ਸੁਰੱਈਆ
ਨਾਮਾਨਿਗਾਰ ਨੌਸ਼ਾਦ ਆਲਮ ਕਮਰ ਦੀ ਉਰਦੂ ਕਹਾਣੀ ‘ਸੁਰੱਈਆ’ ਕਈ ਗੱਲਾਂ ਕਰ ਕੇ ਵਿਲੱਖਣ ਹੈ। ਖਤਾਂ ਦੇ ਜ਼ਰੀਏ ਲੇਖਕ ਨੇ ਜ਼ਿੰਦਗੀ ਦੇ ਘੋਲ ਨੂੰ ਬਹੁਤ ਸਹਿਜ ਰੂਪ ਵਿਚ ਪਾਠਕਾਂ ਅੱਗੇ ਰੱਖ ਦਿੱਤਾ ਹੈ। ਇਨ੍ਹਾਂ ਖਤਾਂ ਦਾ ਰੰਗ ਉਹੋ ਜਿਹਾ ਹੀ ਹੈ ਜਿਹੋ ਜਿਹਾ ਤੁਹਾਨੂੰ ਆਪਣੇ ਕਿਸੇ ਪਿਆਰੇ ਦੇ ਖਤਾਂ ਵਿਚੋਂ ਲੱਭਦਾ ਹੁੰਦਾ ਹੈ। ਇਸ ਕਹਾਣੀ ਦਾ ਇੰਨਾ ਹੀ ਸੁੰਦਰ ਤਰਜਮਾ ਸੁਰਜੀਤ ਸਿੰਘ ਪੰਛੀ (ਬੇਕਰਜ਼ਫੀਲਡ) ਨੇ ਕੀਤਾ ਹੈ। ਇਸ ਕਹਾਣੀ ਦੀ ਤਰਤੀਬ ਅਤੇ ਤੀਬਰਤਾ ਅਜਿਹੀ ਹੈ ਕਿ ਇਹ ਕਹਾਣੀ ਅਤੇ ਇਸ ਦੀ ਮੁੱਖ ਪਾਤਰ ਅਛੋਪਲੇ ਜਿਹੇ ਤੁਹਾਡੀ ਸੋਚ ਦਾ ਹਿੱਸਾ ਬਣ ਜਾਂਦੇ ਹਨ। -ਸੰਪਾਦਕ
ਮੂਲ ਲੇਖਕ: ਨੌਸ਼ਾਦ ਆਲਮ ਕਮਰ
ਅਨੁਵਾਦ: ਸੁਰਜੀਤ ਸਿੰਘ ਪੰਛੀ
ਫੋਨ: 661-827-8256
ਪਿਆਰੀ ਸ਼ਾਹਦਾ!
ਖੁਸ਼ ਰਹੋ।
ਤੈਨੂੰ ਵਿਦਾ ਕਰ ਕੇ ਮੈਂ ਖਿੜਕੀ ਨਾਲ ਲੱਗੀ ਰਹੀ, ਜਦੋਂ ਤੱਕ ਕਿ ਤੂੰ ਹਸਪਤਾਲ ਦਾ ਅਹਾਤਾ ਪਾਰ ਕਰ ਕੇ ਸੜਕ ਤੋਂ ਨਹੀਂ ਚਲੀ ਗਈ ਅਤੇ ਮੇਰੀਆਂ ਨਜ਼ਰਾਂ ਤੋਂ ਓਝਲ ਨਹੀਂ ਹੋ ਗਈ। ਸੁਣਦੀ ਆਈ ਸੀ, “ਨਜ਼ਰਾਂ ਤੋਂ ਦੂਰ ਦਿਲ ਤੋਂ ਦੂਰ” ਪਰ ਅੱਜ ਇਸ ਦੇ ਉਲਟ ਦੇਖ ਰਹੀ ਸੀ। ਤੂੰ ਨਜ਼ਰਾਂ ਤੋਂ ਦੂਰ ਹੋ ਕੇ ਦਿਲ ਦੇ ਹੋਰ ਨੇੜੇ ਹੋ ਗਈ ਸੀ। ਐਨੀ ਨੇੜੇ ਕਿ ਮੈਂ ਦਿਲ ਦੀਆਂ ਧੜਕਣਾਂ ਵਿਚ ਤੇਰੀ ਹੋਂਦ ਮਹਿਸੂਸ ਕਰ ਰਹੀ ਸੀ। ਪਤਾ ਨਹੀਂ ਮੈਂ ਕਿੰਨੀ ਦੇਰ ਤੱਕ ਖੜ੍ਹੀ ਵੀਰਾਨ ਅੱਖਾਂ ਨਾਲ ਉਨ੍ਹਾਂ ਰਾਹਾਂ ਨੂੰ ਦੇਖਦੀ ਰਹੀ ਜਿਨ੍ਹਾਂ ‘ਤੇ ਚੱਲ ਕੇ ਤੂੰ ਦੂਰ ਹੁੰਦੀ ਜਾ ਰਹੀ ਸੀ ਕਿ ਨਰਸ ਨੇ ਪਿੱਛੋਂ ਮੇਰੇ ਮੋਢੇ ‘ਤੇ ਹੱਥ ਰੱਖ ਦਿੱਤਾ। ਮੈਂ ਡਰ ਗਈ। “ਦਵਾਈ ਦਾ ਸਮਾਂ ਹੋ ਗਿਆ ਹੈ”, ਨਰਸ ਨੇ ਮੁਸਕਰਾਉਂਦਿਆਂ ਦਵਾਈ ਦਾ ਗਲਾਸ ਮੇਰੇ ਵੱਲ ਵਧਾਇਆ। ਮੇਰੀਆਂ ਅੱਖਾਂ ਵਿਚੋਂ ਦੋ ਹੰਝੂ ਡਿੱਗ ਕੇ ਦਵਾਈ ਵਿਚ ਲੋਪ ਹੋ ਗਏ। ਨਰਸ ਦਵਾਈ ਪਿਲਾ ਕੇ ਚਲੀ ਗਈ। ਮੈਂ ਸੋਚ ਰਹੀ ਸੀ ਕਿ ਤੇਰੇ ਜਾਣ ਤੋਂ ਪਿੱਛੋਂ ਥੋੜ੍ਹੇ ਹੀ ਘੰਟਿਆਂ ਵਿਚ ਆਪਣੇ ਆਪ ਨੂੰ ਕਿੰਨੀ ਕਮਜ਼ੋਰ ਤੇ ਬੇਵਸ ਦੇਖ ਰਹੀ ਹਾਂ। ਸੈਨੀਟੋਰੀਅਮ ਦੇ ਇਸ ਕਮਰੇ ਅਤੇ ਕਬਰ ਵਿਚ ਕੇਵਲ ਇੰਨਾ ਹੀ ਫਰਕ ਹੈ ਕਿ ਇਹ ਰਤਾ ਹਵਾਦਾਰ ਹੈ, ਨਹੀਂ ਤਾਂ ਤਨਹਾਈ ਅਤੇ ਮਜਬੂਰੀ ਦਾ ਉਹੀ ਹਾਲ ਹੈ। ਹੋਰ ਕੀ ਲਿਖਾਂ, ਤੂੰ ਮੇਰਾ ਬਹੁਤਾ ਫਿਕਰ ਨਹੀਂ ਕਰਨਾ। “ਸ਼ਮ੍ਹਾਂ ਹਰ ਰੰਗ ਮੇਂ ਜਲਤੀ ਹੈ, ਸਿਹਰ ਹੋਨੇ ਤੱਕ।” ਅਸਲਮ (ਸ਼ਾਹਦਾ ਦਾ ਪਤੀ) ਭਾਈ ਨੂੰ ਸਲਾਮ ਕਹਿ ਦੇ, ਗੁੱਡੀ ਨੂੰ ਪਿਆਰ ਕਰ ਲੈ ਅਤੇ ਖੁਸ਼ ਰਹੋ।
ਤੇਰੀ ਬਿਮਾਰ
ਸੁਰੱਈਆ।
—
ਮੇਰੀ ਭੈਣ ਸ਼ਾਹਦਾ!
