ਮਿਸਰ ਦਾ ਰਾਜ ਪਲਟਾ: ਕੁਝ ਸਵਾਲ

ਪਰਮਜੀਤ ਰੋਡੇ
ਫੋਨ: 510-258-5878
ਮਿਸਰ ‘ਚ ਹੋਏ ਰਾਜ ਪਲਟੇ ਅਤੇ ਫੌਜ ਵੱਲੋਂ ਕੀਤੇ ਕਤਲੇਆਮ ਨੂੰ ਦੇਖ ਕੇ ਦੁਨੀਆਂ ਭਰ ਦੇ ਲੋਕ ਦੰਗ ਰਹਿ ਗਏ ਹਨ। ਅਜੇ ਦੋ ਸਾਲ ਪਹਿਲਾਂ ਹੀ ਇਕ ਤੋਂ ਬਾਅਦ ਦੂਜੇ ਮੁਲਕ ‘ਚ ਉਠੀ ਲੋਕ ਹਨੇਰੀ ਨੇ ਨਾ ਸਿਰਫ਼ ਪਿਛਾਖੜੀ ਅਰਬ ਸਰਕਾਰਾਂ ਨੂੰ ਵਖ਼ਤ ਪਾਇਆ ਸੀ, ਸਗੋਂ ਬਿਹਤਰ ਜ਼ਿੰਦਗੀ ਲਈ ਜੂਝ ਰਹੇ ਸੰਸਾਰ ਭਰ ਦੇ ਲੋਕਾਂ ਨੂੰ ਵੀ ਉਤਸ਼ਾਹ ਅਤੇ ਬਲ ਬਖ਼ਸ਼ਿਆ ਸੀ। ਮਿਸਰੀ ਲੋਕਾਂ ਦੀ ਏਕਤਾ ਅਤੇ ਜ਼ਬਤ ਵਾਲੇ ਘੋਲ ਨੇ 35 ਸਾਲ ਤੋਂ ਗੱਦੀ ‘ਤੇ ਬਿਰਾਜਮਾਨ ਬਹੁਤ ਸ਼ਕਤੀਸ਼ਾਲੀ ਤੇ ਜਾਬਰ ਹਾਕਮ ਹੋਸਨੀ ਮੁਬਾਰਕ ਨੂੰ ਤਾਂ ਗੱਦੀਉਂ ਲਾਹਿਆ ਹੀ ਸੀ, ਨਾਲ ਹੀ ਹੋਰ ਜ਼ਾਲਮ ਹਾਕਮਾਂ ਨੂੰ ਵੀ ਫ਼ਿਕਰ ਪਾ ਦਿੱਤਾ ਸੀ ਕਿ ਕਿਧਰੇ ਇਹ ਸ਼ਾਨਾਂਮੱਤੀ ਲਹਿਰ ਕਿਸੇ ਬਕਾਇਦਾ ਰੁਝਾਨ ਦੀ ਝੰਡਾ ਬਰਦਾਰ ਨਾ ਬਣ ਜਾਵੇ!
ਮਿਸਰੀ ਲੋਕਾਂ ਦੀ ਇਸ ਵਿਸ਼ਾਲ ਲਹਿਰ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਉਹ ਹਕੂਮਤ ਅਤੇ ਰਾਜ ਦਾ ਜਮਾਤੀ ਖਾਸਾ ਸਮਝਣ ‘ਚ ਨਾਕਾਮ ਰਹੀ। ਲੋਕਾਂ ‘ਚ ਆਜ਼ਾਦੀ ਲਈ ਤਾਂਘ ਅਤੇ ਤੀਬਰ ਇੱਛਾ ਦੇ ਬਾਵਜੂਦ ਲਹਿਰ ਕੋਲ ਇਸ ਇੱਛਾ ਤੇ ਤਾਂਘ ਨੂੰ ਸਾਕਾਰ ਕਰਨ ਵਾਲਾ, ਲਹਿਰ ਦੇ ਹਾਣ ਦਾ ਕੋਈ ਸਾਵਾਂ ਤੇ ਸੁਚੱਜਾ ਪ੍ਰੋਗਰਾਮ ਨਹੀਂ ਸੀ। ਸਿਰਫ਼ ਹੋਸਨੀ ਮੁਬਾਰਕ ਤੋਂ ਛੁਟਕਾਰੇ ਅਤੇ ਚੋਣਾਂ ਨੂੰ ਹੀ ਸਭ ਕੁਝ ਸਮਝ ਲਿਆ ਗਿਆ।
