ਖਿਡਾਰੀ ਡਰੱਗ ਕਿਉਂ ਲੈਂਦੇ ਹਨ?

ਪ੍ਰਿੰæ ਸਰਵਣ ਸਿੰਘ
‘ਕਬੱਡੀ ਨੂੰ ਡਰੱਗ ਦਾ ਜੱਫਾ’ ਲੇਖ ਕਬੱਡੀ ਦੇ ਖਿਡਾਰੀਆਂ ਨੇ ਹੀ ਡਰੱਗੀ ਖਿਡਾਰੀਆਂ ਬਾਰੇ ਦੱਸ ਕੇ ਲਿਖਵਾਇਆ ਸੀ। ਭੇਤ ਨਸ਼ਰ ਹੋਣ ਪਿੱਛੋਂ ਡਰੱਗ ਲੈਣ ਵਾਲੇ ਖਿਡਾਰੀ ਅਕਸਰ ਕਹਿੰਦੇ ਹਨ ਕਿ ਸਾਨੂੰ ਈ ਬਦਨਾਮ ਨਾ ਕਰੀ ਚੱਲੋ। ਸਾਡਾ ਪੱਖ ਵੀ ਦੱਸੋ ਪਈ ਅਸੀਂ ਡਰੱਗ ਕਿਉਂ ਲੈਂਦੇ ਹਾਂ? ਉਹ ਕਹਿੰਦੇ ਹਨ ਕਿ ਟੀਕੇ ਲਗਵਾਉਣੇ ਤੇ ਕੈਪਸੂਲ ਲੈਣੇ ਸਾਡਾ ਸ਼ੌਕ ਨਹੀਂ ਸਾਡੀ ਮਜਬੂਰੀ ਹੈ। ਅਸੀਂ ਚਾਅ ਨਾਲ ਡੋਪਿੰਗ ਨਹੀਂ ਕਰਦੇ ਤੇ ਨਾ ਹੀ ਸਾਡਾ ਮਨ ਮੰਨਦੈ ਪਰ ਜਦੋਂ ਮੂਹਰੇ ਦੂਜੀ ਟੀਮ ਵਾਲੇ ਟੀਕੇ ਲਾ ਕੇ ਖੜ੍ਹੇ ਹੁੰਦੇ ਆ ਤਾਂ ਫੇਰ ਅਸੀਂ ਵੀ ਓਹੀ ਕੁਛ ਕਰਦੇ ਹਾਂ। ਇਕੋ ਦਿਨ ‘ਚ ਮੈਚ ਵੀ ਤਿੰਨ ਚਾਰ ਖੇਡਣੇ ਪੈਂਦੇ ਆ ਜਿਸ ਕਰਕੇ ਜ਼ੋਰ ਵਿਤੋਂ ਵੱਧ ਲੱਗਦੈ। ਜਿਨ੍ਹਾਂ ਤੋਂ ਵਾਰ ਵਾਰ ਰੇਡਾਂ ਪੁਆਈਆਂ ਜਾਂਦੀਆਂ ਜਾਂ ਜੱਫੇ ‘ਤੇ ਜੱਫੇ ਲੁਆਏ ਜਾਂਦੇ ਆ ਉਹ ਡਰੱਗ ਨ੍ਹੀਂ ਲੈਣਗੇ ਤਾਂ ਹੋਰ ਕੀ ਕਰਨਗੇ? ਖਿਡਾਰੀਆਂ ਨੂੰ ਜੇ ਪਸ਼ੂਆਂ ਵਾਂਗ ਖਿਡਾਓਗੇ ਤਾਂ ਉਹ ਪਸ਼ੂਆਂ ਵਾਲੇ ਟੀਕੇ ਈ ਲਾਉਣਗੇ। ਇਕੋ ਦਿਨ ‘ਚ ਇਕੋ ਮੈਚ ਖੇਡਣਾ ਹੋਵੇ ਤਾਂ ਸਾਨੂੰ ਡਰੱਗ ਲੈਣ ਦੀ ਕੋਈ ਲੋੜ ਨ੍ਹੀਂ। ਹੋਰਨਾਂ ਖੇਡਾਂ ਦੇ ਕੱਪਾਂ ‘ਚ ਇਕ ਦਿਨ ‘ਚ ਇਕੋ ਮੈਚ ਈ ਖਿਡਾਇਆ ਜਾਂਦੈ।
