ਐਸ਼ ਅਸ਼ੋਕ ਭੌਰਾ
ਕਈ ਵਾਰ ਅਜਿਹਾ ਵਾਪਰਦਾ ਹੈ ਕਿ ਬੰਦਾ ਦੂਜਿਆਂ ਨਾਲ ਤਾਂ ਹੁੰਦਾ ਹੈ ਪਰ ਆਪਣੇ-ਆਪ ਨਾਲ ਨਹੀਂ। ਬਹੁਤਿਆਂ ਦੀ ਜ਼ਿੰਦਗੀ ਵਿਚ ਹਾਲਤ ਇੱਦਾਂ ਦੀ ਬਣਦੀ ਰਹੀ ਹੈ ਕਿ ਟਿੰਡਾਂ ਵੀ ਸਾਬਤ-ਸਬੂਤ ਹੁੰਦੀਆਂ ਹਨ, ਹਲਟ ਵੀ ਠੀਕ ਦਿਸ਼ਾ ਵਿਚ ਚੱਲ ਰਿਹਾ ਹੁੰਦਾ ਹੈ ਪਰ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਅੱਧੀਆਂ ਕੁ ਟਿੰਡਾਂ ਖਾਲੀ ਹੀ ਮੁੜ ਆਉਂਦੀਆਂ ਹਨ। ਜਿਵੇਂ ਕਿਸੇ ਘਰ ਦਾ ਦਰਵਾਜ਼ਾ ਹੁੰਦਾ ਤਾਂ ਦੱਖਣ ਵੱਲ ਹੈ ਪਰ ਬੁੱਲੇ ਪੱਛੋਂ ਦੇ ਆਉਣ ਲੱਗ ਪੈਂਦੇ ਹਨ।
ਮੇਰੀ ਜ਼ਿੰਦਗੀ ਵਿਚ ਕਲਾਤਮਕ ਪੱਖ ਤਾਂ ਸੀ ਪਰ ਧਰਮ ਦੀ ਬਹੁਤੀ ਘਰੇਲੂ ਦਖ਼ਲ-ਅੰਦਾਜ਼ੀ ਨਹੀਂ ਸੀ। ਮੇਰੀ ਦਾਦੀ ਦਾ ਨਾਂ ਤਾਂ ਅੱਛਰ ਕੌਰ ਸੀ, ਫੋਟੋ ਵੀ ਦਲਾਨ ਵਿਚ ਬਾਬੇ ਨਾਨਕ ਦੀ ਲਾਈ ਹੁੰਦੀ ਸੀ; ਖੌਰੇ ਕਿਉਂ ਸਭ ਤੋਂ ਵੱਡੇ ਭਰਾ ਤੇ ਮੇਰੇ ਸਿਰ ਦੇ ਵਾਲ ਜਿਨ੍ਹਾਂ ਨੂੰ ਸ਼ਰਧਾਮਈ ਭਾਸ਼ਾ ਵਿਚ ਉਹ ‘ਝੰਡ’ ਕਹਿੰਦੀ ਹੁੰਦੀ ਸੀ, ਪਹਿਲਾਂ ਸਵਾ ਪੰਜ ਤੇ ਫਿਰ ਇਕਵੰਜਾ ਰੁਪਏ ਪੰਡਿਤਾਂ ਨੂੰ ਦੇ ਕੇ ਮਾਤਾ ਜਵਾਲਾਜੀ ਦੇ ਲੁਹਾ ਕੇ ਆਈ ਸੀ। ਉਂਜ ਮੇਰੇ ਉਡਾਰ ਹੋਣ ਨਾਲ ਘਰ ਦਾ ਸਾਰਾ ਮਾਹੌਲ ਸਿੱਖੀ ਵਾਲਾ ਬਣ ਗਿਆ ਸੀ। ਇਕ ਸਮਾਂ ਇੱਦਾਂ ਦਾ ਵੀ ਸੀ ਕਿ ਸਾਇਕਲਾਂ, ਸਕੂਟਰਾਂ ਤੇ ਕਾਰਾਂ ‘ਚ ਅੰਮ੍ਰਿਤਧਾਰੀ ਸਿੰਘਾਂ ਦੇ ਘਰੇ ਆਉਣ ਨਾਲ ਮੇਰੀ ਮਾਂ ਤੇ ਭਰਾਵਾਂ ਨੂੰ ਇਹ ਪੱਕ ਹੋ ਗਿਆ ਸੀ ਕਿ ਇਹ ਰਾਹ ਸਹੀ ਚੁਣ ਲਵੇਗਾ ਪਰ ਮੈਂ ਦੋ ਵਾਰ ਇਸ ਪਾਸੇ ਵੱਲ ਮੁੜਨ ਤੋਂ ਉਖੜਿਆ ਹੀ ਨਹੀਂ, ਸਗੋਂ ਉਖੜ ਕੇ ਡਿੱਗ ਗਿਆ ਸਾਂ।
ਸਕੂਲੀ ਜੀਵਨ ਵਿਚ ਹੀ ਜਦੋਂ ਗਿਆਨੀ ਸੋਹਣ ਸਿੰਘ ਸੀਤਲ ਦਾ ਨਾਵਲ ‘ਜੰਗ ਜਾਂ ਅਮਨ’ ਦਸਵੀਂ ਜਮਾਤ ਵਿਚ ਪੜ੍ਹਿਆ ਤਾਂ ਨਾਵਲ ਦੀ ਆਖ਼ਰੀ ਸਤਰ ‘ਪਾਲੋ ਹੁਣ ਕਿਹਦੀ ਬਣੇਗੀ?’ ਨਾਲ ਸਾਹਿਤ ਅੰਦਰ ਦਾਖ਼ਲ ਹੋਣ ਦੀ ਚਿਣਗ ਲੱਗੀ ਪਰ ਜਦੋਂ ਇਹ ਪਤਾ ਲੱਗਾ ਕਿ ਇਹ ਨਾਵਲ ਜਿਹੜਾ ਰੁਮਾਂਟਿਕ ਵੀ ਸੀ, ਢਾਡੀ ਨੇ ਲਿਖਿਆ ਹੈ ਤਾਂ ਆਏਂ ਲੱਗਾ ਕਿ ਧਰਮ, ਸਾਹਿਤਕ ਕਾਰਜਾਂ ਵਿਚ ਕਦੇ ਅੜਿੱਕਾ ਨਹੀਂ ਬਣ ਸਕਦਾ। ਫਿਰ ਜਦੋਂ ‘ਮੇਰੇ ਇਤਿਹਾਸਕ ਲੈਕਚਰ’ ਅਤੇ ਸੀਤਲ ਦਾ ਹੀ ਦੂਜਾ ਨਾਵਲ ‘ਤੂਤਾਂ ਵਾਲਾ ਖੂਹ’ ਪੜ੍ਹੇ ਤਾਂ ਸੀਤਲ ਤੋਂ ਹੀ ਲਿਖਣ ਤੇ ਬੋਲਣ ਦੀ ਸ਼ੈਲੀ ਦਾ ਅਸਰ ਮੱਲੋ-ਮੱਲੀ ਕਬੂਲ ਕਰ ਲਿਆ।