ਚੋਣਾਂ ਹੋਈਆਂ ਤਾਂ ਮੁਸਲਿਮ ਬ੍ਰਦਰਹੁੱਡ ਦੇ ਨੁਮਾਇੰਦੇ ਵੱਡੀ ਬਹੁਗਿਣਤੀ ‘ਚ ਚੋਣਾਂ ਜਿੱਤ ਕੇ ਸਰਕਾਰ ‘ਤੇ ਕਾਬਜ਼ ਹੋ ਗਏ। ਇਹ ਠੀਕ ਹੈ ਕਿ ਮੁਸਲਿਮ ਬ੍ਰਦਰਹੁੱਡ ਦਾ ਮਿਸਰ ਦੀ ਗਰੀਬ ਜਨਤਾ ‘ਚ ਆਧਾਰ ਹੈ ਪਰ ਇਤਿਹਾਸਕ ਤੌਰ ‘ਤੇ ਵੇਲਾ ਵਿਹਾ ਚੁੱਕੀ ਫਿਰਕਾਪ੍ਰਸਤ ਵਿਚਾਰਧਾਰਾ ਦੀ ਧਾਰਨੀ ਹੋਣ ਕਰ ਕੇ ਇਸ ਤੋਂ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਦੀ ਆਸ ਨਹੀਂ ਸੀ ਰੱਖੀ ਜਾ ਸਕਦੀ। ਸੋ, ਮੁਰਸੀ ਸਰਕਾਰ ਨੇ ਲੋਕਾਂ ਦੇ ਬੁਨਿਆਦੀ ਹਿੱਤਾਂ, ਲੋੜਾਂ ਅਤੇ ਆਜ਼ਾਦੀ ਦੀ ਮੰਗ ਨੂੰ ਸੰਬੋਧਤ ਹੋਣ ਦੀ ਬਜਾਏ ਆਪਣੀ ਫਿਤਰਤ ਮੁਤਾਬਕ ਇਸਲਾਮਿਕ ਏਜੰਡਾ ਸਾਹਮਣੇ ਲੈ ਆਂਦਾ। ਸਿੱਟਾ ਕੀ ਨਿਕਲਿਆ, ਲੋਕਾਂ ਦਾ ਖਾਸ ਕਰ ਕੇ ਗੈਰ-ਇਸਲਾਮੀ ਲੋਕਾਂ ਦਾ ਮੁਰਸੀ ਸਰਕਾਰ ਤੋਂ ਮੋਹ-ਭੰਗ ਹੋ ਗਿਆ।
ਅਮਰੀਕੀ ਹਕੂਮਤ, ਮਿਸਰ ਦੀ ਫੌਜ ਅਤੇ ਇਸਰਾਈਲ, ਇਨ੍ਹਾਂ ਤਿੰਨਾਂ ਦਾ ਗੱਠਜੋੜ ਮੁਰਸੀ ਸਰਕਾਰ ਤੋਂ ਪਹਿਲਾਂ ਹੀ ਨਾ-ਖੁਸ਼ ਸੀ; ਖਾਸ ਕਰ ਕੇ ਇਰਾਨ ਨਾਲ ਵਧ ਰਹੀ ਨੇੜਤਾ ਅਤੇ ਇਸਰਾਈਲ ਨਾਲ ਰਿਸ਼ਤੇ ‘ਚ ਵਰਤੀ ਠੰਢ ਉਨ੍ਹਾਂ ਤੋਂ ਸਹਿਣ ਨਹੀਂ ਸੀ ਹੋ ਰਹੀ। ਲੋਕਾਂ ਦੀ ਵਿਸ਼ੇਸ਼ ਤੌਰ ‘ਤੇ ਗੈਰ-ਇਸਲਾਮੀ ਜਨਤਾ ਦੀ, ਮੁਰਸੀ ਸਰਕਾਰ ਪ੍ਰਤੀ ਬਦਜਨੀ ਉਨ੍ਹਾਂ ਲਈ ਨਿਆਮਤ ਬਣ ਕੇ ਬਹੁੜੀ। ਢੁਕਵਾਂ ਮੌਕਾ ਦੇਖ, ਫੌਜ ਨੇ ਰਾਜ ਪਲਟਾ ਕਰ ਕੇ ਹਕੂਮਤ ਖੁਦ ਸਾਂਭ ਲਈ। ਬਾਹਰਲੇ ਸੰਸਾਰ ਨੂੰ ਇਹ ਦੱਸਿਆ ਗਿਆ ਕਿ ਮਿਸਰੀ ਸੁਸਾਇਟੀ ਦੇ ਦੋ ਧੜੇ ਇਸਲਾਮਿਕ ਅਤੇ ਗੈਰ-ਇਸਲਾਮਿਕ, ਇਕ-ਦੂਜੇ ਦੇ ਖੂਨ ਦੇ ਪਿਆਸੇ ਹੋ ਚੁੱਕੇ ਸਨ। ਜੇ ਫੌਜ ਦਖ਼ਲ ਨਾ ਦਿੰਦੀ ਤਾਂ ਲੋਕਾਂ ਨੇ ਆਪਸ ‘ਚ ਵੱਢ ਮਰਨਾ ਸੀ; ਫੌਜ ਨੇ ਤਾਂ ਮੌਕੇ ਸਿਰ ਦਖ਼ਲ ਦੇ ਕੇ ਹਾਲਾਤ ਨੂੰ ਵਿਗੜਨ ਤੋਂ ਬਚਾ ਲਿਆ। ਉਸ ਤੋਂ ਬਾਅਦ 1000 ਤੋਂ ਵੱਧ ਨਿਹੱਥੇ ਅਤੇ ਬੇਕਸੂਰ ਲੋਕਾਂ ਦੇ ਕਤਲੇਆਮ ਨੂੰ ਬੜੀ ਹੀ ਢੀਠਤਾਈ ਨਾਲ ‘ਲਾਅ ਐਂਡ ਆਰਡਰ’ ਦਾ ਮਸਲਾ ਬਣਾ ਕੇ ਪੇਸ਼ ਕੀਤਾ ਗਿਆ ਪਰ ਸੱਚਾਈ ਇਹ ਹੈ ਕਿ ਰਾਜ ਪਲਟਾ ਅਤੇ ਕਤਲੇਆਮ ਸਾਜ਼ਿਸ਼ ਦਾ ਹਿੱਸਾ ਸੀ; ਲੋਕ ਤਾਂ ਸਿਰਫ਼ ਵਰਤੇ ਗਏ ਹਨ।
ਮਸ਼ਹੂਰ ਅਖ਼ਬਾਰ ‘ਵਾਲ ਸਟਰੀਟ ਜੌਰਨਲ’ ਨੇ ਭੇਤ ਖੋਲ੍ਹਿਆ ਕਿ ਮੁਹੰਮਦ ਮੁਰਸੀ ਨੂੰ ਗੱਦੀਉਂ ਲਾਂਭੇ ਕਰਨ ਤੋਂ ਪਹਿਲਾਂ, ਪਿਛਲੇ ਕਈ ਮਹੀਨਿਆਂ ਤੋਂ ਫੌਜ ਦੇ ਚੋਟੀ ਦੇ ਜਰਨੈਲ, ਮੁਰਸੀ ਵਿਰੋਧੀ ਧਿਰ ਨਾਲ ਮੀਟਿੰਗਾਂ ਕਰ ਰਹੇ ਸਨ। ਨੀਲ ਦੇ ਕੰਢੇ ਆਫੀਸਰ ਕਲੱਬ ਬੰਗਲਿਆਂ ‘ਚ ਹੋਈਆਂ ਮੀਟਿੰਗਾਂ ਦਾ ਸੁਨੇਰਾ ਸਾਫ਼ ਸੀ ਕਿ ਜੇ (ਮੁਰਸੀ) ਵਿਰੋਧੀ ਧਿਰ ਵੱਡੀ ਗਿਣਤੀ ‘ਚ ਲੋਕਾਂ ਨੂੰ ਸੜਕਾਂ ‘ਤੇ ਲੈ ਆਵੇ ਤਾਂ ਫੌਜ ਮੁਰਸੀ ਨੂੰ ਗੱਦੀਉਂ ਲਾਂਭੇ ਕਰ ਦੇਵੇਗੀ। ਇਸੇ ਤਰ੍ਹਾਂ ਹੀ ਹੋਇਆ। 30 ਜੂਨ ਨੂੰ ਲੱਖਾਂ ਲੋਕ ਸੜਕਾਂ ‘ਤੇ ਆ ਨਿਕਲੇ ਅਤੇ ਤਿੰਨ ਦਿਨ ਬਾਅਦ 3 ਜੁਲਾਈ ਨੂੰ ਰਾਜ ਪਲਟਾ ਕਰ ਦਿੱਤਾ ਗਿਆ।
ਇਕ ਹੋਰ ਭੇਤ: ‘ਨਿਊ ਯਾਰਕ ਟਾਈਮਜ਼’ ਅਖਬਾਰ ਨੇ ਆਪਣੇ ਲੇਖੇ-ਜੋਖੇ ‘ਚ ਦੱਸਿਆ ਕਿ ਅਮਰੀਕਾ ਨੇ ਆਪਣੇ ਇਕ ਏਲਚੀ ਅਰਬੀ ਵਿਦੇਸ਼ ਮੰਤਰੀ ਰਾਹੀਂ ਮੁਹੰਮਦ ਮੁਰਸੀ ਨੂੰ ਪੇਸ਼ਕਸ਼ ਕੀਤੀ ਕਿ ਉਹ ਰਾਜਸੱਤਾ ਨਵੇਂ ਪ੍ਰਧਾਨ ਮੰਤਰੀ ਅਤੇ ਕੈਬਿਨਟ ਨੂੰ ਸੌਂਪ ਕੇ ਆਪਣੇ ਆਪ ਗੱਦੀਉਂ ਲਾਂਭੇ ਹੋ ਜਾਵੇ ਪਰ ਮੁਰਸੀ ਨੇ ਇਨਕਾਰ ਕਰ ਦਿੱਤਾ ਅਤੇ ਇਸ ਦੀ ਇਤਲਾਹ ਆਪਣੇ ਵਿਦੇਸ਼ ਪਾਲਿਸੀ ਅਡਵਾਈਜ਼ਰ ਇਸਾਮ-ਇਲ-ਹਦਾਦ ਰਾਹੀਂ ਅਮਰੀਕੀ ਰਾਜਦੂਤ ਐਨੀ ਪੀਟਰਸਨ ਅਤੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਸੂਜ਼ਨ ਰਾਈਸ ਤੱਕ ਪਹੁੰਚਾ ਦਿੱਤੀ। ਫੋਨ ਕਾਲ ਤੋਂ ਬਾਅਦ ਇਲ-ਹਦਾਦ ਨੇ ਕਿਹਾ ਕਿ ਮਾਂ (ਅਮਰੀਕਾ) ਨੇ ਸਾਨੂੰ ਕਿਹਾ ਕਿ ਅਸੀਂ ਆਪਣੀ ਖੇਡ ਇਕ ਘੰਟੇ ਦੇ ਵਿਚ ਵਿਚ ਬੰਦ ਕਰ ਦੇਈਏ। ਸਪੱਸ਼ਟ ਹੈ ਕਿ ਰਾਜ ਪਲਟੇ ਨਾਲ ਜੁੜੇ ਘਟਨਾਕ੍ਰਮ ‘ਚ ਅਮਰੀਕਾ ਪੂਰੀ ਤਰ੍ਹਾਂ ਸ਼ਾਮਲ ਸੀ। ਇਹ ਜ਼ਰੂਰੀ ਨਹੀਂ ਕਿ ਮਿਸਰ ਦੀ ਫੌਜੀ ਜੁੰਡਲੀ ਨੇ ਹਰ ਕੰਮ ਅਮਰੀਕਾ ਤੋਂ ਪੁੱਛ-ਪੁੱਛ ਕੇ ਕੀਤਾ ਹੋਵੇ ਪਰ ਜੇ ਰਾਜ ਪਲਟੇ ਅਤੇ ਕਤਲੇਆਮ ਨਾਲ ਜੁੜੇ ਤੱਥਾਂ ਨੂੰ ਵਾਚਣਾ ਹੋਵੇ ਤਾਂ ਅਮਰੀਕਾ ਦੀਆਂ ਉਂਗਲਾਂ ਦੇ ਨਿਸ਼ਾਨ ਸਾਫ ਦਿਖਾਈ ਦੇਣਗੇ।