ਉਹ ਇਹ ਵੀ ਕਹਿੰਦੇ ਹਨ ਕਿ ਸਾਡੇ ‘ਤੇ ਪੈਸੇ ਲਾਉਣ ਵਾਲੇ ਕਲੱਬਾਂ ਦਾ ਵੀ ਦਬਾਅ ਹੁੰਦੈ ਪਈ ਕੱਪ ਜ਼ਰੂਰ ਜਿੱਤਣੈ, ਜਿਵੇਂ ਮਰਜ਼ੀ ਜਿੱਤੋ। ਜਿਹੜੇ ਟੀਕੇ ਆਖੋਂ ਅਸੀਂ ਆਪ ਲਿਆ ਦਿੰਨੇ ਆਂ। ਅਸੀਂ ਵੀ ਸਮਝਦੇ ਆਂ ਕਿ ਕੱਪ ਜਿੱਤ ਕੇ ਦੇਵਾਂਗੇ ਤਾਂ ਹੀ ਉਹ ਅਗਲੀ ਵਾਰ ਸਾਨੂੰ ਖਿਡਾਉਣਗੇ। ਇੰਡੀਆ ਤੋਂ ਕਬੱਡੀ ਸੀਜ਼ਨ ਖੇਡਣ ਆਏ ਇਹ ਵੀ ਕਹਿੰਦੇ ਹਨ, “ਜੀ, ਮਸਾਂ ਮੌਕਾ ਮਿਲਦੈ ਬਾਹਰਲਾ ਸੀਜ਼ਨ ਖੇਡਣ ਦਾ, ਆਖੀਦੈ ਬਈ ਟੀਕੇ-ਟੂਕੇ ਲਾ ਕੇ ਚਾਰ ਪੈਸੇ ਬਣਾ ਲੀਏ, ਫੇਰ ਕੀਹਨੇ ਪੁੱਛਣੈ? ਜਦੋਂ ਇਕ ਇਕ ਜੱਫੇ ‘ਤੇ ਲੱਖ ਲੱਖ ਦਾ ਇਨਾਮ ਲੱਗਜੇ, ਫੇਰ ਜਾਨ ਭਾਵੇਂ ਜਾਂਦੀ ਰਹੇ, ਲੱਖ ਥੋੜ੍ਹੋ ਜਾਣ ਦੇਣਾ!”
ਸੱਚੀ ਗੱਲ ਹੈ, ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਖਿਡਾਰੀਆਂ ਨੂੰ ਡਰੱਗ ‘ਤੇ ਲਾਉਣ ਲਈ ਕਈ ਕਲੱਬ ਵੀ ਉਨੇ ਹੀ ਜ਼ਿੰਮੇਵਾਰ ਹਨ। ਮੇਰੇ ਆਪਣੇ ਪਿੰਡ ਦਾ ਇਕ ਕਬੱਡੀ ਖਿਡਾਰੀ ਬੜੀ ਸੋਹਣੀ ਕਬੱਡੀ ਖੇਡਦਾ ਸੀ। ਮੈਂ ਪਿੰਡ ਗਿਆ ਤਾਂ ਉਹ ਪੱਟ ਦੇ ਜ਼ਖਮ ਦਾ ਇਲਾਜ ਕਰਾਉਂਦਾ ਮਿਲਿਆ। ਪੁੱਛਿਆ ਤਾਂ ਭੇਤ ਖੁੱਲ੍ਹਿਆ ਕਿ ਕਿਸੇ ਵਿਦੇਸ਼ੀ ਕਲੱਬ ਦੇ ਸੱਦੇ ‘ਤੇ ਬਾਹਰ ਕਬੱਡੀ ਖੇਡਣ ਗਿਆ ਸੀ। ਮੈਚ ਤੋਂ ਪਹਿਲਾਂ ਟੀਕੇ ਲੱਗਣ ਲੱਗੇ। ਉਸ ਨੇ ਨਾਂਹ ਨੁੱਕਰ ਕੀਤੀ ਕਿ ਮੈਂ ਨ੍ਹੀਂ ਕਦੇ ਟੀਕਾ ਲੁਆ ਕੇ ਖੇਡਿਆ ਪਰ ਉਹਦੀ ਕਿਸੇ ਨਾ ਸੁਣੀ। ਉਹਦੇ ਮੱਲੋਮੱਲੀ ਟੀਕਾ ਠੋਕ ਦਿੱਤਾ! ਬੱਸ ਏਹੋ ਕਹਿੰਦੇ ਰਹੇ, “ਹੁਣ ਨ੍ਹੀਂ ਤੂੰ ਕਿਸੇ ਤੋਂ ਲਈਦਾ। ਤੇਰੇ ‘ਚ ਸਾਨ੍ਹ ਜਿੰਨੀ ਤਾਕਤ ਹੋਗੀ!” ਤਾਕਤ ਤਾਂ ਪਤਾ ਨਹੀਂ ਕਿੰਨੀ ਹੋਈ ਪਰ ਉਹਦਾ ਟੀਕਾ ਪੱਕ ਗਿਆ, ਜ਼ਖਮ ‘ਚ ਪਾਕ ਪੈ ਗਈ ਤੇ ਇਲਾਜ ਕਰਾਉਂਦਿਆਂ ਉਹ ਕਬੱਡੀ ਖੇਡਣੋਂ ਉੱਕਾ ਈ ਜਾਂਦਾ ਰਿਹਾ।
ਅਗਲੇ ਸਿਆਲ ‘ਚ ਮੈਂ ਫਿਰ ਪਿੰਡ ਗਿਆ ਹੋਇਆ ਸਾਂ। ਸਰੀਰਕ ਸਿੱਖਿਆ ਦਾ ਇਕ ਨੌਜੁਆਨ ਅਧਿਆਪਕ ਮੈਨੂੰ ਮਿਲਣ ਆ ਗਿਆ। ਸਾਹਬ-ਸਲਾਮ ਤੋਂ ਬਾਅਦ ਕਹਿਣ ਲੱਗਾ, “ਤੁਸੀਂ ਲਿਖਦੇ ਰਹਿਨੇਂ ਓਂ, ਆਹ ਦੇਖੋ ਮੈਂ ਸਬੂਤ ਲਿਆਇਆਂ।” ਉਸ ਨੇ ਬੈਗ ‘ਚੋਂ ਟੀਕਿਆਂ ਵਾਲੀਆਂ ਕੁਝ ਸ਼ੀਸ਼ੀਆਂ ਕੱਢੀਆਂ। ਟੀਕਿਆਂ ਦੇ ਨਾਂ ਦੱਸੇ ਤੇ ਕੀਮਤ ਵੀ ਦੱਸਦਾ ਗਿਆ। ਫਿਰ ਇਕ ਸ਼ੀਸ਼ੀ ਵਿਖਾਈ ਜਿਸ ਉਤੇ ਲਿਖਿਆ ਸੀ ਮੀਫੈਂਟਰਮਾਈਨ। ਆਖਣ ਲੱਗਾ, “ਇਹਦਾ ਨਾਂ ਖਿਡਾਰੀਆਂ ਨੇ ਮੋਗੇ ਵਾਲਾ ਮੌਕੇ ਦਾ ਟੀਕਾ ਰੱਖਿਆ ਹੋਇਐ। ਕਈ ਤਾਂ ਇਹਦੇ ਨਾਲ ਦਸ ਮੈਚ ਖੇਡ ਜਾਂਦੇ ਆ ਤੇ ਕਈ ਇਕੇ ਮੈਚ ‘ਚ ਸਾਰੀ ਸ਼ੀਸ਼ੀ ਲਾ ਦਿੰਦੇ ਆ! ਕਹਿੰਦੇ ਆ ‘ਨੇਰ੍ਹੀ ਲਿਆ ਦਿੰਦਾ ‘ਕੇਰਾਂ ਤਾਂ। ਟੂਰਨਾਮੈਂਟ ਵੇਲੇ ਜਿਥੇ ਟੀਮਾਂ ਦੀਆਂ ਗੱਡੀਆਂ ਖੜ੍ਹੀਆਂ ਹੁੰਦੀਆਂ ਓਥੇ ਹੁੰਦੀ ਆ ਸਾਰੀ ਕਾਰਵਾਈ। ਸਰਿੰਜਾਂ ਦੀਆਂ ਸੂਈਆਂ ਵੀ ਕਈ ਵਾਰ ਓਥੇ ਈ ਸੁੱਟ ਦਿੱਤੀਆਂ ਜਾਂਦੀਆਂ। ਜਿਥੇ ਸੂਈਆਂ ਖਿੰਡੀਆਂ ਪਈਆਂ ਹੋਣ ਸਮਝ ਲਓ ਬਈ ਓਥੇ ਕਬੱਡੀ ਦੇ ਖਿਡਾਰੀ ਆਏ ਸੀ!”
