ਭੁੱਲੇ ਵਿਸਰੇ ਖਿਡਾਰੀ: ਖਿਡਾਰੀ ਤੇ ਖੇਡ ਵਿਦਵਾਨ ਪ੍ਰੋ. ਗੁਰਬਖ਼ਸ਼ ਸਿੰਘ ਸੰਧੂ

ਪ੍ਰਿੰ. ਸਰਵਣ ਸਿੰਘ
ਪ੍ਰੋਫ਼ੈਸਰ ਗੁਰਬਖ਼ਸ਼ ਸਿੰਘ ਸੰਧੂ ਆਪਣੀ ਮਿਸਾਲ ਆਪ ਸੀ। ਨਵੀਂ ਪੀੜ੍ਹੀ ਉਸ ਨੂੰ ਨਹੀਂ ਜਾਣਦੀ ਤੇ ਪੁਰਾਣੀ ਪੀੜ੍ਹੀ ਵੀ ਭੁੱਲੀ ਬੈਠੀ ਹੈ। ਉਹ ਬਹੁਗੁਣਾ ਬੰਦਾ ਸੀ ਜੋ ਆਪਣੇ ਮਿੱਤਰ ਪਿਆਰੇ 400 ਮੀਟਰ ਦੇ ਏਸ਼ੀਆ ਚੈਂਪੀਅਨ ਡਾ. ਅਜਮੇਰ ਸਿੰਘ ਵਾਂਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਣ ਸੀ।

ਜਦੋਂ ਉਹ ਗਰਾਊਂਡ `ਚ ਜਾਂਦੇ ਤਾਂ ਖਿਡਾਰੀ ਆਪ-ਮੁਹਾਰੇ ਖੇਡ ਮੈਦਾਨਾਂ ਵੱਲ ਖਿੱਚੇ ਆਉਂਦੇ। ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿਚ ਰੌਣਕਾਂ ਲੱਗ ਜਾਂਦੀਆਂ। ਪ੍ਰੋਫੈ਼ਸਰ ਸੰਧੂ ਵਾਲੀਬਾਲ ਦਾ ਅੰਤਰਰਾਸ਼ਟਰੀ ਖਿਡਾਰੀ, ਕੌਮਾਂਤਰੀ ਕੋਚ ਤੇ ਖੇਡ ਮਨੋਵਿਗਿਆਨ ਦਾ ਮੰਨਿਆ ਦੰਨਿਆ ਮਾਹਿਰ ਸੀ। ਉਸ ਨੂੰ ਦੇਸ਼ ਪਰਦੇਸ ਦੇ ਅਨੇਕਾਂ ਮਾਣ ਸਨਮਾਨ ਮਿਲੇ। ਅਨੇਕਾਂ ਆਲਮੀ ਸੈਮੀਨਾਰਾਂ ਵਿਚ ਉਸ ਦੇ ਖੋਜ ਪੱਤਰ ਪੜ੍ਹੇ ਗਏ। ਉਸ ਦਾ ਜਨਮ 1 ਮਈ 1935 ਨੂੰ ਪਿੰਡ ਮਰਗਿੰਦਪੁਰਾ, ਤਹਿਸੀਲ ਪੱਟੀ ਵਿਚ ਊਧਮ ਸਿੰਘ ਸੰਧੂ ਦੇ ਘਰ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਹੋਇਆ ਸੀ। 1952-53 ਵਿਚ ਉਸ ਨੇ ਪੱਟੀ ਦੇ ਡੀਏਵੀ ਹਾਈ ਸਕੂਲ `ਚੋਂ ਦਸਵੀਂ ਪਾਸ ਕੀਤੀ। ਉਦੋਂ ਤੋਂ ਹੀ ਉਹ ਪੰਜਾਬ ਸਕੂਲ ਵਾਲੀਬਾਲ ਚੈਂਪੀਅਨਸਿ਼ਪ ਜਿੱਤਣ ਵਾਲੀ ਟੀਮ ਦਾ ਹੋਣਹਾਰ ਸਕੂਲੀ ਖਿਡਾਰੀ ਸੀ।
1954 ਤੋਂ 57 ਤਕ ਉਹ ਡੀਏਵੀ ਕਾਲਜ ਜਲੰਧਰ ਵਿਚ ਪੜ੍ਹਿਆ ਜਿਥੇ ਉਨ੍ਹਾਂ ਦੀ ਟੀਮ ਹਰ ਸਾਲ ਪੰਜਾਬ ਯੂਨੀਵਰਸਿਟੀ ਦੀ ਵਾਲੀਬਾਲ ਚੈਂਪੀਅਨਸਿ਼ਪ ਜਿੱਤਦੀ ਰਹੀ। ਕਾਲਜ ਦੀਆਂ ਜਿੱਤਾਂ ਵਿਚ ਉਸ ਦਾ ਅਹਿਮ ਰੋਲ ਹੁੰਦਾ। 1958-59 `ਚ ਉਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਾਲੀਬਾਲ ਚੈਂਪੀਅਨਸਿ਼ਪ ਜਿੱਤਣ ਵਾਲੀ ਪੰਜਾਬ ਯੂਨੀਵਰਸਿਟੀ ਟੀਮ ਦਾ ਕਪਤਾਨ ਸੀ। ਤਦ ਤਕ ਉਸ ਨੇ ਐੱਮ. ਏ. ਦੀ ਡਿਗਰੀ ਹਾਸਲ ਕਰ ਲਈ ਸੀ। 1957 ਤੋਂ 61 ਤੱਕ ਉਹ ਪੰਜਾਬ ਰਾਜ ਵੱਲੋਂ ਵਾਲੀਬਾਲ ਦੀ ਨੈਸ਼ਨਲ ਚੈਂਪੀਅਨਸਿ਼ਪ ਖੇਡਿਆ। 1961 ਵਿਚ ਉਨ੍ਹਾਂ ਦੀ ਟੀਮ ਨੈਸ਼ਨਲ ਚੈਂਪੀਅਨ ਬਣੀ ਜਿਸ ਵਿਚ ਉਸ ਦਾ ਵਿਸ਼ੇਸ਼ ਯੋਗਦਾਨ ਸੀ। 1960-61 ਵਿਚ ਉਹ ਭਾਰਤੀ ਵਾਲੀਬਾਲ ਟੀਮ ਦਾ ਮੈਂਬਰ ਬਣ ਕੇ ਸੋਵੀਅਤ ਰੂਸ ਵਿਚ ਮਾਸਕੋ ਦਾ ਵਾਲੀਬਾਲ ਟੂਰਨਾਮੈਂਟ ਖੇਡਣ ਗਿਆ। 1961 ਵਿਚ ਲਾਹੌਰ ਦਾ ਇੰਟਨੈਸ਼ਨਲ ਵਾਲੀਬਾਲ ਗੋਲਡ ਕੱਪ ਖੇਡਿਆ ਤੇ ਜਪਾਨ ਵਿਰੁੱਧ ਖੇਡਣ ਵਾਲੀ ਭਾਰਤੀ ਟੀਮ ਵਿਚ ਚੁਣਿਆ ਗਿਆ। ਫਿਰ ਐੱਨ ਆਈ ਐੱਸ ਪਟਿਆਲੇ ਦੇ ਪਹਿਲੇ ਬੈਚ ਵਿਚ ਸ਼ਾਮਲ ਹੋ ਕੇ ਉਸ ਨੇ ਵਾਲੀਬਾਲ ਦੀ ਕੋਚਿੰਗ ਦਾ ਕੋਰਸ ਪਾਸ ਕੀਤਾ। ਫਿਰ ਉਹ ਕੁਝ ਸਮਾਂ ਡੀਏਵੀ ਕਾਲਜ ਅੰਮ੍ਰਿਤਸਰ ਅਤੇ ਸਟੇਟ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲੇ ਵਿਚ ਵਾਲੀਬਾਲ ਦਾ ਕੋਚ ਰਿਹਾ। ਉਹ ਜੁੱਸੇ ਦਾ ਇਕਹਿਰਾ ਸੀ ਤੇ ਕੱਦ ਦਾ ਲੰਮਾ। ਮੈਂ ਜਿੰਨੀ ਵਾਰ ਵੀ ਉਸ ਨੂੰ ਮਿਲਿਆ ਉਹਦੀ ਬੋਲ ਬਾਣੀ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਹ ਬੜਾ ਸੁਹਿਰਦ ਇਨਸਾਨ ਸੀ।
