ਗੁਰਬਚਨ ਸਿੰਘ ਭੁੱਲਰ
ਫੋਨ: 91-11-65736868
ਕਿਸੇ ਵੇਲ-ਬੂਟੇ ਦਾ ਇਕ ਪੱਤਾ ਵੀ ਜਿੰਨਾ ਚਿਰ ਹਰਾ ਰਹਿ ਜਾਵੇ, ਉਸ ਦੇ ਮੁੜ ਟਹਿਕ ਪੈਣ ਦੀ ਆਸ ਬਣੀ ਰਹਿੰਦੀ ਹੈ। ਓæ ਹੈਨਰੀ ਦੀ ਇਕ ਸੰਸਾਰ-ਪ੍ਰਸਿੱਧ ਕਹਾਣੀ ਹੈ, ‘ਆਖਰੀ ਪੱਤਾ।’ ਮੰਜੇ ਉਤੇ ਪਈ ਮਰੀਜ਼ ਦੇ ਕਮਰੇ ਦੀ ਖਿੜਕੀ ਦੇ ਬਾਹਰਲੀ ਵੇਲ ਦੇ ਪੱਤੇ ਪੱਤਝੜ ਦੀ ਰੁੱਤ ਕਾਰਨ ਇਕ ਇਕ ਕਰ ਕੇ ਝੜ ਰਹੇ ਹਨ। ਮਰੀਜ਼ ਸੋਚਦੀ-ਕਹਿੰਦੀ ਹੈ, ਇਸ ਵੇਲ ਦੇ ਆਖਰੀ ਪੱਤੇ ਦੇ ਸੁੱਕ ਜਾਣ ਦੇ ਨਾਲ ਹੀ ਮੇਰਾ ਆਖਰੀ ਸਾਹ ਵੀ ਟੁੱਟ ਜਾਵੇਗਾ! ਉਹਦਾ ਕੋਈ ਹਿਤੈਸ਼ੀ ਵੇਲ ਨਾਲ ਇਕ ਬਣਾਉਟੀ ਹਰਾ ਪੱਤਾ ਜੋੜ ਦਿੰਦਾ ਹੈ। ਇਕ ਇਕ ਕਰ ਕੇ ਸਭ ਪੱਤੇ ਝੜ ਜਾਂਦੇ ਹਨ ਪਰ ਉਹ ਹਰਾ ‘ਪੱਤਾ’ ਟਹਿਕਦਾ ਰਹਿੰਦਾ ਹੈ। ਮਰੀਜ਼ ਸੋਚਦੀ ਹੈ, ਇਸ ਪੱਤੇ ਦਾ ਝੜਨ ਤੋਂ ਇਨਕਾਰ ਮੇਰੇ ਠੀਕ ਹੋ ਜਾਣ ਦਾ ਸਾਫ਼ ਸੰਕੇਤ ਹੈ। ਤੇ ਉਹ ਆਪਣੇ ਅੰਦਰਲੇ ਭਰੋਸੇ ਅਤੇ ਆਤਮ-ਬਲ ਦੇ ਸਹਾਰੇ ਬਚ ਰਹਿੰਦੀ ਹੈ।
ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੀ ਵਰਤਮਾਨ ਸਰਕਾਰ ਸੱਤਾ ਵਿਚ ਆਉਂਦਿਆਂ ਹੀ ਛੋਟੇ-ਮੋਟੇ ਮੁਸਲਮਾਨ-ਵਿਰੋਧੀ ਦੰਗੇ ਸ਼ੁਰੂ ਹੋ ਗਏ। ਇਨ੍ਹਾਂ ਦੀ ਗਿਣਤੀ ਦੋ ਦਰਜਨ ਨੂੰ ਪੁੱਜਣ ਵਾਲੀ ਹੋ ਗਈ ਪਰ ਸਰਕਾਰ ਇਹਨੂੰ ਸਾਧਾਰਨ ਗੱਲ ਸਮਝਦੀ ਰਹੀ। ਵਿਰੋਧੀ ਕਹਿੰਦੇ ਸਨ, ਇਹ ਮੁਲਾਇਮ ਸਿੰਘ ਦਾ ਮੁਸਲਮਾਨਾਂ ਨੂੰ ਡਰਾ ਕੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਆਪਣੇ ਨਾਲ ਜੋੜੀ ਰੱਖਣ ਦਾ ਤਰੀਕਾ ਹੈ। ਭਾਰਤੀ ਜਨਤਾ ਪਾਰਟੀ ਵਲੋਂ ਬਹੁਤ ਸੋਚ-ਸਮਝ ਕੇ ਜ਼ਮਾਨਤ ਨਾਲ ਬਾਹਰ ਆਏ ਹੋਏ ਮੋਦੀ ਦੇ ਖਾਸੋ-ਖਾਸ ਬੇਲੀ ਅਤੇ ਮੁਸਲਮਾਨਾਂ ਦੇ ਝੂਠੇ ਮੁਕਾਬਲਿਆਂ ਦੇ ਕਥਿਤ ਦੋਸ਼ੀ ਅਮਿਤ ਸ਼ਾਹ ਨੂੰ ਉਤਰ ਪ੍ਰਦੇਸ਼ ਦਾ ਚੋਣ-ਇੰਚਾਰਜ ਬਣਾ ਦਿੱਤਾ ਗਿਆ। ਲੋਕਾਂ ਦਾ ਮੱਥਾ ਇਕਦਮ ਠਣਕਿਆ ਕਿ ਇਹ ਭਾਜਪਾ ਦਾ ਬਾਕੀ ਭਾਰਤ ਵਿਚ ਗੁਜਰਾਤ-ਮਾਡਲ ਲਾਗੂ ਕਰਨ ਦਾ ਮਨਸੂਬਾ ਹੈ। ਪਰ ਸਪਾ ਸ਼ਾਂਤ ਰਹੀ। ਚੁਰਾਸੀ-ਕੋਹੀ ਪਰਿਕਰਮਾ ਵਾਲੀ ਘਟਨਾ ਅਤੇ ਮੁਜ਼ੱਫ਼ਰਨਗਰ ਦੇ ਦੰਗਿਆਂ ਤੋਂ ਮਗਰੋਂ ਤਾਂ ਇਹ ਦੋਸ਼ ਖੁਲ੍ਹੇਆਮ ਲਾਇਆ ਜਾ ਰਿਹਾ ਹੈ ਕਿ ਸਪਾ ਅਤੇ ਭਾਜਪਾ ਵਿਚਕਾਰ ਦੰਗਿਆਂ ਦਾ ਤਣਾਉ ਬਣਾਈ ਰੱਖਣ ਦੀ ਸੰਢ-ਗੰਢ ਹੈ ਤਾਂ ਜੋ ਵੱਧ ਤੋਂ ਵੱਧ ਹਿੰਦੂ ਭਾਜਪਾ ਨਾਲ ਅਤੇ ਮੁਸਲਮਾਨ ਸਪਾ ਨਾਲ ਜੁੜਦੇ ਜਾਣ।
ਅੰਦਰਲਾ ਸੱਚ ਕੁਛ ਵੀ ਹੋਵੇ, ਇਹ ਬਾਹਰਲਾ ਸੱਚ ਤਾਂ ਜੱਗ ਜ਼ਾਹਿਰ ਹੈ ਕਿ ਗੁਜਰਾਤ ਤੋਂ ਮਗਰੋਂ ਇਹ ਪਹਿਲੇ ਏਨੇ ਭਿਆਨਕ ਮੁਸਲਮਾਨ-ਵਿਰੋਧੀ ਦੰਗੇ ਹਨ। ਦੋ ਧਰਮਾਂ ਨਾਲ ਸਬੰਧਤ ਮੁੰਡਿਆਂ ਦੇ ਨਿੱਜੀ ਝਗੜੇ ਨੂੰ ਵਧਾ ਕੇ ਮੁਜ਼ੱਫ਼ਰਨਗਰ ਦੇ ਇਕ ਪਿੰਡ ਤੋਂ ਸ਼ੁਰੂ ਕੀਤੇ ਗਏ ਦੰਗੇ ਪੂਰੀ ਵਿਉਂਤ ਨਾਲ ਜੰਗਲ ਦੀ ਅੱਗ ਵਾਂਗ ਫੈਲਾ ਦਿੱਤੇ ਗਏ। ਘਰਾਂ ਵਿਚ ਘੇਰ-ਘੇਰ ਮਾਰੇ ਜਾ ਰਹੇ ਮੁਸਲਮਾਨ ਜਦੋਂ ਸੁਰਖਿਅਤ ਪਿੰਡਾਂ ਵੱਲ ਭੱਜਣ ਲੱਗੇ, ਉਨ੍ਹਾਂ ਨੂੰ ਰਾਹਾਂ ਅਤੇ ਖੇਤਾਂ ਵਿਚ ਮਾਰਿਆ ਜਾਣ ਲੱਗਾ। ਕੁਦਰਤੀ ਸੀ ਕਿ ਮਜ਼ਲੂਮਾਂ ਲਈ ਚਾਰ-ਚੁਫ਼ੇਰੇ ਹਨੇਰਾ ਹੀ ਹਨੇਰਾ ਦਿਸਦਾ। ਆਖਰ ਦੰਗਿਆਂ ਦੇ ਇਸ ਹਨੇਰੇ ਨੂੰ ਚਾਨਣ ਦੀਆਂ ਦੋ ਕਿਰਨਾਂ ਨੇ ਚੀਰਿਆ! ਜਿਹੜੀ ਕਥਾ ਮੈਂ ਸੁਣਾਉਣ ਲੱਗਿਆ ਹਾਂ, ਉਸ ਵਿਚ ਇਕ ਨਹੀਂ, ਦੋ ਹਰੇ ਪੱਤੇ ਬਚੇ ਰਹੇ।
ਜਦੋਂ ਡੋਂਗਰ ਪਿੰਡ ਦੇ ਮੁਸਲਮਾਨ ਘਰ-ਘਾਟ ਛੱਡ ਕੇ ਭੱਜਣ ਲੱਗੇ, ਸਰਪੰਚ ਰਾਮ ਚੰਦਰ ਬਾਂਹਾਂ ਫ਼ੈਲਾ ਕੇ ਉਨ੍ਹਾਂ ਦੇ ਅੱਗੇ ਹੋ ਗਿਆ, “ਇਉਂ ਭੱਜ ਕੇ ਆਪਣੇ ਪਿੰਡ ਦੀ ਇੱਜ਼ਤ ਨੂੰ ਦਾਗ਼ ਨਾ ਲਾਉ। ਆਪਾਂ ਹਮੇਸ਼ਾ ਤੋਂ ਇਕੱਠੇ ਰਹੇ ਹਾਂ। ਆਪਣਾ ਰਿਸ਼ਤਾ ਨਹੁੰ-ਮਾਸ ਦਾ ਹੈ।” ਉਹਨੇ ਪਿੰਡ ਦੇ ਮੁਸਲਮਾਨ ਭਰਾਵਾਂ ਨੂੰ ਹੀ ਜਾਣ ਤੋਂ ਨਹੀਂ ਰੋਕਿਆ ਸਗੋਂ ਇਹ ਵੀ ਕਿਹਾ ਕਿ ਹੋਰਾਂ ਪਿੰਡਾਂ ਤੋਂ ਜੇ ਤੁਹਾਡੇ ਸਕੇ-ਸਬੰਧੀ ਵੀ ਆਉਣਾ ਚਾਹੁਣ, ਉਨ੍ਹਾਂ ਨੂੰ ਵੀ ਫੋਨਾਂ-ਸੁਨੇਹਿਆਂ ਨਾਲ ਬੁਲਾ ਲਉ। “ਦੰਗਈ ਆਪਣੇ ਪਿੰਡ ਦੇ ਨਹੀਂ, ਸਭ ਬਾਹਰਲੇ ਹਨ। ਅਸੀਂ ਤੁਹਾਡੇ ਦੁਆਲੇ ਕੰਧ ਬਣਾਂਗੇ। ਪਹਿਲਾਂ ਕੋਈ ਸਾਨੂੰ ਮਾਰੂ, ਫੇਰ ਤੁਹਾਡੇ ਤੱਕ ਪਹੁੰਚੂ!” ਪੁਲਿਸ ਨੂੰ ਪਤਾ ਲੱਗਿਆ ਤਾਂ ਉਹ ਵੀ ਹਿੰਦੀ ਫ਼ਿਲਮਾਂ ਵਾਂਗ ਆਖ਼ਰ ਮਦਦ ਵਾਸਤੇ ਪਹੁੰਚ ਗਈ।
