‘ਪੰਜਾਬ ਟਾਈਮਜ਼’ ਦੇ 7 ਸਤੰਬਰ ਦੇ ਅੰਕ ਵਿਚ ਦਸਮ ਗ੍ਰੰਥ ਵਿਵਾਦ ਬਾਰੇ ਸ਼ ਮਝੈਲ ਸਿੰਘ ਸਰਾਂ ਦੇ ਲੇਖ ਬਾਰੇ ਕੁਝ ਟਿੱਪਣੀਆਂ ਕਰਨੀਆਂ ਚਾਹੁੰਦਾ ਹਾਂ। ਅਸਲ ਵਿਚ ਦਸਮ ਗ੍ਰੰਥ ਦੇ ਵਿਰੋਧੀਆਂ ਅਤੇ ਹਮਾਇਤੀਆਂ ਦੇ ਲੇਖ ਜਾਂ ਲੈਕਚਰ ਸੁਣ ਕੇ ਕਿਸੇ ਨੀਤੀਵੇਤਾ ਦਾ ਕਥਨ ਚੇਤੇ ਆ ਜਾਂਦਾ ਹੈ, ‘ਇਕ ਧਰਮ ਨੂੰ ਮੰਨਣ ਵਾਲੇ ਦੋ ਬੰਦੇ ਆਪਸ ਵਿਚ ਲੜ ਰਹੇ ਹੋਣ ਤਾਂ ਸਮਝੋ ਧਰਮ ਉਨ੍ਹਾਂ ਦੋਹਾਂ ਦੇ ਨੇੜਿਉਂ ਵੀ ਨਹੀਂ ਲੰਘਿਆ।’ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ ਸਰਾਂ ਨੇ ਇਤਿਹਾਸ ਅਤੇ ਗੁਰਬਾਣੀ ਦੇ ਪ੍ਰਮਾਣੀਕ ਹਵਾਲਿਆ ਨਾਲ ਸਿੱਧ ਕੀਤਾ ਹੈ ਕਿ ਸਮੁੱਚਾ ਦਸਮ ਗ੍ਰੰਥ ਗੁਰੂ-ਕ੍ਰਿਤ ਨਹੀਂ ਹੈ ਪਰ ਮੇਰੀ ਤੁੱਛ ਰਾਏ ਹੈ ਕਿ ਇਹ ਵਿਵਾਦ, ਹਮਾਇਤ ਜਾਂ ਵਿਰੋਧ ਵਿਚ ਲਿਖੇ ਜਾ ਰਹੇ ਲੇਖਾਂ ਜਾਂ ਕਰੇ-ਕਰਵਾਏ ਜਾ ਰਹੇ ਸੈਮੀਨਾਰਾਂ ਨੇ ਹੱਲ ਨਹੀਂ ਕਰਨਾ। ਇਹ ਤਾਂ ਸਗੋਂ ਚੁੰਝ-ਚਰਚਾ ਹੀ ਵਧਾਉਂਦੇ ਹਨ।
ਜਿਸ ਕੌਮ ਵਿਚ ਅਜਿਹੇ ਆਗੂ ਹੋਣ ਜੋ ਸ਼ਰ੍ਹੇਆਮ ਇਹ ਕਹਿਣ ਕਿ ਜੇ ਫਲਾਣਾ ਸਿੰਘ ਦਾ ਧੜਾ ਦਸਮ ਗ੍ਰੰਥ ਦੀ ਹਮਾਇਤ ਕਰੇ, ਤਦ ਅਸੀਂ ਵਿਰੋਧ ਕਰਨਾ ਹੈ; ਇਸੇ ਤਰ੍ਹਾਂ ਜੇ ਉਹ ਵਿਰੋਧੀਆਂ ਨਾਲ ਖੜ੍ਹੇ, ਫਿਰ ਅਸੀਂ ਦਸਮ ਗ੍ਰੰਥ ਨੂੰ ‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ’ ਵੀ ਕਹਾਂਗੇ ਅਤੇ ਗੱਜ-ਵੱਜ ਕੇ ਸੈਮੀਨਾਰ ਵੀ ਕਰਾਵਾਂਗੇ; ਤਾਂ ਉਸ ਕੌਮ ਵਿਚ ਭਲਾ ਵਿਦਵਾਨਾਂ ਦੀਆਂ ਲਿਖਤਾਂ ਦੀ ਕੀ ਵੁੱਕਅਤ ਹੈ? ਇਥੇ ਤਾਂ ਭਗਤ ਕਬੀਰ ਦੇ ਕਹਿਣ ਵਾਂਗੂੰ ‘ਮਾਤਾ ਭੈਂਸਾ ਅਮੁਹਾ ਜਾਇ॥’ ਧੜਿਆਂ ਅਤੇ ਚੌਧਰਾਂ ਦੀ ਹੂੜ੍ਹ-ਮਾਰ ਵਿਚ ਅੰਨ੍ਹੇ ਹੋਇਆਂ ਦੀ ਭਰਮਾਰ ਰਹਿੰਦੀ ਹੈ।
