ਜ਼ਖਮ ਨੂੰ ਸੂਰਜ ਬਣਨ ਦਿਉ; ਪਰ ਹੋਸ਼ ਦਾ ਪੱਲੜਾ ਵੀ ਨਾ ਛੱਡੋ!

(ਸਾਕਾ ਨੀਲਾ ਤਾਰਾ ਦੁਖਾਂਤ ਦਾ ਚਿਤਵਨ ਕਰਦਿਆਂ…)
-ਹਰਚਰਨ ਸਿੰਘ ਪ੍ਰਹਾਰ-
‘ਜੂਨ 1984 ਦਾ ਬਲਿਊ ਸਟਾਰ ਉਪਰੇਸ਼ਨ, ਇੱਕ ਵੱਡਾ ਘੱਲੂਘਾਰਾ ਸੀ। ਇਹ ਇੱਕ ਜ਼ਖਮ ਹੈ, ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਜਾ ਨਹੀਂ ਸਕਦਾ। ਇਹ ਇੱਕ ਪੀੜ੍ਹ ਹੈ, ਇੱਕ ਕਸਕ ਹੈ, ਜੋ ਕਦੇ ਪੂਰੀ ਤਰ੍ਹਾਂ ਮਿਟ ਨਹੀਂ ਸਕਦੀ…।’
‘ਹੁਣ ਸਮਾਂ ਆ ਗਿਆ ਹੈ ਕਿ ਅਸੀਂ ਬਲਿਊ ਸਟਾਰ ਜਿਹੇ ਜ਼ਖ਼ਮ ਨੂੰ ਵੀ ਪਰਮ ਪ੍ਰੇਰਨਾ ਸ੍ਰੋਤ ਬਣਨ ਦੇਈਏ।ਗੁਰੂ ਸਾਹਿਬਾਨ ਦੀ ਮਿਸਾਲ ਵਾਂਗ, ਇਸਨੂੰ ਇੱਕ ਸ਼ੁਆ, ਗਿਆਨ-ਕਿਰਨ, ਬਲਕਿ ਇਸ ਤੋਂ ਵੀ ਅੱਗੇ ਲੰਘ ਕੇ, ਸੂਰਜ ਬਣਨ ਦੇਈਏ। ਸਾਡੇ ਸਮਿਆਂ ਵਿਚ ਯਹੂਦੀ ਭਰਾਤੀਅਤਾ ਨੇ ਆਪਣੇ ਹੌਲੌਕੌਸਟ ਬਾਰੇ ਇਹੀ ਵਰਤਾਰਾ ਬਣਾਇਆ ਹੈ..।’

(ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਦੇ ਲੇਖ ਸੰਗ੍ਰਹਿ ਦੀ ਕਿਤਾਬ ‘ਸਿੱਖ ਦ੍ਰਿਸ਼ਟੀ ਦਾ ਗੌਰਵ’ ਦੇ ਪੰਨਾ 89-90 ਤੇ ਲੇਖ ‘ਜ਼ਖ਼ਮ ਨੂੰ ਸੂਰਜ ਬਣਨ ਦਿਉ’ ਵਿਚੋਂ…)
‘ਸਾਡੇ ਸਮਕਾਲੀ ਇਤਿਹਿਾਸ ਵਿਚ ਸਭ ਤੋਂ ਵੱਡਾ ਕੌਮੀ ਜ਼ਖ਼ਮ, ਹਿਟਲਰ ਵਲੋਂ ਯੋਜਨਾਬੱਧ ਢੰਗ ਨਾਲ਼ ਕੀਤਾ ‘ਮਹਾਂਨਾਸ਼’ ਸੀ (ਜਿਸਨੂੰ ਯਹੂਦੀ ਹੌਲੌਕੌਸਟ ਕਹਿੰਦੇ ਹਨ)। ਇਸਨੇ ਯਹੂਦੀ ਕੌਮ ਨੂੰ ਤਹਿਸ-ਨਹਿਸ ਕੀਤਾ। ਪਰ ਉਸ ਤੋਂ ਪਿੱਛੋਂ ਯਹੂਦੀ ਚਿੰਤਕਾਂ ਨੇ ਪੱਛਮ ਦੇ ਸਮੁੱਚੇ ਦਰਸ਼ਨ, ਰਾਜਨੀਤੀ ਅਤੇ ਹੋ ਰਹੇ ਅਭਿਆਸਾਂ ਨੂੰ ਫਰੋਲਿਆ।ਮਹਾਂਨਾਸ਼ ਦੇ ਕਾਰਨ ਲੱਭੇ…।’
(ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਸੰਪਾਦਿਤ ਕਿਤਾਬ ‘ਸਿੱਖ ਦ੍ਰਿਸ਼ਟੀ ਦਾ ਗੌਰਵ’ ਦੇ ਪੰਨਾ 93 ਤੇ ਲੇਖ ‘ਜ਼ਖ਼ਮ ਨੂੰ ਚੇਤੰਨਤਾ ਬਣਾਉਣ ਦੀ ਲੋੜ’ ਵਿਚੋਂ…)
‘ਸਿੱਖ ਕੌਮ ਲਈ ਵੀ ਇਹ ਜਰੂਰੀ ਹੈ ਕਿ ਉਹ ਬਲਿਊ ਸਟਾਰ ਵਰਗੇ ਮਹਾਂਨਾਸ਼ਕ ਸਾਕੇ ਨੂੰ ਸਿਰਜਨਾਤਮਿਕ ਸ਼ੋਅਲੇ ਵਿਚ ਬਦਲੇ।ਇੱਥੋਂ ਸਿੱਖ ਚਿੰਤਨ ਤੇ ਵਿਸ਼ਵ ਚਿੰਤਨ ਨੂੰ ਪ੍ਰਭਾਵਿਤ ਕਰਨ ਵਾਲ਼ੇ ਵਿਚਾਰਾਂ ਦਾ ਆਰੰਭ ਕਰੇ। ਕੀ ਅਜਿਹੇ ਚਿੰਤਕ ਸਿੱਖ ਕੌਮ ਕੋਲ਼ ਮੌਜੂਦ ਹਨ, ਜੋ ਇਸ ਵੰਗਾਰ ਨੂੰ ਕਬੂਲ ਕਰਨ…?’
(ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਸੰਪਾਦਿਤ ਕਿਤਾਬ ‘ਸਿੱਖ ਦ੍ਰਿਸ਼ਟੀ ਦਾ ਗੌਰਵ’ ਦੇ ਪੰਨਾ 96 ਤੇ ਲੇਖ ‘ਬਲਿਊ ਸਟਾਰ ਉਪਰੇਸ਼ਨ ਸਿਰਜਨਾਤਮਿਕ ਸ਼ੋਅਲਾ ਬਣਾਉਣ ਦੀ ਲੋੜ’ ਵਿਚੋਂ…)
‘ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੇ ਜੋ ਕੁਝ ਕੀਤਾ, ਉਹ ਕਿਸੇ ਹੋਰ ਦੇ ਤਜ਼ਰਬੇ ਤੋਂ ਪ੍ਰਭਾਵਿਤ ਜਾਂ ਉਤਸ਼ਾਹਿਤ ਹੋ ਕੇ ਅਤੇ ਜਾਂ ਕਿਸੇ ਬਾਹਰੀ ਤਾਕਤ ਦੀ ਸ਼ਹਿ ਹੇਠਾਂ ਕੀਤਾ ਨਹੀਂ ਸੀ।ਇਹ ਕਿਸੇ ਹੋਰ ਦੀ ਰੀਸ ਜਾਂ ਨਕਲ ਨਹੀਂ ਸੀ। ਇਹ ਉਸਦੇ ਅੰਦਰੋਂ ਨਿਕਲ਼ੀ ਵਿਚਾਰ ਸੀ, ਉਸਦੀ ਕੁਆਰੀ ਸੋਚ ਦਾ ਨਤੀਜਾ ਸੀ। ਇਹ ਮਰੀਅਮ ਦੀ ਪਵਿੱਤਰ ਕੁੱਖ ‘ਚੋਂ ਈਸਾ ਦੇ ਪ੍ਰਗਟ ਹੋਣ ਵਰਗੀ ਹੀ ਕੋਈ ਗੱਲ ਸੀ, ਜਿਸਨੂੰ ਕਿਸੇ ਤਰਕਵਾਦੀ ਸੋਚ ਜਾਂ ਵਿਸ਼ਲੇਸ਼ਣ ਵਿਧੀ ਨਾਲ਼ ਸਮਝ ਸਕਣਾ ਕਤਈ ਸੰਭਵ ਨਹੀਂ ਸੀ। ਉਸ ਨੇ ਕਿਤਾਬੀ ਗਿਆਨ ਜਾਂ ਅਕਾਦਮਿਕ ਸਿਖਲਾਈ ਹਾਸਲਿ ਨਹੀਂ ਸੀ ਕੀਤੀ ਹੋਈ।ਉਹ ਇੱਕ ਸਾਦ ਮੁਰਾਦਾ ਸੰਤ-ਪੁਰਖ ਸੀ, ‘ਸੱਚ ਦੀ ਉਸ ਮਹਾਂ-ਮ੍ਰਿਤੂ ਵਿਚ ਅਭੇਦ ਹੋ ਕੇ, ਜੋ ਗੁਰੂ ਦੀ ਜਗਾਈ ਨਾਮ ਰੂਪੀ ਜੋਤ ਵਿਚ ਰੱਤੜੇ ਨੈਣਾਂ ਵਾਲ਼ਾ ਬਣ ਗਿਆ ਸੀ।’
(ਸਿੱਖ ਵਿਦਵਾਨ ਅਜਮੇਰ ਸਿੰਘ ਦੀ ਕਿਤਾਬ ‘ਕਿਸ ਬਿਧ ਰੁਲ਼ੀ ਪਾਤਸ਼ਾਹੀ’ ਦੇ ਚੈਪਟਰ ‘ਪਹਾੜ ਜਿੱਡਾ ਕੰਮ’ ਦੇ ਪੰਨਾ 247 ਤੋਂ)
‘ਉਪਰੇਸ਼ਨ ਬਲਿਊ ਸਟਾਰ, ਇੱਕ ਨਾ-ਮੁਆਫ ਕਰਨ ਵਾਲ਼ਾ ਕਰੂਰ ਕਾਰਾ ਸੀ।ਭਿੰਡਰਾਂਵਾਲ਼ੇ ਵਰਗੀ ‘ਦੁਰ ਆਤਮਾ’ ਆਪਣੇ ਅਜਿਹੇ ਅੰਤ ਦੀ ਹੱਕਦਾਰ ਸੀ।ਜੇਕਰ ਤੁਹਾਡੇ ਵਲੋਂ ਰੀਝਾਂ ਨਾਲ਼ ਬਣਾਏ ਆਲੀਸ਼ਾਨ ਮਹਿਲ ਵਿਚ ਕੋਈ ਜੰਗਲੀ ਚੂਹਾ ਦਾਖਿਲ ਹੋ ਜਾਵੇ ਤਾਂ ਉਸ ਤੋਂ ਖਹਿੜਾ ਛੁਡਾਉਣ ਲਈ, ਕੀ ਮਹਿਲ ਨੂੰ ਨੇਸਤੋ ਨਾਬੂਦ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ? ਸੰਤ ਭਿੰਡਰਾਂਵਾਲ਼ੇ ਦੀ ਹਿੰਦੂਆਂ ਪ੍ਰਤੀ ਨਫਰਤ ਇਤਨੀ ਵਧ ਚੁੱਕੀ ਸੀ ਕਿ ਉਹ ਅੰਦਰ ਬੈਠਾ ਕਹਿ ਰਿਹਾ ਸੀ ਕਿ ਭਾਰਤ ਦੇ ਸਾਰੇ ਹਿੰਦੂਆਂ ਨੂੰ ਮਾਰਨ ਲਈ ਇੱਕ-ਇੱਕ ਸਿੱਖ ਦੇ ਹਿੱਸੇ ਸਿਰਫ 32 ਹਿੰਦੂ ਆਉਂਦੇ ਹਨ, ਨਾ 31 ਤੇ ਨਾ 33, ਸਿਰਫ 32। ਸਿੱਖ ਤਾਂ ਇਕੱਲਾ ਸਵਾ ਲੱਖ ਨਾਲ਼ ਲੜ ਸਕਦਾ ਹੈ।ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਸਿੱਖ, ਸੰਤ ਦੀਆਂ ਅਜਿਹੀਆਂ ਨਫਰਤੀ ਸਪੀਚਾਂ ਤੇ ਬੋਲ ਕਿਉਂ ਨਹੀਂ ਰਹੇ ਸਨ?’
(ਪ੍ਰਸਿੱਧ ਲੇਖਕ ਤੇ ਸਿੱਖ ਹਿਸਟੋਰੀਅਨ, ਖੁਸ਼ਵੰਤ ਸਿੰਘ ਦੀ ਆਪਣੀ ਜੀਵਨ ਕਥਾ ਅਧਾਰਿਤ ਕਿਤਾਬ ‘ਠਰੁਟਹ, ਲੋਵੲ ੳਨਦ ੳ ਲਟਿਟਲੲ ੰਅਲਚਿੲ’ ਵਿਚੋਂ)
ਖੁਸ਼ਵੰਤ ਸਿੰਘ ਬੇਸ਼ੱਕ ਸੰਤ ਭਿੰਡਰਾਂਵਾਲ਼ਿਆਂ ਦਾ ਕੱਟੜ ਵਿਰੋਧੀ ਸੀ ਅਤੇ ਸੰਤ ਭਿਡਰਾਂਵਾਲ਼ਿਆਂ ਤੇ ਕੀਤੀ ਕਾਰਵਾਈ ਨੂੰ ਵੀ ਉਹ ਜਾਇਜ ਮੰਨਦਾ ਸੀ। ਉਸਦਾ ਮੰਨਣਾ ਸੀ ਕਿ ਭਿੰਡਰਾਂਵਾਲ਼ੇ ਤੇ ਕਾਰਵਾਈ ਤਾਂ ਕੀ ਜਾਣੀ ਚਾਹੀਦੀ ਸੀ, ਪਰ ਇਸ ਤਰ੍ਹਾਂ ਦੀ ਅਹਿਮਕਾਨਾ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ, ਜਿਸ ਤਰ੍ਹਾਂ ਦੀ ਕਾਰਵਾਈ ਮੈਡਮ ਇੰਡਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਕਰਕੇ ਕੀਤੀ ਸੀ।ਜਿਸਦੇ ਸਿੱਟੇ ਵਜੋਂ ਉਹ ਆਪ ਤਾਂ ਮਰੀ ਹੀ ਮਰੀ, ਪੂਰੇ ਮੁਲਕ ਨੂੰ ਵੀ ਭਾਰੀ ਕੀਮਤ ਚੁਕਾਉਣੀ ਪਈ। ਬੇਸ਼ਕ ਮੈਡਮ ਇੰਦਰਾ ਨੇ ਆਪਣੀ ਗਲਤੀ ਮਹਿਸੂਸ ਕਰਦਿਆਂ, ਫੌਜੀ ਹਮਲੇ ਵਿਚ ਅਕਾਲ ਤਖਤ ਦੀ ਨੁਕਸਾਨੀ ਇਮਾਰਤ ਦਿਨਾਂ ਵਿਚ ਹੀ ਬਣਵਾ ਕੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਸੀ ਤੇ ਉਥੋਂ ਫੌਜ ਵੀ ਵਾਪਿਸ ਬੁਲਾ ਲਈ ਸੀ। ਪਰ ਉਸ ਦੇ ਸਭ ਯਤਨ ਸਿੱਖ ਨੌਜਵਾਨਾਂ ਦੇ ਵਲੂੰਧਰੇ ਜਜਬਾਤਾਂ ਨੂੰ ਸ਼ਾਂਤ ਨਾ ਕਰ ਸਕੇ।ਅਨੇਕਾਂ ਸਿੱਖ ਵਿਦਵਾਨ ਅਜੇ ਵੀ ਇਸ ਹਮਲੇ ਨੂੰ 18ਵੀਂ ਸਦੀ ਦੇ ਅਹਿਮਦ ਸ਼ਾਹ ਅਬਦਾਲੀ ਜਾਂ ਮੱਸੇ ਰੰਘੜ ਨਾਲ਼ ਜੋੜਦੇ ਹਨ। ਜੋ ਕਿ ਸ਼ਾਇਦ ਬਿਲਕੁਲ ਢੁਕਵਾਂ ਨਹੀਂ ਹੈ, ਭਾਵੇਂ ਕਿ ਉਨ੍ਹਾਂ ਹਮਲਾਵਰਾਂ ਦਾ ਸੰਦਰਭ ਵੱਖਰਾ ਸੀ। ਉਨ੍ਹਾਂ ਵਿਚੋਂ ਕਿਸੇ ਨੇ ਕਦੇ ਹਰਿਮੰਦਰ ਸਾਹਿਬ ਦੀ ਬਿਲਡਿੰਗ ਢਾਹ ਕੇ ਪਛਤਾਵੇ ਵਿਚ ਬਣਾ ਕੇ ਨਹੀਂ ਦਿੱਤੀ ਸੀ? ਵਰਣਨਯੋਗ ਹੈ ਕਿ ਖੁਸ਼ਵੰਤ ਸਿੰਘ ਪਹਿਲਾ ਸਿੱਖ ਸੀ, ਜਿਸਨੇ ਉਸ ਵਕਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਮਿਲ਼ ਕੇ ਰੋਸ ਪੱਤਰ ਅਤੇ ਆਪਣਾ ‘ਪਦਮ ਭੂਸ਼ਣ’ ਐਵਾਰਡ ਵਾਪਿਸ ਕਰ ਦਿੱਤਾ ਸੀ।ਬੇਸ਼ਕ ਗਿਆਨੀ ਜੀ ਨੇ ਉਸਨੂੰ ਕੁਝ ਸਮਾਂ ਸੋਚਣ ਲਈ ਕਿਹਾ ਸੀ, ਪਰ ਉਸਨੇ ਆਪਣਾ ਫੈਸਲਾ ਨਹੀਂ ਬਦਲਿਆ ਸੀ।ਹਾਲਾਂਕਿ ਉਸਦੇ ਇਸ ਕਦਮ ਦੇ ਉਸਨੂੰ ਬਹੁਤ ਹੀ ਕੌੜੇ ਨਤੀਜੇ ਭੁਗਤਣੇ ਪਏ ਸਨ।ਦੇਸ਼ ਭਰ ਵਿਚੋਂ ਦੂਜੀ ਧਿਰ ਦੇ ਬੁੱਧੀਜੀਵੀਆਂ ਦਾ ਉਸ ਖਿਲਾਫ ਤੂਫਾਨ ਝੁੱਲ ਗਿਆ ਸੀ।ਉਸਨੇ ਪਾਰਲੀਮੈਂਟ ਵਿਚ ਦਿੱਤੀਆਂ ਆਪਣੀਆਂ ਸਪੀਚਾਂ ਵਿਚ ਕਈ ਵਾਰ ਧਰਮ ਯੁੱਧ ਮੋਰਚੇ ਦੀਆਂ ਜਾਇਜ ਮੰਗਾਂ ਮੰਨ ਲੈਣ ਦੀ ਵਕਾਲਤ ਕੀਤੀ ਸੀ।ਉਹ ਦਰਬਾਰ ਸਾਹਿਬ ਤੇ ਕਿਸੇ ਸੰਭਾਵੀ ਫੌਜੀ ਕਾਰਵਾਈ ਬਾਰੇ ਸਰਕਾਰ ਨੂੰ ਵਾਰ-ਵਾਰ ਚਿਤਾਵਨੀਆਂ ਦਿੰਦਾ ਰਿਹਾ ਸੀ ਕਿ ਸਰਕਾਰ ਅਜਿਹੀ ਗਲਤੀ ਨਾ ਕਰੇ।ਉਹ ਧਰਮ ਯੁੱਧ ਮੋਰਚੇ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਅੰਦਰ, ਸੰਤ ਭਿੰਡਰਾਂਵਾਲ਼ੇ ਤੇ ਸਾਥੀਆਂ ਵਲੋਂ ਕੀਤੀਆਂ ਜਾਂਦੀਆਂ ਭੜਕਾਊ ਤਕਰੀਰਾਂ ਤੇ ਕਾਰਵਾਈਆਂ ਦਾ ਵੀ ਸਖਤ ਅਲੋਚਕ ਸੀ।ਉਸਨੂੰ ਵੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਭੜਕੀ ਸਿੱਖ ਵਿਰੋਧੀ ਹਿੰਸਾ ਵਿਚ ਘਰੋਂ ਭੱਜ ਕੇ ਜਾਨ ਬਚਾਉਣੀ ਪਈ ਸੀ।ਇਸ ਸਭ ਦੇ ਬਾਵਜੂਦ ਵੀ ਉਹ 84 ਤੋਂ ਬਾਅਦ ਦੀ ਹਥਿਆਰਬੰਦ ਖਾੜਕੂ ਲਹਿਰ ਦਾ ਵੀ ਵਿਰੋਧ ਕਰਦਾ ਰਿਹਾ, ਜਿਸ ਕਰਕੇ ਖਾੜਕੂ ਜਰਨੈਲ ਹਰਜਿੰਦਰ ਸਿੰਘ ਜਿੰਦਾ, ਉਸਦੀ ਆਵਾਜ ਸਦਾ ਲਈ ਬੰਦ ਕਰਾਉਣ ਵਾਸਤੇ ਉਸਦੇ ਘਰ ਕਿਚਨ ਤੱਕ ਪਹੁੰਚ ਗਿਆ ਸੀ, ਪਰ ਮਿ. ਸਿੰਘ ਘਰ ਨਾ ਹੋਣ ਕਾਰਨ ਬਚ ਗਿਆ ਸੀ।
ਉਪਰ ਸਿੱਖ ਵਿਦਵਾਨਾਂ ਦੀਆਂ ਵੱਖ-ਵੱਖ ਕਿਤਾਬਾਂ ਵਿਚੋਂ ਜੂਨ, 1984 ਦੇ ਘੱਲੂਘਾਰੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਬਾਰੇ ਕੁਝ ਸਤਰਾਂ ਪਾਠਕਾਂ ਨਾਲ਼ ਸਾਂਝੀਆਂ ਕੀਤੀਆਂ ਹਨ ਤਾਂ ਕਿ ਸਾਨੂੰ ਸਿੱਖ ਵਿਦਵਾਨਾਂ ਦੀ ਇਸ ਵੱਡੀ ਇਤਿਹਾਸਕ ਘਟਨਾ ਬਾਰੇ ਸਮਝ ਪਤਾ ਲੱਗ ਸਕੇ।ਜਦੋਂ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਨਿਰਪੱਖ ਨਜ਼ਰੀਏ ਤੋਂ ਪੜ੍ਹਦੇ ਹਾਂ ਤਾਂ ਉਨ੍ਹਾਂ ਅੰਦਰ ਵਿਚਾਰਧਾਰਕ ਸਪੱਸ਼ਟਤਾ ਦੀ ਰੜਕਵੀਂ ਘਾਟ ਨਜ਼ਰ ਆਉਂਦੀ ਹੈ। ਉਹ ਦੁਨੀਆਂ ਭਰ ਦੇ ਇਤਿਹਾਸ ਵਿਚੋਂ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਚੁੱਕ ਕੇ ਆਪਣੇ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਤਾਂ ਕਰਦੇ ਹਨ, ਪਰ ਮਸਲਿਆਂ ਦੀ ਗੰਭੀਰਤਾ ਨੂੰ ਸਮੁੱਚਤਾ ਨਾਲ਼ ਨਾ ਵਿਚਾਰਨ ਕਾਰਨ, ਕਿਸੇ ਨਤੀਜੇ ਤੇ ਨਹੀਂ ਪਹੁੰਚਦੇ।ਜਿਸ ਤਰ੍ਹਾਂ ਡਾ. ਗੁਰਭਗਤ ਸਿੰਘ ਜੀ ਯਹੂਦੀਆਂ ਦੇ ਨਰ-ਸੰਹਾਰ ਦੀ ਉਦਾਹਰਣ ਦੇ ਕੇ ਇਹ ਤਾਂ ਦੱਸ ਰਹੇ ਹਨ ਕਿ ਯਹੂਦੀ ਚਿੰਤਕਾਂ ਨੇ ਕਿਵੇਂ ਪੱਛਮ ਦੇ ਚਿੰਤਨ ਤੇ ਰਾਜਨੀਤੀ ਦੀ ਡੂੰਘਾਈ ਵਿਚ ਖੋਜ ਕਰਕੇ ਇਸ ਨਸਲਕੁਸ਼ੀ ਦੇ ਕਾਰਨ ਲੱਭੇ, ਪਰ ਉਨ੍ਹਾਂ ਨੇ ਆਪਣੀਆਂ ਜੂਨ, 1984 ਬਾਰੇ ਘਟਨਾਵਾਂ ਵਿਚ ਸਿੱਖਾਂ ਨੂੰ ਜਜ਼ਬਾਤੀ ਕਰਕੇ ਉਸਨੂੰ ਆਪਣੀ ਸਿਮ੍ਰਿਤੀ ਵਿਚ ਵਸਾਉਣ, ਇਸਨੂੰ ਸੂਰਜ ਬਣਨ, ਸ਼ੋਅਲਾ ਬਣਨ ਆਦਿ ਤੇ ਜ਼ੋਰ ਤਾਂ ਦਿੱਤਾ ਹੈ, ਪਰ ਕਿਤੇ ਵੀ ਕੋਈ ਯਤਨ ਨਹੀਂ ਕੀਤਾ ਦਿਸਦਾ ਕਿ ਅਜਿਹੀ ਵੱਡੀ ਘਟਨਾ ਵਾਪਰਨ ਪਿੱਛੇ ਕੀ ਕਾਰਨ ਸਨ? ਕਿਤੇ ਅਜਿਹਾ ਕੋਈ ਯਤਨ ਕੀਤਾ ਨਹੀਂ ਮਿਲਦਾ ਕਿ ਭਵਿੱਖ ਵਿਚ ਸਿੱਖ ਪੰਥ ਨੂੰ ਅਜਿਹੇ ਕੁਲਹਿਣੇ ਘੱਲੂਘਾਰਿਆਂ ਵਿਚੋਂ ਦੁਬਾਰਾ ਨਾ ਲੰਘਣਾ ਪਵੇ? ਪੰਜਾਬ ਜਾਂ ਦਰਬਾਰ ਸਾਹਿਬ ਅੰਦਰ 1982-1984 ਤੱਕ ਅਜਿਹਾ ਕੀ ਵਾਪਰ ਰਿਹਾ ਸੀ ਕਿ ਸਰਕਾਰ ਨੂੰ ਸਿੱਖਾਂ ਵਰਗੇ ਬਹਾਦਰ, ਮਿਹਤਨੀ ਤੇ ਸਨਮਾਨਯੋਗ ਭਾਈਚਾਰੇ ਖਿਲਾਫ ਮੁਜਰਮਾਨਾ ਫੌਜੀ ਹਮਲਾ ਕਰਨ ਲਈ ਮਜਬੂਰ ਹੋਣਾ ਪਿਆ? 1982-ਜੂਨ 84 ਤੱਕ ਦੀਆਂ ਪੰਜਾਬ ਦੀਆਂ ਰੋਜ਼ਾਨਾ ਅਖ਼ਬਾਰਾਂ ਵਿਚ ਛਪਦੀਆਂ ਅਖ਼ਬਾਰੀ ਰਿਪੋਰਟਾਂ ਦੇ ਤੱਥਾਂ ਅਨੁਸਾਰ ਆਮ ਲੋਕਾਂ ਤੋਂ ਲੈ ਕੇ ਵੱਡੇ ਲੀਡਰਾਂ ਤੱਕ 500 ਤੋਂ ਵੱਧ ਲੋਕ ਹਰਿਮੰਦਰ ਸਾਹਿਬ ਅੰਦਰ ਸਿੱਧੇ ਜਾਂ ਅਸਿੱਧੇ ਢੰਗ ਨਾਲ਼ ਗਰਮ ਖਿਆਲੀ ਧੜਿਆਂ ਦੇ ਖਾੜਕੂਆਂ ਦੀਆਂ ਕਾਰਵਾਈਆਂ ਦੀ ਭੇਟ ਚੜ੍ਹ ਚੁੱਕੇ ਸਨ।ਇਸ ਦੌਰਾਨ ਬੈਂਕਾਂ ਕਿਤਨੀਆਂ ਲੁੱਟੀਆਂ ਗਈਆਂ ਤੇ ਫਿਰੌਤੀਆਂ ਕਿਤਨੀਆਂ ਹੋਈਆਂ, ਇਸਦਾ ਲੇਖਾ ਵੱਖਰਾ ਹੈ? ਇਸ ਸਬੰਧੀ ਵਿਸਤਾਰਤ ਵੇਰਵੇ ਦਰਬਾਰ ਸਾਹਿਬ ਅੰਦਰ ਰਹੇ ਸਾਬਕਾ ਖਾੜਕੂ ਕੁਲਜਿੰਦਰ ਸਿੰਘ ਢਿੱਲੋਂ ਅਤੇ ਹੋਰ ਅੰਦਰੂਨੀ ਸੂਤਰਾਂ ਤੋਂ ਬਥੇਰੇ ਬਾਹਰ ਆ ਚੁੱਕੇ ਹਨ। ਕੀ ਕੋਈ ਦੱਸ ਸਕਦਾ ਹੈ ਕਿ ਇਨ੍ਹਾਂ ਦੋ ਸਾਲਾਂ ਵਿਚ ਸਰਕਾਰ ਵਲੋਂ ਕਿਤਨੇ ਕੁ ਸਿੱਖ ਕਤਲ ਕੀਤੇ ਗਏ ਜਾਂ ਕਿਤਨੇ ਕੁ ਝੂਠੇ ਪੁਲਿਸ ਮੁਕਾਬਲੇ ਹੋਏ ਸਨ? ਕੀ ਸਾਡੇ ਵਿਦਵਾਨਾਂ ਦੇ ਸਿਰਫ ਇਤਨਾ ਕਹਿਣ ਨਾਲ਼ ਕਿ ਬ੍ਰਾਹਮਣਾਂ ਨੇ ਸਿੱਖਾਂ ਨਾਲ਼ 5 ਸਦੀਆਂ ਦਾ ਵੈਰ ਕੱਢਿਆ ਹੈ, ਨਾਲ਼ ਸਾਡਾ ਕੁਝ ਸੰਵਰ ਸਕਦਾ ਹੈ? ਕੀ ਸਾਡੇ ਵਿਦਵਾਨਾਂ ਨੂੰ ਇਹ ਨਹੀਂ ਵਿਚਾਰਨਾ ਚਾਹੀਦਾ ਕਿ ਅਕਾਲੀ ਦਲ ਵਲੋਂ ਪੰਜਾਬ ਤੇ ਸਿੱਖਾਂ ਦੀਆਂ ਮੰਗਾਂ ਲਈ ਚੱਲ ਰਹੇ ਸ਼ਾਂਤਮਈ ਸੰਘਰਸ਼ ਵਿਚ ਹਥਿਆਰ ਲਿਜਾਣ ਤੇ ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਕਰਨ ਦੀ ਕਿਉਂ ਲੋੜ ਪਈ ਸੀ? ਸੰਤ ਭਿੰਡਰਾਂਵਾਲ਼ਿਆਂ ਦੇ ਨਜਦੀਕੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੋ. ਆਫ ਸਿੱਖਇਜਮ ਦੀ ਉਪਾਧੀ ਨਾਲ਼ ਸਨਮਾਨਿਤ ਸਿੱਖ ਵਿਦਵਾਨ ਸ. ਗੁਰਤੇਜ ਸਿੰਘ ਆਪਣੀਆਂ ਲਿਖਤਾਂ ਵਿਚ ਕਈ ਵਾਰ ਕਹਿ ਚੁਕੇ ਹਨ ਕਿ ਦਰਬਾਰ ਸਾਹਿਬ ਅੰਦਰ ਹਥਿਆਰਾਂ ਦੇ ਟਰੱਕ ਪਹੁੰਚਾਣ ਵਾਲ਼ਾ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ, ਭਾਰਤੀ ਖੁੱਫੀਆ ਏਜੰਸੀ ਰਾਅ ਦਾ ਏਜੰਟ ਸੀ। ਕੀ ਕਦੇ ਕਿਸੇ ਨੇ ਸ. ਗੁਰਤੇਜ ਸਿੰਘ ਨੂੰ ਸਵਾਲ ਕੀਤਾ ਕਿ ਉਨ੍ਹਾਂ ਕੋਲ਼ ਇਸਦੇ ਕੀ ਸਬੂਤ ਹਨ? ਜੇ ਉਨ੍ਹਾਂ ਦੇ ਇਲਜਾਮ ਸਹੀ ਹਨ ਤਾਂ ਕੀ ਸੰਤ ਭਿੰਡਰਾਂਵਾਲ਼ਿਆਂ ਨੂੰ ਪਤਾ ਸੀ ਕਿ ਰਾਅ ਦਰਬਾਰ ਸਾਹਿਬ ਅੰਦਰ ਹਥਿਆਰ ਭੇਜ ਕੇ ਫੌਜੀ ਹਮਲਾ ਕਰਨ ਲਈ ਤਿਆਰੀ ਕਰ ਰਹੀ ਹੈ? ਉਨ੍ਹਾਂ ਨੇ ਰਾਅ ਵਲੋਂ ਭੇਜੇ ਹਥਿਆਰ ਕਿਵੇਂ ਪ੍ਰਾਪਤ ਕਰ ਲਏ ਤੇ ਉਹੀ ਹਥਿਆਰ ਜੂਨ 84 ਵਿਚ ਖਾੜਕੂਆਂ ਵਲੋਂ ਅੰਦਰੋਂ ਫੌਜ ਵਿਰੁੱਧ ਵਰਤੇ ਗਏ? ਸ. ਗੁਰਤੇਜ ਸਿੰਘ, ਜੋ ਆਪਣੇ ਆਪ ਨੂੰ ਸੰਤਾਂ ਦਾ ਸਲਾਹਕਾਰ ਦੱਸਦਾ ਹੈ, ਉਸਨੇ ਇਹ ਗੱਲ ਸੰਤਾਂ ਨੂੰ ਕਿਉਂ ਨਹੀਂ ਦੱਸੀ ਕਿ ਰਾਅ ਹਥਿਆਰ ਅੰਦਰ ਭੇਜ ਕੇ ਸਿੱਖਾਂ ਤੇ ਵੱਡਾ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ? ਕੀ ਕਦੇ ਅਸੀਂ ਅਜਿਹੇ ਮੁੱਦਿਆਂ ਤੇ ਗੰਭੀਰ ਹੋ ਕੇ ਨਿਰਪੱਖਤਾ ਨਾਲ਼ ਵਿਚਾਰ ਕਰਾਂਗੇ? ਕੀ ਉਸ ਵਕਤ ਸਿੱਖਾਂ ਤੇ ਸਰਕਾਰੀ ਜ਼ਬਰ ਇਤਨਾ ਵਧ ਚੁੱਕਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ‘ਜਦ ਸਾਰੇ ਹੀਲੇ ਮੁੱਕ ਜਾਣ ਹਥਿਆਰ ਚੁੱਕਣੇ ਜਾਇਜ ਹਨ’ ਅਨੁਸਾਰ ਸਿੱਖਾਂ ਕੋਲ਼ ਹਥਿਆਰਾਂ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ? ਕੀ ਸਾਨੂੰ ਹਥਿਆਰ ਚੁੱਕਣ ਤੋਂ ਪਹਿਲਾਂ ਨਹੀਂ ਵਿਚਾਰਨਾ ਚਾਹੀਦਾ ਸੀ ਕਿ ਇਸਦੇ ਕੀ ਨਤੀਜੇ ਨਿਕਲ਼ ਸਕਦੇ ਹਨ ਅਤੇ ਹਥਿਆਰ ਚੁੱਕਣ ਤੋਂ ਪਹਿਲਾਂ ਉਸ ਤੇ ਪੰਥ ਵਿਚ ਕੋਈ ਸਹਿਮਤੀ ਬਣਾਈ ਜਾਂਦੀ? ਹਥਿਆਰਬੰਦ ਮੂਵਮੈਂਟ ਵਿਚ ਹਜਾਰਾਂ ਲੋਕਾਂ ਦੇ ਮਾਰੇ ਜਾਣ ਤੇ ਉਸ ਲਹਿਰ ਦੇ 1994-95 ਵਿਚ ਖਤਮ ਹੋਣ ਦੇ 28 ਸਾਲ ਬਾਅਦ ਵੀ ਕਿਸੇ ਖਾੜਕੂ ਜਾਂ ਪੰਥਕ ਧਿਰ ਨੇ ਕਦੇ ਨਹੀਂ ਵਿਚਾਰਿਆ ਕਿ ਅਸੀਂ ਉਸ ਸੰਘਰਸ਼ ਵਿਚੋਂ ਕੀ ਖੱਟਿਆ? ਭਵਿੱਖ ਲਈ ਕਿਸੇ ਕੌਮੀ ਸੰਘਰਸ਼ ਦੀ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਰਣਨੀਤੀ ਤਿਆਰ ਕਰਨ ਲਈ ਕਦੇ ਕਿਤੇ ਚਰਚਾ ਨਹੀਂ ਸੁਣੀ? ਇਸ ਵਿਚ ਕੋਈ ਸ਼ੱਕ ਨਹੀਂ ਕਿ 1982-1995 ਤੱਕ ਸਿੱਖ ਭਾਈਚਾਰੇ ਦਾ ਹਰ ਪੱਖ ਤੋਂ ਵੱਡਾ ਨੁਕਸਾਨ ਹੋਇਆ, ਪਰ ਇਸ ਬਾਰੇ ਵੀ ਦੇਸ਼-ਵਿਦੇਸ਼ ਵਿਚ ਕਿਸੇ ਪਲੈਟਫਾਰਮ ਤੇ ਕਦੇ ਚਰਚਾ ਹੁੰਦੀ ਨਹੀਂ ਸੁਣੀ? ਕੁਝ ਮੌਕਾਪ੍ਰਸਤ ਤੇ ਨਿੱਜੀ ਹਿੱਤਾਂ ਤੋਂ ਪ੍ਰੇਰਤ ਲੋਕ ਗੁਰਦੁਆਰਾ ਸਟੇਜਾਂ ਤੋਂ ਜਜਬਾਤੀ ਤਕਰੀਰਾਂ ਜਰੂਰ ਕਰਦੇ ਸੁਣੇ ਜਾ ਸਕਦੇ ਹਨ।
ਅਸੀਂ ਪਹਿਲਾਂ ਵੀ ਕਈ ਵਾਰ ਇਹ ਚਰਚਾ ਕੀਤੀ ਹੈ ਕਿ ਇੰਦਰਾ ਗਾਂਧੀ ਨੂੰ ਫੌਜੀ ਕਾਰਵਾਈ ਵਰਗੀ ਕਰਤੂਤ ਨਹੀਂ ਕਰਨੀ ਚਾਹੀਦੀ ਸੀ। ਸਰਕਾਰ ਨੇ ਜੇ ਪੰਜਾਬ ਵਿਚ ਹੋ ਰਹੇ ਲਗਾਤਾਰ ਕਤਲਾਂ ਅਤੇ ਦਰਬਾਰ ਸਾਹਿਬ ਵਿਚ ਕੀਤੀ ਜਾ ਚੁੱਕੀ ਹਥਿਆਰਬੰਦ ਮੋਰਚਾਬੰਦੀ ਲਈ ਕੋਈ ਐਕਸ਼ਨ ਲੈਣਾ ਹੀ ਸੀ ਤਾਂ ਉਸ ਲਈ ਹੋਰ ਤਰੀਕੇ ਸੋਚੇ ਜਾਣੇ ਚਾਹੀਦੇ ਸਨ ਤਾਂ ਕਿ ਘੱਟ ਨੁਕਸਾਨ ਨਾਲ਼ ਇਹ ਮਸਲਾ ਸੁਲ਼ਝਾਇਆ ਜਾ ਸਕਦਾ? ਸਵਾਲ ਤਾਂ ਫਿਰ ਵੀ ਇਹ ਉਵੇਂ ਹੀ ਖੜਾ ਹੈ ਕਿ ਇਹ ਭਾਣਾ ਵਾਪਰਿਆ ਕਿਉਂ? ਜਦੋਂ ਤੱਕ ਅਸੀਂ ਇਸ ਗੱਲ ਤੇ ਵਿਚਾਰ ਨਹੀਂ ਕਰਦੇ ਕਿ ਅਜਿਹਾ ਭਾਣਾ ਵਾਪਰਿਆ ਕਿਉਂ? ਉਦੋਂ ਤੱਕ ਲੋਕਾਂ ਨੂੰ ਜਜ਼ਬਾਤੀ ਕਰਕੇ ਸਿੱਖ ਲੀਡਰਾਂ ਤੇ ਵਿਦਵਾਨਾਂ ਵਲੋਂ ਆਪਣੇ ਜਾਤੀ ਤੇ ਜਮਾਤੀ ਹਿੱਤ ਤਾਂ ਪੂਰੇ ਜਾ ਸਕਦੇ ਹਨ, ਇਸ ਨਾਲ਼ ਦੁਨੀਆਂ ਭਰ ਵਿਚ ਵਸਦੇ ਵਿਸ਼ਾਲ ਸਿੱਖ ਭਾਈਚਾਰੇ ਦਾ ਕਿੰਨਾ ਕੁ ਭਲਾ ਹੋ ਸਕਦਾ ਹੈ?
ਸਾਕਾ ਨੀਲਾ ਤਾਰਾ ਵਾਪਰਨ ਤੋਂ 4 ਦਹਾਕਿਆਂ ਬਾਅਦ ਵੀ ਸਾਡੇ ਸਾਹਮਣੇ ਡਾ. ਗੁਰਭਗਤ ਸਿੰਘ, ਸ. ਅਜਮੇਰ ਸਿੰਘ, ਪ੍ਰੋ. ਹਰਿੰਦਰ ਸਿੰਘ ਮਹਿਬੂਬ, ਕਰਮਜੀਤ ਸਿੰਘ ਪੱਤਰਕਾਰ ਆਦਿ ਸਿਰਮੌਰ ਵਿਦਵਾਨਾਂ ਦੀਆਂ ਜੂਨ ਚੁਰਾਸੀ ਬਾਰੇ ਅਤਿ ਭਾਵੁਕ ਵਿਆਖਿਆਵਾਂ ਦੇ ਬਾਵਜੂਦ, ਅੱਜ ਤੱਕ ਵੀ ਸਭ ਤੋਂ ਵੱਡਾ ਸਵਾਲ ਕੀ ਇਹ ਹੀ ਨਹੀਂ ਹੈ ਕਿ ਅਜਿਹਾ ਭਿਆਨਕ ਦੁਖਾਂਤ ਆਖਿਰ ਵਾਪਰਿਆ ਕਿਉਂ? ਕੀ 1982 ਤੋਂ 1984 ਤੱਕ ਦੋ ਸਾਲ ਚੱਲੇ ਧਰਮ ਯੁੱਧ ਮੋਰਚੇ ਦੌਰਾਨ ਕੀ ਸਾਡੀਆਂ ਆਪਣੀਆਂ ਧਿਰਾਂ ਵਲੋਂ ਵੀ ਕੋਈ ਗਲਤੀਆਂ ਹੋਈਆਂ ਸਨ ਜਾਂ ਨਹੀਂ?
ਇਸ ਪ੍ਰਥਾਏ ਸਭ ਤੋਂ ਵੱਡੀ ਘਟਨਾ ਤਾਂ ਸੀਨੀਅਰ ਪੁਲਿਸ ਅਧਿਕਾਰੀ, ਏ ਐਸ ਅਟਵਾਲ ਦੀ ਦਰਬਾਰ ਸਾਹਿਬ ਦੀਆਂ ਬਰੂਹਾਂ ਤੇ ਹੋਏ ਕਤਲ ਦੀ ਸੀ।ਉਸ ਕਤਲ ਨੂੰ ਅੰਜਾਮ ਦੇਣ ਵਾਲ਼ੇ ਸੂਰਬੀਰ ਮੇਜਰ ਸਿੰਘ ਨਾਗੋਕੇ ਦੇ ਇੰਗਲੈਂਡ ਰਹਿੰਦੇ ਪੁੱਤਰ ਨੇ ਆਪਣੀ ਇੱਕ ਯੂ ਟਿਊਬ ਇੰਟਰਵਿਊ ਵਿਚ ਕਤਲ ਦੀ ਸਾਰੀ ਵਿਥਿਆ ਦੱਸੀ ਹੋਈ ਹੈ, ਜੋ ਉਸਨੇ ਸੰਤਾਂ ਦੀ ਛਤਰਛਾਇਆ ਹੇਠ ਕੰਪਲੈਕਸ ਅੰਦਰ ਹਾਜਿਰ ਆਪਣੀ ਮਾਤਾ ਕੋਲ਼ੋਂ ਸੁਣੀ ਹੋਈ ਸੀ।ਅਜਿਹੀ ਫਸਟ ਹੈਂਡ ਇਨਫੋਰਮੇਸ਼ਨ ਤੋਂ ਬਾਅਦ ਵੀ ਕੀ ਸ਼ੱਕ ਦੀ ਕੋਈ ਗੁੰਜ਼ਾਇਸ਼ ਰਹਿ ਜਾਂਦੀ ਹੈ ਕਿ ਕਤਲ ਕਿਸਨੇ ਕੀਤਾ ਸੀ? ਹੈਰਾਨੀ ਹੁੰਦੀ ਹੈ ਕਿ ਮੋਰਚੇ ਬਾਰੇ ਦੋ ਪੁਸਤਕਾਂ ਲਿਖਣ ਵਾਲ਼ਾ ਸੀਨੀਅਰ ਪੱਤਰਕਾਰ ਸ. ਜਗਤਾਰ ਸਿੰਘ, ਜਦੋਂ ਖਵਾਜੇ ਦਾ ਗਵਾਹ ਡੱਡੂ ਵਾਂਗ ਨਿਸ਼ੰਗ ਹੋ ਕੇ ਥੋਥੀਆਂ ਦਲੀਲਾਂ ਦੇ ਰਿਹਾ ਹੈ ਕਿ ਸੰਤਾਂ ਦਾ ਅਟਵਾਲ ਦੀ ਹੱਤਿਆ ਨਾਲ਼ ਕੋਈ ਲਾਗਾ ਦੇਗਾ ਨਹੀਂ? ਇਸ ਬਾਰੇ ਵਿਸਥਾਰ ਵਿਚ ਵੇਰਵੇ ਇਥੇ ਲਿਖਣ ਦੀ ਗੁੰਜਾਇਸ਼ ਨਹੀਂ ਹੈ, ਪਾਠਕ ਏਬੀਸੀ ਟੀਵੀ ਚੈਨਲ ਦੇ ਪੱਤਰਕਾਰ ਸੰਦੀਪ ਨਾਲ਼ ਉਸਦੀ ਵਿਸਤਾਰਤ ਇੰਟਰਵਿਊ ਸੁਣ ਸਕਦੇ ਹਨ।ਸ. ਜਗਤਾਰ ਸਿੰਘ ਦੀ ਨਿਰਪੱਖਤਾ ਦਾ ਪਤਾ ਤਾਂ ਉਸਦੇ ਆਪਣੇ ਪੁਰਾਣੇ ਸਾਥੀ ਰਜਿੰਦਰ ਸਿੰਘ ਤੱਗੜ ਨਾਲ਼ ਉਸਦੀ ਯੂ ਟਿਊਬ ਚੈਨਲ ‘ਪੰਜਾਬ ਦਸਤਾਵੇਜ’ ਤੇ ਦਿੱਤੀ ‘ਬਲਦੇ ਦਰਿਆਵਾਂ ਦੀ ਗਾਥਾ’ ਹੇਠਲੀ ਇੰਟਰਵਿਊ ਵਿਚ ਉਸਦੀ ਪੁਸਤਕ ਬਾਰੇ ਕੀਤੇ ਜਰਾ ਤਿੱਖੇ ਸਵਾਲ ਤੇ ਦਿੱਤੇ ਕੜਵੇ ਜਵਾਬ ਤੋਂ ਲੱਗ ਜਾਂਦਾ ਹੈ।ਜਦੋਂ ਤੱਗੜ ਸਵਾਲ ਪੁੱਛਦਾ ਹੈ ਕਿ ਕੀ ਧਰਮ ਯੁੱਧ ਮੋਰਚੇ ਦੌਰਾਨ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਹਿੰਸਕ ਵਾਰਦਾਤਾਂ ਵੀ ਹੁੰਦੀਆਂ ਰਹੀਆਂ ਸਨ ਜਾਂ ਕੀ ਜਗਤਾਰ ਸਿੰਘ ਨੂੰ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦੇ ਕਤਲ ਬਾਰੇ ਪਤਾ ਹੈ? ਜੋ ਗਿਆਨੀ ਜੀ ਵਲੋਂ ਸੰਤ ਭਿੰਡਰਾਂਵਾਲ਼ੇ ਦੇ ਖਾੜਕੂਆਂ ਵਲੋਂ ਦਰਬਾਰ ਸਾਹਿਬ ਅੰਦਰ ਹਥਿਆਰਾਂ ਦੀ ਹੋ ਰਹੀ ਪ੍ਰਦਰਸ਼ਨੀ ਦੇ ਵਿਰੋਧ ਵਜੋਂ ਕੀਤਾ ਗਿਆ ਸੀ। ਜਗਤਾਰ ਸਿੰਘ ਹੋਰਾਂ ਦਾ ਪਾਰਾ ਇੱਕਦਮ ਸੱਤਵੇਂ ਅਸਮਾਨ ਤੇ ਚੜ੍ਹ ਜਾਂਦਾ ਹੈ। ਜਗਤਾਰ ਸਿੰਘ ਦਾ ਆਪਣੇ ਸਾਥੀ ਪੱਤਰਕਾਰ ਵੱਲ ਪ੍ਰਤੀਕਰਮ ਉਵੇਂ ਹੀ ਸੀ, ਜਿਵੇਂ ਕਦੇ ਸੰਤ ਜਰਨੈਲ ਸਿੰਘ ਨੇ ਨੌਜਵਾਨ ਨੌਜਵਾਨ ਪੱਤਰਕਾਰ ਬੀਬੀ ਤਵਲੀਨ ਸਿੰਘ ਨੂੰ ਦਿੱਤਾ ਸੀ।ਜਦੋਂ ਤਵਲੀਨ ਸਿੰਘ ਇੰਟਰਵਿਊ ਦੌਰਾਨ ਇਹ ਸਵਾਲ ਕਰਨ ਦੀ ਹਮਾਕਤ ਕਰ ਬੈਠੀ ਸੀ ਕਿ ਸੰਤ ਜੀ ਦੇ ਪੈਰੋਕਾਰ ਹਥਿਆਰ ਲੈ ਕੇ ਦਰਬਾਰ ਸਾਹਿਬ ਅੰਦਰ ਕੀ ਕਰ ਰਹੇ ਹਨ ਜਾਂ ਸੰਤ ਜੀ ਨੇ ਕਾਂਗਰਸੀ ਉਮੀਦਵਾਰਾਂ ਦੀ ਚੋਣਾਂ ਵਿਚ ਮੱਦਦ ਕਿਸ ਨਜ਼ਰੀਏ ਤੋਂ ਕੀਤੀ ਸੀ? ਕੀ ਤਵਲੀਨ ਸਿੰਘ ਦੀ ਗਲਤੀ ਸਿਰਫ ਇਤਨੀ ਹੀ ਨਹੀਂ ਸੀ ਕਿ ਉਸਨੇ ਸ਼ਾਂਤਮਈ ਮੋਰਚੇ ਵਿਚ ਹਥਿਆਰ ਚੁੱਕੀ ਫਿਰਦੇ ਨੌਜਵਾਨਾਂ ਦੀ ਰਿਪੋਰਟਿੰਗ ਕਰ ਦਿੱਤੀ ਸੀ? ਜੋ ਕਿ ਦਲਬੀਰ ਸਿੰਘ, ਮਹਿੰਦਰ ਸਿੰਘ, ਜਗਤਾਰ ਸਿੰਘ ਤੇ ਜਸਪਾਲ ਸਿੰਘ ਸਿੱਧੂ ਵਰਗੇ ਚਾਰ ਖਲੀਫੇ ਪੱਤਰਕਾਰਾਂ ਦੀ ਨਿਰਪੱਖ/ਹਮਦਰਦਾਨਾ ਰਿਪੋਰਟਿੰਗ ਤੋਂ ਜਿਆਦਾ ਹੀ ਹਟਵੀਂ ਸੀ?