ਅਜਿਹੀ ਹੀ ਦਿਲ ਵਿਚ ਠੰਢ ਪਾਉਣ ਵਾਲੀ ਗੱਲ ਨੇੜਲੇ ਪਿੰਡ ਖਰਦ ਵਿਚ ਹੋਈ। ਪਿੰਡ ਦੇ ਹਿੰਦੂ ਬਜ਼ੁਰਗ ਭਜਦੇ ਮੁਸਲਮਾਨਾਂ ਦੇ ਅੱਗੇ ਹੋ ਗਏ, “ਇਉਂ ਨਾ ਜਾਉ! ਮੁੱਦਤਾਂ ਤੋਂ ਭਾਈ-ਭਾਈ ਬਣ ਕੇ ਰਹਿ ਰਹੇ ਹਾਂ, ਇਸ ਭਾਈਚਾਰੇ ਨੂੰ ਦਾਗ਼ ਨਾ ਲੱਗਣ ਦੇਈਏ।” ਸਰਪੰਚ ਬਿਜੇਂਦਰ ਸਿੰਘ ਨੇ ਉਹ ਡੇਢ ਸੌ ਦੇ ਕਰੀਬ ਮੁਸਲਮਾਨ ਆਪਣੇ ਦਿਲ ਵਾਂਗ ਹੀ ਖੁੱਲ੍ਹੇ-ਡੁੱਲ੍ਹੇ ਘਰ ਵਿਚ ਬੁਲਾ ਲਏ। ਘਰ ਦੀਆਂ ਔਰਤਾਂ ਨੇ ਲੰਗਰ ਲਾ ਦਿੱਤਾ। ਬਾਹਰੋਂ ਲਲਕਾਰੇ ਸੁਣਦੇ, “ਸਰਪੰਚ ਦੇ ਐਸ ਘਰ ਵਿਚ ਨੇ ਸਭ ਮੁਸਲਮਾਨ। ਆਉ ਹਮਲਾ ਕਰੀਏ, ਕੰਧਾਂ ਟੱਪੀਏ ਤੇ ਉਨ੍ਹਾਂ ਨੂੰ ਬਾਹਰ ਧੂਹ ਲਿਆਈਏ।” ਸਰਪੰਚ ਤਸੱਲੀ ਦਿੰਦਾ, “ਡਰੋ ਨਾ, ਅਸੀਂ ਜੋ ਹਾਂ! ਅੱਵਲ ਤਾਂ ਅੰਦਰ ਆਉਂਦੇ ਨਹੀਂ, ਜੇ ਜੁਰੱਅਤ ਕਰਨਗੇ, ਨਿੱਬੜ ਲਵਾਂਗੇ।”
ਇਥੇ ਹਾਲਤ ਨੇ ਵੱਖਰਾ ਹੀ ਮੋੜ ਕੱਟਿਆ। ਪਿੰਡ ਦਾ ਇਕ ਮੁਸਲਮਾਨ ਜਵਾਨ ਉਤਰ-ਪੂਰਬ ਵਿਚ ਆਸਾਮ ਰਾਈਫ਼ਲਜ਼ ਵਿਚ ਸਿਪਾਹੀ ਹੈ। ਉਹਨੇ ਆਪਣੇ ਪਿੰਡਾਂ ਵਿਚ ਦੰਗਿਆਂ ਦੀਆਂ ਖ਼ਬਰਾਂ ਪੜ੍ਹ-ਸੁਣ ਕੇ ਇਲਾਕੇ ਵਿਚ ਤਾਇਨਾਤ ਕੀਤੀ ਗਈ ਫ਼ੌਜ ਨੂੰ ਆਪਣੇ ਪਰਿਵਾਰ ਦੀ ਰਾਖੀ ਦੀ ਬੇਨਤੀ ਭੇਜੀ। ਫ਼ੌਜੀ ਦਸਤਾ ਪਿੰਡ ਪਹੁੰਚਿਆ ਅਤੇ ਜਾਣਕਾਰੀ ਲੈਣ ਲਈ ਸਰਪੰਚ ਦਾ ਬੂਹਾ ਜਾ ਖੜਕਾਇਆ। ਬੂਹਾ ਖੁੱਲ੍ਹਿਆ ਤਾਂ ਫ਼ੌਜੀ ਦੰਗ ਰਹਿ ਗਏ, ਘਰ ਮੁਸਲਮਾਨਾਂ ਨਾਲ ਭਰਿਆ ਪਿਆ ਸੀ। ਸਿਪਾਹੀ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਹ ਅੱਗੇ ਆ ਕੇ ਬੋਲੇ, “ਅਸੀਂ ਤਾਂ ਸਾਰੇ ਠੀਕ ਹਾਂ, ਸਾਡੇ ਵੱਡੇ ਅੱਬਾ ਘਰੇ ਹੀ ਬੈਠੇ ਨੇ। ਕਹਿੰਦੇ, ਤੁਸੀਂ ਜਾਣਾ ਹੈ ਤਾਂ ਜਾਉ, ਆਪਣਾ ਪਿੰਡ ਹੈ, ਕੁਛ ਨਹੀਂ ਹੁੰਦਾ ਮੈਨੂੰ।” ਘਰ ਦੋ ਸੌ ਮੀਟਰ ਦੂਰ ਹੀ ਸੀ। ਵੱਡੇ ਅੱਬਾ, ਭਾਵ ਸਿਪਾਹੀ ਦੇ ਦਾਦਾ ਜੀ ਨੂੰ ਲੈਣ ਗਏ ਤਾਂ ਉਹ ਵਿਹੜੇ ਵਿਚ ਮਾਰਿਆ ਪਿਆ ਸੀ! ਦੰਗਈ ਪਿੰਡ ਵਿਚ ਇਹ ਇਕੋ-ਇਕ ਜਾਨ ਲੈਣ ਵਿਚ ਸਫਲ ਹੋ ਸਕੇ ਸਨ। ਜਦੋਂ ਫ਼ੌਜ ਸਾਰਿਆਂ ਨੂੰ ਕੈਂਪ ਵਿਚ ਲਿਜਾਣ ਲੱਗੀ, ਸਰਪੰਚਣੀ ਰੋ ਪਈ, “ਛੇਤੀ ਘਰੀਂ ਮੁੜ ਆਇਉ, ਆਪਾਂ ਸਭ ਭੈਣ-ਭਰਾ ਹਾਂ।”
ਡੋਂਗਰ ਪਿੰਡ ਦੇ ਸਰਪੰਚ ਰਾਮ ਚੰਦਰ ਅਤੇ ਖਰਦ ਪਿੰਡ ਦੇ ਸਰਪੰਚ ਬਿਜੇਂਦਰ ਸਿੰਘ ਨੂੰ ਅਣਗਿਣਤ ਵਾਰ ਨਮਸਕਾਰ, ਜਿਨ੍ਹਾਂ ਨੇ ਮਾਨਵਤਾ ਤੋਂ ਸਾਡਾ ਭਰੋਸਾ ਟੁੱਟਣ ਨਹੀਂ ਦਿੱਤਾ! ਜਿੰਨਾ ਚਿਰ ਸਾਡੇ ਨਿੱਘਰੇ ਅਤੇ ਗ਼ਰਕੇ ਹੋਏ ਸਮਾਜ ਵਿਚ, ਸੁੱਕੀ ਵੇਲ ਦੇ ਹਰੇ ਪੱਤੇ ਵਾਂਗ, ਅਜਿਹੇ ਭਲੇ ਪੁਰਸ਼ ਬਚੇ ਹੋਏ ਹਨ, ਮਨੁੱਖਤਾ ਵੀ ਬਚੀ ਰਹੇਗੀ!
Leave a Reply