ਰਹਿਣੀ-ਬਹਿਣੀ ਦੇ ਫ਼ਕੀਰ ਤੇ ਲੋਕਵੇਦ ਦੇ ਮਹਾਂਰਿਸ਼ੀ ਦੇਵਿੰਦਰ ਸਤਿਆਰਥੀ

ਗੁਰਬਚਨ ਸਿੰਘ ਭੁੱਲਰ
ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ, ਮੇਰੇ ਸਵੈਵਿਸ਼ਵਾਸ ਵਿਚ ਵਾਧਾ ਕਰਨ ਵਾਲੀ ਇਕ ਗੱਲ ਇਹ ਵੀ ਸੀ ਕਿ ਮੈਂ ਦੇਵਿੰਦਰ ਸਤਿਆਰਥੀ ਦੇ ਪਿੰਡਾਂ ਦਾ ਹਾਂ।…ਕਈ ਸਾਲਾਂ ਮਗਰੋਂ ਮੈਂ ਦਿੱਲੀ ਆ ਪਹੁੰਚਿਆ ਜਿਥੇ ਸਾਹਿਤ ਅਤੇ ਸੜਕਾਂ ਉੱਤੇ ਸਤਿਆਰਥੀ ਜੀ ਦੀ ਮਾਲਕੀ ਸੀ। ਉਨ੍ਹਾਂ ਦੇ ਪਹਿਲੀ ਵਾਰ ਦਰਸ਼ਨ ਭਾਪਾ ਪ੍ਰੀਤਮ ਸਿੰਘ ਦੇ ਨਵਯੁਗ ਪ੍ਰੈਸ ਵਿਚ ਹੋਏ।

ਉਨ੍ਹਾਂ ਨੂੰ ਨੇੜਿਉਂ ਦੇਖ ਕੇ ਇਉਂ ਲਗਿਆ ਜਿਵੇਂ ਗੁਰੂਦੇਵ ਰਾਬਿੰਦਰਨਾਥ ਟੈਗੋਰ ਹੁਣੇ-ਹੁਣੇ ਸ਼ਾਂਤੀ-ਨਿਕੇਤਨ ਤੋਂ ਪੈਦਲ ਤੁਰ ਕੇ ਆਏ ਹੋਣ—ਘਸੇ ਹੋਏ ਬੂਟ, ਲੰਮੇ ਸਫ਼ਰ ਤੋਂ ਆਇਆਂ ਵਰਗੇ ਕੱਪੜੇ, ਦਾੜ੍ਹੀ ਉੱਤੇ ਧੂੜ, ਪਰ ਕੁਝ-ਕੁਝ ਵਿਰਲੇ ਰੇਸ਼ਮੀ ਕੇਸਾਂ ਦੀ ਝਾਲਰ ਹੇਠ ਚੌੜਾ ਨੂਰਾਨੀ ਮੱਥਾ ਤੇ ਰੱਬ ਦੇ ਆਪਣੇ ਹੱਥੀਂ ਤਰਾਸ਼ੇ ਹੋਏ ਖ਼ੂਬਸੂਰਤ ਨੈਣ-ਨਕਸ਼!
ਭਾਪਾ ਜੀ ਨੇ ਉਨ੍ਹਾਂ ਨੂੰ ਮੇਰੇ ਬਾਰੇ ਦੱਸਿਆ ਤਾਂ ਦੋਵਾਂ ਦੇ ਪਿੰਡਾਂ ਦੀ ਨੇੜਤਾ ਸੁਣ ਕੇ ਉਹ ਗਦਗਦ ਹੋ ਗਏ, ‘ਲE ਜੀ, ਪਿੱਥੋ ਤਾਂ ਸਾਡੇ ਭਦੌੜ ਦਾ ਇਕ ਅਗਵਾੜ ਹੀ ਸਮਝੋ। ਭਾਪਾ ਜੀ, ਇਹਨੂੰ ਮੇਰੇ ਗੁਆਂਢੀ ਪਿੰਡ ਦਾ ਨਾ ਕਹੋ, ਮੇਰੇ ਪਿੰਡ ਦਾ ਹੀ ਕਹੋ।’ ਭਾਪਾ ਜੀ ਆਪਣੇ ਮੇਜ਼ ਉੱਤੇ ਕੰਮ ਖਿਲਾਰੀ ਬੈਠੇ ਸਨ। ਕੁਝ-ਕੁਝ ਸ਼ਰਾਰਤੀ ਲਹਿਜ਼ੇ ਵਿਚ ਬੋਲੇ, ‘ਜੇ ਇਹ ਗੱਲ ਹੈ ਤਾਂ ਭੁੱਲਰ ਨੂੰ ਕਿਤੇ ਲਿਜਾ ਕੇ ਚਾਹ ਵੀ ਪਿਆE ਤੇ ਨਾਲ ਕੋਈ ਰਚਨਾ ਵੀ ਸੁਣਾE।’ ਉਨ੍ਹਾਂ ਨੇ ਸਤਿਆਰਥੀ ਜੀ ਦੇ ਕੋਟ ਦੀ ਜੇਬ ਵਿਚ ਬੰਦ ਮੁੱਠੀ ਪਾਈ ਤੇ ਖੁੱਲ੍ਹੀ ਕੱਢ ਲਈ। ਰਚਨਾ ਸੁਣਾਉਣ ਦੀ ਉਨ੍ਹਾਂ ਦੀ ਮਸ਼ਹੂਰ ਤੇ ਬਹੁਚਰਚਿਤ ਆਦਤ ਬਾਰੇ ਮੈਨੂੰ ਅਜੇ ਕੋਈ ਇਲਮ ਨਹੀਂ ਸੀ। ਇਸ ਪਹਿਲੀ ਮਿਲਣੀ ਵਿਚ ਹੀ ਉਹ ਮੈਨੂੰ ਚਾਂਦਨੀ ਚੌਕ ਦੀ ਇਕ ਭੀੜੀ ਜਿਹੀ ਵੀਹੀ ਵਿਚਲੇ ਇਕ ਅਧ-ਹਨੇਰੇ ਤੇ ਥਿੰਧੇ ਜਿਹੇ ਚਾਹ-ਖ਼ਾਨੇ ਵਿਚ ਲੈ ਗਏ ਅਤੇ ‘ਛੋਟੀ ਜਿਹੀ ਰਚਨਾ’ ਆਖ ਕੇ ਸਾਰਾ ‘ਸੂਈ ਬਾਜ਼ਾਰ’ ਸੁਣਾ ਛੱਡਿਆ।
ਉਸ ਪਿੱਛੋਂ ਦੇ ਲੰਮੇ ਸਾਲਾਂ ਵਿਚ ਪਤਾ ਨਹੀਂ ਕਿੰਨੇ ਅਣਗਿਣਤ ਵਾਰ ਮੁਲਾਕਾਤ ਹੋਈ ਹੋਵੇਗੀ। ਪਰ ਇਕ ਵਾਰ ਉਨ੍ਹਾਂ ਨੂੰ ਇਕ ਸਾਹਿਤਕ ਸਨਮਾਨ ਦੇਣ ਵਾਲੀ ਸੰਸਥਾ ਨੇ ਮੈਨੂੰ ਉਨ੍ਹਾਂ ਬਾਰੇ ਲੇਖ ਲਿਖਣ ਲਈ ਕਿਹਾ ਤਾਂ ਉਨ੍ਹਾਂ ਨਾਲ ਲੰਮੀ ਮੁਲਾਕਾਤ ਦੀ ਲੋੜ ਮਹਿਸੂਸ ਹੋਈ। ਤਦ ਸਵਾਲ ਪੈਦਾ ਹੋਇਆ, ਲੱਭਿਆ ਕਿਥੇ ਜਾਵੇ? ਉਨ੍ਹਾਂ ਦੀਆਂ ਪੈੜਾਂ ਤਾਂ ਦਿੱਲੀ ਦੀ ਹਰੇਕ ਸੜਕ ਉਤੇ, ਪਾਰਕਾਂ ਵਿਚ, ਕਾਫ਼ੀ ਹਾਊਸਾਂ ਤੇ ਚਾਹ-ਖ਼ਾਨਿਆਂ ਵਿਚ, ਆਰਟ ਗੈਲਰੀਆਂ ਤੇ ਪ੍ਰਦਰਸ਼ਨੀਆਂ ਵਿਚ, ਸਭਾਵਾਂ ਵਿਚ ਤੇ ਗੋਸ਼ਟੀਆਂ ਵਿਚ, ਨਵਯੁਗ ਤੇ ਜਨਤਕ ਪੈ੍ਰਸ ਵਿਖੇ, ਅਨੇਕ ਥਾਂਵਾਂ ਉਤੇ ਸਨ, ਪਰ ‘ਥਿਆ ਗਿਆ, ਥਿਆ ਗਿਆ’ ਕਿਥੇ ਹੋਵੇ? ਪਤਾ ਲੱਗੇ ਤੋਂ ਉਨ੍ਹਾਂ ਨੇ ਨਵਯੁਗ ਵਿਚ ਮਿਲਣ ਦਾ ਸਮਾਂ ਦੱਸ ਦਿੱਤਾ ਪਰ ਆਏ ਨਾ। ਦੂਜੇ-ਤੀਜੇ ਦਿਨ ਪਹੁੰਚੇ ਤਾਂ ਭਾਪਾ ਜੀ ਨੂੰ ਕਹਿੰਦੇ, ‘ਜੀ ਉਸ ਦਿਨ ਮੈਂ ਭੁੱਲਰ ਨੂੰ ਮਿਲਣ ਦਾ ਇਕਰਾਰ ਕਰ ਕੇ ਉਡੀਕਦਾ ਰਖਿਆ, ਹੁਣ ਪਸ਼ਚਾਤਾਪ ਵਜੋਂ ਮੈਂ ਆਪ ਉਹਦੇ ਘਰ ਜਾਵਾਂਗਾ।’ ਆਏ ਤਾਂ ਸਰੀਰ ਦਾ ਅੰਗ ਬਣ ਚੁੱਕੀ ਕੱਛੇ ਮਾਰੀ ਹੋਈ ਫ਼ਾਈਲ ਨਾਲ ਇਕ ਬਹੁਤ ਮੋਟਾ ਖਰੜਾ ਵੀ ਸੀ। ਹੁਣ ਤੱਕ ਹਰ ਹੱਥ ਆਏ ਬੰਦੇ ਨੂੰ ਉਨ੍ਹਾਂ ਦੀ ਖਰੜਾ ਸੁਣਾਉਣ ਦੀ ਲਤ ਬਾਰੇ ਮੈਂ ਚੰਗੀ ਤਰ੍ਹਾਂ ਜਾਣ ਚੁੱਕਿਆ ਸੀ।
ਉਨ੍ਹਾਂ ਨਾਲ ਗੱਲਾਂ ਕਰਨ ਲਈ ਬੰਦੇ ਨੂੰ ਬੜੇ ਦਮ ਦੀ ਲੋੜ ਪੈਂਦੀ ਸੀ—ਸਰੀਰਕ ਦਮ ਦੀ ਵੀ ਤੇ ਮਾਨਸਿਕ ਦਮ ਦੀ ਵੀ। ਉਹ ਸਰੋਤੇ ਨੂੰ ਉਂਗਲੀ ਫੜ ਕੇ ਆਪਣੇ ਨਾਲ ਉਸ ਅਮੁੱਕ-ਅਨੰਤ ਭੂਗੋਲ ਦਾ ਯਾਤਰੀ ਬਣਾ ਲੈਂਦੇ ਸਨ ਜਿਸ ਵਿਚ ਉਨ੍ਹਾਂ ਨੇ ਲੋਕਯਾਨ ਦਾ ਅਸ਼ਵਮੇਧੀ ਘੋੜਾ ਛੱਡ ਰਖਿਆ ਸੀ ਜੋ ਉਨ੍ਹਾਂ ਦੇ ਚਕਰਵਰਤੀ ਸਾਹਿਤ-ਸਮਰਾਟ ਹੋਣ ਵਿਚ ਕੋਈ ਸੰਦੇਹ ਨਹੀਂ ਸੀ ਰਹਿਣ ਦਿੰਦਾ। ਇਹ ਮਾਰਗ ਕਦੀ ਆਸਾਮ ਤੇ ਕਦੀ ਬੰਗਾਲ ਲੈ ਜਾਂਦਾ ਸੀ, ਕਦੀ ਗੁਜਰਾਤ ਤੇ ਕਦੀ ਬਲੋਚਿਸਤਾਨ, ਕਦੀ ਬਰਮਾ ਤੇ ਕਦੀ ਲੰਕਾ। ਕਦੀ ਇਹ ਪਹਾੜੀਂ ਚੜ੍ਹਾ ਲੈਂਦਾ ਸੀ ਅਤੇ ਕਦੀ ਦਰਿਆਵਾਂ ਤੇ ਜੰਗਲਾਂ-ਬੇਲਿਆਂ ਵਿਚੋਂ ਦੀ ਲੰਘਾਉਂਦਾ ਹੋਇਆ ਕੰਨਿਆ ਕੁਮਾਰੀ ਦੇ ਸਾਗਰ ਦੀਆਂ ਲਹਿਰਾਂ ਨਿਹਾਰਨ ਲਈ ਪ੍ਰੇਰਦਾ ਸੀ। ਇਸ ਮਾਰਗ ਉੱਤੇ ਤੁਰਦਿਆਂ ਕਦੀ ਉਹ ਕਿਸੇ ਆਸ਼ਰਮ ਵਿਚ ਲਿਜਾ ਕੇ ਰਿਖੀਸ਼ਰਾਂ-ਤਪੀਸ਼ਰਾਂ ਵਿਚਕਾਰ ਬਿਠਾ ਦਿੰਦੇ ਸਨ ਅਤੇ ਕਦੀ ਰੂਸ, ਫ਼ਰਾਂਸ, ਅਮਰੀਕਾ, ਇੰਗਲੈਂਡ ਦੇ ਪਿਛਲੀਆਂ ਸਦੀਆਂ ਦੇ ਤੇ ਅਜੋਕੇ ਸਾਹਿਤਕਾਰਾਂ ਨਾਲ ਜਾ ਹੱਥ ਮਿਲਵਾਉਂਦੇ ਸਨ। ਉਰਦੂ, ਹਿੰਦੀ, ਪੰਜਾਬੀ ਅਤੇ ਹੋਰ ਅਨੇਕਾਂ ਭਾਰਤੀ ਭਾਸ਼ਾਵਾਂ ਦੇ ਸਿਰਕੱਢ ਸਮਕਾਲੀ ਲੇਖਕ ਤਾਂ ਉਨ੍ਹਾਂ ਦੇ ਯਾਰ-ਬੇਲੀ ਸਨ ਹੀ।
ਮੈਂ ਸਵਾਲ ਕੀਤਾ, ‘ਗੁਰੂਦੇਵ, ਤੁਹਾਨੂੰ ਹਿੰਦੀ ਵਾਲੇ ਉਰਦੂ ਜਾਂ ਪੰਜਾਬੀ ਦਾ ਅਤੇ ਉਰਦੂ ਵਾਲੇ ਹਿੰਦੀ ਜਾਂ ਪੰਜਾਬੀ ਦਾ ਲੇਖਕ ਮੰਨਦੇ ਹਨ। ਅਪਣਾਇਆ ਤਾਂ ਤੁਹਾਨੂੰ ਪੰਜਾਬੀ ਨੇ ਹੀ ਹੈ ਜੋ ਤੁਹਾਨੂੰ ਹਿੱਕ ਨਾਲ ਲਾ ਕੇ ਆਖਦੀ ਹੈ, ਹਿੰਦੀ ਜਾਂ ਉਰਦੂ ਦਾ ਨਹੀਂ, ਇਹ ਤਾਂ ਮੇਰਾ ਲਾਲ ਹੈ!…ਪਰ ਤੁਸੀਂ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੇ ਵਸੀਲੇ ਵਜੋਂ ਮੁਖ ਤੌਰ ਉਤੇ ਕੋਈ ਇਕੋ ਭਾਸ਼ਾ ਕਿਉਂ ਨਾ ਚੁਣੀ?’ ਉਨ੍ਹਾਂ ਨੇ ਮੁਸਕਰਾ ਕੇ ਆਪਣੀ ਬਹੁਭਾਸ਼ਤਾ ਦੇ ਕਾਰਨ ਸਮਝਾਏ, ‘ਦਰਅਸਲ ਜੀ ਇਹ ਮੇਰੀ ਤਬੀਅਤ ਦੀ ਆਵਾਰਗੀ ਦਾ ਪਰਤੌ ਵੀ ਹੈ ਅਤੇ ਇਸ ਨਾਲ ਸ਼ਬਦ-ਚੋਣ ਦੀ ਸਮਰੱਥਾ ਵੀ ਵਧਦੀ ਹੈ।’ ਫੇਰ ਗੰਭੀਰ ਹੋ ਕੇ ਕਿਤੇ ਦੂਰ, ਕਿਸੇ ਮਾਨਸਿਕ ਦਿਸਹੱਦੇ ਵੱਲ ਦੇਖਦਿਆਂ ਬੋਲੇ, ‘ਭੁੱਲਰ ਜੀ, ਤੁਸੀਂ ਜ਼ਬਾਨਾਂ ਵਿਚੋਂ ਇਕ ਜ਼ਬਾਨ ਚੁਣਨ ਦੀ ਗੱਲ ਕਰਦੇ ਹੋ, ਮੈਨੂੰ ਤਾਂ ਇਹ ਵੀ ਪਤਾ ਨਹੀਂ ਕਿ ਮੈਂ ਕਿਸ ਦੇਸ ਦਾ ਹਾਂ।’
ਵੱਖ-ਵੱਖ ਭਾਸ਼ਾਵਾਂ ਨਾਲ ਸਤਿਆਰਥੀ ਜੀ ਦਾ ਸਨੇਹ ਸਚੁਮੱਚ ਹੀ ਬੜਾ ਸੁਹਿਰਦ ਸੀ। ਇਕ ਦਿਨ ਲੋਕਮਾਤਾ ਉਨ੍ਹਾਂ ਨੂੰ ਕਹਿਣ ਲੱਗੀ, ਤੁਸੀਂ ਬੋਲੇ ਕੁੱਕੜ ਤਾਂ ਹੋ ਹੀ, ਦੁਸ਼ਟ ਵੀ ਹੋ। ਇਨ੍ਹਾਂ ਨੂੰ ‘ਦੁਸ਼ਟ’ ਕਹੇ ਜਾਣ ਦਾ ਕੋਈ ਗਿਲਾ ਨਹੀਂ ਹੋਇਆ ਸਗੋਂ ਖ਼ੁਸ਼ ਹੋ ਕੇ ਬੋਲੇ, ‘ਬਈ ਵਾਹ, ਤੰੂ ਤਾਂ ਸੰਸਕ੍ਰਿਤ ਵੀ ਬੋਲਣ ਲੱਗੀ ਹੈਂ, ਰੁਸ਼ਟ, ਮੁਸ਼ਟ, ਦੁਸ਼ਟ।’ ਮੈਨੂੰ ਇਹ ਗੱਲ ਸੁਣਾਉਂਦਿਆਂ ਆਖਣ ਲੱਗੇ, ‘ਦਰਅਸਲ ਜੀ, ਲੋਕਮਾਤਾ ਦਾ ਬੰਦਿਆਂ ਦਾ ਮੁੱਲ ਅੰਗਣ ਦਾ ਆਪਣਾ ਹੀ ਤਰੀਕਾ ਹੈ ਜੋ ਕੋਈ ਬਹੁਤਾ ਪਾਏਦਾਰ ਜਾਂ ਤਰਕਪੂਰਨ ਨਹੀਂ। ਦੇਖੋ ਨਾ ਭੁੱਲਰ ਜੀ, ਮੈਨੂੰ ਤਾਂ ਦੁਸ਼ਟ ਕਹਿ ਦਿੱਤਾ, ਤੇ ਇਕ ਦਿਨ ਮੈਨੂੰ ਕਹਿ ਰਹੀ ਸੀ, ਤੁਸੀਂ ਹੁਣ ਤਕ ਜਿੰਨੇ ਦੋਸਤ ਬਣਾਏ ਨੇ, ਸਭ ਤੋਂ ਸਾਊ ਭੁੱਲਰ ਐ। ਕੋਈ ਪੱੁਛੇ ਬਈ ਭਲੀਏ ਲੋਕੇ, ਤੂੰ ਆਪਣੀ ਤੱਕੜੀ ਦੀ ਡੰਡੀ ਕੁਛ ਤਾਂ ਸਿੱਧੀ…!’ ਉਨ੍ਹਾਂ ਨੇ ਗੱਲ ਜਾਣ ਕੇ ਵਿਚਾਲੇ ਛੱਡ ਦਿੱਤੀ। ਹਾਸੇ ਦੀਆਂ ਕੰਨੀਆਂ ਛੋਂਹਦੀ ਮੁਸਕਰਾਹਟ ਨਾਲ ਉਨ੍ਹਾਂ ਦੀਆਂ ਸੰਘਣੀਆਂ ਮੁੱਛਾਂ ਨੱਚਣ ਲੱਗੀਆਂ ਤੇ ਉਨ੍ਹਾਂ ਦੀਆਂ ਅੱਖਾਂ ਵਿਚ ਹਾਣੀਆਂ ਵਾਲੀ ਸ਼ਰਾਰਤ ਲਿਸ਼ਕਣ ਲੱਗੀ।
ਇਹ ਚੁਸਤੀ ਉਹ ਅਕਸਰ ਵਰਤਦੇ। ਗੱਲ ਅਧੂਰੀ ਛੱਡ ਕੇ ਜਾਂ ਦੋ-ਚਾਰ ਸ਼ਬਦਾਂ ਵਿਚ ਕੁਝ ਕਹਿ ਕੇ ਉਹ ਅਜਿਹਾ ਵਾਰ ਕਰਦੇ ਕਿ ਅਗਲਾ ਇਹ ਸਮਝਣ ਜੋਗਾ ਵੀ ਨਹੀਂ ਸੀ ਰਹਿੰਦਾ ਕਿ ਜਵਾਬ ਦੇਵੇ ਤਾਂ ਕੀ ਦੇਵੇ! ਇਹ ਭਾਣਾ ਵੱਡਿਆਂ-ਵੱਡਿਆਂ ਨਾਲ ਵਰਤ ਜਾਂਦਾ ਸੀ। ਸਤਿਆਰਥੀ ਜੀ, ਡਾ. ਹਰਿਭਜਨ ਸਿੰਘ ਤੇ ਹਰਿਨਾਮ ਕਰੋਲਬਾਗ਼ ਦੇ ਇਕ ਕਾਫ਼ੀ ਹਾਊਸ ਵਿਚ ਬੈਠੇ ਵਿਹਲੀਆਂ ਗੱਲਾਂ ਮਾਰ ਰਹੇ ਸਨ। ਹਰਿਭਜਨ ਸਿੰਘ Eਦੋਂ ਕਰੋਲਬਾਗ਼ ਦੀ ਨਾਈਵਾਲਾ ਗਲੀ ਵਿਚ ਰਹਿੰਦੇ ਸਨ। ਸਤਿਆਰਥੀ ਜੀ ਦੀ ਉਨ੍ਹੀਂ ਦਿਨੀਂ ਲਿਖੀ ਇਕ ਕਵਿਤਾ ਦੀਆਂ ਸਤਰਾਂ ਸਨ, ‘ਮੇਰੀ ਭੁੱਖ ਮਾਰਦੀ ਮੈਨੂੰ ਹਾਕਾਂ ਦਿੱਲੀ ਦੀਆਂ ਸੜਕਾਂ ਉੱਤੇ। ਨਿੰਦਿਆ ਸਾਡੀ ਗਲੀ ’ਚ ਆ ਕੇ ਦੇਵੇ ਹੋਕਾ ਜਾਂ ਫਿਰ ਸਾਡੀ ਗਲੀ ’ਚ ਭੌਂਕਣ ਕੁੱਤੇ!’ ਹਰਿਭਜਨ ਸਿੰਘ ਕਹਿੰਦੇ, ‘ਲੈ ਬਈ ਹਰਿਨਾਮ, ਇਨ੍ਹਾਂ ਦੀ ਗਲੀ ਦੇ ਕੁੱਤੇ ਇਨ੍ਹਾਂ ਨੂੰ ਭੌਂਕ ਰਹੇ ਨੇ!’ ਸਤਿਆਰਥੀ ਜੀ ਨੇ ਉਜਰ ਕੀਤਾ, ‘ਗਲੀ ਦੇ ਕੁੱਤੇ ਨਹੀਂ ਜੀ, ਗਲੀ ’ਚ ਕੁੱਤੇ!’ ਹਰਿਭਜਨ ਸਿੰਘ ਨੇ ਹੋਰ ਛੇੜਿਆ, ‘ਉਹ ਕਿਥੋਂ ਆ ਜਾਂਦੇ ਨੇ ਤੁਹਾਨੂੰ ਭੌਂਕਣ?’ ਸਤਿਆਰਥੀ ਜੀ ਹੌਲੀ ਜਿਹੀ ਬੋਲੇ, ‘ਜੀ, ਨਾਈਵਾਲਾ ਤੋਂ!’ ਮੇਰਾ ਖ਼ਿਆਲ ਹੈ, ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ, ਫ਼ਾਰਸੀ ਤੇ ਸੰਸਕ੍ਰਿਤ ਦੇ ਗਿਆਨਵਾਨ ਡਾ. ਹਰਿਭਜਨ ਸਿੰਘ ਨੂੰ ‘ਦੇ’ ਅਤੇ ‘ਚ’ ਦਾ ਭਾਸ਼ਾਈ ਫ਼ਰਕ ਏਨੀ ਸਪੱਸ਼ਟਤਾ ਨਾਲ ਕਿਸੇ ਗ੍ਰੰਥ ਨੇ ਵੀ ਨਹੀਂ ਸਮਝਾਇਆ ਹੋਣਾ!
ਇਕ ਵਾਰ ਸ਼ਬਦਾਂ ਦੀ ਇਹ ਛਮਕ ਸੰਤ ਸਿੰਘ ਸੇਖੋਂ ਨੂੰ ਵੀ ਝੱਲਣੀ ਪਈ। ਕੁਝ ਲੇਖਕ ਮਿੱਤਰ ਦਾਰੂ ਪੀ ਰਹੇ ਸਨ ਤੇ ਸਤਿਆਰਥੀ ਜੀ ਦਾੜ੍ਹੀ ਦੀ ਬੁੱਕਲ ਮਾਰ ਕੇ ਸੋਫੀ ਬਣੇ ਕੋਲ ਬੈਠੇ ਸਨ। ਸੇਖੋਂ ਤਰਾਰੇ ਵਿਚ ਆ ਕੇ ਕਹਿੰਦੇ, ‘ਮੈਂ ਆਲੋਚਕ ਵਜੋਂ ਜਿਸ ਨੂੰ ਥਾਪੜਾ ਦੇ ਦਿਆਂ, ਉਹੋ ਲੇਖਕ ਸਥਾਪਤ ਮੰਨ ਲਿਆ ਜਾਂਦਾ ਹੈ। ਬਈ ਸਤਿਆਰਥੀ, ਤੂੰ ਕਦੀ ਕਿਸੇ ਪੁਸਤਕ ਬਾਰੇ ਲਿਖਣ ਨੂੰ ਨਹੀਂ ਕਿਹਾ।’ ਸਤਿਆਰਥੀ ਜੀ ਸਹਿਜ ਨਾਲ ਬੋਲੇ, ‘ਕਈ ਵਾਰ ਬੇਨਤੀ ਕਰਨ ਨੂੰ ਦਿਲ ਚਾਹਿਆ ਪਰ ਹਰ ਵਾਰ ਚੇਤੇ ਆ ਜਾਂਦਾ ਸੀ ਕਿ ਤੁਸੀਂ ਤਾਂ ਜੰਮਣ ਵਿਚ ਵੀ ਮੈਥੋਂ ਪੂਰੇ ਤਿੰਨ ਦਿਨ ਫਾਡੀ ਹੋ!’
ਲੇਖਕਾਂ ਦੇ ਹਾਣ ਅਤੇ ਸਾਥ ਬਾਰੇ ਸਤਿਆਰਥੀ ਜੀ ਦਾ ਕਹਿਣਾ ਸੀ ਕਿ ਉਮਰ-ਭੋਗੀ ਸਾਹਿਤਕਾਰਾਂ ਨਾਲ ਮਿਲਣ-ਜੁਲਣ ਦੀ ਥਾਂ ਉਨ੍ਹਾਂ ਨੇ ਨਵਿਆਂ ਨਾਲ ਜੁੜ ਕੇ ਤੁਰਨ ਦੀ ਵਾਦੀ ਚਿਰੋਕਣੀ ਪਾਈ ਹੋਈ ਸੀ। ਆਖਦੇ ਸਨ, ‘ਬੁੱਢੇ ਬਲ੍ਹਦਾਂ ਨਾਲ ਪੰਜਾਲ਼ੀ ਜੁੜਨ ਦਾ ਕੀ ਫ਼ਾਇਦਾ! ਸਾਥ ਵਹਿੜਕਿਆਂ ਦਾ ਹੀ ਠੀਕ ਰਹਿੰਦਾ ਹੈ। ਬੁੱਢੇ ਲੋਕ ਸਾਹਿਤ ਦੀ ਗੱਲ ਘੱਟ, ਸਿਹਤ ਦੀ ਜ਼ਿਆਦਾ ਕਰਦੇ ਨੇ। ਤੁਸੀਂ ਦਿਲ ਦੇ ਦਰਦ ਦੀ ਬਾਤ ਪਾਉਂਦੇ ਹੋ, ਉਹ ਗੋਡਿਆਂ ਦੇ ਦਰਦ ਦੀ ਕਥਾ ਸੁਣਾਉਂਦੇ ਨੇ। ਤੁਸੀਂ ਰਚਨਾ ਦੇ ਅੱਜ ਜਾਂ ਭਲਕ ਦਾ ਜ਼ਿਕਰ ਕਰਦੇ ਹੋ, ਉਹ ਆਪਣਾ ਰਚਨਾਕਾਰ ਅਤੀਤ ਲੈ ਬੈਠਦੇ ਨੇ। ਕਹਿਣਗੇ, ਮੈਂ ਐਹ ਕੀਤਾ, ਮੈਂ ਔਹ ਕੀਤਾ, ਮੇਰੀ ਕਦਰ ਨਹੀਂ ਪਈ। ਭੁੱਲਰ ਜੀ, ਲੇਖਕ ਦੀ ਕਦਰ ਕੋਈ ਹੋਰ ਥੋੜ੍ਹੋ ਪਾਉਂਦਾ ਹੈ, ਲੇਖਕ ਨੇ ਤਾਂ ਜੀ ਆਪਣੀ ਕਦਰ ਆਪ ਪਾਉਣੀ ਹੁੰਦੀ ਹੈ!’
ਉਹ ਲੇਖਕੀ ਨਿਮਰਤਾ ਦੀਆਂ ਮਿਸਾਲਾਂ ਦਿੰਦੇ, ‘ਦੇਖੋ ਜੀ, ਤੁਰਗਨੇਵ ਜਿਹਾ ਮਹਾਂ-ਰਚਨਾਕਾਰ ਤੇ ਆਪਣੇ ਸਮੇਤ ਬਾਕੀ ਸਭਨਾਂ ਲੇਖਕਾਂ ਨੂੰ ਗੋਗੋਲ ਦੇ Eਵਰਕੋਟ ਦੀ ਜੇਬ ਵਿਚੋਂ ਨਿਕਲੇ ਹੋਏ ਆਖਦਾ ਹੈ। ਇਹੋ ਜਿਹੀ ਮਿਸਾਲ ਆਪਣੇ ਫ਼ਿਰਾਕ ਗੋਰਖਪੁਰੀ ਦੀ ਵੀ ਹੈ। ਸਾਡੇ ਜ਼ਮਾਨੇ ਦਾ ਉਰਦੂ ਦਾ ਇਕ ਮਹਾਨ ਸ਼ਾਇਰ! ਕਹਿੰਦਾ ਹੈ, ਉਰਦੂ ਵਿਚ ਹੁਣ ਤੱਕ ਢਾਈ ਸ਼ਾਇਰ ਹੋਏ ਹਨ, ਇਕ ਮੀਰ, ਦੂਜਾ ਗ਼ਾਲਿਬ…ਤੇ ਅੱਧਾ, ਪਤਾ ਹੈ, ਉਹ ਕਿਸ ਨੂੰ ਆਖਦਾ ਹੈ? ਆਪਣੇ ਸਮੇਤ ਬਾਕੀ ਸਾਰਿਆਂ ਨੂੰ। ਇਹ ਹੈ ਰਚਨਾਕਾਰ ਵਾਲਾ ਵਿਹਾਰ!’
ਲੋਕਮਾਤਾ ਨੇ ਉਨ੍ਹਾਂ ਨੂੰ ਘਰ ਦੇ ਕੰਮਾਂ ਤੋਂ ਉੱਕਾ ਹੀ ਮੁਕਤ ਕਰ ਛੱਡਿਆ ਸੀ। ਕਾਰਨ ਇਹ ਨਹੀਂ ਸੀ ਕਿ ਉਹ ਇਨ੍ਹਾਂ ਦੀ ਰਚਨਾਕਾਰੀ ਵਿਚ ਵਿਘਣ ਨਹੀਂ ਸੀ ਪਾਉਣਾ ਚਾਹੁੰਦੀ, ਕਾਰਨ ਇਹ ਸੀ ਕਿ ਉਹ ਚੁੱਲ੍ਹੇ ਚੜ੍ਹੀ ਚਾਹ ਵਾਸਤੇ ਖੰਡ ਲੈਣ ਭੇਜਦੀ, ਇਹ ਜਾਂ ਤਾਂ ਹਲ਼ਦੀ-ਮਿਰਚਾਂ ਲੈ ਆਉਂਦੇ ਤੇ ਜਾਂ ਫੇਰ ਕਈ-ਕਈ ਹਫ਼ਤੇ ਜਾਂ ਮਹੀਨੇ ਮੁੜਦੇ ਹੀ ਨਾ। ਇਕ ਵਾਰ ਬਾਜ਼ਾਰ ਭੇਜੇ ਤਾਂ ਕਈ ਮਹੀਨਿਆਂ ਮਗਰੋਂ ਘਰ ਮੁੜੇ ਅਤੇ ਲੋਕਮਾਤਾ ਨੂੰ ਕਹਿਣ ਲਗੇ, ‘ਮੈਂ ਤਿੰਨ ਹਜ਼ਾਰ ਲੋਕ-ਗੀਤ ਇਕੱਠੇ ਕਰ ਲਿਆਇਆ ਹਾਂ।’
‘ਤੁਹਾਡੀਆਂ ਇਨ੍ਹਾਂ ਉਦਾਸੀਆਂ ਸਮੇਂ ਬੇਬੇ ਅਕਦੀ-ਰੁਸਦੀ ਨਹੀਂ ਸੀ?’ ਮੈਂ ਹੈਰਾਨ ਹੋਇਆ।
‘ਮੈਂ ਜੀ ਆਪਣੀ ਇਸ ਆਦਤ ਬਾਰੇ ਇਹਨੂੰ ਵਿਆਹ ਵੇਲੇ ਹੀ ਦੱਸ ਦਿੱਤਾ ਸੀ। ਫੇਰ ਵੀ ਇਕ ਵਾਰ ਚਿਰਾਂ ਪਿਛੋਂ ਘਰ ਪਰਤੇ ਨੂੰ ਬੂਹਾ ਖੋਲ੍ਹਣ ਮਗਰੋਂ ਇਹਦੇ ਪਹਿਲੇ ਬੋਲ ਸਨ, ਤੁਸੀਂ ਜੇਹੇ ਜਿਉਂਦੇ, ਤੇਹੇ ਮੋਏ! ਮੈਂ ਗਦਗਦ ਹੋ ਗਿਆ। ਦੇਖੋ ਨਾ ਜੀ, ਜਦੋਂ ਬੰਦੇ ਦਾ ਜਿਉਣਾ-ਮਰਨਾ ਇਕ-ਸਮਾਨ ਹੋ ਜਾਵੇ, ਉਹ ਤਾਂ ਬ੍ਰਹਮਗਿਆਨ ਨੂੰ ਪ੍ਰਾਪਤ ਹੋ ਗਿਆ ਸਮਝੋ। ਆਪਣੀ ਇਕ ਕਵਿਤਾ ਦੀ ਇਕ ਸਤਰ ਮੈਂ ਲੋਕਮਾਤਾ ਵਲੋਂ ਹੀ ਲਿਖ ਦਿੱਤੀ: ਮੈਂ ਭੁੱਲੀ ਵਿਆਹ ਕਰਾ ਕੇ ਵੇ ਮਨ ਪਛੋਤਾਣਾ!’ ਸਾਡਾ ਗੋਤ ਬੱਤਾ ਹੈ ਜੀ। ਆਪ ਇਹ ਅਜਿਹੇ ਮੌਕਿਆਂ ’ਤੇ ਕਈ ਵਾਰ ਆਖਦੀ, ‘ਵਿਆਹ ਤੋਂ ਪਹਿਲਾਂ ਮੈਨੂੰ ਸਹੇਲੀਆਂ ਨੇ ਬੜੀਆਂ ਚਿਤਾਉਣੀਆਂ ਦਿੱਤੀਆਂ ਸੀ। ਅਖੇ, ਕਹਾਵਤ ਹੈ, ਬੱਤੇ ਬੜੇ ਕੁਪੱਤੇ! ਮੈਂ ਹੀ ਕਮਲੀ ਨੇ ਕੰਨ ਨਾ ਧਰਿਆ।’
ਸਤਿਆਰਥੀ ਜੀ ਅਜਿਹੇ ਮੌਕੇ ਆਖਦੇ, ‘ਲੋਕਮਾਤਾ ਦਾ ਗਿਲਾ ਬੇਬੁਨਿਆਦ ਹੈ ਜੀ। ਵਿਆਹ ਵੇਲੇ ਸਹੇਲੀਆਂ ਨੇ ਇਹਦੀ ਹਥੇਲੀ ਉੱਤੇ ਕਾਲੇ ਤਿਲ ਰੱਖ ਕੇ ਮੈਨੂੰ ਚੱਬਣ ਲਈ ਕਿਹਾ ਸੀ। ਇਹ ਪਤਾ ਮੈਨੂੰ ਮਗਰੋਂ ਲਗਿਆ, ਇਉਂ ਤਿਲ ਚੱਬਣ ਵਾਲਾ ਬੰਦਾ ਸਾਰੀ ਉਮਰ ਪਤਨੀ ਦਾ ਦਬੇਲ ਬਣਿਆ ਰਹਿੰਦਾ ਹੈ। ਮੈਂ ਤਾਂ ਲੋਕਮਾਤਾ ਦਾ ਦਬੇਲ ਹਾਂ ਜੀ!’
