ਕੈਨੇਡਾ ਜਾਣ ਲਈ ਹੁਣ ਵਿਦਿਆਰਥੀਆਂ ਨੂੰ ਆਇਲਟਸ ਦੀ ਲੋੜ ਨਹੀਂ

ਨਵੀਂ ਦਿੱਲੀ: ਕੈਨੇਡਾ ਦੇ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸ.ਡੀ.ਐਸ.) ਲਈ ਹੁਣ ਟੋਫਲ (ਟੈਸਟ ਆਫ ਇੰਗਲਿਸ਼ ਐਜ ਫੋਰੇਨ ਲੈਂਗੂਏਜ) ਟੈਸਟ ਵੀ ਸਵੀਕਾਰ ਕੀਤਾ ਜਾਵੇਗਾ।

ਐਸ.ਡੀ.ਐਸ. ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਪ੍ਰੋਸੈਸਿੰਗ ਪ੍ਰੋਗਰਾਮ ਹੈ, ਜੋ ਕੈਨੇਡਾ ਦੀ ਕਿਸੇ ਵੀ ਪੋਸਟ-ਸੈਕੰਡਰੀ ਸਿੱਖਿਆ ਸੰਸਥਾਵਾਂ ਵਿਚ ਦਾਖਲਾ ਲੈਣ ਦੀ ਯੋਜਨਾ ਬਣਾ ਰਹੇ ਹਨ। ਇਹ ਟੈਸਟ ਇਮੀਗ੍ਰੇਸ਼ਨ, ਰਫਿਊਜੀਜ ਤੇ ਸਿਟੀਜਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਵੱਲੋਂ ਪ੍ਰਵਾਨਿਤ ਹੈ। ਹੁਣ ਤੱਕ ਐਸ.ਡੀ.ਐੱਸ. ਰੂਟ ਲਈ ਆਇਲਟਸ (ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ) ਹੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਦਾ ਇਕੋ ਇਕ ਵਿਕਲਪ ਸੀ, ਜਿਸ ਨੂੰ ਵੈਧ ਮੰਨਿਆ ਜਾਂਦਾ ਸੀ। ਗਲੋਬਲ ਹਾਇਰ ਐਜੂਕੇਸ਼ਨ ਐਂਡ ਵਰਕ ਸਕਿੱਲਜ ਦੇ ਸੀਨੀਅਰ ਵਾਈਜ ਪ੍ਰਧਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੋਫਲ ਨੂੰ ਸ਼ਾਮਲ ਕੀਤੇ ਜਾਣ ਨਾਲ ਹਰ ਸਾਲ ਐਸ.ਡੀ.ਐਸ. ਰੂਟ ਦਾ ਲਾਹਾ ਲੈਣ ਵਾਲੇ ਲੱਖਾਂ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲੇਗਾ। ਵਿਦਿਆਰਥੀ 10 ਅਗਸਤ 2023 ਤੋਂ ਆਪਣੀਆਂ ਐਸ.ਡੀ.ਐਸ. ਅਰਜ਼ੀਆਂ ਨਾਲ ਟੋਫਲ ਦਾ ਆਈ.ਬੀ.ਟੀ. ਸਕੋਰ ਲਾ ਸਕਣਗੇ। ਆਈ.ਆਰ.ਸੀ.ਸੀ. ਮੁਤਾਬਕ ਜੇਕਰ ਸਾਰੀਆਂ ਯੋਗਤਾ ਲੋੜਾਂ ਪੂਰੀਆਂ ਹਨ ਤਾਂ ਐਸ.ਡੀ.ਐਸ. ਅਰਜ਼ੀਆਂ ਨੂੰ 20 ਦਿਨਾਂ ਅੰਦਰ ਪ੍ਰੋਸੈਸ ਕੀਤਾ ਜਾ ਸਕਦਾ ਹੈ।