ਫਿਰ ਉਸੇ ਘਟਨਾ (ਅਟਵਾਲ ਕਤਲ ਕਾਂਡ) ਬਾਰੇ ਤਵਲੀਨ ਸਿੰਘ ਦੀ ਤਰਜ ਤੇ ਹੀ ਇੱਕ ਹੋਰ ਪੱਤਰਕਾਰ ਸ. ਹਰਵੀਰ ਸਿੰਘ ਭੰਵਰ ਨੇ ਕੰਪਲੈਕਸ ਵਿਚ ਰਹਿ ਰਹੀ ਆਪਣੀ ਪਤਨੀ ਦੀ ਅੱਖੀਂ ਦੇਖੀ ਘਟਨਾ ਦੀ ਨਿਰਪੱਖ ਰਿਪੋਰਟਿੰਗ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ਼ ਅਤੇ ਫੈਡਰੇਸ਼ਨ ਸਕੱਤਰ ਹਰਮਿੰਦਰ ਸਿੰਘ ਸੰਧੂ ਕੋਲ਼ ਭੋਲ਼ੇ-ਭਾਅ ਕਰ ਦਿੱਤੀ ਸੀ। ਉਸਨੂੰ ਇਸਦੀ ਕਿਸ ਤਰ੍ਹਾਂ ਦੀ ਕੀਮਤ ਉਤਾਰਨੀ ਪਈ ਸੀ, ਇਸ ਬਾਰੇ ਸ. ਜਸਪਾਲ ਸਿੰਘ ਸਿੱਧੂ ਹੋਰੀਂ ਆਪਣੀ ਟੀਵੀ ਇੰਟਰਵਿਊ ਵਿਚ ਦੱਸਿਆ ਹੋਇਆ ਹੈ। ਉਸਨੂੰ ਇਤਨਾ ਡਰਾ ਦਿੱਤਾ ਗਿਆ ਸੀ ਕਿ ਉਹ ਯੂ ਐਨ ਆਈ ਦਾ ਦਫਤਰ ਛੱਡ ਕੇ ਭੱਜ ਗਿਆ ਸੀ।ਇਸੇ ਇੰਟਰਵਿਊ ਵਿਚ ਸ. ਜਸਪਾਲ ਸਿੰਘ ਸਿੱਧੂ ਹੋਰੀਂ ਦੱਸਿਆ ਸੀ ਕਿ ਕਿਵੇਂ ਦਰਬਾਰ ਸਾਹਿਬ ਅੰਦਰ ਬੈਠੇ ਬੱਬਰਾਂ ਨੇ 35 ਨਿਰੰਕਾਰੀ ਮਾਰਨ ਦੀ ਜਿੰਮੇਵਾਰੀ ਵਾਲ਼ਾ ਪ੍ਰੈਸ ਨੋਟ ਉਨ੍ਹਾਂ ਨੂੰ ਦਿੱਤਾ ਸੀ।ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸੰਤ ਭਿੰਡਰਾਂਵਾਲ਼ਾ ਤਾਂ ਐਵੇਂ ਹੀਰੋ ਬਣ ਰਿਹਾ ਹੈ, ਨਿਰੰਕਾਰੀਆਂ ਖਿਲਾਫ ਸਾਰੇ ਐਕਸ਼ਨ ਤਾਂ ਉਨ੍ਹਾਂ ਨੇ ਕੀਤੇ ਸਨ। ਇਸੇ ਇੰਟਰਵਿਊ ਵਿਚ ਸ. ਜਸਪਾਲ ਸਿੰਘ ਸਿੱਧੂ ਦੇ ਦੱਸਣ ਅਨੁਸਾਰ ਇਹ ਪ੍ਰੈਸ ਨੋਟ ਭੇਜ ਤਾਂ ਬੈਠਾ, ਪਰ ਹੈਰਾਨੀ ਹੁੰਦੀ ਹੈ ਕਿ ਉਹ ਆਪਣੇ ਵਲੋਂ ਕੀਤੀ ਸਹੀ ਰਿਪੋਰਟਿੰਗ ਦਾ ਪਛਤਾਵਾ ਕਰ ਰਹੇ ਹਨ ਕਿਉਂਕਿ ਇਸ ਰਿਪੋਰਟ ਦੇ ਸਿੱਟੇ ਵਜੋਂ ਕੰਪਲੈਕਸ ਅੰਦਰ ਖਾੜਕੂਆਂ ਦੀ ਪਨਾਹ ਲਈ ਹੋਣ ਦਾ ਮਹੀਨ ਜਿਹਾ ਪੜਦਾ ਫਟ ਗਿਆ ਸੀ, ਉਸ ਨਾਲ਼ ਸਰਕਾਰੀ ਖੇਮੇ ਵਿਚ ਕਾਫੀ ਹੋ ਹੱਲਾ ਮਚ ਗਿਆ ਸੀ।
ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਥੇ ਖਾਲਿਸਤਾਨੀ ਧਿਰਾਂ ਦੇ ਮੋਢੀ ਵਿਦਵਾਨ ਤੇ ਸਾਬਕਾ ਆਈ ਸੀ ਐਸ ਸਿਰਦਾਰ ਕਪੂਰ ਸਿੰਘ ਹੋਰਾਂ ਦੀ ਕਿਤਾਬ ‘ਸਿੱਖਾਂ ਦਾ ਸਰਬਨਾਸ਼’ ਵਿਚੋਂ ਕੁਝ ਲਾਈਨਾਂ ਸਿੱਖ ਵਿਦਵਾਨਾਂ ਦੇ ਭੰਬਲਭੂਸੇ ਨੂੰ ਸਪੱਸ਼ਟ ਕਰਨ ਲਈ ਸਾਂਝੀਆਂ ਕਰ ਰਹੇ ਹਾਂ।ਪਾਠਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਸਿਰਦਾਰ ਕਪੂਰ ਸਿੰਘ ਨੂੰ ‘ਅਨੰਦਪੁਰ ਦੇ ਮਤੇ’ ਦਾ ਲੇਖਕ ਵੀ ਮੰਨਿਆ ਜਾਂਦਾ ਹੈ, ਜਿਸਨੂੰ ਅਕਾਲੀ ਦਲ ਨੇ ਆਪਣੇ 1973 ਦੇ ਜਨਰਲ ਇਜਲਾਸ ਵਿਚ ਪਾਸ ਕੀਤਾ ਸੀ।ਅਨੰਦਪੁਰ ਦੇ ਮਤੇ ਅਨੁਸਾਰ ਕੇਂਦਰ ਸਰਕਾਰ ਕੋਲ਼ ਚਾਰ ਮਹਿਕਮੇ ਛੱਡ ਕੇ ਬਾਕੀ ਸਾਰੇ ਅਧਿਕਾਰ ਰਾਜਾਂ ਨੂੰ ਦੇ ਦਿੱਤੇ ਜਾਣੇ ਚਾਹੀਦੇ ਹਨ। ਇਸੇ ਕਰਕੇ ‘ਅਨੰਦਪੁਰ ਦਾ ਮਤਾ’ ਰਾਜਾਂ ਨੂੰ ਵੱਧ ਅਧਿਕਾਰ (ਸੁਬਾਈ ਖੁਦਮੁਖਤਾਰੀ) ਅਤੇ ਫੈਡਰਲ ਢਾਂਚੇ ਦੀ ਮੰਗ ਕਰਦਾ ਹੈ। ਸਿਰਦਾਰ ਕਪੂਰ ਸਿੰਘ ਆਪਣੀ ਕਿਤਾਬ ‘ਸਿੱਖਾਂ ਦਾ ਸਰਬਨਾਸ਼’ ਦੇ ਪੰਨਾ 76-79 ਤੇ ‘ਸੂਬਾਈ ਖੁਦਮੁਖਤਾਰੀ’ ਬਾਰੇ ਇਵੇਂ ਲਿਖਦੇ ਹਨ:
‘ਸੁਬਾਈ ਖੁਦਮੁਖਤਾਰੀ ਦਾ ਮਤਾ ਸੰਤ ਅਕਾਲੀ ਦਲ (ਸੰਤ ਫਤਹਿ ਸਿੰਘ ਧੜਾ) ਨੇ ਸੰਨ 1968 ਵਿਚ ਆਪਣੀ ਬਟਾਲ਼ਾ ਕਾਨਫਰੰਸ ਵਿਚ ਪਾਸ ਕੀਤਾ ਸੀ…। ਉਨ੍ਹਾਂ ਸੋਚਿਆ ਨਹੀਂ ਕਿ ‘ਸੁਬਾਈ ਖੁਦਮੁੁਖਤਾਰੀ’ ਮਿਲਣ ਨਾਲ਼ ਪੰਜਾਬ ਅਤੇ ਪੰਜਾਬੋਂ ਬਾਹਰ ਰਹਿੰਦੇ ਸਿੱਖਾਂ ਦੀ ਕੀ ਦੁਰ-ਦਸ਼ਾ ਹੋ ਸਕਦੀ ਹੈ ਅਤੇ ਪੰਥ ਨੂੰ ਕੀ ਹਾਣ-ਲਾਭ ਹੋ ਸਕਦਾ ਹੈ? ਇਹ ਤਾਂ ਹੁਣ ਸਪੱਸ਼ਟ ਹੋ ਗਿਆ ਹੈ ਕਿ ‘ਸੁਬਾਈ ਖੁਦਮੁਖਤਾਰੀ’ ਆਉਣ ਉਤੇ ਪੰਜਾਬ ਵਿਚ ਰਾਜਸੀ ਸ਼ਕਤੀ ਉਨ੍ਹਾਂ ਦੇ ਹੱਥਾਂ ਵਿਚ ਜਾ ਸਕਦੀ ਹੈ, ਜਿਨ੍ਹਾਂ ਨੂੰ ਨਾ ਸਿੱਖੀ ਨਾਲ਼ ਬੱਝਵੀਂ ਪਕੜ ਹੈ ਅਤੇ ਨਾ ਪੰਥ ਵੱਲ ਕੋਈ ਜਿੰਮੇਵਾਰੀ। ਜਿਵੇਂ ਕਿ ਹੁਣ ਪੰਜਾਬੀ ਸੂਬੇ ਵਿਚ ਹੋ ਗਿਆ ਹੈ। ਹੁਣ ਦੀ ‘ਪੰਜਾਬੀ ਸੂਬੀ’ ਨਾਲ਼ੋਂ ਸਿੱਖੀ ਤੇ ਪੰਥ ਦੇ ਦ੍ਰਿਸ਼ਟੀਕੋਣ ਤੋਂ ਫਰੀਦਾਬਾਦ ਤੋਂ ਸਪਿੱਤੀ ਲਾਹੌਲ ਵਾਲ਼ਾ ਪੰਜਾਬ ਕਿਤੇ ਚੰਗੇਰਾ ਸੀ, ਇਸ ਲਈ ਕੋਈ ਵਿਦਵਾਨ ਕਿੰਤੂ ਨਹੀਂ ਕਰ ਸਕਦਾ। ‘ਸੁਬਾਈ ਖੁਦਮੁਖਤਾਰੀ’ ਨਾਲ਼ੋਂ ਹੁਣ ਦੇ ਅਧਿਕਾਰਾਂ ਵਾਲ਼ਾ ਪੰਜਾਬੀ ਸੂਬਾ, ਸਿੱਖੀ ਤੇ ਪੰਥ ਲਈ, ਕਿਤੇ ਵੱਧ ਲਾਹੇਵੰਦ ਹੈ।…ਜਿਉਂ ਜਿਉਂ ਸੂਬੇ ਵਧੇਰੇ ਸ਼ਕਤੀਸ਼ਾਲੀ ਹੁੰਦੇ ਜਾਣਗੇ, ਕੇਂਦਰ ਲਿਬਰਲ ਹੁੰਦਾ ਜਾਵੇਗਾ, ਜਿਸਦਾ ਸਿੱਖਾਂ ਨੂੰ ਦੂਹਰਾ ਨੁਕਸਾਨ ਹੈ। ਦੇਸ਼ ਦੀ ਕੇਂਦਰੀ ਸ਼ਕਤੀ ਘਟਣ ਨਾਲ਼ ਦੇਸ਼ ਦਾ ਗੌਰਵ ਤੇ ਕੌਮਾਂਤਰੀ ਪ੍ਰਭਾਵ ਘਟਦਾ ਹੈ ਅਤੇ ਕੋਈ ਸੋਝੀਵਾਨ ਸਿੱਖ, ਦੇਸ਼ ਲਈ ਇਉਂ ਸੋਚ ਜਾਂ ਸਹਿ ਨਹੀਂ ਸਕਦਾ।ਸੁਬਾਈ ਖੁਦਮੁਖਤਾਰੀ ਨਾਲ਼ ਸਿੱਖਾਂ ਦਾ ਇਹ ਗੰਭੀਰ ਨੁਕਸਾਨ ਹੋਵੇਗਾ ਕਿ ਜਦੋਂ ਭਾਰਤ ਦੇ ਉਹ ਪ੍ਰਦੇਸ਼, ਜਿਨ੍ਹਾਂ ਵਿਚ ਪੰਜਾਬੋਂ ਬਾਹਰ ਸਿੱਖ ਵਸਦੇ ਹਨ, ਜੇ ਉਥੇ ਦੇ ਲੋਕ ਆਪ-ਹੁਦਰੇ ਤੇ ਖੁਦਮੁਖਤਾਰ ਹੋ ਗਏ ਤਾਂ ਪੰਜਾਬੋਂ ਬਾਹਰਲੇ ਸਿੱਖਾਂ ਉਤੇ ਸਖਤੀ, ਤੱਦੀ ਤੇ ਵਿਤਕਰਾ ਹੋਰ ਤੀਖਣ ਹੋ ਜਾਵੇਗਾ। …ਸਿੱਖਾਂ ਵਿਰੁੱਧ ਅਜਿਹੇ ਵਿਤਕਰਿਆਂ ਦਾ ਇੱਕੋ ਇਲਾਜ ਹੈ ਕਿ ਕੇਂਦਰ ਅਥਵਾ ਦਿੱਲੀ ਦੀ ਹਕੂਮਤ ਸ਼ਕਤੀਸ਼ਾਲੀ ਬਣੀ ਰਹੇ…।’
ਉਪਰਲੀ ਸਾਰੀ ਵਾਰਤਾ ਪੜ੍ਹ ਕੇ ਕੀ ਕੋਈ ਸੋਚ ਸਕਦਾ ਹੈ ਕਿ ਪ੍ਰੋਫੈਸਰ ਆਫ ਸਿੱਖਇਜ਼ਮ ਦੀ ਉਪਾਧੀ ਨਾਲ਼ ਸਨਮਾਨਿਤ ਸਖਸ਼ੀਅਤ, ਇੱਕ ਪਾਸੇ ਰਾਜਾਂ ਲਈ ਵੱਧ ਅਧਿਕਾਰਾਂ ਦਾ ਮਤਾ ਲਿਖਦੇ ਹਨ, ਜੋ ਫੈਡਰਲ ਢਾਂਚੇ ਦੀ ਮੰਗ ਕਰਦਾ ਹੈ ਤੇ ਦੂਜੇ ਪਾਸੇ ਆਪਣੀ ਕਿਤਾਬ ਵਿਚ ‘ਮਜਬੂਤ ਕੇਂਦਰ’ ਦੀ ਵਕਾਲਤ ਕਰਦੇ ਹਨ। ਮੈਨੂੰ ਯਾਦ ਹੈ ਕਿ 20 ਕੁ ਸਾਲ ਪਹਿਲਾਂ ਅਮਰੀਕਾ ਵਿਚ ਰਹਿੰਦੇ ਖਾਲਿਸਤਾਨੀ ਵਿਦਵਾਨ ਡਾਕਟਰ ਸਾਹਿਬ ਨਾਲ਼ ਸਿਰਦਾਰ ਕਪੂਰ ਸਿੰਘ ਬਾਰੇ ਚੱਲਦੀ ਗਲਬਾਤ ਵਿਚ ਮੈਂ ਸਿਰਦਾਰ ਕਪੂਰ ਸਿੰਘ ਹੋਰਾਂ ਦੀ ਸੋਚ ਦੀ ਦੁਬਿਦਾ ਬਾਰੇ ਕੋਈ ਟਿੱਪਣੀ ਕੀਤੀ ਤਾਂ ਡਾਕਟਰ ਸਾਹਿਬ ਕਹਿਣ ਲੱਗੇ ਕਿ ਅੱਗੇ ਤੋਂ ਕਿਤੇ ਕਪੂਰ ਸਿੰਘ ਬਾਰੇ ਕੋਈ ਨੈਗੇਟਿਵ ਟਿੱਪਣੀ ਨਹੀਂ ਕਰਨੀ ਕਿਉਂਕਿ ਸਾਡਾ ਤਾਂ ‘ਖਾਲਿਸਤਾਨ ਦਾ ਸਾਰਾ ਕੇਸ’ ਹੀ ‘ਸਾਚੀ ਸਾਖੀ’ ਤੇ ਖੜਾ ਹੈ। ਪਰ ਕੀ ਸਿਰਦਾਰ ਕਪੁਰ ਸਿੰਘ ਸਚਮੁੱਚ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੇ ਹਾਮੀ ਸਨ? ਜ਼ਰਾ, ਉਨ੍ਹਾਂ ਦੀ ‘ਖਾਲਿਸਤਾਨ ਦੀ ਬਾਈਬਲ ਸਾਚੀ ਸਾਖੀ’ ਦੇ ਪੰਨਾ 127 ਦੀਆਂ ਇਹ ਲਾਈਨਾਂ ਪੜ੍ਹੋ:
‘ਸੰਨ 1966 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ‘ਸਿੱਖ ਹੋਮਲੈਂਡ’ ਦੀ ਮੰਗ ਦਾ ਮਤਾ ਪਾਸ ਕੀਤਾ, ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਇਸੇ ਬੁੱਧੀ-ਹੀਣ, ਬਿਬੇਕ-ਹੀਣ, ਰਾਜ-ਹਠ ਦੀ ਪ੍ਰਦਰਸ਼ਨੀ ਕੀਤੀ ਸੀ ਕਿ ਮਤੇ ਵਿਚ ਇਹ ਲਿਖੋ ਕਿ ਸਿੱਖ ਹੋਮਲੈਂਡ, ਭਾਰਤ ਅੰਦਰ ਬਣੇ, ਪਰ ਇਹ ਜਦ ਚਾਹੇ, ਇਸਨੂੰ ਭਾਰਤ ਵਿਚੋਂ ਬਾਹਰ ਨਿਕਲਣ ਦਾ ਅਧਿਕਾਰ ਦਿੱਤਾ ਜਾਵੇ।ਉਸ ਵੇਲ਼ੇ ਮੈਂ ਪਾਰਲੀਮੈਂਟ ਦੀ ਲੋਕ ਸਭਾ ਦਾ ਮੈਂਬਰ ਭੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਸਲਾਹਕਾਰ ਵੀ।ਮੈਂ ਡਟ ਗਿਆ ਅਤੇ ਬੇਨਤੀ ਕੀਤੀ ਕਿ ਇੱਕ ਤਾਂ ਹੁਣ ਭਾਰਤੀ ਸੰਵਿਧਾਨ ਵਿਚ ਸੰਸ਼ੋਧਨ ਹੋ ਚੁੱਕਾ ਹੈ ਕਿ ਹਿੰਦੁਸਤਾਨ ਤੋਂ ਵੱਖਰੇ ਹੋਣ ਦੀ ਮੰਗ ਕਰਨਾ ਹੀ ਘੋਰ ਅਪਰਾਧ ਹੈ, ਜਿਸਦੀ ਸਜ਼ਾ 10 ਸਾਲ ਸਖਤ ਕੈਦ ਹੋ ਸਕਦੀ ਹੈ।ਕੇਵਲ 10 ਸਾਲ ਲਈ ਜੇਲ੍ਹ ਯਾਤਰਾ ਦਾ ਚਾਅ, ਜੇ ਕਿਸੇ ਅਕਾਲੀ ਸਿੰਘ ਨੂੰ ਹੈ ਤਾਂ ਉਹ ਮਾਸਟਰ ਤਾਰਾ ਸਿੰਘ ਜੀ ਦਾ ਸੁਝਾਇਆ ਮਤਾ ਪਾਸ ਕਰ ਦੇਖੋ। ਮੈਂ ਇਹੋ ਜਿਹੀ ਮੰਤਵਹੀਣ, ਤੇ ਹੂੜ-ਮੱਤ ਕਰਨ ਨੂੰ ਤਿਆਰ ਨਹੀਂ।… ਸਿੱਖਾਂ ਵਲੋਂ ਹਿੰਦੂਆਂ ਨੂੰ ਇਹ ਸੱਚਾ ਤੇ ਦ੍ਰਿੜ ਵਿਸ਼ਵਾਸ਼ ਦਿਵਾਇਆ ਜਾਵੇ ਕਿ ਜੇ ਸਾਰੇ ਹਿੰਦੂ ਭੀ ਭਾਰਤ ਨੂੰ ਖੇਰੰੂ-ਖੇਰੂੰ ਕਰਨ ਨੂੰ ਤਤਪਰ ਹੋ ਜਾਣ, ਤਦ ਵੀ ਸਿੱਖ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਅਖੀਰ ਤੱਕ ਲੜਦੇ ਰਹਿਣਗੇ।’ ਇਹ ਸਾਰੀ ਵਾਰਤਾ ਪੜ੍ਹ ਕੇ ਕਿਸੇ ਨੂੰ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਕਿਵੇਂ ਸਾਡੇ ਧੁਰੰਤਰ ਵਿਦਵਾਨ ਅਨੰਦਪੁਰ ਦਾ ਮਤਾ, ਸਿੱਖ ਹੋਮਲੈਂਡ, ਸਿੱਖਾਂ ਦੇ ਬੋਲ-ਬਾਲੇ, ਵੱਖਰਾ ਸਿੱਖ ਰਾਜ, ਖਾਲਿਸਤਾਨ, ਖਾਲਸਾ ਰਾਜ, ਅੰਮ੍ਰਿਤਸਰ ਐਲਾਨਨਾਮਾ ਆਦਿ ਦੇ ਸੰਕਲਪਾਂ ਤੇ ਭੰਬਲਭੂਸੇ ਦਾ ਸ਼ਿਕਾਰ ਹਨ।
ਇਸ ਸਬੰਧੀ ਪਾਠਕਾਂ ਦੀ ਜਾਣਕਾਰੀ ਲਈ ‘ਅਨੰਦਪੁਰ ਸਾਹਿਬ ਦੇ 1973 ਵਾਲ਼ੇ ਮਤੇ’ ਦੀਆਂ ਮੁਢਲੀਆਂ ਕੁਝ ਲਾਈਨਾਂ ਪੜ੍ਹਨੀਆਂ ਜਾਣਕਾਰੀ ਭਰਪੂਰ ਹੋਣਗੀਆਂ ਕਿ ਕਿਵੇਂ ਸਾਡੇ ਲੀਡਰ 17ਵੀਂ-18ਵੀਂ ਸਦੀ ਦੀ ਮਾਨਸਕਿਤਾ ਦੇ ਖਿਆਲੀ ਪੁਲਾE ਵਿਚ ਫਸੇ ਹੋਏ ਹਨ। ਉਹ ਭੁੱਲ ਜਾਂਦੇ ਹਨ ਕਿ ਹੁਣ 16ਵੀਂ-19ਵੀਂ ਸਦੀ ਦਾ ਰਜਵਾੜਾਸ਼ਾਹੀ ਤੇ ਵਿਦੇਸ਼ੀ ਹਮਲਾਵਰਾਂ ਦਾ ਰਾਜ ਪ੍ਰਬੰਧ ਜਾ ਚੁੱਕਾ ਹੈ ਅਤੇ ਸਾਰੀ ਦੁਨੀਆਂ ਲੋਕਤੰਤਰੀ ਸਿਸਟਮ ਵਿਚ ਵਿਚਰ ਰਹੀ ਹੈ। ਜਿੱਥੇ ਸਭ ਕੋਲ਼ ਵੋਟ ਅਤੇ ਕਨੂੰਨ ਦੇ ਬਰਾਬਰ ਅਧਿਕਾਰ ਹਨ ਪਰ ਸਿੱਖ ਲੀਡਰ ਤੇ ਵਿਦਵਾਨ ਪਤਾ ਨਹੀਂ ਕਿਸ ਖਿਆਲੀ ਦੁਨੀਆਂ ਵਿਚ ਵਿਚਰ ਰਹੇ ਹਨ।
‘ਭਾਰਤ ਵਿਚ ਸਿੱਖ ਕੌਮ 17ਵੀਂ ਸਦੀ ਦੇ ਅੰਤਲੇ ਸਾਲਾਂ, ਖਾਲਸਾ ਪੰਥ ਦੀ ਸਾਜਨਾ ਦੇ ਸਮੇਂ ਤੋਂ ਹੀ, ਇਤਿਹਾਸਕ ਤੌਰ ਤੇ ਇੱਕ ਰਾਜਨੀਤਕ ਕੌਮ (ਜਿਵੇਂ ਹਿੰਦੂ ਤੇ ਮੁਸਲਿਮ ਨੇ) ਵਾਂਗ ਤਸਲੀਮ ਕੀਤੀ ਜਾ ਚੁੱਕੀ ਹੈ (ਭਾਵ ਸਿੱਖਾਂ ਨੂੰ ਤੀਜੀ ਕੌਮ ਮੰਨਿਆ ਹੈ)। ਸਿੱਖ ਕੌਮ ਦਾ ਇਹ ਰੁਤਬਾ, ਕੌਮਾਂਤਰੀ ਪੱਧਰ ਤੇ ਯੂਰਪ ਅਤੇ ਏਸ਼ੀਆ ਦੀਆਂ ਸ਼ਕਤੀਆਂ, ਜਿਵੇਂ ਕਿ ਫਰਾਂਸ, ਇੰਗਲੈਂਡ, ਇਟਲੀ, ਰੂਸ, ਚੀਨ, ਤਿੱਬਤ, ਇਰਾਨ, ਨੇਪਾਲ, ਅਫਗਾਨਿਸਤਾਨ, ਤਿੱਬਤ ਅਤੇ ਕੰਪਨੀ ਬਹਾਦਰ ਫੋਰਟ ਵਿਲੀਅਮ ਕਲਕੱਤਾ ਵਲੋਂ 19ਵੀਂ ਸਦੀ ਦੇ ਅੱਧ ਤੱਕ, ਅਤੇ ਫੇਰ ਦੇਸ਼ ਛੱਡ ਕੇ ਜਾ ਰਹੇ ਫਿਰੰਗੀ, ਹਿੰਦੂ ਕਾਂਗਰਸ ਅਤੇ ਮੁਸਲਿਮ ਲੀਗ ਵਲੋਂ 20ਵੀਂ ਸਦੀ ਦੇ ਅੱਧ (1947 ਤੋਂ ਥੋੜਾ ਸਮਾਂ ਪਹਿਲਾਂ) ਤਸਲੀਮ ਕੀਤਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ।’
‘ਹੁਣ ਮੁਲਕ ਦੀ ਵੰਡ ਤੋਂ ਬਾਅਦ 1950 ਵਿਚ ਹਿੰਦੁਸਤਾਨ ਦੀ ਧੱਕੜ ਬਹੁ-ਗਿਣਤੀ ਹਿੰਦੂ ਕੌਮ ਨੇ ਇੱਕ ਅਜਿਹਾ ਸੰਵਿਧਾਨਕ ਇੰਤਜਾਮ ਠੋਕਿਆ ਹੈ, ਜਿਸਨੇ ਸਿੱਖਾਂ ਨੂੰ ਉਸਦੀ ਰਾਜਸੀ ਪਛਾਣ ਅਤੇ ਸਭਿਆਚਾਰਕ ਵਿਲੱਖਣਤਾ ਤੋਂ ਸੱਖਣੇ ਕਰ ਦਿੱਤਾ।ਇਸ ਤਰ੍ਹਾਂ ਸਿੱਖਾਂ ਨੂੰ ਰਾਜਸੀ ਤੌਰ ਤੇ ਖਤਮ ਕਰਕੇ ਅਤੇ ਉਨ੍ਹਾਂ ਨੂੰ ਆਤਮਿਕ ਤੇ ਸਭਿਆਚਾਰਕ ਗਿਰਾਵਟ ਦੇ ਕੰਢੇ ਲਿਆ ਕੇ, ਬੇ-ਸਿਰ ਪੈਰੇ ਹਿੰਦੂ ਧਰਮ ਦੇ ਡੂੰਘੇ ਸਾਗਰ ਵਿਚ, ਹਰ ਹੀਲੇ ਡੁੱਬ ਜਾਣ ਦੀ ਨੌਬਤ ਤੱਕ ਲੇ ਆਂਦਾ ਹੈ..।’
‘ਅਨੰਦਪੁਰ ਦੇ ਮਤੇ’ ਵਿਚ ਮੁਢਲੇ ਰੂਪ ਵਿਚ ਇਹ ਦੋ ਪਹਿਰੇ ਲਿਖ ਕੇ ਸਾਡੀ ਲੀਡਰਸ਼ਿਪ ਦੁਨੀਆਂ ਨੂੰ ਕੀ ਦੱਸਣਾ ਚਾਹੁੰਦੀ ਸੀ, ਜੇ ਕਿਸੇ ਨੂੰ ਸਮਝ ਆਵੇ ਤਾਂ ਜ਼ਰੂਰ ਦੱਸਣਾ? ਜਦੋਂ ਵਿਰੋਧੀ ਇਹ ਕਹਿੰਦੇ ਹਨ ਕਿ ਇਹ ਮਤਾ ‘ਫਿਰਕੂ ਤੇ ਵੱਖਵਾਦੀ’ ਹੈ ਤਾਂ ਅਸੀਂ ਰੌਲ਼ਾ ਪਾਉਂਦੇ ਹਾਂ ਕਿ ਨਹੀਂ ਇਹ ਮਤਾ ਤਾਂ ਸਭ ਲਈ ਸਾਂਝਾ ਹੈ ਤੇ ਭਾਰਤ ਦੇ ਸਾਰੇ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਦਾ ਹੈ। ਸਿੱਖ ਲੀਡਰਸ਼ਿਪ ਦੀ ਦੁਬਿਧਾ ਇਥੋਂ ਪਤਾ ਲਗਦੀ ਹੈ, ਜਦੋਂ ਉਹ ਇਸੇ ਮਤੇ ਵਿਚ ‘ਸਿੱਖ ਦਾ ਰਾਜਸੀ ਨਿਸ਼ਾਨਾ’ ਸਿਰਲੇਖ ਹੇਠ ਲਿਖਦੇ ਹਨ:
‘ਪੰਥਕ ਰਾਜਸੀ ਨਿਸ਼ਾਨਾ ਨਿਸਚੇ ਤੌਰ ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ (ਨੋਟ: ਜੇ ਕਿਸੇ ਕੋਲ਼ ਦਸਮ ਪਾਤਸ਼ਾਹ ਦੇ ਕਿਸੇ ਅਜਿਹੇ ਆਦੇਸ਼ ਦਾ ਕੋਈ ਇਤਿਹਾਸਕ ਪ੍ਰਮਾਣ ਹੋਵੇ ਤਾਂ ਜਰੂਰ ਸ਼ੇਅਰ ਕਰਨਾ-ਲੇਖਕ), ਸਿੱਖ ਇਤਿਹਾਸ ਦੇ ਪੰਨਿਆਂ ਅਤੇ ‘ਖਾਲਸਾ ਪੰਥ’ ਦੇ ਮਨ ਮੰਦਰ ਵਿਚ ਉਕਰਿਆ ਚਲਿਆ ਆ ਰਿਹਾ ਹੈ, ਜਿਸਦਾ ਮਕਸਦ ‘ਖਾਲਸਾ ਜੀ ਦਾ ਬੋਲ-ਬਾਲਾ’ ਹੈ, (ਨੋਟ: ਖਾਲਸਾ ਜੀ ਦਾ ਬੋਲ-ਬਾਲਾ ਦੇ ਕੀ ਅਰਥ ਹਨ, ਕਿਤੇ ਸਪੱਸ਼ਟ ਨਹੀਂ ਕੀਤਾ ਗਿਆ? ਕੀ ਇਸਦਾ ਮਤਲਬ ਵੱਖਰਾ ਦੇਸ਼ ਹੈ? ਕੀ ਇਸਦਾ ਮਤਲਬ ਭਾਰਤ ਵਿਚ ਸਿੱਖ ਚੌਧਰ ਵਾਲ਼ਾ ਖਿੱਤਾ ਹੈ? ਜਾਂ ਕੁਝ ਹੋਰ… -ਲੇਖਕ)। ਖਾਲਸਾ ਜੀ ਦੇ ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ, ਦੇਸ਼ ਕਾਲ ਤੇ ਰਾਜਸੀ ਵਿਧਾਨ ਦੀ ਸਿਰਜਨਾ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ।’
ਇੱਕ ਪਾਸੇ ਰਾਜਾਂ ਲਈ ਵੱਧ ਅਧਿਕਾਰਾਂ ਤੇ ਪੰਜਾਬ ਦੀਆਂ ਸਾਂਝੀਆਂ ਮੰਗਾਂ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ‘ਖਾਲਸਾ ਰਾਜ’ ਤੇ ‘ਸਿੱਖਾਂ ਦੇ ਬੋਲ-ਬਾਲੇ’ ਦੀ ਮੰਗ ਕੀਤੀ ਜਾ ਰਹੀ ਹੈ? ਪਾਠਕ ਸੋਚਣ ਕਿ ਸਿੱਖ ਲੀਡਰਸ਼ਿਪ ਦੀ ਅਜਿਹੀ ਦੁਬਿਧਾ ਨੂੰ ਕਿਵੇਂ ਸਮਝਿਆ ਜਾਵੇ?
ਇੱਕ ਹੋਰ ਉਦਾਹਰਣ ਦੇਖੋ। ਸਾਬਕਾ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਅਤੇ ਖਾੜਕੂ ਨਰਾਇਣ ਸਿੰਘ ਚੌੜਾ ਵਲੋਂ ਸੰਪਾਦਤ ਕਿਤਾਬ ‘ਪੰਥਕ ਦਸਤਾਵੇਜ: ਧਰਮ ਯੁੱਧ ਤੇ ਜੁਝਾਰੂ ਲਹਿਰ’ ਦੇ ਪੰਨਾ 69 ਉਤੇ ਧਰਮ ਯੁੱਧ ਮੋਰਚੇ ਦੌਰਾਨ ਲੰਡਨ ਤੋਂ ਛਪਦੇ ਹਫਤਾਵਾਰੀ ਅਖ਼ਬਾਰ ਦੇਸ ਪ੍ਰਦੇਸ ਨੂੰ ਸਿਰਦਾਰ ਕਪੂਰ ਸਿੰਘ ਵਲੋਂ ਉਸ ਮੌਕੇ ਦਿੱਤੀ ਇੱਕ ਯਾਦਗਾਰੀ ਇੰਟਰਵਿਊ ਦਰਜ ਕੀਤੀ ਹੈ। ਇਸ ਇੰਟਰਵਿਊ ਦਾ ਤੁਆਰਫ ਸੰਪਦਾਕਾਂ ਵਲੋਂ ਕਪੂਰ ਸਿੰਘ ਨੂੰ ਸਿੱਖ ਕੌਮ ਦੇ ਉਘੇ ਦਾਰਸ਼ਨਿਕ ਤੇ ਥਿੰਕ ਟੈਂਕ ਆਖ ਕੇ ਕਰਵਾਇਆ ਗਿਆ।ਲੇਖਕਾਂ ਵਲੋਂ ਉਨ੍ਹਾਂ ਨੂੰ ਵਿਸ਼ਾਲ ਵਿਦਵਤਾ ਤੇ ਬੇਮਿਸਾਲ ਸੋਝੀ ਅਤੇ ਸੁਹਿਰਦ ਪੰਥਕ ਸੋਚ ਸਦਕਾ 13 ਅਕਤੂਬਰ, 1973 ਨੂੰ ਸ੍ਰੀ ਅਕਾਲ ਤਖਤ ਤੋਂ ਪ੍ਰੋਫੈਸਰ ਆਫ ਸਿੱਖਇਜ਼ਮ ਦੀ ਉਪਾਧੀ ਮਿਲਣ ਦੀ ਕਹਾਣੀ ਵੀ ਦਰਜ ਕੀਤੀ ਗਈ ਹੈ।ਸੰਪਾਦਕਾਂ ਦੇ ਵਿਚਾਰ ਅਨੁਸਾਰ ਉਨ੍ਹਾਂ ਵਲੋਂ ਇਸ ਇੰਟਰਵਿਊ ਵਿਚ ਸੁਣਾਈਆਂ ਗਈਆਂ ਖਰੀਆਂ ਖਰੀਆਂ ਅਤੇ ਪ੍ਰਗਟ ਕੀਤੇ ਡੂੰਘੇ ਖਿਆਲਾਂ ਵਿਚ ਸਿੱਖ ਕੌਮ ਦੀ ਵਿਗੜੀ ਸੰਵਾਰਨ ਦਾ ਦਮ ਹੋਣ ਦਾ ਦਾਅਵਾ ਕੀਤਾ ਗਿਆ ਹੈ। ਲੇਖਕਾਂ ਅਨੁਸਾਰ ਕਪੂਰ ਸਿੰਘ ਦੀ ਸਿੱਖ ਪੰਥ ਬਾਰੇ ਰਾਜਨੀਤਕ ਸਮਝ, ਪਹੁੰਚ ਤੇ ਵਿਚਾਰਧਾਰਾ ਨੂੰ ਕਦੇ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ।‘ਦੁਨੀਆਂ ਵਿਚ ਰਾਜ ਕੇਵਲ ਸਿੱਖ ਕੌਮ ਨੇ ਕੀਤਾ’ ਸਿਰਲੇਖ ਹੇਠਲੀ ਇੰਟਰਵਿਊ ਵਿਚ ਕਪੂਰ ਸਿੰਘ ਕਹਿੰਦੇ ਹਨ ਕਿ ਮੈਂ ਵਰਤਮਾਨ ਸਿੱਖ ਲੀਡਰਸ਼ਿਪ ਨੂੰ ‘ਕੰਜਰੀ’ ਦਾ ਨਾਮ ਦਿੰਦਾ ਹਾਂ।ਕੰਜਰੀ ਨੂੰ ਭਾਵੇਂ ਲੱਖ ਕਹੋ ਕਿ ਸ਼ਰੀਫ ਬਣ ਜਾਵੇ, ਉਲਟਾ ਉਹ ਤੁਹਾਨੂੰ ਬੇਵਕੂਫ ਕਹੇਗੀ…। ਅੱਗੇ ਕਪੂਰ ਸਿੰਘ ਕਹਿੰਦੇ ਹਨ: ‘ਇੱਕ ਗੱਲ ਮੈਂ ਅੱਜ ਤੋਂ ਦਾਅਵੇ ਨਾਲ਼ ਕਹਿ ਸਕਦਾ ਹਾਂ ਕਿ ਭਾਵੇਂ ਮੈਨੂੰ ਦੁਬਾਰਾ ਜਨਮ ਮਿਲ਼ ਜਾਵੇ ਅਤੇ ਦਸ ਪੰਦਰਾਂ ਹਜ਼ਾਰ ਸਾਲ ਮਿਲਦਾ ਰਹੇ, ਮੈਂ ਫਿਰ ਵੀ ਕਹਾਂਗਾ ਕਿ ਸਿੱਖਾਂ ਦਾ ਖੁਦਮੁਖਤਾਰ ਹਕੂਮਤ ਬਿਨ ਗੁਜ਼ਾਰਾ ਨਹੀਂ।’ ਕਪੂਰ ਸਿੰਘ ਹੋਰ ਦੱਸਦੇ ਹਨ: ‘ਗੁਰੂ ਗੋਬਿੰਦ ਸਿੰਘ ਨੂੰ ਐਵੇਂ ਹੀ ਸਿੱਖ ਪੰਜਾਬ ਨਾਲ ਬੰਨ੍ਹੀ ਜਾਂਦੇ ਹਨ।ਉਸਦੀ ਸੋਚਣੀ ਪੂਰੇ ਹਿੰਦੁਸਤਾਨ ਦੀ ਸੀ।ਪੰਜਾਂ ਪਿਆਰਿਆਂ ਵਿਚੋਂ ਕੇਵਲ ਇੱਕ ਪੰਜਾਬੀ ਸੀ, ਬਾਕੀ ਭਾਰਤ ਦੇ ਦੂਜੇ ਪ੍ਰਾਂਤਾਂ ਦੇ ਸਨ।ਗੁਰੂ ਗੋਬਿੰਦ ਸਿੰਘ ਦਾ ਨਾ ਜਨਮ ਪੰਜਾਬ ਵਿਚ ਹੋਇਆ ਤੇ ਨਾ ਮ੍ਰਿਤੂ ਪੰਜਾਬ ਵਿਚ ਹੋਈ।ਉਹ ਦੱਖਣ ਦਾ ਰਾਜ ਸਿੱਖਾਂ ਨੂੰ ਦਿੰਦੇ ਸੀ। ਪਰ ਸੇਵਕਾਂ ਨੇ ਆਖਿਆ ਕਿ ਨਹੀਂ ਸਾਨੂੰ ਆਪਣਾ ਘਰ ਹੀ ਚਾਹੀਦਾ ਹੈ।’
ਜਿਸ ਤਰ੍ਹਾਂ ਉਪਰ ਅਸੀਂ ਦੇਖਿਆ ਸੀ ਕਿ ਇੱਕ ਪਾਸੇ ਸ. ਕਪੂਰ ਸਿੰਘ ਸਿੱਖ ਰਾਜ ਦੀ ਵਕਾਲਤ ਕਰਦੇ ਕਹਿੰਦੇ ਹਨ ਕਿ ਸਿੱਖਾਂ ਦਾ ਖੁਦਮੁਖਤਾਰ ਹਕੂਮਤ ਬਿਨਾਂ ਗੁਜ਼ਾਰਾ ਨਹੀ, ਦੂਜੇ ਪਾਸੇ ਅਕਾਲੀਆਂ ਨੂੰ ਗਾਲ਼੍ਹਾਂ ਕੱਢਣ ਤੱਕ ਜਾਂਦੇ ਹਨ, ਜਦੋਂ ਉਹ ਪੰਜਾਬੀ ਸੂਬਾ ਮੰਗ ਨਾ ਮੰਨੇ ਜਾਣ ਦੇ ਗੁੱਸੇ ਵਿਚ ‘ਸਿੱਖ ਹੋਮਲੈਂਡ’ ਦਾ ਮਤਾ ਪਾਉਣ ਦੀ ਗੱਲ ਕਰਦੇ ਹਨ, ਜਿਸ ਵਿਚ ਭਾਰਤ ਤੋਂ ਵੱਖ ਹੋਣ ਦੀ ਗੱਲ ਕੀਤੀ ਗਈ ਸੀ, ਤੀਜੇ ਪਾਸੇ ਆਪੇ ਲਿਖੇ ਅਨੰਦਪੁਰ ਦੇ ਮਤੇ ਵਿਚ ਪੰਜਾਬ ਸਮੇਤ ਦੇਸ਼ ਦੇ ਸਾਰੇ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰ ਰਹੇ ਹਨ, ਚੌਥੇ ਪਾਸੇ ਜਦੋਂ ਸਿੱਖ ਵੱਖਰੇ ਹੋਣ ਦੀ ਗੱਲ ਕਰਦੇ ਹਨ ਤਾਂ ਕਹਿੰਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਨਾਲ਼ ਸਿੱਖੀ ਨੂੰ ਸਾਰੇ ਭਾਰਤ ਨਾਲ਼ ਜੋੜਦੇ ਹਨ।
ਉਪਰਲੀ ਕਿਤਾਬ ਦੇ ਪੰਨਾ 168 ਤੇ ਇੱਕ ਚੈਪਟਰ ‘ਕੁੰਜੀਵਤ ਭਾਸ਼ਣ ਸਿੱਖ ਸੰਮੇਲਨ ਲੁਧਿਆਣਾ’ ਵਿਚ ਪੱਤਰਕਾਰ ਦਲਬੀਰ ਸਿੰਘ ਦਾ ਲੈਕਚਰ ਸ਼ਾਮਿਲ ਕੀਤਾ ਗਿਆ ਹੈ।ਇਹ ਲੈਕਚਰ ਸ. ਦਲਬੀਰ ਸਿੰਘ ਵਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਿਜ ਲੁਧਿਆਣਾ ਵਿਚ 31 ਅਗਸਤ, 1988 ਨੂੰ ਦਿੱਤਾ ਗਿਆ ਸੀ। ਦਲਬੀਰ ਸਿੰਘ ਆਪਣੇ ਭਾਸ਼ਣ ਵਿਚ ਆਖਦੇ ਹਨ: ‘ਕਿਸੇ ਵੀ ਸੰਘਰਸ਼ ਦੀ ਕਾਮਯਾਬੀ ਦੀ ਬੁਨਿਆਦ ਉਸਨੂੰ ਪ੍ਰਾਪਤ ਜਨਤਕ ਹਮਾਇਤ ਤੋਂ ਹੁੰਦੀ ਹੈ।ਉਹ ਹਮਾਇਤ ਸਿੱਖ ਜਗਤ ਵਲੋਂ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ‘ਧਰਮ ਯੁੱਧ ਮੋਰਚੇ’ ਨੂੰ ਮਿਲ਼ੀ। ਸਿੱਖ ਲੀਡਰਸ਼ਿਪ ਦੀ ਰਾਜਨੀਤਕ ਸੂਝ-ਬੂਝ ਦੀ ਘਾਟ, ਨਵੀਨਤਮ ਢੰਗ ਤਰਕਿਆਂ ਵਿਚ ਅੱਲੜਪਨ ਤੇ ਹਾਕਮ ਸ਼੍ਰੇਣੀ ਦੀ ਉਲਟੀ ਤੇ ਮਕਾਰੀ ਭਰੀ ਸੋਚ ਨੂੰ ਸਮਝਦਾਰੀ ਨਾਲ਼ ਜਵਾਬ ਦੇਣ ਦੀ ਅਸਫਲਤਾ ਤੋਂ ਵੱਧ ਲਾਲਚ ਤੇ ਹਉਮੈ ਵੱਸ ਹੋ ਕੇ ਵਿਚਰਨ ਦੀ ਰੁਚੀ ਨੇ ਸਿੱਖ ਸੰਘਰਸ਼ ਨੂੰ ਔਝੜੇ ਰਾਹ ਪਾਈ ਰੱਖਿਆ। ਹਾਕਮ ਸ਼੍ਰੇਣੀ ਤੇ ਦਿੱਲੀ ਦਰਬਾਰ ਦਾ ਇਹ ਪੂਰਾ ਤਾਣ ਲੱਗਿਆ ਹੋਇਆ ਸੀ ਕਿ ਸਿੱਖਾਂ ਦੇ ਹੱਕੀ ਸੰਘਰਸ਼ ਨੂੰ ਦੇਸ਼ ਵਿਰੋਧੀ ਅੱਤਵਾਦੀ, ਵੱਖਵਾਦੀ ਸਿੱਧ ਕੀਤਾ ਜਾਵੇ। ਸਿੱਖ ਆਗੂਆਂ ਦੇ ਇੱਕ ਵੱਡੇ ਹਿੱਸੇ ਨੇ ਆਪ ਕੁਝ ਅਜਿਹੇ ਢੰਗ ਤਰੀਕੇ ਅਪਨਾਏ ਕਿ ਉਹ ਦੁਸ਼ਮਣ ਦੀ ਚਾਲ ਵਿਚ ਮੋਹਰੇ ਬਣ ਗਏ…।
…ਇਸੇ ਕੁੰਜੀਵਤ ਭਾਸ਼ਨ ਵਿਚ ਉਹ ਇੱਕ ਥਾਂ ਕਹਿੰਦੇ ਹਨ: ‘ਇੱਕ ਫਿਰਕੇ ਦੇ ਢਿੱਲਵਾਂ ਤੇ ਨੁਸ਼ਹਿਰਾ ਪੰਨੂੰਆਂ ਵਿਖੇ ਹੋਏ ਕਤਲਾਂ ਦੀ ਜ਼ਿੰਮੇਵਾਰੀ ਅੱਜ ਤੱਕ ਸਿੱਧ ਨਹੀਂ ਹੋ ਸਕੀ।ਸਿੱਖ ਵਿਰੋਧੀ ਫਿਰਕਾਪ੍ਰਸਤ, ਸਰਕਾਰੀ ਪ੍ਰਬੰਧਕਾਂ ਨੇ ਆਪਣੀ ਸਿੱਖ ਦੁਸ਼ਮਣੀ ਨੂੰ ਪੁਗਾਉਣ ਲਈ ਪੂਰੀ ਮਕਾਰੀ, ਸ਼ਾਤਰਾਨਾ ਢੰਗ ਨਾਲ਼ ਵਰਤੀ।’ ਬੇਸ਼ਕ ਇਨ੍ਹਾਂ ਘਟਨਾਵਾਂ ਬਾਰੇ ਸ. ਦਲਬੀਰ ਸਿੰਘ ਹੋਰਾਂ ਨੂੰ ਉਸ ਵਕਤ ਹੀ ਪਤਾ ਸੀ ਕਿ ਕਿਨ੍ਹਾਂ ਨੇ ਕੀਤੀਆਂ ਹਨ ਤੇ ਉਨ੍ਹਾਂ ਆਪਣੀ ਕਿਤਾਬ ‘ਨੜਿਉਂ ਡਿੱਠੇ ਸੰਤ ਭਿੰਡਰਾਂਵਾਲ਼ੇ’ ਵਿਚ ਵੀ ਕੀਤਾ ਹੈ ਅਤੇ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ ‘ਬਲਦੇ ਦਰਿਆਵਾਂ ਦੀ ਕਹਾਣੀ’ ਵਿਚ ਕਤਲ ਕਰਨ ਵਾਲ਼ੇ ਖਾੜਕੂ ਨੇ ਆਪਣੇ ਸਮੇਤ ਸਾਰੇ ਨਾਮ ਨਸ਼ਰ ਕਰ ਦਿੱਤੇ ਸਨ।ਫਿਰ ਵੀ ਇਹ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਬੇਗੁਨਾਹਾਂ ਦੇ ਕਤਲ ਖਾੜਕੂਆਂ ਨੇ ਨਹੀਂ, ਏਜੰਸੀਆਂ ਨੇ ਕਰਾਏ ਸਨ। ਦੁਜੇ ਪਾਸੇ ਇਹ ਮੰਨਣ ਲਈ ਵੀ ਤਿਆਰ ਨਹੀਂ ਕਿ ਮਾਰਨ ਵਾਲ਼ੇ ਖਾੜਕੂ ਏਜੰਸੀਆਂ ਦੇ ਬੰਦੇ ਸਨ?