ਮੈਂ ਕੁਝ ਹੈਰਾਨ ਹੋਇਆ, ‘ਤੁਹਾਡਾ ਗੋਤ ਬੱਤਾ ਹੈ? ਮੈਂ ਤਾਂ ਸਮਝਦਾ ਰਿਹਾ, ਸਤਿਆਰਥੀ ਤੁਹਾਡਾ ਗੋਤ ਹੈ!…ਫੇਰ ਇਹ ਸਤਿਆਰਥੀ ਕਿਥੋਂ ਆ ਗਿਆ?’
ਉਹ ਆਪਣੇ ਨਾਂ ਦਾ ਇਤਿਹਾਸ ਦੱਸਣ ਲੱਗੇ, ‘ਘਰ-ਦਿਆਂ ਨੇ ਮੇਰਾ ਪਲੇਠਾ ਨਾਂ ਤਾਂ ਯੁਧਿਸ਼ਠਰ ਰੱਖਿਆ ਸੀ। ਫੇਰ ਉਨ੍ਹਾਂ ਨੇ ਹੀ ਬਦਲ ਕੇ ਦੇਵਿੰਦਰ ਬੱਤਾ ਕਰ ਦਿੱਤਾ। ਸ਼ੁਰੂ ਵਿਚ ਲੋਕਯਾਨ ਯਾਤਰਾ ਦੌਰਾਨ ਕਈ ਵਾਰ ਚਾਰ ਪੈਸਿਆਂ ਲਈ ਮੈਂ ਰਾਹ ਵਿਚ ਕੋਈ ਛੋਟਾ-ਮੋਟਾ ਕੰਮ ਵੀ ਕਰ ਲੈਂਦਾ ਸੀ। 1929 ਵਿਚ ਮੈਂ ਅਜਮੇਰ ਦੇ ‘ਵੈਦਕ ਯੰਤ੍ਰਾਲਯ ਪ੍ਰੈੱਸ’ ਵਿਚ ਕੁਛ ਦਿਨ ਕੰਮ ਕੀਤਾ ਤਾਂ ਉਥੇ ‘ਸਤਿਆਰਥ ਪ੍ਰਕਾਸ਼’ ਦੀ ਛਪਾਈ ਹੋ ਰਹੀ ਸੀ। ਸਤਿਆਰਥ ਸ਼ਬਦ ਮੈਨੂੰ ਵਧੀਆ ਲਗਿਆ ਤੇ ਇਉਂ ਮੈਂ ਦੇਵਿੰਦਰ ਸਤਿਆਰਥੀ ਬਣ ਗਿਆ।’
ਸ਼ੁਭਚਿੰਤਕ ਘੇਰਦੇ, ਅਮਕੀ ਥਾਂ ਨੌਕਰੀ ਹੈ, ਚਲੋ ਟੱਬਰ-ਪਾਲ ਬਣੋ। ਇਨ੍ਹਾਂ ਦਾ ਹਰ ਵਾਰ ਇਕੋ ਜਵਾਬ ਵੀ ਤੇ ਉਜਰ ਵੀ, ‘ਜੀ, 1929 ਵਿਚ ਕਾਂਗਰਸ ਦੇ ਸੰਪੂਰਨ ਸਵਰਾਜ ਦੇ ਮਤੇ ਦੇ ਨਾਲ-ਨਾਲ ਜੋ ਮੈਂ ਸਾਹਿਤਕਾਰੀ ਤੋਂ ਬਿਨਾਂ ਹੋਰ ਕੋਈ ਵੀ ਕੰਮ ਨਾ ਕਰਨ ਦਾ ਆਪਣੇ ਸੰਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ, ਉਹਦਾ ਕੀ ਬਣੇਗਾ?’ ਆਖ਼ਰ ਸ਼ੁਭਚਿੰਤਕ ਕੋਈ ਸਾਹਿਤਕ ਨੌਕਰੀ ਲੱਭਣ ਲੱਗੇ। 1946 ਵਿਚ ਮਹਿੰਦਰ ਸਿੰਘ ਰੰਧਾਵਾ ਸਦਕਾ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰੀਸਰਚ ਦੇ ਅੰਗਰੇਜ਼ੀ ਰਸਾਲੇ ‘ਇੰਡੀਅਨ ਫ਼ਾਰਮਿੰਗ’ ਵਿਚ ਸਹਾਇਕ ਸੰਪਾਦਕ ਦੀ ਕੁਰਸੀ ਉੱਤੇ ਬਿਠਾ ਦਿੱਤੇ ਗਏ। ਔਖਿਆਂ-ਸੌਖਿਆਂ ਦੋ ਵਰ੍ਹੇ ਤਾਂ ਲੰਘਾਏ ਪਰ ਦੋਸਤਾਂ ਨੂੰ ਵਾਰ-ਵਾਰ ਪੁਛਦੇ, ‘ਕਿਉਂ ਜੀ, ਇਹ ਬਾਜਰੇ-ਛੋਲਿਆਂ ਬਾਰੇ ਤੇ ਪਸੂਆਂ-ਡੰਗਰਾਂ ਬਾਰੇ ਲੋਕਾਂ ਦੇ ਲੇਖ ਛਾਪਣੇ ਵੀ ਸਾਹਿਤਕ ਕਾਰਜ ਹੈ?’
ਦੋਸਤ ਜਾਣਦੇ ਸਨ, ਇਹ ਉਥੇ ਬਹੁਤਾ ਟਿਕਣਗੇ ਨਹੀਂ। ਚੰਗੇ ਭਾਗਾਂ ਨੂੰ ਭਾਰਤ ਸਰਕਾਰ ਦੇ ਸਾਹਿਤਕ ਹਿੰਦੀ ਰਸਾਲੇ ‘ਆਜਕਲ’ ਦੇ ਸੰਪਾਦਕ ਦੀ ਕੁਰਸੀ ਖਾਲੀ ਹੋ ਗਈ। ਇਹ ਤਾਂ ਸੱਚਮੁੱਚ ਦੀ ਸਾਹਿਤਕ ਨੌਕਰੀ ਸੀ, ਇਸ ਕਰਕੇ ਦੋਸਤਾਂ ਦੇ ਬਿਠਾਏ ਔਖੇ-ਸੌਖੇ ਅੱਠ ਵਰ੍ਹੇ ਕੱਟ ਗਏ। ਪਰ ਭਾਵੇਂ ਸਾਹਿਤਕ ਸੀ, ਤਾਂ ਵੀ ਸੀ ਤਾਂ ਨੌਕਰੀ ਹੀ! ਆਖ਼ਰ ਇਕ ਦਿਨ ਕਿਸੇ ਕਥਿਤ ਵੱਡੇ ਦੀ ਦਿਖਾਈ ਟੈਂ ਦੇ ਬਹਾਨੇ ਦਫ਼ਤਰ ਦੀਆਂ ਕੰਧਾਂ ਟਪਦਿਆਂ ਬਾਹਰ ਆ ਗਏ। ਕੁਝ ਸਮੇਂ ਮਗਰੋਂ ਆਲ ਇੰਡੀਆ ਰੇਡੀE ਨੇ ਲੋਕਸੰਗੀਤ-ਨਿਰਦੇਸ਼ਕ ਦੀ ਪਦਵੀ ਦੀ ਪੇਸ਼ਕਸ਼ ਕਰ ਦਿੱਤੀ। ਰੁਚੀ ਮੁਤਾਬਿਕ ਕੰਮ ਅਤੇ ਮੋਟੀ ਤਨਖ਼ਾਹ ਦੀ ਦਲੀਲ ਦਾ ਇਕੋ ਜਵਾਬ, ‘ਪੱਲੇ ਖਰਚ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼!’ ਲੋਕਮਾਤਾ ਨੇ ਵਾਰ-ਵਾਰ ਸਮਝਾਇਆ, ‘ਭਲਿਆ ਲੋਕਾ, ਕਰ ਲੈ ਨੌਕਰੀ, ਨਹੀਂ ਤਾਂ ਆਪ ਵੀ ਔਖਾ ਹੋਵੇਂਗਾ ਤੇ ਸਾਨੂੰ ਵੀ ਔਖਾ ਕਰੇਂਗਾ।’ ਪਰ ਇਨ੍ਹਾਂ ਨੇ ਇਕ ਨਾ ਮੰਨੀ।
ਸਾਡੇ ਪਿੰਡਾਂ ਦੇ ਮੌਜੀ ਬੰਦਿਆਂ ਦੀ ਇਕ ਕਹਾਵਤ ਹੈ ਜੋ ਸਤਿਆਰਥੀ ਜੀ ਦੇ ਪਿਤਾ ਅਕਸਰ ਦੁਹਰਾਇਆ ਕਰਦੇ ਸਨ: ਅਸੀਂ ਤਾਂ ਜਨੇਤ ਨਾਲ ਆਏ ਹੋਏ ਹਾਂ! ਪਿE ਪਰ ਪੂਤ! ਇਹ ਪਿਤਾ-ਪੁਰਖੀ ਆਰਾਮ-ਤਲਬੀ ਅਤੇ ਖ਼ੁਸ਼-ਮਿਜ਼ਾਜੀ ਇਨ੍ਹਾਂ ਦੇ ਲਹੂ ਵਿਚ ਰਚੀ-ਵਸੀ ਹੋਣਾ ਕੁਦਰਤੀ ਸੀ। ਕਹਿੰਦੇ ਸਨ, ‘ਮੈਂ ਆਪਣੇ ਘਰ ਵਿਚ ‘ਅਨਪੇਇੰਗ ਗੈਸਟ’ ਵਾਂਗ ਰਹਿੰਦਾ ਹਾਂ। ਨਾ ਰਾਸ਼ਨ ਲਿਆਉਣ ਦੀ ਚਿੰਤਾ, ਨਾ ਦੁੱਧ ਦੀ। ਮੈਂ ਨਵੇਂ ਬੂਟ ਆਪ ਕਦੀ ਨਹੀਂ ਖਰੀਦਦਾ। ਨਾ ਕੋਟ ਲਈ ਕੱਪੜਾ, ਨਾ ਵਾਲਾਂ ਲਈ ਤੇਲ, ਨਾ ਕੰਘੀ। ਲਿਖਣ ਲਈ ਕਾਗਜ਼ ਵੀ ਲੋਕਮਾਤਾ ਹੀ ਖ਼ਰੀਦ ਕੇ ਦੇਵੇ ਤੇ ਸਿਆਹੀ ਵੀ ਤੇ ਕਲਮ ਵੀ!’
ਉਨ੍ਹਾਂ ਦੀ ਇਕ ਹਿੰਦੀ ਕਵਿਤਾ ਦਾ ਬੰਦ ਹੈ: ਦੇਸ਼ਕਾਲ ਕੀ ਵਹੀ ਪੁਰਾਨੀ ਚਾਲ/ ਸੁਨੀ-ਸੁਨਾਈ ਕਹਿਤਾ ਰਹਿਤਾ/ ਕਾਟ ਕਾਟ ਕੇ ਲਿਖਤਾ ਰਹਿਤਾ/ ਰਚਨਾ ਤੋ ਅਨੁਭਵ ਕੀ ਬਾਤ/ ਨਾ ਵੇਤਨ ਨਾ ਭੱਤਾ/ ਚੇਪੀ ਚੇਪੀ ਨਈ ਲਿਖਾਵਟ/ ਕਾਗ਼ਜ਼ ਬਨ ਗਿਆ ਗੱਤਾ।…ਉਹ ਆਪਣੀ ਰਚਨਾ ਜੋ ਵੀ ਹੱਥ ਲੱਗੇ, ਉਸੇ ਨੂੰ ਸੁਣਾਉਂਦੇ ਰਹਿੰਦੇ ਸਨ। ਸਾਹਿਤ ਤੋਂ ਪੂਰੀ ਤਰ੍ਹਾਂ ਅਭਿੱਜ, ਸਾਹਿਤ ਦੇ ੳ-ਅ ਦੇ ਅਗਿਆਨੀ ਸਰੋਤਿਆਂ ਨੂੰ, ਜਿਹੋ ਜਿਹਿਆਂ ਨੂੰ ਲੋਕ ਇੱਲ੍ਹ ਤੇ ਕੁੱਕੜ ਦਾ ਫ਼ਰਕ ਪਤਾ ਨਾ ਹੋਣ ਦੀ ਗੱਲ ਕਰਦੇ ਹਨ, ਵੀ ਉਸੇ ਉਤਸਾਹ, ਦਿਲਚਸਪੀ ਅਤੇ ਚਾਅ ਨਾਲ ਸੁਣਾਉਂਦੇ ਜਿਸ ਨਾਲ ਲੇਖਕਾਂ ਨੂੰ।
ਪਹਿਲਾਂ ਉਹ ਲੰਮੇ ਕੋਟ ਦੀਆਂ ਵੱਡੀਆਂ ਜੇਬਾਂ ਵਿਚ ਰਬੜ, ਬਲੇਡ, ਪੈਨਸਿਲ ਅਤੇ ਪੈੱਨ ਰਖਦੇ ਸਨ। ਜਦੋਂ ਸਰੋਤਾ ਕਿਸੇ ਤਬਦੀਲੀ ਦਾ ਸੁਝਾਅ ਦਿੰਦਾ, ਉਹ ਪਾਠ ਉਥੇ ਹੀ ਰੋਕ ਦਿੰਦੇ। ਜੇ ਲਿਖਤ ਪੈਨਸਿਲ ਨਾਲ ਲਿਖੀ ਹੋਈ ਹੁੰਦੀ, ਜੇਬ ਵਿਚੋਂ ਰਬੜ ਕੱਢ ਕੇ ਸੰਬੰਧਿਤ ਸਤਰ ਮੇਸਦੇ ਅਤੇ ਸਰੋਤੇ ਦੇ ਦੱਸੇ ਹੋਏ ਸ਼ਬਦ ਪੈਨਸਿਲ ਨਾਲ ਲਿਖ ਲੈਂਦੇ। ਸਿਆਹੀ ਦੇ ਖਰੜੇ ਦੇ ਸ਼ਬਦ ਉਹ ਬਲੇਡ ਨਾਲ ਖੁਰਚਦੇ ਅਤੇ ਉਸੇ ਥਾਂ ਸਰੋਤੇ ਦੀ ਰਾਇ ਲਿਖ ਲੈਂਦੇ। ਕਈ ਲੋਕ ਕਹਿੰਦੇ ਸਨ ਕਿ ਮਗਰੋਂ ਇਹ ਸਰੋਤੇ ਦੀ ਪੈਨਸਿਲ ਨਾਲ ਲਿਖੀ ਰਾਇ ਮੇਸ ਕੇ ਜਾਂ ਸਿਆਹੀ ਨਾਲ ਲਿਖੀ ਰਾਇ ਖੁਰਚ ਕੇ ਆਪਣੇ ਪਹਿਲਾਂ ਵਾਲੇ ਸ਼ਬਦ ਹੀ ਫੇਰ ਲਿਖ ਲੈਂਦੇ ਹਨ। ਇਸ ਮਿਹਣੇ ਤੋਂ ਬਚਣ ਵਾਸਤੇ ਇਹ ਜੇਬ ਵਿਚ ਛੋਟੇ-ਛੋਟੇ ਕੋਰੇ ਕਾਗਜ਼, ਨਿੱਕੀ ਜਿਹੀ ਕੈਂਚੀ ਅਤੇ ਲੇਵੀ ਦੀ ਸ਼ੀਸ਼ੀ ਰੱਖਣ ਲੱਗੇ। ਹੁਣ ਇਹ ਖਰੜੇ ਨੂੰ ਮੇਸਣ ਜਾਂ ਖੁਰਚਣ ਦੀ ਥਾਂ ਬਦਲਣ ਵਾਲੇ ਸ਼ਬਦਾਂ ਉੱਤੇ ਲਾਉਣ ਲਈ ਕੈਂਚੀ ਨਾਲ ਲੋੜੀਂਦੇ ਆਕਾਰ ਦਾ ਕਾਗ਼ਜ਼ ਕਟਦੇ ਤੇ ਲੇਵੀ ਨਾਲ ਸਰੋਤੇ ਦੀ ਰਾਇ ਦੀ ਚੇਪੀ ਲਾ ਦਿੰਦੇ। ਹਰ ਸਤਰ ਵਿਚ ਚੇਪੀ ਉੱਤੇ ਚੇਪੀ ਅਤੇ ਉਸ ਚੇਪੀ ਉੱਤੇ ਹੋਰ ਚੇਪੀ ਲੱਗ ਕੇ ਕਾਗਜ਼ ਅੰਤ ਨੂੰ ਗੱਤਾ ਬਣ ਜਾਂਦਾ ਸੀ। ਲੋਕਮਾਤਾ ਇਨ੍ਹਾਂ ਦੇ ਖਰੜਿਆਂ ਵੱਲ ਦੇਖ ਕੇ ਨੱਕ ਚਾੜ੍ਹਦੀ, ‘ਇਹ ਮੇਰਾ ਮੈਦੇ ਦਾ ਪੀਪਾ ਖਾ ਗਏ, ਅਜੇ ਇਨ੍ਹਾਂ ਦਾ ਢਿੱਡ ਨਹੀਂ ਭਰਿਆ।’ ਤਾਰਾ ਸਿੰਘ ਇਨ੍ਹਾਂ ਦੀ ਫਾਈਲ ਨੂੰ ਗੱਭਣ ਫਾਈਲ ਆਖਦਾ।
ਲੋਕਗੀਤਾਂ ਦੇ ਮਹਾਂਰਥੀ ਬਾਰੇ ਜਿਹੜੇ ਟੋਟਕੇ ਤੇ ਲਤੀਫ਼ੇ ਸੁਣਨ ਨੂੰ ਮਿਲਦੇ ਹਨ, ਉਨ੍ਹਾਂ ਵਿਚੋਂ ਅਨੇਕ ਉਨ੍ਹਾਂ ਦੇ ਖਰੜਾ ਸੁਣਾਉਣ ਬਾਰੇ ਹੀ ਹਨ ਤੇ ਕਈ ਤਾਂ ਹਨ ਵੀ ਸੱਚੇ। ਇਕ ਦਿਨ ਮੈਂ ਆਪਣੇ ਰੂਸੀ ਦਫ਼ਤਰੋਂ ਆ ਕੇ ਕਨਾਟ ਪਲੇਸ ਦੇ ਪਲਾਜ਼ਾ ਸਿਨਮੇ ਕੋਲੋਂ ਚਾਂਦਨੀ ਚੌਕ ਵਾਲੇ ਫਟਫਟੇ ਉੱਤੇ ਚੜ੍ਹਨ ਲੱਗਿਆ। ਨੇੜੇ ਹੀ ਖਲੋਤੇ ਸਤਿਆਰਥੀ ਜੀ ਕਿਸੇ ਨੂੰ ਰਚਨਾ ਸੁਣਾ ਰਹੇ ਸਨ। ਸਰੋਤਾ ਤਪੀ ਹੋਈ ਧਰਤੀ ਉੱਤੇ ਖਲੋਤਿਆਂ ਵਾਂਗ ਕਦੀ ਖੱਬਾ ਪੈਰ ਚੁੱਕ ਲਵੇ, ਕਦੀ ਸੱਜਾ। ਉਹਦੇ ਚਿਹਰੇ ਉਤੋਂ ਪਰੇਸ਼ਾਨੀ ਮੁੜ੍ਹਕਾ ਬਣ-ਬਣ ਚਿਉਂ ਰਹੀ ਸੀ। ਨਵਯੁਗ ਚੱਲਣ ਦੇ ਮੇਰੇ ਸੱਦੇ ਦੇ ਜਵਾਬ ਵਿਚ ਇਹ ਬੋਲੇ, ‘ਮੇਰੇ ਲਈ ਇਕ ਸੀਟ ਰੱਖ ਛੱਡਣੀ’ ਅਤੇ ਫੇਰ ਖਰੜੇ ਦੇ ਪਾਠ ਵਿਚ ਮਗਨ ਹੋ ਗਏ। ਇਕ-ਇਕ ਕਰ ਕੇ ਸਵਾਰੀਆਂ ਆਉਂਦੀਆਂ ਗਈਆਂ। ਜਦੋਂ ਆਖ਼ਰੀ ਸੀਟ ਰਹਿ ਗਈ, ਮੇਰੇ ਆਵਾਜ਼ ਦਿੱਤਿਆਂ ਇਹ ਮੰੂਹ ਵਿਚਲੇ ਸ਼ਬਦ ਨਾਲ ਹੀ ਭੋਗ ਪਾ ਕੇ ਤੁਰ ਪਏ ਅਤੇ ਬਦਕਿਸਮਤ ਸਰੋਤਾ ਟੋਕਰੇ ਹੇਠੋਂ ਛੁੱਟੇ ਕਾਂ ਵਾਂਗ ਪਤਾ ਹੀ ਨਹੀਂ ਕਿਧਰ ਉਡਾਰੀ ਲਾ ਗਿਆ। ਆ ਕੇ ਮੇਰੇ ਨਾਲ ਦੀ ਸੀਟ ਉੱਤੇ ਬੈਠੇ ਤਾਂ ਮੈਂ ਪੁਛਿਆ, ‘ਇਹ ਸਰੋਤਾ ਕੌਣ ਸੀ?’ ਬੋਲੇ, ‘ਪਤਾ ਨਹੀਂ ਜੀ ਕੌਣ ਸੀ। ਦਰਅਸਲ ਜੀ ਉਹਨੇ ਮੈਥੋਂ ਰੀਗਲ ਥੇਟਰ ਦਾ ਰਾਹ ਪੱੁਛਿਆ ਸੀ। ਮੈਂ ਕਿਹਾ, ਰੀਗਲ ਦਾ ਰਾਹ ਵੀ ਦਸਦੇ ਹਾਂ, ਪਹਿਲਾਂ ਇਹ ਦੋ ਕੁ ਪੰਨੇ ਤਾਂ ਸੁਣੋ!’