ਸਾਡੇ ਪਿੰਡ ਭੌਰੇ ਵਿਚ ਹਰ ਪਿੰਡ ਵਾਸੀ ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਦਾ ਸੀ, ਲਈ ਇਹ ਸਤਿਕਾਰ ਵਾਲੀ ਗੱਲ ਸੀ ਕਿ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਸਾਧੂ ਸਿੰਘ ਭੌਰਾ ਇਸੇ ਮਿੱਟੀ ਦੇ ਜੰਮਪਲ ਸਨ। ਫਿਰ ਮੈਂ ਗਿਆਨੀ ਸੋਹਣ ਸਿੰਘ ਸੀਤਲ ਨੂੰ ਨਿੱਕੀ ਉਮਰੇ ਘੋਨ-ਮੋਨ ਹੁੰਦਿਆਂ ਵੀ ਉਸ ਦੇ ਲੁਧਿਆਣਾ ਸਥਿਤ ਮਾਡਲ ਗ੍ਰਾਮ ਵਿਚ ਮਿਲਣ ਜਾਂਦਾ ਰਿਹਾ। ਮੈਂ ਹਾਲਾਂਕਿ ਬਹੁਤ ਦੂਰੋਂ ਚੱਲ ਕੇ ਉਹਦੇ ਘਰ ਜਾਂਦਾ ਸੀ ਪਰ ਉਸ ਦੀਆਂ ਨਜ਼ਰਾਂ ਵਿਚ ਆਮ ਜੁਆਕ ਜਿਹਾ ਹੀ ਸਾਂ। ਗਾਉਣ ਵਾਲਿਆਂ ਬਾਰੇ ਲਿਖਣ ਦਾ ਸੀਤਲ ਹੋਰਾਂ ਨੂੰ ਮੇਰੇ ਬਾਰੇ ਗਿਆਨ ਸੀ, ਇਸ ਲਈ ਮੈਨੂੰ ਬੂਰ ਪੈਣ ਦੀ ਆਸ ਸੀ।
ਇਹਦੇ ਨਾਲ ਲਗਦੀ ਇਕ ਹੋਰ ਘਟਨਾ ਨੇ ਮੈਨੂੰ ਢਾਡੀਆਂ ਤੇ ਪੰਥਕ ਹਲਕਿਆਂ ਦੇ ਬਹੁਤ ਨੇੜੇ ਖਿੱਚ ਲਿਆਂਦਾ। ਹੋਇਆ ਇਉਂ ਕਿ ਮੈਂ ਚੰਡੀਗੜ੍ਹ ਤੋਂ ਬੰਗਾ ਜਾਣ ਵਾਸਤੇ ਲਾਰੀ ਵਿਚ ਬੈਠਾ। ਜੂਨ ਮਹੀਨਾ। ਅਤਿ ਦੀ ਗਰਮੀ। ਬੱਸ ਵੀ ਤੂੜੀ ਆਲੇ ਕੋਠੇ ਵਾਂਗ ਸਵਾਰੀਆਂ ਨਾਲ ਭਰੀ ਪਈ। ਮਾੜੇ ਹਾਲਾਤ ਕਾਰਨ ਇਹ ਚੰਡੀਗੜ੍ਹੋਂ ਜਲੰਧਰ ਜਾਣ ਵਾਲੀ ਆਖ਼ਰੀ ਬੱਸ ਸੀ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਕਾਰਨ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲੱਗੀਆਂ ਹੋਈਆਂ ਸਨ। ਬੱਸ ਜਦੋਂ ਨਵਾਂ ਸ਼ਹਿਰ ਤੋਂ ਤਿੰਨ ਕੁ ਕਿਲੋਮੀਟਰ ਉਰਾਂ ਪਿੰਡ ਬਰਨਾਲਾ ਕਲਾਂ (ਇਹ ਪਿੰਡ ਪ੍ਰੋæ ਸਰੂਪ ਸਿੰਘ ਸਰੂਪ ਦਾ ਹੈ ਜਿਸ ਨੇ ‘ਗੁਰੂ ਨਾਨਕ ਸਭ ਦਾ ਪਿਆਰਾ ਤੇਰਾ ਤੇਰਾ ਤੋਲਦਾ’ ਅਤੇ ‘ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ’ ਵਰਗੇ ਧਾਰਮਿਕ ਗੀਤ ਗਾਏ) ਦੇ ਚੌਕ ਵਿਚ ਸੂਰਜ ਮਿਟਣਸਾਰ ਵੀ ਜਲ ਛਕਾਉਣ ਲਈ ਰੁਕੀ, ਤਦ ਅੱਧਖੜ ਉਮਰ ਦਾ ਇਕ ਅੰਮ੍ਰਿਤਧਾਰੀ ਸਿੰਘ ਛਾਲ ਮਾਰ ਕੇ ਹੇਠਾਂ ਉਤਰਿਆ ਤੇ ਉਸ ਨੇ ਪੈਰੋਂ ਗੁਰਗਾਬੀ ਲਾਹ ਕੇ ਜ਼ਮੀਨ ਨੂੰ ਝੁਕ ਕੇ ਮੱਥਾ ਟੇਕਿਆ। ਸਾਹਮਣੇ ਗੁੱਗਾਮਾੜੀ ਦੀ ਜਗ੍ਹਾ ਸੀ ਜੋ ਹਾਲੇ ਵੀ ਹੈ। ਬੇਸਮਝੀ ‘ਚ ਮੈਨੂੰ ਆਏਂ ਲੱਗਾ ਕਿ ਗੁਰੂ ਦਾ ਸਿੰਘ ਹੋ ਕੇ ਇਹਨੇ ਗੁੱਗੇ ਪੀਰ ਨੂੰ ਮੱਥਾ ਟੇਕਿਆ ਹੈ। ਮੈਂ ਝਿਜਕਦੇ ਤੇ ਡਰਦੇ ਨੇ ਉਹਨੂੰ ਪੁੱਛ ਹੀ ਲਿਆ,
“ਖਾਲਸਾ ਜੀ, ਕਮਾਲ ਕਰ’ਤੀæææ ਸਿੰਘ ਹੋ ਕੇ ਗੁੱਗੇ ਨੂੰ ਮੱਥਾ ਟੇਕ’ਤਾ?”