ਤੇਰਾ ਪਿਆਰ ਭਰਿਆ ਖ਼ਤ ਮਿਲਿਆ। ਕਿੰਨੀਆਂ ਸਾਰੀਆਂ ਨਸੀਹਤਾਂ ਕਰ ਦਿੱਤੀਆਂ ਨੇ ਤੂੰ ਇੱਕੋ ਵਾਰੀ! ਯਾਦ ਰੱਖ ਸਕਾਂਗੀ? ਮੇਰੀ ਜਾਨ, ਤੂੰ ਆਪਣਾ ਖੂਬਸੂਰਤ ਦਿਲ ਮਤ ਦੁਖਾ। ਜੀਅ ਲਵਾਂਗੀ, ਜਿਵੇਂ ਵੀ ਹੋਵੇਗਾ। ਕੇਵਲ ਤੇਰੀ ਖਾਤਰ, ਹੋਰ ਮੇਰਾ ਕੌਣ ਹੈ! ਤੇਰੇ ਮਿਲ ਲੈਣ ਪਿੱਛੋਂ ਡਾਕਟਰ ਆਫਤਾਬ ਕੁਝ ਜ਼ਿਆਦਾ ਹੀ ਮਿਹਰਬਾਨ ਹਨ। ਸ਼ਾਹਦਾ, ਮੇਰੀ ਬਦਨਸੀਬੀ ਦੀ ਕਹਾਣੀ ਤੂੰ ਇਹਨੂੰ ਵੀ ਦੱਸ ਦਿੱਤੀ ਹੈ। ਐਕਸਰੇ ਰਿਪੋਰਟ ਤਸੱਲੀਬਖ਼ਸ਼ ਹੈ ਜਿਵੇਂ ਡਾਕਟਰ ਕਹਿ ਰਹੇ ਸੀ।
ਹਾਂ, ਤੂੰ ਆ ਸਕੇਂ ਤਾਂ ਅਗਲੇ ਹਫ਼ਤੇ ਜ਼ਰੂਰ ਆ ਜਾ। ਅਸਲਮ ਭਾਈ ਦੀਆਂ ਛੁੱਟੀਆਂ ਖ਼ਤਮ ਹੋ ਚੁੱਕੀਆਂ ਹੋਣਗੀਆਂ। ਲਗਦੈ ਦੋ ਦਿਨਾਂ ਵਿਚ ਉਹ ਵੀ ਜਾਣ ਹੀ ਵਾਲੇ ਹੋਣਗੇ, ਫਿਰ ਤਾਂ ਤੂੰ ਸੌਖੀ ਤਰ੍ਹਾਂ ਆ ਸਕਦੀ ਏ। ਇਸ ਵਾਰੀ ਗੁੱਡੀ ਨੂੰ ਜ਼ਰੂਰ ਲਿਆਉਣਾ। ਚੰਗਾ, ਪਿਆਰ।
ਤੇਰੀ ਬਿਮਾਰ ਸੁਰੱਈਆ।
—
ਮੇਰੀ ਸ਼ਾਹਦਾ!
ਕਿਵੇਂ ਐਂ? ਅੱਜ ਪੂਰੇ ਦਸ ਦਿਨ ਹੋ’ਗੇ, ਤੇਰੀ ਕੋਈ ਚਿੱਠੀ ਨਹੀਂ ਮਿਲੀ। ਕਿਹੋ ਜਿਹੇ ਖਿਆਲ ਆਉਂਦੇ ਰਹੇ। ਤੇਰੀ ਇਸ ਲੰਬੀ ਚੁੱਪ ਨਾਲ ਰਤਾ ਸੋਚ ਤਾਂ ਸੈਨੀਟੋਰੀਅਮ ਦੀ ਮਨਹੂਸ ਫਿਜ਼ਾ ਵਿਚ ਕਿਵੇਂ ਸਾਹ ਘੁੱਟ ਰਿਹਾ ਹੋਵੇਗਾ ਮੇਰਾ?
ਸ਼ਾਹਦਾ! ਦਵਾਈ ਨਾਲੋਂ ਬਹੁਤੀ ਮੈਨੂੰ ਤੇਰੇ ਪਿਆਰ ਦੀ ਲੋੜ ਹੈ। ਅੱਜ ਬੁੱਧਵਾਰ ਹੈ ਅਤੇ ਐਤਵਾਰ ਦੀ ਸ਼ਾਮ ਨੂੰ ਥੋੜ੍ਹਾ ਜਿਹਾ ਲਹੂ ਫਿਰ ਆ ਗਿਆ ਸੀ। ਡਾਕਟਰ ਆਫਤਾਬ ਅਤੇ ਮਿਸਿਜ਼ ਚੱਕਰਵਰਤੀ ਨੇ ਬੜੇ ਧਿਆਨ ਅਤੇ ਹਮਦਰਦੀ ਨਾਲ ਜਾਂਚ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਫਿਕਰ ਵਾਲੀ ਗੱਲ ਨਹੀਂ ਪਰ ਉਹ ਲੱਖ ਛੁਪਾਉਣ, ਉਨ੍ਹਾਂ ਦੇ ਮੱਥੇ ‘ਤੇ ਪਈਆਂ ਫਿਕਰ ਦੀਆਂ ਲਕੀਰਾਂ ਸਭ ਦੱਸ ਦਿੰਦੀਆਂ ਹਨ। ਕੱਲ੍ਹ ਫਿਰ ਐਕਸਰੇ ਕੀਤਾ ਗਿਆ ਹੈ। ਨੁਸਖੇ ਵਿਚ ਵੀ ਬਦਲੀ ਕੀਤੀ ਹੈ। ਦੇਖੋ ਕੀ ਹੁੰਦਾ ਹੈ, ਊਂ ਵੀæææ ਸ਼ਮ੍ਹਾਂ ਦੇ ਅੰਤ ਦੀ ਕੀਹਨੂੰ ਖ਼ਬਰ? ਸ਼ਮ੍ਹਾਂ ਨੇ ਸਵੇਰ ਦਾ ਸੂਰਜ ਕਦੋਂ ਦੇਖਿਆ ਹੈ। ਫਿਰ ਇਹ ਸਭ ਕੁਝ ਸੋਚ ਕੇ ਕੁੜ੍ਹਨ ਦਾ ਕੀ ਫਾਇਦਾ। ਜ਼ਿੰਦਗੀ ਦੇ ਦਿਨ ਤਾਂ ਪੂਰੇ ਹੋ ਕੇ ਹੀ ਰਹਿਣਗੇ।
ਤੇਰੇ ਪਿਆਰ ਦੀ ਭੁੱਖੀ,
ਸੁਰੱਈਆ।
—
ਸ਼ਾਹਦਾ ਮੇਰੀ ਜਾਨ!
ਕੱਲ੍ਹ ਦੀ ਡਾਕ ਵਿਚ ਇੱਕੋ ਵੇਲੇ ਦੋ ਚਿੱਠੀਆਂ ਮਿਲੀਆਂ। ਤੂੰ ਐਵੇਂ ਆਪਣਾ ਜੀਅ ਦੁਖੀ ਕਰਦੀ ਏਂ। ਮੈਂ ਅਜੇ ਜਿਉਂਦੀ ਰਹਾਂਗੀ। ਤੂੰ ਮੇਰੇ ਇਸ ਖਿਆਲ ਨਾਲ ਸਹਿਮਤ ਨਹੀਂ ਕਿ ਤੇਰੇ ਬਿਨਾਂ ਮੇਰਾ ਦੁਨੀਆਂ ਵਿਚ ਕੋਈ ਨਹੀਂ। ਮੈਂ ਵੀ ਧਿਆਨ ਮਾਰਿਆ ਕਿ ਜਜ਼ਬਾਤ ਵਿਚ ਕਿੰਨੀ ਬਦਸ਼ਗਨੀ ਹੋ ਗਈ ਹੈ। ਚਲੋ, ਮੁਆਫ ਕਰ ਦਿਓ ਅਤੇ ਖੁਸ਼ ਹੋ ਜਾਓ। ਇਹ ਜਾਣ ਕੇ ਖੁਸ਼ੀ ਹੋਈ ਕਿ ਅਸਲਮ ਭਾਈ ਦੀ ਬਦਲੀ ਆਪਣੇ ਹੀ ਸ਼ਹਿਰ ਵਿਚ ਹੋ ਰਹੀ ਹੈ ਅਤੇ ਤਰੱਕੀ ਵੀ। ਮੁਬਾਰਕਾਂ ਹੋਣ ਪਰ ਇਹ ਜਾਣ ਕੇ ਉਦਾਸ ਹਾਂ ਕਿ ਤੂੰ ਅਜੇ ਨਹੀਂ ਆ ਸਕੇਂਗੀ। ਕੌੜੀਆਂ-ਕਸੈਲੀਆਂ ਦਵਾਈਆਂ ਨਾਲ ਮੈਨੂੰ ਤੇਰੀ ਦੂਰੀ ਦਾ ਦਰਦ ਵੀ ਸਹਿਣਾ ਪਵੇਗਾ। ਜਦੋਂ ਮੰਜ਼ਿਲ ਸਾਥ ਛੱਡ ਦੇਵੇ, ਫਿਰ ਰਾਹਗੀਰ ‘ਤੇ ਕੀ ਗਿਲਾ। ਫਿਰ ਵੀ ਤੂੰ ਮੈਨੂੰ ਚਿੱਠੀ ਲਿਖਦੀ ਰਹੀਂ। ਜਦੋਂ ਤੱਕ ਸਾਹਾਂ ਦੀ ਡੋਰ ਨਹੀਂ ਟੁੱਟਦੀ, ਉਦੋਂ ਤੱਕ ਇਹ ਰਿਸ਼ਤਾ ਵੀ ਨਾ ਟੁੱਟੇਗਾ। ਇਸ ਦਾ ਭਰੋਸਾ ਦਿਵਾਉਂਦੀ ਰਹਿਣਾ? ਕੁਝ ਬੋਲੋ ਸ਼ਾਹਦਾ! ਮੇਰਾ ਸਾਹ ਘੁਟਦਾ ਜਾਂਦਾ ਹੈ। ਇਸ ਕਬਰਸਤਾਨ ਵਿਚ ਪਤਾ ਨਹੀਂ ਕਦੋਂ ਤੱਕ ਰਹਿਣਾ ਪਵੇਗਾ! ਹੋਰ ਕੀ ਲਿਖਾਂ!
ਜਿਸ ਦੇ ਨਸੀਬਾਂ ਵਿਚ ਗ਼ਮ,
ਸੁਰੱਈਆ।
—
ਪਿਆਰੀ ਸ਼ਾਹਦਾ!