ਹੋਰ ਤਾਂ ਹੋਰ, ਇਹ ਪਾਬਲੋ ਨੇਰੂਦਾ ਨੂੰ ਵੀ ਕਵਿਤਾ ਸੁਣਾ ਗਏ! ਉਨ੍ਹਾਂ ਦੀ 1950 ਵਾਲੀ ਦਿੱਲੀ ਫੇਰੀ ਸਮੇਂ ਇਕ ਸਭਾ ਵਿਚ ਉਨ੍ਹਾਂ ਦੇ ਭਾਸ਼ਨ ਮਗਰੋਂ ਚਾਹ-ਪਾਣੀ ਵੇਲੇ ਸਤਿਆਰਥੀ ਜੀ ਉਨ੍ਹਾਂ ਦੇ ਨਾਲ ਵਾਲੀ ਕੁਰਸੀ ਉੱਤੇ ਬੈਠਣ ਵਿਚ ਸਫਲ ਹੋ ਗਏ। ਪਰ ਇਨ੍ਹਾਂ ਦੀ ਇਸ ਤੋਂ ਵੱਡੀ ਸਫਲਤਾ ਨੇਰੂਦਾ ਨੂੰ ਪਹਿਲਾਂ ਆਪਣੀ ਕਵਿਤਾ ‘ਗੁਲਮੋਹਰ ਦੇ ਫੁੱਲ’ ਦਾ ਭਾਵ-ਅਰਥ ਅੰਗਰੇਜ਼ੀ ਵਿਚ ਸਮਝਾਉਣਾ ਤੇ ਫੇਰ ਪੂਰੀ ਕਵਿਤਾ ਪੰਜਾਬੀ ਵਿਚ ਸੁਣਾਉਣਾ ਸੀ।
ਮੇਰੇ ਘਰ ਆਏ ਤਾਂ ਮੈਂ ਉਨ੍ਹਾਂ ਨੂੰ ਖਰੜੇ ਦੀਆਂ ਚੇਪੀਆਂ ਅਤੇ ਰਚਨਾ ਦੀ ਜਟਿਲਤਾ ਦਾ ਮੁੱਦਾ ਲੈ ਕੇ ਘੇਰਨ ਦੀ ਕੋਸ਼ਿਸ਼ ਕੀਤੀ, ‘ਪਰ ਇਥੇ ਤਾਂ, ਸਤਿਆਰਥੀ ਜੀ, ਤੁਹਾਡੀ ਗੱਲ ਵਿਚ ਸਵੈ-ਵਿਰੋਧ ਆ ਜਾਂਦਾ ਹੈ। ਇਕ ਪਾਸੇ ਤੁਸੀਂ ਪਾਠਕ ਨੂੰ ਏਨਾ ਮਹੱਤਵ ਦਿੰਦੇ ਹੋ ਕਿ ਜਣੇ-ਖਣੇ ਨੂੰ ਸੁਣਾਉਣ ਵਿਚ ਤੇ ਉਹਦੀ ਰਾਇ ਸਿਰ-ਮੱਥੇ ਰੱਖਣ ਵਿਚ ਵੀ ਤੁਸੀਂ ਕੋਈ ਝਿਜਕ ਨਹੀਂ ਦਿਖਾਉਂਦੇ ਅਤੇ ਦੂਜੇ ਪਾਸੇ ਰਚਨਾ ਪਾਠਕ ਦੇ ਸਿਰ ਤੋਂ ਉੱਤੇ-ਉੱਤੇ ਲੰਘ ਜਾਣ ਦੀ ਵੀ ਤੁਹਾਨੂੰ ਕੋਈ ਪਰਵਾਹ ਨਹੀਂ!’ ਪਰ ਚੌਦਾਂ ਹੱਥ ਦੀ ਛਾਲ ਮਾਰਨ ਦੇ ਸਮਰੱਥ ਹਿਰਨ-ਸੋਚ ਵਾਲੇ ਬਾਬੇ ਮੇਰੇ ਵਰਗਿਆਂ ਦੇ ਅਜਿਹੇ ਕੱਚੇ ਫੰਧਿਆਂ ਵਿਚ ਫਸਣ ਵਾਲੇ ਕਿਥੇ ਸਨ! ਉਨ੍ਹਾਂ ਨੇ ਨਵਾਂ ਸਿਧਾਂਤ ਪੇਸ਼ ਕਰ ਦਿੱਤਾ, ‘ਦਰਅਸਲ ਜੀ, ਰਚਨਾ ਕਰਦਿਆਂ ਹੋਇਆਂ ਲਿਖਣਾ Eਨਾ ਮਹੱਤਵ ਨਹੀਂ ਰਖਦਾ ਜਿੰਨਾ ਨਾ-ਲਿਖਣਾ। ਸਰਤ ਚੰਦਰ ਚੈਟਰਜੀ ਨੇ ਦਲੀਪ ਕੁਮਾਰ ਰਾਏ ਨੂੰ ਕਿਹਾ ਸੀ, ਤੰੂ ਲਿਖਣਾ ਤਾਂ ਜਾਣਦਾ ਹੈਂ, ਪਰ ਨਾ-ਲਿਖਣਾ ਨਹੀਂ। ਭੁੱਲਰ ਜੀ, ਦੇਖੋ ਨਾ, ਮਕਾਨ ਵਿਚ ਕੁਛ ਹਿੱਸਾ ਅਣਛੱਤਿਆ ਵੀ ਤਾਂ ਹੁੰਦਾ ਹੈ। ਰਚਨਾ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਤਾਂ ਜੋ ਪਾਠਕ ਉਸ ਅਣਛੱਤੇ ਹਿੱਸੇ ਵਿਚੋਂ ਦੀ ਆਪਣੀ ਮਰਜ਼ੀ ਤੇ ਕਲਪਨਾ ਦਾ ਅੰਬਰ-ਟੋਟਾ ਦੇਖ ਸਕੇ। ਇਹ ਕੋਈ ਨੀਰੇ ਵਾਲਾ ਕੋਠਾ ਥੋੜ੍ਹੋ ਹੁੰਦਾ ਹੈ ਜਿਸ ਵਿਚ ਨਾ ਬਾਰੀ ਹੋਵੇ, ਨਾ ਰੌਸ਼ਨਦਾਨ!’ ਫੇਰ ਉਹ ਮੁਸਕਰਾਏ, ‘ਰਹੀ ਗੱਲ ਰਚਨਾ ਸੁਣਾਉਣ ਦੀ, ਜੀਹਦਾ ਤੁਸੀਂ ਹੁਣੇ ਜ਼ਿਕਰ ਕੀਤਾ ਸੀ’ ਤੇ ਮੇਜ਼ ਉੱਤੋਂ ਖਰੜਾ ਚੁਕਦਿਆਂ ਬੋਲੇ, ‘ਲE ਇਕ ਛੋਟੀ ਜਿਹੀ ਰਚਨਾ ਸੁਣੋ।’
ਇਕ ਅਨੰਤ ਸਰੀਰਕ-ਮਾਨਸਿਕ ਯਾਤਰਾ ਦਾ ਅਤੇ ਨਿਰੰਤਰ ਕਲਮੀ ਘਾਲਨਾ ਦਾ ਨਾਂ ਹੈ ਦੇਵਿੰਦਰ ਸਤਿਆਰਥੀ। ਨੋਬਲ ਇਨਾਮ ਨਾਲ਼ ਪ੍ਰਸਿੱਧ ਹੋਈ ਰਾਬਿੰਦਰਨਾਥ ਟੈਗੋਰ ਦੀ ਰਚਨਾ ‘ਗੀਤਾਂਜਲੀ’ ਦਾ ਉਰਦੂ ਅਨੁਵਾਦ ਪੰਦਰਾਂ ਸਾਲ ਦੀ ਉਮਰ ਵਿਚ ਪੜ੍ਹਨ ਮਗਰੋਂ ਪੰਜਾਬ ਦੇ ਪਿੰਡਾਂ ਦੇ ਇਕੋਤਰ ਸੌ ਲੋਕਗੀਤ ਇਕੱਤਰ ਕਰਨ ਦਾ ਵਿਚਾਰ ਆਉਣ ਨਾਲ ਆਰੰਭ ਹੋਇਆ ਉਨ੍ਹਾਂ ਦਾ ਸ਼ਬਦ-ਚੱਕਰ ਅਤੇ ਵੀਹ ਸਾਲ ਦੀ ਉਮਰ ਵਿਚ ਕਾਲਜ ਦੀ ਪੜ੍ਹਾਈ ਵਿਚੇ ਛਡਦਿਆਂ ਸ਼ਾਂਤੀ-ਨਿਕੇਤਨ ਜਾ ਕੇ ਗੁਰੂਦੇਵ ਦੇ ਦਰਸ਼ਨ ਕਰਨ ਨਾਲ ਆਰੰਭ ਹੋਇਆ ਉਨ੍ਹਾਂ ਦਾ ਪੈਰ-ਚੱਕਰ। ਢਲਦੀ ਉਮਰ ਨੇ ਦੂਰ-ਦੁਰੇਡੇ ਸਫ਼ਰ ਤਾਂ ਪਹਿਲਾਂ ਘਟਾ ਦਿੱਤੇ ਤੇ ਮਗਰੋਂ ਰੋਕ ਦਿੱਤੇ ਪਰ ਇਸ਼ਕ ਤੋਂ ਵਧ ਕੇ ਜਨੂੰਨ ਦੀ ਹੱਦ ਤਕ ਪਹੁੰਚੀ ਤੇ ਫੇਰ ਭਟਕਣ ਦਾ ਰੂਪ ਧਾਰ ਚੁੱਕੀ ਸ਼ਬਦ ਸੰਬੰਧੀ ਜਗਿਆਸਾ ਤੇ ਖੋਜਭਾਲ ਅੰਤਲੇ ਸਾਹਾਂ ਤਕ ਚਲਦੀ ਰਹੀ।
ਸਤਿਆਰਥੀ ਜੀ ਨੇ ਵਿਦਿਆਰਥੀ ਹੁੰਦਿਆਂ ਮੋਗੇ ਦੇ ਹਾਈ ਸਕੂਲ ਵਿਚ ਪੰਜਾਬ ਦੇ ਕਾਫੀ ਲੋਕਗੀਤ ਇਕੱਠੇ ਕਰ ਲਏ ਸਨ। ਕਾਲਜੀ ਪੜ੍ਹਾਈ ਵਾਸਤੇ ਡੀ. ਏ. ਵੀ. ਕਾਲਜ ਲਾਹੌਰ ਜਾ ਪਹੁੰਚੇ। ਲਾਹੌਰ ਉਸ ਸਮੇਂ ਸਾਹਿਤ ਤੇ ਸਭਿਆਚਾਰ ਦਾ ਹਿੰਦੁਸਤਾਨ ਦਾ ਇਕ ਵੱਡਾ ਕੇਂਦਰ ਸੀ। ਇਕ ਦਿਨ ਅਚਾਨਕ ਸਭ ਤੋਂ ਪਿਆਰੇ ਮਿੱਤਰ ਦੀ ਮੌਤ ਹੋ ਗਈ। ਸਤਿਆਰਥੀ ਜੀ ਨੇ ‘ਹਾਇ ਰੱਬਾ’ ਦਾ ਹਉਕਾ ਲੈ ਕੇ ਮੁੰਡੇ ਦੇ ਮਗਰ-ਮਗਰ ਅਗਲੀ ਦੁਨੀਆ ਦੇ ਰਾਹ ਤੁਰਨ ਦਾ ਫ਼ੈਸਲਾ ਕਰ ਲਿਆ! ਹੋਰ ਮਿੱਤਰਾਂ ਤੇ ਜਮਾਤੀਆਂ ਦੇ ਸਮਝਾਇਆਂ ਵੀ ਨਾ ਸਮਝੇ ਤਾਂ ਕਿਸੇ ਸ਼ੁਭ-ਚਿੰਤਕ ਨੇ ਮਹਾਂਕਵੀ ਇਕਬਾਲ ਸਾਹਮਣੇ ਲਿਜਾ ਖੜ੍ਹੇ ਕੀਤੇ। ਉਨ੍ਹਾਂ ਨੇ ਸਤਿਆਰਥੀ ਜੀ ਦੇ ਚਿਹਰੇ ਨੂੰ ਕੁਝ ਪਲ ਨਜ਼ਰਾਂ ਗੱਡ ਦੇ ਘੋਖਿਆ, ਫੇਰ ਹੁੱਕੇ ਦੀ ਨੜੀ ਮੂੰਹ ਵਿਚੋਂ ਕੱਢ ਕੇ ਤੇ ਮੁੱਛਾਂ ਉੱਤੇ ਹੱਥ ਫੇਰ ਕੇ ਬੋਲੇ, ‘ਨੌਜਵਾਨ, ਹਿੰਦੂ ਏਂ ਤਾਂ ਮਰਨ ਪਿੱਛੋਂ ਤੇਰਾ ਨਵਾਂ ਜਨਮ ਤਾਂ ਹੋਵੇਗਾ ਹੀ। ਦੇਖ, ਤੇਰੇ ਨਵੇਂ ਜਨਮ ਵਿਚ ਤਿੰਨ ਗੱਲਾਂ ਵਿਚੋਂ ਕੋਈ ਇਕ ਮੁਮਕਿਨ ਏ। ਨਵਾਂ ਜਨਮ ਇਸ ਜਨਮ ਵਰਗਾ ਹੀ ਹੋਇਆ ਤਾਂ ਮਰਨ ਦਾ ਕੀ ਲਾਭ? ਇਸ ਨਾਲੋਂ ਭੈੜਾ ਵੀ ਹੋ ਸਕਦਾ ਏ; ਤਦ ਤਾਂ ਮਰਨਾ ਮੂਰਖਤਾ ਹੋਵੇਗੀ। ਸੋ ਅਗਲਾ ਜੀਵਨ ਇਸ ਨਾਲੋਂ ਚੰਗੇਰਾ ਹੋਣ ਦੇ ਇਮਕਾਨ ਤਾਂ ਤੀਜਾ ਹਿੱਸਾ ਈ ਨੇ। ਏਡਾ ਵੱਡਾ ਰਿਸਕ ਕਾਹਦੇ ਲਈ ਲੈਣਾ ਹੋਇਆ! ਜਿਹੋ ਜਿਹਾ ਵੀ ਹੈ, ਇਸੇ ਜੀਵਨ ਨੂੰ ਚਲਦਾ ਰਹਿਣ ਦੇ!’