ਉਹ ਦੱਸੀ ਗਿਆ, “ਕਈ ਕੱਛਾ ਲਿਜਾਣਾ ਬੇਸ਼ੱਕ ਭੁੱਲ ਜਾਣ ਪਰ ਟੀਕਿਆਂ ਵਾਲੀ ਕਿੱਟ ਨ੍ਹੀਂ ਭੁੱਲਦੇ! ਹੁਣ ਉਹ ਗੱਲ ਨਹੀਂ ਰਹੀ ਕਿ ਮੈਚ ਓਹੀਓ ਜਿੱਤਣਗੇ, ਜਿਨ੍ਹਾਂ ਦੇ ਡੌਲਿਆਂ-ਪੱਟਾਂ ਵਿਚ ਜਾਨਾਂ। ਹੁਣ ਤਾਂ ਉਹ ਗੱਲ ਹੋਈ ਪਈ ਐ, ਕੱਪ ਓਹੀਓ ਜਿੱਤਣਗੇ ਜਿਨ੍ਹਾਂ ਦੇ ਬੈਗਾਂ ਵਿਚ ਸਮਾਨਾ!” ਉਸ ਨੇ ਇਹ ਵੀ ਦੱਸਿਆ ਕਿ ਉਹਦੇ ਦੋ ਭਰਾ ਕਬੱਡੀ ਖੇਡਦੇ ਹਨ ਤੇ ਉਹਨੂੰ ਵੀ ਨਾਲ ਲੈ ਜਾਂਦੇ ਹਨ। ਉਸ ਨੂੰ ਕਬੱਡੀ ਦੇ ਟੂਰਨਾਮੈਂਟਾਂ ‘ਤੇ ਜਾ ਕੇ ਪਤਾ ਲੱਗਾ ਪਈ ਅੰਦਰਖਾਤੇ ਕੀ ਹੁੰਦੈ? ਉਸ ਨੇ ਦੱਸਿਆ ਕਿ ਦੇਖਾ ਦੇਖੀ ਕਈ ਜੁਆਕ ਈ ਟੀਕੇ ਲਾਈ ਜਾਂਦੇ ਆ! ਉਨ੍ਹਾਂ ਨੂੰ ਕੋਈ ਰੋਕਣ ਟੋਕਣ ਵਾਲਾ ਨ੍ਹੀਂ। ਅਜਿਹਾ ਮਾਹੌਲ ਵੇਖ ਕੇ ਉਹ ਇਸ ਸਿੱਟੇ ‘ਤੇ ਪੁੱਜਾ ਸੀ ਕਿ ਹੋਰਨਾਂ ਦੇ ਮੁੰਡੇ ਜੰਮ ਜੰਮ ਕਬੱਡੀ ਖੇਡਣ ਪਰ ਉਹ ਆਪਣੇ ਜੁਆਕਾਂ ਨੂੰ ਕਬੱਡੀ ‘ਚ ਨਹੀਂ ਪਾਵੇਗਾ। ਇਹ ਗੱਲ ਉਸ ਪੜ੍ਹੇ ਲਿਖੇ ਨੌਜੁਆਨ ਨੇ ਕਹੀ ਜਿਨ੍ਹਾਂ ਦੇ ਪਰਿਵਾਰ ਦੀ ਪਤਲੀ ਹਾਲਤ ਉਸ ਦੇ ਕਬੱਡੀ ਖੇਡਦੇ ਭਰਾਵਾਂ ਨੇ ਸੁਧਾਰੀ ਸੀ।
ਉਂਜ ਤਾਂ ਇੱਕਾ ਦੁੱਕਾ ਖਿਡਾਰੀ ਓਲੰਪਿਕ ਖੇਡਾਂ ਵਿਚ ਵੀ ਡੋਪੀ ਪਾਏ ਜਾਂਦੇ ਹਨ। ਹਰੇਕ ਖੇਡ ਵਿਚ ਈ ਕੋਈ ਨਾ ਕੋਈ ਖਿਡਾਰੀ ਡਰੱਗੀ ਨਿਕਲਦਾ ਹੈ। ਪਰ ਕਬੱਡੀ ਵਿਚ ਤਾਂ ਹੱਦ ਹੀ ਹੋ ਗਈ ਹੈ। ਇਹਦੇ ਵਿਚ ਇੱਕਾ ਦੁੱਕਾ ਨਹੀਂ ਤਿੰਨ ਸੌ ਤੋਂ ਵੱਧ ਖਿਡਾਰੀ ਡਰੱਗੀ ਸਾਬਤ ਹੋ ਚੁੱਕੇ ਹਨ। ਡਰੱਗ ਦਾ ਕਬੱਡੀ ਨੂੰ ਕੋਹੜ ਲੱਗ ਚੁੱਕੈ। ਖੇਡਾਂ ਡਰੱਗਾਂ ਛਡਾਉਣ ਲਈ ਹੁੰਦੀਆਂ ਹਨ ਨਾ ਕਿ ਲਾਉਣ ਲਈ!
ਖੇਡਾਂ ਦਾ ਉਦੇਸ਼ ਹੁੰਦਾ ਹੈ ਕਿ ਖੇਡਾਂ ਰਾਹੀਂ ਮਨੁੱਖ ਹੋਰ ਵਧੀਆ ਮਨੁੱਖ ਬਣੇ। ਉਹ ਨਰੋਈ ਸਿਹਤ ਵਾਲਾ ਹੋਵੇ ਤੇ ਸਿਹਤਮੰਦ ਲੰਮੀ ਉਮਰ ਜੀਵੇ। ਵਿਸ਼ਵ ਨੂੰ ਸ਼ਾਂਤੀ ਦਾ ਸੰਦੇਸ਼ ਦੇਵੇ ਤੇ ਵਿਕਾਸ ਵਿਚ ਹਿੱਸਾ ਪਾਵੇ। ਖੇਡਾਂ, ਨਿਰੇ ਕੱਪ ਜਾਂ ਮੈਡਲ ਜਿੱਤਣ ਲਈ ਨਹੀਂ ਹੁੰਦੀਆਂ, ਇਹ ਦਿਆਨਤਦਾਰੀ ਨਾਲ ਖੇਡਣ ਲਈ ਹੁੰਦੀਆਂ ਹਨ। ਖੇਡਾਂ ਦਾ ਅੰਤਮ ਉਦੇਸ਼ ਜਿੱਤਣਾ ਨਹੀਂ ਸਗੋਂ ਜਿੱਤਣ ਲਈ ਜ਼ੋਰ ਨਾਲ ਜੂਝਣਾ ਤੇ ਖੇਡ ਭਾਵਨਾ ਨਾਲ ਖੇਡਣਾ ਹੈ। ਖੇਡ ਮੁਕਾਬਲੇ ਸ਼ੁਰੂ ਕਰਨ ਤੋਂ ਪਹਿਲਾਂ ਖਿਡਾਰੀਆਂ ਨੂੰ ਸਹੁੰ ਚੁਕਾਈ ਜਾਂਦੀ ਹੈ ਕਿ ਉਹ ਖੇਡਾਂ ਦੀ ਲਾਜ ਤੇ ਸ਼ਾਨ ਲਈ ਖੇਡਣਗੇ ਅਤੇ ਖੇਡ ਨਿਯਮਾਂ ਦੀ ਨੇਕਨੀਤੀ ਨਾਲ ਪਾਲਣਾ ਕਰਨਗੇ। ਕਬੱਡੀ ਨੂੰ ਸਾਫ ਸੁਥਰੀ ਖੇਡ ਰੱਖਣ ਲਈ ਖਿਡਾਰੀਆਂ ਤੇ ਕਲੱਬਾਂ ਵਾਲਿਆਂ ਨੂੰ ਵੀ ਸਹੁੰ ਚੁੱਕਣੀ ਚਾਹੀਦੀ ਹੈ ਕਿ ਉਹ ਕਬੱਡੀ ‘ਚ ਡਰੱਗ ਨਹੀਂ ਆਉਣ ਦੇਣਗੇ।
