ਗੁਰਦਿਆਲ ਬੱਲ ਨੇ ਸੁਰਿੰਦਰ ਨੀਰ ਦੇ ਨਾਵਲ ‘ਮਾਇਆ’ ਨੂੰ ਵਿਸ਼ਵ ਕਲਾਸਿਕੀ ਸਾਹਿਤ ਦੇ ਪ੍ਰਸੰਗਾਂ ਵਿਚ ਜਿਸ ਤਰ੍ਹਾਂ ਸਮਝਣ ਦਾ ਉਪਰਾਲਾ ਕੀਤਾ ਹੈ, ਉਸ ਨਾਲ ਸਾਹਿਤ ਦੀ ਪੜਚੋਲ ਬਾਰੇ ਨਵੀਂ ਅੰਤਰਦ੍ਰਿਸ਼ਟੀ ਵਿਕਸਤ ਹੋਈ ਹੈ। ਪੰਜਾਬ ਟਾਈਮਜ਼ ਵਿਚ ਲੜੀਵਾਰ ਛਪਿਆ ਇਹ ਲੇਖ ਆਲੋਚਨਾ ਦੇ ਰਵਾਇਤੀ ਮਾਡਲ ਤੋਂ ਤਾਂ ਵੱਖਰਾ ਹੈ ਹੀ, ਪ੍ਰੰਤੂ ਭਾਰਤੀ ਅਤੇ ਪੱਛਮੀ ਸਾਹਿਤ ਸੰਸਾਰ ਦੀਆਂ ਮਹਾਨ ਲਿਖਤਾਂ ਨਾਲ ਜੁੜਿਆ ਹੋਣ ਸਦਕਾ ਇਕ ਵੱਖਰੇ ਸੰਵਾਦ ਦਾ ਸਬੱਬ ਵੀ ਬਣਿਆ ਹੈ।
ਪੰਜਾਬੀ ਸਾਹਿਤ ਆਲੋਚਨਾ ਜਿੱਥੇ ਕਿਸੇ ਵਿਸ਼ੇਸ਼ ਪਰਿਪੇਖ ਤੋਂ ਸਾਹਿਤਕ ਰਚਨਾ ਦੀ ਪੜਚੋਲ ਨਾਲ ਸਬੰਧਤ ਹੈ, ਉਥੇ ਗੁਰਦਿਆਲ ਬੱਲ ਨੇ ਮਨੁੱਖੀ ਅਵਚੇਤਨ ਦੇ ਵੱਖ-ਵੱਖ ਪਸਾਰਾਂ ਨੂੰ ਵਿਭਿੰਨ ਸਾਹਿਤਕ ਰਚਨਾਵਾਂ ਦੇ ਹਵਾਲੇ ਨਾਲ ਸਮਝਣ-ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਜਿੱਥੇ ਇਹ ਲੇਖ ਨਾਵਲ ‘ਮਾਇਆ’ ਨੂੰ ਪੜ੍ਹਤ ਦਾ ਵਿਸ਼ਾ ਬਣਾਉਂਦਾ ਹੈ, ਉਥੇ ਇਸ ਲੇਖ ਦਾ ਕੈਨਵਸ ਮਹਾਂਭਾਰਤ ਅਤੇ ਉਡੀਸੀ ਜਿਹੀਆਂ ਮਹਾਂਕਾਵਿਕ ਰਚਨਾਵਾਂ ਤੋਂ ਲੈ ਕੇ ਆਧੁਨਿਕ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਤੱਕ ਫੈਲਿਆ ਹੈ।