1963 ਵਿਚ ਉਸ ਨੂੰ ਸੋਵੀਅਤ ਰੂਸ ਵੱਲੋਂ ਐਡਵਾਂਸ ਟ੍ਰੇਨਿੰਗ ਤੇ ਕੋਚਿੰਗ ਦਾ ਸਕਾਲਰਸਿ਼ਪ ਮਿਲਿਆ। ਉਸ ਨੇ ਤਾਸ਼ਕੰਦ ਯੂਨੀਵਰਸਿਟੀ ਤੋਂ ਰੂਸੀ ਭਾਸ਼ਾ ਦੀ ਮੁਹਾਰਤ ਹਾਸਲ ਕਰ ਕੇ ਲੈਨਿਨਗਰਾਦ ਦੇ ਸਪੋਰਟਸ ਇੰਸਟੀਚਿਊਟ ਤੋਂ ਐਡਵਾਂਸ ਕੋਚਿੰਗ ਅਤੇ ਖੇਡ ਮਨੋਵਿਗਿਆਨ ਦੀ ਡਿਗਰੀ ਪ੍ਰਾਪਤ ਕੀਤੀ। ਉਸ ਕੋਲ ਦੋ ਸਾਲ ਮਾਸਟਰ ਆਫ਼ ਸਪੋਰਟਸ ਕਰਨ ਵਾਲਿਆਂ ਦੀ ਵਾਲੀਬਾਲ ਟੀਮ ਪੀਟਰਜ਼ਬਰਗ ਦਾ ਚਾਰਜ ਰਿਹਾ। 1966 `ਚ ਉਹ ਖੇਡ ਵਿਭਾਗ ਪੰਜਾਬ ਵਿਚ ਸੀਨੀਅਰ ਵਾਲੀਬਾਲ ਕੋਚ ਲੱਗ ਗਿਆ ਤੇ ਭਾਰਤੀ ਵਾਲੀਬਾਲ ਟੀਮ ਦਾ ਕੋਚ ਬਣਿਆ। 1972 ਵਿਚ ਉਹ ਖੇਡ ਵਿਭਾਗ ਛੱਡ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਰੀਰਕ ਸਿੱਖਿਆ ਵਿਭਾਗ `ਚ ਸੀਨੀਅਰ ਲੈਕਚਰਾਰ ਲੱਗਾ ਜਿੱਥੋਂ 1995 ਵਿਚ ਵਿਭਾਗ ਦੇ ਚੇਅਰਮੈਨ ਵਜੋਂ ਰਿਟਾਇਰ ਹੋਇਆ ਪਰ 1998 ਤਕ ਐਕਸਟੈਨਸ਼ਨ `ਤੇ ਕਾਰਜ ਕਰਦਾ ਰਿਹਾ। 1972 ਤੋਂ 98 ਤੱਕ ਉਸ ਨੇ ਸੈਂਕੜੇ ਵਿਦਿਆਰਥੀਆਂ ਨੂੰ ਖੇਡਾਂ ਖੇਡਣ ਦੀ ਲਗਨ ਲਾਈ ਅਤੇ ਸਰੀਰਕ ਸਿੱਖਿਆ ਦੇਣ ਨਾਲ ਖੇਡਾਂ ਦੇ ਖੋਜ ਖੇਤਰ ਵਿਚ ਵੀ ਅਗਵਾਈ ਕੀਤੀ। ਉਹ ਨੈਸ਼ਨਲ ਕੋਚਜ਼ ਆਫ਼ ਇੰਡੀਆ ਦੇ ਪੈਨਲ ਵਿਚ ਰਿਹਾ ਅਤੇ 1993 ਤੋਂ 96 ਤਕ ਸਪੋਰਟਸ ਸਾਈਕਾਲੋਜੀ ਐਸੋਸੀਏਸ਼ਨ ਆਫ਼ ਇੰਡੀਆ ਦਾ ਸੀਨੀਅਰ ਮੀਤ ਪ੍ਰਧਾਨ ਰਿਹਾ। 2000 ਵਿਚ ਉਸ ਨੂੰ ਇੰਗਲੈਂਡ ਦੇ ਬੈੱਡਫੋਰਡ ਇੰਡੀਅਨ ਸਪੋਰਟਸ ਫੈਸਟੀਵਲ `ਚ ਗੈੱਸਟ ਆਫ਼ ਆਨਰ ਬਣਾਇਆ ਗਿਆ। ਉਸ ਨੂੰ ਉਮਰ ਭਰ ਦੀਆਂ ਖੇਡ ਤੇ ਸਿੱਖਿਆ ਸੇਵਾਵਾਂ ਲਈ ਸਪੋਰਟਸ ਸਾਈਕਾਲੋਜੀ ਆਫ਼ ਇੰਡੀਆ ਦਾ 2010-11 ਦਾ ਪੁਰਸਕਾਰ ਦਿੱਤਾ ਗਿਆ। ਆਖ਼ਰ 22 ਮਾਰਚ 2015 ਨੂੰ ਉਸ ਦਾ ਦੁਖਦਾਈ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹੁਣ ਵਿਦੇਸ਼ਾਂ ਵਿਚ ਸਥਾਪਿਤ ਹਨ।
