-ਗੁਲਜ਼ਾਰ ਸਿੰਘ ਸੰਧੂ
ਭਾਈ ਕਾਨ੍ਹ ਸਿੰਘ ਨਾਭਾ ਵੀਹਵੀਂ ਸਦੀ ਦਾ ਯੁਗ ਪੁਰਸ਼ ਸੀ। ਉਸ ਨੇ ਇਤਿਹਾਸ, ਮਿਥਿਹਾਸ, ਰਾਜਨੀਤੀ ਅਤੇ ਧਰਮ ਦੀ ਡੂੰਘੀ ਖੋਜ ਕਰਕੇ ਕੋਸ਼ਕਾਰੀ ਤੇ ਟੀਕਾਕਾਰੀ ਦੇ ਅਜਿਹੇ ਜੌਹਰ ਵਿਖਾਏ ਜੋ ਰਹਿੰਦੀ ਦੁਨੀਆਂ ਤੱਕ ਚਾਨਣ ਮੁਨਾਰੇ ਦਾ ਕੰਮ ਕਰਨਗੇ। ਸਧਾਰਨ ਪਾਠਕ ਉਸ ਦੇ ਮਹਾਨ ਕੋਸ਼ ਦਾ ਗੁਣ ਗਾਇਨ ਕਰਦੇ ਨਹੀਂ ਥਕਦੇ ਪਰ ਉਹ ਆਪਣੇ ਆਪ ਵਿਚ ਇਕ ਸੰਸਥਾ ਤੋਂ ਘੱਟ ਨਹੀਂ ਸੀ। ਰਿਆਸਤ ਨਾਭਾ ਤੇ ਪਟਿਆਲਾ ਵਿਚ ਮੈਜਿਸਟਰੇਟ, ਅਨਾਜ਼ਮ, ਮੀਰ ਮੁਨਸ਼ੀ ਤੇ ਜੱਜ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਉਸ ਨੇ ਰਾਜ ਧਰਮ, ਗੁਰਮਤਿ ਸੁਧਾਕਰ, ਹਮ ਹਿੰਦੂ ਨਹੀਂ, ਟੀਕਾ ਵਿਸ਼ਨੂੰਪੌਰਾਣ, ਗੁਰੁਸ਼ਬਦ ਅਲੰਕਾਰ, ਚੰਡੀ ਦੀ ਵਾਰ ਸਟੀਕ, ਗੁਰਮਤਿ ਮਾਰਤੰਡ ਆਦਿ ਢਾਈ ਦਰਜਨ ਗੌਲਣਯੋਗ ਪੁਸਤਕਾਂ ਦੀ ਰਚਨਾ ਕੀਤੀ। 64,263 ਐਂਟਰੀਆਂ ਵਾਲਾ ਮਹਾਨ ਕੋਸ਼, ਭਾਈ ਸਾਹਿਬ ਦੀ ਵਿਦਵਤਾ ਤੇ ਘਾਲਣਾ ਦੀ ਮੂੰਹ ਬੋਲਦੀ ਤਸਵੀਰ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦਾ ਕੋਈ ਵਿਦਿਆਰਥੀ ਨਹੀਂ ਜਿਸ ਨੇ ਇਸ ਕੋਸ਼ ਦਾ ਲਾਭ ਨਹੀਂ ਲਿਆ?