ਇੰਜ ਆਤਮਘਾਤ ਦਾ ਵਿਚਾਰ ਤਾਂ ਮਹਾਂਕਵੀ ਇਕਬਾਲ ਨੇ ਛੁਡਵਾ ਦਿੱਤਾ, ਕਾਲਜ ਉਨ੍ਹਾਂ ਨੇ ਆਪ ਛੱਡ ਦਿੱਤਾ ਅਤੇ ਅਮਰਨਾਥ ਦੇ ਯਾਤਰੀਆਂ ਨਾਲ ਹੋ ਤੁਰੇ। ਸ਼ਾਇਦ ਉਨ੍ਹਾਂ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਇਹ ਯਾਤਰਾ ਉਮਰ-ਭਰ ਦੀ ਨਿਰੰਤਰ ਯਾਤਰਾ ਦਾ ਆਰੰਭ ਸੀ। ਗੁਰੂਦੇਵ ਰਾਬਿੰਦਰਨਾਥ ਟੈਗੋਰ ਕੋਲ ਸ਼ਾਂਤੀ-ਨਿਕੇਤਨ ਪੁੱਜੇ ਤਾਂ ਉਨ੍ਹਾਂ ਨੇ ਇਨ੍ਹਾਂ ਦੇ ਹੁਣ ਤੱਕ ਦੇ ਕੰਮ ਬਾਰੇ ਜਾਣ ਕੇ ਪ੍ਰੇਰਿਆ, ਸਾਰੇ ਦੇਸ ਦੇ ਲੋਕਗੀਤ ਦਿਲੀ ਜਜ਼ਬਿਆਂ ਦੀ ਇਕੋ ਮਾਲਾ ਦੇ ਮਣਕੇ ਹਨ, ਇਹ ਖਿੰਡੇ ਹੋਏ ਮਣਕੇ ਇਕੱਠੇ ਕਰੋ! ਤੇ ਇਨ੍ਹਾਂ ਨੇ ਗੁਰੂਦੇਵ ਦੇ ਸੁਝਾਅ ਉੱਤੇ ਫੁੱਲ ਚੜ੍ਹਾਉਂਦਿਆਂ ਬੰਗਾਲ, ਮਹਾਂਰਾਸ਼ਟਰ, ਗੁਜਰਾਤ, ਸਿੰਧ ਅਤੇ ਰਾਜਪੂਤਾਨੇ, ਆਦਿ ਦੇ ਪਿੰਡ ਗਾਹ ਮਾਰੇ ਤੇ ਅਨੇਕਾਂ-ਅਨੇਕ ਲੋਕਗੀਤਾਂ ਦਾ ਵਡਮੁੱਲਾ ਖਜ਼ਾਨਾ ਇਕੱਤਰ ਕਰ ਲਿਆ।
ਲੋਕਗੀਤਾਂ ਦੇ ਇਸ ਲਗਾਤਾਰ ਭਰ ਰਹੇ ਖਜ਼ਾਨੇ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਕੁਝ ਲੇਖ ਲਿਖੇ ਅਤੇ ‘ਪ੍ਰੀਤਲੜੀ’ ਵਿਚ ਛਪਵਾ ਦਿੱਤੇ। ਉਨ੍ਹਾਂ ਦੇ ਇਹ ਲੇਖ ਸ. ਸ. ਅਮੋਲ ਨੇ ਪੜ੍ਹੇ ਤਾਂ ਉਨ੍ਹਾਂ ਨੂੰ ਬਹੁਤ ਚੰਗੇ ਲੱਗੇ। ਉਨ੍ਹਾਂ ਨੇ ਧਨੀ ਰਾਮ ਚਾਤ੍ਰਿਕ ਨਾਲ ਸਲਾਹ ਕੀਤੀ ਅਤੇ ‘ਪ੍ਰੀਤਲੜੀ’ ਤੋਂ ਪਤਾ ਕਰ ਕੇ ਭਦੌੜ ਦੇ ਸਿਰਨਾਵੇਂ ਉਤੇ ਚਿੱਠੀ ਲਿਖ ਭੇਜੀ। ਚਿੱਠੀ ਵਿਚ ਅਮੋਲ ਜੀ ਨੇ ਇਹ ਇੱਛਾ ਦੱਸੀ ਕਿ ਸਤਿਆਰਥੀ ਜੀ ਉਨ੍ਹਾਂ ਦੇ ਕਾਲਜ ਵਿਚ ਲੋਕਗੀਤਾਂ ਬਾਰੇ ਪੰਜ ਭਾਸ਼ਨ ਦੇਣ। ਇਹ ਲੇਖਾਂ ਦੀ ਫ਼ਾਈਲ ਕੱਛੇ ਮਾਰ ਕੇ ਅੰਮ੍ਰਿਤਸਰ ਜਾ ਪਹੁੰਚੇ। ਪੰਜ ਭਾਸ਼ਨ ਇਕ-ਇਕ ਕਰ ਕੇ ਪੰਜ ਦਿਨਾਂ ਵਿਚ ਹੋਏ ਅਤੇ ਵੱਖ-ਵੱਖ ਵਿਦਵਾਨਾਂ ਨੇ ਪੰਜੇ ਦਿਨਾਂ ਦੇ ਪੰਜਾਂ ਸਮਾਗਮਾਂ ਦੀ ਪ੍ਰਧਾਨਗੀ ਕੀਤੀ। ਅੰਤਲੇ ਭਾਸ਼ਨ ਦੇ ਪ੍ਰਧਾਨ ਪ੍ਰਿੰ. ਤੇਜਾ ਸਿੰਘ ਸਨ। ਸਮਾਗਮ ਦੀ ਸਮਾਪਤੀ ਮਗਰੋਂ ਉਨ੍ਹਾਂ ਨੇ ਸਤਿਆਰਥੀ ਜੀ ਨੂੰ ਇਨ੍ਹਾਂ ਭਾਸ਼ਨਾਂ ਦੀ ਪੁਸਤਕ ਛਪਵਾਉਣ ਦੀ ਸਲਾਹ ਦਿੱਤੀ। ਇਉਂ 1936 ਵਿਚ ‘ਗਿੱਧਾ’ ਦਾ ਜਨਮ ਹੋਇਆ। ‘ਗਿੱਧਾ’ ਛਪਦਿਆਂ ਹੀ ਟਕਸਾਲੀ, ਭਾਵ ਕਲਾਸਕੀ ਰਚਨਾ ਬਣ ਗਿਆ। ਇਸ ਪੁਸਤਕ ਨੇ ਲੋਕਗੀਤਾਂ ਦੇ, ਲੋਕ-ਸਾਹਿਤ ਦੇ ਅਤੇ ਲੋਕ-ਸਭਿਆਚਾਰ ਦੇ ਮੁਲੰਕਣ ਦਾ ਇਕ ਗਾਡੀ ਰਾਹ ਖੋਲ੍ਹ ਦਿੱਤਾ। ‘ਗਿੱਧਾ’ ਦਾ ਬਹੁਤ ਵਿਸਤਾਰਪੂਰਨ ‘ਮੁਖਬੰਧ’ ਪ੍ਰਿੰ. ਤੇਜਾ ਸਿੰਘ ਨੇ ਲਿਖਿਆ। ‘ਗਿੱਧਾ’ ਦੀ ਅੰਤਿਕਾ ‘ਸਾਹਿਤ ਦੀ ਕਹਿਕਸ਼ਾਂ’ ਗੁਰਬਖ਼ਸ਼ ਸਿੰਘ ਨੇ ਲਿਖੀ।
ਉਹ ਦੂਜਿਆਂ ਨੂੰ ਹੀ ਸਾਧੂ-ਮਹਾਤਮਾ ਨਹੀਂ ਸਨ ਲਗਦੇ, ਆਪ ਵੀ ਆਪਣੇ ਫ਼ਕੀਰੀ ਵੇਸ ਦਾ ਲਾਹਾ ਬੇਝਿਜਕ ਲੈ ਲੈਂਦੇ ਸਨ। ਲੰਮੇ ਸਮੇਂ ਤਕ ਕਲਕੱਤੇ ਰਹੇ। ਟਰਾਮ ਉੱਤੇ ਸਵਾਰ ਹੁੰਦੇ ਤਾਂ ਕੰਡਕਟਰ ਟਿਕਟ ਪੁਛਦੇ। ਉਹ ਪਿੱਛੇ ਨੂੰ ਖਿੱਲਰੇ ਵਾਲਾਂ ਅਤੇ ਲੰਮੀ ਰੇਸ਼ਮੀ ਦਾੜ੍ਹੀ ਉੱਤੇ ਹੱਥ ਫੇਰ ਕੇ ਆਖਦੇ, ‘ਆਮੀ ਬਾਵਾ ਲੋਗ!’ ਕਈ ਕੰਡਕਟਰ ਚੁੱਪ ਕਰ ਜਾਂਦੇ ਪਰ ਕਈ ਝਗੜਾ ਪਾ ਬੈਠਦੇ ਅਤੇ ਟਰਾਮ ਰੋਕ ਕੇ ਉਤਾਰ ਦਿੰਦੇ। ਇਹ ਅੱਗੇ ਜਾਂ ਪਿੱਛੇ ਜਿਹੜਾ ਵੀ ਸਟੈਂਡ ਨੇੜੇ ਹੁੰਦਾ, ਪੈਦਲ ਜਾ ਕੇ ਦੂਜੀ ਟਰਾਮ ਫੜ ਲੈਂਦੇ। ਉਸ ਟਰਾਮ ਵਿਚ ਵੀ ਇਹੋ ਕਿੱਸਾ ਦੁਹਰਾਇਆ ਜਾਂਦਾ। ਆਖ਼ਰ ਕੁਝ ਦਿਨਾਂ ਵਿਚ ਸਾਰੇ ਕੰਡਕਟਰ ਜਾਣ ਗਏ ਕਿ ਕਿੰਨਾ ਵੀ ਉਤਾਰੀਏ, ਸਫ਼ਰ ਤਾਂ ‘ਬਾਵਾ ਲੋਗ’ ਨੇ ਸਾਡੀਆਂ ਟਰਾਮਾਂ ਵਿਚ ਮੁਫ਼ਤ ਹੀ ਕਰਨਾ ਹੈ। ਉਨ੍ਹਾਂ ਨੇ ਟਿਕਟ ਪੁੱਛਣਾ ਤੇ ਬਾਵਾ-ਲੋਗ ਨੂੰ ਉਤਾਰਨਾ ਛੱਡ ਦਿੱਤਾ।
ਭਾਰਤ ਦੀ ਬੁਲਬੁਲ ਸਰੋਜਨੀ ਨਾਇਡੂ ਨੇ ਭੇਤ ਖੋਲ੍ਹਿਆ ਸੀ, ‘ਸਤਿਆਰਥੀ Eਨਾ ਬੁੱਢਾ ਨਹੀਂ, ਜਿੰਨਾ ਦਾੜ੍ਹੀ ਕਰਕੇ ਲਗਦਾ ਹੈ।’ ਉਹ ਸਭ ਦੀ ਕੀਤੀ ਹੋਈ ਪ੍ਰਸੰਸਾ ਨੂੰ ਖ਼ੁਸ਼ਬੂਦਾਰ ਫੁੱਲਾਂ ਵਾਂਗ ਝੋਲ਼ੀ ਵਿਚ ਸਾਂਭਦੇ ਸਨ ਪਰ ਆਨੰਦ-ਪ੍ਰਸੰਨ ਸਰੋਜਨੀ ਦੀ ਟਿੱਪਣੀ ਨਾਲ ਹੁੰਦੇ ਸਨ, ‘ਦੇਖੋ ਨਾ ਜੀ, ਆਖ਼ਰ ਕਵਿੱਤਰੀ ਹੋਈ, ਉਹ ਵੀ ਵੱਡੀ ਕਵਿੱਤਰੀ! ਉਹਦੇ ਹਰ ਲਫ਼ਜ਼ ਵਿਚੋਂ ਤਾਂ ਕਵਿਤਾ ਦੀ ਕਿਣਮਿਣ ਹੋਣੀ ਹੀ ਹੋਈ!’ ਫੇਰ ਉਹ ਆਵਾਜ਼ ਕੁਝ ਨੀਵੀਂ ਤੇ ਭੇਤਭਰੀ ਬਣਾ ਕੇ ਆਖਦੇ ਸਨ, ‘ਗੱਲ ਇਹ ਹੈ, ਭੁੱਲਰ ਜੀ, ਮੈਂ ਇਸ ਉਮਰ ਨੂੰ ਪਹੁੰਚ ਕੇ ਵੀ ਜੇ ਬੁੱਢਾ ਨਹੀਂ ਹੋਇਆ, ਕੀ ਜਾਣੀਏ, ਇਹ ਸਰੋਜਨੀ ਦੇ ਪਵਿੱਤਰ ਬੋਲ ਹੀ ਮੇਰੇ ਵਾਸਤੇ ਅਮਰ-ਫਲ ਸਿੱਧ ਹੋਏ ਹੋਣ!’ ਪੰਜਾਬੀ ਦੇ ਸਾਹਿਤਕਾਰਾਂ ਵਿਚੋਂ ਸਿਰਫ਼ ਉਹ ਇਕੱਲੇ ਸਨ ਜਿਨ੍ਹਾਂ ਦੀ ਨੇੜਤਾ ਮਹਾਤਮਾ ਗਾਂਧੀ ਤੋਂ ਲੈ ਕੇ ਅਨੇਕਾਂ-ਅਨੇਕ ਸਿਆਸਤਦਾਨਾਂ, ਵਿਦਵਾਨਾਂ, ਲੇਖਕਾਂ, ਕਲਾਕਾਰਾਂ, ਆਦਿ ਨਾਲ ਸੀ। ਤੇ ਅਜਿਹੇ ਵੀ ਸਿਰਫ਼ ਉਹ ਇਕੱਲੇ ਹੀ ਸਨ ਜਿਨ੍ਹਾਂ ਨੇ ਕਦੀ ਕਿਸੇ ਨੇੜਤਾ ਦਾ ਕੋਈ ਲਾਹਾ ਲੈਣ ਬਾਰੇ ਸੋਚਿਆ ਤੱਕ ਨਹੀਂ ਸੀ।
ਸਾਹਿਤਕ-ਸਮਾਜਕ ਸਭਾਵਾਂ ਜਾਂ ਸਮਾਗਮਾਂ ਵਿਚ ਉਨ੍ਹਾਂ ਦਾ ਆਉਣਾ ਘਟਣ ਲਗਿਆ। ਸਦੀਆਂ ਵਰਗੇ ਸਾਲਾਂ-ਦਹਾਕਿਆਂ ਤੋਂ ਨਿਰੰਤਰ ਤੁਰਦੇ ਦੇਖ ਉਨ੍ਹਾਂ ਦਾ ਨਾ-ਤੁਰਨਾ ਮਾੜੀ ਗੱਲ ਹੋ ਗਈ। ਇਕ ਵਾਰ ਪਤਾ ਨਹੀਂ ਉਹਦੇ ਜਾਂ ਸਤਿਆਰਥੀ ਜੀ ਦੇ ਜਾਂ ਦੋਵਾਂ ਦੇ ਮਨ ਵਿਚ ਕੀ ਆਈ ਕਿ ਲੋਕਮਾਤਾ ਭਾਪਾ ਜੀ ਦੇ ਫ਼ਾਰਮ ਵਾਲੀ ‘ਧੁੱਪ ਦੀ ਮਹਿਫ਼ਲ’ ਵਿਚ ਸਤਿਆਰਥੀ ਜੀ ਦੇ ਨਾਲ ਆ ਪਧਾਰੀ। ਮੈਂ ਪੁੱਛਿਆ, ‘ਬੇਬੇ, ਇਕੱਲੇ ਤੋਰਨ ਤੋਂ ਡਰਦਿਆਂ ਆਖ਼ਰ ਇਨ੍ਹਾਂ ਨਾਲ ਬਾਹਰ ਆਉਣਾ ਹੀ ਪਿਆ?’ ਕਹਿਣ ਲੱਗੀ, ‘ਇਨ੍ਹਾਂ ਲੰਡੇ ਚਿੜਿਆਂ ਦੀ ਕਾਹਦੀ ਰਾਖੀ, ਪੁੱਤ! ਹੁਣ ਤਾਂ ਇਨ੍ਹਾਂ ਦੇ ਤੁਰਨ ਤੋਂ ਨਹੀਂ, ਨਾ-ਤੁਰਨ ਤੋਂ ਡਰ ਲਗਦਾ ਹੈ। ਰਾਮ ਜੀ ਇਨ੍ਹਾਂ ਦੀ ਆਵਾਰਾਗਰਦੀ ਬਣਾਈ ਰੱਖਣ। ਹੁਣ ਤਾਂ ਮੈਨੂੰ ਇਹ ਬੂਟ ਘਸਾਉਂਦੇ ਹੀ ਚੰਗੇ ਲਗਦੇ ਨੇ। ਜੇ ਕਿਸੇ ਦਿਨ ਘਰ ਰਹਿ ਪੈਣ, ਸੰਸੇ ਨਾਲ ਕਾਲਜੇ ਮਰੋੜ ਚੜ੍ਹਦੇ ਨੇ, ਹੇ ਮੇਰੇ ਰਾਮ, ਅੱਜ ਰਾਜੀ ਤਾਂ ਹਨ!’
ਫੇਰ ਜਦੋਂ ਸਰੀਰਕ ਕਮਜ਼ੋਰੀ ਵਧ ਗਈ, ਲੋਕਮਾਤਾ ਨੇ ਉਨ੍ਹਾਂ ਦਾ ਘਰੋਂ ਨਿਕਲਣਾ ਬੰਦ ਕਰ ਦਿੱਤਾ। ਇਕ ਦਿਨ ਮੈਂ ਛੇੜਿਆ, ‘ਚਲੋ, ਆਵਾਰਾਗਰਦੀ ਕਰਾਂਗੇ।’ ਤੇ ਬੇਬੇ ਨੂੰ ਆਖਿਆ, ‘ਬੇਬੇ, ਇਹ ਸ਼ਾਮ ਤਕ ਸਹੀ-ਸਲਾਮਤ ਵਾਪਸ ਘਰ ਪਹੁੰਚਦੇ ਹੋ ਜਾਣਗੇ।’ ਬੇਬੇ ਸਹਿਮਤ ਨਹੀਂ ਸੀ। ਉਹਨੇ ਸਿਰ ਮਾਰਿਆ, ‘ਕਿਥੇ ਧੂਹੀਂ ਫਿਰੇਂਗਾ ਪੁੱਤ ਇਨ੍ਹਾਂ ਨੂੰ! ਹੁਣ ਇਨ੍ਹਾਂ ਦਾ ਸਰੀਰ ਏਨੀ ਧੰਗੇੜ ਝੱਲਣ ਜੋਗਾ ਹੈ ਨਹੀਂ। ਨਾਲੇ ਬੋਲੇ ਕੁੱਕੜ ਨੂੰ ਕੁਛ ਸੁਣਦਾ ਤਾਂ ਹੈ ਨਹੀਂ।’ ਦਾੜ੍ਹੀ ਨੂੰ ਗਲਵਕੜੀ ਪਾਉਣ ਲਈ ਹੇਠਾਂ ਨੂੰ ਪਲਮੀਆਂ ਹੋਈਆਂ ਮੁੱਛਾਂ ਪਿੱਛੋਂ ਸਤਿਆਰਥੀ ਜੀ ਮੁਸਕਰਾਏ, ‘ਦੇਖੋ ਜੀ, ਮੰਟੋ ਇਕ ਵਾਰ ਬੇਦੀ ਨੂੰ ਕਹਿਣ ਲਗਿਆ, ਦਾੜ੍ਹੀ-ਕਟੇ ਸਰਦਾਰ ਕੀ ਹਾਲ ਹੈ? ਬੇਦੀ ਬੋਲਿਆ, ਮੀਆਂ, ਮੇਰਾ ਹਾਲ ਪੁੱਛਦਾ ਹੈਂ ਕਿ ਪੂਰੀ ਸਿੱਖ ਕੌਮ ਦੀ ਬੇਇੱਜ਼ਤੀ ਕਰ ਰਿਹਾ ਹੈਂ!…ਭੁੱਲਰ ਜੀ, ਲੋਕ-ਮਾਤਾ ਨੂੰ ਪੁੱਛੋ, ਮੇਰੀ ਸੱਟ-ਫੇਟ ਦੀ ਚਿੰਤਾ ਕਰ ਰਹੀ ਹੈ ਕਿ ਬਹਾਨੇ ਨਾਲ ਮੈਨੂੰ ਬੋਲਾ ਕੁੱਕੜ ਆਖ ਰਹੀ ਹੈ।’ ਫੇਰ ਕਹਿਣ ਲਗੇ, ‘ਲE ਤੁਸੀਂ ਨਾਲ ਚੱਲਣ ਦੇ ਸੱਦੇ ਦੀ ਗੱਲ ਵੀ ਸੁਣ ਲE।
ਇਕ ਵਾਰ ਬਾਪੂ ਪੁੱਛਣ ਲੱਗੇ ਕਿ ਤੇਰਾ ਕੀ ਕਾਰਜਕਰਮ ਹੈ? ਮੈਥੋਂ ਬੰਬਈ ਜਾਣਾ ਸੁਣ ਕੇ ਕਹਿੰਦੇ, ਮੇਰੇ ਨਾਲ ਵਾਰਧਾ ਚੱਲੋ। ਮੈਂ ਕਿਹਾ, ਤੁਸੀਂ ਮੇਰੇ ਨਾਲ ਬੰਬਈ ਚੱਲੋ! ਬੋਲੇ, ਬੰਬਈ ਕੀ ਪਿਆ ਹੈ? ਮੈਂ ਠਾਹ ਉੱਤਰ ਦਿੱਤਾ, ਵਾਰਧਾ ਕੀ ਪਿਆ ਹੈ? ਬਾਪੂ ਨੂੰ ਤਾਂ ਜੀ ਇਉਂ ਮਿੱਤਰਾਂ ਵਾਂਗੰੂ ਕੋਈ ਕਦੀ ਬੋਲਦਾ ਹੀ ਨਹੀਂ ਸੀ। ਉਹ ਕੱਚੇ ਜਿਹੇ ਹੋ ਕੇ ਬੋੜੀ ਹਾਸੀ ਹੱਸੇ ਅਤੇ ਕੋਲ ਖਲੋਤੇ ਇਕ ਆਦਮੀ ਨੂੰ ਕਹਿਣ ਲਗੇ, ਮੁਣਸ਼ੀ ਕੋ ਬੁਲਾE। ਕੇ.ਐਮ. ਮੁਣਸ਼ੀ ਭੱਜਿਆ-ਭੱਜਿਆ ਆਇਆ। ਬਾਪੂ ਬੋਲੇ, ‘ਬਈ ਮੁਣਸ਼ੀ, ਤੂੰ ਬੰਬਈ ਆਪਣੀ ਨਵੀਂ ਕੋਠੀ ਵਿਚ ਜੋ ਕਮਰਾ ਵਿਸ਼ੇਸ਼ ਮੇਰੇ ਲਈ ਬਣਵਾਇਆ ਹੈ, ਉਹ ਏਸ ਦਾੜ੍ਹੀ ਵਾਲੇ ਲਈ ਖੋਲ੍ਹ ਦੇਈਂ। ਇਹ ਬੰਬਈ ਜਾ ਰਿਹਾ ਹੈ। ਅਗੋਂ ਵੀ ਇਹ ਜਦੋਂ ਬੰਬਈ ਆਵੇ, ਮੇਰੇ ਵਾਲਾ ਕਮਰਾ ਇਹਦਾ।’ ਮੈਂ ਜੀ ਪੂਰੇ ਤਿੰਨ ਮਹੀਨੇ ਬਾਪੂ ਵਾਲੇ ਉਸ ਕਮਰੇ ਵਿਚ ਰਿਹਾ।…ਸੋ ਤੁਸੀਂ, ਭੱੁਲਰ ਜੀ, ਮੈਨੂੰ ਆਪਣੇ ਨਾਲ ਚੱਲਣ ਲਈ ਕਹਿੰਦੇ ਹੋ, ਮੈਂ ਕਹਿੰਦਾ ਹਾਂ, ਤੁਸੀਂ ਅੱਜ ਮੇਰੇ ਕੋਲ ਇਥੇ ਘਰ ਹੀ ਬੈਠੋ। ਕਹਿੰਦੇ ਨੇ ਨਾ ਜੀ, ਟਪਦੀ ਫਿਰਦੀ ਵੱਛੀ ਮੌਜ ਨਾਲ ਧੁੱਪੇ ਪਏ ਕੱਟੇ ਨੂੰ ਕਹਿਣ ਲੱਗੀ, ਆ ਜਾ ਵੇ ਕੱਟਿਆ, ਖੇਡੀਏ। ਕੱਟਾ ਬੋਲਿਆ, ਤੰੂ ਹੀ ਟਪਦੀ ਫਿਰ, ਅਸੀਂ ਤਾਂ ਇਥੇ ਪਏ ਹੀ ਕੰਨ ਹਿਲਾ-ਹਿਲਾ ਕੇ ਖੇਡਾਂਗੇ। ਹੁਣ ਤਾਂ ਜੀ ਅਸੀਂ ਘਰੇ ਬੈਠੇ-ਪਏ ਹੀ ਕੰਨ ਹਿਲਾ-ਹਿਲਾ ਕੇ ਖੇਡਣ ਜੋਗੇ ਰਹਿ ਗਏ ਹਾਂ।’
ਮੈਂ ਕਿਹਾ, ‘ਬੇੇਬੇ, ਸੜਕਾਂ, ਕਾਫ਼ੀ ਹਾਊਸ, ਭਾਪਾ ਜੀ ਦਾ ਨਵਯੁਗ, ਇਹ ਸਭ ਤਾਂ ਸਤਿਆਰਥੀ ਜੀ ਨਾਂ ਦੀ ਮੱਛੀ ਵਾਸਤੇ ਜੀਵਨਦਾਤਾ ਸਰੋਵਰ ਹਨ। ਇਨ੍ਹਾਂ ਬਿਨਾਂ ਇਹ ਜਿਉਂਦੇ ਕਿਵੇਂ ਰਹਿਣਗੇ?’
