ਚੁਣਾਵੀ ਦਾਅਪੇਚ ਅਤੇ ਸਿਆਸਤ

ਜਿਉਂ-ਜਿਉਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਵਕਤ ਨੇੜੇ ਆ ਰਿਹਾ ਹੈ, ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਿਆਸੀ ਸਰਪ੍ਰਸਤ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੀਆਂ ਸਰਗਰਮੀਆਂ ਵਿਚ ਤੇਜ਼ੀ ਆ ਰਹੀ ਹੈ। ਇਨ੍ਹਾਂ ਵੱਲੋਂ ਸਿਆਸਤ ਅਤੇ ਹਿੰਦੂਤਵੀ ਏਜੰਡੇ ਨਾਲ ਸਬੰਧਿਤ ਮੁੱਦਿਆਂ ਬਾਰੇ ਚਰਚਾ ਭਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਇਸ ਨੂੰ ਅੰਗਰੇਜ਼ਾਂ ਦੇ ਬਸਤੀਵਾਦ ਅਤੇ ਗੁਲਾਮੀ ਤੋਂ ਮੁਕਤੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ।

ਅਯੁੱਧਿਆ ਵਿਚ ਬਣਾਏ ਜਾ ਰਹੇ ਰਾਮ ਮੰਦਰ ਦਾ ਉਦਘਾਟਨ ਅਗਲੇ ਸਾਲ ਜਨਵਰੀ ਵਿਚਕੀਤਾ ਜਾਵੇਗਾ ਅਤੇ ਇਸ ਨੂੰ ਹਿੰਦੂਤਵ ਦੀ ਜਿੱਤ ਵਜੋਂ ਪ੍ਰਚਾਰਿਆ ਜਾਵੇਗਾ। ਹੋਰ ਵੀ ਬਥੇਰੇ ਮੁੱਦੇ ਹਨ ਜੋ ਭਾਰਤੀਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਵਾਰੀ-ਵਾਰੀ ਉਭਾਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਅਸਲ ਵਿਚ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਦੇ ਲਡਿਰਾਂ ਦਾ ਹਮੇਸ਼ਾ ਇਹੀ ਦਾਈਆ ਰਿਹਾ ਹੈ ਕਿ ਹਿੰਦੂਆਂ ਦੇ ਵੱਖ-ਵੱਖ ਵਰਗਾਂ ਦਾ ਧਰੁਵੀਕਰਨ ਕੀਤਾ ਜਾਵੇ। ਇਨ੍ਹਾਂ ਦਾ ਮੰਨਣਾ ਹੈ ਕਿ ਹਿੰਦੂਆਂ ਦੇ ਧਰੁਵੀਕਰਨ ਨਾਲਵੱਧ ਤੋਂ ਵੱਧ ਵੋਟਾਂ ਲੈ ਕੇ ਵੱਧ ਤੋਂ ਵੱਧ ਸੀਟਾਂ ਜਿੱਤੀਆਂ ਜਾ ਸਕਦੀਆਂ ਹਨ।
ਪਿਛਲੇ ਸਮੇਂ ਦੌਰਾਨ ਇਹ ਸਾਬਤ ਵੀ ਹੋ ਗਿਆ ਹੈ ਕਿ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਵੋਟਾ ਦਾ ਧਰੁਵੀਕਰਨ ਕਰਨ ਵਿਚ ਕਾਮਯਾਬ ਰਹੀ ਹੈ, ਉਥੇ-ਉਥੇ ਹੀ ਇਸ ਦੀ ਜਿੱਤ ਹੋਈ ਹੈ। ਪਿੱਛੇ ਜਿਹੇ ਹੋਈਆਂ ਕਰਨਾਟਕ ਵਿਧਾਨ ਸਭਾ ਚੋਣ ਇਸ ਦੀ ਤਾਜ਼ਾ ਮਿਸਾਲ ਹੈ। ਉਥੇ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਦੇ ਲੀਡਰਾਂ ਜਿਨ੍ਹਾਂ ਵਿਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਮਿਲ ਸਨ, ਨੇ ਪੂਰਾ ਟਿੱਲ ਲਾਇਆ ਹੈ ਕਿ ਧਰੁਵੀਕਰਨ ਕੀਤਾ ਜਾਵੇ ਪਰ ਕਰਨਾਟਕ ਵਿਚ ਇਨ੍ਹਾਂ ਦੀ ਕੋਈ ਪੇਸ਼ ਨਹੀਂ ਰਹੇ ਅਤੇ ਸਮੁੱਚੀ ਚੋਣ ਮੁਹਿੰਮ ਦੌਰਾਨ ਸਥਾਨਕ ਮੁੱਦੇ ਹੀ ਹਾਵੀ ਰਹੇ। ਸਿੱਟੇ ਵਜੋਂ ਵੋਟਾਂ ਦਾ ਧਰੁਵੀਕਰਨ ਨਹੀਂ ਹੋਇਆ ਅਤੇ ਲੱਖ ਯਤਨਾਂ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਇਹ ਵਿਧਾਨ ਸਭਾ ਚੋਣ ਬਹੁਤ ਬੁਰੀ ਤਰ੍ਹਾਂ ਹਾਰ ਗਈ। ਇਸ ਚੋਣ ਵਿਚ ਇਸ ਦੇ ਕਹਿੰਦੇ-ਕਹਾਉਂਦੇ ਲੀਡਰ ਅਤੇ ਮੰਤਰੀ ਤੱਕ ਵੀ ਚੋਣ ਹਾਰ ਗਏ। ਇਹੀ ਹਾਲ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ ਵੇਲੇ ਹੋਇਆ ਸੀ। ਉਥੇ ਵੀ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਧਰੁਵੀਕਰਨ ਵਿਚ ਨਾਕਾਮ ਰਹੀਆਂ ਸਨ; ਉਥੇ ਵੀ ਸਥਾਨਕ ਮੁੱਦੇ ਹੀ ਭਾਰੂ ਰਹਿਣ ਕਾਰਨ ਭਾਰਤੀ ਜਨਤਾ ਪਾਰਟੀ ਪਛੜ ਗਈ ਸੀ।
ਅਸਲ ਵਿਚ ਦੱਖਣੀ ਸੂਬਿਆਂ ਵਿਚ ਅਜੇ ਵੀ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਦੇ ਪੈਰ ਨਹੀਂ ਲੱਗ ਰਹੇ। ਦੱਖਣ ਵਿਚ ਕਰਨਾਟਕ ਇਕੱਲਾ ਅਜਿਹਾ ਸੂਬਾ ਸੀ ਜਿਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਪਰ ਇਨ੍ਹਾਂ ਦੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਸਭ ਹੱਦਾਂ-ਬੰਨੇ ਪਾਰ ਕਰ ਗਿਆ। ਇਸੇ ਤਰ੍ਹਾਂ ਉਤਰੀ ਖਿੱਤੇ ਵਿਚ ਪੰਜਾਬ ਅਜਿਹਾ ਸੂਬਾ ਹੈ ਜਿਥੇ ਇਸ ਨੂੰ ਬਹੁਤਾ ਭਰਵਾਂ ਹੁੰਗਾਰਾ ਨਹੀਂ ਮਿਲਿਆ।ਰਹਿੰਦੀ-ਖੂੰਹਦੀ ਕਸਰ ਪਿਛਲੇ ਸਮੇਂ ਦੌਰਾਨ ਚੱਲੇ ਕਿਸਾਨ ਅੰਦੋਲਨ ਦੇ ਕੱਢ ਦਿੱਤੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਘਰੋਂ ਨਿੱਕਲਣਾ ਵੀ ਮੁਸ਼ਕਿਲ ਹੋ ਗਿਆ ਸੀ। ਵੱਖ-ਵੱਖ ਪਾਰਟੀਆਂ ਦੇ ਅਣਗਿਣਤ ਲੀਡਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਤਿੰਨ ਫੀਸਦੀ ਵੋਟਾਂ ਵੀ ਹਾਸਲ ਨਹੀਂ ਕਰ ਸਕੀ ਜਦਕਿ ਅੰਕੜੇ ਦੱਸਦੇ ਹਨ ਕਿ ਸੂਬੇ ਵਿਚ ਹਿੰਦੂਆਂ ਦੀ ਵਸੋਂ 35 ਫੀਸਦ ਤੋਂ ਉਪਰ ਹੀ ਹੈ। ਮਤਲਬ ਸਾਫ ਹੈ ਕਿ ਪੰਜਾਬ ਵਿਚ ਇਸ ਪਾਰਟੀ ਨੂੰ ਹਿੰਦੂ ਵਸੋਂ ਦੀਆਂ ਇਹ ਵੋਟਾਂ ਵੀ ਮਸੀਂ ਪਈਆਂ ਹਨ।