅਵਤਾਰ ਨੇ ਗਿੱਲੀਆਂ ਅੱਖਾਂ ਨਾਲ ਕਿਹਾ।
“ਓਏ ਤਾਰਿਆ ਪੁੱਤਰਾ! ਤੂੰ ਤਾਂ ਮੇਰੇ ਦਿਲ ਦੀ ਕਹਿ ਦਿੱਤੀ। ਮੈਂ ਤਾਂ ਆਪ ਤੇਰੇ ਨਾਲ ਇਹ ਗੱਲ ਕਰਨਾ ਚਾਹੁੰਦਾ ਸੀ।” ਮਾਨ ਸਿੰਘ ਨੇ ਭਰੀਆਂ ਅੱਖਾਂ ਨਾਲ ਖੁਸ਼ੀ ਪ੍ਰਗਟਾਈ।
ਫਿਰ ਮਾਨ ਸਿੰਘ ਨੇ ਚੰਨੋ ਨਾਲ ਗੱਲ ਕੀਤੀ। ਪਹਿਲਾਂ ਤਾਂ ਉਹ ਨਾਂਹ ਕਰਦੀ ਰਹੀ, ਫਿਰ ਜਦੋਂ ਹਾਂ ਕੀਤੀ ਤਾਂ ਉਹਦੇ ਮਾਪਿਆਂ ਨਾਲ ਗੱਲ ਤੋਰੀ ਗਈ। ਉਹ ਕਹਿੰਦੇ, ਸਭ ਕੁਝ ਠੀਕ ਹੈ ਪਰ ਤੁਹਾਡੀ ਜੱਦੀ ਜ਼ਮੀਨ ਜਾਇਦਾਦ ਦਾ ਵਾਰਿਸ ਸਾਡਾ ਦੋਹਤਾ ਹੋਵੇਗਾ।
ਸਭ ਪਾਸਿਓਂ ਹਾਂ ਹੋਣ ਤੋਂ ਬਾਅਦ ਚੰਨੋ ਦਾ ਅਨੰਦ ਕਾਰਜ ਅਵਤਾਰ ਨਾਲ ਕਰ ਦਿੱਤਾ ਗਿਆ। ਵਿਆਹ ਵੀ ਕਾਹਦਾ ਸੀ, ਬੱਸ ਦੁਖੇ ਦਿਲਾਂ ਦਾ ਸੁਮੇਲ ਹੀ ਹੋਇਆ ਸੀ। ਅਵਤਾਰ ਦੋ ਮਹੀਨੇ ਅਮਨ ਦੇ ਘਰ ਹੀ ਰਿਹਾ। ਉਹ ਹਰ ਥਾਂ, ਹਰ ਚੀਜ਼ ਵਿਚੋਂ ਅਮਨ ਨੂੰ ਲੱਭਦਾ ਰਹਿੰਦਾ। ਜਦੋਂ ਵਾਪਸ ਮੁੜਨ ਲੱਗਿਆ ਤਾਂ ਫਿਰ ਦੋਵਾਂ ਪਾਸਿਓਂ ਹੰਝੂਆਂ ਦੇ ਹੜ੍ਹ ਵਗਣ ਲੱਗੇ। ਅਵਤਾਰ ਨੇ ਇਟਲੀ ਜਾ ਕੇ ਚੰਨੋ ਅਤੇ ਬੱਚੇ ਦੇ ਪੇਪਰ ਭਰ ਦਿੱਤੇ। ਸਾਲ ਵਿਚ ਉਹ ਵੀ ਉਥੇ ਪੁੱਜ ਗਏ। ਅਵਤਾਰ ਅਮਨ ਦੇ ਪੁੱਤਰ ਵਿਚੋਂ ਅਮਨ ਨੂੰ ਦੇਖਦਾ, ਉਸ ਨਾਲ ਬਚਪਨ ਦੀਆਂ ਉਹੀ ਗੱਲਾਂ ਕਰਦਾ। ਰੱਬ ਦੀ ਰਜ਼ਾ! ਬੱਚਾ ਵੀ ਹਰ ਗੱਲ ‘ਤੇ ਅਵਤਾਰ ਨੂੰ ਯਾਰ ਆਖ ਕੇ ਬੁਲਾਉਂਦਾ। ਗੁਰਸਿੱਖ ਪਰਿਵਾਰ ਨੇ ਘਰ ਦਾ ਸਾਰਾ ਸਮਾਨ ਅਵਤਾਰ ਨੂੰ ਲੈ ਦਿੱਤਾ। ਅਵਤਾਰ ਦੇ ਘਰ ਨਾਲ ਚੰਨੋ ਦਾ ਘਰ ਵੀ ਦੁਬਾਰਾ ਵਸ ਗਿਆ। ਰੰਡੇਪੇ ਦਾ ਪੰਧ ਬਹੁਤ ਲੰਮਾ ਸੀ ਤੇ ਸੁਖਾਲਾ ਵੀ ਨਹੀਂ ਸੀ। ਪਿੰਡ ਮਾਨ ਸਿੰਘ ਤੇ ਉਸ ਦੀ ਘਰਵਾਲੀ ਇਸ ਕਰ ਕੇ ਖੁਸ਼ ਸਨ ਕਿ ਅਮਨ ਦੀ ਆਖਰੀ ਨਿਸ਼ਾਨੀ ਸਾਡੇ ਦੂਜੇ ਪੁੱਤਰ ਅਵਤਾਰ ਕੋਲ ਸਲਾਮਤ ਹੈ ਤੇ ਇਕ ਦਿਨ ਸਾਡੀ ਝੋਲੀ ਆ ਪਵੇਗੀ। ਮਾਨ ਸਿੰਘ ਸੋਚਦਾ ਕਿ ਅਵਤਾਰ ਨੇ ਸਰਬਾਲੇ ਵਾਲੇ ਫਰਜ਼ ਨਿਭਾਉਣ ਨਾਲ ਆਪਣੀ ਮਿੱਤਰਤਾ ਦੀ ਗੰਢ ਹੋਰ ਮਜ਼ਬੂਤ ਕਰ ਲਈ ਹੈ।
ਸਾਰੇ ਘਰ ਵਿਚ ਹਾਸਾ ਖਿੰਡ ਜਾਂਦਾ ਹੈ ਜਦੋਂ ਅਮਨ ਦਾ ਪੁੱਤਰ ਫੋਨ ਰਾਹੀਂ ਕਹਿੰਦਾ ਹੈ, “ਦਾਦਾ ਜੀ! ਤੁਸੀਂ ਫਿਕਰ ਨਹੀਂ ਕਰਨਾ, ਮੈਂ ਜਲਦੀ ਵਾਪਸ ਆਵਾਗਾਂ; ਤੇ ਤੁਹਾਨੂੰ ਵੀ ਨਾਲ ਲੈ ਕੇ ਆਵਾਂਗਾ।” ਇਹ ਆਪਣੀ ਹੱਡਬੀਤੀ ਅਵਤਾਰ ਸਿੰਘ ਨੇ ਆਪਣੇ ਮੂੰਹੋਂ ਸੁਣਾਈ ਤੇ ਮੈਂ ਲਿਖ ਦਿੱਤੀ। ਰੱਬ ਰਾਖਾ!
Leave a Reply