ਨਾਮ ਚਰਚਾ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ ਨੂੰ ਤਨਖਾਹ ਲਾਈ

ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਵਤੇਜ ਸਿੰਘ ਅਤੇ ਲੁਧਿਆਣਾ ਵਾਸੀ ਚਰਨਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਤਨਖਾਹ ਲਾਈ ਗਈ ਹੈ। ਇਸ ਦੇ ਨਾਲ ਹੀ ਸਿੰਘ ਸਾਹਿਬਾਨ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਘਰਾਂ ਵਿਚ ਸ਼ਰਾਬ ਦੀ ਬਾਰ ਅਤੇ ਗੁਰਮਤਿ ਵਿਰੋਧੀ ਵਸਤਾਂ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਵਿਚ ਪੱਕੇ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਕ ਹੋਰ ਆਦੇਸ਼ ਵਿਚ ਕਿਹਾ ਗਿਆ ਕਿ ਕਬਰਾਂ, ਸਮਾਧਾਂ ਤੇ ਜਠੇਰਿਆਂ ਦੀਆਂ ਥਾਵਾਂ ‘ਤੇ ਸ੍ਰੀ ਅਕਾਲ ਤਖ਼ਤ ਅਖੰਡ ਪਾਠ ਕਰਾਉਣ ਦੀ ਆਗਿਆ ਨਹੀਂ ਦੇਵੇਗਾ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਖ਼ਤ ਦੀ ਫਸੀਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਨਵਤੇਜ ਸਿੰਘ ਨੂੰ ਸਿਰਸੇ ਵਾਲਿਆਂ ਦੀ ਨਾਮ ਚਰਚਾ ਵਿਚ ਜਾਣ ਸਬੰਧੀ ਤਨਖਾਹ ਲਾਉਣ ਦਾ ਫੈਸਲਾ ਸੁਣਾਇਆ। ਉਨ੍ਹਾਂ ਨੂੰ ਅਠਾਰਾਂ ਦਿਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਮੁਕਤਸਰ ਵਿਖੇ ਨਿਤਨੇਮ ਤੋਂ ਇਲਾਵਾ ਜਪੁਜੀ ਸਾਹਿਬ ਦਾ ਪਾਠ ਕਰਨ ਤੇ ਇਕ ਘੰਟਾ ਰੋਜ਼ ਬਾਣੀ ਸੁਣਨ ਲਈ ਕਿਹਾ ਗਿਆ ਹੈ। ਇਸ ਤੋਂ ਮਗਰੋਂ ਉਹ ਉੱਥੇ ਇੱਕੀ ਸੌ ਰੁਪਏ ਦੀ ਖਿਮਾ ਯਾਚਨਾ ਅਰਦਾਸ ਕਰਾਉਣਗੇ। ਭਾਈ ਨਵਤੇਜ ਸਿੰਘ ਨੂੰ ਨਾਮ ਚਰਚਾ ਵਿਚ ਸ਼ਾਮਲ ਹੋਣ ‘ਤੇ ਇਹ ਤਨਖਾਹ ਦੂਜੀ ਵਾਰ ਲਾਈ ਗਈ ਹੈ। ਉਨ੍ਹਾਂ ਨੂੰ ਇਸੇ ਕਾਰਨ ਕਰ ਕੇ ਮਾਰਚ 2011 ਵਿਚ ਵੀ ਤਨਖਾਹ ਲਾਈ ਗਈ ਸੀ। ਇਸੇ ਦੌਰਾਨ ਭਾਈ ਨਵਤੇਜ ਸਿੰਘ ਨੇ ਕਿਹਾ ਹੈ ਕਿ ਉਹ ਨਾਮ ਚਰਚਾ ਵਿਚ ਸ਼ਾਮਲ ਹੋਣ ਲਈ ਨਹੀਂ ਗਏ ਸਨ, ਸਗੋਂ ਉਥੇ ਕਿਸੇ ਬੰਦੇ ਨੂੰ ਬੁਲਾਉਣ ਗਏ ਸਨ। ਉਹ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਨੂੰ ਮੰਨਦੇ ਹਨ।