ਇਸ ਕੁੰਜੀਵਤ ਭਾਸ਼ਨ ਵਿਚ ਸ. ਦਲਬੀਰ ਸਿੰਘ ਇਹ ਗੱਲ ਭੁੱਲ ਜਾਂਦੇ ਹਨ ਕਿ ਢਿੱਲਵਾਂ ਕਾਂਡ ਤੋਂ ਅਗਲੇ ਦਿਨ ਜਦੋਂ ਉਹ ਸੰਤ ਭਿੰਡਰਾਂਵਾਲ਼ੇ ਨੂੰ ਮਿਲਣ ਗਏ ਸਨ ਤਾਂ ਉਨ੍ਹਾਂ ਨੇ ਦਲਬੀਰ ਸਿੰਘ ਨੂੰ ਉਪਰ ਕਮਰੇ ਵਿਚ ਲਿਜਾ ਕੇ ਜਦੋਂ ਸਲਾਹ ਮੰਗੀ ਸੀ ਕਿ ਹੁਣ ਪੱਤਰਕਾਰਾਂ ਨੂੰ ਕੀ ਜਵਾਬ ਦੇਈਏ, ਤਾਂ ਉਨ੍ਹਾਂ ਨੇ ਸੰਤਾਂ ਨੂੰ ਕਿਸ ਕਿਸਮ ਦੀ ਸਲਾਹ ਦਿੱਤੀ ਸੀ।ਆਪਣੀ ਕਿਤਾਬ ਅਨੁਸਾਰ ਉਨ੍ਹਾਂ ਸਲਾਹ ਇਹ ਦਿੱਤੀ ਸੀ ਕਿ ਜ਼ਕਰੀਏ (ਦਰਬਾਰਾ ਸਿੰਘ) ਦੀ ਸਰਕਾਰ, ਜਿਸਨੂੰ ਭੰਗ ਕਰਾਉਣ ਲਈ ਅਸੀਂ ਸਾਲ ਤੋਂ ਕੋਸ਼ਿਸ਼ ਕਰਦੇ ਆ ਰਹੇ ਸਾਂ, ਹੁਣ ਕੁਝ ਲਾਲੇ ਮਰੇ ਹਨ ਤਾਂ ਕਿਵੇਂ ਭਾਜੜਾਂ ਪਈਆਂ ਹਨ…।
ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ, ਸ. ਅਜਮੇਰ ਸਿੰਘ, ਸ. ਹਰਿੰਦਰ ਸਿੰਘ ਮਹਿਬੂਬ, ਪੱਤਰਕਾਰ ਕਰਮਜੀਤ ਸਿੰਘ, ਡਾ ਅਮਰਜੀਤ ਸਿੰਘ ਆਦਿ ਆਪਣੀਆਂ ਲਿਖਤਾਂ ਵਿਚ ਜੂਨ 84 ਤੇ ਨਵੰਬਰ 84 ਦੀਆਂ ਘਟਨਾਵਾਂ ਦੇ ਹਵਾਲੇ ਨਾਲ਼ ਯਹੂਦੀਆਂ ਦੀ ਨਸਲਕੁਸ਼ੀ ਦੀ ਗੱਲ ਵਾਰ-ਵਾਰ ਕਰਦੇ ਹਨ।ਉਹ 1984 ਦੀਆਂ ਘਟਨਾਵਾਂ ਨੂੰ ਯਹੂਦੀਆਂ ਦੀ ਨਸਲਕੁਸ਼ੀ ਦੇ ਬਰਾਬਾਰ ਜਾਂ ਉਸ ਤੋਂ ਵੀ ਵੱਧ ਪੇਸ਼ ਕਰਕਨ ਦੀ ਕੋਸ਼ਿਸ਼ ਕਰਦੇ ਹਨ।ਜੇ ਕਦੇ ਸਾਡੇ ਵਿਦਵਾਨ ਯਹੂਦੀਆਂ ਤੇ ਹੋਰ ਕੌਮਾਂ ਦੀਆਂ ਇਤਿਹਾਸ ਵਿਚ ਹੋਈਆਂ ਨਸਲਕੁਸ਼ੀਆਂ ਨੂੰ ਪੜ੍ਹ ਲੈਣ ਤਾਂ ਉਹ ਆਪ ਹੀ ਸੰਗ ਮਹਿਸੂਸ ਕਰਨਗੇ? ਇਸਦਾ ਮਤਲਬ ਇਹ ਨਹੀਂ ਕਿ ਅਸੀਂ 1984 ਦੇ ਸਿੱਖ ਕਤਲੇਆਮ ਨੂੰ ਛੁਟਿਆਣਾ ਜਾਂ ਘਟਾ ਕੇ ਪੇਸ਼ ਕਰਨਾ ਚਾਹੁੰਦੇ ਹਾਂ, ਪਰ ਦੁਨੀਆਂ ਵਿਚ ਵਾਪਰੇ ਨਸਲਘਾਤਾਂ ਨਾਲ਼ ਇਨ੍ਹਾਂ ਘਟਨਾਵਾਂ ਦੀ ਤੁਲਨਾ ਕਦੇ ਹੋ ਹੀ ਨਹੀਂ ਸਕਦੀ? ਯਹੂਦੀਆਂ ਨਾਲ਼ ਵਿਤਕਰਾ ਸਿਰਫ ਹਿਟਲਰ ਵਲੋਂ ਹੀ ਨਹੀਂ ਸ਼ੁਰੂ ਹੋਇਆ ਸੀ, ਉਨ੍ਹਾਂ ਦੀ ਨਸਲਕੁਸ਼ੀ ਤਾਂ 2 ਹਜ਼ਾਰ ਸਾਲ ਤੋਂ ਸਾਰੇ ਯੂਰਪ ਵਿਚ ਹੋ ਰਹੀ ਸੀ। ਹਿਟਲਰ ਦੇ 10 ਕੁ ਸਾਲ ਦੇ ਰਾਜ ਵਿਚ 60 ਲੱਖ ਯਹੂਦੀ ਮਾਰੇ ਗਏ ਸਨ। ਇਸ ਤੋਂ ਇਲਾਵਾ ਜੇ ਜ਼ਿਆਦਾ ਪਿਛੇ ਨਾ ਵੀ ਜਾਈਏ ਤਾਂ ਪਿਛਲੇ 100 ਕੁ ਸਾਲਾਂ ਵਿਚ ਦੁਨੀਆਂ ਅੰਦਰ ਜੋ ਵੱਡੇ ਨਸਲ਼ਘਾਤ ਹੋਏ ਹਨ, ਉਨ੍ਹਾਂ ਵਿਚ 1915 ਦੇ ਅਰਮੀਨੀਆ ਨਸਲਘਾਤ ਵਿਚ 15 ਲੱਖ ਬੰਦੇ ਮਰੇ, 1932 ਦੇ ਰੋਮਾਨੀਆਂ ਨਸਲਘਾਤ ਵਿਚ 5 ਲੱਖ ਬੰਦਾ ਮਰਿਆ, 1941-45 ਦੇ ਕਰੋਸ਼ੀਆ ਨਸਲਘਾਤ ਵਿਚ 5 ਲੱਖ ਬੰਦਾ ਮਰਿਆ, 1975 ਦੇ ਕੰਬੋਡੀਅਨ ਨਸਲਘਾਤ ਵਿਚ 25-30 ਲੱਖ ਬੰਦਾ ਮਰਿਆ, 1992-95 ਬੌਸਨੀਆ ਨਸਲਘਾਤ ਵਿਚ 25-30 ਲੱਖ ਬੰਦਾ ਮਰਿਆ, 1994 ਦੇ ਰਵਾਂਡਾ ਨਸਲਘਾਤ ਵਿਚ 8 ਲੱਖ ਬੰਦਾ ਮਰਿਆ, 2017 ਵਿਚ ਮਾਈਨਾਮਾਰ ਵਿਚ ਰੋਹੰਗੀਆ ਦਾ 50 ਹਜ਼ਾਰ ਬੰਦਾ ਮਾਰਿਆ ਗਿਆ।ਇਸ ਤੋਂ ਇਲਾਵਾ ਹੋਰ ਵੀ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਵਿਚ ਲੱਖਾਂ ਲੋਕ ਮਾਰੇ ਗਏ।ਇਹ ਸਾਰੇ ਅੰਕੜੇ ਪੜ੍ਹ ਕੇ ਜਰਾ ਸੋਚੋ? ਕੀ ਸਿੱਖਾਂ ਦੇ ਹਾਲਾਤ ਪਿਛਲੇ 75 ਸਾਲਾਂ ਵਿਚ ਭਾਰਤ ਅੰਦਰ ਕਦੇ ਵੀ ਅਜਿਹੇ ਸਨ, ਜਿੱਥੇ ਸਿੱਖਾਂ ਨਾਲ਼ ਕਿਤੇ ਯੋਜਨਾਬੱਧ ਢੰਗ ਨਾਲ਼ ਕਤਲੇਆਮ ਤਾਂ ਦੂਰ ਪ੍ਰਤੱਖ ਵਿਤਕਰਾ ਵੀ ਹੋਇਆ ਹੋਵੇ, ਸਗੋਂ ਇਸਦੇ ਉਲਟ ਸਿੱਖ ਤਾਂ ਦੂਜੇ ਭਾਈਚਾਰਿਆਂ ਦੇ ਮੁਕਾਬਲੇ ਸਾਰੇ ਭਾਰਤ ਵਿਚ ਸਭ ਤੋਂ ਵੱਧ ਖੁਸ਼ਹਾਲ ਸਨ।ਅੱਜ ਵੀ ਅਸੀਂ ਗੁਲਾਮੀ ਤੇ ਵਿਤਕਰਿਆਂ ਦੇ ਜਿਤਨੇ ਮਰਜੀ ਵੱਡੇ-ਵੱਡੇ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰੀਏ, ਸਿੱਖ ਅੱਜ ਵੀ ਦੂਜੀਆਂ ਕੌਮਾਂ ਮੁਕਾਬਲੇ ਹਰ ਖੇਤਰ ਵਿਚ ਖੁਸ਼ਹਾਲ ਹਨ।ਇਸੇ ਕਰਕੇ ਸਿੱਖਾਂ ਵਿਚਲੇ ਛੋਟੇ ਜਿਹੇ ਸੈਕਸ਼ਨ ਵਲੋਂ ਸਿੱਖਾਂ ਲਈ ਵੱਖਰੇ ਅਜ਼ਾਦ ਸਿੱਖ ਰਾਜ ਦੀ ਮੰਗ ਨੂੰ ਆਮ ਸਿੱਖਾਂ ਨੇ ਕਦੇ ਸੀਰੀਅਸਲੀ ਨਹੀਂ ਲਿਆ, ਭਾਵੇਂ ਕਿ 84 ਦੀਆਂ ਘਟਨਾਵਾਂ ਤੋਂ ਬਾਅਦ ਸਿੱਖਾਂ ਵਿਚ ਇਨ੍ਹਾਂ ਘਟਨਾਵਾਂ ਤੇ ਸਰਕਾਰਾਂ ਪ੍ਰਤੀ ਗੁੱਸਾ ਹੈ ਕਿ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।ਜੋ ਕਿ ਸਿੱਖਾਂ ਸਮੇਤ ਹਰ ਪੀੜ੍ਹਤ ਧਿਰ ਨੂੰ ਮਿਲਣਾ ਚਾਹੀਦਾ ਹੈ।
ਪਿਛਲੀ ਸਦੀ ਤੋਂ ਪਹਿਲਾਂ ਵੱਖ-ਵੱਖ ਕੌਮਾਂ, ਧਰਮਾਂ ਜਾਂ ਦੇਸ਼ਾਂ ਦੇ ਲੋਕਾਂ ਦੇ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿਚ ਛੋਟੇ-ਵੱਡੇ ਰਾਜ ਸਨ।ਜਿਨ੍ਹਾਂ ਵਿਚੋਂ ਅੰਗਰੇਜਾਂ, ਫਰਾਂਸੀਸੀਆਂ, ਪੁਰਤਗਾਲੀਆਂ ਦੇ ਦੁਨੀਆਂ ਭਰ ਵਿਚ ਰਾਜ ਰਹੇ ਹਨ।ਇਸ ਤੋਂ ਇਲਾਵਾ ਭਾਰਤ ਵਿਚ ਮੰਗੋਲਾਂ, ਮੁਗਲਾਂ, ਪਠਾਣਾਂ ਦਾ ਹਜਾਰ ਸਾਲ ਰਾਜ ਰਿਹਾ। ਔਟੌਮਨ ਇੰਪਾਇਰ ਮੁਸਲਮਾਨਾਂ ਦਾ ਵਿਸ਼ਾਲ ਰਾਜ ਸੀ। ਮਕਦੂਨੀਆਂ ਵਰਗੀ ਨਿੱਕੀ ਜਿਹੀ ਰਿਆਸਤ ਦੇ ਸਰਦਾਰ ਸਿਕੰਦਰ ਨੇ ਸਾਰੀ ਦੁਨੀਆਂ ਜਿੱਤ ਲਈ ਸੀ।ਕੀ ਇਨ੍ਹਾਂ ਸਭ ਵਿਚੋਂ ਅੱਜ ਕੋਈ ਵੀ ਕੌਮ, ਇਹ ਕਲੇਮ ਕਰ ਸਕਦੀ ਹੈ ਕਿ ਸਾਡੇ ਪੁਰਖਿਆਂ ਦਾ ਰਾਜ ਫਲਾਨੇ ਖੇਤਰ ਵਿਚ ਸੀ, ਇਸ ਲਈ ਅੱਜ ਵੀ ਉਥੇ ਸਾਡਾ ਅਧਿਕਾਰ ਹੈ? ਫਿਰ ਕੀ ਸਿੱਖ ਵਿਦਵਾਨਾਂ ਤੇ ਖਾਲਿਸਤਾਨੀ ਲੀਡਰਸ਼ਿਪ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕਿਵੇਂ ਵੱਖਰੇ ਦੇਸ਼ ਦੀ ਮੰਗ ਇਸ ਅਧਾਰ ਤੇ ਕਰ ਰਹੇ ਹਨ ਕਿ ਸਿੱਖਾਂ ਦਾ 200 ਸਾਲ ਪਹਿਲਾਂ ਪੰਜਾਬ ਤੇ 40 ਕੁ ਸਾਲ ਰਾਜ ਰਿਹਾ ਸੀ, ਇਸ ਕਰਕੇ ਹੁਣ ਸਾਡਾ ਉਸ ਖਿੱਤੇ ਤੇ ਜੱਦੀ-ਪੁਸ਼ਤੀ ਰਾਜ ਕਰਨ ਦਾ ਅਧਿਕਾਰ ਹੈ? ਕੀ ਸਾਡੇ ਅਜਿਹੇ ਦਾਅਵਿਆਂ ਦੀ ਮਾਡਰਨ ਵਰਲਡ ਵਿਚ ਕੋਈ ਥਾਂ ਹੈ? ਅਜਿਹੀ ਵਿਚਾਰਧਾਰਕ ਅਸਪੱਸ਼ਟਤਾ ਸਿੱਖ ਵਿਦਵਾਨਾਂ ਵਿਚ ਆਮ ਹੀ ਦੇਖਣ ਨੂੰ ਮਿਲਦੀ ਹੈ, ਜੋ ਇਤਿਹਾਸ ਨੂੰ ਮਾਡਰਨ ਵਰਲਡ ਦੀਆਂ ਹਕੀਕਤਾਂ ਦੇ ਸੰਦਰਭ ਵਿਚ ਦੇਖਣ ਦਾ ਗੰਭੀਰ ਚਿੰਤਨ ਨਹੀਂ ਕਰਦੇ? ਜੇ ਉਹ ਨਿਰਪੱਖਤਾ ਨਾਲ਼ ਸੁਹਿਰਦ ਹੋ ਕੇ ਸੋਚਣ ਤਾਂ ਦੁਨੀਆਂ ਭਰ ਵਿਚ ਵਸਦੇ ਸਿੱਖ ਭਾਈਚਾਰੇ ਦਾ ਵੱਡਾ ਭਲਾ ਕਰ ਸਕਦੇ ਹਨ…?
