ਉਦਾਸ ਰੁੱਤ ਦਾ ਗੀਤ

ਡਾ ਗੁਰਬਖ਼ਸ਼ ਸਿੰਘ ਭੰਡਾਲ
ਕਦੇ ਕਦੇ ਉਦਾਸੀ ਮਨ ਵਿਚ ਖ਼ਲਬਲੀ ਪੈਦਾ ਕਰਦੀ। ਚਿੱਤ ਵਿਆਕੁਲ ਹੋ ਉਠਦਾ ਅਤੇ ਇਸ ਵਿਆਕੁਲਤਾ ਵਿਚ ਸਿਰਫ਼ ਹੋਠਾਂ `ਤੇ ਪਸਰੀ ਚੁੱਪ ਹੀ ਸਾਥ ਦਿੰਦੀ। ਇਹ ਚੁੱਪ ਵਿਚੋਂ ਉਦਾਸੀ ਦਾ ਇਕ ਨਗ਼ਮਾ, ਅੰਤਰੀਵ ਵਿਚ ਫੈਲੇ ਮੇਰੇ ਸਮੁੱਚ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ। ਇਹ ਮੇਰੀ ਉਦਾਸੀ ਮੇਰੀ ਹੀ ਨਹੀਂ, ਇਹ ਤਾਂ ਚੌਗਿਰਦੇ ਦੀ ਉਦਾਸੀ, ਸਾਡੇ ਸਾਰਿਆਂ ਦੀ ਉਦਾਸੀ ਜਿਸ ਵਿਚ ਅਸੀਂ ਜਿਉਂਦੇ ਅਤੇ ਇਸ ਵਿਚੋਂ ਹੀ ਜੀਵਨ ਪੈੜਾਂ ਨੂੰ ਸਿਰਜਦੇ ਹਾਂ।

ਉਦਾਸੀ ਸਿਰਫ਼ ਜਾਤੀ ਜਾਂ ਨਿੱਜ ਤੀਕ ਸੀਮਤ ਕੀਤੀ ਜਾਵੇ ਤਾਂ ਇਹ ਬੰਦੇ ਨੂੰ ਖਾ ਜਾਂਦੀ। ਪਰ ਜਦ ਇਹੀ ਉਦਾਸੀ ਸਮੂਹਕਤਾ ਵਿਚੋਂ ਪੈਦਾ ਹੁੰਦੀ ਤਾਂ ਇਸ ਵਿਚੋਂ ਰੋਹ ਵੀ ਉਪਜਦਾ। ਰੂਹ ਵੀ ਅਵੱਗਿਆ ਵੀ, ਆਜ਼ਾਦੀ ਵੀ। ਇਸ ਵਿਚ ਹਨੇਰ ਵੀ ਪਰ ਇਸ ਵਿਚੋਂ ਚਾਨਣ ਦੀ ਕਾਤਰ ਵੀ ਤੁਹਾਡੇ ਹਿੱਸੇ ਆਉਂਦੀ। ਉਦਾਸੀ ਨੂੰ ਕਦੇ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਅਤੇ ਕਦੇ ਬੰਦ ਦੀਦਿਆਂ ਵਿਚੋਂ ਵੀ ਦੇਖ ਸਕਦੇ। ਕਦੇ ਸੁਣਦੇ ਅਤੇ ਕਦੇ ਅਣਸੁਣੀ ਵੀ ਕਰਦੇ। ਕਦੇ ਇਸ ਉਦਾਸੀ ਨੂੰ ਉਲਥਾਉਣ ਦੀ ਕੋਸਿ਼ਸ਼ ਕਰਦੇ ਪਰ ਕਦੇ ਅਸੀਂ ਉਦਾਸੀ ਵਿਚ ਖ਼ੁਦ ਹੀ ਉਲਥਾਏ ਜਾਂਦੇ। ਇਹ ਉਦਾਸੀ ਕਦੇ ਸਾਡੇ ਸ਼ਬਦਾਂ ਵਿਚ ਸਿੰਮਦੀ ਅਤੇ ਕਦੇ ਅਰਥਾਂ ਦੀ ਲੋਅ ਬਣ ਕੇ ਵਰਕਿਆਂ ਨੂੰ ਚਾਨਣ ਨਾਲ ਭਰਦੀ। ਕਦੇ ਇਹ ਮਨ-ਮਸਤਕ `ਤੇ ਚਲਚਿੱਤਰ ਬਣਦੀ ਅਤੇ ਕਦੇ ਕਿਸੇ ਫਰੇਮ ਵਿਚ ਜੁੜੀ ਸਾਡੀ ਮਾਨਸਿਕ ਕੰਧ `ਤੇ ਜੜੀ ਜਾਂਦੀ।
