ਪੰਜਾਬ ਦਾ ਨਾਮੀ ਪੁੱਤ – ਅਜੈ ਪਾਲ ਬੰਗਾ

ਪ੍ਰੋਫੈਸਰ ਹਰਪਾਲ ਸਿੰਘ
ਫੋਨ: 94171-32373
ਜਦੋਂ ਮੈਂ ਵਿਸ਼ਵ ਬੈਂਕ ਦੇ ਨਵੇਂ ਮੁਖੀ ਵਜੋਂ ਚੁਣੇ ਗਏ ਅਜੈ ਪਾਲ ਸਿੰਘ ਬੰਗਾ ਦਾ ਨਾਂ ਅਖ਼ਬਾਰਾਂ ਵਿਚ ਪੜ੍ਹਿਆ ਤਾਂ ਮੇਰੇ ਅੰਦਰ ਇਹ ਜਾਣਨ ਲਈ ਤਤਫੁਟ ਉਤਸੁਕਤਾ ਜਾਗੀ ਕਿ ਕਯਾ ਸ੍ਰੀ ਬੰਗਾ ਦਾ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਵਿਚ ਸਥਿਤ ਬੰਗਾ ਕਸਬੇ ਨਾਲ ਵੀ ਕੋਈ ਸੰਬੰਧ ਹੈ! ਇਸ ਦਾ ਅਸਲ ਕਾਰਨ ਇਹ ਸੀ ਕਿ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਮੈਂ ਤਿੰਨ ਦਹਾਕੇ ਤੋਂ ਵੱਧ ਸਮਾਂ ਪੜ੍ਹਾਇਆ ਹੈ।

ਜਾਣਕਾਰੀ ਲਈ ਮੈਂ ਉਸ ਇਲਾਕੇ ਦੇ ਪੜ੍ਹੇ-ਲਿਖੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਖਦੇਵ ਸਿੰਘ ਭੌਰ ਨਾਲ ਸੰਪਰਕ ਕੀਤਾ; ਜਿਨ੍ਹਾਂ ਦੱਸਿਆ ਕਿ ਅਜੈ ਬੰਗਾ ਦਾ ਪੁਸ਼ਤੈਨੀ ਪਿੰਡ ਸੂਰਾਪੁਰ, ਬੰਗੇ ਤੋਂ ਮਸਾਂ ਚਾਰ ਕੁ ਕਿਲੋਮੀਟਰ ਦੀ ਦੂਰੀ `ਤੇ ਹੈ ਅਤੇ ਉਥੋਂ ਨੇੜਲੇ ਪਿੰਡ ਭੌਰੇ ਵਿਚ ਉਸ ਦੇ ਨਾਨਕੇ ਹਨ। ਪੰਜਾਬ ਸਰਕਾਰ ਦੇ ਮੌਜੂਦਾ ਸਿਹਤ ਮੰਤਰੀ ਬਲਬੀਰ ਸਿੰਘ ਵੀ ਇਸੇ ਪਿੰਡ ਤੋਂ ਹਨ। ਭੌਰਾ ਪਿੰਡ ਦੇ ਅੱਖਾਂ ਦੇ ਮਾਹਿਰ ਡਾ. ਬਲਬੀਰ ਸਿੰਘ ਭੌਰਾ ਨੇ ਵੀ ਇਸ ਜਾਣਕਾਰੀ ਉਤੇ ਸਹੀ ਪਾਈ, ਜਿਨ੍ਹਾਂ ਦੇ ਪਿਤਾ ਜਥੇਦਾਰ ਸਾਧੂ ਸਿੰਘ ਭੌਰਾ ਕਿਸੇ ਵੇਲੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੀ ਸਨ।