ਮਿਸਰ ‘ਚ ਮਾਤਮ ਛਾਇਆ ਹੋਇਆ ਹੈ। ਮੁਸਲਿਮ ਬ੍ਰਦਰਹੁੱਡ ਦੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਉਨ੍ਹਾਂ ਉਤੇ ਤਸ਼ੱਦਦ ਜਾਰੀ ਹੈ। ਫੌਜ ਅਤੇ ਸੂਹੀਆ ਪੁਲਿਸ ਨੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਨਿੱਜੀ ਆਜ਼ਾਦੀਆਂ ਦਾ ਨਾਮ ਨਿਸ਼ਾਨ ਨਹੀਂ, ਹਰ ਕੰਮ ਬੰਦੂਕ ਦੀ ਨੋਕ ‘ਤੇ ਹੋ ਰਿਹਾ ਹੈ। ਪੁਰਾਣਾ ਜਾਬਰ ਹਾਕਮ ਮੁਬਾਰਕ ਜੇਲ੍ਹ ‘ਚੋਂ ਬਾਹਰ ਆ ਚੁੱਕਾ ਹੈ। ਹਾਲਾਤ 2011 ਦੇ ਹਾਲਾਤ ਤੋਂ ਵੀ ਬਦਤਰ ਹਨ। ਉਲਟਾ ਕਿਹਾ ਜਾ ਰਿਹਾ ਹੈ ਕਿ ਮਿਸਰ ਦੇ ਲੋਕ ਫੌਜ ਦੇ ਨਾਲ ਹਨ ਜਿਵੇਂ ਮੁਰਸੀ ਦੀ ਬਹਾਲੀ ਲਈ ਗੋਲੀਆਂ ਸਾਹਮਣੇ ਛਾਤੀਆਂ ਤਾਣਨ ਵਾਲੇ ਲੋਕ ਮਿਸਰੀ ਨਾ ਹੋ ਕੇ ਬਾਹਰਲੇ ਬਾਸ਼ਿੰਦੇ ਹੋਣ!
ਮਿਸਰ ਨੌਂ ਕਰੋੜ ਦੀ ਅਬਾਦੀ ਅਤੇ ਸ਼ਕਤੀਸ਼ਾਲੀ ਫੌਜ ਵਾਲਾ ਵੱਡਾ ਮੁਲਕ ਹੈ। ਮਿਸਰ ‘ਚ ਜੋ ਕੁਝ ਵਾਪਰਿਆ ਅਤੇ ਵਾਪਰ ਰਿਹਾ ਹੈ, ਉਸ ਨੂੰ ਹਰ ਵੰਨਗੀ ਦੀਆਂ ਸਿਆਸੀ ਤਾਕਤਾਂ ਬਹੁਤ ਨੇੜਿਉਂ ਵਾਚ ਰਹੀਆਂ ਹਨ ਕਿਉਂਕਿ ਇਸ ਨੇ ਵੱਧ ਜਾਂ ਘੱਟ ਰੂਪ ‘ਚ, ਚੰਗੇ ਜਾਂ ਮਾੜੇ ਰੁਖ ਹਰ ਇਕ ਨੂੰ ਪ੍ਰਭਾਵਤ ਕਰਨਾ ਹੈ। ਫਲਸਤੀਨੀਆਂ ਦੇ ਥੋਕ ਉਜਾੜੇ ਰਾਹੀਂ ਹੋਂਦ ‘ਚ ਆਇਆ ਰਾਜ ਇਸਰਾਈਲ, ਮਿਸਰ ਦੇ ਗੁਆਂਢ ‘ਚ ਵਸਿਆ ਹੋਇਆ ਹੈ। ਗੁਆਂਢੀ ਸਾਊਦੀ ਅਰਬ ਅਤੇ ਹੋਰ ਛੋਟੇ ਪਰ ਤੇਲ ਭਰਪੂਰ ਦੇਸ਼ਾਂ ਦਾ ਮਿਸਰ ‘ਚ ਬਹੁਤ ਕੁਝ ਦਾਅ ‘ਤੇ ਲੱਗਾ ਹੋਇਆ ਹੈ। ਮਿਸਰ-ਇਰਾਨ ਰਿਸ਼ਤੇ ਦਾ ਮੁੱਦਾ ਬਹੁਤ ਅਹਿਮ ਹੈ। ਦੋ ਸਮੁੰਦਰਾਂ-ਲਾਲ ਸਾਗਰ ਅਤੇ ਮੈਡੀਟੇਰੀਅਨ ਨੂੰ ਮਿਲਾਉਣ ਵਾਲੀ ਸਵੇਜ਼ ਨਹਿਰ ਮਿਸਰ ਵਿਚੋਂ ਗੁਜ਼ਰਦੀ ਹੈ ਜਿਸ ਰਾਹੀਂ ਮੱਧ ਪੂਰਬ ਦਾ 4 ਬਿਲੀਅਨ ਗੈਲਨ ਤੇਲ ਹਰ ਰੋਜ਼ ਗੁਜ਼ਰਦਾ ਹੈ। ਅਮਰੀਕਾ ਦੇ ਨੇਵੀ ਜਹਾਜ਼ਾਂ ਦਾ ਇਹ ਅਹਿਮ ਲਾਂਘਾ ਹੈ। ਤੁਰਕੀ ਅਤੇ ਸੀਰੀਆ ਤੋਂ ਟਿਊਨੀਸ਼ੀਆ ਅਤੇ ਯਮਨ ਤੱਕ ਸਭ ਨਜ਼ਰਾਂ ਮਿਸਰ ‘ਤੇ ਟਿਕੀਆਂ ਹੋਈਆਂ ਹਨ। ਮਿਸਰ ‘ਚ ਹੋਈ ਕੋਈ ਵੱਡੀ ਉਥਲ-ਪੁਥਲ ਤਾਕਤਾਂ ਦੇ ਸਮੀਕਰਨ ਵੀ ਬਦਲ ਸਕਦੀ ਹੈ।
ਪਹਿਲਾਂ 2011 ‘ਚ ਹੋਸਨੀ ਮੁਬਾਰਕ ਨੂੰ ਗੱਦੀਉਂ ਲਾਹੁਣ ਮੌਕੇ ਇਸ ਨੂੰ ਇਨਕਲਾਬ ਦਾ ਨਾਮ ਦਿੱਤਾ ਗਿਆ ਅਤੇ ਹੁਣ ਮੁਰਸੀ ਵਿਰੋਧੀ ਧਿਰ ਫੌਜੀ ਰਾਜ ਪਲਟੇ ਨੂੰ ਇਨਕਲਾਬ ਕਹਿਣ ਤੱਕ ਚੱਲੀ ਗਈ ਹੈ। ਸੰਸਾਰ ਦੇ ਬਾਕੀ ਲੋਕਾਂ ਵਾਂਗ ਮਿਸਰ ਦੇ ਲੋਕਾਂ ਨੂੰ ਵੀ ਇਨਕਲਾਬ ਦਾ ਸ਼ਬਦ ਧੂਹ ਤਾਂ ਪਾਉਂਦਾ ਹੈ ਪਰ ਉਹ ਇਸ ਪ੍ਰਤੀ ਚੇਤੰਨ ਨਹੀਂ ਹਨ। ਕਿਸੇ ਵੀ ਸਮੇਂ ਰਾਜਸੀ, ਆਰਥਿਕ ਤੇ ਸਮਾਜਕ ਰਿਸ਼ਤਿਆਂ ‘ਚ ਸਿਫ਼ਤੀ ਤਬਦੀਲੀ ਲਿਆਉਣ ਲਈ ਕੀਤੇ ਗਏ ਰਾਜਸੀ ਤਾਕਤ ‘ਤੇ ਕਬਜ਼ੇ ਨੂੰ ਇਨਕਲਾਬ ਕਿਹਾ ਜਾਂਦਾ ਹੈ, ਨਾ ਕਿ ਹਕੂਮਤ ‘ਚ ਚੰਦ ਬੰਦਿਆਂ ਦੀ ਤਬਦੀਲੀ ਨੂੰ।
ਮਿਸਰ ਦੀ ਆਰਥਿਕਤਾ ਨੂੰ ਵਿਦੇਸ਼ੀ ਸਰਮਾਏ ਅਤੇ ਕਰਜ਼ਿਆਂ ਨੇ ਘੜਿਆ-ਤਰਾਸਿਆ ਹੋਣ ਕਰ ਕੇ ਸੰਸਾਰ ਮੰਡੀ ‘ਚ ਇਸ ਦੀ ਪੁਜ਼ੀਸ਼ਨ ਅਧੀਨਗੀ ਵਾਲੀ ਹੈ। ਵਿਦੇਸ਼ੀ ਅਤੇ ਦੇਸੀ ਸਰਮਾਇਆ ਮੁੱਖ ਤੌਰ ‘ਤੇ ਰੁਜ਼ਗਾਰ ਮੁਖੀ ਸੈਕਟਰ ਦੀ ਥਾਂ ਮੁਨਾਫ਼ਾ ਮੁਖੀ ਸੈਕਟਰ ‘ਚ ਲੱਗਿਆ ਹੋਣ ਕਰ ਕੇ ਬੇਰੋਜ਼ਗਾਰੀ ਦੀ ਦਰ ਉਚੀ ਹੈ। 75 ਪ੍ਰਤੀਸ਼ਤ ਨੌਜਵਾਨ ਬੇਰੋਜ਼ਗਾਰ ਹਨ ਅਤੇ 30 ਪ੍ਰਤੀਸ਼ਤ ਯੂਨੀਵਰਸਿਟੀ ਗਰੈਜੂਏਟਾਂ ਲਈ ਕੋਈ ਕੰਮ ਨਹੀਂ। ਖੇਤੀਬਾੜੀ ਸੈਕਟਰ ਤਬਾਹੀ ਦੇ ਕੰਢੇ ‘ਤੇ ਹੈ। ਖਾਧ-ਖੁਰਾਕ ਦੀ ਪੈਦਾਵਾਰ ਲਈ ਮਾਫਕ ਹਾਲਾਤ ਅਤੇ ਸਾਧਨ ਹੋਣ ਦੇ ਬਾਵਜੂਦ ਵੱਡੀ ਪੱਧਰ ‘ਤੇ ਬਾਹਰੋਂ ਕਣਕ ਮੰਗਾਉਣ ਵਾਲੇ ਦੇਸ਼ਾਂ ਵਿਚੋਂ ਮਿਸਰ ਇਕ ਹੈ। ਦੇਸ਼ ਦੀ 40 ਪ੍ਰਤੀਸ਼ਤ ਜਾਇਦਾਦ ‘ਤੇ ਫੌਜ ਦਾ ਕਬਜ਼ਾ ਹੈ। ਲੋਕ ਗਰੀਬੀ ਅਤੇ ਜਹਾਲਤ ਭਰੀ ਜ਼ਿੰਦਗੀ ਜੀਅ ਰਹੇ ਹਨ।
ਜੇ ਮਿਸਰ ਦੇ ਲੋਕਾਂ ਨੇ ਆਜ਼ਾਦੀ ਤੇ ਖੁਸ਼ਹਾਲੀ ਦੇ ਰਾਹ ਪੈਣਾ ਹੈ ਤਾਂ ਜ਼ਰੂਰੀ ਹੈ ਕਿ ਸਾਮਰਾਜ ਦੀ ਚੁੰਗਲ ‘ਚੋਂ ਨਿਕਲ ਕੇ ਦੇਸ਼ ਦੀ ਆਰਥਿਕਤਾ ਦਾ ਕੌਮੀ ਲੀਹਾਂ ‘ਤੇ ਵਿਕਾਸ ਕੀਤਾ ਜਾਵੇ। ਸਾਮਰਾਜੀ ਸਰਮਾਏ ਅਤੇ ਫੌਜੀ ਜਾਇਦਾਦ ਨੂੰ ਪਬਲਿਕ ਕੰਟਰੋਲ ‘ਚ ਲਿਆਂਦਾ ਜਾਵੇ। ਸਰਕਾਰੀ ਅਤੇ ਪ੍ਰਾਈਵੇਟ ਸਰਮਾਏ ਦੀ ਮੁੱਖ ਤੌਰ ‘ਤੇ ਰੋਜ਼ਗਾਰ ਮੁਖੀ ਸੈਕਟਰ ‘ਚ ਲਾਗਤ ਕੀਤੀ ਜਾਵੇ। ਖੇਤੀ, ਐਗਰੋ-ਇੰਡਸਟਰੀ ਅਤੇ ਆਮ ਉਦਯੋਗ ਦਾ ਸੰਤੁਲਤ ਵਿਕਾਸ ਕੀਤਾ ਜਾਵੇ। ਰਾਜਸੀ ਅਤੇ ਪ੍ਰਬੰਧਕੀ ਅਦਾਰਿਆਂ ‘ਚ ਲੋਕਾਂ ਦੀ ਸਰਗਰਮ ਸ਼ਮੂਲੀਅਤ ਅਤੇ ਪੁੱਗਤ ਯਕੀਨੀ ਬਣਾਈ ਜਾਵੇ ਆਦਿ। ਮਿਸਰ ਆਰਥਿਕ ਸਮਾਜਕ ਵਿਕਾਸ ਦੇ ਜਿਸ ਪੜਾਅ ‘ਤੇ ਹੁਣ ਖੜ੍ਹਾ ਹੈ, ਅੱਗੇ ਵਧਣ ਲਈ ਇਨਕਲਾਬੀ ਲਹਿਰ ਦਾ ਟੀਚਾ ਉਪਰੋਕਤ ਤੋਂ ਵੱਖਰਾ ਨਹੀਂ ਹੋ ਸਕਦਾ।
ਸਮੇਂ ਨੇ ਇਕ ਸਵਾਲ ਕੀਤਾ ਹੈ ਕਿ ਮੁਰਸੀ ਸਰਕਾਰ ਵੱਲੋਂ ਮਿਸਰ ਦੀ ਹਾਕਮ ਜਮਾਤ (ਵੱਡੀ ਸਰਮਾਏਦਾਰੀ) ਦੇ ਬੁਨਿਆਦੀ ਹਿੱਤਾਂ ਨੂੰ ਭੋਰਾ ਵੀ ਠੇਸ ਨਾ ਪਹੁੰਚਾਉਣ ਦੇ ਬਾਵਜੂਦ ਸਿਰਫ਼ ਦੋਇਮ ਦਰਜੇ ਦੇ ਵਿਰੋਧਾਂ ਦੇ ਮੱਦੇਨਜ਼ਰ ਹੀ ਲਾਡਲੀ ਫੌਜ ਨੇ ਚੋਣ ‘ਚ ਵੱਡੀ ਬਹੁਗਿਣਤੀ ਨਾਲ ਚੁਣੀ ਹਕੂਮਤ ਨੂੰ ਰਾਜ ਪਲਟੇ ਰਾਹੀਂ ਉਲਟਾ ਦਿੱਤਾ ਅਤੇ ਫਿਰ ਇਹ ਬੇਕਸੂਰ ਤੇ ਨਿਹੱਥੇ ਲੋਕਾਂ ਦਾ ਕਤਲੇਆਮ ਕਰਨ ਤੱਕ ਚਲੀ ਗਈ। ਜੇ ਕਿਤੇ ਚੋਣਾਂ ਰਾਹੀਂ ਸੱਚਮੁੱਚ ਇਨਕਲਾਬੀ ਹਕੂਮਤ ਹੋਂਦ ‘ਚ ਆਈ ਹੁੰਦੀ ਅਤੇ ਹਾਕਮ ਜਮਾਤ ਦੇ ਬੁਨਿਆਦੀ ਹਿੱਤਾਂ ਨੂੰ ਖ਼ਤਰਾ ਖੜ੍ਹਾ ਕਰ ਦਿੰਦੀ ਤਾਂ ਵੱਡੀ ਸਰਮਾਏਦਾਰੀ ਨਾਲ ਘਿਉ-ਖਿਚੜੀ ਇਹ ਫੌਜ ਕੀ ਗੁਲ ਖਿਲਾਉਂਦੀ? ਇਹ ਸਵਾਲ ਸਿਰਫ਼ ਮਿਸਰ ਦੇ ਲੋਕਾਂ ਸਾਹਵੇਂ ਹੀ ਨਹੀਂ, ਦੁਨੀਆਂ ਭਰ ਦੇ ਲੋਕਾਂ ਸਾਹਵੇਂ ਹੈ। ਜਵਾਬ ਵੀ ਸਭ ਲਈ ਸਾਂਝਾ ਹੀ ਹੈ ਕਿ ਕੋਈ ਵੀ ਇਨਕਲਾਬੀ ਲੜਾਈ, ਪੋਲੇ ਪੈਰੀਂ ਅਤੇ ਖਾਲੀ ਹੱਥੀਂ ਲੜੀ, ਜਿੱਤੀ ਤੇ ਸਮੇਟੀ ਨਹੀਂ ਜਾ ਸਕਦੀ।

Be the first to comment

Leave a Reply

Your email address will not be published.