ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਸ਼ਬਦ ਬਾਣਾਂ ਅੱਗੇ ਅਕਾਲੀ-ਭਾਜਪਾ ਸਰਕਾਰ ਬੇਵੱਸ ਨਜ਼ਰ ਆ ਰਹੀ ਹੈ। ਇਸ ਆਗੂ ਵੱਲੋਂ ਉਭਾਰੇ ਜਾ ਰਹੇ ਮਾਮਲੇ ਸਿਰਫ਼ ਭਾਜਪਾ ਹੀ ਨਹੀਂ ਬਲਕਿ ਸੂਬੇ ਦੀ ਗੱਠਜੋੜ ਸਰਕਾਰ ਲਈ ਵੀ ਸਿਰਦਰਦੀ ਬਣਦੇ ਜਾ ਰਹੇ ਹਨ। ਭਾਜਪਾ ਦੀ ਸੂਬਾਈ ਲੀਡਰਸ਼ਿਪ ਇਸ ਭਖਦੇ ਰਾਜਸੀ ਮੁੱਦੇ ‘ਤੇ ਭਾਵੇਂ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ ਪਰ ਆਗੂਆਂ ਦਾ ਮੰਨਣਾ ਹੈ ਕਿ ਇਹ ਮਾਮਲਾ ਪਾਰਟੀ ਨੂੰ ਰਾਜਸੀ ਤੌਰ ‘ਤੇ ਭਾਰੀ ਪਵੇਗਾ।
ਉਧਰ, ਆਪਣੇ ਲੋਕ ਸਭਾ ਹਲਕੇ ਵਿਚ ਲੰਮੀ ਗ਼ੈਰਹਾਜ਼ਰੀ ਤੇ ਪਾਰਲੀਮੈਂਟ ਵਿਚੋਂ ਵੀ ਲੋਪ ਰਹਿਣ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਇਸ ਸੰਸਦ ਮੈਂਬਰ ਲਈ ਵੀ ਨਮੋਸ਼ੀ ਵਧਦੀ ਜਾ ਰਹੀ ਹੈ। ਪਾਰਟੀ ਸੂਤਰਾਂ ਅਨੁਸਾਰ ਸੂਬਾਈ ਆਗੂਆਂ ਨੂੰ ਇਸ ਸਮੇਂ ਪਾਰਟੀ ਹਾਈ ਕਮਾਨ ਦੇ ਹੁਕਮਾਂ ਦਾ ਇੰਤਜ਼ਾਰ ਹੈ। ਸਿੱਧੂ ਵਿਵਾਦ ਦੇ ਦੌਰਾਨ ਹੀ ਗੱਠਜੋੜ ਪਾਰਟੀਆਂ ਅੰਦਰ ਇਹ ਵੀ ਚਰਚਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਦਾ ਤਬਾਦਲਾ ਅਕਾਲੀ ਦਲ ਨਾਲ ਵੀ ਕੀਤਾ ਜਾ ਸਕਦਾ ਹੈ। ਬਦਲੇ ਵਿਚ ਲੁਧਿਆਣਾ ਸੀਟ ਭਾਜਪਾ ਨੂੰ ਦਿੱਤੀ ਜਾ ਸਕਦੀ ਹੈ।
ਸ਼ ਸਿੱਧੂ ਨੇ ਪਿਛਲੇ ਦਿਨਾਂ ਦੌਰਾਨ ਆਪਣੀ ਪਾਰਟੀ ਤੇ ਸਰਕਾਰ ਦੋਹਾਂ ‘ਤੇ ਹੀ ਬਰਾਬਰ ਨਿਸ਼ਾਨਾ ਸੇਧਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਨੂੰ ਭਾਜਪਾ ਦਾ ਅੰਦਰੂਨੀ ਮਾਮਲਾ ਆਖ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਵੀ ਤੱਥ ਹਨ ਕਿ ਸਰਕਾਰ ਵੱਲੋਂ ਗਰਾਂਟਾਂ ਦੇ ਮਾਮਲੇ ਵਿਚ ਸੰਸਦ ਮੈਂਬਰ ਦੀਆਂ ਸਿਫਾਰਸ਼ਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ। ਸੰਸਦ ਮੈਂਬਰ ਦੇ ਰੁਖ਼ ਤੋਂ ਬਾਅਦ ਸਰਕਾਰ ਬਚਾਅ ਕਰਦੀ ਦਿਖਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਵਿਸ਼ੇਸ਼ ਤੌਰ ‘ਤੇ ਬਿਆਨ ਜਾਰੀ ਕਰਨਾ ਪਿਆ। ਭਾਜਪਾ ਦੇ ਸੂਤਰਾਂ ਮੁਤਾਬਕ ਸੂਬਾਈ ਆਗੂਆਂ ਨੇ ਸ਼ ਸਿੱਧੂ ਦੇ ਮਾਮਲੇ ‘ਤੇ ਰਾਜਨਾਥ ਸਿੰਘ, ਅਰੁਣ ਜੇਤਲੀ ਤੇ ਹੋਰ ਆਗੂਆਂ ਨਾਲ ਰਾਬਤਾ ਬਣਾਇਆ ਹੋਇਆ ਹੈ। ਕੇਂਦਰੀ ਆਗੂਆਂ ਨੇ ਇਸ ਮੁੱਦੇ ‘ਤੇ ਪੰਜਾਬ ਦੇ ਆਗੂਆਂ ਨੂੰ ਹਾਲ ਦੀ ਘੜੀ ਆਪਣੀ ‘ਜ਼ੁਬਾਨ ਬੰਦ ਰੱਖਣ’ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ। ਭਾਜਪਾ ਹਾਈ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮਹੱਤਵਪੂਰਨ ਜ਼ਿੰਮੇਵਾਰੀ ਦੇਣ ‘ਤੇ ਵਿਚਾਰ ਕਰ ਰਹੀ ਹੈ।
ਨਵਜੋਤ ਸਿੰਘ ਸਿੱਧੂ ਮਾਮਲੇ ਦਾ ਇਕ ਪੱਖ ਇਹ ਵੀ ਹੈ ਕਿ ਉਹ ਆਪਣੀ ਪਾਰਟੀ ਦੇ ਆਗੂਆਂ ਤੇ ਸਰਕਾਰ ‘ਤੇ ਵਿਤਕਰੇ ਦਾ ਦੋਸ਼ ਤਾਂ ਲਾ ਰਹੇ ਹਨ ਪਰ ਉਨ੍ਹਾਂ ਦੀ ਵਿਧਾਇਕ ਪਤਨੀ ਰਾਜਸੀ ਤੌਰ ‘ਤੇ ਪ੍ਰਭਾਵ ਨਹੀਂ ਛੱਡ ਸਕੇ। ਆਪਣੇ ਪਤੀ ਦੀ ਗ਼ੈਰਹਾਜ਼ਰੀ ਵਿਚ ਸ੍ਰੀਮਤੀ ਸਿੱਧੂ ਨੇ ਮੋਰਚਾ ਤਾਂ ਸੰਭਾਲਿਆ ਪਰ ਇਸ ਦੌਰਾਨ ਪਾਰਟੀ ਤੇ ਸਰਕਾਰ ਨਾਲ ਸਿੰਙ ਫਸਣ ਕਾਰਨ ਕੁਝ ਜ਼ਿਆਦਾ ਹੀ ਸੁਰਖੀਆਂ ਵਿਚ ਰਹੇ। ਆਪਣੇ ਪਤੀ ਦੀ ਅੰਮ੍ਰਿਤਸਰ ਫੇਰੀ ਤੋਂ ਪਹਿਲਾਂ ਡਾæ ਸਿੱਧੂ ਨੇ ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਨਾਲ ਰਾਬਤਾ ਕਾਇਮ ਕਰਨ ਦੇ ਨਾਲ ਨਾਲ ਸਥਾਨਕ ਆਗੂਆਂ ਨਾਲ ਗਿਲੇ ਸ਼ਿਕਵੇ ਖ਼ਤਮ ਕਰਨ ਦਾ ਯਤਨ ਕੀਤਾ ਪਰ ਬੂਰ ਨਹੀਂ ਪਿਆ।
ਸਿੱਧੂ ਦੇ ਮਾਮਲੇ ‘ਤੇ ਆਉਣ ਵਾਲੇ ਦਿਨ ਸੰਸਦ ਮੈਂਬਰ ਅਤੇ ਪਾਰਟੀ ਦੋਹਾਂ ਲਈ ਅਹਿਮ ਮੰਨੇ ਜਾ ਰਹੇ ਹਨ। ਇਸੇ ਦੌਰਾਨ ਇਕ ਚਰਚਾ ਇਹ ਵੀ ਭਾਰੂ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਦੀ ਸੀਟ ਦਾ ਤਬਾਦਲਾ ਲੁਧਿਆਣਾ ਨਾਲ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਅੰਮ੍ਰਿਤਸਰ ਇਤਿਹਾਸਕ ਪੱਖ ਤੋਂ ਅਕਾਲੀ ਦਲ ਦੇ ਕਬਜ਼ੇ ਵਾਲੀ ਸੀਟ ਹੋਣੀ ਚਾਹੀਦੀ ਹੈ ਜਦੋਂਕਿ ਭਾਜਪਾ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ ਦਾ ਆਖਣਾ ਹੈ ਕਿ ਇਹ ਸੀਟ ਪਾਰਟੀ ਦੀ ਰਵਾਇਤੀ ਸੀਟ ਹੈ।
Leave a Reply