ਬੇਬੇ ਕੋਰੀ ਨਾਂਹ ਕਰਦਿਆਂ ਕਹਿਣ ਲੱਗੀ, ‘ਨਾ ਪੁੱਤ, ਹੁਣ ਨਹੀਂ ਮੈਂ ਇਨ੍ਹਾਂ ਨੂੰ ਘਰੋਂ ਬਾਹਰ ਜਾਣ ਦੇਣਾ। ਨਾ ਜਾਣੀਏ, ਕੋਈ ਮੋਟਰ-ਗੱਡੀ, ਕੋਈ ਟਰੱਕ-ਠੇਲ੍ਹਾ ਫੇਟ ਮਾਰ ਜਾਵੇ। ਦਿੱਲੀ ਚੰਦਰੀ ਦਾ ਕੀ ਵਸਾਹ।’
ਹੁਣ ਬਾਬੇ ਚੁੱਪ ਬੈਠੇ ਸੁਣਦੇ ਰਹੇ। ਮੈਨੂੰ ਪਤਾ ਸੀ, ਉਹ ਸੰਘਣੀਆਂ ਮੁੱਛਾਂ ਹੇਠ ਮੁਸਕਰਾ ਰਹੇ ਹਨ। ਮੈਂ ਕਿਹਾ, ‘ਮਹਾਰਾਜ, ਬੇਬੇ ਦੀ ਕਚਹਿਰੀ ਵਿਚ ਅਪੀਲ ਕਰ ਦੇਖੋ। ਜੇ ਪਰਵਾਨ ਹੋ ਜਾਵੇ, ਹਫ਼ਤੇ, ਦੋ ਹਫ਼ਤੀਂ ਬਾਹਰ ਨਿੱਕਲਣ ਦੀ ਪੈਰੋਲ ਮਿਲ ਜਾਵੇ, ਕੋਈ ਮੇਰੇ ਵਰਗਾ ਘਰੋਂ ਲੈ ਜਾਇਆ ਕਰੂਗਾ ਤੇ ਘਰ ਛੱਡ ਜਾਇਆ ਕਰੂਗਾ।’
‘ਨਹੀਂ, ਭੁੱਲਰ ਜੀ, ਇਹ ਅਪੀਲ ਵਾਲੀ ਕਚਹਿਰੀ ਨਹੀਂ’, ਉਹ ਹੱਸੇ, ‘ਲੋਕਮਾਤਾ ਦੀ ਕਚਹਿਰੀ ਤੁਰਕਾਂ ਦੀ ਕਚਹਿਰੀ ਹੈ ਜਿਥੇ ਅਪੀਲ, ਵਕੀਲ, ਦਲੀਲ ਵਾਸਤੇ ਕੋਈ ਗੁੰਜਾਇਸ਼ ਨਹੀਂ!’
‘ਲੈ ਦੇਖ ਲੈ ਪੁੱਤ, ਇਨ੍ਹਾਂ ਦੀ ਮੱਤ!’ ਬੇਬੇ ਖਿੜਖਿੜਾ ਕੇ ਹੱਸੀ, ‘ਮੈਨੂੰ ਜਗਰਾਵਾਂ ਦੀ ਖੱਤਰੀਆਂ-ਜਾਈ ਨੂੰ ਤੁਰਕਣੀ ਬਣਾ ਦਿੱਤਾ।’
ਬੇਬੇ ਨੂੰ ਅੱਧੀ ਸਦੀ ਤੋਂ ਵੱਧ ਸਮਾਂ ਦਿੱਲੀ ਰਹਿੰਦਿਆਂ ਹੋ ਗਿਆ ਸੀ, ਪਰ ਉਹ ਪੇਕਿਆਂ ਵਾਲੀਆਂ ਜਗਰਾਵਾਂ ਅਤੇ ਸਹੁਰਿਆਂ ਵਾਲਾ ਭਦੌੜ ਨਾਲ ਚੁੱਕੀ ਫਿਰਦੀ ਸੀ। ਦਿੱਲੀ ਨਾਲ ਉਹਨੇ ਕਦੀ ਕੋਈ ਬਹੁਤਾ ਵਾਹ-ਵਾਸਤਾ ਨਹੀਂ ਸੀ ਰਖਿਆ ਤੇ ਨੇੜਤਾ ਜਾਂ ਅਪਣੱਤ ਨਹੀਂ ਸੀ ਦਿਖਾਈ, ਦਿੱਲੀ ਦਾ ਵਸਾਹ ਕਰਨਾ ਤਾਂ ਦੂਰ ਦੀ ਗੱਲ ਰਹੀ। ਸਤਿਆਰਥੀ ਜੀ ਨਾਲ ਉਹ ਕਦੀ ਕਿਸੇ ਸਾਹਿਤਕ ਇਕੱਠ ਵਿਚ ਨਹੀਂ ਸੀ ਗਈ। ਦਿੱਲੀ ਉਹਦੇ ਪੇਂਡੂ ਮਲਵਈ ਸੁਭਾਅ ਲਈ ਅੰਤ ਤੱਕ ਬੇਵਿਸਾਹੀ ਚੰਦਰੀ ਹੀ ਰਹੀ।
ਦੂਜੀ ਮੁਸ਼ਕਿਲ ਇਹ ਸੀ ਕਿ ਸਤਿਆਰਥੀ ਜੀ ਨਾਲ ਗੱਲ ਕਰਨ ਲਈ, ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਹੁਣ ਕਾਫ਼ੀ ਸਮੇਂ ਤੋਂ ਫੋਨ ਵੀ ਕਿਸੇ ਕੰਮ ਨਹੀਂ ਸੀ ਆਉਂਦਾ। ਤੁਸੀਂ ਕੁਝ ਕਹਿੰਦੇ ਸੀ, ਉਹ ਕੁਝ ਸੁਣਦੇ ਸਨ। ਤੁਸੀਂ ਕੁਝ ਪੁਛਦੇ ਸੀ, ਉਹ ਕੁਝ ਦਸਦੇ ਸਨ। ਅਜਿਹੇ ਮੌਕੇ ਬੈਂਗਣ ਖਰੀਦ ਕੇ ਲਿਜਾ ਰਹੇ ਬੋਲੇ ਤੋਂ ਬਾਲ-ਬੱਚੇ ਦੀ ਸੁਖ-ਸਾਂਦ ਪੁੱਛਣ ਵਾਲਾ ਲਤੀਫ਼ਾ ਯਾਦ ਆ ਜਾਂਦਾ ਸੀ। ਹੁਣ ਉਨ੍ਹਾਂ ਨੂੰ ਘਰ ਜਾ ਕੇ ਹੀ ਮਿਲਿਆ ਜਾ ਸਕਦਾ ਸੀ। ਨਵਯੁਗ ਪਬਲਿਸ਼ਰਜ਼ ਦੀਆਂ ‘ਸੰਦਲੀ ਗਲੀ’ ਦੇ ਨਾਂ ਹੇਠ ਛਾਪੀਆਂ ਉਨ੍ਹਾਂ ਦੀਆਂ 16 ਚੋਣਵੀਆਂ ਕਹਾਣੀਆਂ ਪੜ੍ਹੀਆਂ ਤਾਂ ਮਿਲਣ-ਤਾਂਘ ਤਿਖੇਰੀ ਹੋ ਗਈ। ਵੈਸੇ ਤਾਂ ਇਹ ਸਾਰੀਆਂ ਹੀ ਕਹਾਣੀਆਂ ਪਹਿਲਾਂ ਪੜ੍ਹੀਆਂ ਹੋਈਆਂ ਸਨ, ਪਰ ਇਨ੍ਹਾਂ ਸਿਰੇ-ਸੱਟ ਕਹਾਣੀਆਂ ਨੂੰ ਇਕਠਿਆਂ ਪੜ੍ਹਨਾ ਆਪਣੇ ਆਪ ਵਿਚ ਇਕ ਅਨੁਭਵ ਸੀ। ਪੁਸਤਕ ਦੇ ਫ਼ਲੈਪ ਉੱਤੇ ਨਵਯੁਗ ਵਾਲੇ ਭਾਪਾ ਪ੍ਰੀਤਮ ਸਿੰਘ ਜੀ ਨੇ ਕੁਝ ਸਤਰਾਂ ਦਿੰਦਿਆਂ ਅੰਤਲਾ ਵਾਕ ਲਿਖਿਆ ਹੋਇਆ ਸੀ: ‘93 ਵਰ੍ਹੇ ਦਾ ਪੁਰਾਣਾ ਸਾਹਿਤਕਾਰ, ਅੱਜ ਵੀ ਨਵਾਂ-ਨਕੋਰ। 8 ਮਈ 2001 ਉਨ੍ਹਾਂ ਦੇ 93 ਵਰ੍ਹੇ ਪੂਰੇ ਹੋਣ ਦਾ ਦਿਨ। ਤਨ ਕੁਝ-ਕੁਝ ਨਿਰਬਲ, ਪਰ ਉਮਰ ਅਨੁਸਾਰ ਚੰਗਾ-ਭਲਾ ਅਤੇ ਮਨ ਪਹਿਲਾਂ ਵਾਲਾ ਹੀ, ਪੂਰੀ ਤਰ੍ਹਾਂ ਚੁਸਤ ਤੇ ਸੁਚੇਤ।’
ਇਕ ਦਿਨ ਮੇਰਾ ਸ਼ਿਸ਼-ਮਿੱਤਰ ਨਰਿੰਦਰ ਭੁੱਲਰ ਚੰਡੀਗੜ੍ਹੋਂ ਆਇਆ ਅਤੇ ਉਹਦੀਆਂ ਪਹਿਲੀਆਂ ਗੱਲਾਂ ਵਿਚ ਇਹ ਸਵਾਲ ਵੀ ਸ਼ਾਮਲ ਸੀ, ‘ਸਤਿਆਰਥੀ ਜੀ ਹੁਣ ਕਦੀ ਮਿਲੇ? ਕੀ ਹਾਲ ਹੈ ਉਨ੍ਹਾਂ ਦਾ?’
‘ਚੱਲੀਏ?’ ਮੈਂ ਫ਼ੈਸਲੇ ਵਰਗੇ ਜਵਾਬ ਵਿਚ ਸਵਾਲ ਕੀਤਾ।
ਵਿਹੜਾ ਧੋ ਰਹੀ ਕੰਮ-ਵਾਲੀ ਨੇ ਘੰਟੀ ਸੁਣ ਕੇ ਫਾਟਕ ਖੋਲ੍ਹਿਆ ਅਤੇ ਪੁੱਛੇ ਤੋਂ ਖੁੱਲ੍ਹੇ ਬੂਹੇ ਵਾਲੇ ਕਮਰੇ ਵੱਲ ਇਸ਼ਾਰਾ ਕਰ ਦਿੱਤਾ। ਸਤਿਆਰਥੀ ਜੀ ਅਤੇ ਬੇਬੇ ਪਲੰਘ ਉੱਤੇ ਬੈਠੇ ਸਨ ਜਿਸ ਕੋਲ ਦੋ ਕੁਰਸੀਆਂ ਪਈਆਂ ਸਨ। ਮੈਂ ਬਿਨਾਂ ਕੁਝ ਆਖਿਆਂ ਸਤਿਆਰਥੀ ਜੀ ਦੇ ਗੋਡੇ ਘੁੱਟੇ ਅਤੇ ਬੇਬੇ ਨੂੰ ਪੈਰੀਂ-ਪੈਣਾ ਕੀਤਾ। ਨਰਿੰਦਰ ਨੇ ਵੀ ਦੋਹਾਂ ਨੂੰ ਸਤਿਕਾਰ ਭੇਟਿਆ। ਪਿਛਲੀ ਮੁਲਾਕਾਤ ਤੋਂ ਮਗਰੋਂ ਦੇ ਸਮੇਂ ਵਿਚ ਹੀ ਉਹ ਦੋਵੇਂ ਖਾਸੇ ਬਿਰਧ ਹੋ ਗਏ ਲਗਦੇ ਸਨ। ਸਤਿਆਰਥੀ ਜੀ ਗਦਗਦ ਹੋ ਕੇ ‘ਵਾਹ ਮਾਰਾਜ, ਵਾਹ ਮਾਰਾਜ’ ਕਰਨ ਲੱਗ ਪਏ, ਪਰ ਲਗਦਾ ਸੀ, ਬੇਬੇ ਦਾ ਚੇਤਾ ਇਕਾਗਰ ਨਹੀਂ ਸੀ ਹੋ ਰਿਹਾ। ਮੈਂ ਉਸ ਨੂੰ ਉਲਝਨ ਵਿਚੋਂ ਕੱਢਣ ਲਈ ਕੁਰਸੀ ਵੱਲ ਅਹੁਲਦਿਆਂ ਕਿਹਾ, ‘ਮੈਂ ਆਪਣੇ ਪਿੰਡਾਂ ਵਾਲਾ ਭੁੱਲਰ ਹਾਂ, ਬੇਬੇ।’ ਉਹ ਮੈਨੂੰ ‘ਸਾਡੇ ਪਿੰਡਾਂ ਵਾਲਾ ਭੁੱਲਰ’ ਹੀ ਆਖਿਆ ਕਰਦੀ ਸੀ। ਉਨ੍ਹਾਂ ਵੇਲਿਆਂ ਦੀਆਂ ਵਿੱਥਾਂ ਅਨੁਸਾਰ ਆਖ਼ਰ ਭਦੌੜ ਤੇ ਪਿੱਥੋ ਦਾ ਫ਼ਰਕ ਵੀ ਕਿੰਨਾ ਕੁ ਸੀ! ਤੜਕੇ ਲੱਸੀ ਪੀ ਕੇ ਪੈਦਲ ਤੁਰਿਆ ਬੰਦਾ ਪਿਛਲੇ ਪਹਿਰ ਦਾ ਤੌੜੀ ਦਾ ਦੁੱਧ ਭਦੌੜ ਪਹੁੰਚ ਕੇ ਪੀ ਸਕਦਾ ਸੀ।
‘ਅੱਛਾ…ਲੈ…ਆਹੋ…ਮੈਂ ਵੀ ਕਹਾਂ, ਮੁੰਡਾ ਆਪਣਾ ਲਗਦਾ ਹੈ।…ਸਾਡਾ ਮੁੰਡਾ ਹੈਂ ਤਾਂ ਤੰੂ ਕੁਰਸੀ ਉੱਤੇ ਕਿਉਂ ਬਹਿਨੈਂ, ਐਧਰ ਆ, ਮੇਰੇ ਕੋਲ।’ ਉਹਨੇ ਅੱਗੇ ਨੂੰ ਹੋ ਮੈਨੂੰ ਬਾਂਹੋਂ ਫੜ ਕੇ ਪਲੰਘ ਉਤੇ ਖਿੱਚ ਲਿਆ। ਉਹਦੇ ਪਿਆਰ ਨਾਲ ਜੋ ਖ਼ੁਸ਼ੀ ਹੋਣੀ ਸੀ, ਉਹ ਤਾਂ ਹੋਈ ਹੀ, ਇਹਤੋਂ ਵਧੀਕ ਖ਼ੁਸ਼ੀ ਮੈਨੂੰ ਸੱਠੋਂ ਟੱਪੇ ਨੂੰ ਉਹਦੇ ‘ਮੁੰਡਾ’ ਕਹਿਣ ਸਦਕਾ ਹੋਈ। ਕੁਰਸੀ ਉੱਤੇ ਬੈਠ ਚੁਕੇ ਨਰਿੰਦਰ ਵੱਲ ਹੱਥ ਕਰ ਕੇ ਮੈਂ ਦੱਸਿਆ, ‘ਬੇਬੇ, ਇਹ ਨਰਿੰਦਰ ਐ, ਚੰਡੀਗੜ੍ਹੋਂ! ਪਹਿਲਾਂ ਬਹੁਤ ਸਾਲ ਇਥੇ ਦਿੱਲੀ ਰਿਹਾ। ਇਹਨੂੰ ਸਤਿਆਰਥੀ ਜੀ ਨੇ ਪੱੁਤ ਬਣਾਇਆ ਹੋਇਐ।’
ਸਤਿਆਰਥੀ ਜੀ ਮੁਸਕੜੀਏਂ ਹੱਸੇ। ਬੇਬੇ ਨੇ ਉਨ੍ਹਾਂ ਵੱਲ ਵੇਖ ਕੇ ਕਿਹਾ, ‘ਆਹੋ, ਇਨ੍ਹਾਂ ਦੇ ਪੁੱਤਾਂ ਦੀ ਭਲੀ ਕਹੀ। ਅੱਧੇ ਇਨ੍ਹਾਂ ਨੇ ਪੁੱਤ ਬਣਾ ਲਏ, ਬਾਕੀ ਦੇ ਅੱਧੇ ਇਨ੍ਹਾਂ ਨੂੰ ਆਪੇ ਬਾਪੂ ਕਹਿਣ ਲੱਗ ਪਏ।’
ਸਤਿਆਰਥੀ ਜੀ ਬੋਲੇ, ‘ਭੱੁਲਰ ਜੀ, ਆਪਣੇ ਪਿੰਡਾਂ ਦੀ ਬੋਲੀ ਹੈ ਨਾ, ‘ਪੌ ਬਾਰਾਂ, ਛੜੇ ਦੇ ਪੱੁਤ ਅਠਾਰਾਂ, ਬਾਪੂ ਕੋਈ ਨਾ ਕਹੇ।’ ਭਲੀਏ ਲੋਕੇ, ਖ਼ੁਸ਼ ਹੋ, ਬਿਗਾਨੇ ਪੁੱਤ ਮੈਨੂੰ ਬਾਪੂ ਮੰਨਦੇ ਵੀ ਨੇ ਤੇ ਕਹਿੰਦੇ ਵੀ ਨੇ।…ਦੇਖੋ ਜੀ, ਅੱਜ-ਕੱਲ੍ਹ ਤਾਂ ਸਕੇ ਪੱੁਤ ਸਕੇ ਬਾਪੂਆਂ ਨੂੰ ਬਾਪੂ ਨਹੀਂ ਆਖਦੇ। ਮੁੰਡਿਆਂ ਦੀ ਗੱਲ ਤਾਂ ਛਡੋ ਜੀ, ਗੁਰੂਦੇਵ ਟੈਗੋਰ ਮੈਨੂੰ ਕਹਿੰਦੇ, ਸਤਿਆਰਥੀ ਜੀ, ਲੋਕਗੀਤ ਵੀ ਤੁਹਾਡੇ ਪੁੱਤਰ ਨੇ!’