ਅਜੈ ਬੰਗਾ ਦੇ ਪਿਤਾ ਫੌਜ ਵਿਚ ਲੈਫਟੀਨੈਂਟ ਭਰਤੀ ਹੋਏ ਅਤੇ ਉਚਤਮ ਅਹੁਦੇ ਲੈਫਟੀਨੈਂਟ ਜਨਰਲ ਵਜੋਂ ਸੇਵਾ ਮੁਕਤ ਹੋਏ। ਨਤੀਜੇ ਵਜੋਂ ਪਰਿਵਾਰ ਸਮੇਂ ਸਮੇਂ ਉਨ੍ਹਾਂ ਦੇ ਨਾਲ ਹੀ ਫੌਜੀ ਛਾਉਣੀਆਂ ਵਿਚ ਰਿਹਾ। ਅਜੈ ਬੰਗਾ ਦਾ ਜਨਮ ਪੂਨਾ ਸ਼ਹਿਰ ਵਿਚ ਖੜਕੀ ਨਾਂ ਦੀ ਫੌਜੀ ਛਾਉਣੀ ਵਿਚ ਹੋਇਆ ਜਿੱਥੇ ਉਸਦੇ ਪਿਤਾ ਤਾਇਨਾਤ ਸਨ। ਉਨ੍ਹਾਂ ਸੇਂਟ ਸਟੀਵਨ ਕਾਲਜ ਦਿੱਲੀ ਤੋਂ ਅਰਥ ਸ਼ਾਸ਼ਤਰ ਦੀ ਡਿਗਰੀ ਅੱਵਲ ਰਹਿ ਕੇ ਹਾਸਲ ਕੀਤੀ ਅਤੇ ਉਪਰੰਤ ਅਹਿਮਦਾਬਾਦ ਦੀ ਮੈਨੇਜਮੈਂਟ ਇੰਸਟੀਚਿਊਟ ਆਈ.ਆਈ.ਐਮ. ਤੋਂ ਐਮ.ਬੀ.ਏ. ਵਿਚ ਵੀ ਪ੍ਰਥਮ ਰਿਹਾ। ਡਿਗਰੀ ਪਾਸ ਕਰਦਿਆਂ ਹੀ ਉਸ ਨੂੰ ਨੈਸਲੇ ਨੇ ਲੈ ਲਿਆ ਅਤੇ ਉਥੇ 13 ਸਾਲ ਦੀ ਨੌਕਰੀ ਦੌਰਾਨ ਉਹ ਕੰਪਨੀ ਨੂੰ ਬੁਲੰਦੀਆਂ ਉਤੇ ਲੈ ਗਿਆ। ਉਪਰੰਤ ਥੋੜ੍ਹਾ ਚਿਰ ਪੈਪਸੀ ਵਿਚ ਕੰਮ ਕਰ ਕੇ ਮੁੜ 13 ਸਾਲ ਚੋਟੀ ਦੇ ਅਦਾਰੇ ਸਿਟੀ ਬੈਂਟ ਵਿਚ ਸੇਵਾ ਕੀਤੀ। ਉਦੋਂ ਮੈਨੇਜਮੈਂਟ ਖੇਤਰ ਵਿਚ ਉਸਦੀ ਨਿਪੁੰਨਤਾ ਅਤੇ ਕਾਮਯਾਬੀ ਉਤੇ ਦੁਨੀਆਂ ਦੇ ਨਾਮੀ ਅਦਾਰੇ ‘ਮਾਸਟਰ ਕਾਰਡ’ ਦੀ ਨਿਗ੍ਹਾ ਪਈ ਅਤੇ ਅਜੈ ਬੰਗਾ ਨੂੰ ਸੱਦ ਕੇ ਬੈਂਕ ਦੇ ਵਿੱਤੀ ਪ੍ਰਬੰਧਕਾਂ ਦਾ ਮੁਖੀ ਥਾਪ ਦਿੱਤਾ। ਉਸ ਦੀ ਮੁਖਤਾਰੀ ਵਿਚ ਬੈਂਕ ਨੇ ਹੈਰਾਨੀਜਨਕ ਤਰੱਕੀ ਕੀਤੀ। ਬੈਂਕ ਦੇ ਅਸਾਸੇ ਤਿੰਨ ਗੁਣਾ ਵਧ ਗਏ ਅਤੇ ਆਮਦਨ ਛੇ ਗੁਣਾ ਹੋ ਗਈ; ਅਤੇ ਬੈਂਕ ਦੇ ਇਕ ਹੋਰ ਸੰਬੰਧਿਤ ਖੇਤਰ ਵਿਚ ਦਸ ਗੁਣਾ ਇਜ਼ਾਫਾ ਹੋਇਆ। ਚੇਤੇ ਰਹੇ ਕਿ ਉਸ ਵੇਲੇ ਕੰਪਨੀ ਵਿਚ 24,000 ਮੁਲਾਜ਼ਮ ਕੰਮ ਕਰਦੇ ਸਨ। ‘ਮਾਸਟਰ ਕਾਰਡ’ ਵਿਚ 11 ਸਾਲ ਲਾ ਕੇ ‘ਜਨਰਲ ਐਟਲਾਂਟਿਕ’ ਨਾਂ ਦੇ ਮਹੱਤਵਪੂਰਨ ਅਦਾਰੇ ਵੱਲ ਰੁਖ਼ ਕੀਤਾ ਜਿੱਥੇ ਉਸ ਨੂੰ ਭਏੋਨਦਂੲਟਢੲਰੋ ਨਾਂ ਦੇ ਜਲਵਾਯੂ-ਕੇਂਦਰਿਤ ਫੰਡ ਦਾ ਸਲਾਹਕਾਰ ਲਾਇਆ ਗਿਆ। ਇਸ ਅਹੁਦੇ ਉਤੇ ਉਹ ਜੂਨ ਦੇ ਪਹਿਲੇ ਹਫ਼ਤੇ ਵਿਸ਼ਵ ਬੈਂਕ ਦੇ ਮੌਜੂਦਾ ਮੁਖੀ ਦਾ ਕਾਰਜ ਸੰਭਾਲਣ ਤੱਕ ਕੰਮ ਕਰਦੇ ਰਹਿਣਗੇ।
ਅਜੈ ਬੰਗਾ ਵਲੋਂ ਇਸ ਅਹੁਦੇ ਲਈ ਚੁਣੇ ਜਾਣ ਤੋਂ ਪਹਿਲਾਂ ਦੀਆਂ ਕੁਝ ਗੱਲਾਂ ਦਾ ਵੀ ਦਿਲਚਸਪ ਕਿੱਸਾ ਹੈ। ਵੈਸੇ ਤਾਂ ਅਮਰੀਕਾ ਦੇ ਪ੍ਰਧਾਨ ਜੋਅ ਬਾਇਡਨ ਨੇ ਆਪਣੇ ਮੁਲਕ ਵਜੋਂ ਅਜੈ ਬੰਗਾ ਦਾ ਇਕੋ ਇਕ ਨਾਂ ਇਸ ਵਿਖਿਆਤ ਪਦਵੀ ਲਈ ਪਹਿਲਾਂ ਹੀ ਘੋਸ਼ਿਤ ਕਰ ਦਿੱਤਾ ਸੀ, ਪਰ ਚੀਨ ਇਸ ਤਜਵੀਜ਼ ਦੀ ਹਮਾਇਤ ਕਰਨ ਬਾਰੇ ਪਹਿਲਾਂ ਜੱਕੋਤੱਕੀ ਵਿਚ ਸੀ, ਪਰ ਬਾਅਦ ਵਿਚ ਹਵਾ ਦਾ ਰੁਖ਼ ਦੇਖ ਕੇ ਅਜੈ ਬੰਗਾ ਦੀ ਨਿਯੁਕਤੀ ਲਈ ਹਾਮੀ ਭਰ ਦਿੱਤੀ। ਇਸੇ ਤਰ੍ਹਾਂ ਵਿਸ਼ਵ ਬੈਂਕ ਦਾ ਵੱਡਾ ਹਿੱਸੇਦਾਰ ਜਰਮਨੀ ਵੀ ਇਸ ਅਹੁਦੇ ਉਤੇ ਬੈਂਕ ਦੇ 77 ਸਾਲਾ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਔਰਤ ਨੂੰ ਦੇਖਣ ਦਾ ਇੱਛਕ ਸੀ। ਪਰੰਤੂ ਅਜੈ ਬੰਗਾ ਦੀ ਨਿੱਗਰ ਦਾਅਵੇਦਾਰੀ ਦੇ ਮੁਕਾਬਲੇ ਵਿਚ ਜਰਮਨੀ ਨੇ ਵੀ ਆਪਣੀ ਰਾਇ ਉਤੇ ਬਹੁਤ ਜ਼ੋਰ ਨਹੀਂ ਦਿੱਤਾ।
ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਉਸ ਦੀ ਨਾਮਜ਼ਦਗੀ ਕਰਦਿਆਂ ਇਹ ਭਰੋਸਾ ਜਤਾਇਆ ਸੀ ਕਿ ‘ਇਤਿਹਾਸ ਦੇ ਇਸ ਨਾਜ਼ੁਕ ਮੋੜ `ਤੇ ਜਦੋਂ ਸੰਸਾਰ ਆਰਥਿਕ ਅਤੇ ਵਾਤਾਵਰਨ ਦੀਆਂ ਸਮੱਸਿਆਵਾਂ ਦੇ ਹੱਲ ਤਲਾਸ਼ ਕਰਨ ਲਈ ਯਤਨਸ਼ੀਲ ਹੈ ਤਾਂ ਅਜਿਹੇ ਹਾਲਾਤ ਵਿਚ ਅਜੈ ਬੰਗਾ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਸਮਰੱਥ ਕਾਬਲੀਅਤ ਦਾ ਮਾਲਕ ਹੈ।’ ਇਉਂ ਉਦੋਂ ਉਸ ਦੇ ਨਿਰਵਿਰੋਧ ਚੁਣੇ ਜਾਣ ਲਈ ਰਾਹ ਪੱਧਰਾ ਹੋ ਗਿਆ ਅਤੇ ਹੋਰ ਕਿਸੇ ਵੀ ਮੁਲਕ ਨੇ ਉਸ ਦੇ ਮੁਕਾਬਲੇ ਵਿਚ ਕੋਈ ਉਮੀਦਵਾਰ ਮੈਦਾਨ ਵਿਚ ਨਾ ਉਤਾਰਿਆ।
ਇਸੇ ਦੌਰਾਨ ਵਿਭਿੰਨ ਖੇਤਰਾਂ ਨਾਲ ਸੰਬੰਧਿਤ ਦੁਨੀਆਂ ਦੀਆਂ 55 ਨਾਮਵਰ ਹਸਤੀਆਂ ਨੇ, ਜਿਨ੍ਹਾਂ ਵਿਚ ਚਾਰ ਨੋਬੇਲ ਪ੍ਰਾਈਜ਼ ਜੇਤੂ ਵੀ ਸ਼ਾਮਲ ਸਨ, ਇਕ ਸਾਂਝੇ-ਖੁੱਲ੍ਹੇ ਪੱਤਰ ਰਾਹੀਂ ਇਸ ਨਾਮੀ ਅਹੁਦੇ ਲਈ ਉਸ ਦੀ ਨਾਮਜ਼ਦਗੀ ਦਾ ਵੀ ਸੁਆਗਤ ਕੀਤਾ। ਪਹਿਲਾਂ ਹੀ ਉਸ ਦੀਆਂ ਪ੍ਰਾਪਤੀਆਂ ਦੇ ਸਨਮੁਖ ਭਾਰਤ ਸਰਕਾਰ ਵਲੋਂ ਇਸ ਦੇਸ਼ ਦੇ ਸਪੂਤ ਨੂੰ 2016 ਵਿਚ ਪਦਮ ਸ੍ਰੀ ਦੇ ਖਿ਼ਤਾਬ ਨਾਲ ਨਿਵਾਜਿਆ ਜਾ ਚੁੱਕਾ ਹੈ। ਅਜੈ ਬੰਗਾ ਦੀ ਆਪਣੀ ਸੋਚ ਬੜੀ ਆਸ਼ਾਵਾਦੀ ਅਤੇ ਪੁਖਤਾ ਇਰਾਦੇ ਵਾਲੀ ਰਹੀ ਹੈ। ਪਹਿਲੀ ਨੌਕਰੀ ਵਿਚ ਹੀ ਨੈਸਲੇ ਨਾਲ ਕੰਮ ਕਰਦਿਆਂ ਉਸ ਨੇ ਆਪਣੇ ਤਜਰਬੇ ਦਾ ਸਾਰਾਂਸ਼ ਇਉਂ ਬਿਆਨ ਕੀਤਾ ਹੈ ਕਿ “ਜ਼ਿੰਦਗੀ ਵਿਚ ਵੱਡਾ ਸਬਕ ਉਸ ਨੇ ਇਹ ਸਿੱਖਿਆ ਹੈ ਕਿ ਇਕੱਲੇ ਹੁੰਦਿਆਂ ਵੀ ਕੋਈ ਇਨਸਾਨ ਵੱਡੇ ਬਦਲਾE ਲਿਆਉਣ ਦੀ ਸਮਰੱਥਾ ਰੱਖਦਾ ਹੈ।” ਅੰਤਰਰਾਸ਼ਟਰੀ ਮੁਦਰਾ ਬੈਂਕ ਦੀ ਮੁਖੀ ਕ੍ਰਿਸਟਾਲੀਨਾ ਜੌਰਜਿਵਾ ਦਾ ਵਿਸ਼ਵਾਸ ਹੈ ਕਿ ‘ਕਾਰਪੋਰੇਟ ਖੇਤਰ ਦਾ ਅਨੁਭਵ, ਵਿਕਾਸਸ਼ੀਲ ਦੇਸ਼ ਦਾ ਪਿਛੋਕੜ ਅਤੇ ਲੋਕਾਂ ਨੂੰ ਵਿਕਾਸ ਦੇ ਭਾਗੀਦਾਰ ਬਣਾਉਣ ਦੀ ਸਮਝ ਹੋਣ ਕਰਕੇ ਅਜੈ ਬੰਗਾ ਇਸ ਪੁਜ਼ੀਸ਼ਨ ਲਈ ਬੇਹੱਦ ਮੁਨਾਸਬ ਚੋਣ ਹੈ।’
ਉਸ ਦੇ ਕੁਝ ਆਲੋਚਕ ਵਿਸ਼ਵ ਬੈਂਕ ਵਲੋਂ ਉਸ ਦੀ ਨਿਯੁਕਤੀ ਨੂੰ ਇਹ ਕਹਿ ਕੇ ਸੰਦੇਹ ਦੀ ਨਜ਼ਰ ਨਾਲ ਦੇਖਦੇ ਹਨ ਕਿ ਹੁਣ ਤੱਕ ਉਸ ਨੇ ਨੌਕਰੀ ਹੀ ਕੀਤੀ ਹੈ ਅਤੇ ਉਸ ਨੂੰ ਸਰਕਾਰੀ ਪ੍ਰਬੰਧਾਂ ਅਤੇ ਵਿਕਾਸ ਕਾਰਜਾਂ ਦਾ ਤਜਰਬਾ ਨਹੀਂ ਹੈ। ਪ੍ਰੰਤੂ ਉਸ ਦਾ ਦ੍ਰਿਸ਼ਟੀਕੋਣ, ਮਜ਼ਬੂਤ ਇਰਾਦਾ ਅਤੇ ਅਜਮਾਈ ਹੋਈ ਸਮਰੱਥਾ ਅਜਿਹੇ ਸ਼ੰਕਿਆਂ ਨੂੰ ਨਿਰਮੂਲ ਸਾਬਤ ਕਰਦੀ ਹੈ। ਉਹ ਆਪਣੀ ਨਵੀਂ ਜ਼ਿੰਮੇਵਾਰੀ ਦੀਆਂ ਚੁਣੌਤੀਆਂ ਨੂੰ ਬਾਖੂਬੀ ਸਮਝਦਾ ਹੈ। ਆਪਣੇ ਕਾਰਜ ਖੇਤਰ ਦਾ ਖਾਕਾ ਤੈਅ ਕਰਦਿਆਂ ਉਸ ਨੇ ਆਖਿਆ ਕਿ ਆਮ ਲੋਕਾਂ ਨੂੰ ਵਿਕਾਸ ਗਤੀ ਵਿਚ ਸ਼ਾਮਲ ਕਰਨ ਤੋਂ ਇਲਾਵਾ ਪ੍ਰਾਈਵੇਟ ਅਦਾਰਿਆਂ ਦਾ ਵਿਸ਼ਵ ਬੈਂਕ ਲਈ ਸਹਿਯੋਗ ਹਾਸਲ ਕਰਨਾ ਉਸ ਦੀ ਪ੍ਰਮੁੱਖ ਵਚਨਬੱਧਤਾ ਹੈ। ਉਸ ਦੇ ਮੁਤਾਬਕ ਘੱਟ ਆਮਦਨ ਵਾਲੇ ਗਰੀਬ ਦੇਸ਼ਾਂ ਨੂੰ ਵਾਤਾਵਰਨ ਸੁਧਾਰ ਲਈ ਪ੍ਰੇਰਣਾ ਅਤੇ ਯਕੀਨ ਦਿਵਾਉਣਾ ਕਿ ਬੁਨਿਆਦੀ ਢਾਂਚੇ ਦੀ ਉਸਾਰੀ ਕਰਨ ਤੋਂ ਇਲਾਵਾ ਸਿਹਤ ਸਹੂਲਤਾਂ ਮੁਹੱਈਆ ਕਰਨ ਦੇ ਕੰਮ ਦੋ ਵੱਖ-ਵੱਖ ਗੱਲਾਂ ਨਹੀਂ, ਸਗੋਂ ਇਕ ਦੂਜੇ ਨਾਲ ਬੱਝੇ ਹੋਏ ਹਨ ਅਤੇ ਇਉਂ ਇਨ੍ਹਾਂ ਨਾਲ ਸਮੁੱਚੇ ਰੂਪ ਵਿਚ ਹੀ ਨਜਿੱਠਣਾ ਪੈਣਾ ਹੈ।
ਉਸ ਦੀ ਕਾਮਯਾਬੀ ਦਾ ਆਧਾਰ ਈਮਾਨਦਾਰੀ ਨਾਲ ਕੰਮ ਕਰ ਕੇ ਨਿਸ਼ਚਿਤ ਆਦਰਸ਼ ਵੱਲ ਵਧਣਾ ਹੈ। ਇਸ ਦੀ ਇਕ ਮਿਸਾਲ ਇਹ ਹੈ ਕਿ 9/11 ਦੌਰਾਨ ਜਦੋਂ ਅਮਰੀਕਾ ਦੇ ਜੌੜੇ ਟਾਵਰ (ਠੱਨਿ ਠੋੱੲਰ) ਢਹਿ ਢੇਰੀ ਹੋਏ ਤਾਂ ਉਹ ਪ੍ਰਸਿੱਧ ਅਦਾਰੇ ਸਿਟੀ ਬੈਂਕ ਵਿਚ ਉਧਰ ਹੀ ਕੰਮ ਕਰਦਾ ਸੀ। ਉਸਦੇ ਮਾਲਕਾਂ ਨੂੰ ਉਸ ਦੀ ਸੁਰੱਖਿਆ ਦਾ ਫਿਕਰ ਹੋਇਆ ਕਿਉਂਕਿ ਨਫਰਤੀ ਮਾਹੌਲ ਵਿਚ ਗਹਿਰੇ ਰੰਗ ਦੀ ਚਮੜੀ ਅਤੇ ਪਗੜੀ ਵਾਲਾ ਸ਼ਖ਼ਸ ਸਹਿਜੇ ਹੀ ਨਸਲੀ ਹਿੰਸਾ ਦਾ ਨਿਸ਼ਾਨਾ ਬਣ ਸਕਦਾ ਸੀ। ਬੈਂਕ ਵਲੋਂ ਉਸ ਨੂੰ ਦੂਜੇ ਸ਼ਹਿਰਾਂ ਤੱਕ ਆਉਣ-ਜਾਣ ਲਈ ਪ੍ਰਾਈਵੇਟ ਜੈੱਟ ਅਤੇ ਕਾਰ ਦੀ ਸੁਵਿਧਾ ਮੁਹੱਈਆ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਕਿ ਉਹ ਬੇਫਿਕਰੀ ਨਾਲ ਆਪਣਾ ਕੰਮਕਾਰੀ ਫਰਜ਼ ਨਿਭਾ ਸਕੇ। ਉਸ ਨੇ ਇਸ ਸੁਵਿਧਾ ਨੂੰ ਲੈਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ‘ਸਮੱਸਿਆ ਤੋਂ ਡਰ ਕੇ ਭੱਜਣ ਨਾਲੋਂ ਇਸ ਨਾਲ ਨਜਿੱਠਣਾ ਜ਼ਿਆਦਾ ਜ਼ਰੂਰੀ ਹੈ।’ ਇਸੇ ਤਰ੍ਹਾਂ ਜਦੋਂ 1990ਵਿਆਂ ਵਿਚ ਉਸ ਦੀ ਨੌਕਰੀ ਕਲਕੱਤੇ ਸੀ ਤਾਂ ਮਾਰਕਸੀ ਸਰਕਾਰ ਵੇਲੇ ਸਰਕਾਰੀ ਸ਼ਹਿ ਉਤੇ ਹਰ ਆਏ ਦਿਨ ਸੜਕਾਂ ਤੇ ਬਾਜ਼ਾਰ ਬੰਦ ਹੋਏ ਰਹਿੰਦੇ ਸਨ। ਉਸ ਦੇ ਲਈ ਆਪਣੇ ਕੰਟੈਸਾ ਕਾਰ ਵਿਚ ਸਫਰ ਕਰਨਾ ਜ਼ੋਖਮ ਭਰਿਆ ਸੀ ਕਿਉਂਕਿ ਮੁਜ਼ਾਹਰਾਕਾਰੀ ਇਸ ਦੀ ਰਾਹ ਵਿਚ ਭੰਨ-ਤੋੜ ਕਰ ਸਕਦੇ ਸਨ ਪਰ ਆਖ਼ਰ ਉਸ ਦਾ ਕੰਮ ਉਤੇ ਪਹੁੰਚਣ ਦਾ ਇਰਾਦਾ ਤਾਂ ਅਟੱਲ ਸੀ! ਉਸ ਨੇ ਆਪਣੇ ਜੂਨੀਅਰ ਅਧਿਕਾਰੀ ਰੌਇ ਚੈਟਰਜੀ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਮੋਟਰਸਾਈਕਲ ਉਤੇ ਉਸ ਨੂੰ ਦਫਤਰ ਲੈ ਜਾਇਆ ਕਰੇ। ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਰੌਇ ਚੈਟਰਜੀ ਨੇ ਦੱਸਿਆ ਕਿ ਉਹ ਸਹੀ 8 ਵਜੇ ਸਵੇਰੇ ਉਸ ਨੂੰ ਘਰੋਂ ਚੁੱਕ ਲੈਂਦਾ ਸੀ ਅਤੇ ਮਗਰਲੀ ਸੀਟ `ਤੇ ਬਿਠਾ ਕੇ ਉਹ ਖਾਲੀ ਗਲੀਆਂ ਵਿਚੋਂ ਗੱਲਾਂ ਕਰਦੇ ਰਵਾਂ ਰਵੀਂ ਕੰਮ ਲਈ ਨਿਕਲ ਜਾਂਦੇ ਸਨ।