ਉਹਨੇ ਬੜੀ ਗਰਮ ਸੁਰ ਵਿਚ ਜੁਆਬ ਦਿੱਤਾ, “ਕਿਹੜੇ ਗੁੱਗੇ ਦੀ ਗੱਲ ਕਰਦੈਂ?”
“ਅਹੁ ਸਾਹਮਣੇ ਤਾਂ ਹੈ ਗੁੱਗੇ ਦੀ ਮਾੜੀ।”
“ਤੇਰਾ ਪਿੰਡ ਕਿਹੜੈ?”
“ਨੇੜੇ ਈ ਆ ਪੰਜ-ਸੱਤ ਕਿਲੋਮੀਟਰ ‘ਤੇ ਭੌਰਾ।”
ਉਹਦੇ ਜਵਾਬ ਵਿਚ ਤਲਖੀ ਹੋਰ ਵਧ ਗਈ ਸੀ, “ਮੈਂ ਗੁਰਦਾਸਪੁਰੋਂ ਆਂ ਤੇ ਤੁਹਾਨੂੰ ਲੋਕਾਂ ਨੂੰ ਕੋਲ ਰਹਿੰਦਿਆਂ ਵੀ ਨਹੀਂ ਪਤਾ? ਅਹੁ ਸਾਹਮਣੇ ਪਿੰਡ ਸਲੋਹ ਐ ਪੰਥ ਦੇ ਸਿਰਮੌਰ ਢਾਡੀ ਦਇਆ ਸਿੰਘ ਦਿਲਬਰ ਦਾ, ਤੇ ਐਧਰ ਆ ਸਰੂਪ ਸਿੰਘ ਸਰੂਪ ਦਾ। ਮੈਂ ਇਸ ਧਰਤੀ ਨੂੰ ਮੱਥਾ ਟੇਕਿਐ, ਕਿਸੇ ਗੁੱਗੇ-ਗਾਗੇ ਨੂੰ ਨਹੀਂ।”
ਮੈਨੂੰ ਆਏਂ ਲੱਗਾ ਸੀ ਜਿਵੇਂ ਕਿਸੇ ਨਾਲਾਇਕ ਵਿਦਿਆਰਥੀ ਦੇ ਥੱਪੜ ਮਾਰ ਕੇ ਅਧਿਆਪਕ ਕੰਨਾਂ ਥਾਣੀਂ ਦਿਮਾਗ ਨੂੰ ਜਾਣ ਵਾਲੇ ਕੁਆੜ ਖੋਲ੍ਹ ਦਿੰਦੈ।
ਇਸ ਖੇਤਰ ਦਾ ਅਗਲਾ ਨਾਗਵਲ ਮੇਰੇ ਇਹ ਪਿਆ ਕਿ ਸਾਡੇ ਗੁਆਂਢੀ ਪਿੰਡ ਸੁੱਜੋਂ ਵਿਚ ਖੇਡ ਮੇਲਾ ਚੱਲ ਰਿਹਾ ਸੀ। ਮੈਨੂੰ ਖ਼ਬਰ ਮਿਲੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਇਨਾਮ ਤਕਸੀਮ ਕਰਨ ਆ ਰਹੇ ਹਨ। ਕਾਲਜੋਂ ਪੜ੍ਹ ਕੇ ਆਉਂਦਾ ਮੈਂ ਸਿੱਧਾ ਖੇਡ ਮੇਲੇ ‘ਤੇ ਪਹੁੰਚ ਗਿਆ। ਆਪਣੇ ਭਾਸ਼ਣ ਵਿਚ ਟੌਹੜਾ ਸਾਹਿਬ ਨੇ ਜਥੇਦਾਰ ਸਾਧੂ ਸਿੰਘ ਭੌਰਾ ਦਾ ਜ਼ਿਕਰ ਵੀ ਕੀਤਾ। ਗਿਆਨੀ ਦਇਆ ਸਿੰਘ ਦਿਲਬਰ ਵੀ ਨਾਲ ਸਨ। ਮੈਂ ਉਸ ਨੂੰ ਬੁਲਾਉਣ ਗਿਆ ਤਾਂ ਦਿਲਬਰ ਕਹਿਣ ਲੱਗਾ, “ਪ੍ਰਧਾਨ ਸਾਹਿਬ ਫਲਾਣੇ ਸਿੰਘ ਦੇ ਘਰ ਚਾਹ ਦਾ ਲੰਗਰ ਛਕਣਗੇ, ਤੂੰ ਵੀ ਉਥੇ ਆ ਜਾਵੀਂ।”
ਬਿਨਾਂ ਚੇਨ-ਕਵਰ ਵਾਲਾ ਸਾਇਕਲ ਖਿੱਚਦਾ ਮੈਂ ਵੀ ਉਨ੍ਹਾਂ ਘਰੇ ਚਲੇ ਗਿਆ ਪਰ ਨੀਲੀਆਂ ਪੱਗਾਂ ਤੇ ਖੁੱਲ੍ਹੀਆਂ ਦਾੜ੍ਹੀਆਂ ਵਾਲਿਆਂ ਵਿਚਕਾਰ ਮੇਰੇ ਹਾਲਾਤ ਉਹੀ ਸਨ ਜਿਵੇਂ ਕੋਈ ਭੁਲੇਖੇ ਨਾਲ ਨੰਗੇ ਸਿਰ ਗੁਰੂ ਘਰ ਆ ਗਿਆ ਹੋਵੇ। ਮੈਨੂੰ ਮੇਰੇ ਨਾਲ ਦਿਲਬਰ ਸਾਹਿਬ ਦੀ ਮੁਹੱਬਤ ਦਾ ਇਲਮ ਬਿਲਕੁਲ ਨਹੀਂ ਸੀ। ਉਸ ਨੇ ਮੈਨੂੰ ਆਪਣੇ ਪੁੱਤਾਂ ਵਾਂਗ ਟੌਹੜਾ ਸਾਹਿਬ ਨਾਲ ਤੁਆਰਫ਼ ਕਰਵਾਇਆ, “ਇਹ ਮੁੰਡਾ ਵੀ ਜਥੇਦਾਰ ਸਾਹਿਬ ਸਾਧੂ ਸਿੰਘ ਭੌਰਾ ਦੇ ਪਿੰਡ ਤੋਂ ਹੈ, ਲਿਖਦਾ ਬਹੁਤ ਵਧੀਐ। ਹੁਣੇ ਜਿਹੇ ਅਮਰ ਸਿੰਘ ਸ਼ੌਂਕੀ ਬਾਰੇ ‘ਅਜੀਤ’ ਵਿਚ ਲਿਖਿਆ ਸੀ ਇਹਨੇ।”
ਜਿਵੇਂ ਕੋਈ ਘੂਰੀ ਵੱਟ ਕੇ ਵੇਖਣ ਲੱਗ ਪਿਆ ਹੋਵੇ। ਟੌਹੜਾ ਸਾਹਿਬ ਦਾ ਪ੍ਰਤੀਕਰਮ ਵੇਖਿਓ ਹਾਲਾਂਕਿ ਮੈਂ ਬਾਅਦ ਵਿਚ ਸੌਂਕੀ ਦੇ ਨਾਂ ‘ਤੇ ਅੱਠ ਸਾਲ ਮੇਲਾ ਵੀ ਲਾਉਂਦਾ ਰਿਹੈਂ, “ਸ਼ੌਂਕੀ-ਸ਼ੂੰਕੀ ਨੂੰ ਛੱਡ! ਉਹ ਤਾਂ ਹੀਰਾਂ-ਸਾਹਿਬਾਂ ਗਾਉਂਦਾ ਫਿਰਦਾ ਸੀ। ਪੰਥਕ ਢਾਡੀਆਂ ਬਾਰੇ ਲਿਖ। ਸਿੱਖ ਲਿਖਾਰੀ ਸ਼ਮਸ਼ੇਰ ਸਿੰਘ ਅਸ਼ੋਕ ਜਾਂ ਹਰਨਾਮ ਦਾਸ ਸਹਿਰਾਈ ਬਣ।”
ਜਿਵੇਂ ਜ਼ਮੀਨ ਦੀ ਰਜਿਸਟਰੀ ਹੋਣ ਦੇ ਨਾਲ ਇੰਤਕਾਲ ਵੀ ਨਾਲ ਹੀ ਚੜ੍ਹ ਗਿਆ ਹੋਵੇ! ਮੇਰੇ ਹੌਸਲੇ ਵਿਚ ਸੋਨੇ ਦਾ ਕਿੱਲ ਲੱਗ ਗਿਆ ਸੀ। ਦਿਲਬਰ ਸਾਹਿਬ ਨੂੰ ਬਾਅਦ ਵਿਚ ਜਦੋਂ ਮੈਂ ਦਿਲਬਰ ਭਵਨ ਨਵਾਂ ਸ਼ਹਿਰ ਮਿਲਣ ਗਿਆ ਤਾਂ ਉਸ ਨੇ ਹੱਲਾਸ਼ੇਰੀ ਦਾ ਬੁੱਕ ਭਰ ਕੇ ਮੇਰੀ ਝੋਲੀ ਪਾ ਦਿੱਤਾ, “ਮਨ ਵਿਚੋਂ ਵਹਿਮ ਕੱਢ ਕਿ ਤੂੰ ਮੋਨਾ ਏæææ ਢਾਡੀਆਂ ਬਾਰੇ ਲਿਖਣ ਦਾ ਕੰਮ ਕਿਸੇ ਸਿੱਖ ਲਿਖਾਰੀ ਨੇ ਨ੍ਹੀਂ ਕਰਨਾ।”
ਫਿਰ ਮੈਂ ਇਕਦਮ ਕੂਹਣੀ ਮੋੜ ਕੱਟ ਲਿਆ। ਮੇਰੇ ਮਨ ‘ਚ ਇਕ ਖਿਆਲ ਮਿਲਖਾ ਸਿੰਘ ਵਾਂਗ ਦੌੜਨ ਲੱਗਾ ਕਿ ਬਦਾਮ ਜੇ ਦੇਸੀ ਘਿਉ ‘ਚ ਭੁੰਨ ਕੇ ਖਾਧੇ ਜਾਣ ਤਾਂ ਹੋਰ ਵੀ ਤਾਕਤਵਰ ਤੇ ਸੁਆਦੀ ਹੋ ਜਾਣਗੇ। ਮਨ ‘ਚ ਸਕਰਿਪਟ ਲੈ ਕੇ ਭਾਅ ਜੀ ਬਰਜਿੰਦਰ ਸਿੰਘ ਹਮਦਰਦ ਕੋਲ ‘ਅਜੀਤ’ ਦੇ ਦਫਤਰ ਚਲੇ ਗਿਆ। ‘ਸੁਰ ਸੱਜਣਾਂ ਦੀ’ ਕਲਮ ਲਿਖਣ ਦੀ ਤਜਵੀਜ਼ ਰੱਖੀ ਕਿ ਗੱਲ ਤਾਂ ਮੈਂ ਢਾਡੀਆਂ, ਕਵੀਸ਼ਰਾਂ ਦੀ ਕਰਾਂਗਾ ਪਰ ਗੱਲਾਂ ਸਾਰੀਆਂ ਇਨ੍ਹਾਂ ਦੀਆਂ ਘਰਵਾਲੀਆਂ ਤੋਂ ਕਹਾਵਾਂਗਾ। ਨਾਲੇ ਪਰਿਵਾਰ ਬਾਰੇ ਜਾਣਕਾਰੀ ਮਿਲ’ਜੂ ਪਾਠਕਾਂ ਨੂੰ, ਨਾਲੇ ਢਾਡੀ ਕਲਾ ਦੀ ਗੱਲ ਤੁਰ ਪਊ। ਨਵਾਂ ਆਈਡੀਆ ਪ੍ਰਵਾਨ ਚੜ੍ਹ ਗਿਆ ਤੇ ਬੁੱਧਵਾਰ ਦੇ ‘ਜਨ ਜੀਵਨ’ ਪੰਨੇ ਉਤੇ ਇਹ ਕਾਲਮ ਸ਼ੁਰੂ ਹੋ ਗਿਆ ਦਿਲਬਰ ਸਾਹਿਬ ਦੀ ਪਤਨੀ ਸੰਤ ਕੌਰ ਤੋਂ।
ਇਹ ਕਿੱਸਾ ਮੈਂ ਉਨ੍ਹਾਂ ਦਿਨਾਂ ਦਾ ਸੁਣਾ ਰਿਹਾ ਹਾਂ ਜਦੋਂ ਢਾਡੀਆਂ ਬਾਰੇ ਕੋਈ ਅਖ਼ਬਾਰ ਗੱਲ ਨਹੀਂ ਕਰ ਰਹੀ ਸੀ। ਆਲ ਇੰਡੀਆ ਰੇਡੀਓ ਅਤੇ ਜਲੰਧਰ ਦੂਰਦਰਸ਼ਨ ਦੇ ਕੰਨ ਬੰਦ ਸਨ। ਰਿਕਾਰਡਿੰਗ ਕੰਪਨੀ ਐਚæਐਮæਵੀæ ਇਨ੍ਹਾਂ ਨੂੰ ਹਾਸ਼ੀਏ ‘ਤੇ ਰੱਖਦੀ ਸੀ।
‘ਸੁਰ ਸੱਜਣਾਂ ਦੀ’ ਕਾਲਮ ਨੂੰ ਅਖ਼ਬਾਰੀ ਪੱਧਰ ‘ਤੇ ਅਤੇ ਪਾਠਕਾਂ ਦੀ ਰੌਚਕਤਾ ਲਈ ਤਬਦੀਲੀ ਇਹ ਕਰ ਲਈ ਗਈ ਸੀ ਕਿ ਇਕ ਹਫ਼ਤੇ ਕਿਸੇ ਗਾਇਕ ਦੀ ਪਤਨੀ ਤੇ ਇਕ ਹਫ਼ਤੇ ਕਿਸੇ ਢਾਡੀ ਦੀ ਪਤਨੀ ਹਾਜ਼ਰ ਹੋਵੇਗੀ। ਹਾਲਾਂਕਿ ਦੋ ਸਾਲ ਤੋਂ ਵੱਧ ਚੱਲੇ ਇਸ ਲੜੀਵਾਰ ਕਾਲਮ ਵਿਚ ਮੈਂ ਮੁਹੰਮਦ ਸਦੀਕ ਦੀ ਪਤਨੀ ਅਤੇ ਕਵੀਸ਼ਰ ਜੋਗਾ ਦੀ ਪਤਨੀ ਨਾਲ ਗੱਲਬਾਤ ਕਰਵਾਉਣ ਵਿਚ ਸਫ਼ਲ ਨਹੀਂ ਹੋ ਸਕਿਆ ਤੇ ਹਾਕਮ ਸੂਫ਼ੀ ਦੀ ਗੱਲ ਇਸ ਕਰ ਕੇ ਰਹਿ ਗਈ ਸੀ ਕਿ ਉਹ ਵਿਆਹ ਨਾ ਕਰਵਾਉਣ ਕਰ ਕੇ ‘ਕੱਲਾ-‘ਕਹਿਰਾ ਸੀ। ਅੰਦਰ ਛਪਦੇ ਇਸ ਕਾਲਮ ਦੀ ਵਡਿਆਈ ਇਸ ਕਰ ਕੇ ਵਧ ਗਈ ਸੀ ਕਿ ਇਕ ਤਾਂ ਇਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਤੋਂ ਲੋਕ ਬੇਖ਼ਬਰ ਸਨ ਤੇ ਇਕ ਅਖ਼ਬਾਰ ‘ਚ ਪੰਨੇ ਅੰਦਰ ਹੋਣ ਕਰ ਕੇ ‘ਅਜੀਤ’ ਦੇ ਪਹਿਲੇ ਸਫ਼ੇ ‘ਤੇ ਵੱਡੇ ਗਾਇਕਾਂ, ਢਾਡੀਆਂ ਦੀਆਂ ਇਕ ਦੋ ਰੰਗਦਾਰ ਤਸਵੀਰਾਂ ਛਾਪ ਕੇ ਸੰਖੇਪ ਭੂਮਿਕਾ ਦੇ ਨਾਲ ਲਿਖਿਆ ਜਾਂਦਾ ਸੀ, “ਅੰਦਰ ਪੜ੍ਹੋ ਐਸ਼ ਅਸ਼ੋਕ ਭੌਰਾ ਦਾ ਰੌਚਕ ਕਾਲਮ ‘ਸੁਰ ਸੱਜਣਾਂ ਦੀ’।”