‘ਇਨ੍ਹਾਂ ਨੇ ਤੁਹਾਨੂੰ ਵੀ ਤਾਂ ਲੋਕਮਾਤਾ ਦਾ ਨਾਂ ਦੇ ਕੇ ਸਾਰੇ ਲੋਕਾਂ ਦੀ ਮਾਤਾ ਬਣਾ ਦਿੱਤਾ ਹੈ’, ਮੈਂ ਸਤਿਆਰਥੀ ਜੀ ਦਾ ਪੱਖ ਪੂਰਦਿਆਂ ਬੇਬੇ ਨੂੰ ਕਿਹਾ।
‘ਸਾਰਿਆਂ ਵਿਚ ਤਾਂ ਇਹ ਆਪ ਵੀ ਆ ਗਏ’, ਉਹ ਸਤਿਆਰਥੀ ਜੀ ਵੱਲ ਹੱਥ ਕਰ ਕੇ ਹੱਸੀ, ‘ਗਜ਼-ਗਜ਼ ਲੰਮੀ ਧੌਲ਼ੀ ਦਾੜ੍ਹੀ ਵਾਲੇ ਇਹ ਵੀ ਮੇਰੇ ਪੁੱਤ!’
ਮੈਂ ਗੱਲ ਪਲਟ ਕੇ ਉਨ੍ਹਾਂ ਦੇ ਲਿਖਣ ਬਾਰੇ ਪੁੱਛਿਆ। ਬੋਲੇ, ‘ਹੁਣ ਕੰਮ ਹੁੰਦਾ ਨਹੀਂ। ਨਵਾਂ ਤਾਂ ਕੁਛ ਨਹੀਂ ਲਿਖਿਆ। ਇਕ ਦਿਨ ਭਾਪਾ ਜੀ ਆਏ ਸੀ, ਮੇਰੀਆਂ ਸਾਰੀਆਂ ਕਿਤਾਬਾਂ ਲੈ ਗਏ। ਪਤਾ ਨਹੀਂ ਉਨ੍ਹਾਂ ਦਾ ਕੀ ਕਰਨਗੇ। ਨਾ ਤਾਂ ਜੀ ਉਨ੍ਹਾਂ ਨੇ ਕੁਛ ਦੱਸਿਆ ਤੇ ਨਾ ਜੀ ਮੈਂ ਹੀ ਕੁਛ ਪੁੱਛਿਆ।’
ਬੇਬੇ ਨੇ ਟਿੱਚਰ ਕੀਤੀ, ‘ਪਹਿਲਾਂ ਵੀ ਲਿਖਦੇ ਘੱਟ ਸੀ, ਇਕ ਵਾਰ ਲਿਖੇ ਉੱਤੇ ਮੁੜ-ਮੁੜ ਚੇਪੀਆਂ ਬਹੁਤੀਆਂ ਲਾਉਂਦੇ ਰਹਿੰਦੇ ਸੀ। ਮੇਰੇ ਮੈਦੇ ਦੇ ਵੈਰੀ।’
‘ਇਉਂ ਤਾਂ ਨਾ ਕਹੋ, ਬੇਬੇ। ਲਿਖਿਆ ਤਾਂ ਬਹੁਤ ਹੈ ਇਨ੍ਹਾਂ ਨੇ। ਪੰਜਾਬੀ ਵਿਚ ਤਾਂ ਲਿਖਿਆ ਹੀ, ਉਰਦੂ, ਹਿੰਦੀ ਤੇ ਅੰਗਰੇਜ਼ੀ ਵਿਚ ਵੀ ਲਿਖਿਆ। ਕਹਾਣੀਆਂ, ਨਾਵਲ, ਕਵਿਤਾਵਾਂ, ਲੇਖ, ਸਵੈ-ਜੀਵਨੀ। ਅਨੇਕ ਭਾਸ਼ਾਵਾਂ ਦੇ ਹਜ਼ਾਰਾਂ ਲੋਕਗੀਤ ਇਕੱਠੇ ਕੀਤੇ। ਕੋਈ ਗਿਣਤੀ-ਮਿਣਤੀ ਹੈ ਇਨ੍ਹਾਂ ਦੇ ਸਾਹਿਤਕ ਕੰਮ ਦੀ!’
ਬੇਬੇ ਨੇ ਹਉਕਾ ਲਿਆ, ‘ਪਰ ਜੇ ਚੇਪੀਆਂ ਦਾ ਚੰਦਰਾ ਵੈਲ ਨਾ ਲਗਿਆ ਹੁੰਦਾ, ਭਾਵੇਂ ਗੱਡਿਆਂ ਦੇ ਗੱਡੇ ਕਿਤਾਬਾਂ ਹੋਰ ਲਿਖ ਲੈਂਦੇ।’
ਸਤਿਆਰਥੀ ਜੀ ਨੇ ਗੱਲ ਵਿਚੋਂ ਗੱਲ ਕੱਢੀ, ‘ਦੇਖੋ ਜੀ, ਆਪਣੇ ਲੋਕਯਾਨ ਵਿਚ ਸਾਹਿਤ ਤੇ ਗੱਡੇ ਦਾ ਕਿੰਨਾ ਗੂੜ੍ਹਾ ਨਾਤਾ ਹੈ!…ਅਖੇ, ਪੜ੍ਹ-ਪੜ੍ਹ ਗੱਡੇ ਲੱਦੀਏ…ਲੋਕਮਾਤਾ ਆਖਦੀ ਹੈ, ਗੱਡਿਆਂ ਦੇ ਗੱਡੇ ਕਿਤਾਬਾਂ!’
ਨਰਿੰਦਰ ਕਹਿਣ ਲਗਿਆ, ‘ਹੁਣ ਘਰ ਬੈਠੇ ਹੋ ਤਾਂ ਬੂਟਾਂ ਨੂੰ ਵੀ ਸੁਖ ਦਾ ਸਾਹ ਆਇਆ ਹੋਊ। ਕਦੀ ਤੁਸੀਂ ਲਿਖਿਆ ਸੀ, ਚਾਲੀ ਬੂਟ ਹੰਢਾ ਲਏ ਦਿੱਲੀ ਵਸਦਿਆਂ।’
‘ਉਹ ਤਾਂ ਜੀ, ਚਾਲੀ ਵਰ੍ਹੇ ਪਹਿਲਾਂ ਲਿਖਿਆ ਸੀ। ਉਸ ਪਿਛੋਂ ਤਾਂ ਚਾਲੀ ਦੂਣੀ ਅੱਸੀ ਬੂਟ ਹੋਰ ਘਸ ਗਏ ਹੋਣਗੇ। ਜੀ ਮੈਂ ਬੂਟਾਂ ਨਾਲ ਕਰਦਾ ਵੀ ਭੈੜੀ ਸੀ। ਜੇ ਬੂਟ ਬਿਚਾਰੇ ਬੋਲ ਸਕਦੇ ਹੁੰਦੇ, ਮੈਨੂੰ ਦੁਕਾਨ ਵਿਚ ਵੜਦਾ ਦੇਖ ਕੇ ਡੱਬਿਆਂ ਵਿਚ ਪਏ ਹੀ ਚੀਕਾਂ ਮਾਰ ਉਠਦੇ, ਅਸੀਂ ਏਸ ਬੰਦੇ ਦੇ ਪੈਰੀਂ ਨਹੀਂ ਪੈਣਾ’, ਸਤਿਆਰਥੀ ਜੀ ਖੱੁਲ੍ਹ ਕੇ ਹੱਸੇ।
ਬੇਬੇ ਦਾ ਉਹੋ ਪੁਰਾਣਾ ਦੁਖੜਾ, ‘ਬਥੇਰੇ ਬੂਟ ਘਸਾ ਲਏ। ਕੋਈ ਗਿਣਤੀ ਐ। ਬਥੇਰਾ ਤੁਰ ਲਿਆ ਸਾਰੀ ਉਮਰ। ਕੋਈ ਕੋਹਾਂ ਦਾ ਲੇਖਾ ਐ। ਤੋਰੀ ਦੇ ਕਿਧਰ ਸੀ, ਤੁਰ ਕਿਧਰੇ ਜਾਂਦੇ ਸੀ।’
‘ਲਉ ਜੀ, ਇਕੇਰਾਂ ਲੋਕਮਾਤਾ ਭੁੱਲ ਕੇ ਮੈਨੂੰ ਦੁਕਾਨ ਤੋਂ ਸਬਜ਼ੀ ਲਿਆਉਣ ਲਈ ਭੇਜ ਬੈਠੀ’, ਸਤਿਆਰਥੀ ਜੀ ਸ਼ਰਾਰਤੀ ਹਾਸੀ ਹੱਸੇ, ‘ਮੈਂ ਤਿੰਨ ਹਫ਼ਤੇ ਨਾ ਮੁੜਿਆ।’
‘ਤਿੰਨ ਹਫ਼ਤੇ ਨਹੀਂ, ਪੂਰੇ ਤਿੰਨ ਮਹੀਨੇ।…ਹੁਣ ਭੁੱਲਣ ਵੀ ਲੱਗ ਗਏ’, ਬੇਬੇ ਨੇ ਹਵਾ ਵਿਚ ਹੱਥ ਮਾਰਿਆ, ‘ਹੁਣ ਇਨ੍ਹਾਂ ਦਾ ਚੇਤਾ ਪੂਰਾ ਕੰਮ ਨਹੀਂ ਕਰਦਾ।’
‘ਲੋਕਮਾਤਾ ਨੇ ਤਾਂ ਜੀ ਮੇਰਾ ਚੇਤਾ ਕਦੇ ਵੀ ਪੂਰਾ ਕੰਮ ਕਰਦਾ ਨਹੀਂ ਮੰਨਿਆ।…ਉਹ ਗੱਲ ਇਉਂ ਹੋਈ ਜੀ’, ਸਤਿਆਰਥੀ ਜੀ ਪੁਰਾਣਾ ਕਿੱਸਾ ਨਵੇਂ ਵਾਂਗ ਸੁਆਦ ਲੈ ਕੇ ਸੁਣਾਉਣ ਲਗੇ, ‘ਕੁਦਰਤ ਦੀ ਖੇਡ ਦੇਖੋ, ਚਿੱਤ ਵਿਚ ਕੀ ਆਈ, ਸਬਜ਼ੀ ਖਰੀਦਣ ਗਿਆ ਮੈਂ ਮਿੱਤਰਾਂ ਨੂੰ ਮਿਲਣ ਪਾਕਿਸਤਾਨ ਪਹੁੰਚ ਗਿਆ। ਲੋਕਮਾਤਾ ਨੇ ਨਹਿਰੂ ਨੂੰ ਚਿੱਠੀ ਲਿਖ ਦਿੱਤੀ, ਤੁਸੀਂ ‘ਡਿਸਕਵਰੀ ਆਫ਼ ਇੰਡੀਆ’ ਲਿਖ ਕੇ ਇੰਡੀਆ ਤਾਂ ਲੱਭ ਲਿਆ, ਹੁਣ ਮੇਰਾ ਪਤੀ ਲੱਭੋ ਤਾਂ ਜਾਣਾਂ। ਉਨ੍ਹਾਂ ਨੇ ਪਾਕਿਸਤਾਨ ਵਿਚ ਭਾਰਤੀ ਦੂਤਾਵਾਸ ਨੂੰ ਹੁਕਮ ਚਾੜ੍ਹਿਆ। ਭਾਰਤੀ ਹਾਈ ਕਮਿਸ਼ਨਰ ਦੀ ਪਤਨੀ ਨੇ ਮੈਨੂੰ ਲੱਭ-ਲਭਾ ਕੇ ਸਮੁੱਚੀ ਇਸਤਰੀ ਜਾਤੀ ਦਾ ਵਾਸਤਾ ਪਾਉਂਦਿਆਂ ਹੱਥ ਜੋੜੇ ਕਿ ਮੈਂ ਘਰ ਪਰਤ ਜਾਵਾਂ।’
ਭਾਪਾ ਜੀ ਨੇ ਉਨ੍ਹਾਂ ਦੀਆਂ ਸਾਰੀਆਂ ਪੰਜਾਬੀ ਰਚਨਾਵਾਂ ਇਕੋ ਜਿਲਦ ਵਿਚ ਛਾਪਣ ਦੀ ਸਲਾਹ ਬਣਾਈ, ਕਹਾਣੀਆਂ, ਕਵਿਤਾਵਾਂ, ਨਾਵਲ, ਯਾਦਾਂ, ਆਦਿ, ਸਭ! ਸਤਿਆਰਥੀ ਜੀ ਨੂੰ ਉਨ੍ਹਾਂ ਦਾ ਕਹਿਣਾ ਸੀ ਕਿ ਰਚਨਾਵਾਂ ਨੂੰ ਤਰਤੀਬ ਦੇਣੀ, ਹਰ ਪੁਸਤਕ ਦੇ ਅਗਲੇ ਪੰਨਿਆਂ ਵਾਲੀ ਜਾਣਕਾਰੀ ਪੁਸਤਕ-ਸੰਗ੍ਰਹਿ ਦੀ ਲੋੜ ਅਨੁਸਾਰ ਸੰਖੇਪ ਕਰਨੀ, ਘੱਟੋ-ਘੱਟ ਦੋ ਵਾਰ ਪਰੂਫ਼ ਪੜ੍ਹਨੇ, ਸਾਰਾ ਕੰਮ ਬਹੁਤ ਮਿਹਨਤ, ਸਗੋਂ ਮੁਸ਼ੱਕਤ ਵੀ ਮੰਗੇਗਾ ਤੇ ਹੋਰ ਸਾਰੇ ਕੰਮ ਛੱਡ ਕੇ ਲੰਮਾ ਸਮਾਂ ਵੀ। ਇਕ ਦਿਨ ਮੈਂ ਮਿਲਣ ਗਿਆ ਤਾਂ ਸਤਿਆਰਥੀ ਜੀ ਬੋਲੇ, ‘ਮੈਂ ਤਾਂ ਹੁਣ ਇਹ ਕੰਮ ਕਰਨ ਜੋਗਾ ਹਾਂ ਨਹੀਂ। ਦੇਖੋ ਭੁੱਲਰ ਜੀ, ਜਦੋਂ ਦੁਰਾਨੀਆਂ ਨੂੰ ਅੰਮ੍ਰਿਤਸਰੋਂ ਭਜਾਉਣ ਦਾ ਮਸਲਾ ਖੜ੍ਹਾ ਹੋਇਆ ਸੀ, ਸਭ ਇਕ ਦੂਜੇ ਨੂੰ ਦੇਖਣ ਲੱਗੇ ਸਨ। ਆਖ਼ਰ ਆਪਣੇ ਇਲਾਕੇ ਵਿਚੋਂ ਦਮਦਮਾ ਸਾਹਿਬ ਤੋਂ ਬਾਬਾ ਦੀਪ ਸਿੰਘ ਨੇ ਪੰਦਰਾਂ ਸੇਰ ਭਾਰਾ ਫ਼ੌਲਾਦੀ ਖੰਡਾ ਚੁੱਕਿਆ ਸੀ। ਇਹ ਮੇਰੀਆਂ ਸਾਰੀਆਂ ਪੁਸਤਕਾਂ ਨੂੰ ਇਕੋ ਗ੍ਰੰਥ ਦਾ ਰੂਪ ਦੇਣ ਦਾ ਕੰਮ ਵੀ ਦੁਰਾਨੀਆਂ ਨੂੰ ਭਜਾਉਣ ਨਾਲੋਂ ਘੱਟ ਮੁਸ਼ਕਿਲ ਨਹੀਂ!’ ਉਨ੍ਹਾਂ ਨੇ ਮੇਰੇ ਮੋਢੇ ਉੱਤੇ ਹੱਥ ਰਖਿਆ, ‘ਪੰਦਰਾਂ ਸੇਰ ਭਾਰਾ ਖੰਡਾ ਤਾਂ ਜੀ ਹੁਣ ਵੀ ਕਲਮ ਦੇ ਰੂਪ ਵਿਚ ਆਪਣੇ ਇਲਾਕੇ ਦੇ ਹੀ ਕਿਸੇ ਸਿਦਕੀ-ਸਿਰੜੀ ਨੂੰ ਚੁੱਕਣਾ ਪਵੇਗਾ!’