ਤੂੰ ਗੁੱਸੇ ਹੋ ਗਈ ਕਿ ਮੈਂ ਤੈਨੂੰ ਰਾਹਗੀਰ ਕਹਿ ਦਿੱਤਾ। ਪਗਲੀ? ਮੈਂ ਕੁਝ ਗਲਤ ਕਿਹਾ ਹੁੰਦਾ ਤਾਂ ਕੋਈ ਗੱਲ ਹੁੰਦੀ। ਚੰਗਾ ਇਹ ਦੱਸ, ਕੀ ਤੂੰ ਹੀ ਮੈਨੂੰ ਮੰਜ਼ਿਲ ਤੱਕ ਪਹੁੰਚਾਣ ਦਾ ਵਸੀਲਾ ਨਹੀਂ ਬਣੀ ਸੀ? ਮੈਂ ਤਾਂ ਉਸ ਦਰਦ ਦੇ ਸੁਆਦ ਦੀ ਆਸ਼ਕ ਸੀ ਅਤੇ ਬੇਆਸ਼ਕੀ ਹੀ ਰਹਿੰਦੀ ਤਾਂ ਚੰਗਾ ਹੁੰਦਾ। ਇਹ ਆਸ਼ਕੀ ਬੜੀ ਮਹਿੰਗੀ ਪਈ। ਇੰਨੀ ਮਹਿੰਗੀ ਕਿ ਖੂਨ ਥੁੱਕ ਰਹੀ ਹਾਂ। ਖ਼ੈਰ ਛੱਡੋ, ਹੁਣ ਬਿਮਾਰ ਦਾ ਹਾਲ ਸੁਣੋ!
ਪਰਸੋਂ ਮਿਸਿਜ਼ ਚੱਕਰਵਰਤੀ ਨੇ ਐਕਸਰੇ ਰਿਪੋਰਟ ਦੇਖੀ ਅਤੇ ਠੰਢਾ ਸਾਹ ਭਰ ਕੇ ਚੁੱਪ ਹੋ ਗਈ। ਸ਼ਾਇਦ ਉਸ ਨੂੰ ਮੇਰੀ ਨਾਮੁਰਾਦ ਜਵਾਨੀ ‘ਤੇ ਰਹਿਮ ਆ ਗਿਆ ਸੀ। ਫਿਰ ਕੁਝ ਸਕਿੰਟਾਂ ਪਿੱਛੋਂ ਡਾਕਟਰ ਆਫਤਾਬ ਨੂੰ ਫੋਨ ਕੀਤਾ। ਪਤਾ ਲੱਗਿਆ, ਕਿਤੇ ਬਾਹਰ ਗਏ ਹੋਏ ਨੇ। ਇਕ ਪਲ ਲਈ ਮਿਸਿਜ਼ ਚੱਕਰਵਰਤੀ ਦੇ ਚਿਹਰੇ ‘ਤੇ ਫਿਕਰ ਦੇ ਚਿੰਨ੍ਹ ਦਿਖਾਈ ਦਿੱਤੇ। ਇਸ ਨੇ ਫਿਰ ਡਾਕਟਰ ਨੌਸ਼ਾਦ ਨੂੰ ਫੋਨ ਕੀਤਾ। ਮੌਕੇ ‘ਤੇ ਡਾਕਟਰ ਨੌਸ਼ਾਦ ਹਾਜ਼ਰ ਸਨ। ਉਹ ਆ ਗਏ ਅਤੇ ਅਜੇ ਐਕਸਰੇ ਰਿਪੋਰਟ ਦੇਖ ਹੀ ਰਹੇ ਸਨ ਕਿ ਡਾਕਟਰ ਆਫਤਾਬ ਵੀ ਆ ਗਏ। ਸਾਰੇ ਨੁਸਖਿਆਂ ਦੀ ਫਿਰ ਜਾਂਚ ਕੀਤੀ ਗਈ। ਡਾਕਟਰ ਨੌਸ਼ਾਦ ਦੀ ਸਲਾਹ ਨਾਲ ਇਕ ਹੋਰ ਨੁਸਖਾ ਲਿਖਿਆ ਗਿਆ।
ਇਕ ਗੱਲ ਜ਼ਰੂਰ ਹੈ ਕਿ ਹੁਣ ਮੈਂ ਇਨ੍ਹਾਂ ਦਵਾਈਆਂ ਨਾਲ ਆਪਣੇ ਆਪ ਨੂੰ ਪਹਿਲਾਂ ਨਾਲੋਂ ਚੰਗਾ ਸਮਝ ਰਹੀ ਹਾਂ। ਸ਼ਾਇਦ ਸ਼ਮ੍ਹਾਂ ਦੇ ਬੁਝਣ ਦਾ ਸਮਾਂ ਨੇੜੇ ਹੋਵੇ ਜਾਂ ਤੇਰੀਆਂ ਦੁਆਵਾਂ ਦਾ ਅਸਰ ਹੋਵੇ। ਕੁਝ ਵੀ ਹੋਵੇæææ ਇਕ ਵਾਰ ਮੈਨੂੰ ਮਿਲਣ ਤਾਂ ਆ ਜਾ।
ਤੇਰੀ,
ਸੁਰੱਈਆ।
—
ਚੰਗੀ ਸ਼ਾਹਦਾ!