ਹਦਵਾਣਾ ਤੇ ਖ਼ਰਬੂਜਾ ਜਿਵੇਂ ਰਿਸ਼ਤੇਦਾਰ ਬਣ ਗਏ ਹੋਣ! ਸਤਿਕਾਰ ‘ਚ ਗਾਇਕਾਂ ਤੇ ਢਾਡੀਆਂ ਨੇ ਜਿਵੇਂ ਮੇਰੇ ਨਹਿਰੂ ਕੋਟ ਪੁਆ ਕੇ ਗੁਲਾਬ ਟੰਗ ਦਿੱਤਾ ਹੋਵੇ ਤੇ ਸੰਪਾਦਕ ਦੀ ਡਾਕ ‘ਚ ਵਧਦੀਆਂ ਅਣਗਿਣਤ ਪਾਠਕਾਂ ਦੀਆਂ ਚਿੱਠੀਆਂ ਨੇ ਜਿਵੇਂ ਗੁਲਮੋਹਰ ਤੇ ਕਸ਼ਮੀਰ ਮੇਰੇ ਨਾਂ ਕਰ ਦਿੱਤੇ ਹੋਣ! ਸਵੈਟਰ ਵਾਂਗ ਸ਼ਬਦਾਂ ਦੀ ਬੁਣਤੀ ਮੈਨੂੰ ਪਹਿਲੀ ਵਾਰ ਉਨ੍ਹਾਂ ਦਿਨਾਂ ਵਿਚ ਹੀ ਪਾਉਣੀ ਆਈ ਸੀ।
ਇਹ ਗੱਲ ਜੇ ਮੇਰੀ ਬੁਰੀ ਲੱਗੇ ਤਾਂ ਮੈਂ ਅਗਾਊਂ ਮੁਆਫ਼ੀ ਚਾਹਾਂਗਾ ਪਰ ਕਹਿਣੀ ਜ਼ਰੂਰੀ ਸਮਝਦਾ ਹਾਂ। ਹਾਲਾਂਕਿ ਯਕੀਨ ਤੁਹਾਨੂੰ ਭਾਵੇਂ ਨਾ ਵੀ ਆਵੇæææਮੇਰੇ ਵਿਸ਼ਵਾਸ ਵਿਚ ਇੰਦਰਾਜ ਵੀ ਬੜਾ ਔਖਾ ਹੋਇਆ ਸੀ ਕਿ ਢੱਡ ਤੇ ਸਾਰੰਗੀ ਨਾਲ ਇਤਿਹਾਸ ਤੇ ਵਾਰਾਂ ਗਾਉਣ ਵਾਲੇ ਤੇਰਵੇਂ ਰਤਨ ਦੇ ਸ਼ੌਕੀਨ ਵੀ ਹੈਗੇ ਆ।
ਇਕ ਦਿਲਚਸਪ ਵਾਰਤਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਇਹ ਗੱਲ ਉਦੋਂ ਦੀ ਹੈ ਜਦੋਂ ਪੰਜਾਬ ਦੇ ਪਿੰਡੇ ‘ਤੇ ਮਾਰ-ਧਾੜ ਦੀਆਂ ਗਰਮ ਹਵਾਵਾਂ ਦਾ ਸੇਕ ਝੱਲਿਆ ਨਹੀਂ ਜਾਂਦਾ ਸੀ ਤੇ ਜੋਸ਼ੀਲਾ ਭਾਸ਼ਣ ਕਰਨ ਵਾਲਿਆਂ ਨੂੰ ਵਿਸ਼ੇਸ਼ ਸੁਰੱਖਿਆ ਐਕਟ ਅਧੀਨ ਅਣਮਿਥੇ ਸਮੇਂ ਤੱਕ ਜੇਲ੍ਹ ‘ਚ ਡੱਕਿਆ ਜਾ ਸਕਦਾ ਸੀ। ਹੋਇਆ ਇੱਦਾਂ ਕਿ ਮੈਂ ਸਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਦੇ ਘਰ ਸਾਂ। ਉਹ ਕਹਿਣ ਲੱਗਾ, “ਹਰ ਹਫ਼ਤੇ ਰਿਕਸ਼ੇ, ਬੱਸਾਂ ‘ਚ ਢਾਡੀਆਂ, ਗਾਇਕਾਂ ਬਾਰੇ ਲਿਖਣ ਲਈ ਧੱਕੇ ਖਾਂਦਾਂ, ਚੱਲ ਬੈਠ ਅੱਜ ਗੱਡੀ ‘ਚ। ਅੱਜ ਮਹੀਨੇ ਕੁ ਦਾ ਮੈਟਰ ਇਕੱਠਾ ਕਰਾ ਕੇ ਦਿੰਨਾਂ।” ਪਹਿਲਾਂ ਅਸੀ ਸਿਧਵਾਂ ਕਾਲਜ ਗਏ ਕਵੀਸ਼ਰ ਰਣਜੀਤ ਸਿੰਘ ਦੇ ਘਰ। ਉਦਣ ਸੌ ਰੁਪਿਆ ਮੱਲੋ-ਮੱਲੀ ਸਤਿੰਦਰ ਪਾਲ ਨੇ ਮੇਰੇ ਲਿਖਣ ਦੇ ਸ਼ੁਕਰਾਨੇ ਵਜੋਂ ਜੇਬ ਵਿਚ ਪਾ ਦਿੱਤਾ। ਰੋਡਿਆਂ ਵਾਲੇ ਕਵੀਸ਼ਰ (‘ਅਸੀਂ ਪੱਟ’ਤੇ ਟੈਲੀਵਿਜ਼ਨ ਨੇ, ਜਿੱਦਣ ਦਾ ਭੋਲਾ ਵਿਆਹਿਆ’ ਫੇਮ) ਰਾਮ ਜੀ ਦਾਸ ਤੇ ਸੋਮ ਨਾਥ ਨੇ ਘਰ ਦਾ ਬੁਣਿਆ ਖੇਸ ਤੇ ਦਰੀ ਭੇਂਟ ਕੀਤੀ। ਫਿਰ ਚਲੇ ਗਏ ਇਕ ਢਾਡੀ ਦੇ ਘਰ। ਫ਼ੋਨ ਤਾਂ ਉਦੋਂ ਹੈ ਈ ਘੱਟ ਸਨ। ਉਹ ਨਵਾਂ-ਨਵਾਂ ਜੋਸ਼ ਵਾਲੇ ਭਾਸ਼ਣ ਕਰਨ ਕਰ ਕੇ ਜੇਲ੍ਹ ਵਿਚੋਂ ਆਇਆ ਸੀ। ਉਹ ਤਾਂ ਘਰ ਹੈ ਨਹੀਂ ਸੀ, ਅੱਗਿਉਂ ਉਹਦੀ ਅਨਪੜ੍ਹ ਤੇ ਭਰੀ-ਪੀਤੀ ਘਰਵਾਲੀ ਮਿਲ ਗਈ। ਸਾਨੂੰ ਇਹ ਪੁੱਛਣ ਦੀ ਥਾਂ ਕਿ ‘ਤੁਸੀਂ ਕੌਣ ਹੋ ਤੇ ਕਿਵੇਂ ਆਏ ਹੋ?’, ਇਹ ਕਹਿਣ ਲੱਗ ਪਈ, “ਤੁਸੀਂ ਅੱਗ ਲੱਗਣੇ ਤੋਂ ਲੈਣਾ ਕੀ ਐ?”
ਮੈਂ ਪੁੱਛਿਆ, “ਉਹ ਆਪ ਕਿਥੇ ਨੇ?”
“ਹੈਥੇ ਕਿਤੇ ਹੋਊ ਬਿਮਾਰੀ ਪੈਣਾæææ ਆ’ਜੂ ਡੱਫ ਕੇ।”
“ਪੈਗ ਲਾਉਂਦੈ?”
“ਕਿਤੇ ਇਕ! ਪਹਿਲਾਂ ਬਾਹਰੋਂ ਪੀ ਕੇ ਆਊ। ਅਧੀਆ ਡੱਬ ਵਿਚ ਹੋਊ। ਨਖੁੱਤੀ ਸਰਕਾਰ ਇਹਤੋਂ ਡਰਦੀæææ ਅਖੇ, ਲੈਕਚਰ ਨਾਲ ਕੰਧਾਂ ਵੀ ਕੰਬਣ ਲਾ ਦਿੰਦਾæææਇਹਤੋਂ ਡਰਦੀ ਆ ਸਰਕਾਰ ਜਿਹਨੂੰ ਕੱਲ੍ਹ ਮੁੰਡੇ ਨੇ ਪਸ਼ੂਆਂ ਵਾਲੀ ਖੁਰਲੀ ‘ਚ ਢਾਅ ਕੇ ਖੜਕਾਇਆ।”
“ਕਾਹਤੋਂ?”
“ਪੀ ਕੇ ਸੁਧ-ਬੁਧ ਨਹੀਂ ਰਹਿੰਦੀ। ਕੱਲ੍ਹ ਆਉਂਦਾ ਧਾੜ ਦੇਣੀ ਡਿਗ ਪਿਆ, ਚਾਦਰ ਖੁੱਲ੍ਹ ਗਈ æææ ਬਹੂ ਤਾਂ ਵਿਚਾਰੀ ਸ਼ਰਮ ਦੀ ਮਾਰੀ ਅੰਦਰ ਜਾ ਵੜੀ, ਮੈਂ ਹੀ ਕਿਹਾ ਫੇ’ ਮੁੰਡੇ ਨੂੰ, ‘ਭੰਨ੍ਹ ਇਹਦੇ ਹੱਡ!’æææਸਾਰੀ ਉਮਰ ਮੇਰੇ ਭੰਨ੍ਹਦਾ ਰਿਹੈæææਰੋਜ਼ ਅੰਨ੍ਹਾ ਹੋ ਕੇ ਆਉਂਦਾ ਦਾਰੂ ਨਾਲ।”
ਉਦਣ ਮੈਨੂੰ ਅਹਿਸਾਸ ਹੋ ਗਿਆ ਸੀ, ਤਾਜ ਮਹਿਲ ਦੀ ਛੱਤ ਕਾਹਤੋਂ ਚੋਂਦੀ ਐ।
ਜਦੋਂ ਉਸ ਮਾਤਾ ਨੂੰ ਪਤਾ ਲੱਗਾ ਕਿ ਮੈਂ ਅਖ਼ਬਾਰ ਵਿਚ ਲਿਖਦਾਂ, ਤਾਂ ਡਰ ਗਈ, “ਵੇ ਪੁੱਤ! ਸਾਰਾ ਇੱਦਾਂ ਨਾ ਲਿਖ ਦਈਂ, ਇਹ ਬੜਾ ਕੱਬਾ ਐ, ਖੜ੍ਹੀ ਨੂੰ ਅੱਗ ਲਾ ਦਊ ਮੈਨੂੰ।”
ਖੈਰ! ਮੈਂ ਇਸ ਭੱਜ-ਨੱਸ ਨਾਲ ਮੈਂ ਆਪਣੀ ਪਹਿਲੀ ਪੁਸਤਕ ‘ਪੰਜਾਬ ਦੇ ਢਾਡੀ’ ਲਿਖਣ ਵਿਚ ਕਾਮਯਾਬ ਹੋ ਗਿਆ ਸਾਂ।
ਮਹਾਨ ਕਾਰਜ ਜਿਵੇਂ ਆਨੰਦ ਕਾਰਜ ਤੋਂ ਵੀ ਪਹਿਲਾਂ ਹੋ ਗਿਆ ਹੋਵੇ!