ਉਦਾਸੀ ਨੂੰ ਮੁਖ਼ਾਤਬ ਹੋਣ ਲਈ ਜਿਗਰਾ ਚਾਹੀਦਾ। ਜਿ਼ੰਦਾਦਿਲੀ ਦੀ ਲੋੜ ਕਿਉਂਂਕਿ ਉਦਾਸੀ ਤੁਹਾਨੂੰ ਬਹੁਤ ਕੁਝ ਕਹਿਣਾ ਚਾਹੁੰਦੀ ਪਰ ਤੁਸੀਂ ਉਦਾਸੀ ਵਿਚੋਂ ਹੀ ਨਵੀਆਂ ਸਿਖਰਾਂ ਦੀ ਬੁਲੰਦੀ ਬਣਨਾ ਚਾਹੁੰਦੇ ਹੋ। ਇਸ ਬੁਲੰਦਗੀ ਲਈ ਜ਼ਰੂਰੀ ਹੁੰਦਾ ਕਿ ਉਦਾਸ ਪਲਾਂ ਨੂੰ ਹੁਲਾਸ ਪਲਾਂ ਵਿਚ ਤਬਦੀਲ ਕਰਨ ਦੀ ਜੁਗਤ ਜਾਣੀਏ। ਹਤਾਸ਼ ਪਹਿਰ ਨੂੰ ਹਸਾਸ ਵਕਤ ਦੀ ਤਸ਼ਬੀਹ ਦੇਈਏ। ਮਨ-ਮਾਰੂ ਖਿ਼ਆਲਾਂ ਦੀ ਜੂਹ ਵਿਚ ਜਿਊਣ-ਜੋਗੇ ਖ਼ਾਬ ਧਰੀਏ।
ਆਪਣੀ ਉਦਾਸੀ ਨੂੰ ਹਿੱਕ ਵਿਚ ਲੁਕੋ ਕੇ, ਕਿਸੇ ਦੀ ਉਦਾਸ ਰੁੱਤ ਨੂੰ ਬਹਾਰ ਵਿਚ ਬਦਲਣ ਦੀ ਸੋਝੀ ਆ ਜਾਵੇ ਤਾਂ ਜਿ਼ੰਦਗੀ ਦੀ ਸਾਰਥਿਕਤਾ ਨੂੰ ਸਾਹਾਂ ਦੇ ਨਾਮ ਲਾਇਆ ਜਦ ਸਕਦਾ। ਉਦਾਸੀ ਦਾ ਗੀਤ ਲਿਖਣ ਲਈ ਜ਼ਰੂਰੀ ਹੈ ਕਿ ਖਿੱਲਰੇ ਵਾਲਾਂ ਵਾਲੇ ਹੱਥ ਅੱਡੀ ਨਿੱਕੇ ਜੇਹੇ ਬਾਲਕ ਦੀਆਂ ਅੱਖਾਂ ਵਿਚਲੀ ਤਰਾਸਦੀ ਨੂੰ ਸਮਝ ਸਕੀਏ। ਉਸਦੇ ਮਰ ਰਹੇ ਬਚਪਨ ਵੰਨੀਂ ਨੀਝ ਨਾਲ ਦੇਖਣਾ, ਪਤਾ ਲੱਗੇਗਾ ਕਿ ਉਦਾਸੀ ਦਾ ਗੀਤ ਕਿੰਨਾ ਗ਼ਹਿਰਾ ਅਤੇ ਇਸਨੂੰ ਗਾਉਣਾ ਕਿੰਨਾ ਕਠਨ। ਉਦਾਸੀ ਦੇ ਗੀਤ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਲੀਰਾਂ ਚੁਗ ਰਹੇ ਬੱਚੇ ਦੀ ਮਾਨਸਿਕਤਾ ਨੂੰ ਪੜ੍ਹਨਾ ਜੋ ਸਾਫ਼ ਸੁਥਰੀ ਵਰਦੀ ਵਿਚ ਸਕੂਲੇ ਜਾ ਰਹੇ ਬੱਚਿਆਂ ਨਂੂੰ ਦੇਖ ਮਨ-ਮਸੋਸ ਕੇ ਰਹਿ ਜਾਂਦਾ ਕਿ ਉਸਦੇ ਹਿੱਸੇ ਦੇ ਪੂਰਨੇ ਉਸ ਤੋਂ ਹੀ ਕਿਉਂ ਰੁੱਸ ਗਏ?