ਖੁਸ਼ ਰਹੋ।
ਤੇਰੀ ਲੰਬੀ ਚਿੱਠੀ ਮਿਲੀ। ਤੂੰ ਇਹ ਖੁਸ਼ਖਬਰੀ ਸੁਣਾਈ ਹੈ ਕਿ ਉਹ (ਖਾਵੰਦ) ਅਮਰੀਕਾ ਤੋਂ ਆ ਰਹੇ ਹਨ। ਮੁਬਾਰਕਾਂ ਹੋਣ। ਤੇਰਾ ਭਰਾ ਵੱਡਾ ਡਾਕਟਰ ਬਣ ਕੇ ਆ ਰਿਹਾ ਹੈ ਅਤੇ ਨਾਲ ਹੀ ਤੇਰੇ ਵਾਸਤੇ ਸੁੰਦਰ ਭਾਬੀ ਵੀ ਲਿਆ ਰਿਹਾ ਹੋਵੇਗਾ। ਜਿਵੇਂ ਸਵੇਰ ਵੇਲੇ ਕੋਈ ਸ਼ਮ੍ਹਾਂ ਨੂੰ ਕਹੇ ਕਿ ਸੂਰਜ ਨਿਕਲਣ ਵਾਲਾ ਹੈ ਅਤੇ ਉਹ ਥਰਥਰਾ ਕੇ ਦਮ ਤੋੜ ਦੇਵੇ, ਇਹੀ ਹਾਲ ਮੇਰਾ ਇਸ ਖ਼ਬਰ ਨੂੰ ਸੁਣ ਕੇ ਹੋਇਆ ਹੈ। ਦੇਖੋ ਜ਼ਿੰਦਗੀ ਦੀ ਲੋਅ ਕੰਬ ਰਹੀ ਹੈ। ਅੱਖਾਂ ਵਿਚ ਹਨੇਰਾ ਤਾਂ ਉਸੇ ਦਿਨ ਛਾ ਗਿਆ ਸੀ ਜਿਸ ਦਿਨ ਉਨ੍ਹਾਂ ਦੇ ਦੂਜੇ ਵਿਆਹ ਦੀ ਖ਼ਬਰ ਭੇਜੀ ਸੀ।
ਹਾਂ, ਤੈਨੂੰ ਦੇਖਣ ਦੀ ਤਮੰਨਾ ਵੀ ਰਹਿੰਦੀ ਜਾਂਦੀ ਹੈ। ਤੂੰ ਲਿਖਿਆ ਹੈ ਕਿ ਇੱਕੀ ਜਨਵਰੀ ਨੂੰ ਸਵੇਰੇ ਪਹਿਲੀ ਕਿਰਨ ਦੇ ਨਾਲ ਤੂੰ ਇਨ੍ਹਾਂ ਨੂੰ ਲੈ ਕੇ ਮੇਰੇ ਸਾਹਮਣੇ ਹਾਜ਼ਰ ਹੋਵੇਗੀ। ਕਿੰਨੀ ਭੋਲੀ ਏਂ ਤੂੰ, ਕੀ ਮੈਂ ਉਹ ਮਨਹੂਸ ਸਵੇਰਾ ਦੇਖ ਸਕਾਂਗੀ? ਨਹੀਂ ਕਦੇ ਨਹੀਂ। ਮੈਂ ਇਨ੍ਹਾਂ ਅੱਖਾਂ ਨਾਲ ਉਸ ਨੂੰ ਕਿਸੇ ਹੋਰ ਨਾਲ ਦੇਖਾਂ, ਇਹ ਕਿਵੇਂ ਹੋ ਸਕਦਾ ਹੈ? ਜੇ ਇਹ ਹੋ ਸਕਦਾ ਹੈ ਤਾਂ ਫਿਰ ਤੇਰੇ ਕੋਲੋਂ ਦੂਰ ਪਈ ਖੂਨ ਕਿਉਂ ਥੁੱਕਦੀ? ਤੂੰ ਕਿੰਨੀ ਕਠੋਰ ਚਿੱਤ ਏਂ। ਕਿੰਨਾ ਸੁਆਦ ਲੈ ਲੈ ਕੇ ਇਹ ਖ਼ਬਰ ਸੁਣਾ ਦਿੱਤੀ। ਸ਼ਾਇਦ ਮੇਰੀ ਬਿਮਾਰ ਜ਼ਿੰਦਗੀ ਤੋਂ ਅੱਕ ਚੁੱਕੀ ਏਂ। ਡਾਕਟਰ ਵੀ ਪ੍ਰੇਸ਼ਾਨ ਨੇ। ਭੈੜੀ ਕਿਸਮਤ ਵਾਲਾ ਜ਼ਿੰਦਗੀ ਦਾ ਇਹ ਦੀਵਾ ਐਨੇ ਤੂਫਾਨਾਂ ਵਿਚ ਟਿਮਟਿਮਾਈ ਜਾਂਦਾ ਹੈ ਪਰ ਹੁਣ ਤਸੱਲੀ ਰੱਖ। ਤੂੰ ਜਦੋਂ ਇਥੇ ਆਵੇਂਗੀ ਤਾਂ ਮਿਲਣ ਦਾ ਇਹ ਦੀਵਾ ਬੁਝ ਚੁੱਕਿਆ ਹੋਵੇਗਾ। ਜੋਤ ਬੁਝ ਚੁੱਕੀ ਹੋਵੇਗੀ। ਸਮਾਂ ਪੂਰਾ ਹੋ ਜਾਵੇ ਤਾਂ ਕੋਈ ਕਰ ਵੀ ਕੀ ਸਕਦਾ ਹੈ। ਇਸ ਵਿਚ ਕਿਸੇ ਦਾ ਕੀ ਦੋਸ਼? ਮੈਂ ਤਾਂ ਇਸ ਨੂੰ ਵੀ ਕਸੂਰਵਾਰ ਨਹੀਂ ਸਮਝਦੀ। ਆਪਣੀ ਹੀ ਜ਼ਿੰਦਗੀ ਗੁਨਾਹਗਾਰ ਨਜ਼ਰ ਆਉਂਦੀ ਹੈ। ਉਨ੍ਹਾਂ ਨੂੰ ਕਹੀਂ, ਮੈਨੂੰ ਮੁਆਫ ਕਰ ਦੇਣ। ਮੈਂ ਉਨ੍ਹਾਂ ਦੇ ਸਵਾਗਤ ਦੇ ਕਾਬਲ ਨਹੀਂ। ਇਸ ਲਈ ਉਨ੍ਹਾਂ ਦੇ ਜਸ਼ਨ ਮਨਾਏ ਬਿਨਾਂ ਹੀ ਚਲੀ ਜਾਵਾਂਗੀ। ਤੇਰੇ ਕਿੰਨੇ ਅਹਿਸਾਨ ਹਨ ਮੇਰੇ ‘ਤੇ। ਇਹ ਮਰ ਕੇ ਵੀ ਨਾ ਭੁੱਲਾਵਾਂਗੀ। ਹੋ ਸਕੇ ਤਾਂ ਮੇਰੀਆਂ ਗੱਲਾਂ ਨੂੰ ਆਈ ਗਈ ਕਰ ਦੇਣਾ। ਅਸਲਮ ਭਾਈ ਨੂੰ ਮੇਰਾ ਆਖਰੀ ਸਲਾਮ ਕਹੀਂ।
ਸ਼ਾਹਦਾ, ਮੇਰੀ ਮਿੱਟੀ ਇਥੇ ਨਾ ਸੁੱਟੀ ਜਾਵੇ। ਬੱਸ ਆਖਰੀ ਇੱਛਾ ਇਹੋ ਹੈ ਕਿ ਬਾਗ ਦੇ ਉਸ ਕੋਨੇ ਵਿਚ ਦੱਬ ਦੇਣਾ ਜਿਥੇ ਉਹ ਜੂਹੀ ਦਾ ਪੌਦਾ ਹੈ ਜੋ ਵਿਆਹ ਦੇ ਦੂਜੇ ਹੀ ਦਿਨ ਮੈਂ ਤੇਰੇ ਭਰਾ ਨਾਲ ਮਿਲ ਕੇ ਲਾਇਆ ਸੀ ਅਤੇ ਉਨ੍ਹਾਂ ਨੇ ਮੇਰਾ ਮਹਿੰਦੀ ਰੰਗਿਆ ਹੱਥ ਆਪਣੇ ਹੱਥਾਂ ਵਿਚ ਫੜ ਕੇ ਇਕੱਠਿਆਂ ਮਰਨ-ਜਿਉਣ ਦੀਆਂ ਸਹੁੰਆਂ ਖਾਧੀਆਂ ਸਨ। ਉਹ ਮੁੱਢ ਸੀ ਅਤੇ ਇਹ ਅਖ਼ੀਰ ਹੈ। ਚੰਗਾ ਹੁਣ ਵਿਦਾ ਹੋ ਰਹੀ ਹਾਂ। ਖੁਦਾ ਹਾਫ਼ਿਜ਼!