ਗੁਰੂ ਗ੍ਰੰਥ ਸਾਹਿਬ ਦੇ ਚਾਰ ਪਾਵਨ ਸਰੂਪਾਂ ਨੂੰ ਅਟੈਚੀਆਂ ਵਿਚ ਬੰਦ ਕਰ ਕੇ ਅਮਰੀਕਾ ਲੈ ਕੇ ਜਾਣ ਲਈ ਏਅਰਪੋਰਟ ‘ਤੇ ਲਿਜਾਣ ਸਮੇਂ ਹੋਈ ਸਰੂਪਾਂ ਦੀ ਬੇਅਦਬੀ ਦੇ ਸਬੰਧੀ ਵਿਚ ਭਾਈ ਚਰਨਜੀਤ ਸਿੰਘ ਲੁਧਿਆਣਾ ਨੂੰ ਇਕ ਹਫਤਾ ਹਰਿਮੰਦਰ ਸਾਹਿਬ ਵਿਖੇ ਇਕ ਘੰਟਾ ਜੋੜੇ ਝਾੜਨ, ਇਕ ਘੰਟਾ ਬਰਤਨ ਸਾਫ਼ ਕਰਨ ਅਤੇ ਨਿਤਨੇਮ ਤੋਂ ਇਲਾਵਾ ਪੰਜ ਪਾਠ ਜਪੁਜੀ ਸਾਹਿਬ ਦੇ ਕਰਨ ਦੀ ਤਨਖਾਹ ਲਾਈ ਗਈ ਹੈ। ਇਕ ਹਫ਼ਤੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਵਿਖੇ 5100 ਸੌ ਰੁਪਏ ਦੀ ਅਰਦਾਸ ਕਰਾਉਣ ਅਤੇ ਕੀਤੀ ਭੁੱਲ ਬਖਸ਼ਵਾਉਣ ਲਈ ਕਿਹਾ ਗਿਆ ਹੈ। ਇਹ ਵੀ ਆਦੇਸ਼ ਦਿੱਤਾ ਗਿਆ ਕਿ ਉਹ ਅਮਰੀਕਾ ਜਾ ਕੇ ਗੁਰਦੁਆਰਾ ਸਾਹਿਬ ਵਿਖੇ ਖਿਮਾ ਯਾਚਨਾ ਵਜੋਂ ਸਹਿਜ ਪਾਠ ਕਰਵਾ ਕੇ ਗੁਰਦੁਆਰਾ ਕਮੇਟੀ ਦੀ ਹਾਜ਼ਰੀ ਵਿਚ ਅਰਦਾਸ ਕਰਾਉਣ।
ਜਥੇਦਾਰ ਗੁਰਬਚਨ ਸਿੰਘ ਨੇ ਇਕ ਹੋਰ ਆਦੇਸ਼ ਵਿਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਹੱਥ ਨਾਲ ਲਿਖਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਜਿਨ੍ਹਾਂ ਨੇ ਪਾਵਨ ਸਰੂਪ ਲਿਖਣੇ ਸ਼ੁਰੂ ਕੀਤੇ ਹੋਏ ਹਨ, ਉਹ ਉਨ੍ਹਾਂ ਨੂੰ ਸੰਪੂਰਨ ਕਰ ਕੇ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦੇਣ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੋਗ ਮਤੇ ਵਿਚ ਕਿਹਾ ਗਿਆ ਕਿ ਉਨ੍ਹਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖਤ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਰਾਮ ਸਿੰਘ ਵਲੋਂ ਥਾਣੇ ਵਿਚ ਦਾੜ੍ਹੀ ਪੁੱਟਣ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਪੜਤਾਲ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਤਨਖਾਹੀਏ ਸਿੱਖ ਜਿਨ੍ਹਾਂ ਸ੍ਰੀ ਅਕਾਲ ਤਖ਼ਤ ਤੋਂ ਅਜੇ ਤਕ ਭੁੱਲ ਨਹੀਂ ਬਖਸ਼ਵਾਈ, ਜਦੋਂ ਮਰਜ਼ੀ ਭੁੱਲ ਬਖਸ਼ਵਾ ਸਕਦੇ ਹਨ, ਤਖ਼ਤ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।
ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਜਥੇਦਾਰ ਗਿਆਨੀ ਮੱਲ ਸਿੰਘ, ਗਿਆਨੀ ਜਗਤਾਰ ਸਿੰਘ ਸ਼ਾਮਲ ਸਨ।

Be the first to comment

Leave a Reply

Your email address will not be published.