ਉਦਾਸੀ ਦੀ ਗੀਤਕਾਰੀ ਲਈ ਅਤਿ ਜ਼ਰੂਰੀ ਹੈ ਕਿ ਸਿਰ `ਤੇ ਪਰਨਾ ਵਲੇਟੇ, ਵੱਟ `ਤੇ ਬੈਠੇ ਉਸ ਕਿਸਾਨ ਦੀ ਮਨੋਦਿਸ਼ਾ ਨੂੰ ਚੇਤਿਆਂ ਵਿਚ ਲਿਆਣਾ ਜਿਸਦੀ ਫਸਲ ਸੱਥਰ ਬਣ ਕੇ ਉਸਦੇ ਭਵਿੱਖੀ ਸੁਪਨਿਆਂ ਨੂੰ ਧੁਆਂਖ ਗਈ ਹੋਵੇ। ਇਨ੍ਹਾਂ ਸੁਪਨਿਆਂ ਦੇ ਸੇਕ ਵਿਚ ਉਸਨੇ, ਉਸਦੇ ਪਰਿਵਾਰ ਅਤੇ ਬੱਚਿਆਂ ਦਾ ਬਹੁਤ ਕੁਝ ਰਾਖ਼ ਹੋ ਗਿਆ ਜਿਸ ਨੇ ਚੌਗਿਰਦੇ ਦੀ ਮਹਿਕ ਬਣਨਾ ਸੀ।
ਉਦਾਸੀ ਰਿਸ਼ਤਿਆਂ ਨੂੰ ਘੇਰਦੀ ਤਾਂ ਸਕੀਰੀਆਂ ਸੁੰਗੜ ਜਾਂਦੀਆਂ। ਉਦਾਸੀ ਲਹੂ ਵਿਚ ਰਚਦੀ ਤਾਂ ਆਪਣੇ ਹੱਥ ਹੀ ਤੁਹਾਡੇ ਲਈ ਕਬਰ ਦੀ ਖੁਦਾਈ ਕਰਦੇ। ਉਦਾਸੀ ਮਿੱਤਰ-ਮੋਹ ਵਿਚ ਘੁਲਦੀ ਤਾਂ ਸੁਖਨ-ਸੁਨੇਹੇ ਖਾਮੋਸ਼ ਹੋ ਜਾਂਦੇ। ਉਦਾਸੀ ਹੋਠਾਂ `ਤੇ ਜੰਮ ਜਾਵੇ ਤਾਂ ਬੋਲ ਸਹਿਮ ਜਾਂਦੇ। ਉਦਾਸੀ ਸ਼ਬਦਾਂ `ਚੋਂ ਸਿੰਮਣ ਲੱਗ ਪਵੇ ਤਾਂ ਵਰਕਿਆਂ `ਤੇ ਘਰਾਲਾਂ ਵਗਦੀਆਂ। ਉਦਾਸੀ ਕਦਮਾਂ ਵਿਚ ਉਗ ਆਵੇ ਤਾਂ ਸਫ਼ਰ ਸੋਗੀ ਹੋ ਜਾਂਦਾ। ਉਦਾਸੀ ਸ਼ੌਕ ਨੂੰ ਗਲੱਛ ਲਵੇ ਤਾਂ ਪੱਲੇ `ਚ ਰਹਿ ਜਾਂਦੀ ਮਜਬੂਰੀ। ਉਦਾਸੀ ਤਾਂਘ ਵਿਚ ਪਨਪਣ ਲੱਗੇ ਤਾਂ ਤਮੰਨਾਵਾਂ ਤੜਫਣ ਲੱਗਦੀਆਂ। ਉਦਾਸੀ, ਆਸ ਨੂੰ ਬੇਆਸ ਕਰੇ ਤਾਂ ਉਮੀਦਾਂ ਦੇ ਚਿਰਾਗ ਹਟਕੋਰੇ ਭਰਨ ਲੱਗਦੇ। ਉਦਾਸੀ ਗਲਵੱਕੜੀ `ਚ ਪਨਾਹ ਲਵੇ ਤਾਂ ਨਿੱਘ ਬਰਫ਼ ਹੋ ਜਾਂਦਾ।
ਭੋਲਿਆ! ਉਦਾਸ ਹਾਸਿਆਂ ਨਾਲ ਚਿੱੜਗਿਲੀ ਦੀ ਕਦੇ ਕਲਪਨਾ ਨਹੀਂ ਕਰੀਦੀ। ਉਦਾਸ ਤੱਕਣੀ `ਚ ਅਕਸਰ ਹੀ ਝਉਲਿਆਂ ਦੀ ਚਿੱਤਰਕਾਰੀ ਹੀ ਹੁੰਦੀ। ਉਦਾਸ ਦਰਿਆ ਹਮੇਸ਼ਾ ਬਰੇਤਿਆਂ ਦੀ ਬਸਤੀ ਹੁੰਦੇ। ਫਿਜ਼ਾ ਉਦਾਸ ਹੁੰਦੀ ਤਾਂ ਪੌਣ ਦੀ ਘਿੱਗੀ ਬੱਝਦੀ। ਰਾਤ ਉਦਾਸ ਹੋ ਜਾਵੇ ਤਾਂ ਧਰਤੀ `ਤੇ ਮੱਸਿਆ ਪਸਰਦੀ। ਸੂਰਜ ਉਦਾਸ ਹੋਵੇ ਤਾਂ ਸਮੁੱਚੀ ਕਾਇਨਾਤ ਗ੍ਰਹਿਣੀ ਜਾਂਦੀ। ਉਦਾਸੀ ਦਰਾਂ `ਤੇ ਦਸਤਕ ਦੇਵੇ ਤਾਂ ਘਰ ਪੱਥਰ ਹੋ ਜਾਂਦਾ। ਉਦਾਸ ਵਕਤਾਂ ਵਿਚ ਦਿਨ ਵੀ ਰਾਤ ਵਰਗਾ ਹੀ ਹੁੰਦਾ। ਉਦਾਸ ਰਾਤ ਵਿਚ ਪੁੰਨਿਆਂ ਵੀ ਮਸੋਸੀ ਜਾਂਦੀ।
ਉਦਾਸ ਦਿਲਾਂ ਨੂੰ ਹਮਦਰਦ ਤਾਂ ਮਿਲ ਜਾਂਦੇ ਪਰ ਹਮਸਫ਼ਰ ਨਹੀਂ ਮਿਲਦੇ। ਉਦਾਸ ਜਿੰ਼ਦਗੀ ਰੁਆਂਸੀ ਜਾਵੇਗੀ। ਸੋ ਜਿੰ਼ਦਗੀ `ਚ ਮੁਸਕਰਾਹਟ ਵੰਡਦੇ ਰਹੋ। ਯਾਦ ਰੱਖੋ! ਉਦਾਸੀ ਉਦਾਸੀਨਤਾ ਨਹੀਂ ਹੁੰਦੀ। ਸਗੋਂ ਉਦਮਸ਼ੀਲਤਾ ਦਾ ਅਲਹਾਮ ਹੁੰਦੀ। ਉਦਾਸੀ ਸਦਾ ਸਰਾਪ ਨਹੀਂ ਹੁੰਦੀ ਕਈ ਵਾਰ ਸਗੋਂ ਇਹੀ ਵਰਦਾਨ ਹੁੰਦੀ।
ਉਦਾਸ ਮੌਸਮ ਦਰਅਸਲ ਬਿਰਖ਼-ਬੰਦਗੀ ਦਾ ਇਮਤਿਹਾਨ ਹੁੰਦਾ। ਉਦਾਸ ਰੁੱਤ ਵਿਚ ਅਕਸਰ ਹੀ ਭਲੇ ਲੋਕ ਉਦਾਸੀਆਂ `ਤੇ ਨਿਕਲਦੇ। ਮਨ ਦੀ ਉਦਾਸੀ ਜਦ ਸੋਚ ਦੇ ਸਫ਼ਰ `ਤੇ ਨਿਕਲਦੀ ਤਾਂ ਤਹਿਰੀਕ ਸਿਰਜੀ ਜਾਂਦੀ। ਉਦਾਸ ਰੁੱਤ `ਚ ਪੁੰਗਰਦੀਆਂ ਕਰੂੰਬਲਾਂ ਹੀ ਪਤੜੱਝਾਂ ਦੇ ਵਿਹੜੇ `ਚ ਬਹਾਰ ਦਾ ਸੰਦੇਸ਼ ਹੁੰਦੀਆਂ। ਉਦਾਸੀ ਤੋਂ ‘ਉਦਾਸੀ’ ਤੀਕ ਦੀ ਯਾਤਰਾ ਸਿਰਫ਼ ਕਰਮਯੋਗੀ ਕਰਦੇ। ‘ਉਦਾਸੀ’ ਦੌਰਾਨ ਵਜਦ `ਚ ਆਈ ਰਬਾਬ ਬਾਣੀ ਦਾ ਅਲਹਾਮ ਹੁੰਦਾ। ‘ਉਦਾਸੀ’ ਦੇ ਆਲਮ `ਚ ਹਾਕਮ ਨੂੰ ਵੰਗਾਰਿਆ ਤੇ ਰੱਬ ਨੂੰ ਉਲਾਹਮਾ ਦਿੱਤਾ ਜਾਂਦਾ। ਉਦਾਸੀ ਹਮੇਸ਼ਾ ਸਫ਼ਰ `ਤੇ। ਕਦੇ ਬਾਹਰੋਂ ਅੰਦਰ ਨੂੰ ਅਤੇ ਕਦੇ ਅੰਦਰੋਂ ਬਾਹਰ ਨੂੰ ਤੁਰਦੀ। ਅੰਦਰ ਵੱਸਦੀ ਉਦਾਸੀ ਜਦ ਚਿਹਰੇ `ਤੇ ਨਜ਼ਰ ਨਾ ਆਵੇ ਤਾਂ ਸਮਾਂ ਸ਼ਰਮਸ਼ਾਰ ਹੋ ਜਾਂਦਾ।
ਉਦਾਸੀ
ਪੈਗੰਬਰ ਵੀ ਬਣਾਉਂਦੀ ਤੇ ਪੀਰ ਵੀ।
ਫੱਕਰ ਵੀ ਹੁੰਦੀ ਤੇ ਫਕੀਰ ਵੀ।
ਖੁਦ ਨਾਲ ਪਿਆਰ ਤੇ ਖੁਦ ਤੋਂ ਦਿਲਗੀਰ ਵੀ।
ਕਦੇ ਤਿੜਕਦੀ ਆਸ ਤੇ ਕਦੇ ਬੰਨਾਈ ਧੀਰ ਵੀ।
ਕਦੇ ਇਕੱਲ ਦੀ ਹਾਮੀ ਤੇ ਕਦੇ ਉਮਰਾਂ ਦੀ ਸੀਰ ਵੀ।
ਕਦੇ ਸਿਰ ਦਾ ਤਾਜ ਤੇ ਕਦੇ ਪਰਨੇ ਦੀ ਲੀਰ ਵੀ।
ਕਦੇ ਬੱਦਲਾਂ ਦੇ ਲਕੋਏ ਚੰਨ ਕਾਰਨ ਚਾਨਣੀ ਦੇ ਮਨ ਵਿਚ ਉਤਰੀ ਉਦਾਸੀ ਦੀ ਅਰਥਕਾਰੀ ਕਰਨਾ ਜਿਹੜੀ ਰਾਤ ਨੂੰ ਦਿਲਜਾਨੀਆਂ ਦੀ ਮੁਹੱਬਤੀ ਸਾਂਝ ਦੇ ਦੀਦਾਰੇ ਕਰਨ ਦੀ ਤਾਂਘ ਨੂੰ ਮਨ ਵਿਚ ਦਫ਼ਨਾਉਣ ਲਈ ਮਜਬੂਰ ਹੋ ਜਾਵੇ। ਉਦਾਸੀ ਦਾ ਰੰਗ ਉਸ ਬਿਰਖ਼ ਦੇ ਪਿੰਡੇ `ਤੇ ਉਘੜਵੇਂ ਰੂਪ ਵਿਚ ਜ਼ਰੂਰ ਦੇਖਣਾ ਜਿਹੜਾ ਪੱਤਹੀਣ ਹੋਇਆ ਵੀ, ਬਰਫ਼ਬਾਰੀ ਨੂੰ ਜੀਰਦਾ ਅਤੇ ਆਪਣੀ ਅੰਦਰਲੀ ਅੱਗ ਨੂੰ ਬਾਲੀ ਰੱਖਣ ਲਈ ਹੱਡਾਂ ਨੂੰ ਵੀ ਬਾਲਣ ਤੋਂ ਗੁਰੇਜ਼ ਨਹੀਂ ਕਰਦਾ।
ਉਦਾਸੀ ਤਾਂ ਅੰਬਰ ਨੂੰ ਆਪਣੇ ਕਲਾਵੇ ਵਿਚ ਲੈ ਹੀ ਲੈਂਦੀ ਜਦ ਸੂਰਜ ਦੀ ਅੱਖ ਵਿਚ ਤੀਲਾ ਪੈ ਜਾਵੇ, ਦਿਨ ਨੂੰ ਆਪਣੀ ਅਰਥੀ ਢੋਣ ਲਈ ਮਜਬੂਰ ਹੋਣਾ ਪੈ ਜਾਵੇ ਜਾਂ ਚਾਨਣ-ਲੋਚਾ, ਕਾਲ-ਕੋਠੜੀ ਵਿਚ ਦਮ ਤੋੜ ਰਹੀ ਹੋਵੇ। ਉਦਾਸੀ ਅੰਤਰੀਵ ਵਿਚ ਬਹੁਤ ਡੂੰਘੀ ਉਤਰ ਜਾਂਦੀ ਜਦ ਆਪਣਿਆਂ ਦੀ ਤੱਕਣੀ ਤੁਹਾਡੇ ਮਨ ਵਿਚ ਭਵਿੱਖੀ ਕਹਿਰ ਦਾ ਖ਼ੌਫ ਪੈਦਾ ਕਰਦੀ। ਉਸ ਡਰ ਕਾਰਨ ਬੰਦਾ ਸਾਹਸੱਤ-ਹੀਣ ਹੋ, ਮੌਤ-ਮੰਗਣ ਦੀ ਨੌਬਤ ਤੀਕ ਪਹੁੰਚ ਜਾਂਦਾ।
ਉਦਾਸੀ ਦੀ ਰੁੱਤ ਹਰ ਬਿਰਖ਼ `ਤੇ ਆਪਣਾ ਆਲ੍ਹਣਾ ਪਾਉਣਾ ਲੋਚਦੀ ਪਰ ਇਹ ਬਿਰਖ਼ ਦਾ ਸਿਰੜ ਕਿ ਉਹ ਉਦਾਸ ਰੁੱਤ ਵਿਚ ਕੁਮਲਾ ਜਾਣ ਦੀ ਬਜਾਏ ਇਸ ਉਦਾਸੀ ਨੂੰ ਖੁਸ਼ਗਵਾਰ ਪਲਾਂ ਵਿਚ ਬਦਲ ਦਿੰਦਾ। ਉਦਾਸੀ ਜੀਵਨ ਦਾ ਅੰਗ। ਜੀਵਨ ਵਿਚੋਂ ਇਸਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੀਵਨ ਕਦੇ ਵੀ ਇਕਸਾਰ ਨਹੀਂ ਹੁੰਦਾ। ਪਰ ਅਸੀਂ ਉਦਾਸੀ ਦੇ ਗਹਿਰੇ ਦਰਿਆ ਨੂੰ ਤਰ ਕੇ ਹੁਸੀਨ ਪਲਾਂ ਨੂੰ ਹਾਸਲ ਬਣਾ ਸਕਦੇ ਹਾਂ। ਉਦਾਸ ਵਕਤ ਦੀ ਕੁੱਖ ਵਿਚ ਵੀ ਅਣਮੁੱਲੇ ਰਤਨ ਪਰ ਇਨ੍ਹਾਂ ਦੀ ਨਿਸ਼ਾਨਦੇਹੀ ਕਰਨ ਲਈ ਜ਼ਰੂਰੀ ਹੁੰਦਾ ਹੈ ਖੁਦ ਨੂੰ ਉਦਾਸੀ ਦੇ ਡੰੂਘੇ ਪਾਣੀਆਂ ਨੂੰ ਹੰਘਾਲਣਾ ਪੈਦਾ ਅਤੇ ਫਿਰ ਹੀ ਕੁਝ ਹਾਸਲ ਹੋ ਸਕਦਾ।
ਉਦਾਸੀ ਵਿਚ ਮੁਸਕਰਾਉਣ ਦੇ ਹੁਨਰ-ਪ੍ਰਾਪਤੀ ਲਈ ਜ਼ਰੂਰੀ ਹੁੰਦਾ ਹੈ ਜੀਵਨ ਵਿਚਲੀਆਂ ਨਿਰਮੂਲ ਜਾਪਦੀਆਂ ਖੁਸ਼ੀਆਂ ਨੂੰ ਮਾਣਦੇ ਰਹੀਏ। ਉਦਾਸ ਬਿਰਖ਼ ਤੇ ਉਦਾਸ ਰਾਹੀ ਜਦ ਇਕ ਦੂਜੇ ਦੇ ਗਲ ਲੱਗ ਕੇ ਰੋਂਦੇ ਤਾਂ ਪਤਾ ਨਹੀਂ ਲੱਗਦਾ ਕਿ ਕੌਣ ਕਿਸਨੂੰ ਹੌਸਲਾ ਦੇ ਰਿਹਾ ਕਿਉਂਕਿ ਕੋਈ ਵੀ ਨਹੀਂ ਦੱਸਣਾ ਚਾਹੁੰਦਾ ਕਿ ਉਹ ਉਦਾਸ ਕਿਉਂ ਹੈ? ਦਰਅਸਲ ਮੋਹਵੰਤੀ ਗਲਵਕੜੀ ਵਿਚ ਉਦਾਸ ਵਕਤ ਦਾ ਖਿ਼ਆਲ ਹੀ ਨਹੀਂ ਰਹਿੰਦਾ।