ਦਰਅਸਲ ਇਸ ਵਿਵਾਦ ਦਾ ਹੱਲ ਸ੍ਰੀ ਅਕਾਲ ਤਖਤ ਨੇ ਕੀਤਾ ਹੋਇਆ ਹੈ ਪਰ ਮਸਲਾ ਹੁਣ ਇਹ ਬਣਿਆ ਹੋਇਆ ਹੈ ਕਿ ਸਿਆਸੀ ਗੁਲਾਮੀ ਕਬੂਲੀ ਬੈਠੇ ਜਥੇਦਾਰ ਅਕਾਲ ਤਖਤ, ਇਕ ਧਿਰ ਦੇ ਸਮਾਗਮਾਂ/ਸੈਮੀਨਾਰਾਂ ਵਿਚ ਸ਼ਾਮਲ ਹੋ ਕੇ, ਖੁਦ ਹੀ ਅਕਾਲ ਤਖਤ ਨੂੰ ਅਣਗੌਲਿਆਂ ਕਰ ਰਹੇ ਹਨ। ਦੋਗਲੀ ਖੇਡ ਖੇਡਦਿਆਂ ਉਹ ਸਿੱਖ ਜਗਤ ਵਿਚ ਵੰਡੀਆਂ ਨੂੰ ਹੋਰ ਵਧਾ ਰਹੇ ਹਨ। ਉਹ ਅਜਿਹਾ ਕਿਉਂ ਕਰ ਰਹੇ ਹਨ? ਇਸ ਸਵਾਲ ਦਾ ਜਵਾਬ ਲਗਭਗ ਹੁਣ ਹਰ ਸਿੱਖ ਜਾਣਦਾ ਹੈ ਕਿ ਸਿੱਖ ਫਲਸਫੇ ਨੂੰ ਮਲੀਆਮੇਟ ਕਰਨ ਤੁਰੀਆਂ ਸ਼ਕਤੀਆਂ ਨੇ ਸਿੱਖ ਸਿਆਸਤ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲਿਆ ਹੋਇਆ ਹੈ। ਸਿੱਖ ਸਿਆਸਤ ਨੇ ਧਾਰਮਿਕ ਪਦਵੀਆਂ ਨੂੰ ਨਕੇਲਾਂ ਪਾਈਆਂ ਹੋਈਆਂ ਨੇ। ਇਸ ਹਾਲਤ ਵਿਚ ਹੋਣਾ ਉਹੀ ਹੁੰਦਾ ਹੈ ਜੋ ਉਪਰਲਿਆਂ ਨੂੰ ਭਾਉਂਦਾ ਹੋਵੇ। ਮਿਸਾਲ ਵਜੋਂ ਜਿਵੇਂ ਚੰਗੇ ਭਲੇ ਚਲਦੇ ਆ ਰਹੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਤੋਂ ਆਨਾ-ਕਾਨੀ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਅਗਜੈਕਟਿਵ ਮੈਂਬਰਾਂ ਨੂੰ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਹ ਕਹਿ ਕੇ ‘ਸਿੱਧੇ ਕਰ ਲਿਆ’ ਸੀæææ “ਦੇਖ ਲਉ, ਪ੍ਰਧਾਨ ਸਾਹਿਬ ਦਾ ਹੁਕਮ ਹੈ!”