ਇਹ ਲੇਖ ਲਾਲੀ ਬਾਬੇ (ਹਰਦਿਲਜੀਤ ਸਿੰਘ) ਦੇ ਪ੍ਰਵਚਨਾਂ ਦੀ ਪਿੱਠਭੂਮੀ ਨੂੰ ਆਧਾਰ ਬਣਾਉਂਦਾ ਹੈ ਅਤੇ ਭੂਤਵਾੜੇ ਦੀ ਪਰੰਪਰਾ ਨੂੰ ਅੱਗੇ ਤੋਰਨ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਲੇਖ ਦੀ ਵਿਲੱਖਣ ਪ੍ਰਾਪਤੀ ਇਹ ਹੈ ਕਿ ਇਹ ਪੰਜਾਬ ਵਿਚੋਂ ਤਕਰੀਬਨ ਪ੍ਰਸੰਗ ਵਿਹੂਣੇ ਹੋ ਚੁੱਕੇ ਬੌਧਿਕ ਪ੍ਰਵਚਨ ਨੂੰ ਨਵੇਂ ਸਿਰੇ ਤੋਂ ਵਿਚਾਰਨ ਲਈ ਜ਼ਮੀਨ ਤਿਆਰ ਕਰਦਾ ਹੈ। ਖ਼ਪਤਵਾਦੀ ਯੁੱਗ ਦੀ ਪਿਓਂਦ ਚੜ੍ਹਨ ਕਾਰਨ ਜਿਹੜਾ ਪੰਜਾਬੀ ਅਵਚੇਤਨ ‘ਖਾਓ-ਪੀਓ ਐਸ਼ ਕਰੋ’ ਦੇ ਨਿਸ਼ਚਿਤ ਚੌਖਟੇ ਅੰਦਰ ਵਿਚਰ ਰਿਹਾ ਹੈ, ਇਹ ਲੇਖ ਉਸ ਮਾਨਸਿਕਤਾ ਨੂੰ ਵਾਪਸ ਅਜਿਹੇ ਸੰਵਾਦ ਨਾਲ ਜੋੜਦਾ ਹੈ, ਜਿਸ ਦੀਆਂ ਜੜ੍ਹਾਂ ਸਾਡੀ ‘ਗੋਸ਼ਟਿ’ ਜਿਹੀ ਪਰੰਪਰਾ ਵਿਚ ਵਿਗਸਦੀਆਂ ਰਹੀਆਂ ਹਨ।
ਆਧੁਨਿਕ ਦੌਰ ਵਿਚ ‘ਭੂਤਵਾੜਾ’ ਇਸ ਬੌਧਿਕ ਪ੍ਰਵਚਨ ਦਾ ਚਿਹਨ ਬਣਦਾ ਹੈ। ਭੂਤਵਾੜਾ ਪੰਜਾਬ ਵਿਚਲੇ ਬੌਧਿਕ ਸਭਿਆਚਾਰ ਲਈ ਜ਼ਮੀਨ ਤਿਆਰ ਕਰਦਾ ਹੈ ਪਰ ਸਮਕਾਲੀ ਵਿਸ਼ਵੀਕਰਨ ਦੇ ਖਪਤਵਾਦੀ ਸਭਿਆਚਾਰ ਅੱਗੇ ਇਹ ਪ੍ਰਵਚਨ ਮਹਿਜ਼ ਯੂਟੋਪੀਆ ਅਤੇ ਨੌਸਟੈਲਜੀਆ ਦੇ ਅਰਥਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਗੁਰਦਿਆਲ ਬੱਲ ਦੀ ਪ੍ਰਸੰਗਕਤਾ ਇਸ ਤੱਥ ਵਿਚ ਨਿਹਿਤ ਹੈ ਕਿ ਉਹ ‘ਮਾਇਆ’ ਨਾਵਲ ਦੇ ਹਵਾਲੇ ਨਾਲ ਪੰਜਾਬੀ ਬੰਦੇ ਨੂੰ ਉਸ ਦੇ ਸ਼ਾਨਮੱਤੇ ਅਤੀਤ ਨਾਲ ਜੋੜਨ ਦਾ ਉਪਰਾਲਾ ਕਰਦਾ ਹੈ।