ਹੁਣ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵਲੋਂ ਇਸ ਦਾ ਅੰਗਰੇਜ਼ੀ ਤੇ ਹਿੰਦੀ ਅਨੁਵਾਦ ਛਾਪਣਾ ਮਹਾਨ ਕੋਸ਼ ਦੀ ਮਹਿਮਾ ਤੇ ਮਹੱਤਤਾ ਉਤੇ ਮੋਹਰ ਲਾਉਂਦਾ ਹੈ। ਜੇ ਅੱਜ ਨਾਭਾ ਵਿਖੇ ਭਾਈ ਸਾਹਿਬ ਦੀ ਯਾਦ ਵਿਚ ‘ਰਚਨਾ ਵਿਚਾਰ ਮੰਚ’ ਸਥਾਪਤ ਹੋ ਰਿਹਾ ਹੈ ਤਾਂ ਕੈਨੇਡਾ ਦੇ ਵਿੱਨੀਪੈਗ ਖੇਤਰ ਵਿਚ ਉਨ੍ਹਾਂ ਦੇ ਨਾਂ ਦੀ ਫਾਊਂਡੇਸ਼ਨ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੇ ਪਰਿਵਾਰ ਵਲੋਂ ਹਰ ਸਾਲ ਪੰਜਾਬੀ ਦੇ ਕਿਸੇ ਉਘੇ ਵਿਦਵਾਨ ਨੂੰ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ ਦੇਣ ਦਾ ਫੈਸਲਾ ਵੀ ਇਸੇ ਲੜੀ ਦਾ ਹਿੱਸਾ ਹੈ। ਅੱਜ ਉਨ੍ਹਾਂ ਨੂੰ ਚੇਤੇ ਕਰਨ ਦਾ ਸਬੱਬ ਵੀ ਇਹ ਪੁਰਸਕਾਰ ਹੀ ਹੈ ਜਿਹੜਾ ਇਕ ਸ਼ਾਨਦਾਰ ਸਮਾਗਮ ਵਿਚ ਡਾæ ਰਤਨ ਸਿੰਘ ਜੱਗੀ ਨੂੰ ਦਿੱਤਾ ਗਿਆ ਹੈ। ਇਸ ਅਵਸਰ ਤੇ ਮੁੱਖ ਬੁਲਾਰੇ ਡਾæ ਪ੍ਰਿਥੀਪਾਲ ਸਿੰਘ ਕਪੂਰ ਨੇ ਭਾਈ ਸਾਹਿਬ ਨੂੰ ਵਿਦਿਆ ਜਗਤ ਦਾ ਸਮੁੰਦਰ ਕਿਹਾ ਤੇ ਉਪ ਕੁਲਪਤੀ ਡਾæ ਜਸਪਾਲ ਸਿੰਘ ਨੇ ਵਿਦਵਤਾ ਨੂੰ ਕੌਮਾਂ ਦੀ ਸ਼ਾਹ ਰਗ। ਭਾਈ ਸਾਹਿਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨੇ ਸਲਾਈਡਾਂ ਰਾਹੀਂ ਉਨ੍ਹਾਂ ਦਾ ਲਿਖਣ ਕਮਰਾ, ਮੇਜ਼-ਕੁਰਸੀ, ਕਲਮ-ਦਵਾਤ ਤੇ ਵਸਤਰ-ਸ਼ਸਤਰ ਵਿਖਾ ਕੇ ਉਨ੍ਹਾਂ ਦੇ ਜ਼ੌਕ ਤੇ ਸ਼ੌਕ ਦੀ ਪੇਸ਼ਕਾਰੀ ਤੋਂ ਬਿਨਾਂ ਉਨ੍ਹਾਂ ਦੇ ਜੀਵਨ ਕਾਲ ਵਿਚ ਪ੍ਰਾਪਤ ਹੋਈਆਂ ਸੰਨਦਾਂ ਤੇ ਸਰਟੀਫਿਕੇਟ ਵੀ ਵਿਖਾਏ।