ਸਿੱਧੀ ਗੱਲ ਹੈ ਕਿ ਹੁਣ ‘ਪ੍ਰਧਾਨ ਸਾਹਿਬ’ ਅਤੇ ਉਨ੍ਹਾਂ ਦੇ ‘ਮਾਲਕ’ ਚਾਹੁੰਦੇ ਨੇ ਕਿ ਸਿੱਖ ਮਨਾਂ ਵਿਚ ਲਰਜ਼ਦੇ ਗੁਰੂ ਵਿਸ਼ਵਾਸ ਨੂੰ ਤਹਿਸ-ਨਹਿਸ ਕੀਤਾ ਜਾਵੇ। ਸਿੱਖਾਂ ਦਾ ਗੁਰੂ ‘ਇਕ’ ਨਾ ਰਹੇ। ਸਿੱਖ ਦੁਬਿਧਾ ਦਾ ਸ਼ਿਕਾਰ ਹੋਣ। ਸੋ, ਇਹ ਸਾਰਾ ਲੁੰਗ-ਲਾਣਾ ‘ਗੱਲ ਮੁਕਾਉਣ’ ਦੀ ਥਾਂ ਸਿੱਖਾਂ ਨੂੰ ਖਾਨਾਜੰਗੀ ਵੱਲ ਧੱਕ ਰਿਹਾ ਹੈ।
ਜਿਵੇਂ ਜਨ ਸਧਾਰਨ ਸਿੱਖਾਂ ਦੀ ਸਹੂਲਤ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਚੋਣਵੀਆਂ ਬਾਣੀਆਂ ਦੇ ਗੁਟਕੇ-ਪੋਥੀਆਂ ਛਪੀਆਂ ਹੋਈਆਂ ਹਨ, ਇਸੇ ਪੈਟਰਨ ‘ਤੇ ਜੇ ਦਸਮ ਗ੍ਰੰਥ ਵਿਚੋਂ ਜਾਪੁ ਸਾਹਿਬ, ਸਵੱਈਏ ਅਤੇ ਕੁਝ ਹੋਰ ਬਾਣੀਆਂ ਇਕੱਤਰ ਕਰ ਕੇ ਵੱਖਰੀ ਪੋਥੀ ਬਣਾ ਲਈ ਜਾਵੇ, ਬਾਕੀ ਦਾ ਗ੍ਰੰਥ ਸਾਹਿਤ ਵਜੋਂ ਲਾਇਬਰੇਰੀਆਂ ‘ਚ ਸੰਭਾਲਿਆ ਪਿਆ ਰਹੇ ਤਾਂ ਕਿਸੇ ਨੂੰ ਕੀ ਢਿੱਡ ਪੀੜ ਹੁੰਦੀ ਹੈ? ਇਕ ਧਿਰ ਇਸ ਗ੍ਰੰਥ ਨੂੰ ਸਾਹਿਤ ਮੰਨਣੋਂ ਵੀ ਇਨਕਾਰੀ ਹੈ ਤੇ ਅੰਨ੍ਹੇਵਾਹ ਇਹਦੇ ਮਗਰ ਡਾਂਗ ਲੈ ਕੇ ਪਈ ਹੋਈ ਹੈ। ਦੂਜੀ ਧਿਰ ਹੱਦ ਦਰਜੇ ਦੀਆਂ ਅਸ਼ਲੀਲ ਤੇ ਭੱਦੀਆਂ ਕਿਰਤਾਂ ਨੂੰ ਵੀ ਅੱਡੀ ਚੋਟੀ ਦਾ ਜ਼ੋਰ ਲਾ ਕੇ ਦਸਮੇਸ਼ ਗੁਰੂ ਨਾਲ ਜੋੜਨ ਦਾ ਪਾਪ ਕਮਾ ਰਹੀ ਹੈ। ਇਹ ਦੋਵੇਂ ਧਿਰਾਂ ਪੰਥ ਨੂੰ ਔਝੜੇ ਪਾ ਰਹੀਆਂ ਹਨ।
-ਸਿਮਰਨ ਸਿੰਘ ਸਹਿੰਬੀ
ਟਰਲਕ, ਕੈਲੀਫੋਰਨੀਆ।
ਸਿੱਖੀ ਦੇ ਘਾਣ ਦਾ ਖਤਰਾ ਅੰਦਰੋਂ ਵੱਧ
ਪੰਜਾਬ ਟਾਈਮਜ਼ ਦੇ 7 ਸਤੰਬਰ ਦੇ ਅੰਕ ਵਿਚ ਮਝੈਲ ਸਿੰਘ ਸਰਾਂ ਦਾ ਲਿਖਿਆ ਲੇਖ ‘ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਅਤੇ ਸਿੱਖ ਏਕੇ ‘ਤੇ ਹਮਲਾ!’ ਪੜ੍ਹਿਆ। ਸਿੱਖ ਜਗਤ ਨੂੰ ਜਾਗਣ ਦਾ ਹੋਕਾ ਦੇਣ ਅਤੇ ਸਵੈ-ਪੜਚੋਲ ਵਾਲੇ ਇਸ ਲੇਖ ਲਈ ਸ਼ ਸਰਾਂ ਅਤੇ ਪੰਜਾਬ ਟਾਈਮਜ਼ ਵਧਾਈ ਦੇ ਪਾਤਰ ਹਨ। ਅੱਜ ਸਿੱਖੀ ਦੇ ਘਾਣ ਦਾ ਖਤਰਾ ਬਾਹਰੋਂ ਘੱਟ ਤੇ ਅੰਦਰੋਂ ਜਿਆਦਾ ਹੈ। ਇਹ ਲੇਖ ਉਨ੍ਹਾਂ ਕਥਿਤ ਵਿਦਵਾਨਾਂ ਜਿਹੜੇ ਸਮੁੱਚੇ ਦੇ ਸਮੁੱਚੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਆਖਦੇ ਹਨ, ਨੂੰ ਵੀ ਇਹ ਸੁਨੇਹਾ ਦੇ ਗਿਆ ਕਿ ਉਹ ਦਸਮ ਪਾਤਸ਼ਾਹ ਦੇ ਹੁਕਮ ‘ਗੁਰੂ ਮਾਨਿਉ ਗ੍ਰੰਥ’ ਦੀ ਜਾਣੇ-ਅਣਜਾਣੇ ਅਦੂਲੀ ਕਰ ਰਹੇ ਹਨ। ਅੱਜ ਲੋੜ ਆਪਣੇ ਆਪ ਨੂੰ ਇਸ ਲੇਖ ਦੇ ਆਇਨੇ ਵਿਚੋਂ ਝਾਕਣ ਦੀ ਹੈ ਕਿ ਕੀ ਗੁਰੂ ਸਾਹਿਬਾਨ ਦੇ ਸਿੱਖ ਦੀ ਪਰਿਭਾਸ਼ਾ ਅਤੇ ਚਰਿਤਰ ਇਨ੍ਹਾਂ ਕਥਿਤ ਵਿਦਵਾਨਾਂ ਵਲੋਂ ਦਰਸਾਏ ਗਏ ਕਿਰਦਾਰਾਂ ਨਾਲ ਮੇਲ ਖਾਂਦੇ ਹਨ।
-ਮਨਜਿੰਦਰ ਪਾਲ ਸਿੰਘ
ਕੈਨਸਸ ਸਿਟੀ।
ਦਸਮ ਗ੍ਰੰਥ ਬਾਰੇ ਵਾਦ-ਵਿਵਾਦ
ਮਝੈਲ ਸਿੰਘ ਸਰਾਂ ਦੀ ਗੱਲ ਬਿਲਕੁੱਲ ਮੰਨਣਯੋਗ ਹੈ ਕਿ “ਮੈਂ ਤਾਂ ਉਨ੍ਹਾਂ ਗੁਰਸਿੱਖਾਂ ਨੂੰ ਵੀ ਇਹ ਅਰਜ਼ ਕਰਦਾਂ ਕਿ ਜਦ ਤੱਕ ਸਮੂਹ ਸਿੱਖ ਜਗਤ ਕੋਈ ਅਗਲਾ ਫੈਸਲਾ ਨਹੀਂ ਕਰਦਾ, ਉਨੀ ਦੇਰ ਪਹਿਲਾਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਮੁਤਾਬਿਕ ਨਿਤਨੇਮ ਤੇ ਅੰਮ੍ਰਿਤ ਦੀਆਂ ਬਾਣੀਆਂ ‘ਤੇ ਕਿੰਤੂ ਜਾਂ ਉਜ਼ਰ ਕਰਨਾ ਵੀ ਉਨਾ ਹੀ ਗੁਨਾਹ ਹੋਵੇਗਾ ਜਿੰਨਾ ਦਸਮ ਗ੍ਰੰਥ ਨੂੰ ਸਿਰ ‘ਤੇ ਚੜ੍ਹਾਉਣਾ।”
7 ਸਤੰਬਰ ਦੇ ਪੰਜਾਬ ਟਾਈਮਜ਼ ਦੇ ਪਰਚੇ ਵਿਚ ਬੇਸ਼ੱਕ ਮਝੈਲ ਸਿੰਘ ਸਰਾਂ ਨੇ ਗੁਰਮਤਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਰਾਂ ਅਤੇ ਕਬਿੱਤ ਸਵੈਯੇ ਭਾਈ ਗੁਰਦਾਸ ਜੀ, ਦਸਮ ਗ੍ਰੰਥ ਸਾਹਿਬ ਅਤੇ ਭਾਈ ਨੰਦ ਲਾਲ ਦੀ ਰਚਨਾਵਲੀ) ਅਤੇ ਸਿੱਖ ਇਤਿਹਾਸ ਅਤੇ ਸਿੱਖ ਫਿਲਾਸਫੀ ਘੋਖੇ ਬਿਨਾਂ ਆਪਣਾ ਇਕ ਪਾਸੜ ਨਿਰਣਾ ਦਸਮ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ ਟੀਰੀ ਅੱਖ ਨਾਲ ਦੇਖ ਕੇ ਲਿਖ ਹੀ ਦਿੱਤਾ ਹੈ, ਪਰ ਫਿਰ ਵੀ ਮਝੈਲ ਸਿੰਘ ਸਰਾਂ ਨੂੰ ਨਿਮਰਤਾ ਸਾਹਿਤ ਪਹਿਲੀ ਗੱਲ ਪੁੱਛਦੇ ਹਾਂ ਕਿ ਸਮੂਹ ਸਿੱਖ ਜਗਤ ਦਾ ਕੀਤਾ ਹੋਇਆ ਫੈਸਲਾ ਜੋ ਕਿ ‘ਸਿੱਖ ਰਹਿਤ ਮਰਿਆਦਾ’ ਦੇ ਰੂਪ ਵਿਚ ਉਪਲਬਧ ਹੈ, ਤਾਂ ਹੁਣ ਕਿਸ ਸਿੱਖ ਜਗਤ ਨੇ ਕੀ ਫੈਸਲਾ ਕਰਨਾ ਹੈ?
ਦੂਜੀ ਗੱਲ ਗੁਰੂ ਦਾ ਫੈਸਲਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹਨ ਤੇ ਸਮੂਹ ਸਿੱਖ ਜਗਤ ਨੂੰ ਪਤਾ ਹੈ।
ਤੀਜੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ/ਤੁੱਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਚੌਥੀ ਗੱਲ, ਗੁਰੂ ਪੰਥ ਨੇ ਹੀ ਫੈਸਲਾ ਕੀਤਾ ਹੋਇਆ ਹੈ ਕਿ ਨਿੱਤਨੇਮ ਦੀਆਂ ਕਿਹੜੀਆਂ ਬਾਣੀਆਂ ਹਨ, ਦਸਮ-ਗ੍ਰੰਥ ਸਾਹਿਬ ਦਾ ਕੀ ਸਥਾਨ ਹੈ, ਕਿੱਥੇ, ਕਦੋਂ ਤੇ ਕਿਤਨਾ ਪੜ੍ਹਨਾ ਹੈ, ਸਭ ਨਿਸ਼ਚਿਤ ਹੈ। ਅਖੀਰਲੀ ਗੱਲ ਇਹ ਜ਼ਰੂਰ ਦੱਸੋ ਕਿ ਦਸਮ ਗ੍ਰੰਥ ਨੂੰ ਸਿਰ ‘ਤੇ ਕੌਣ ਚੜ੍ਹਾ ਰਿਹਾ ਹੈ? ਕਿਸੇ ਇਕ ਡੁਰਲੀ ਜਥੇ ਦੀ ਗਲਤੀ ਦੇ ਇਵਜ਼ਾਨੇ ਨੂੰ ਸਾਰੇ ਸਿੱਖ ਜਗਤ, ਸਿੱਖ ਫਿਲਾਸਫੀ, ਸਿੱਖੀ ਸਰੋਤ, ਸਿੱਖੀ ਸੋਚ ‘ਤੇ ਲਾਦੂ ਕਰਕੇ ਇਕਪਾਸੜ ਵਢਾਂਗਾ ਕਰਨਾ ਸ਼ੋਭਦਾ ਨਹੀਂ। ਇਹ ਸਾਡੀ ਤੁਹਾਡੀ ਕੁੱਕੜ ਖੇਹ ਉਡਾਉਣੀ ਵੀ ਸਿੱਖੀ ਨੂੰ ਟੋਟੇ ਕਰਨ ਦੀ ਨੀਤੀ ਦਾ ਹੀ ਪੱਖ ਪੂਰਦੀ ਹੈ। ਗੁਰੂ ਦਾ ਵਾਸਤਾ ਹੈ, ਬਚੋ ਇਸ ਤੋਂ!
-ਅਮਰਜੀਤ ਸਿੰਘ ਖੋਸਾ
ਡੈਲਟਾ, ਕੈਨੇਡਾ।
ਈਮੇਲ: ਅਕਹੋਸਅ@ਦਚਚਨeਟ।ਚੋਮ
Leave a Reply