ਦਿਲ ਦੀ ਉਦਾਸੀ ਨੂੰ ਦੂਰ ਕਰਨ ਲਈ ਇਕ ਅਜੇਹੇ ਪਿਆਰੇ ਦੀ ਜ਼ਰੂਰਤ ਹੁੰਦੀ ਜਿਸਨੂੰ ਉਦਾਸੀ ਦੇ ਕਾਰਨ ਦੱਸੇ ਬਗੈਰ, ਉਸਦੇ ਮੋਢੇ `ਤੇ ਸਿਰ ਰੱਖ ਕੇ ਦਿਲ ਦਾ ਬੋਝ ਹਲਕਾ ਕਰ ਸਕੀਏ। ਕੁਝ ਲੋਕ ਇੰਨੀ ਪਰਦਾਦਾਰੀ ਨਾਲ ਮੁਸਕਰਾਉਂਦੇ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਉਤਰੀ ਉਦਾਸੀ ਕਦੇ ਨਜ਼ਰ ਨਹੀਂ ਆਉਂਦੀ। ਕੁਝ ਤਾਂ ਇੰਨੀ ਮੁਹਾਰਤ ਨਾਲ ਆਪਣਿਆਂ ਨਾਲ ਗੱਲਾਂ ਕਰਦੇ ਨੇ ਕਿ ਉਨ੍ਹਾਂ ਦੇ ਬੋਲਾਂ ਵਿਚ ਜਜ਼ਬ ਹੋਈ ਉਦਾਸੀ ਨੂੰ ਸੁਣਿਆ ਹੀ ਨਹੀਂ ਜਾ ਸਕਦਾ। ਪਰ ਉਦਾਸੀ ਤਾਂ ਉਦਾਸੀ ਹੈ ਯਾਰੋ ਇਸਨੇ ਤਾਂ ਜੱਗ-ਜ਼ਾਹਰ ਹੋਣਾ ਹੀ ਹੋਇਆ, ਕਦੇ ਸੁਚੇਤ ਅਤੇ ਕਦੇ ਅਚੇਤ।
ਉਦਾਸੀ ਕਦੇ ਬੇਵਜ੍ਹਾ ਨਹੀਂ ਹੁੰਦੀ। ਇਹ ਅਦਿੱਖ ਚੀਸ, ਅਸਹਿ ਸਦਮਾ, ਅਕਹਿ ਦਰਦ ਤੇ ਅਸ਼ਬਦ ਪੀੜਾ ਦਾ ਚੁੱਪ-ਗੀਤ ਹੁੰਦੀ ਹੈ। ਛੱਤ `ਤੇ ਬੱਚਿਆਂ ਦੇ ਦੁੜੰਗੇ ਮਾਯੂਸ ਹੋ ਜਾਣ ਤਾਂ ਪਤੰਗ ਚੜ੍ਹਾਉਣ ਵਾਲੇ ਵੱਡੇ ਹੋ ਜਾਂਦੇ। ਝਦ ਵਿਹੜੇ ਦੀ ਛੱਪੜੀ `ਚ ਮੀਂਹ ਦਾ ਪਾਣੀ ਤੇ ਕਾਗਜ਼ ਦੀ ਬੇੜੀ ਉਦਾਸ ਹੋ ਜਾਵੇ ਤਾਂ ਸਮਝੋ ਕਿ ਬੱਚੇ ਹੁਣ ਸਿਆਣੇ ਹੋ ਗਏ ਨੇ। ਅੱਖਾਂ ਦੀ ਉਦਾਸੀ ਤੋਂ ਤੱਰ ਕੇ ਮੁਸਕਰਾਹਟ ਤੀਕ ਦੇ ਸਫ਼ਰ ਨੂੰ ਮਨ ਦਾ ਲਿਬਾਸ ਬਣਾਉਣ ਵਾਲੇ ਲੋਕ ਦਰਅਸਲ ਉਦਾਸ ਰੁੱਤ ਦਾ ਜਸ਼ਨ ਹੁੰਦੇ। ਅਕਾਸ਼ ਉਦਾਸ ਹੋ ਕੇ ਜਦ ਬੱਦਲਾਂ ਨਾਲ ਗਹਿਰਾ ਹੋ ਜਾਂਦਾ ਤਾਂ ਉਦਾਸੀ, ਬਾਰਸ਼ ਦਾ ਰੂਪ ਧਾਰ ਧਰਤ ਨੂੰ ਭਿਉਂਦੀ।