ਨਾਭਾ ਸ਼ਹਿਰ ਦੇ ਇਕ ਗੁਰਦੁਆਰੇ ਤੋਂ ਗੁਰਮੁਖੀ ਤੇ ਫਾਰਸੀ ਦੇ ਅੱਖਰ ਪੜ੍ਹ ਕੇ ਕਾਨ੍ਹ ਸਿੰਘ ਨੇ ਆਪਣੇ ਪਿਤਾ ਬਾਬਾ ਨਾਰਾਇਣ ਸਿੰਘ ਦੀ ਪ੍ਰੇਰਨਾ ਅਤੇ ਆਪਣੀ ਲਗਨ ਨਾਲ ਪੰਜਾਬੀ, ਉਰਦੂ, ਹਿੰਦੀ, ਸੰਸਕ੍ਰਿਤ, ਫਾਰਸੀ ਤੇ ਅੰਗਰੇਜ਼ੀ ਉਤੇ ਅਜਿਹੀ ਮੁਹਾਰਤ ਹਾਸਲ ਕੀਤੀ ਕਿ ਵੱਖ ਵੱਖ ਭਾਸ਼ਾ ਬੋਲਣ ਵਾਲੇ ਦੇਸ਼ਾਂ ਵਿਚ ਪੜ੍ਹਨ-ਪੜ੍ਹਾਉਣ ਤੇ ਵਿਚਰਨ ਦੇ ਯੋਗ ਹੋ ਗਿਆ। ਜਿੱਥੇ ਮੁਢਲੀਆਂ ਰਚਨਾਵਾਂ ਉਰਦੂ ਦੀ ਪੁੱਠ ਵਾਲੀਆਂ ਹਨ ਉਥੇ ਪਿੱਛੋਂ ਦੀਆਂ ਲਿਖਤਾਂ ਵਿਚ ਸਰਲ ਤੇ ਸਪਸ਼ਟ ਪੰਜਾਬੀ ਭਾਸ਼ਾ ਹੀ ਨਹੀਂ ਵਿਚਾਰਾਂ ਦੀ ਪਰਪੱਕਤਾ ਵੀ ਸਾਫ ਦੇਖੀ ਜਾ ਸਕਦੀ ਹੈ। ਕੁਝ ਟੂਕਾਂ ਪੇਸ਼ ਹਨ।
1æ ਆਪਣੇ ਫਾਇਦੇ ਨੁਕਸਾਨ ਕੋ ਸੋਚੇਂ ਕਿ ਹਮਾਰਾ ਕੌਨ ਸੀ ਬਾਤ ਮੇਂ ਫਾਇਦਾ ਨੁਕਸਾਨ ਹੈ। ਪਰੰਤੂ ਫਾਇਦਾ ਉਸ ਕੋ ਕਹਾ ਜਾਤਾ ਹੈ ਜਿਸਕਾ ਅਖੀਰ ਮੇਂ ਭੀ ਫਾਇਦਾ ਹੋæææ।
2æ ਜਿਤਨੇ ਮਜ਼ਹਬ ਹੈਂ ਸਭ ਨੇ ਭਜਨ ਕੋ ਹੀ ਮੁੱਖ ਸਮਝਾ ਹੈ ਔਰ ਜਿਤਨੇ ਅਵਤਾਰ ਹੂਏ ਹੈਂ ਔਰ ਜਿਤਨੇ ਸ਼ਾਸਤਰ, ਬੇਦ, ਕਿਤਾਬੇਂ ਹੈਂ ਉਨ੍ਹੋਂ ਨੇ ਭੀ ਭਜਨ ਕਰਨਾ ਹੀ ਕਹਾ ਹੈ।
3æ ਜੋ ਆਖਦਾ ਹੈ ਮੈਂ ਸਭ ਕੁਝ ਜਾਣਦਾ ਹਾਂ, ਉਹ ਮੂਰਖ ਹੈ, ਕਿਉਂਕਿ ਵਿਦਿਆ ਦਾ ਅੰਤ ਨਹੀਂ, ਖੋਜਣ ਤੋਂ ਨਿਤ ਨਵੇਂ ਚਮਤਕਾਰ ਮਾਲੂਮ ਹੁੰਦੇ ਹਨ ਅਰ ਜੋ ਵਾਸਤਵ ਵਿਚ ਵਿਦਵਾਨ ਹੈ, ਉਹ ਆਪਣੀ ਵਿਦਯਾ ਦੇ ਪ੍ਰਭਾਵ ਪ੍ਰਸਿਧੀ ਪਾਉਂਦਾ ਹੈ।
4æ ਜੋ ਵਿਭਿੰਨ ਧਰਮੀ ਹੋਣ ਪਰ ਭੀ ਇਕ ਨੇਸ਼ਨ ਵਾਂਗ ਮਿਲ ਕੇ ਰਹਿੰਦੇ ਹਨ ਅਰ ਇਕ ਦੀ ਹਾਨੀ ਲਾਭ ਨੂੰ ਦੇਸ਼ ਦੀ ਹਾਨੀ ਮੰਨਦੇ ਹਨ, ਉਹ ਸੁਖਾਂ ਦੇ ਪਾਤਰ ਹੁੰਦੇ ਹਨ ਅਰ ਸਭਯ ਕੌਮਾਂ ਤੋਂ ਸਨਮਾਨ ਪਾਉਂਦੇ ਹਨ।
5æ ਸਖੀ ਹੋਣਾ, ਮੀਠਾ ਬੋਲਣਾ, ਲੜਾਈ ਨਹੀਂ ਕਰਨੀ। ਔਰ ਬਿਨਾਂ ਕੀਮਤ ਕਿਸੀ ਕੀ ਚੀਜ਼ ਨਹੀਂ ਲੈਣੀ ਚਾਹੇ ਪਾਸ ਪੜੀ ਰਹੇ ਬਲਕਿ ਹਿਫ਼ਾਜ਼ਤ ਕਰਨੀ ਹੀ ਵੱਡਾ ਧਰਮ ਹੈ।
ਇਹ ਟੂਕਾਂ ਸਮਾਗਮ ਦੇ ਅਵਸਰ ਉਤੇ ਡਾæ ਜਗਮੇਲ ਸਿੰਘ ਭੱਠੂਆਂ ਵਲੋਂ ਲਿਖੀ ਤੇ ਵੰਡੀ ਗਈ ਇੱਕ ਚੌਪਤਰੀ ਵਿਚੋਂ ਹਨ ਜੋ ਭਾਈ ਸਾਹਿਬ ਦੀ ਦਿੱਭ ਦ੍ਰਿਸ਼ਟੀ ਤੇ ਉਤਮਤਾ ਦੇ ਵਿਕਾਸ ਨੂੰ ਉਭਾਰਦੀਆਂ ਹਨ।
ਕਾਨ੍ਹ ਸਿੰਘ ਨਾਭਾ ਦੇ ਆਪਣੇ ਆਪ ਵਿਚ ਇੱਕ ਸੰਸਥਾ ਹੋਣ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਭਾਈ ਸਾਹਿਬ ਦੇ ਸ਼ਿਸ਼ਾਂ ਵਿਚ ਮਿਸਟਰ ਮੈਕਾਲਫ ਤੋਂ ਬਿਨਾਂ ਮਹਾਰਾਜਾ ਰਿਪੁਦਮਨ ਸਿੰਘ ਤੇ ਉਸ ਦੀ ਮਹਾਰਾਣੀ ਸਰੋਜਨੀ ਦੇਵੀ ਹੀ ਨਹੀਂ ਸ਼ਮਸ਼ੇਰ ਸਿੰਘ ਅਸ਼ੋਕ ਤੇ ਦੇਵਿੰਦਰ ਸਿੰਘ ਵਿਦਿਆਰਥੀ ਵੀ ਸਨ। ਰਿਆਸਤ ਪਟਿਆਲਾ ਦੇ ਪਿੰਡ ਸਾਉਜਾ ਬਨੇਰਾ ਵਿਚ ਆਪਣੇ ਨਾਨਕੇ ਘਰ ਜਨਮੇ ਤੇ ਜੱਦੀ ਪਿੰਡ ਪਿੱਥੋ ਨਾਲ ਸਾਂਝ ਰਖਣ ਵਾਲੇ ਇਸ ਜੀਊੜੇ ਦੀ ਨਾਭਾ ਰਿਆਸਤ ਉਤੇ ਵੱਡੀ ਮਿਹਰ ਆਪਣੀਆਂ ਰਚਨਾਵਾਂ ਵਿਚ ਆਪਣਾ ਨਾਂ ਕਾਨ੍ਹ ਸਿੰਘ ਨਾਭਾ ਲਿਖਣਾ ਹੈ। ਇਸ ਰਿਆਸਤ ਦੇ ਰਾਜੇ, ਮਹਾਰਾਜੇ, ਨਾਮ ਰਸੀਏ ਤੇ ਹੋਰ ਮਹਾਂਪੁਰਸ਼ ਆਉਂਦੇ-ਜਾਂਦੇ ਰਹਿਣਗੇ ਪਰ ਕਾਨ੍ਹ ਸਿੰਘ ਨਾਲ ਲਗਿਆ ਨਾਭਾ ਸਦਾ ਜੀਵਤ ਰਹੇਗਾ ਤੇ ਉਸ ਦੀ ਸਰਪ੍ਰਸਤੀ ਕਰਨ ਵਾਲੇ ਨਾਭਾ ਪਤੀ ਵੀ। ਮਹਾਰਾਜਾ ਪਟਿਆਲਾ ਨੇ ਵੀ ਮਹਾਨਕੋਸ਼ ਦੇ ਪ੍ਰਕਾਸ਼ਨ ਦਾ ਪ੍ਰਬੰਧ ਕਰਕੇ ਨਾਮਣਾ ਖੱਟਿਆ ਸੀ। ਅੱਜ ਪੰਜਾਬੀ ਯੂਨੀਵਰਸਿਟੀ ਵਲੋਂ ਇਸ ਦਾ ਪ੍ਰਚਾਰ ਪਾਸਾਰ ਵੀ ਇਸੇ ਲੜੀ ਵਿਚ ਆਉਂਦਾ ਹੈ। ਇਸੇ ਤਰ੍ਹਾਂ ਜਿਵੇਂ ਅੱਧੀ ਸਦੀ ਪਹਿਲਾਂ ਸ਼ਮਸ਼ੇਰ ਸਿੰਘ ਅਸ਼ੋਕ ਸਦਨ ਭਾਸ਼ਾ ਵਿਭਾਗ ਪਟਿਆਲਾ ਵਲੋਂ ਇਸ ਨੂੰ ਇਕ ਜਿਲਦ ਵਿਚ ਪ੍ਰਕਾਸ਼ਤ ਕਰਨਾ।
ਅੰਤ ਵਿਚ ਇੱਕ ਨਿੱਜੀ ਗੱਲ। ਮੈਂ 1984 ਦੇ ਅੰਤ ਵਿਚ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣ ਕੇ ਨਵੀਂ ਦਿੱਲੀ ਤੋਂ ਚੰਡੀਗੜ੍ਹ ਆਇਆ ਤਾਂ ਉਸ ਵੇਲੇ ਦਾ ਭਾਸ਼ਾ ਵਿਭਾਗ ਨਿਰਦੇਸ਼ਕ ਕਪੂਰ ਸਿੰਘ ਘੁੰਮਣ ਮੈਨੂੰ ਮਿਲਣ ਆਇਆ ਤਾਂ ਮੈਨੂੰ ਮਹਾਨ ਕੋਸ਼ ਭੇਟ ਕਰ ਗਿਆ। ਇਹ ਗੱਲ 15 ਜਨਵਰੀ 1985 ਦੀ ਹੈ। ਇਹ ਤੋਹਫਾ ਮੇਰੇ ਜੀਵਨ ਵਿਚ ਮਿਲੇ ਹੁਣ ਤਕ ਦੇ ਸਾਰੇ ਤੋਹਫਿਆਂ ਨਾਲੋਂ ਉਤਮ ਹੈ। ਮੈਂ ਇਸ ਨੂੰ ਸਦਾ ਆਪਣੇ ਸਰ੍ਹਾਣੇ ਰਖਦਾ ਹਾਂ। ਮੇਰੀ ਕਾਲਮ ਨਵੀਸੀ ਦੇ ਦਿਨਾਂ ਤੋਂ ਮੈਨੂੰ ਏਨੀ ਵਾਰੀ ਵੇਖਣਾ ਪੈਂਦਾ ਹੈ ਕਿ ਇਸ ਦੀ ਜਿਲਦ ਦੁਬਾਰਾ ਬਨ੍ਹਾਉਣੀ ਪਈ ਹੈ।
ਭਾਈ ਕਾਨ੍ਹ ਸਿੰਘ ਨਾਭਾ ਤੇ ਉਸ ਦੀ ਕੋਸ਼ਕਾਰੀ ਜ਼ਿੰਦਾਬਾਦ!
ਅੰਤਿਕਾ: (ਸਯੱਦ ਵਾਰਿਸ ਸ਼ਾਹ)
ਬਾਦਸ਼ਾਹ ਸੱਚਾ ਰੱਬ ਹੈ ਆਲਮ ਦਾ
ਫੱਕਰ ਓਸ ਦੇ ਹੈਨ ਵਜ਼ੀਰ ਮੀਆਂ।
ਬਿਨਾ ਮੁਰਸ਼ਿਦਾਂ ਰਾਹ ਨਾ ਹੱਥ ਆਵੇ
ਦੁੱਧਾਂ ਬਾਝ ਨਾ ਰਿੱਝਦੀ ਖੀਰ ਮੀਆਂ।
Leave a Reply