ਇਸ ਸਥਿਤੀ ਵਿਚ ਪਹਿਲਾ ਸੁਝਾਅ ਹੈ ਕਿ ਕਬੱਡੀ ਦਾ ਉਦੇਸ਼ ਕੱਪ ਜਿੱਤਣਾ ਹੀ ਨਾ ਹੋਵੇ ਬਲਕਿ ਬੱਚਿਆਂ ਤੇ ਨੌਜੁਆਨਾਂ ਦੀ ਸਿਹਤ ਨਰੋਈ ਬਣਾਉਣ ਦਾ ਹੋਵੇ। ਖਿਡਾਰੀਆਂ ਨੂੰ ਪੌਸ਼ਟਿਕ ਖੁਰਾਕ ਤੇ ਖੇਡ ਦੀ ਚੰਗੀ ਕੋਚਿੰਗ ਦਿੱਤੀ ਜਾਵੇ। ਚੰਗੇ ਕੋਚਾਂ ਕੋਲੋਂ ਚੰਗੀਆਂ ਗੱਲਾਂ ਸਿਖਾਈਆਂ ਜਾਣ ਤੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਬਚਾਅ ਕੇ ਰੱਖਿਆ ਜਾਵੇ। ਇਹਦੇ ਵਿਚ ਕਬੱਡੀ ਦੇ ਸੀਨੀਅਰ ਤੇ ਸੁਹਿਰਦ ਖਿਡਾਰੀ ਲੋੜੀਂਦਾ ਯੋਗਦਾਨ ਪਾ ਸਕਦੇ ਹਨ। ਟੋਰਾਂਟੋ ਖੇਤਰ ਵਿਚ ਕੁਝ ਪੁਰਾਣੇ ਖਿਡਾਰੀ ਪਾ ਵੀ ਰਹੇ ਹਨ ਤੇ ਉਨ੍ਹਾਂ ਦੇ ਚੰਗੇ ਨਤੀਜੇ ਨਿਕਲ ਰਹੇ ਹਨ। ਜੇ ਕੁਝ ਬੰਦੇ ਕਬੱਡੀ ਨੂੰ ਢਾਹ ਲਾ ਰਹੇ ਹਨ ਤਾਂ ਦੂਜੇ ਪਾਸੇ ਕਬੱਡੀ ਨੂੰ ਬਚਾਉਣ ਵਾਲਿਆਂ ਨੇ ਵੀ ਢੇਰੀ ਨਹੀਂ ਢਾਹੀ ਹੋਈ। ਰੀਸ ਚੰਗਿਆਂ ਦੀ ਕਰਨੀ ਚਾਹੀਦੀ ਹੈ ਨਾ ਕਿ ਮਾੜਿਆਂ ਦੀ। ਉਨ੍ਹਾਂ ਅਨਸਰਾਂ ਤੋਂ ਹਮੇਸ਼ਾਂ ਸੁਚੇਤ ਰਹਿਣ ਦੀ ਲੋੜ ਹੈ ਜੋ ਖੇਡਾਂ ਨੂੰ ਆਪਣੇ ਸੌੜੇ ਨਿੱਜੀ ਹਿਤਾਂ ਲਈ ਵਰਤਦੇ ਹਨ। ਜਿਨ੍ਹਾਂ ਨੇ ਡਰੱਗ ਵੇਚਣੀ ਹੁੰਦੀ ਹੈ ਉਨ੍ਹਾਂ ਨੇ ਤਾਂ ਹਰੇਕ ਨੂੰ ਡਰੱਗ ‘ਤੇ ਲਾਉਣਾ ਹੁੰਦਾ ਹੈ ਬੇਸ਼ੱਕ ਉਹ ਖਿਡਾਰੀ ਵੀ ਕਿਉਂ ਨਾ ਹੋਣ। ਇਹ ਖਿਡਾਰੀਆਂ ਨੂੰ ਸੋਚਣਾ ਚਾਹੀਦੈ ਕਿ ਖੇਡ ਖੇਡ ਵਿਚ ਉਹ ਆਪਣੇ ਜੁੱਸਿਆਂ ਦਾ ਸੱਤਿਆਨਾਸ਼ ਨਾ ਕਰਨ ਤੇ ਮਗਰੋਂ ਮਜਬੂਰੀਆਂ ਦੇ ਬਹਾਨੇ ਨਾ ਬਣਾਉਣ!