ਸ਼ਾਇਦ ਇਸੇ ਕਰ ਕੇ ਹੀ ਇਹ ਪੰਜਾਬ ਵਿਚ ਪਿਛਲੇ ਦਰਵਾਜ਼ਿEਂ ਵੀ ਬੜਾ ਕੁਝ ਕਰਨ ਦਾ ਯਤਨ ਕਰਦੀ ਹੈ। ਹਾਲ ਹੀ ਵਿਚ ਇਸ ਨੇ ਪੰਜਾਬ ਯੂਨੀਵਰਸਿਟੀ ਦੇ ਮਸਲੇ ‘ਤੇ ਹਰਿਆਣਾ ਨੂੰ ਸ਼ਿਸ਼ਕੇਰ ਕੇ ਪੰਜਾਬ ਦੇ ਗਲ ਪਾਉਣ ਦਾ ਯਤਨ ਕੀਤਾ ਹੈ। ਯਾਦ ਰਹੇ ਕਿ ਹਰਿਆਣਾ ਵਿਚ ਇਸ ਵਕਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਉਥੇ ਵਿਧਾਨ ਸਭਾ ਚੋਣਾਂ ਅਗਲੇ ਸਾਲ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਣੀਆਂ ਹਨ। ਹਰਿਆਣਾ ਨੂੰ ਸ਼ਿਸ਼ਕੇਰ ਕੇ ਭਾਰਤੀ ਜਨਤਾ ਪਾਰਟੀ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੀ ਹੈ। ਇਕ ਤਾਂ ਹਰਿਆਣਾ ਦੇ ਲੋਕਾਂ ਨੂੰ ਪੰਜਾਬ ਖਿਲਾਫ ਭੜਕਾਉਣ ਦਾ ਕੰਮ ਹੋ ਸਕਦਾ ਹੈ; ਦੂਜੇ, ਪੰਜਾਬ ਨੂੰ ਕਸੂਤਾ ਫਸਾਇਆ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੇ ਦੋਹਾਂ ਵਿਚਕਾਰ ਵੰਡੀਆਂ ਪਾਉਣ ਦਾ ਹਰ ਯਤਨ ਨਾਕਾਮ ਕਰ ਦਿੱਤਾ ਸੀ ਅਤੇ ਰਲ ਕੇ ਕਿਸਾਨ ਅੰਦੋਲਨ ਨੂੰ ਟੀਸੀ ‘ਤੇ ਪਹੁੰਚਾ ਦਿੱਤਾ ਸੀ। ਇਹ ਗੱਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਾਰਕੁਨ ਵੀ ਮੰਨਦੇ ਹਨ ਕਿ ਕਿਸਾਨ ਅੰਦੋਲਨ ਸ਼ੁਰੂ ਭਾਵੇਂ ਪੰਜਾਬ ਵਿਚ ਹੀ ਹੋਇਆ ਪਰ ਇਹ ਹਰਿਆਣਾ ਦੀ ਭਰਪੂਰ ਮਦਦ ਨਾਲ ਹੀ ਪ੍ਰਵਾਨ ਚੜ੍ਹਿਆ।
ਸਭ ਜਾਣਦੇ ਹਨ ਅਤੇ ਇਹ ਤੱਥ ਰਿਕਾਰਡ ‘ਤੇ ਹਨ ਕਿ ਹਰਿਆਣਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ ਆਪਣਾ ਹਿੱਸਾ ਆਪਣੀ ਮਰਜ਼ੀ ਨਾਲ ਕੱਢਿਆ ਸੀ। ਫੰਡਾਂ ਤੋਂ ਇਨਕਾਰ ਦੇ ਨਾਲ ਹੀ ਇਸ ਦਾ ਯੂਨੀਵਰਸਿਟੀ ਉਤੇ ਦਾਅਵਾ ਵੀ ਨਾਲ ਦੀ ਨਾਲ ਹੀ ਖਤਮ ਹੋ ਗਿਆ ਪਰ ਹੁਣ ਚੋਣਾਂ ਦੇ ਮੱਦੇਨਜ਼ਰ ਦੱਬੇ ਮੁਰਦੇ ਫਿਰ ਉਖਾੜਨ ਦੇ ਯਤਨ ਕੀਤੇ ਜਾ ਰਹੇ ਹਨ। ਸਿਤਮਜ਼ਰੀਫੀ ਇਹ ਵੀ ਹੈ ਕਿ ਪੰਜਾਬ ਦਾ ਰਾਜਪਾਲ ਜੋ ਕਿਸੇ ਵੀ ਸੂਬੇ ਵਿਚ ਕੇਂਦਰ ਦਾ ਨੁਮਾਇੰਦਾ ਹੁੰਦਾ ਹੈ, ਭਾਰਤੀ ਜਨਤਾ ਪਾਰਟੀ ਦੀ ਸਿਆਸਤ ਮੁਤਾਬਿਕ ਹਰਿਆਣਾ ਦੇ ਹੱਕ ਵਿਚ ਭੁਗਤ ਰਿਹਾ ਹੈ। ਪਹਿਲਾਂ ਵੀ ਕਈ ਮਸਲਿਆਂ ‘ਤੇ ਰਾਜਪਾਲ ਨੇ ਬਿਨਾ ਵਜ੍ਹਾ ਪੰਜਾਬ ਸਰਕਾਰ ਨੂੰ ਛੁਟਿਆਉਣ ਦੇ ਯਤਨ ਕੀਤੇ ਹਨ। ਅਜਿਹੇ ਮਸਲਿਆਂ ਉਤੇ ਪੰਜਾਬ ਦੀਆਂ ਸਭ ਧਿਰਾਂ ਨੂੰ ਇਕੱਠੀਆਂ ਹੋ ਕੇ ਕੇਂਦਰ ਸਰਕਾਰ ਨੂੰ ਸਖਤ ਸੁਨੇਹਾ ਦੇਣਾ ਚਾਹੀਦਾ ਹੈ ਤਾਂ ਕਿ ਹੋਰ ਮਸਲਿਆਂ ਦੀ ਪੈਰਵਾਈ ਲਈ ਰਾਹ ਵੀ ਹੋਰ ਮੋਕਲਾ ਹੋ ਸਕੇ।