ਅਖੀਰ ਵਿਚ ਸਿੱਖ ਵਿਦਵਾਨ ਅਮਰਜੀਤ ਸਿੰਘ ਗਰੇਵਾਲ਼ ਦੇ ਲੇਖ ‘ਆ ਪੰਜਾਬ ਪਿਆਰ ਤੂੰ ਮੁੜ ਆ, ਪੰਜਾਬ ਜੀਂਦਾ ਗੁਰਾਂ ਦੇ ਨਾਮ’ ਦਾ ਹਵਾਲਾ ਸਾਂਝਾ ਕਰਨਾ ਚਾਹੁੰਦਾ ਹਾਂ, ਜਿਸ ਵਿਚ ਉਹ ਸਿੱਖ ਜਗਤ ਵਿਚ ਸਰਬ ਪ੍ਰਵਾਨਤ ਵਿਦਵਾਨ ਪ੍ਰੋ. ਪੂਰਨ ਸਿੰਘ ਦੀਆਂ ਲਾਈਨਾਂ ਦੇ ਹਵਾਲੇ ਨਾਲ ਲਿਖਦੇ ਹਨ: ‘ਪ੍ਰੋ. ਪੂਰਨ ਸਿੰਘ ਪੰਜਾਬ ਦੇ ਵੰਨ-ਸੁਵੰਨੇ ਭਾਈਚਾਰਿਆਂ ਨੂੰ ਸਿੱਖ ਸਪਿਰਟ ਵਿਚ ਬੰਨ੍ਹਣਾ ਚਾਹੁੰਦੇ ਸਨ।ਇਸਦੇ ਉਲਟ ਸਿੱਖਾਂ ਦੀ ਨੁਮਾਇੰਦਾ ਰਾਜਨੀਤਕ ਤੇ ਧਾਰਮਿਕ ਜਮਾਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਏਜੰਡਾ ਪੰਜਾਬ ਵਿਚ ਸਿੱਖ ਲਡਿਰਸ਼ਿਪ ਦੀ ਚੌਧਰ/ਹਕੂਮਤ ਸਥਾਪਿਤ ਕਰਨਾ ਸੀ। ਸਿੱਖ ਲੀਡਰਸ਼ਿਪ ਦੀ ਚੌਧਰ ਦਾ ਅਰਥ ਸਿੱਖ ਭਾਈਚਾਰੇ ਦੀ ਚੌਧਰ ਵੀ ਨਹੀਂ ਸੀ…। …ਪੰਜਾਬ ਵਿਚ ਆਪਣੀ ਚੌਧਰ ਸਥਾਪਿਤ ਕਰਨ ਲਈ ਸਿੱਖ ਭਾਈਚਾਰੇ ਕੋਲ਼ ਦੋ ਵਿਕਲਪ ਸਨ।ਇੱਕ ਸੀ, ਪ੍ਰੋ. ਪੂਰਨ ਸਿੰਘ ਦੁਆਰਾ ਸੁਝਾਇਆ, ਸਿੱਖ ਸਿਧਾਂਤਾਂ ਦੇ ਅਧਾਰ ਤੇ ਸਿੱਖ ਸਪਿਰਟ ਵਾਲ਼ੇ ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਸੰਸਕ੍ਰਿਤਕ ਪੰਜਾਬ ਦਾ ਨਿਰਮਾਣ, ਜਿਸਨੂੰ ਉਹ ਪੰਜਾਬ ਪਿਆਰ ਅਤੇ ਸਿੱਖ ਪੰਜਾਬ ਦਾ ਨਾਮ ਦਿੰਦੇ ਸਨ।ਦੁਸਰਾ ਵਿਕਲਪ ਇੱਕ ਅਜਿਹੇ ਸਿੱਖ ਬਹੁ-ਗਿਣਤੀ ਵਾਲ਼ੇ ਖਿੱਤੇ ਦ ਿਸਥਾਪਨਾ, ਜਿੱਥੇ ਸਿੱਖ ਲੀਡਰਸ਼ਿਪ ਆਪਣੀ ਹਕੂਮਤ ਕਰ ਸਕੇ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ‘ਸਿੱਖ ਸਪਿਰਟ’ ਦੀ ਥਾਂ ‘ਸਿੱਖ ਲੀਡਰਸ਼ਿਪ’ ਦੀ ਚੌਧਰ ਵਾਲ਼ਾ ਰਾਹ ਅਪਨਾ ਨੇ ਕੇਵਲ ਆਪਣੇ ਆਪ ਨੂੰ ਹੀ ਨਹੀਂ, ਸਗੋਂ ਪੰਜਾਬ ਅਤੇ ਪੰਜਾਬੀ ਭਾਈਚਾਰੇ ਨੂੰ ਵੀ ਇਸਦੀ ਮੌਜੂਦਾ ਸੰਕਟਮਈ ਸਥਿਤੀ ਵਿਚ ਲਿਆ ਖੜ੍ਹਾ ਕੀਤਾ ਹੈ…।’
ਅਸੀਂ ਵੀ ਸਿੱਖ ਵਿਦਵਾਨ ਅਮਰਜੀਤ ਸਿੰਘ ਗਰੇਵਾਲ਼ ਨਾਲ਼ ਸਹਿਮਤ ਹਾਂ ਕਿ ਸਿੱਖਾਂ ਕੋਲ਼ ਗੁਰੂਆਂ ਦਾ ਸਾਂਝੀਵਾਲਤਾ, ਸਮਾਜਿਕ ਬਰਾਬਰੀ, ਸਮਾਜਿਕ ਨਿਆਂ ਵਾਲ਼ਾ ਰਸਤਾ ਹੀ ਸਹੀ ਮਾਰਗ ਹੈ।ਇਹੀ ਦੁਨੀਆਂ ਭਰ ਵਿਚ ਫੈਲ ਚੁੱਕੇ ਛੋਟੇ ਜਿਹੇ ਸਿੱਖ ਭਾਈਚਾਰੇ ਦੇ ਹਿੱਤ ਵਿਚ ਹੈ। ਪੰਜਾਬ ਵਿਚ ਮੇਨ ਸਟਰੀਮ ਸਿੱਖਾਂ ਤੋਂ ਇਲਾਵਾ ਸਿੱਖਾਂ ਵਿਚਲੇ ਛੋਟੇ ਭਾਈਚਾਰਿਆਂ (ਨਾਮਧਾਰੀਆਂ, ਰਾਧਾ ਸਵਾਮੀਆਂ, ਨਿਰੰਕਾਰੀਆਂ, ਨਾਨਕਸਰੀਆਂ ਆਦਿ), ਹਿੰਦੂਆਂ, ਦਲਿਤਾਂ, ਇਸਾਈਆਂ ਆਦਿ ਦੇ ਹਿੱਤ ਵਿਚ ਇਹੀ ਹੈ ਕਿ ਪੰਜਾਬ ਵਿਚ ਗੁਰੂਆਂ ਦੀ ਸਪਿਰਟ ਵਾਲ਼ਾ ਸਮਾਜ ਸਿਰਜਿਆ ਜਾਵੇ, ਜਿਸ ਤਰ੍ਹਾਂ ਕਦੇ 19ਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਘੱਟ-ਗਿਣਤੀ ਸਿੱਖ (12%) ਹੋਣ ਦੇ ਬਾਵਜੂਦ ਮਹਾਂ-ਪੰਜਾਬ ਵਿਚ 40 ਸਾਲ ਰਾਜ ਕੀਤਾ। ਜੋ ਹਿੰਸਾ ਦਾ ਰਾਹ ਸਿੱਖ ਭਾਈਚਾਰੇ ਦੇ ਇੱਕ ਸੈਕਸ਼ਨ ਵਲੋਂ ਜਾਣੇ-ਅਣਜਾਣੇ ਵਿਚ ਫੜ੍ਹ ਲਿਆ ਸੀ, ਉਸਨੇ ਇਹ ਸਾਬਿਤ ਕੀਤਾ ਹੈ ਕਿ ਹਿੰਸਾ ਤੇ ਨਫਰਤ ਦੀ ਰਾਜਨੀਤੀ ਕਿਸੇ ਵੀ ਤਰ੍ਹਾਂ ਸਾਡੇ ਹਿੱਤ ਵਿਚ ਨਹੀਂ। ਜੇ 1978-1995 ਤੱਕ ਦੇ ਵੱਡੇ ਨੁਕਸਾਨਾਂ ਬਾਅਦ ਵੀ ਅਸੀਂ ਕੋਈ ਸਬਕ ਨਹੀਂ ਲੈ ਸਕੇ ਤਾਂ ਇਸ ਤੋਂ ਵੱਡੀ ਸਾਡੀ ਹੋਰ ਕੋਈ ਬਦਕਿਸਮਤੀ ਨਹੀਂ ਹੋ ਸਕਦੀ? ਪੰਜਾਬ ਨੂੰ ਸਿੱਖਾਂ ਦੀ ਚੌਧਰ ਵਾਲ਼ਾ ਵੱਖਰਾ ਖਿੱਤਾ ਬਣਾਉਣ ਨਾਲ਼ੋਂ ਪੰਜਾਬ ਹੀ ਨਹੀਂ ਦੁਨੀਆਂ ਨੂੰ ਵਾਤਾਵਰਨ, ਗਲੋਬਲ ਵਾਰਮਿੰਗ, ਪਾਣੀ ਸੰਕਟ, ਬੇਰੁਜ਼ਗਾਰੀ, ਮਹਿੰਗਾਈ, ਸਮਾਜਿਕ ਨਾ-ਬਰਾਬਰੀ, ਆਰਟੀਫਿਸ਼ਲ ਇੰਟੈਲੀਜੈਂਸ ਵਰਗੇ ਅਨੇਕਾਂ ਮੁੱਦੇ ਹਨ, ਜੋ ਮਨੁੱਖਤਾ ਨੂੰ ਤਬਾਹੀ ਵੱਲ ਨੂੰ ਲਿਜਾ ਰਹੇ ਹਨ।ਪੰਜਾਬ ਵਿਚ ਸਾਡੇ ਕੋਲ਼ ਜ਼ਹਿਰੀਲੇ ਹੋ ਰਹੇ ਪਾਣੀ, ਧਰਤੀ ਹੇਠੋਂ ਘਟ ਰਹੇ ਪਾਣੀ, ਬੰਜਰ ਹੋ ਰਹੀ ਜ਼ਮੀਨ, ਸਿੱਖਾਂ ਦਾ ਵਿਦੇਸ਼ਾਂ ਨੂੰ ਪ੍ਰਵਾਸ, ਨੌਜਵਾਨੀ ਦਾ ਨਸ਼ਿਆਂ ਵਿਚ ਗਲਤਾਨ ਹੋਣਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਅਨੇਕਾਂ ਗੰਭੀਰ ਮੁੱਦੇ ਹਨ, ਜਿਨ੍ਹਾਂ ਤੇ ਸਿੱਖਾਂ ਨੂੰ ਪੰਜਾਬ ਵਿਚ ਵਸਦੇ ਸਾਰੇ ਭਾਈਚਾਰਿਆਂ ਨੂੰ ਨਾਲ਼ ਲੈ ਕੇ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਧਰਮ ਅਧਾਰਿਤ ਦੇਸ਼ ਬਣਾਉਣ ਦੇ ਸੁਪਨੇ ਲੈਣ ਤੋਂ ਪਹਿਲਾਂ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ, ਮਿਸਰ, ਇਜਰਾਈਲ ਆਦਿ ਅਨੇਕਾਂ ਦੇਸ਼ਾਂ ਬਾਰੇ ਸਟੱਡੀ ਜ਼ਰੂਰ ਕਰ ਲੈਣੀ ਚਾਹੀਦੀ ਹੈ।
ਪੰਜਾਬ ਦੀਆਂ ਬਥੇਰੀਆਂ ਸਮੱਸਿਆਵਾਂ ਹਨ। ਸਮੱਸਿਆਵਾਂ ਕਸ਼ਮੀਰੀਆਂ, ਨਾਗਿਆਂ, ਤਾਮਿਲਾਂ, ਬੰਗਾਲੀਆਂ ਅਤੇ ਅਸਾਮੀਆਂ ਦੀਆਂ ਵੀ ਹਨ ਅਤੇ ਮੌਜੂਦਾ ਭਾਰਤ ਦੇ ਹਾਕਮਾਂ ਦੇ ਤਾਨਾਸ਼ਾਹੀ ਰੁਝਾਨ ਵਿਰੁੱਧ ਲੜਾਈ ਜਾਰੀ ਰਹਿਣੀ ਚਾਹੀਦੀ ਹੈ ਪਰੰਤੂ ਇਹ ਲੜਾਈ ਸਾਰਿਆਂ ਨੂੰ ਨਾਲ ਲੈ ਕੇ ਹੀ ਲੜੀ ਜਾ ਸਕਦੀ ਹੈ। ਇਸ ਦਾ ਕੋਈ ਹੋਰ ਸ਼ਾਰਟਕੱਟ ਰਾਹ ਹਾਲੇ ਨਜ਼ਰ ਨਹੀਂ ਆਉਂਦਾ।