ਮੈਂ ਉਨ੍ਹਾਂ ਦੇ ਗੋਡੇ ਛੋਹੇ, ‘ਠੀਕ ਹੈ, ਸਤਿਆਰਥੀ ਜੀ, ਬੇਫ਼ਿਕਰ ਹੋ ਜਾE। ਭਾਪਾ ਜੀ ਨੂੰ ਅੱਜ ਹੀ ਸਾਰੀਆਂ ਪੁਸਤਕਾਂ ਭੇਜਣ ਵਾਸਤੇ ਫੋਨ ਕਰ ਦੇਵਾਂਗਾ।’ ਮੈਂ ਭਾਪਾ ਜੀ ਨੂੰ ਇਹ ਵੀ ਆਖਿਆ, ‘ਤੁਸੀਂ ਮੈਥੋਂ ਵੱਧ ਜਾਣਦੇ ਹੋ, ਕੰਮ ਬੜਾ ਵੱਡਾ, ਫ਼ੈਲਵਾਂ ਤੇ ਸਮਾਂ-ਖਾਊ ਹੈ। ਬਾਬਿਆਂ ਦੀ ਸਿਹਤ ਛੱਪੜ ਦੇ ਪਾਣੀ ਵਾਂਗ ਸੁਕਦੀ ਜਾਂਦੀ ਹੈ। ਸਭ ਕੰਮ ਛੱਡ ਕੇ ਇਸੇ ਨੂੰ ਲੱਗ ਜਾਈਏ। ਗ੍ਰੰਥ ਛਪ ਜਾਵੇ, ਪੰਜਾਬੀ ਭਵਨ ਵਿਚ ਵੱਡਾ ਇਕੱਠ ਕਰ ਕੇ ਪੂਰੇ ਆਦਰ-ਮਾਣ ਤੇ ਜਲੌਅ ਨਾਲ ਉਨ੍ਹਾਂ ਨੂੰ ਭੇਟ ਕਰ ਦੇਈਏ।’
ਭਾਪਾ ਜੀ ਬੋਲੇ, ‘ਤੁਸਾਂ ਮੇਰੇ ਮਨ ਦੀ ਬੁੱਝ ਲਈ ਏ। ਬਿਲਕੁਲ ਇੰਜ ਹੀ ਕਰਾਂਗੇ।’
ਉਨ੍ਹਾਂ ਦੀਆਂ ਸਾਰੀਆਂ ਪੰਜਾਬੀ ਪੁਸਤਕਾਂ ਪੰਜ ਭਾਗਾਂ ਵਿਚ ਵੰਡੀਆਂ ਗਈਆਂ। ਪਹਿਲੇ ਭਾਗ ਵਿਚ ਚਾਰ ਪੁਸਤਕਾਂ ਲੋਕਗੀਤਾਂ ਬਾਰੇ, ਦੂਜੇ ਵਿਚ ਨੌਂ ਕਹਾਣੀ-ਸੰਗ੍ਰਹਿ, ਤੀਜੇ ਵਿਚ ਨਾਵਲ ‘ਘੋੜਾ ਬਾਦਸ਼ਾਹ’ ਤੇ ਚੌਥੇ ਭਾਗ ਵਿਚ ਚਾਰ ਕਾਵਿ-ਸੰਗ੍ਰਹਿ ਇਕੱਠੇ ਹੋ ਗਏ। ਪੰਜਵਾਂ ਭਾਗ ਇਕੱਲੀ ਪੁਸਤਕ ‘ਮੇਰੇ ਸਫ਼ਰ ਦੀਆਂ ਯਾਦਾਂ’ ਦੇ ਰੂਪ ਵਿਚ ਹੈ। ਅਸਲ ਵਿਚ ਇਹ ਉਨ੍ਹਾਂ ਦੇ ਸਫ਼ਰ ਦੀਆਂ ਨਹੀਂ, ਜੀਵਨ-ਸਫ਼ਰ ਦੀਆਂ ਯਾਦਾਂ ਹਨ, ਜਿਨ੍ਹਾਂ ਵਿਚ ਅਨੇਕ ਮਹਾਨ ਵਿਅਕਤੀਆਂ ਨਾਲ ਉਨ੍ਹਾਂ ਦੀਆਂ ਮਿਲਣੀਆਂ ਵੀ ਸ਼ਾਮਲ ਹਨ। ਗ੍ਰੰਥ ਦਾ ਨਾਂ ਮੈਂ ‘ਸਤਿਆਰਥ’ ਰੱਖ ਦਿੱਤਾ। ਪਹਿਲੇ ਪਰੂਫ਼ ਆਏ ਤਾਂ ਸਾਧਾਰਨ ਪੁਸਤਕ ਤੋਂ ਦੁਗੁਣੇ ਵੱਡੇ ਆਕਾਰ ਵਿਚ ਸੰਘਣੀ ਜੜਤ ਵਾਲ਼ੇ ਦੋ-ਕਾਲਮੀ 880 ਪੰਨੇ ਬਣੇ ਹੋਏ ਸਨ। ਦੂਜੇ ਪਰੂਫ਼ਾਂ ਨੂੰ ਛਪਣਜੋਗ ਬਣਾ ਕੇ ਮੈਂ ਪੁਲੰਦਾ ਭਾਪਾ ਜੀ ਨੂੰ ਦੇਣ ਤੁਰਿਆ ਤਾਂ ਸਤਿਆਰਥੀ ਜੀ ਵਾਲੇ ਰਾਹੋਂ ਹੋ ਲਿਆ। ਉਹ ਤਾਂ ਆਪ ਸੰਪਾਦਨ ਦੇ ਮਹਾਂ-ਅਨੁਭਵੀ ਤੇ ਦਿੱਖ ਨਿਖਾਰਨ ਦੇ ਕਲਾਕਾਰ ਸਨ, ਪਰੂਫ਼ ਫਰੋਲੇ-ਦੇਖੇ ਤਾਂ ਉਨ੍ਹਾਂ ਦੇ ਚਿਹਰੇ ਦਾ ਰੰਗ ਦੇਖਣ ਵਾਲਾ ਸੀ। ਬੋਲੇ, ‘ਇਹਨੂੰ ਕਹਿੰਦੇ ਨੇ ਜੀ ਪੰਦਰਾਂ ਸੇਰ ਦਾ ਖੰਡਾ ਵਾਹੁਣਾ!’
ਉਨ੍ਹਾਂ ਦਾ 95ਵਾਂ ਸਾਲ ਮੁੱਕਣ ਵੱਲ ਜਾ ਰਿਹਾ ਸੀ ਤੇ ‘ਸਤਿਆਰਥ’ ਦੇ ਫ਼ਰਮੇ ਫਟਾਫਟ ਛਪ ਰਹੇ ਸਨ ਕਿ 12 ਫ਼ਰਵਰੀ 2003 ਨੂੰ ਪੈਰਾਂ ਵਿਚ ਲਗਾਤਾਰ ਯਾਤਰਾ ਲਿਖੀ ਵਾਲਾ ਯਾਤਰੀ ਲੰਮੀ ਇਕ-ਮਾਰਗੀ ਯਾਤਰਾ ਉੱਤੇ ਤੁਰ ਗਿਆ ਤੇ ਪਿੱਛੇ ਅਜਿਹਾ ਖਾਲੀ ਆਸਨ ਛੱਡ ਗਿਆ ਜਿਸ ਉੱਤੇ ਬੈਠਣ ਵਾਲਾ ਪੰਜਾਬੀ ਸਾਹਿਤ ਨੂੰ ਕਦੀ ਕੋਈ ਨਹੀਂ ਲੱਭੇਗਾ! ਕੁਝ ਦਿਨਾਂ ਮਗਰੋਂ ਭਾਪਾ ਜੀ ਨੇ ‘ਸਤਿਆਰਥ’ ਭੇਜਿਆ ਤਾਂ ਦੇਖ ਕੇ ਰੂਹ ਰੱਜ ਗਈ! ਝੋਰਾ ਹੋਇਆ, ਉਨ੍ਹਾਂ ਦੇ ਦੇਖੇ ਹੋਏ ਪਰੂਫ਼ਾਂ ਤੋਂ ਬਣਿਆ ਸੁੰਦਰ-ਸਜੀਲਾ ਗ੍ਰੰਥ ਅਸੀਂ ਉਨ੍ਹਾਂ ਨੂੰ ਹਾਲ-ਗੁੰਜਾਵੀਆਂ ਤਾੜੀਆਂ ਵਿਚ ਭੇਟ ਨਾ ਕਰ ਸਕੇ, ਪਰ ਕੁਛ-ਕੁਛ ਤਸੱਲੀ ਵੀ ਰਹੀ, ਘੱਟੋ-ਘੱਟ ਉਹ ਗ੍ਰੰਥ ਨੂੰ ਛਪਾਈ ਵਿਚ ਪਿਆ ਤਾਂ ਦੇਖ ਹੀ ਗਏ ਸਨ!
ਅਚਾਨਕ ਖ਼ਿਆਲ ਆਇਆ, ਇਸ ਗ੍ਰੰਥ ਦੇ ਰਚਨਾਕਾਰ ਨੂੰ ਪੰਜਾਬੀ ਵਾਲ਼ਿਆਂ ਨੇ ਸਾਹਿਤ ਅਕਾਦਮੀ ਦੇ ਇਨਾਮ ਦੇ ਯੋਗ ਨਹੀਂ ਸਮਝਿਆ। ਕਦੀ ਜੇ ਇਹ ਗੱਲ ਚੱਲ ਪੈਂਦੀ ਤਾਂ ਉਹ ਫ਼ੱਕਰ-ਫ਼ਕੀਰ ਬੰਦ ਆਖਦੇ, ‘ਜਦੋਂ ਸਾਹਿਤ ਅਕਾਦਮੀ ਦਾ ਇਨਾਮ ਕਿਸੇ ਵੀ ਹੋਰ ਲੇਖਕ ਨੂੰ ਮਿਲਦਾ ਹੈ, ਉਹ ਵੀ ਮੈਨੂੰ ਹੀ ਮਿਲਦਾ ਹੈ। ਦੇਖੋ ਨਾ ਭੁੱਲਰ ਜੀ, ਆਖ਼ਰ ਇਨਾਮ ਮਿਲਿਆ ਤਾਂ ਸਾਹਿਤ ਨੂੰ ਹੀ ਹੈ ਨਾ ਤੇ ਸਾਹਿਤ ਵਿਚ ਮੇਰਾ ਵੀ ਤਾਂ ਸੀਰ ਹੈ! ਸਗੋਂ ਸਾਹਿਤ ਅਕਾਦਮੀ ਦਾ ਇਨਾਮ ਕੀ, ਜਦੋਂ ਕਿਸੇ ਲੇਖਕ ਨੂੰ ਨੋਬਲ ਇਨਾਮ ਮਿਲਦਾ ਹੈ, ਉਹ ਵੀ ਨਾਲ ਹੀ ਮੈਨੂੰ ਵੀ ਮਿਲਦਾ ਹੈ।’
ਵੈਸੇ ਉਨ੍ਹਾਂ ਦੀ ਬੋਹਣੀ ਤਾਂ ਵਧੀਆ ਹੋਈ ਸੀ। 1949 ਵਿਚ, ਸ਼ਾਇਦ ਉਹ ਇਨਾਮਾਂ ਦਾ ਪਹਿਲਾ ਵਰ੍ਹਾ ਸੀ, ਭਾਸ਼ਾ ਵਿਭਾਗ ਨੇ ਜਿਹੜੇ ਪੰਜ ਮਾਣਯੋਗ ਲੇਖਕ ਸਨਮਾਨੇ ਸਨ, ਉਸ ਸਨ ਗੁਰਬਖ਼ਸ਼ ਸਿੰਘ, ਨਾਨਕ ਸਿੰਘ, ਪ੍ਰਿੰ. ਤੇਜਾ ਸਿੰਘ, ਦੇਵਿੰਦਰ ਸਤਿਆਰਥੀ ਤੇ ਈਸ਼ਵਰ ਚੰਦ ਨੰਦਾ। 1976 ਵਿਚ ਭਾਰਤ ਸਰਕਾਰ ਨੇ ਪਦਮਸ਼੍ਰੀ ਭੇਟ ਕੀਤਾ। 1977 ਵਿਚ ਭਾਸ਼ਾ ਵਿਭਾਗ ਨੇ ਉਨ੍ਹਾਂ ਨੂੰ ਸ੍ਰੇਸ਼ਟ ਹਿੰਦੀ ਲੇਖਕ ਵਜੋਂ ਸਨਮਾਨਿਆ। 1987 ਵਿਚ ਪੰਜਾਬੀ ਅਕਾਦਮੀ, ਦਿੱਲੀ ਨੇ ਸਰਵੋਤਮ ਸਾਹਿਤਕਾਰ ਸਨਮਾਨ ਅਤੇ 1989 ਵਿਚ ਹਿੰਦੀ ਅਕਾਦਮੀ, ਦਿੱਲੀ ਨੇ ਵਿਸ਼ੇਸ਼ ਸਨਮਾਨ ਦਿੱਤਾ। ਕਈ ਨਾਮੀ ਗ਼ੈਰ-ਸਰਕਾਰੀ ਸੰਸਥਾਵਾਂ ਨੇ ਸਨਮਾਨਿਤ ਕੀਤਾ ਜਿਨ੍ਹਾਂ ਵਿਚੋਂ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੀ ਫ਼ੈਲੋਸ਼ਿਪ ਪ੍ਰਮੁੱਖ ਸੀ।
ਸ਼ਬਦ ਲਈ ਸਤਿਆਰਥੀ ਜੀ ਵਰਗਾ ਸਮਰਪਨ ਬਹੁਤ ਹੀ ਘੱਟ ਦੇਖਣ ਵਿਚ ਆਉਂਦਾ ਹੈ। ਤੇ ਇਸ ਸਮਰਪਨ ਦਾ ਜੋ ਮੁੱਲ ਉਨ੍ਹਾਂ ਨੇ ਤਾਰਿਆ, ਉਹਦੀ ਮਿਸਾਲ ਵੀ ਵਿਰਲੀ-ਟਾਂਵੀਂ ਹੀ ਮਿਲਦੀ ਹੈ। ਬੇਬੇ ਨੇ ਠੀਕ ਹੀ ਇਸ ਨੂੰ ‘ਤਪੱਸਿਆ’ ਦਾ ਨਾਂ ਦਿੱਤਾ। ‘ਕੁਝ ਕਰਨ’ ਦੀ ਉਮਰੇ ਉਨ੍ਹਾਂ ਨੂੰ ‘ਸਿੱਧੇ ਰਾਹ’ ਪਾਉਣ ਲਈ 1929 ਵਿਚ ਵਿਆਹ ਕਰ ਦਿੱਤਾ ਗਿਆ। ਇਨ੍ਹਾਂ ਨੇ ਘਰ ਨਾਲ ਬੱਝੇ ਰਹਿਣ ਜਾਂ ਘਰ ਨੂੰ ਨਾਲ ਤੋਰ ਕੇ ਆਪਣੇ ਮਿਸ਼ਨ ਦੇ ਸਾਧਕ ਬਣੇ ਰਹਿਣ ਵਿਚੋਂ ਛੇਕੜਲਾ ਰਾਹ ਚੁਣਿਆ। ਬੇਪਰਵਾਹੀ ਕਹੋ ਜਾਂ ਲਾਪਰਵਾਹੀ, ਪਲੇਠੀ ਧੀ ਕਵਿਤਾ ਦਾ ਜਨਮ ਵੀ ਯਾਤਰਾ ਦੌਰਾਨ ਕਿਧਰੇ ਉੜੀਸਾ ਵਿਚ ਹੋਇਆ। ਅਜਿਹਾ ਸ਼ਬਦ-ਸਿਦਕ ਕਿੰਨਾ ਕੁ ਦੇਖਣ ਵਿਚ ਆਉਂਦਾ ਹੈ ਜਿਸ ਤੋਂ ਤਿਲੋਤਮਾ ਨਾਂ ਦੀ ਅਪੱਸਰਾ ਚੇਤੇ ਆ ਜਾਂਦੀ ਹੈ, ਪੁਰਾਣਾਂ ਅਨੁਸਾਰ ਬ੍ਰਹਮਾ ਨੇ ਥਾਂ-ਥਾਂ ਤੋਂ ਤਿਲ-ਤਿਲ ਸੁੰਦਰਤਾ ਜੋੜ ਕੇ ਜਿਸ ਨੂੰ ਸਿਰਜਿਆ ਸੀ।
ਰਹਿਣੀ-ਬਹਿਣੀ ਵਿਚ ਸਤਿਆਰਥੀ ਜੀ ਸੱਚਮੁੱਚ ਦਰਵੇਸ਼ ਫ਼ਕੀਰ ਸਨ। ਸਾਹਿਤ ਉਨ੍ਹਾਂ ਦਾ ਸਮੁੱਚਾ ਜੀਵਨ ਸੀ। ਪਰਿਵਾਰ ਵੀ ਦੂਜੇ ਥਾਂ ਉੱਤੇ ਆਉਂਦਾ ਸੀ। ਧਨ-ਦੌਲਤ ਅਤੇ ਮਾਣ-ਸਨਮਾਨ ਤੇ ਇਨਾਮ-ਪੁਰਸਕਾਰ ਉਨ੍ਹਾਂ ਵਾਸਤੇ ਬਹੁਤ ਛੋਟੀਆਂ ਗੱਲਾਂ ਸਨ। ਜੇ ਸਾਹਿਤ ਅਕਾਦਮੀ ਦੇ ਪੰਜਾਬੀ ਇਨਾਮ ਦੇ ਸਾਲੋ-ਸਾਲ ਆਏ ਚੋਣਕਾਰਾਂ ਨੇ ਉਨ੍ਹਾਂ ਨੂੰ ਇਨਾਮ ਨਹੀਂ ਦਿੱਤਾ, ਉਨ੍ਹਾਂ ਨੂੰ ਕੋਈ ਗਿਲਾ ਨਹੀਂ ਸੀ। ਸੱਚ ਇਹ ਹੈ ਕਿ ਇਨਾਮ ਨਾ ਮਿਲਣ ਕਰਕੇ ਉਹ ਛੋਟੇ ਨਹੀਂ ਹੋਏ, ਛੋਟੇ ਚੋਣਕਾਰ ਹੋਏ ਹਨ, ਛੋਟੀ ਸਾਹਿਤ ਅਕਾਦਮੀ ਹੋਈ ਹੈ। ਨਾ ਹੀ ਕਦੀ ਉਹ ਆਪਣੇ ਸੰਬੰਧਾਂ ਦਾ ਲਾਭ ਉਠਾਉਂਦੇ ਸਨ। ਜਿਸ ਗਾਂਧੀ ਜੀ ਨਾਲ ਉਨ੍ਹਾਂ ਦੇ ਨਿਕਟਵਰਤੀ ਵੀ ਖੁੱਲ੍ਹ ਲੈਣ ਦਾ ਜੇਰਾ ਨਹੀਂ ਸਨ ਕਰਦੇ, ਸਤਿਆਰਥੀ ਜੀ ਉਨ੍ਹਾਂ ਨੂੰ ਵੀ ਮੂੰਹ-ਆਈ ਆਖ ਸਕਦੇ ਸਨ। ਪਰ ਇਨ੍ਹਾਂ ਨੇ ਉਨ੍ਹਾਂ ਨਾਲ ਅਤੇ ਹੋਰ ਅਨੇਕ ਵੱਡੇ ਆਗੂਆਂ ਤੇ ਲੇਖਕਾਂ ਨਾਲ ਨੇੜਤਾ ਨੂੰ ਕਦੀ ਆਪਣੇ ਹਿਤ ਲਈ ਵਰਤਣ ਬਾਰੇ, ਕੋਈ ਪਦਵੀ, ਕੋਈ ਸਨਮਾਨ ਲੈਣ ਬਾਰੇ ਸੋਚਿਆ ਤਕ ਨਹੀਂ ਸੀ।
ਜਦੋਂ 18 ਫ਼ਰਵਰੀ 2003 ਨੂੰ ਉਹ ਸੰਦਲੀ ਗਲੀ ਦੇ ਯਾਤਰੀ ਬਣੇ, ਉਨ੍ਹਾਂ ਦੀ ਉਮਰ 95 ਸਾਲ ਸੀ। ਐਨੀ ਮੇਰੀ ਬਾਤ! ਪਰ ਇਹ ਬਾਤ ਐਨੀ ਕੁ ਰਹਿ ਕੇ ਮੁੱਕਣ ਵਾਲੀ ਨਹੀਂ। ਬਾਤ ਸਤਿਆਰਥੀ ਜੀ ਦੀ ਵੀ ਚਲਦੀ ਰਹੇਗੀ ਤੇ ਬਾਤ ਸਤਿਆਰਥੀ-ਸਾਹਿਤ ਦੀ ਵੀ ਚਲਦੀ ਹੀ ਰਹੇਗੀ!
(ਸੰਪਰਕ: +918076363058)