ਨਸੀਬਾਂ ਵਿਚ ਪਤਝੜ ਵਾਲੀ,
ਸੁਰੱਈਆ।
—
ਭਾਈ ਜਾਨ,
ਸਲਾਮ।
ਤੁਸੀਂ ਅਮਰੀਕਾ ਤੋਂ ਆ ਕੇ ਦਿੱਲੀ ਠਹਿਰ ਗਏ। ਚੰਗਾ ਹੀ ਕੀਤਾ। ਮਰਨ ਵਾਲੀ ਨਾਲ ਆਪ ਦਾ ਵੀ ਕੀ ਸਬੰਧ ਸੀ ਕਿ ਉਸ ਦੀ ਮਿੱਟੀ ‘ਤੇ ਦੋ ਮੁੱਠਾਂ ਮਿੱਟੀ ਦੀਆਂ ਪਾ ਦੇਣ ਲਈ ਆ ਜਾਂਦੇ। ਤੁਹਾਡਾ ਤਾਰ ਮਿਲਦਿਆਂ ਹੀ ਭਾਬੀ ਨੂੰ ਜੋ ਮਹੀਨਿਆਂ ਤੋਂ ਸੈਨੀਟੋਰੀਅਮ ਵਿਚ ਪਈ ਸ਼ਾਇਦ ਇਸੇ ਖ਼ਬਰ ਦੀ ਉਡੀਕ ਕਰ ਰਹੀ ਸੀ, ਮੈਂ ਲਿਖਿਆ ਸੀ ਕਿ ਇੱਕੀ ਜਨਵਰੀ ਨੂੰ ਤੁਹਾਨੂੰ ਨਾਲ ਲੈ ਕੇ ਪਹੁੰਚ ਰਹੀ ਹਾਂ ਪਰ 18 ਜਨਵਰੀ ਨੂੰ ਦੂਜਾ ਤਾਰ ਮਿਲਿਆ ਜਿਸ ਤੋਂ ਪਤਾ ਲੱਗਿਆ ਕਿ ਤੁਸੀ ਇਕ ਹਫ਼ਤਾ ਦਿੱਲੀ ਹੀ ਠਹਿਰੋਗੇ। ਵੀਹ ਜਨਵਰੀ ਨੂੰ ਡਾਕਟਰ ਆਫ਼ਤਾਬ ਦਾ ਫੋਨ ਆਇਆ ਕਿ ਸੁਰੱਈਆ ਦੀ ਹਾਲਤ ਖ਼ਰਾਬ ਹੈ। ਮੈਂ ਉਸੇ ਰਾਤ ਦੀ ਗੱਡੀ ‘ਤੇ ਚੱਲ ਪਈ। ਇਕ ਜਨਵਰੀ ਨੂੰ ਸਵੇਰੇ ਸੱਤ ਵਜੇ ਸੈਨੀਟੋਰੀਅਮ ਪਹੁੰਚੀ। ਉਥੇ ਇਕ ਬਦਨਸੀਬ ਪਰ ਵਫਾਦਾਰ ਦੂਜਿਆਂ ਦੇ ਗੁਨਾਹਾਂ ਨੂੰ ਦਿਲ ਵਿਚ ਛੁਪਾ ਕੇ ਸਦੀਵੀ ਨੀਂਦ ਸੌਂ ਰਹੀ ਸੀ। ਡਾਕਟਰ ਨੌਸ਼ਾਦ ਨੇ ਦੱਸਿਆ ਕਿ ਰਾਤ ਦੋ ਵਜੇ ਦਿਲ ਵਿਚ ਦਰਦ ਹੋਇਆ। ਖੂਨ ਦੀ ਉਲਟੀ ਆਈ ਅਤੇ ਸ਼ਮ੍ਹਾਂ ਸਵੇਰਾ ਹੋਣ ਤੋਂ ਪਹਿਲਾਂ ਹੀ ਬੁਝ ਗਈ। ਭਾਬੀ ਦੀ ਵਸੀਅਤ ਅਨੁਸਾਰ ਮੈਂ ਉਸ ਦੀ ਦੇਹ ਨੂੰ ਇਥੇ ਲੈ ਆਈ ਅਤੇ ਪਤਝੜ ਵਾਲੀ ਜ਼ਿੰਦਗੀ ਵਾਲੀ ਸੁਹਾਗਣ ਆਪਣੇ ਹੱਥੀਂ ਲਗਾਏ ਜੂਹੀ ਦੇ ਪੌਦੇ ਹੇਠਾਂ ਆਰਾਮ ਨਾਲ ਸੌਂ ਰਹੀ ਹੈ। ਆਹ ਭਾਬੀæææ ਸੁਰੱਈਆ।
ਗਮ ਨਸੀਬ ਭੈਣ,
ਸ਼ਾਹਦਾ।
Leave a Reply