———————–
ਢਾਡੀ ਦਇਆ ਸਿੰਘ ਦਿਲਬਰ ਦੇ ਖਤ ਦੀ ਇਬਾਰਤ
ਆਦਰਨੀਯ ਸਨਮਾਨਿਯਵੱਰ ਦਰਦਮੰਦ ਅਤੇ ਦਿਆਲੂ ਮਿੱਤਰ ਮਹਾਨ ਲਿਖਾਰੀ ਤੇ ਪੱਤਰਕਾਰ ਸ਼ਖਸੀਅਤਿ-ਮੌਸੂਫ਼ ਸ੍ਰੀਮਾਨ ਸ੍ਰੀ ਅਸ਼ੋਕ ਭੌਰਾ ਸਾਹਿਬ ਪਿੰਡ ਭੌਰਾ (ਜਲੰਧਰ) ਸਤ ਸੀ੍ਰ ਅਕਾਲ ਬਾ ਅਦਬੋ-ਅਕੀਦਤ ਅਰਜ਼ ਹੈ। ਆਪ ਜੀ ਦਾ ਟੈਲੀਫ਼ੋਨ ਆਇਆ ਸੀ ਪਰ ਮੈਂ ਘਰ ਨਹੀਂ ਸਾਂ। ਤੁਹਾਡਾ ਸੁਨੇਹਾ ਮਿਲਿਆ। ਆਪ ਇਸ ਨਾਚੀਜ਼ ਨੂੰ ਐਵਾਰਡ ਦੇ ਕੇ ਸਨਮਾਨਤ ਕਰ ਰਹੇ ਹੋ, ਬਹੁਤ-ਬਹੁਤ ਧੰਨਵਾਦ। ਵਿਦਵਾਨ ਮਿੱਤਰਾਂ ਦੀ ਜ਼ੱਰਾ-ਨਵਾਜ਼ੀ ਹੈ। ਕ੍ਰਿਪਾ ਕਰ ਕੇ ਵਾਪਸੀ ਡਾਕ ਰਾਹੀਂ ਪਤਾ ਦਿਉ ਕਿ ਕਿਸ ਤਰੀਕ ਕਿਸ ਜਗ੍ਹਾ ਫ਼ੰਕਸ਼ਨ ਕਰ ਰਹੇ ਹੋ? ਦਾਸ ਕਦੋਂ, ਕਿਥੇ ਪੁੱਜੇ? ਆਪ ਜੀ ਦਾ ਹਰ ਹੁਕਮ ਖ਼ੁਸ਼ੀ ਸਹਿਤ ਪ੍ਰਵਾਨ ਹੋਵੇਗਾ। ਨਾਲੇ ਆਪ ਜੀ ਨੇ ਗੜ੍ਹਸ਼ੰਕਰ-ਨੂਰਪੁਰ ਰੋਡ ਉਤੇ ਬੱਸ ਵਿਚ ਇਕਰਾਰ ਕੀਤਾ ਸੀ ਕਿ ਮੈਂ ਆਵਾਂਗਾ ਪਰ ਆਪ ਆਏ ਨਹੀਂ। ਕਿਤੇ ਟਾਇਮ ਕੱਢ ਕੇ ਦਰਸ਼ਨ ਦਿਉ। ਜਿਵੇਂ ਆਪ ਜੀ ਨੇ ਢਾਡੀ ਕਲਾਕਾਰਾਂ ਦਾ ਕਾਲਮ ‘ਸੁਰ ਸੱਜਣਾਂ ਦਾ’ ਸ਼ੁਰੂ ਕੀਤਾ ਹੈ, ਸ਼ਲਾਘਾਯੋਗ ਹੈ। ਅਸੀਂ ਸਭ ਤੁਹਾਡੇ ਧੰਨਵਾਦੀ ਹਾਂ। ਮੇਰੇ ਲੜਕੇ ਕੁਲਜੀਤ ਸਿੰਘ ਦਿਲਬਰ ਐਮæਏæ ਨਾਲ ਟਾਪ ਦਾ ਢਾਡੀ ਜੱਥਾ ਹੈ-ਕ੍ਰਿਸ਼ਨ ਸਿੰਘ ਮਹਿੰਦਪੁਰੀ, ਸਵਰਨ ਸਿੰਘ ਨਾਜ਼ਕ ਰਟੈਂਡਾ, ਹਰਦੀਪ ਸਿੰਘ ਅਕਾਲਗੜ੍ਹ। ਇਸ ਲਈ ਕੁਲਜੀਤ ਸਿੰਘ ਬਾਰੇ ਵੀ ‘ਸੁਰ ਸੱਜਣਾਂ ਦੀ’ ਵਿਚ ਲਿਖੋ। ਬਾਕੀ ਮਿਲ ਕੇ।
-ਤੁਹਾਡਾ ਆਪਣਾ,
ਦਇਆ ਸਿੰਘ ਦਿਲਬਰ।
20-12-88
ਨਵਾਂ ਸ਼ਹਿਰ।
Leave a Reply