ਲਿਓ ਟਾਲਸਟਾਏ, ਡੀæ ਐਚ ਲਾਰੰਸ, ਐਮਲੀ ਬਰੌਂਟੇ, ਹਰਮਨ ਹੈਸ ਅਤੇ ਟਾਮਸ ਹਾਰਡੀ ਜਿਹੇ ਨਾਵਲਕਾਰਾਂ ਦੀਆਂ ਸ਼ਾਹਕਾਰ ਰਚਨਾਵਾਂ ਨੂੰ ‘ਮਾਇਆ’ ਨਾਵਲ ਦੇ ਬਿਰਤਾਂਤ ਨਾਲ ਜੋੜ ਕੇ ਬੱਲ ਨੇ ਮਨੁੱਖੀ ਜਜ਼ਬਿਆਂ ਦੀ ਸ਼ਿੱਦਤ ਵਿਚਲੀ ਗਹਿਰਾਈ ਨੂੰ ਸ਼ਬਦ ਸੰਸਾਰ ਨਾਲ ਜੋੜਿਆ ਹੈ। ਮਾਨਵੀ ਅਵਚੇਤਨ ਦੇ ਲੁਪਤ ਪਹਿਲੂਆਂ ਨੂੰ ਜਿਸ ਤਰ੍ਹਾਂ ਇਹ ਵਿਸ਼ਵ ਪ੍ਰਸਿੱਧ ਕਿਰਤਾਂ ਅਗ੍ਰਭੂਮੀ ਵਿਚ ਲਿਆਉਦੀਆਂ ਹਨ ਅਤੇ ਗ਼ਲਪ ਦੇ ਗ਼ਿਲਾਫ਼ ਰਾਹੀਂ ਸ਼ਬਦਾਂ ਵਿਚ ਢਾਲਦੀਆਂ ਹਨ, ਉਸ ਪੱਖ ਤੋਂ ਹੀ ਇਨ੍ਹਾਂ ਕਿਰਤਾਂ ਦੇ ਸ਼ਾਹਕਾਰ ਹੋਣ ਦੀ ਕਨਸੋਅ ਮਿਲਦੀ ਹੈ। ਇਨ੍ਹਾਂ ਲਿਖਤਾਂ ਦੇ ਹਵਾਲੇ ਨਾਲ ਬੱਲ ਮਨੁੱਖੀ ਭਾਵਨਾਵਾਂ ਦੇ ਵੇਗ ਅੱਗੇ ਤਿੜਕ ਰਹੇ ਸਬੰਧਾਂ, ਰਿਸ਼ਤਿਆਂ ਅਤੇ ਨੈਤਿਕ ਮੁੱਲਾਂ ਦੀ ਥਾਹ ਪਾਉਣ ਦਾ ਸੁਚੇਤ ਕਾਰਜ ਕਰਦਾ ਹੈ।
ਪੰਜਾਬ ਦੀ ਹੋਣੀ ਨੂੰ ਵਿਸ਼ਵ ਪ੍ਰਸੰਗ ਵਿਚ ਵਾਪਰੀਆਂ ਤਬਦੀਲੀਆਂ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਆਰਥਿਕ, ਸਮਾਜਕ ਅਤੇ ਰਾਜਨੀਤਕ ਪਰਿਵਰਤਨਾਂ ਨੇ ਪੰਜਾਬੀ ਸਮਾਜ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਇਸ ਨੂੰ ਸਮਝੇ ਬਗ਼ੈਰ ਪੰਜਾਬੀ ਅਵਚੇਤਨ ਨੂੰ ਸਮਝਣਾ ਸੰਭਵ ਨਹੀਂ ਹੈ। ‘ਮਾਇਆ’ ਨਾਵਲ ਦਾ ਬਿਰਤਾਂਤਕ ਸੰਗਠਨ ਕੀ ਸੱਚ-ਮੁੱਚ ਇਨ੍ਹਾਂ ਸਮੁੱਚੇ ਪ੍ਰਸੰਗਾਂ ਨੂੰ ਆਪਣੇ ਕਲੇਵਰ ਵਿਚ ਲੈਂਦਾ ਹੈ? ਇਹ ਇਕ ਅਜਿਹਾ ਪੱਖ ਹੈ, ਜਿਸ ਬਾਰੇ ਵਾਦ-ਵਿਵਾਦ ਦੀ ਗੁੰਜਾਇਸ਼ ਹੋ ਸਕਦੀ ਹੈ। ਪਰੰਤੂ ਇਹ ਤੱਥ ਨਿਰਵਿਵਾਦ ਹੈ ਕਿ ਗੁਰਦਿਆਲ ਬੱਲ ਨੇ ਆਪਣੇ ਇਸ ਲੇਖ ਰਾਹੀਂ ਪੰਜਾਬੀ ਸਾਹਿਤਕ ਚਿੰਤਨ ਨੂੰ ਵਿਸ਼ਵ ਸਾਹਿਤ ਦੇ ਪ੍ਰਸੰਗਾਂ ਦੁਆਰਾ ਸਮਝਣ ਦੀ ਇਮਾਨਦਾਰ ਕੋਸ਼ਿਸ਼ ਕੀਤੀ ਹੈ।
ਲਾਲੀ ਬਾਬੇ ਦੇ ਪ੍ਰਸੰਗ ਨੂੰ ਇਸ ਲੇਖ ਦਾ ਮਹੱਤਵਪੂਰਨ ਹਿੱਸਾ ਬਣਾ ਕੇ ਗੁਰਦਿਆਲ ਬੱਲ ਨੇ ਪੰਜਾਬ ਦੇ ਉਸ ਬੌਧਿਕ ਪ੍ਰਵਚਨ ਨੂੰ ਜ਼ੁਬਾਨ ਦੇਣ ਦਾ ਯਤਨ ਕੀਤਾ ਹੈ, ਜਿਹੜਾ ਖ਼ਪਤਵਾਦੀ ਕਦਰਾਂ-ਕੀਮਤਾਂ ਦੇ ਦੌਰ ਵਿਚ ਪ੍ਰਸੰਗ ਵਿਹੂਣਾ ਹੋ ਚੁੱਕਿਆ ਹੈ। ਪੰਜਾਬ ਦੇ ਭਵਿੱਖੀ ਤਸਵੱਰ ਲਈ ਅਜਿਹੇ ਵਿਭਿੰਨ ਪ੍ਰਸੰਗਾਂ ਦੇ ਸੰਵਾਦ ਨੂੰ ਸਾਹਿਤਕ ਅਤੇ ਸਭਿਆਚਾਰਕ ਪ੍ਰਵਚਨਾਂ ਵਿਚ ਪੇਸ਼ ਕਰਨਾ ਬੇਹੱਦ ਜ਼ਰੂਰੀ ਹੈ। ਇਹ ਪ੍ਰਵਚਨ ਕਿਸੇ ਰਾਜਨੀਤਕ ਪਾਰਟੀ ਦਾ ਏਜੰਡਾ ਨਾ ਹੋ ਕੇ ਦਾਨਿਸ਼ਵਰਾਂ ਅਤੇ ਆਮ ਲੋਕਾਈ ਦੇ ਮਸਲਿਆ ਨਾਲ ਬਾਵਸਤਾ ਹੈ ਅਤੇ ਇਸ ਗੱਲ ਦਾ ਫੈਸਲਾ ਖ਼ੁਦ ਪੰਜਾਬੀਆਂ ਨੇ ਕਰਨਾ ਹੈ ਕਿ ਉਹ ਕਿਸ ਤਰ੍ਹਾਂ ਦਾ ਭਵਿੱਖ ਚਾਹੁੰਦੇ ਹਨ।
-ਯਾਦਵਿੰਦਰ ਸਿੰਘ
ਫੋਨ: 91-94178-68084
Leave a Reply