ਸੱਜਣਾ! ਹੁਣ ਉਦਾਸੀ ਦੀ ਵਜ੍ਹਾ ਕੋਈ ਨਹੀਂ ਪੁੱਛਦਾ। ਯਾਰਾ! ਬਸ ਖੁਸ਼ ਰਿਹਾ ਕਰ ਤਾਂ ਹੀ ਮਿੱਤਰ-ਪਿਆਰੇ ਹਾਲ ਚਾਲ ਪੁੱਛਦੇ ਰਹਿਣਗੇ। ਉਦਾਸ ਰੁੱਤ ਸਦਾ ਉਦਾਸ ਹੀ ਨਹੀਂ ਹੁੰਦੀ। ਕਦੇ ਕਦਾਈਂ ਉਹ ਕੁਝ ਵੀ ਮਿਲ ਜਾਂਦਾ ਹੈ ਜਿਸਦੀ ਆਸ ਹੀ ਨਹੀਂ ਹੁੰਦੀ।
ਜੀਵਨ-ਉਦਾਸੀਆਂ ਤਾਂ ਵਰਕਿਆਂ `ਤੇ ਫੈਲ ਜਿ਼ੰਦਗੀ ਦੀ ਕਿਤਾਬ ਹੁੰਦੀਆਂ ਨੇ। ਇਸਨੂੰ ਪੜ੍ਹਦੇ ਰਹੀਏ ਤਾਂ ਹਸਾਸ ਦੀਆਂ ਰਿਸ਼ਮਾਂ ਉਗਦੀਆਂ। ਉਦਾਸ ਰੁੱਤ `ਚ ਟਾਹਣੀਆਂ ਪੱਤ-ਹੀਣ ਹੋ ਗਈਆਂ ਤੇ ਫੁੱਲ-ਪੱਤੀਆਂ ਕਿਰ ਗਈਆਂ ਅਤੇ ਆਲ੍ਹਣਾ ਬੇ-ਅਬਾਦ ਹੋ ਗਿਆ ਤਾਂ ਜੜ੍ਹਾਂ ਬੋਲੀਆਂ, ‘ਉਦਾਸ ਨਾ ਹੋ। ਅਸੀਂ ਹਰ ਉਦਾਸ ਰੁੱਤ ਦੀ ਕੁੱਖ `ਚ ਬਹਾਰ ਦੀਆਂ ਕਲਮਾਂ ਲਾਉਂਦੇ ਰਹਿਣਾ’। ਉਜੜੇ ਆਲ੍ਹਣੇ ਦੇ ਤੀਲਿਆਂ ਦੀ ਉਦਾਸੀ `ਚ, ਬੋਟਾਂ ਦੀ ਚਹਿਕਣੀ, ਪਰਿੰਦਿਆਂ ਦੀ ਗੁੱਟਕਣੀ ਤੇ ਚੋਹਲ-ਚੁੱਪ ਨੂੰ ਦੇਖ ਬਿਰਖ਼ ਨੇ ਆਲ੍ਹਣੇ ਨੂੰ ਕਿਹਾ, ‘ਫਿਕਰ ਨਾ ਕਰ ਐਂਵੇਂ। ਜ਼ਰੂਰ ਪਰਤਣਗੇ ਪਰਿੰਦੇ’।
ਸਭ ਤੋਂ ਅਹਿਮ ਹੁੰਦਾ ਏ ਇਕ ਉਦਾਸੀ ਦੇ ਸਫ਼ਰ ਨੂੰ ਸਦਾ ਜਾਰੀ ਰੱਖੋ। ਇਸਦੀ ਨਿਰੰਤਰਤਾ ਹੀ ਜੀਵਨ ਦਾ ਮੂਲ ਮੰਤਰ। ਇਸਦੇ ਜਾਪ ਵਿਚੋਂ ਹੀ ਅਸੀਂ ਫਿਰ ਉਸ ਉਦਾਸੀ ਤੇ ਖੁਦ ਨੂੰ ਤੋਰਦੇ ਜਿਸਦੀ ਇੱਛਾ ਖੁ਼ਦ ਨੂੰ ਖ਼ੁਦ ਅਤੇ ਖ਼ੁਦਾ ਦੇ ਦੀਦਾਰੇ ਕਰਵਾਉਂਦੀ।