ਅਜੈ ਪਾਲ ਸਿੰਘ ਦਾ ਦੋਸਤਾਨਾ ਲਹਿਜ਼ਾ ਮਤਲਬ ਦੀ ਗੱਲ ਕਰਨ ਦਾ ਵਿਹਾਰਕ ਅੰਦਾਜ਼ ਉਸ ਨੂੰ ਅੱਜ ਵੀ ਨਹੀਂ ਭੁੱਲਿਆ। ਉਸ ਦਾ ਕਹਿਣਾ ਸੀ ਕਿ ਉਹ ਅੱਜ ਵੀ ਉਸੇ ਤਰ੍ਹਾਂ ਦਾ ਹੈ।
ਵਿਸ਼ਵ ਬੈਂਕ ਵਿਚ ਉਸ ਦੀ ਕਾਰਗੁਜ਼ਾਰੀ ਬਾਰੇ ਬੇਸ਼ੱਕ ਅਜੇ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਸੇਂਟ ਸਟੀਵਨ ਕਾਲਜ ਵਿਚ ਉਸ ਦਾ ਰਹਿ ਚੁੱਕਾ ਅੱਗੜ-ਪਿੱਛੜ ਜਮਾਤੀ ਅਤੇ ਤ੍ਰਿਣਮੂਲ ਕਾਂਗਰਸ ਦਾ ਲੀਡਰ ਡੈਰਿਕ-E-ਬਰਾਇਨ ਭਰੋਸੇ ਨਾਲ ਕਹਿੰਦਾ ਹੈ ਕਿ “ਇਕ ਗੱਲ ਪੱਕੀ ਹੈ ਕਿ ਉਹ ਆਪਣਾ ਸੌ ਫੀਸਦ ਬੈਂਕ ਨੂੰ ਸਮਰਪਿਤ ਕਰੇਗਾ ਅਤੇ ਉਸ ਦੀ ਸੇਵਾ ਮੁਕਤੀ ਸਮੇਂ ਬੈਂਕ ਪਹਿਲਾਂ ਨਾਲੋਂ ਵੱਖਰਾ ਅਤੇ ਖੁਸ਼ਹਾਲ ਹਾਲਤ ਵਿਚ ਹੋਵੇਗਾ। ਉਸ ਦਾ ਖਾਸਾ ਇਹੀ ਹੈ ਕਿ ਚਾਹੇ ਉਹ ਕਿਸੇ ਸੰਸਥਾ ਲਈ ਕੰਮ ਕਰੇ ਯਾ ਕਿਸੇ ਬੰਦੇ ਦਾ ਉਸਦੇ ਨਾਲ ਵਾਹ ਪਵੇ, ਬੱਸ ਕਮਾਲਾਂ ਹੀ ਕਰਦਾ ਹੈ।”
ਅੰਤ ਵਿਚ ਉਸ ਦੀ ਜ਼ਿੰਦਗੀ ਦੇ ਹੋਰ ਵਿਲੱਖਣ ਪਹਿਲੂ ਦੀ ਗੱਲ ਕਰਦੇ ਹਾਂ। ਉਸ ਨੇ ਆਪਣੀ ਕਾਲਜ ਦੀ ਜਮਾਤਣ ਨਾਲ ਵਿਆਹ ਕਰਵਾਇਆ ਜੋ ਅੱਜ ਵੀ ਉਸ ਦੀ ਖੂਸਬੂਰਤ ਹਮਸਫਰ ਹੈ। ਵਿਹਲੇ ਸਮੇਂ ਵਿਚ ਅਜੈ ਪਾਲ ਸਿੰਘ ਗੁਰਬਾਣੀ ਦਾ ਕੀਰਤਨ ਸੁਣਦਾ ਹੈ ਅਤੇ ਆਪਣੇ ਕਿਸੇ ਪਸੰਦੀਦਾ ਗਾਇਕ ਦੀ ਕਲਾਸਕੀ ਗਾਇਕੀ ਦਾ ਅਨੰਦ ਮਾਣਦਾ ਹੈ। ਇਸੇ ਜੂਨ ਮਹੀਨੇ ਦੀ 2 ਤਰੀਕ ਨੂੰ ਉਹ ਪੰਜ ਸਾਲ ਲਈ ਵਿਸ਼ਵ ਬੈਂਕ ਦੇ ਇਸ ਅਹੁਦੇ ਉਤੇ ਮੁਕਾਮ ਹੋ ਗਿਆ।