ਦੂਜਾ ਸੁਝਾਅ ਕਬੱਡੀ ਦੇ ਦਰਸ਼ਕਾਂ ਲਈ ਹੈ। ਇਹ ਆਮ ਸੁਣਨ ‘ਚ ਆਉਂਦੈ ਕਿ ਜਿਹੜੇ ਕਲੱਬ ਡਰੱਗੀ ਖਿਡਾਰੀਆਂ ਨੂੰ ਖਿਡਾਉਂਦੇ ਹਨ ਉਨ੍ਹਾਂ ਨੂੰ ਦਰਸ਼ਕ ਵੱਧ ਵੇਖਦੇ ਹਨ ਤੇ ਜਿਹੜੇ ਖਰੇ ਖਿਡਾਰੀ ਖਿਡਾਉਂਦੇ ਹਨ ਉਨ੍ਹਾਂ ਨੂੰ ਘੱਟ ਵੇਖਦੇ ਹਨ। ਡੋਪੀ ਖਿਡਾਰੀਆਂ ਦੇ ਜੁੱਸੇ ਮੋਟੇ ਤਾਜ਼ੇ ਤੇ ਮਸਕੁਲਰ ਜੁ ਹੋਏ। ਉਹ ਖੇਡਦੇ ਵੀ ਭੂਸਰੇ ਸਾਨ੍ਹਾਂ ਵਾਂਗ ਹਨ ਜੋ ਆਮ ਦਰਸ਼ਕਾਂ ਨੂੰ ਖਿੱਚ ਪਾਉਂਦੇ ਹਨ। ਜੇ ਕਬੱਡੀ ਦੇ ਪ੍ਰੇਮੀ ਹੀ ਡੋਪੀ ਖਿਡਾਰੀਆਂ ਦੇ ਪ੍ਰਸੰਸਕ ਬਣੇ ਰਹਿਣਗੇ ਤਾਂ ਕਬੱਡੀ ਨੂੰ ਡਰੱਗ ਮੁਕਤ ਕਰਨਾ ਮੁਸ਼ਕਲ ਹੋਵੇਗਾ। ਜਿਨ੍ਹਾਂ ਖਿਡਾਰੀਆਂ ਦਾ ਡੋਪ ਟੈਸਟ ਨਾਲ ਪਤਾ ਲੱਗ ਚੁੱਕਾ ਹੋਵੇ ਕਿ ਉਹ ਡਰੱਗੀ ਹਨ, ਉਨ੍ਹਾਂ ਨੂੰ ਨਾ ਕੋਈ ਕਲੱਬ ਖਿਡਾਵੇ ਤੇ ਨਾ ਕੋਈ ਦਰਸ਼ਕ ਵੇਖਣ ਜਾਵੇ। ਜੇ ਕੋਈ ਕਲੱਬ ਡੋਪੀ ਖਿਡਾਰੀ ਨੂੰ ਖਿਡਾਉਣ ਦੀ ਹਿਮਾਕਤ ਕਰੇ ਤਾਂ ਦਰਸ਼ਕ ਅਜਿਹੇ ਖਿਡਾਰੀ ਨੂੰ ਹੂਟ ਕਰਨ ਤਾਂ ਜੋ ਕੋਈ ਹੋਰ ਖਿਡਾਰੀ ਉਸ ਵਰਗਾ ਬਣਨ ਤੋਂ ਪਹਿਲਾਂ ਸੌ ਵਾਰ ਸੋਚੇ। ਲੱਚਰ ਗਾਇਕੀ ਤਾਂ ਹੀ ਰੋਕੀ ਜਾ ਸਕਦੀ ਹੈ ਜੇ ਸਰੋਤੇ ਲੱਚਰ ਗਾਇਕੀ ਨਾ ਸੁਣਨ। ਡਰੱਗੀ ਕਬੱਡੀ ਨੂੰ ਨੱਥ ਪਾਉਣ ਦਾ ਤਰੀਕਾ ਵੀ ਇਹੋ ਹੈ ਕਿ ਡਰੱਗੀ ਖਿਡਾਰੀਆਂ ਤੇ ਉਨ੍ਹਾਂ ਨੂੰ ਪ੍ਰਮੋਟ ਕਰਨ ਵਾਲੇ ਕਲੱਬਾਂ ਦਾ ਬਾਈਕਾਟ ਕੀਤਾ ਜਾਵੇ। ਕਬੱਡੀ ਕੱਪਾਂ ਦਾ ਇਨਾਮ ਦੇਣ ਦੇ ਨਾਲ ਐਸੇ ਸੱਜਣ ਵੀ ਨਿਤਰਨ ਜੋ ਕਹਿਣ ਕਿ ਅਸੀਂ ਡੋਪ ਟੈਸਟ ਸਪਾਂਸਰ ਕਰਾਂਗੇ। ਮੀਡੀਆ ਵੀ ਇਸ ਮਸਲੇ ਨੂੰ ਜੋæਰ ਸ਼ੋਰ ਨਾਲ ਉਭਾਰੇ।
ਡਰੱਗੀ ਖਿਡਾਰੀ ਇਕ ਗੱਲ ਹੋਰ ਕਹਿੰਦੇ ਹਨ ਕਿ ਕੁਝ ਇਕਨਾਂ ਦੇ ਵਿਖਾਵੇ ਦੇ ਡੋਪ ਟੈਸਟ ਕੀਤੇ ਜਾਂਦੇ ਹਨ ਜਦ ਕਿ ਬਾਕੀਆਂ ਦੇ ਅਸਲੀ। ਹੇਜਲੇ ਖਿਡਾਰੀ ਵਿਖਾਵੇ ਦੇ ਟੈਸਟ ਕਰਾ ਕੇ ਪਾਸ ਕਰਾ ਲਏ ਜਾਂਦੇ ਹਨ ਤੇ ਜਿਨ੍ਹਾਂ ਨਾਲ ਲੱਗਦੀ ਹੋਵੇ ਉਨ੍ਹਾਂ ਦੇ ਅਸਲੀ ਟੈਸਟ ਕਰਾ ਕੇ ਫੇਲ੍ਹ ਕਰ ਦਿੱਤੇ ਜਾਂਦੇ ਹਨ। ਵੈਸੇ ਵਾਡਾ ਤੇ ਨਾਡਾ ਦੇ ਡੋਪ ਟੈਸਟਾਂ ਬਾਰੇ ਇਹ ਗੱਲ ਕਹਿਣੀ ਜਚਦੀ ਨਹੀਂ ਕਿਉਂਕਿ ਉਨ੍ਹਾਂ ਨੇ ਖਿਡਾਰੀਆਂ ਦੇ ਦੋ ਸੈਂਪਲਾਂ ‘ਚੋਂ ਇਕ ਦਾ ਬਾਕਾਇਦਾ ਰਿਕਾਰਡ ਰੱਖਿਆ ਹੁੰਦੈ। ਜੇ ਕੋਈ ਖਿਡਾਰੀ ਨਤੀਜੇ ਨੂੰ ਚੈਲੰਜ ਕਰੇ ਤਾਂ ਦੂਜੇ ਸੈਂਪਲ ਨਾਲ ਨਤੀਜਾ ਸਿੱਧ ਕਰਨਾ ਹੁੰਦੈ ਜਿਸ ਨਾਲ ਖਿਡਾਰੀ ਦੀ ਸਜ਼ਾ ਵਧ ਵੀ ਸਕਦੀ ਹੈ। ਇਹ ਤਾਂ ਉਹ ਗੱਲ ਹੈ ਜਿਵੇਂ ਨਕਲ ਮਾਰਦਾ ਫੜਿਆ ਵਿਦਿਆਰਥੀ ਐਵੇਂ ਹੀ ਇਲਜ਼ਾਮ ਲਾ ਰਿਹਾ ਹੋਵੇ, ਦੇਖੋ ਜੀ ਬਾਕੀ ਵੀ ਨਕਲ ਮਾਰ ਕੇ ਪਾਸ ਹੋ ਰਹੇ ਨੇ!

Be the first to comment

Leave a Reply

Your email address will not be published.