ਪ੍ਰੋ. ਗੁਰਬਖ਼ਸ਼ ਸਿੰਘ ਸੰਧੂ ਨੂੰ ਭਾਰਤ ਵਿਚ ਸਪੋਰਟਸ ਸਾਈਕਾਲੋਜੀ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਖੇਡ ਖੇਤਰ ਦੇ ਗੰਭੀਰ ਸਕਾਲਰ ਵਜੋਂ ਤੀਹ ਖੋਜ ਪੱਤਰ ਲਿਖੇ ਜੋ ਦੇਸ ਪ੍ਰਦੇਸ ਦੇ ਸੈਮੀਨਾਰਾਂ ਵਿਚ ਪੇਸ਼ ਕੀਤੇ ਅਤੇ ਚਾਰ ਖੋਜ ਪੁਸਤਕਾਂ ਲਿਖੀਆਂ। ਉਨ੍ਹਾਂ ਵਿਚ ਸਪੋਰਟਸ ਸਾਈਕਾਲੋਜੀ ਦੀਆਂ ਰੂਸੀ ਤੋਂ ਅੰਗਰੇਜ਼ੀ `ਚ ਅਨੁਵਾਦ ਕੀਤੀਆਂ ਗਈਆਂ ਦੋ ਵਿਸ਼ੇਸ਼ ਪੁਸਤਕਾਂ ਹਨ। ਉਸ ਨੇ 1978 ਤੋਂ ਐਡਮਿੰਟਨ ਕੈਨੇਡਾ ਵਿਖੇ, ਸਪੋਰਟਸ ਸਾਈਕਾਲੋਜੀ ਕਾਨਫਰੰਸ ਅਤੇ 1982 ਤੋਂ ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਮੁੱਖ ਬੁਲਾਰੇ ਵਜੋਂ ਭਾਗ ਲਿਆ। ਖੇਡਾਂ ਖੇਡਣ, ਅਧਿਆਪਨ ਕਰਨ ਤੇ ਕੋਚਿੰਗ ਦੇਣ ਵੱਲੋਂ ਰਿਟਾਇਰ ਹੋਣ ਪਿੱਛੋਂ ਉਹ ਵਿਦਿਆਰਥੀਆਂ ਨੂੰ ਪੀਐੱਚਡੀ ਕਰਨ ਲਈ ਗਾਈਡ ਕਰਦਾ ਰਿਹਾ, ਖੋਜ ਪੱਤਰ ਤੇ ਪੁਸਤਕਾਂ ਲਿਖਦਾ ਰਿਹਾ ਅਤੇ ਹੋਮਿEਪੈਥਿਕ ਦਵਾਈਆਂ ਦੀ ਵਰਤੋਂ ਕਰਦਿਆਂ ਖਿਡਾਰੀਆਂ ਦੀਆਂ ਸੱਟਾਂ ਫੇਟਾਂ ਤੇ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਦਾ ਰਿਹਾ। ਖੇਡਣ ਦੌਰਾਨ ਖਾਧੀਆਂ ਕੁਝ ਸੱਟਾਂ ਕਾਰਨ ਪਿਛਲੇਰੀ ਉਮਰੇ ਉਹ ਉਪਰਾਮ ਰਹਿਣ ਲੱਗ ਪਿਆ ਸੀ ਜਿਸ ਕਰਕੇ ਅਚਾਨਕ ਭਾਣਾ ਵਰਤ ਗਿਆ। ਉਹ ਵਿਦਿਆਰਥੀਆਂ, ਖਿਡਾਰੀਆਂ ਤੇ ਆਂਢ ਗੁਆਂਢ ਦੇ ਬੱਚਿਆਂ ਲਈ ਪਿਤਾ ਸਮਾਨ ਸੀ। ਮਿੱਠਾ, ਪਿਆਰਾ ਤੇ ਮਿਲਣਸਾਰ ਇਨਸਾਨ ਸੀ ਜੋ ਹਮੇਸ਼ਾਂ ਦੂਜਿਆਂ ਦਾ ਭਲਾ ਲੋਚਦਾ ਸੀ। ਉਹਦਾ ਘਰ ਹਰ ਆਏ ਗਏ ਲਈ ਖੁੱਲ੍ਹਾ ਸੀ ਜਿਥੇ ਬਰੇਕਫਾਸਟ, ਲੰਚ ਤੇ ਡਿਨਰ ਦਾ ਸਦਾਵਰਤ ਚਲਦਾ ਰਹਿੰਦਾ ਸੀ। ਜਿਹੜਾ ਇਕ ਵਾਰ ਮਿਲ ਲੈਂਦਾ ਸੀ ਮੁੜ ਕੇ ਨਹੀਂ ਸੀ ਭੁੱਲਦਾ। ਅਜਿਹੇ ਜਿਊੜੇ ਨਿੱਤ ਨਿੱਤ ਨਹੀਂ ਜੰਮਦੇ।